ਊਧਮ ਸਿੰਘ ਤੁਹਾਡੇ ਤੇ ਸਾਡੇ ਵਿਚੋਂ ਹੀ ਸੀ
ਜੋ ਪੰਜਾਬੀਆਂ ਵਿਚੋਂ ਹੀ ਇਕ ਪੰਜਾਬੀ ਸੀ ।
ਜਿਥੇ ਉਹ ਅਨੇਕ ਗੁਣਾਂ ਦਾ ਸੀ ਮਾਲਕ
ਅਣਖੀ ਪੰਜਾਬੀਆਂ ਵਾਲੀ ਉਸ ‘ਚ ਖਰਾਬੀ ਸੀ ।
ਖਾਣ ਪੀਣ ਦਾ ਜਿਥੇ ਸੀ ਪੂਰਨ ਸ਼ੌਕੀਨ
ਬੋਲ ਚਾਲ ਦਾ ਮਿੱਠਾ, ਹਾਜਰ ਜਵਾਬੀ ਸੀ ।
ਹੀਰ ਵਾਰਸ ਪੰਜਾਬ ਦੀ ਨੂੰ ਗ੍ਰੰਥਾਂ ਤੋਂ ਜਾਣ ਉਤੇ
ਬਖਸ਼ੀ ਓਸਨੇ ਹੀਰ ਨੂੰ ਪਵਿੱਤਰ ਉਪਾਧੀ ਸੀ ।
ਸੂਰਜੀ ਕਿਰਨਾਂ ”ਚ ਨਹਾਤਾ ਉਹ ਪੰਜਾਬ ਗੱਬਰੂ
ਮੁੱਖੜਾ ਸ਼ੇਰ ਦਾ ਕੌਣ ਹੈ ਧੋ ਸਕਦਾ।
ਜਿਹੜੇ ਰਾਜ ਦਾ ਸੂਰਜ ਨਾ ਛਿਪਦਾ ਸੀ
ਉਸੇ ਰਾਜ ਦੇ ਜੜ੍ਹੀਂ ਅੱਕ ਉਹ ਚੋ ਸਕਦਾ।
ਅੰਮ੍ਰਤਸਰ ਵਿਚ ਪਲਿਆ ਉਹ ਮਸ਼ੋਰ ਬਾਲਕ
ਭੁਲੇ ਡਾਇਰ ਅਡਵਾਇਰ ਇਹ ਨਹੀਂ ਹੋ ਸਕਦਾ।
ਸ਼ਾਨਾਂ ਮੱਤੇ ਜੀਵਨ ਦੀ ਉਹ ਅਜ਼ੀਮ ਹਸਤੀ
ਵਲੈਤੀ ਕਕਰਾਂ ”ਚ ਬੀ ਕੁਰਬਾਨੀਆਂ ਦੇ ਬੋ ਸਕਦਾ।
ਜਿੰਦਗੀ ਮਾਨਣ ਦੇ ਵਖਰੇ ਸਨ ਢੰਗ ਤਰੀਕੇ
ਗੇੜਾ ਗੁਰਦੁਆਰੇ ਦਾ ਵੀ ਉਹ ਮਾਰਦਾ ਸੀ।
ਭਾਂਢੇ ਧੋਣ ਤੇ ਰੋਟੀਆਂ ਦੀ ਸੇਵਾ ਕਰਨੀ
ਵੰਡ ਛਕਣ ਦੀ ਮਰਯਾਦਾ ਸਤਿਕਾਰਦਾ ਸੀ।
ਮੋਟਰ ਸਾਇਕਲਾਂ ਦੀ ਮੁਰੰਮਤ ਦਾ ਸੀ ਮਾਹਰ
ਅਸਲੇ ਲਈ ਆਇਰਸ਼ਾਂ ਨੂੰ ਦਿਲੋਂ ਪਿਆਰਦਾ ਸੀ।
ਕਿਤੇ ਇਸ਼ਕ ਤੋਂ ਬਾਜੀ ਨਾ ਹਾਰ ਬੈਠੇ
ਤਿਆਰ-ਬਰ-ਤਿਆਰ ਪਰਾਹੁਣਾ ਸਰਕਾਰ ਦਾ ਸੀ।
ਸਮਕਾਲੀ ਓਸ ਦੇ ਭਾਰਤੀ ਮੂਲ ਦੇ ਜੋ
ਬਾਵਾ ਬਾਵਾ ਕਰਕੇ ਉਸ ਨੂੰ ਜਾਣਦੇ ਸਨ ।
ਫਿਕਰ ਰਤੀ ਨਾ ਖੌਫ ਜੇਹਲ ਦਾ ਸੀ
ਉਹਦੀ ਆਭਾ ਦੀ ਸੋਭਾ ਸਿਆਣਦੇ ਸਨ ।
ਸੌ ਸਾਲਾਂ ਤਕ ਜੋ ਛਾਪਣ ਤੇ ਰੋਕ ਲਾਈ
ਚੰਗਿਆੜੇ ਚਮਕਦੇ ਓਸ ਦੇ ਬਿਆਨ ਦੇ ਸਨ ।
ਵਰਲਾਪ ਕਰਕੇ ਕੁਝ ਨਾ ਹੱਥ ਆਉਂਦਾ
ਯਾਦ ਰਹਿਣਗੇ ਬੋਲ ਜੋ ਕੁਰਬਾਨ ਦੇ ਸਨ ।
ਮੱਦਨ ਢੀਂਗਰਾ ਤੇ ਊਧਮ ਸਿੰਘ ਜਿਥੇ ਸ਼ਹੀਦ ਹੋਏ
ਪਿੰਟਨਵਾਇਲ ਜੇਹਲ ਲੰਡਨ ਵਾਲੀ ਬਦਨਾਮ ਹੋਈ।
ਅਜ਼ਾਦੀ ਦੀ ਵਾਰਤਾ ਤੇ ਵੀਰਤਾ ਜੋਧਿਆਂ ਦੀ
ਭਾਰਤ ਭੁਮੀ ਦੀ ਵਿਲਖਣਤਾ ਸ਼ਰੇ ਆਮ ਹੋਈ ।
ਉਹਦੇ ਜੋਧਿਆਂ ਦਾ ਸਦਾ ਅਪਮਾਨ ਹੁੰਦਾ
ਜਿਹੜੇ ਜੋਧਿਆਂ ਦੀ ਕੌਮ ਗੁਲਾਮ ਹੋਈ ।
ਆਖਰ ਜਿਥੇ ਜਾ ਕੇ ਅੱਸਥੀਆਂ ਅਰਾਮ ਕੀਤਾ
ਪੰਜਾਬੀਆਂ ਦੇ ਪੂਜਣਯੋਗ ਮਸ਼ਹੂਰ ਸੁਨਾਮ ਹੋਈ ।
ਊਧਮ ਸਿੰਘ ਤੁਹਾਡੇ ਤੇ ਸਾਡੇ ਵਿਚੋਂ ਹੀ ਸੀ
ਜੋ ਪੰਜਾਬੀਆਂ ਵਿਚੋਂ ਹੀ ਇਕ ਪੰਜਾਬੀ ਸੀ ।
|