6 December 2024
navies Bhakti

ਉਰਲੀਆਂ ਪਰਲੀਆਂ— ✍️ਨਵਤੇਜ ਭਾਰਤੀ

ਅਸੀਂ ਭਾਸ਼ਾ ਦੇ ਬਣੇ ਹੋਏ ਹਾਂ। ਜੇ ਸਾਡੀ ਮਿੱਟੀ ਪੰਜ ਤੱਤਾਂ ਦੀ ਹੈ, ਭਾਸ਼ਾ ਛੇਵਾਂ ਹੈ। ਇਹਦੇ ਬਿਨਾਂ ਸਾਡਾ ਸਰਦਾ ਨਹੀਂ। ਇਹਦੇ ਵਿਚ ਅਸੀਂ ਭੋਜਨ ਖਾਂਦੇ ਹਾਂ, ਪਾਣੀ ਪੀਂਦੇ ਹਾਂ ਤੇ ਸਾਹ ਲੈਂਦੇ ਹਾਂ। ਪਿਆਰਿਆਂ ਨੂੰ ਹਾਕ ਮਾਰਦੇ ਹਾਂ ਤੇ ਅਸੰਖਾਂ ਹੋਰ ਕੰਮ ਕਰਦੇ ਹਾਂ। ਪੋਤੜਿਆਂ ਤੋਂ ਅਰਥੀ ਤਕ ਸਾਨੂੰ ਭਾਸ਼ਾ ਸਾਂਭਦੀ ਹੈ। ਕਹਿੰਦੇ ਹਨ ਜਦੋਂ ਮਿਰਤੂ ਆਉਂਦੀ ਹੈ ਉਹ ਪਹਿਲਾਂ ਜੀਭ ਠਾਕਦੀ ਹੈ। ਭਾਸ਼ਾ ਜਾਂਦੀ ਹੈ ਤਾਂ ਭਾਸ਼ਕ ਵੀ ਜਾਂਦਾ ਹੈ। 

ਕਿਆਸ ਇਹ ਵੀ ਹੈ ਕਿ ਸਾਡੀ ਸ੍ਰਿਸ਼ਟੀ ਸ਼ਬਦ ਤੋਂ ਹੀ ਬਣੀ ਹੈ। ਸ਼ਬਦ ਹੋਇਆ, ‘ਪ੍ਰਕਾਸ਼ ਹੋਵੇ’। ਤੇ ਪ੍ਰਕਾਸ਼ ਹੋ ਗਿਆ। ਸੂਰਜ ਦਾ ਦੀਵਾ ਜਗ ਪਿਆ। ਸ਼ਬਦ ਹੋਇਆ ਤਾਂ ਲੱਖਾਂ ਦਰਿਆ ਵਗਣ ਲਗ ਪਏ (ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ)

ਤੇ ਮਹਾਂ ਧਮਾਕਾ ਵੀ (ਸ਼ਬਦ) ਧੁਨੀ ਦਾ ਹੀ ਵਿਸਫੋਟ ਹੈ। ਵਿਸਫੋਟ ਹੋਇਆ ਤਾਂ ਧੁਨੀ ਕਿਣਕਾ ਕਿਣਕਾ ਹੋ ਕੇ ਚੰਨ ਸਿਤਾਰੇ ਗ੍ਰਹਿ ਬਣ ਗਈ। ਨਾਨਕ ਸਾਇਰ ਨੂੰ ‘ਖੰਡ ਮੰਡਲ਼ ਬ੍ਰਹਿਮੰਡਾ’ ਗਾਉਂਦੇ ਸੁਣਦੇ ਹਨ। ਕਈ ਸੰਗੀਤਕਾਰ ਸ਼ਾਇਦ ਏਸੇ ਕਰਕੇ ਕਹਿੰਦੇ ਹਨ ਇਹ ਬ੍ਰਹਿਮੰਡ ਸੰਗੀਤ ਦਾ ਬਣਿਆ ਹੈ।

ਤਿੱਬਤੀ ਬੁਧ ਪਰੰਪਰਾ ਦੇ ਤਿੰਨ ਗੁਹਿਯਾਂ (ਰਹੱਸ) ਵਿਚੋਂ ਨਾਦ ਇੱਕ ਹੈ। ਸਦੀਆਂ ਤੋਂ ਫਲਸਫੀ ਇਸ ਗੁਹਜ ਨੂੰ ਜਾਨਣ ਵਿਚ ਲੱਗੇ ਹੋਏ ਹਨ। ਸਾਰਾ ਗੱਠਾ ਛਿੱਲਣ ਪਿੱਛੋਂ ਹੈਰਾਨ ਹੁੰਦੇ ਹਨ ਗੱਠਾ ਕਿੱਥੇ ਹੈ? 

ਮਨੁੱਖ ਕੋਲ ਆ ਕੇ ਧੁਨੀ ਵਿਚ ਅਰਥ ਰਲ਼  ਗਿਆ। ਇਹ ਸ਼ਬਦ ਹੋ ਗਈ ਤੇ ਭਾਸ਼ਾ  ਬਣ ਗਈ। 

ਭਾਸ਼ਾ ਨੇ ਮਨੁੱਖ ਨੂੰ ਬਾਕੀ ਜੀਆ ਜੰਤ ਤੋਂ ਨਿਖੇੜ ਦਿਤਾ। ਉਹਨੂੰ ਧਰਤੀ ਦਾ ਸਿਕਦਾਰ  

ਹੋਣ ਦਾ ਭਰਮ ਹੋ ਗਿਆ। ਅਰਸਤੂ ਕਹਿੰਦਾ ਹੈ ਕਿ ਮਨੁੱਖ, ਅਰਥ (ਵਿਵੇਕ) ਕਰਕੇ ਹੀ ਮਨੁੱਖ ਹੈ, ਦੋ-ਟੰਗਾ ਹੋਣ ਕਰਕੇ ਨਹੀਂ। ਸਾਡੇ ਦਰਸ਼ਨ ਵਿਚ ਦਸਵੇਂ ਦੁਆਰ ਦਾ ਜ਼ਿਕਰ ਆਉਂਦਾ ਹੈ ਜਿਸਦੇ ਖੁੱਲ੍ਹਣ ਨਾਲ ਮਨੁੱਖ ਨੂੰ ਤਿੰਨਾਂ ਲੋਕਾਂ ਤੇ ਤਿੰਨਾਂ ਕਾਲਾਂ ਦਾ ਗਿਆਨ ਹੋ ਜਾਂਦਾ ਹੈ। ਮੈਨੂੰ ਭਸ਼ਾ ਦਾ ਅਰਥ ਹੀ ਦਸਵਾਂ ਦੁਆਰ ਲਗਦਾ ਹੈ। 

ਭਾਸ਼ਾ ਰਾਹੀਂ ਅਸੀਂ ਜੋ ਹੋਇਆ ਹੈ, ਜੋ ਹੁੰਦਾ ਹੈ ਜਾਣਦੇ ਹਾਂ। ਇਹ ਸਾਡੇ ਅੰਗ ਸੰਗ ਰਹਿੰਦੀ ਹੈ। ਪਰ ਓਦੋਂ ਤਕ ਜਦੋਂ ਤਕ ਅਸੀਂ ਮਰਦੇ ਨਹੀਂ। ਤੇ ਅਸੀਂ ਅਨੇਕ ਵਾਰ ਮਰਦੇ ਹਾਂ। ਸੰਜੋਗ ਵਿਚ ਵਿਜੋਗ ਵਿਚ, ਬੱਚੇ ਦੇ ਹਾਸੇ ਵਿਚ ਖਿੜਦੇ ਫੁੱਲ ਵਿਚ। ਕਵਿਤਾ ਲਿਖਣ ਵਿਚ ਤੇ ਪੜ੍ਹਨ ਵਿਚ। ਜਦੋਂ ਏਹੋ ਜਿਹੇ ਵੇਲੇ ਦੇ ਆਹਮਣੇ ਸਾਹਮਣੇ ਹੁੰਦੇ ਹਾਂ ਬੁਲ੍ਹਾਂ ਤੇ ਊਲ ਜਲੂਲ ਰਹਿ ਜਾਂਦਾ ਹੈ ਜਾਂ ਸੈਨਤਾਂ, ਸ਼ਬਦ ਅਲੋਪ ਹੋ ਜਾਂਦੇ ਹਨ। 

 ਓਦੋਂ ਕਵਿਤਾ ਮੇਰੀ ਬਾਂਹ ਫੜਦੀ ਹੈ

“ਤੇਰੇ ਅੰਦਰ ਖੋਹ ਪਈ ਹੈ ਕਦੇ?”
“ਓਦੋ ਕੀ ਹੁੰਦਾ ਹੈ?” ਮੈ ਪੁਛਦਾ ਹਾਂ
“ਬਸ ਖੋਹ ਪੈਂਦੀ ਹੈ”

ਖੋਹ ਉਹ ਸੰਵੇਦਨਾ ਹੈ ਜੋ ਭਾਸ਼ਾ ਦੇ ਅਰਥ ਨੂੰ ਟੱਪ ਜਾਂਦੀ ਹੈ। 

ਕਵਿਤਾ ਦਾ ਆਦਿ ਤੇ ਅੰਤ ਸੰਵੇਦਨਾ ਹੈ। ਅਰਥ ਮਧ ਵਿਚ ਹੈ ਜੋ ਸੰਵੇਦਨਾ ਨੂੰ ਪਾਠਕ ਤਕ ਲਿਜਾਂਦਾ ਹੈ। ਊਂ ਆਦਿ ਮਧ ਅੰਤ ਵਿਚਲੀ ਲੀਕ ਪੱਥਰ ਉਤੇ ਨਹੀਂ ਉਕਰੀ ਹੋਈ।

ਜਦੋਂ ਸੰਵੇਦਨਾ ਅਰਥ ਨਾਲ ਛੁਹ ਕੇ ਪਥਰਾਉਣ ਲਗਦੀ ਹੈ ਕਵੀ ਬੋਲਣ ਦੀ ਥਾਂ ਸੈਨਤ ਕਰਦਾ ਹੈ। ਸੈਨਤ ਦਾ ਕੋਈ ਅਰਥ ਨਹੀਂ ਹੁੰਦਾ। 

ਕੀ ਦੁਨੀਆਂ ਸੱਚੀਂ ਏਨੀ ਸੁਹਣੀ ਐ
ਜਾਂ ਮੈਨੂੰ ਈ ਲਗਦੀ ਐ

ਕਿੰਨੀ ਸੁਹਣੀ ਲਗਦੀ ਐ ਤੈਨੂੰ?
ਐਨੀ (ਬਾਹਾਂ ਫੈਲਾ ਕੇ)

ਲੀਲਾ ਦੀਆਂ ਕਵਿਤਾਵਾਂ ਵਿਚ ਮੈਂ ਅਰਥ ਨਾਲ ਲੜਦਾ ਰਿਹਾ ਹਾਂ। ਪਰ ਯੁੱਧ ਕਰਨਾ ਹਾਰਨਾ ਹੈ। ਨਾਲੇ ਮੈਂ ਅਰਥ ਨਾਲ ਅਰਥ ਦੇ ਹਥਿਆਰ ਨਾਲ ਹੀ ਲੜਦਾ ਰਿਹਾ ਹਾਂ। ਸਾਡਾ ਅਰਥ ਬਿਨਾਂ ਸਰਦਾ ਵੀ ਨਹੀਂ। ਇਕਬਾਲ ਕਹਿੰਦਾ ਹੈ, ਚੰਗਾ ਹੈ ਦਿਲ ਅਕਲ ਦੇ ਨੇੜ ਰਹੇ ਪਰ ਕਦੇ ਕਦੇ ਇਹਨੂੰ ਖੁੱਲ੍ਹਾ ਵੀ ਛਡ ਦਿਉ। ਮੈਂ ਕਹਿੰਦਾ ਹਾਂ ਕਵਿਤਾ ਲਿਖਣ ਵੇਲੇ ਅਕਲ ਨੂੰ ਦਿਲ ਕੋਲ ਆਉਣ ਹੀ ਨਾ ਦਿਉ। ਇਹ ਕਵਿਤਾ ਦੀ ਸੰਵੇਦਨਾ ਵਿਚ ਹੀ ਹੁੰਦੀ ਹੈ।
***
136
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ