23 May 2024

ਵਿਚਾਰੇ ਅਬਦੁਲ ਤੇ ਅਮੈਂਡਾ—ਅਵਤਾਰ ਐਸ ਸੰਘਾ

ਪੰਜਾਬ ਤੋਂ ਸਿਡਨੀ ਆ ਕੇ ਮੇਰੀ ਪਹਿਲੀ ਨੌਕਰੀ ਸਿਡਨੀ ਦੀਆਂ ਰੇਲ ਗੱਡੀਆਂ ਵਿੱਚ ਸਕਿਉਰਿਟੀ ਅਫ਼ਸਰ ਦੀ ਸੀ। ਹਰ ਗੱਡੀ ਵਿੱਚ ਦੋ ਦੋ ਸਕਿਉਰਿਟੀ ਅਫ਼ਸਰ ਹੋਇਆ ਕਰਦੇ ਸਨ ਤੇ ਉਹ ਤਕਰੀਬਨ ਛੇ ਸੱਤ ਘੰਟੇ ਇੱਕਠੇ ਕੰਮ ਕਰਿਆ ਕਰਦੇ ਸਨ। ਕਈ ਵਾਰ ਦੋ ਅਫਸਰਾਂ ਨੂੰ ਦੋ ਤਿੰਨ ਹਫ਼ਤੇ ਦਾ ਲੰਬਾ ਰੋਸਟਰ ਵੀ ਮਿਲਿਆ ਹੁੰਦਾ ਸੀ। ਇਸ ਪ੍ਰਕਾਰ ਦੋਂਨੋਂ ਅਫਸਰ ਇੱਕ ਦੂਜੇ ਦੇ ਕਾਫੀ ਨੇੜੇ ਆ ਜਾਇਆ ਕਰਦੇ ਸਨ। ਕਈ ਆਪਣੇ ਦੁੱਖ ਸੁੱਖ ਵੀ ਆਪਸ ਵਿੱਚ ਸਾਂਝੇ ਕਰ ਲਿਆ ਕਰਦੇ ਸਨ।

ਇੱਕ ਵਾਰ ਇੰਝ ਹੋਇਆ ਕਿ ਮੈਨੂੰ ਇਕ ਅਬਦੁਲ ਨਾਂ ਦਾ ਬੰਗਲਾਦੇਸ਼ੀ ਇਸ ਡਿਊਟੀ ‘ਤੇ ਸਾਥੀ ਮਿਲ ਗਿਆ।ਪਹਿਲੇ ਦੋ ਕੁ ਦਿਨ ਕੁਝ ਬੇਗਾਨਾਪਨ ਰਿਹਾ। ਫਿਰ ਅਸੀਂ ਆਪਸ ਵਿੱਚ ਘੁਲਣ ਮਿਲਣ ਲੱਗ ਪਏ। ਉਹ ਹਿੰਦੀ ਵੀ ਬੋਲ ਤੇ ਸਮਝ ਸਕਦਾ ਸੀ। ਇਸ ਨਾਲ ਗੱਲਬਾਤ ਕਰਨੀ ਤੇ ਸਮਝਣੀ ਹੋਰ ਵੀ ਆਸਾਨ ਹੋ ਗਈ। ਇਕ ਦਿਨ ਜਦ ਉਹ ਡਿਊਟੀ ‘ਤੇ ਆਇਆ ਤਾਂ ਬੜਾ ਉਦਾਸ ਲੱਗ ਰਿਹਾ ਸੀ।

“ਅਬਦੁਲ, ਅੱਜ ਉਦਾਸ ਹੋ। ਕੀ ਗੱਲ ਹੋਈ ਹੈ।” ਮੈਂ ਹਿੰਦੀ ਵਿੱਚ ਪੁੱਛਿਆ।

“ਮੇਰੀ ਇੱਕ ਮਾਨਸਿਕ ਗੁੰਝਲ ਏ। ਇਹ ਮੈਨੂੰ ਬਹੁਤ ਪ੍ਰੇਸ਼ਾਨ ਕਰ ਰਹੀ ਏ।”

“ਯਾਰ, ਦੱਸ ਤਾਂ ਸਹੀ। ਸ਼ਾਇਦ ਮੈਂ ਤੈਨੂੰ ਕੋਈ ਐਸੀ ਸਲਾਹ ਦੇ ਸਕਾਂ, ਜਿਸ ਨਾਲ ਤੇਰਾ ਮਨ ਹੌਲਾ ਹੋ ਜਾਏ।”

“ਇਸ ਗੁੰਝਲ ਦਾ ਹੱਲ ਲੱਭਣਾ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਏ। ਮੈਨੂੰ ਮੇਰੇ ਹਾਲ ‘ਤੇ ਹੀ ਰਹਿਣ ਦੇ, ਦੋਸਤ।”

“ਨਹੀਂ ਅਬਦੁਲ! ਇਵੇਂ ਨਹੀਂ ਹੋ ਸਕਦਾ। ਆਪਾਂ ਹੁਣ ਹਰ ਰੋਜ਼ ਇੱਕਠੇ ਡਿਊਟੀ ਕਰਦੇ ਹਾਂ। ਸਾਨੂੰ ਹੁਣ ਦੋ ਹਫ਼ਤਿਆਂ ਦਾ ਇੱਕਠਾ ਰੋਸਟਰ ਮਿਲਿਆ ਹੋਇਆ ਹੈ। ਹੋ ਸਕਦਾ ਏ, ਇਹ ਰੋਸਟਰ ਹੋਰ ਵੱਧ ਜਾਵੇ। ਕਈ ਅਫਸਰ ਛੇ ਛੇ ਮਹੀਨਿਆਂ ਤੋਂ ਇੱਕਠੇ ਕੰਮ ਕਰਦੇ ਆ ਰਹੇ ਹਨ। ਤੁਹਾਡਾ ਹਰ ਰੋਜ਼ ਇਸ ਪ੍ਰਕਾਰ ਵੱਟਿਆ-ਵੱਟਿਆ ਰਹਿਣਾ ਮੈਨੂੰ ਚੰਗਾ ਨਹੀਂ ਲੱਗਦਾ। ਪਲੀਜ਼ ਆਪਣੀ ਪ੍ਰੇਸ਼ਾਨੀ ਮੇਰੇ ਨਾਲ ਸਾਂਝੀ ਜ਼ਰੂਰ ਕਰੋ। ਮੈਂ ਤੁਹਾਡੀ ਮਾਨਸਿਕ ਗੁੰਝਲ ਦਾ ਕੋਈ ਨਾ ਕੋਈ ਹੱਲ ਜ਼ਰੂਰ ਲੱਭਾਂਗਾ।”

“ਦੇਖ ਦੋਸਤ, ਮਸਲਾ ਮੇਰਾ ਵਿਅਕਤੀਗਤ ਹੈ। ਮੈਂ ਪਹਿਲਾਂ ਕਿਸੇ ਨਾਲ ਵੀ ਸਾਂਝਾ ਨਹੀਂ ਕੀਤਾ। ਜੇ ਤੂੰ ਕਿਸੇ ਨੂੰ ਨਾ ਦੱਸੇਂ, ਤਾਂ ਮੈਂ ਤੇਰੇ ਨਾਲ ਸਾਂਝਾ ਕਰ ਸਕਦਾ ਹਾਂ। ਜੇ ਬਾਕੀ ਸਾਥੀਆਂ, ਖ਼ਾਸ ਕਰਕੇ ਮੇਰੇ ਦੇਸ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਤਾਂ ਉਹ ਮੇਰਾ ਮਜ਼ਾਕ ਉਡਾਉਣਗੇ।”

“ਅਬਦੁਲ, ਤੂੰ ਮਾਸਾ ਵੀ ਫ਼ਿਕਰ ਨਾ ਕਰ। ਬੱਸ ਦੱਸ ਦੇ, ਕਿ ਤੇਰੀ ਸਮੱਸਿਆ ਕੀ ਏ।”

“ਲੈ ਸੁਣ ਫਿਰ। ਮੈਂ ਇੱਕ ਗੋਰੀ ਨਾਲ ਵਿਆਹ ਕਰਵਾ ਬੈਠਾਂ। ਉਸ ਦਾ ਨਾਮ ਕੈਥਰੀਨ ਏ। ਮੈਂ ਚਿੱਟੀ ਚਮੜੀ ‘ਤੇ ਮਰ ਗਿਆ। ਹੁਣ ਉਸ ਨੇ ਮੇਰਾ ਨੱਕ ਵਿੱਚ ਦਮ ਕੀਤਾ ਹੋਇਆ ਹੈ। ਮੈਂ ਉਸ ਤੋਂ ਚੋਰੀ ਇੱਕ ਛੋਟਾ ਘਰ ਵੀ ਖਰੀਦ ਰੱਖਿਆ ਏ। ਉਸ ਦੀ ਕਿਸ਼ਤ ਵੀ ਦੇਂਦਾ ਹਾਂ। ਕਾਰਨ ਇਹ ਹੈ ਕਿ ਜੇ ਝਗੜਾ ਵੱਧ ਗਿਆ ਅਤੇ ਉਹ ਅਦਾਲਤ ਵਿੱਚ ਚਲੀ ਗਈ, ਤਾਂ ਅਦਾਲਤ ਨੇ ਮੈਨੂੰ ਉਸ ਘਰ ਵਿੱਚੋਂ ਕੱਢ ਦੇਣਾ ਏ। ਅਦਾਲਤ ਨੇ ਉਹ ਘਰ ਉਹਨੂੰ ਅਤੇ ਸਾਡੇ ਬੱਚੇ ਨੂੰ ਦੇ ਦੇਣਾ ਏ ਤੇ ਮੈਨੂੰ ਸੜਕ ‘ਤੇ ਜਾਣਾ ਪੈਣਾ ਹੈ।

ਦੂਜਾ ਮਸਲਾ ਇਹ ਹੈ ਕਿ ਕੈਥਰੀਨ ਕੰਮ ਕਰਦੀ ਹੀ ਨਹੀਂ। ਘਰ ਖਾਣਾ ਵੀ ਨਹੀਂ ਬਣਾਉਂਦੀ। ਹਰ ਰੋਜ਼ ਬਾਹਰ ਰੈਸਟੋਰੈਂਟ ‘ਤੇ ਖਾਣਾ ਖਾਣ ਜਾਂਦੀ ਏ। ਮੈਂ ਇਸ ਵਕਤ ਦੋ ਜਾਬਾਂ ਕਰਦਾ ਹਾਂ। ਇੱਧਰ ਇਹ ਗੱਡੀ ‘ਤੇ ਸਕਿਉਰਿਟੀ ਜਾਬ ਤੇ ਉੱਧਰ ਇੱਕ ਕਲੀਨੀਕਲ ਲੈਬੋਰਟਰੀ ਦੀ ਜਾਬ ਏ। ਕੈਥਰੀਨ ਐਨੀ ਖਰਚੀਲੀ ਹੈ ਕਿ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਏ। ਦੋ ਬੈੱਡਰੂਮ ਯੂਨਿਟ ਵਿੱਚ ਰਹਿੰਦੇ ਹਾਂ ਤੇ ਉਸ ਦੀ ਕਿਸ਼ਤ ਅਕਸਰ ਥੁੜੀ ਰਹਿੰਦੀ ਏ। ਹਾਊਸਿੰਗ ਕਮਿਸ਼ਨ ਦੇ ਸਸਤੇ ਘਰ ਲਈ ਅਰਜ਼ੀ ਨਹੀਂ ਦੇ ਸਕਦਾ ਕਿਉਂਕਿ ਉੱਧਰ ਮੇਰੇ ਨਾਮ ‘ਤੇ ਇਕ ਯੂਨਿਟ ਹੈ। ਜੇ ਮੈਂ ਖਾਣਾ ਘਰ ਤਿਆਰ ਕਰਨ ਨੂੰ ਕਹਿੰਦਾ ਹਾਂ ਤਾਂ ਉਹ ਲੜਾਈ ਕਰਦੀ ਏ। ਘਰੇਲੂ ਲੜਾਈ ਥੋੜ੍ਹੀ-ਥੋੜ੍ਹੀ ਚਲਦੀ ਹੀ ਰਹਿੰਦੀ ਏ। ਮੈਂ ਚੁੱਪ ਰਹਿ ਕੇ ਮਸਲਾ ਪੁਲਿਸ ਪਾਸ ਜਾਣ ਤੋਂ ਬਚਾਈ ਜਾਂਦਾ ਹਾਂ। ਥੱਕ ਟੁੱਟ ਕੇ ਚੂਰ ਹੋ ਜਾਂਦਾ ਹਾਂ। ਇਕ ਤਾਂ ਮੇਰਾ ਮਸਲਾ ਇਹ ਹੈ, ਜਿਸ ਦਾ ਮੈਂ ਆਦੀ ਹੋ ਚੁੱਕਾ ਹਾਂ।”

“ਕੋਈ ਹੋਰ ਮਸਲਾ ਵੀ ਏ?” ਮੈਂ ਉਤਸੁਕਤਾ ਜ਼ਾਹਿਰ ਕੀਤੀ।

“ਹਾਂ, ਦੂਸਰੇ ਨੇ ਹੀ ਤਾਂ ਮੈਨੂੰ ਅੱਜ ਅੱਧਾ ਪਾਗਲ ਕਰ ਦਿੱਤਾ ਏ।”

“ਅੱਧਾ ਪਾਗਲ?”

“ਹਾਂ। ਜਦ ਮੈਂ ਲੈਬੋਰਟਰੀ ਦੀ ਜਾਬ ਤੋਂ ਘਰ ਪਹੁੰਚਿਆ ਤਾਂ ਦੋ ਤਿੰਨ ਵਾਰ ਇੰਝ ਹੋਇਆ ਕਿ ਘਰ ਵਿੱਚ ਇੱਕ ਗੋਰਾ ਮੁੰਡਾ ਬੈਠਾ ਹੁੰਦਾ ਸੀ। ਜਦ ਮੈਂ ਕੈਥਰੀਨ ਨੂੰ ਪੁੱਛਿਆ ਕਿ ਉਹ ਕੌਣ ਸੀ ਤਾਂ ਉਹ ਚੁੱਪ ਹੋ ਜਾਂਦੀ। ਕੱਲ੍ਹ ਮੈਂ ਜ਼ੋਰ ਦੇ ਕੇ ਪੁੱਛਿਆ ਤਾਂ ਕਹਿੰਦੀ -‘ਇਹ ਸਾਈਮਨ ਏ। ਮੇਰਾ ਪਹਿਲਾ ਬੁਆਏਫਰੈਂਡ। ਜਦ ਮੈਂ ਰੋਸ ਪ੍ਰਗਟ ਕੀਤਾ ਕਿ ਉਸ ਨੂੰ ਘਰ ਕਿਉਂ ਬੁਲਾਇਆ? ਤਾਂ ਕਹਿਣ ਲੱਗੀ – “ਮੈਂ ਆਪਣੇ ਬੁਆਏਫਰੈਂਡ ਨੂੰ ਘਰ ਕਿਉਂ ਨਹੀਂ ਬੁਲਾ ਸਕਦੀ? ਅਸੀਂ ਤਾਂ ਮਿਲਦੇ ਹੀ ਰਹਿੰਦੇ ਹਾਂ।”

ਜਦ ਮੈਂ ਇਹ ਸੁਣਿਆ ਤਾਂ ਮੈਂ ਸੋਚਿਆ ਕਿ ਮੈਂ ਉਸ ਕਮਜਾਤ ਨਾਲ ਵਿਆਹ ਕਰਵਾ ਕੇ ਬੱਜਰ ਗਲਤੀ ਕਰ ਬੈਠਾਂ। ਕਿਤੇ ਗੁਪਤ ਦੋਸਤੀ ਹੋਵੇ ਤਾਂ ਅਲੱਗ ਗੱਲ ਏ। ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ। ਮੈਂ ਪੈਸੇ ਪੱਖੋਂ ਵੀ ਮਾਰ ਖਾਧੀ ਤੇ ਪਿਆਰ ਪੱਖੋਂ ਵੀ। ਦੋਸਤ, ਮੈਂ ਛਾਤੀ ਠੋਕ ਕੇ ਕਹਿੰਦਾ ਹਾਂ ਕਿ ਸਾਡੇ ਜਿਹੇ ਸਭਿਆਚਾਰ ਅਤੇ ਸੰਸਕਾਰਾਂ ਵਾਲੇ ਕਦੇ ਵੀ ਗੋਰਿਆਂ ਨਾਲ ਵਿਆਹ ਨਾ ਕਰਵਾਉਣ। ਗੋਰੇ ਟੁੱਟ ਭੱਜ ਸਹਿਣ ਦੇ ਆਦੀ ਹਨ। ਇਹਨਾਂ ਦੇ ਕਈ ਕਈ ਬੁਆਏਫਰੈਂਡ ਅਤੇ ਗਰਲਫਰੈਂਡਾਂ ਹੁੰਦੀਆਂ ਹਨ। ਇਹਨਾਂ ਵਿੱਚੋਂ ਬੱਚੇ ਕੋਈ ਅੱਧਾ ਭਰਾ ਏ ਤੇ ਕੋਈ ਅੱਧੀ ਭੈਣ। ਸਾਡੇ ਸਭਿਆਚਾਰ ਵਿੱਚ ਇੰਝ ਬਿਲਕੁਲ ਵੀ ਨਹੀਂ ਪੁੱਗਦਾ। ਦੋਸਤ, ਮੈਂ ਇੰਨੀਂ ਨਮੋਸ਼ੀ ਸਹਿ ਰਿਹਾ ਹਾਂ ਕਿ ਮੈਂ ਕੈਥਰੀਨ ਨੂੰ ਕਦੀ ਆਪਣੇ ਦੇਸ਼ ਲੈ ਕੇ ਨਹੀਂ ਜਾ ਸਕਦਾ। ਬੰਦਾ ਬਾਕੀ ਜਰ ਸਕਦਾ ਏ ਪ੍ਰੰਤੂ ਆਪਣੀ ਬੀਵੀ ਪਾਸ ਬੈਠੇ ਉਸ ਦੇ ਬੁਆਏ ਫਰੈਂਡ ਨੂੰ ਨਹੀਂ ਜਰ ਸਕਦਾ। ਮੈਂ ਕੀ ਕਰਾਂ? ਕਿੱਥੇ ਮਰਾਂ?”

‌”ਅਬਦੁਲ, ਤੇਰੀ ਮਾਨਸਿਕ ਗੁੰਝਲ ਸੱਚ ਮੁੱਚ ਹੀ ਸੁਲਝਣ ਯੋਗ ਨਹੀਂ। ਇਹ ਇੰਜ ਏ- ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ, ਖਾਵੇ ਤਾਂ ਕੋਹੜੀ, ਛੱਡੇ ਤਾਂ ਕਲੰਕੀ! ਐ ਔਰਤ ਕਮਜਾਤ ਪੁਣਾ, ਤੇਰਾ ਦੂਜਾ ਨਾਂ ਏ। (“ Frailty, thy name is woman!” ਸ਼ੈਕਸਪੀਅਰ ਨੇ ਸੱਚ ਕਿਹਾ ਏ। ਅਬਦੁਲ, ਵਿਆਹ ਤਾਂ ਦੂਜੇ ਫਿਰਕਿਆਂ ਵਿੱਚ ਹੋ ਸਕਦਾ ਏ, ਪਰੰਤੂ ਵਿਆਹ ਤੋਂ ਬਾਹਰ ਸਰੀਰਕ ਸਬੰਧ ਸਹਿਣ ਨਹੀਂ ਕੀਤੇ ਜਾ ਸਕਦੇ। ਇਸ ਦਾ ਹੱਲ ਤਾਂ ਇਹੀ ਹੈ ਕਿ ਤੂੰ ਇਸ ਸ਼ਾਦੀ ‘ਚੋਂ ਨਿਕਲ ਜਾਵੇਂ। ਉਸ ਨੇ ਇੰਝ ਕਰਨ ਤੋਂ ਹੱਟਣਾ ਨਹੀਂ। ਡੰਗਰ ਦੀ ਰੱਸੇ ਚੱਟਣ ਦੀ ਆਦਤ ਕਦੀ ਨਹੀਂ ਜਾਂਦੀ ਹੁੰਦੀ। ਹੁਣੇ ਹੁਣੇ ਮੌਕਾ ਏ। ਜਿਵੇਂ ਜਿਵੇਂ ਤੇਰੀ ਉਮਰ ਜ਼ਿਆਦਾ ਹੁੰਦੀ ਜਾਊ, ਤਿਵੇਂ ਤਿਵੇਂ ਹੋਰ ਮੁਸ਼ਕਿਲ ਹੁੰਦਾ ਜਾਊ। ਇਸ ਦੇਸ਼ ਦੇ ਕਾਨੂੰਨ ਮੁਤਾਬਕ ਤੈਨੂੰ ਜਾਇਦਾਦ ਤੋਂ ਤਾਂ ਹੱਥ ਧੋਣੇ ਹੀ ਪੈਣਗੇ। ਤੈਨੂੰ ਪਤਾ ਏ ਕਿ ਇੱਥੇ ਇਸਤਰੀ ਦੀ ਪੁੱਛ ਪ੍ਰਤੀਤ ਜ਼ਿਆਦਾ ਏ। ਜੇ ਤੂੰ ਇੱਕ ਵਾਰ ਦਲੇਰ ਹੋ ਕੇ ਇਸ ਕਲੇਸ਼ ਵਿੱਚੋਂ ਨਿਕਲ ਜਾਵੇਂ, ਫਿਰ ਤੂੰ ਹੋਰ ਸ਼ਾਦੀ ਵੀ ਆਰਾਮ ਨਾਲ ਕਰ ਸਕਦਾ ਏਂ। ਨਾਲੇ ਤੁਹਾਡੇ ਮਜ਼ਹਬ ਵਿੱਚ ਤਾਂ ਚਾਰ ਸ਼ਾਦੀਆਂ ਕਰਨ ਦੀ ਇਜਾਜ਼ਤ ਏ। ਅਬਦੁਲ, ਵੈਸੇ ਮੈਂ ਹੈਰਾਨ ਹਾਂ ਕਿ ਮਨੁੱਖ ਚਾਰ ਸ਼ਾਦੀਆਂ ਦਾ ਭਾਰ ਕਿਵੇਂ ਸਹਿੰਦਾ ਹੋਊ?”
“ਦੋਸਤ, ਇਸਲਾਮ ਵਿੱਚ ਚਾਰ ਸ਼ਾਦੀਆਂ ਦੀ ਇਜਾਜ਼ਤ ਜ਼ਰੂਰ ਏ, ਪਰ ਲੋਕ ਕਰਦੇ ਬਹੁਤ ਘੱਟ ਹਨ। ਕੁਝ ਰਸਮਾਂ ਪੁਰਾਤਨ ਵੀ ਹੁੰਦੀਆਂ ਹਨ। ਅੱਜ ਕੱਲ੍ਹ ਤਾਂ ਇਕ ਸ਼ਾਦੀ ਦਾ ਖਰਚਾ ਵੀ ਮੁਸ਼ਕਲ ਨਾਲ ਸਹਾਰਿਆ ਜਾਂਦਾ ਏ।”

“ਚੱਜ ਨਾਲ ਇਕ ਹੀ ਕਰ ਲਵੀਂ। ਪਹਿਲਾਂ ਮੌਜੂਦਾ ਕੰਜਰਖਾਨੇ ਤੋਂ ਨਿਜਾਤ ਤਾਂ ਪ੍ਰਾਪਤ ਕਰ। ਮੈਂ ਅੰਤਰਜਾਤੀ, ਅੰਤਰ-ਧਰਮ, ਅੰਤਰ-ਦੇਸੀ, ਅੰਤਰ-ਸਭਿਆਚਾਰ- ਸਭ ਪ੍ਰਕਾਰ ਦੀਆਂ ਸ਼ਾਦੀਆਂ ਦੇ ਖਿਲਾਫ ਨਹੀਂ ਹਾਂ, ਪਰ ਮੈਂ ਸ਼ਾਦੀ ਤੋਂ ਬਾਅਦ ਲਿੰਗੀ ਧੋਖੇ ਦੇ ਸਖਤ ਖਿਲਾਫ਼ ਹਾਂ। ਕੋਸ਼ਿਸ਼ ਕਰਕੇ ਜਲਦੀ ਜਲਦੀ ਇਸ ਕੰਜਰਖਾਨੇ ‘ਚੋਂ ਨਿਕਲੋ। ਮੈਂ ਤੇਰੀ ਪੂਰੀ ਮਦਦ ਕਰਾਂਗਾ। ਹਿੰਮਤੇ ਮਰਦਾਂ, ਮਦਦੇ ਖ਼ੁਦਾ।”

“ਤੇਰਾ ਬਹੁਤ ਬਹੁਤ ਧੰਨਵਾਦ।”

ਇੰਨੀ ਦੇਰ ਨੂੰ ਸਾਡੀ ਗੱਡੀ ਮਿੰਟੋ ਸਟੇਸ਼ਨ ‘ਤੇ ਜਾ ਰੁਕੀ।

ਬਾਹਰੋਂ ਬੜੀ ਤੇਜ਼ੀ ਨਾਲ ਇੱਕ ਗੋਰਾ ਆਦਮੀ ਅਤੇ ਗੋਰੀ ਤੀਵੀਂ ਉਸੇ ਡੱਬੇ ਵਿੱਚ ਆ ਚੜ੍ਹੇ, ਜਿਸ ਵਿੱਚ ਮੈਂ ਅਤੇ ਅਬਦੁਲ ਖੜ੍ਹੇ ਸਾਂ। ਅਸੀਂ ਸੁਰੱਖਿਆ ਕਰਮਚਾਰੀ ਹੁੰਦੇ ਹੋਏ ਥੋੜੇ ਵੱਧ ਚੌਕਸ ਹੋ ਗਏ। ਗੱਡੀ ਤਾਂ ਫਿਰ ਚੱਲ ਪਈ, ਪਰੰਤੂ ਉਸ ਜੋੜੇ ਦਾ ਕਾਟੋ ਕਲੇਸ਼ ਮੁੱਕਣ ਵਿਚ ਹੀ ਨਾ ਆਵੇ। ਜੋੜਾ ਮੁਸਾਫ਼ਰਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਗਿਆ। ਮੁਸਾਫ਼ਿਰ ਸਕਿਉਰਿਟੀ ਵਾਲਿਆਂ ਤੋਂ ਆਸ ਰੱਖ ਰਹੇ ਸਨ ਕਿ ਜੋੜੇ ਦੀ ਤੂੰ ਤੂੰ, ਮੈਂ ਮੈਂ ਬੰਦ ਕਰਵਾਈ ਜਾਵੇ। ਅਸੀਂ ਉਸ ਜੋੜੇ ਨੂੰ ਚੁੱਪ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਹਨਾਂ ਉੱਤੇ ਕੁਝ ਕੁ ਅਸਰ ਤਾਂ ਪਿਆ, ਪਰ ਉਹ ਪੂਰੀ ਤਰ੍ਹਾਂ ਸ਼ਾਂਤ ਨਾ ਹੋਏ। ਅਸੀਂ ਉਨ੍ਹਾਂ ਨੂੰ ਡੱਬੇ ਦੇ ਪਿੱਛੇ ਨੂੰ ਲੈ ਗਏ।

‌”ਆਪਣੇ ਨਾਂ ਦੱਸੋ?” ਮੈਂ ਉਹਨਾਂ ਨੂੰ ਅੰਗਰੇਜ਼ੀ ਵਿੱਚ ਕਿਹਾ।

‌”ਮੇਰਾ ਨਾਂ ਅਮੈਂਡਾ ਏ ਤੇ ਇਹ ਮੇਰਾ ਪਾਰਟਨਰ ਰੌਡਨੀ ਏ।”

‌”ਤੁਸੀਂ ਕਿੱਧਰ ਜਾ ਰਹੇ ਹੋ?” ਮੈਂ ਪੁੱਛਿਆ।

‌”ਕੈਂਬਲਟਾਊਨ”, ਅਮੈਂਡਾ ਬੋਲੀ।

‌”ਮਸਲਾ ਕੀ ਏ? ਵਾਈ ਡੂ ਯੂ ਫਾਈਟ?”

“ਹੀ ਚੀਟਸ ਮੀ।”

‌”ਵੱਟ ਡੂ ਯੂ ਮੀਨ?” ਅਬਦੁਲ ਨੇ ਪੁੱਛਿਆ।

‌ਇਸ ਨੇ ਸ਼ਾਦੀ ਮੇਰੇ ਨਾਲ ਕੀਤੀ ਸੀ, ਪਰੰਤੂ ਆਪਣੀ ਪੁਰਾਣੀ ਗਰਲ ਫਰੈਂਡ ਨੂੰ ਅਜੇ ਤੱਕ ਵੀ ਮਿਲਦਾ ਆ ਰਿਹਾ ਏ। ਅੱਜ ਉਦੋਂ ਹੱਦ ਹੀ ਹੋ ਗਈ, ਜਦੋਂ ਮੇਰੇ ਕੰਮ ਤੋਂ ਘਰ ਪਹੁੰਚਣ ‘ਤੇ ਮੈਂ ਅੱਖੀਂ ਵੇਖਿਆ ਕਿ ਇਸ ਦੀ ਪੁਰਾਣੀ ਗਰਲ ਫਰੈਂਡ ਬਣ ਠਣ ਕੇ ਸਾਡੇ ਘਰ ਸ਼ੱਕੀ ਹਾਲਾਤ ਵਿੱਚ ਬੈਠੀ ਸੀ। ਪਹਿਲਾਂ ਤਾਂ ਮੈਂ ਉਸ ਨੂੰ ਕੁਟਾਪਾ ਚਾੜ੍ਹਿਆ। ਜਦ ਇਹ ਛੁਡਾਉਣ ਲਈ ਅੱਗੇ ਵੱਧਿਆ, ਤਾਂ ਮੈਂ ਇਹਦੇ ਵੈਕਿਊਮ ਕਲੀਨਰ ਦਾ ਦਸਤਾ ਘੁੰਮਾ ਕੇ, ਮਾਰ ਕੇ ਬਾਹਰ ਨੂੰ ਦੌੜ ਆਈ। ਉਹ ਘਰੋਂ ਭੱਜ ਗਈ ਤੇ ਇਹ ਮੇਰੇ ਮਗਰ ਮੈਨੂੰ ਫੜਨ ਲਈ ਦੌੜਿਆ। ਸਾਡਾ ਘਰ ਸਟੇਸ਼ਨ ਦੇ ਨੇੜੇ ਹੀ ਹੈ। ਮੈਂ ਭੱਜ ਕੇ ਗੱਡੀ ‘ਚ ਵੜਨਾ ਠੀਕ ਸਮਝਿਆ, ਕਿਉਂਕਿ ਗੱਡੀ ਬਿਲਕੁਲ ਨੇੜੇ ਆ ਰਹੀ ਸੀ। ਮੈਂ ਸੋਚਿਆ ਮੇਰੇ ਗੱਡੀ ‘ਚ ਵੜਦੇ ਸਾਰ ਦਰਵਾਜ਼ੇ ਬੰਦ ਹੋ ਜਾਣਗੇ, ਪਰ ਗਾਰਡ ਨੇ ਇਹਨੂੰ ਦੌੜਦੇ ਆਉਂਦੇ ਨੂੰ ਦੇਖ ਕੇ, ਦਸ ਕੁ ਸਕਿੰਟ ਦਰਵਾਜ਼ੇ ਖੁੱਲੇ ਰੱਖੇ। ਇਹ ਗਾਰਡ ਦੇ ‘ਸਟੈਂਡ ਕਲੀਅਰ, ਡੋਰਜ਼ ਕਲੋਜਿੰਗ’ (Stand clear, doors closing) ਕਹਿਣ ਤੋਂ ਕੁੱਝ ਸਕਿੰਟ ਪਹਿਲਾਂ ਡੱਬੇ ਅੰਦਰ ਆ ਵੜਿਆ। ਮੈਂ ਗੱਡੀ ਦਾ ਆਸਰਾ ਲੈ ਕੇ ਇਸ ਤੋਂ ਬਚਣਾ ਚਾਹੁੰਦੀ ਸੀ। ਮੈਨੂੰ ਇਹਤੋਂ ਬਚਾਉ।”

“ਤੁਸੀਂ ਟਿਕਟਾਂ ਲਏ ਬਗੈਰ ਬੈਰੀਅਰ ਕਿਵੇਂ ਟੱਪਿਆ?” ਮੈਂ ਪੁੱਛਿਆ।

“ਤੁਸੀਂ ਸਕਿਉਰਿਟੀ ਗਾਰਡ ਹੋ, ਅਤੇ ਏਨਾ ਵੀ ਨਹੀਂ ਪਤਾ ਕਿ ਮਿੰਟੋ ਜਹੇ ਨਿੱਕੇ ਨਿੱਕੇ ਸਟੇਸ਼ਨਾਂ ‘ਤੇ ਤਾਂ ਬੈਰੀਅਰ ਹੈ ਹੀ ਨਹੀਂ।”

“ਮਸ਼ੀਨ ਤਾਂ ਹਰ ਥਾਂ ਪਈ ਏ। ਤੁਸੀਂ ਮਸ਼ੀਨ ‘ਚੋਂ ਟਿਕਟ ਕੱਢਦੇ।”

“ਕਾਹਲੀ ‘ਚ ਇਹ ਨਹੀਂ ਹੋ ਸਕਦਾ ਸੀ।”

“ਫਿਰ ਵੀ ਟਿਕਟਾਂ ਤਾਂ ਤੁਹਾਨੂੰ ਲੈਣੀਆਂ ਹੀ ਪੈਣਗੀਆਂ। ਤੁਸੀਂ ਕੈਂਬਲਟਾਊਨ ਸਾਡੇ ਨਾਲ ਉਤਰੋਗੇ। ਪਹਿਲਾਂ ਤੁਸੀਂ ਉੱਥੇ ਟਿਕਟਾਂ ਲਉਗੇ। ਸ਼ਾਇਦ ਸਟੇਸ਼ਨ ਸਟਾਫ਼ ਤੁਹਾਨੂੰ ਜੁਰਮਾਨਾ ਵੀ ਕਰੇ‌। ਹੁਣ ਤੁਹਾਨੂੰ ਦਸ ਮਿੰਟ ਸ਼ਾਂਤੀ ਨਾਲ ਸਫਰ ਕਰਨਾ ਪਊ।”

ਮੈਂ ਉਹਨਾਂ ਨੂੰ ਚੇਤਾਵਨੀ ਦਿੱਤੀ ਅਤੇ ਨਾਲੇ ਥੋੜਾ ਜਿਹਾ ਪਰ੍ਹੇ ਹੋ ਕੇ ਵਾਇਰਲੈੱਸ ‘ਤੇ ਰੇਲਵੇ ਪੁਲਿਸ ਨੂੰ ਫੂਕ ਮਾਰ ਦਿੱਤੀ ਕਿ ਕੈਂਬਲਟਾਊਨ ਸਟੇਸ਼ਨ ‘ਤੇ ਪਹੁੰਚ ਕੇ ਇਕ ਝਗੜਾਲੂ ਗੋਰੇ ਦੰਪਤੀ ਦੀ ਸਾਰ ਲਉ। ਜਦ ਗੱਡੀ ਕੈਂਬਲਟਾਊਨ ਪਹੁੰਚੀ ਤਾਂ ਪੁਲਿਸ ਇਸ ਜੋੜੇ ਦਾ ਸੁਆਗਤ ਕਰਨ ਲਈ ਉਸੇ ਡੱਬੇ ਮੂਹਰੇ ਖੜ੍ਹੀ ਸੀ, ਜਿਸ ਵਿੱਚੋਂ ਇਹਨਾਂ ਨੇ ਅਤੇ ਅਸੀਂ ਬਾਹਰ ਨਿਕਲਣਾ ਸੀ। ਪੁਲਿਸ ਨੇ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਮੈਂ ਤੇ ਅਬਦੁਲ ਨੇ ਆਪਸ ਵਿੱਚ ਅੱਖਾਂ ਮਿਲਾਈਆਂ। ਅਬਦੁਲ ਨੂੰ ਇੰਜ ਲੱਗ ਰਿਹਾ ਸੀ, ਜਿਵੇਂ ਮੇਰੀ ਖਾਮੋਸ਼ੀ ਉਸ ਨੂੰ ਕਹਿ ਰਹੀ ਹੋਵੇ, ‘ਇਹ ਕਹਾਣੀ ਤੇਰੇ ਇੱਕਲੇ ਦੀ ਨਹੀਂ। ਇਸ ਸਭਿਆਚਾਰ ਵਿੱਚ ਇਹ ਘਰ ਘਰ ਦੀ ਕਹਾਣੀ ਏ। ਕੀ ਇਹ ਮਨੁੱਖੀ ਕਦਰਾਂ ਕੀਮਤਾਂ ਦਾ ਜਨਾਜ਼ਾ ਨਹੀਂ।” ਨਾਲ ਹੀ ਮੈਨੂੰ ਪੰਜਾਬੀ ਦੇ ਮਸ਼ਹੂਰ ਕਵੀ ਦੀਆਂ ਇਹ ਸਤਰਾਂ ਯਾਦ ਆ ਗਈਆਂ, ਜਿਹੜੀਆਂ ਭਾਵੇਂ ਅਬਦੁਲ ਨੂੰ ਮਾੜੀਆਂ ਮੋਟੀਆਂ ਹੀ ਸਮਝ ਆਈਆਂ, ਪਰ ਮੈਂ ਬੋਲ ਜ਼ਰੂਰ ਦਿੱਤੀਆਂ:

ਇਹਨਾਂ ਮਰਦਾਂ ਦੀ ਜਾਤ ਦੀ
ਭਲੀ ਪੁੱਛੀ,
ਏਸ ਜਾਤ ਤੋਂ ਰਾਣੀਏਂ
ਭਲੇ ਕੁੱਤੇ
ਬੇਹੀਆਂ ਖਾਏ ਕੇ ਰਾਖੀਆਂ ਕਰਨ ਜਿਹੜੇ
ਛੱਡਣ ਦਰ ਨਾ
ਖਾਏ ਕੇ ਰੋਜ਼ ਜੁੱਤੇ
ਖਾ ਜਾਣ ਨੀ ਕੂਲੀਆਂ,
ਲਗਰ ਦੇਹੀਆਂ
ਪਰ ਇਹ ਮਰਦ,
ਮੁਹੱਬਤ ਦੇ ਨਾਮ ਉੱਤੇ
ਸੁੰਘਦੇ ਫਿਰਣ,
ਇਹ ਦਰਾਂ ਪਰਾਇਆਂ ਉੱਤੇ
ਮਰਦ ਰਹਿਣ ਪਰਾਈਆਂ ਦੇ ਸਦਾ ਭੁੱਖੇ
ਨੀ, ਇਹ ਉਹ ਕੁੱਤੇ,
ਜੋ ਨਾ ਕਰਨ ਰਾਖੀ,
ਸੰਨ੍ਹ ਮਾਰਦੇ,
ਵਫ਼ਾ ਦੇ ਨਾਮ ਉੱਤੇ
ਦਿਨੇ ਹੋਰ ਦੇ ਦਰਾਂ ‘ਤੇ,
ਟੁੱਕ ਖਾਂਦੇ
ਰਾਤੀਂ ਹੋਰ ਦੇ ਦਰਾਂ ‘ਤੇ
ਜਾ ਸੁੱਤੇ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1063
***

About the author

ਅਵਤਾਰ ਐਸ ਸੰਘਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Dr. Avtar S. Sangha
BA ( Hons. English)  MA English,  Ph.D English--- Punjab
Graduate Dip In Education--- NSW ( Australia)
Lecturer in English  in a college  in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com

My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market.
**

ਅਵਤਾਰ ਐਸ ਸੰਘਾ

Dr. Avtar S. Sangha BA ( Hons. English)  MA English,  Ph.D English--- Punjab Graduate Dip In Education--- NSW ( Australia) Lecturer in English  in a college  in Punjab for 25 years. Teacher in Sydney--- 6 years Now retired Author of 8 books ** sangha_avtar@hotmail.com My latest book of short English fiction STORM IN A TEACUP AND OTHER STORIES can be seen on DESIBUZZ CANADA ** The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market. **

View all posts by ਅਵਤਾਰ ਐਸ ਸੰਘਾ →