25 July 2024

ਕਹਾਣੀ: ‘ਏ ਟਰੀਟ’ —- ਸੁਰਜੀਤ ਕੌਰ ਕਲਪਨਾ

ਕ੍ਰਿਸਮਿਸ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਸਭ ਪਾਸੇ ਚਹਿਲ-ਪਹਿਲ ਅਤੇ ਰੰਗ-ਬਰੰਗੀਆਂ ਰੌਸ਼ਨੀਆਂ ਹੀ ਰੌਸ਼ਨੀਆਂ ਖਿੱਲਰ ਗਈਆਂ। ਕੱਕਰ-ਕੋਹਰੇ ਦੀ ਰੁੱਤੇ ਤਿੰਨ ਬਜੇ ਹੀ ਘੁੱਪ ਹਨੇਰੇ ਨੇ ਆ ਧਾਵਾ ਬੋਲਿਆ। ਦਿਨ ਨੂੰ ਬੁੱਕਲ ਵਿੱਚ ਲੁਕੋ ਲਿਆ ਅਤੇ ਹਾਲ ਦੀ ਘੜੀ ਉਸਦੀ ਹੋਂਦ ਹੀ ਖਤਮ ਹੋ ਗਈ। ਨ੍ਹੇਰੇ ਵਿੱਚ ਕੁਝ ਵੀ ਵਿਖਾਈ ਨਹੀਂ ਸੀ ਦਿੰਦਾ ਪਰ ਠੰਢੀ ਹਵਾ ਦੇ ਬੁਲੇ ਸਰੀਰ ਵਿਚੀਂ ਲੰਘਦੇ ਰੁੱਤ ਦੀ ਹੋਂਦ ਦਾ ਅਹਿਸਾਸ ਕਰਵਾਉਂਦੇ ਜਾ ਰਹੇ ਸਨ। ਰੂੰ ਦੇ ਫ਼ੰਬਿਆਂ ਵਾਂਗ ਉੱਡਦੀ ਦੁੱਧ-ਚਿੱਟੀ ‘ਸਨੋ’ ਸਿਰ-ਮੂੰਹ ਢੱਕਦੀ ਜਾਂਦੀ ਪਰ ਫਿਰ ਵੀ ਸਭ ਲੋਕਾਂ ਦੀ  ਰੂਹ ਖਾਸ ਕਰਕੇ ਗੋਰਿਆਂ ਦੀ ਖਿੜੀ ਖਿੜੀ ਲੱਗ ਰਹੀ ਸੀ। ‘ਕ੍ਰਿਸਮਿਸ ਟਰੀਜ਼’ ਉਤੇ ਲਟਕਦੇ ਰੰਗ ਬਰੰਗੇ ‘ਬਲਬ’ ਨ੍ਹੇੇਰੇ ਵਿੱਚ ਵੀ ਜਗਮਗ ਜਗਮਗ ਕਰਦੇ ਮਾਹੌਲ ਨੂੰ ਹੋਰ ਵੀ ਸੁੰਦਰ ਬਣਾ ਰਹੇ ਸਨ।

ਤਾਨੀਆ ਤੇ ਸਮੀਰ ਦੀ ਖੁਸ਼ੀ ਇਸ ਮੌਕੇ ਤੇ ਹੋਰ ਵੀ ਦੂਣੀ-ਚੌਗਣੀ ਹੋ ਗਈ ਸੀ। ਕ੍ਰਿਸਮਿਸ ਤਉਹਾਰ ਦੇ ਨੇੜੇ ਹੀ ਉਹਨਾਂ ਦੀ ਪਹਿਲੀ ‘ਮੈਰਿਜ ਐਨੀਵਰਸਰੀ’ ਸੀ। ਤਾਨੀਆ ਦਾ ਅਸਲੀ ਨਾਂ ਭਾਵੇਂ ਤਨਵੀਰ ਸੀ ਪਰ ਗੋਰੇ ਮਾਹੌਲ ਨੇ ਉਸ ਨੂੰ ਤਨਵੀਰ ਤੋਂ ਤਾਨੀਆ ਬਣਾ ਦਿੱਤਾ ਸੀ। ਤਨਵੀਰ, ਤਨਵੀਰ ਨਾਲੋਂ ਤਾਨੀਆ ਹੀ ਕਹਾ ਕੇ ਜ਼ਿਆਦਾ ਖੁਸ਼ੀ ਮਹਿਸੂਸ ਕਰਦੀ ਸੀ। ਸ਼ੁਰੂ ਤੋਂ ਹੀ, ਕੀ ਸਕੂਲ ਦੇ ਤੇ ਕੀ ਘਰ ਦੇ ਅਤੇ ਕੀ ਨੇੜੇ ਦੇ ਤੇ ਕੀ ਬਾਹਰ ਦੇ, ਸਭ ਹੀ ਹੁਣ ਉਸਨੂੰ ਤਾਨੀਆ ਦੇ ਨਾਂ ਨਾਲ ਹੀ ਬੁਲਾਉਂਦੇ। ਸਮੀਰ ਵੀ ਹੁਣ ਉਸਨੂੰ ਤਨਵੀਰ ਦੀ ਥਾਂ ਤਾਨੀਆ ਹੀ ਕਹਿਣ ਲੱਗ ਪਿਆ ਸੀ। ਉਹ ਭਾਰਤ ਤੋਂ ਤਾਂ ਤਨਵੀਰ ਨਾਂ ਦੀ ਕੁੜੀ ਨਾਲ ਹੀ ਵਿਆਹ ਕਰਵਾਉਣ ਆਇਆ ਸੀ। ਪਰ ਜਦ ਸਮੀਰ ਪਹਿਲਾਂ ਪਹਿਲਾਂ ਵਿਆਹ ਹੋ ਜਾਣ ਮਗਰੋਂ ਤਨਵੀਰ ਨੂੰ ਤਨਵੀਰ ਕਹਿ ਕੇ ਬੁਲਾਉਂਦਾ ਤਾਂ ਸਭ ਹੱਸ ਪੈ-ਂਦੇ। ਉਸ ਦਾ ਮਜ਼ਾਕ ਉਡਾਉਂਦੇ ਅਤੇ ਫਿਰ ਹੌਲੀ ਹੌਲੀ ਉਹ ਵੀ ਤਨਵੀਰ ਨੂੰ ਤਾਨੀਆ ਹੀ ਕਹਿਕੇ ਬੁਲਾਉਣ ਲੱਗ ਪਿਆ।

ਤਾਨੀਆ ਅਤੇ ਸਮੀਰ ਵੱਖ ਵੱਖ ਥਾਵਾਂ ਤੇ ਕੰਮ ਕਰਦੇ ਸਨ। ਅੱਜ, ਅਜਿਹੇ ਠੰਡੇ ਅਤੇ ਬਰਫੀਲੇ ਮੌਸਮ ਵਿਚ ਜਦੋਂ ਉਹ ਦੋਵੇਂ ਕੰਮ ਤੋਂ ਘਰ ਵਾਪਸ ਪਹੁੰਚੇ ਤਾਂ ਬੁਰੀ ਤਰ੍ਹਾਂ ਠੰਢ ਨਾਲ ਝੰਬੇ ਗਏ ਸਨ। ਗੈੱਸ ਦੇ ਹੀਟਰ ਦੇ ਮੂਹਰੇ ਬੈਠਦਿਆਂ ਉਹਨਾਂ ਪਹਿਲਾਂ ਆਪਣੇ ਹੱਡ ਸੇਕੇ ਅਤੇ ਫਿਰ ਤਾਨੀਆ ਨੇ ਗਰਮ ਗਰਮ ਕੌਫ਼ੀ ਦੇ ਮੱਘ ਲਿਆਂਦੇ। ਮੱਘ ਆਪਣੇ ਆਪਣੇ ਬੁਲ੍ਹੀਂ ਲਾਏ ਤਾਂ ਜਾ ਕੇ ਉਹਨਾਂ ਦੇ ਠੰਡੇ-ਸੀਤ ਸਰੀਰ ਨੂੰ ਕੁੱਝ ਨਿੱਘ ਮਹਿਸੂਸ ਹੋਇਆ।

ਕੌਫ਼ੀ ਪੀਂਦਿਆਂ ਸਮੀਰ ਬੋਲਿਆ: ‘ਤਾਨੀਆ! ਕੀ ਤੈਂਨੂੰ ਕੁੱਝ ਯਾਦ ਹੈ?’

ਤਾਨੀਆ ਨੇ ਉਸ ਵਲਾਂ ਵੇਖਦਿਆਂ ਅਚੰਭਾ ਜ਼ਾਹਿਰ ਕਰਦਿਆਂ ਪੁੱਛਿਆ: ‘ਕੀ?’

‘ਭੁੱਲ ਗਈ? —ਕਲ੍ਹ ਆਪਾਂ ਦੀ ਪਹਿਲੀ ਮੈਰਿਜ ਐਨੀਵਰਸਿਰੀ ਹੈ।’

‘ਹਾਂ, ਹਾਂ, ਭਲਾ ਇਹ ਵੀ ਕੋਈ ਭੁੱਲਣ ਵਾਲੀ ਗੱਲ ਹੈ?’ ਉਸ ਇੰਝ ਉੱਤਰ ਦਿੱਤਾ ਜਿਵੇਂ ਕਿ ਉਹ ਪਤੀ ਦੇ ਮੂੰਹੋ ਇਹ ਸ਼ਬਦ ਸੁਨਣ ਲਈ ਪਹਿਲੋਂ ਹੀ ਉਤਾਵਲੀ ਹੋਵੇ।

ਪਿਆਰ ਭਰੀਆਂ ਨਜ਼ਰਾਂ ਨਾਲ ਸਮੀਰ ਵਲਾਂ ਵੇਖਦਿਆਂ ਉਸਦੇ ਚੇਹਰੇ ਤੇ ਇਕ ਅਨੋਖੀ ਪਰਸੰਨਤਾ ਭਰੀ ਖੁਸ਼ੀ ਦੀ ਲਹਿਰ ਦੌੜ ਗਈ। 

‘ਮੈਂ ਸੋਚਦਾ ਹਾਂ ਕਿ ਆਪਾਂ ਦੋਵੇਂ ਹੀ ਕਲ੍ਹ ‘ਪੀਜ਼ਾ ਹੱਟ’ ਚਲੀਏ। ਸਿਰਫ਼ ਆਪਾਂ ਹੀ ਦੋਨੋਂ। ਨਾਲੇ ਆਊਟਿੰਗ ਦੀ ਆਊਟਿੰਗ ਅਤੇ ਨਾਲ ਹੀ ਦੋਵੇਂ ਮੈਰਿਜ ਐਨੀਵਰਸਰੀ ਮਨਾਵਾਂਗੇ। ਉਂਝ ਤਾਂ ਠੰਡ ਅਤੇ ਬਰਫ਼ ਕਾਰਨ ਬਾਹਰ ਨਿਕਲਣ ਦਾ ਹੀਆ ਹੀ ਨਹੀਂ ਪੈਂਦਾ ਪਰ ਕਲ੍ਹ ਦੀ ਸ਼ਾਮ ਆਪਾਂ ਦੋਹਾਂ ਨੇ ਹੀ ਕਲਿੱਆਂ ਮਾਨਣੀ ਹੈ।’ ਸਮੀਰ ਨੇ ਬੜੇ ਲੋਰ ਅਤੇ ਪਿਆਰ ਵਿੱਚ ਤਾਨੀਆ ਪਾਸੋਂ ‘ਸਿਰਫ ਦੋਨੋਂ ਹੀ’ ਉਤੇ ਕਾਫ਼ੀ ਜ਼ੋਰ ਦੇਂਦਿਆਂ ਇੱਕ ਸ਼ਾਹਦੀ ਭਰਵਾਉਣੀ ਚਾਹੀ।

‘ਹਾਂ, ਹਾਂ ਠੀਕ ਹੈ। ਅਸੀਂ ਦੋਵੇਂ ਇਕੱਲਿਆਂ ਹੀ ਕਲ੍ਹ ਦੀ ਸ਼ਾਮ ਮਨਾਵਾਂਗੇ।’ ਤਾਨੀਆ ਨੇ ਸਮੀਰ ਨੂੰ ਭਰੋਸਾ ਦਿਵਾਇਆ।

ਫਿਰ ਰਾਤ ਦਾ ਖਾਣਾ ਖਾ ਪੀ ਕੇ, ਦੋਵੇਂ ਬੈੱਡ ਤੇ ਜਾ ਪਏ। ਕ੍ਰਿਸਮਿਸ ਵਿੱਚ ਹਾਲਾਂ ਦੋ ਦਿਨ ਪਏ ਸਨ। ‘ਕ੍ਰਿਸਮਿਸ ਈਵ’ ਵਾਲੇ ਦਿਨ ਵੀ ਦੋ ਬਜੇ ਤੱਕ ਕੰਮ ਉਤੇ ਜਾਣਾ ਪੈਣਾ ਸੀ। ਬਿਸਤਰੇ ਦਾ ਨਿੱਘ ਮਿਲਦਿਆਂ ਹੀ ਤਾਨੀਆ ਤਾਂ ਲੰਮੀਆਂ ਤਾਣ ਕੇ ਝੱਟ ਸੌਂ ਗਈ ਪਰ ਸਮੀਰ ਦੀਆਂ ਅੱਖਾਂ ਵਿਚ ਹਾਲਾਂ ਨੀਂਦ ਨਹੀਂ ਸੀ ਢੁੱਕ ਰਹੀ। ਭਾਂਤ ਭਾਂਤ ਦੀਆਂ ਸੋਚਾਂ ਸੋਚਦਿਆਂ, ਅੰਦਰੋਂ ਹੀ ਅੰਦਰ ਕਿਸੇ ਡਰ ਨਾਲ ਉਸ ਦਾ ਦਿੱਲ ਗੁੰਮ-ਸੁੰਮ ਜਿਹਾ ਹੋਈ ਜਾ ਰਿਹਾ ਸੀ। ਕਲ੍ਹ ਹੋਣ ਵਾਲੀ ਕਿਸੇ ਅਨਹੋਣੀ ਦੇ ਡਰ ਨਾਲ ਉਹ ਘਬਰਾ ਰਿਹਾ ਸੀ। ਉਂਝ ਤਾਂ ਉਸ ਨੇ ਤਾਨੀਆ ਨੂੰ ਕਲ੍ਹ ਦੇ ਪਰੋਗਰਾਮ ਬਾਰੇ ਚੰਗੀ ਤਰ੍ਹਾਂ ਸਮਝਾ ਦਿੱਤਾ ਸੀ ਅਤੇ ਇਸੇ ਕਾਰਨ ਹੀ ਉਸਨੇ ‘ਆਪਾਂ ਦੋਨੋਂ’ ਉਤੇ ਵਿਸ਼ੇਸ਼ ਜ਼ੋਰ ਦਿੱਤਾ ਸੀ। ਉਸ ਨੇ ਤਾਨੀਆ ਵੱਲ ਵੇਖਿਆ, ਉਹ ਘੋੜੇ ਵੇਚ ਕੇ ਘੂਕ ਸੁੱਤੀ ਪਈ ਸੀ।

ਸਮੀਰ ਨੇ ਪਾਸਾ ਪਰਤਿਆ ਅਤੇ ਸੌਣ ਦੀ ਕੋਸ਼ਿਸ਼ ਕਰਦਿਆਂ ਉਸ ਨੂੰ ਯਾਦ ਆਇਆ ਕਿ ਉਸਨੇ ਤਾਨੀਆ ਨੂੰ ਅਕਸਰ ਬਹੁਤ ਵਾਰ ਆਖਿਆ ਸੀ: ‘ਆਪਾਂ ਹਾਲਾਂ ਆਪਣਾ ਘਰ ਤਾਂ ਨਹੀਂ ਖਰੀਦ ਸਕਦੇ। ਚੰਗਾ ਰਹੇਗਾ ਜੇਕਰ ਅਸੀਂ ਬਾਹਰ ਕਿਤੇ ਹੋਰ ਕੋਈ ਕਰਾਏ ਦਾ ਕਮਰਾ ਲੈ ਲਈਏ। ਆਜ਼ਾਦੀ ਨਾਲ ਰਹਾਂਗੇ।’ ਪਰ ਤਾਨੀਆ ਹਰ ਬਾਰ ਉਸਦਾ ਆਖਾ ਕਿਸੇ ਨਾ ਕਿਸੇ ਬਹਾਨੇ ਟਾਲਣ ਦੀ ਹੀ ਕੋਸ਼ਿਸ਼ ਕਰਦੀ ਰਹੀ। ਸੋਚਦਿਆਂ ਸੋਚਦਿਆਂ ਉਹ ਕਿਤੇ ਦਾ ਕਿਤੇ ਪੁੱਜ ਗਿਆ। ਇਹ ਸੋਚ ਵੀ ਕਿਆ ਕਮਾਲ ਦਾ ਵਰਤਾਰਾ ਹੈ। ਬਿਨਾਂ ਪਾਸਪੋਰਟ, ਬਿਨਾਂ ਕਿਸੇ ਵੀਜ਼ੇ ਦੇ ਪਲਾਂ ਵਿਚ ਹੀ ਕਿਤੇ ਦਾ ਕਿਤੇ ਪੁੱਜ ਜਾਂਦਾ ਹੈ ਬੰਦਾ ਸੋਚ ਦੇ ਮੋਢੀਂ ਬੈਠ ਕੈ। ਇੱਕ ਉਲਾਂਘ, ਦੋ ਉਲਾਂਘਾਂ ਅਤੇ ਤੀਜੀ ਉਲਾਂਘ ਨੇ ਉਸ ਨੂੰ ਇਕ ਵਰ੍ਹੇ ਪਹਿਲਾਂ ਦਿੱਲੀ ਤੋਂ ਉਡਾ ਕੇ ਲੰਡਨ ਦੇ ਏਅਰਪੋਰਟ ਤੇ ਆ ਲਾਹਿਆ।

ਜਦੋਂ ਉਹ ਜਹਾਜ਼ੋਂ ਲੱਥਾ ਸੀ ਤਾਂ ਕਿੰਨੀਆਂ ਹੀ ਸੁਨਹਿਰੀ ਆਸਾਂ-ਉਮੰਗਾਂ ਉਸਦੀ ਹਿਕੜੀ ਵਿੱਚ ਉਸਲ ਵੱਟੇ ਲੈ ਰਹੀਆਂ ਸਨ। ਉਸਦੇ ਦਿੱਲ ਦੇ ਸੂਟਕੇਸ ਵਿੱਚ ਵੀ ਤਰ੍ਹਾਂ ਤਰ੍ਹਾਂ ਦੇ ਸੁੰਦਰ ਸੁਪਨੇ ਸਜਾਏ ਪਏ ਸਨ। ਪਰ ਇਹ ਸਭ ਸੱਧਰਾਂ, ਸੁਪਨੇ ਵਲਾਇਤ ਦੀ ਧਰਤੀ ਉਤੇ ਪੈਰ ਰੱਖਣ ਦੇ ਕੁਝ ਦਿਨਾਂ ਦੇ ਅੰਦਰ ਹੀ, ਸਿਲੇ, ਠੰਢੇ ਤੇ ਬਰਫ਼ਾਨੀ ਮੌਸਮ ਦੀ ਮਾਰ ਖਾ ਖਾ ਸਲਾਭੀ ਹੋਈ ਲਕੜੀ ਵਾਂਗ ਭੁਰਨ ਲੱਗੇ। ਸੁੰਦਰ ਸੁਪਨੇ ਫੁੱਰ ਕਰਕੇ ਬਿਨ-ਪਰਾਂ ਦੇ ਹੀ ਉੱਡ ਗਏ। ਪਰ —।

—ਪਰ ਜਹਾਜ਼ੋਂ ਉਤਰਿਆ ਤਾਂ ਇਹ ਉਸਦੇ ਜੀਵਨ ਦੀ ਚਾਹ ਦਾ ਇਕ ਖੁਸ਼ੀਆਂ ਭਰਿਆ ਦਿਨ ਸੀ। ਆਪਣੀ ਹੋਣ ਵਾਲੀ ਜੀਵਨ ਸਾਥਣ ਨੂੰ, ਦੋ ਸਾਲ ਦੀ ਉਡੀਕ ਮਗਰੋਂ, ਮਿਲਣ ਦਾ ਚਾਅ। ਕਸਟਮ ਆਦਿ ਤੋਂ ਵੇਹਲਾ ਹੋ ਕੇ ਜਦ ਉਹ ਆਪਣੀ ਟਰਾਲੀ ਲੈ ਕੇ ਬਾਹਰ ਆਇਆ ਤਾਂ ਉਸਨੇ ਉਸ ਸੁੰਦਰ ਅਤੇ ਸਜੀ ਮੁਟਿਆਰ ਨੂੰ ਝੱਟ ਹੀ ਪਹਿਚਾਣ ਲਿਆ ਜਿਸ ਨੂੰ ਉਹ ਅੱਜ ਪਹਿਲੀ ਬਾਰ ਮਿਲ ਰਿਹਾ ਸੀ ਅਤੇ ਜਿਸਦੀ ਉਸਨੇ ਕੇਵਲ ਤਸਵੀਰ ਹੀ ਵੇਖੀ ਹੋਈ ਸੀ। ਉਸ ਦਾ ਦਿੱਲ ਚਮਨ ਵਿਚ ਖਿੜਨ ਵਾਲੇ ਕਿਸੇ ਲਾਲ ਗੁਲਾਬ ਦੇ ਫ਼ੁੱਲ ਨਾਲੋਂ ਘੱਟ ਨਹੀਂ ਸੀ ਖਿੜਿਆ। ਉਹ ਤਾਨੀਆ ਨੂੰ ਵੇਖਦਾ ਹੀ ਰਹਿ ਗਿਆ। ਉਸਨੂੰ, ਉਸਦੇ ਸੁਪਨਿਆਂ ਦੀ ਰਾਣੀ ਮਿਲ ਗਈ। ਉਹ ਭੁੱਲ ਹੀ ਗਿਆ ਕਿ ਤਾਨੀਆ ਤੋਂ ਬਿਨਾਂ ਉਥੇ ਹੋਰ ਵੀ ਕੋਈ ਉਸਨੂੰ ਮਿਲਣ ਵਾਲੇ ਸਨ। ਏਅਰਪੋਰਟ ਤੋਂ ਉਸਨੂੰ ਲੈਣ ਲਈ ਤਾਨੀਆ ਦਾ ਪਿਤਾ, ਦੋਵੇਂ ਭਰਾ ਅਤੇ ਉਹਨਾਂ ਦੀਆਂ ਘਰ ਵਾਲੀਆਂ ਵੀ ਆਈਆਂ ਸਨ। ਸਭ ਨੇ ਸਮੀਰ ਨੂੰ ਪਿਆਰ ਨਾਲ ਆਪਣੀਆਂ ਗਲਵਕੜੀਆਂ ਵਿਚ ਲਿਆ। ਉਸਨੂੰ ਚੰਗਾ ਲੱਗਾ। ਭਾਰਤ ਵਿਚ ਮਿਲਣ ਵਾਲੇ ਪਿਆਰ, ਸਨੇਹ, ਸਤਿਕਾਰ ਅਤੇ ਅਪਣੱਤ ਦੇ ਅਹਿਸਾਸ ਨੇ ਉਸ ਨੂੰ ਖੀਵਾ ਕਰ ਦਿੱਤਾ।

ਦੋ ਕਾਰਾਂ ਲਿਆਂਦੀਆਂ ਗਈਆਂ ਸਨ। ਸਮੀਰ, ਤਾਨੀਆ ਅਤੇ ਤਾਨੀਆ ਦਾ ਇਕ ਭਰਾ ਅਤੇ ਭਰਜਾਈ ਇਕ ਕਾਰ ਵਿਚ ਬੈਠੇ, ਬਾਕੀ ਦੂਜੀ ਵਿਚ। ਤਾਨੀਆ ਦਾ ਇਕ ਭਰਾ ਕਾਰ ਚਲਾ ਰਿਹਾ ਸੀ ਅਤੇ ਸਮੀਰ ਨੂੰ ਮੋਹਰਲੀ ਸੀਟ ਤੇ ਬੈਠਾਇਆ ਗਿਆ। ਕਾਰ ਦੇ ਚਲਦਿਆਂ ਹੀ ਭਰਾ ਅਤੇ ਭਰਜਾਈ ਨੇ ਆਪਸ ਵਿਚ ਗਲਬਾਤ ਆਰੰਭੀ। ਸਮੀਰ ਬੜੇ ਹੀ ਧਿਆਨ ਨਾਲ ਉਹਨਾਂ ਦੀ ਗਲਬਾਤ ਸੁਨਣ-ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸਦੇ ਪੱਲੇ ਉਹਨਾਂ ਵਲੋਂ ਬੋਲੀ ਜਾਣ ਵਾਲੀ ਅੰਗਰੇਜੀ ਦਾ ਇੱਕਾ-ਦੁੱਕਾ ਹੀ ਸ਼ਬਦ ਸਮਝ ਪੈ ਰਿਹਾ ਸੀ। ਉਸਨੂੰ ਇੱਕ ਝਟਕਾ ਜਿਹਾ ਮਹਿਸੂਸ ਹੋਇਆ। ਉਹ ਪੰਜਾਬ ਯੂਨੀਵਰਸਿਟੀ ਤੋਂ ਗਰੈਜੂਏਟ ਸੀ ਪਰ ਉਸਨੂੰ ਲੱਗਾ ਕਿ ਉਸਨੇ ਭਾਰਤ ਵਿਚ ਖਬਰੇ ਝੱਖ ਹੀ ਮਾਰੀ ਸੀ। ਮੋਟੀਆਂ ਮੋਟੀਆਂ ਅੰਗਰੇਜੀ ਦੀਆਂ ਪੜ੍ਹੀਆਂ ਹੋਈਆਂ ਕਿਤਾਬਾਂ ਦੇ ਕਾਲੇ ਅੱਖਰ, ਗੋਰਿਆ ਦੇ ਦੇਸ ਵਿੱਚ ਆ ਕੇ ਉਸਨੂੰ ‘ਕਾਲਾ ਅੱਖਰ ਨਹੀ, ਸਗੋਂ ਗੋਰਾ ਅੱਖਰ, ਭੈਂਸ ਦੇ ਬਰਾਬਰ’ ਲੱਗ ਰਿਹਾ ਸੀ। ਇਕ ਦੋ ਵਾਕ ਉਸ ਵਲਾਂ ਵੇਖ ਕੇ ਜਦੋਂ ਬੋਲੇ ਗਏ ਤਾਂ ਉਸਨੇ ਝੱਕਦੇ ਝੱਕਦੇ ਸ਼ੁੱਧ ਅੰਗਰੇਜੀ ਦੇ ਉਚਾਰਨ ਵਿਚ ਜਵਾਬ ਦਿੱਤਾ। ਤਾਨੀਆ ਤੋਂ ਬਿਨਾਂ ਬਾਕੀ ਸਭ ਠਾਹਕਾ ਮਾਰ ਕੇ ਹੱਸੇ। ਸਮੀਰ ਪਾਣੀਉਂ ਪਤਲਾ ਹੋ ਗਿਆ। ਕੱਚਾ ਜਿਹਾ ਪੈ ਗਿਆ। ਉਸਨੂੰ ਲੱਗਾ ਕਿ ਉਸਦਾ ਛੇ-ਫ਼ੁੱਟਾ ਕੱਦ ਕੇਵਲ ਸਾਡੇ ਪੰਜ-ਫ਼ੁੱਟ ਹੋ ਕੇ ਰਹਿ ਗਿਆ। ਟਰੈਫਿਕ ਬਹੁਤ ਸੀ। ਘੰਟੇ ਕੁ ਦੇ ਸਫ਼ਰ ਮਗਰੋਂ ਉਹ ਘਰ ਪੁੱਜੇ।

ਸਮੀਰ ਸਿੱਧਾ ਵਿਆਹ ਲਈ ਹੀ ਵਲਾਇਤ ਆਇਆ ਸੀ। ਇੱਥੇ ਉਸਦਾ ਆਪਣਾ ਕੋਈ ਰਿਸ਼ਤੇਦਾਰ ਨਹੀਂ ਸੀ। ਇਸ ਲਈ ਤਾਨੀਆ ਦੇ ਪਿਤਾ ਨੇ ਉਸਨੂੰ ਆਪਣੇ ਪਾਸ ਹੀ ਰੱਖਿਆ। ਤਾਨੀਆ ਦਾ ਪਿਤਾ ਬੜਾ ਭਲਾ ਬੰਦਾ ਸੀ। ਉਹ ਸਮੀਰ ਦੇ ਸਾਊ ਸੁਭਾ ਅਤੇ ਸਤਿਕਾਰ ਕਰਨ ਦੇ ਲਹਿਜ਼ੇ ਉਤੇ ਬਹੁਤ ਖੁਸ਼ ਸੀ। ਉਹ ਸਮੀਰ ਦੀ ਰੱਜ ਕੇ ਇਜ਼ਤ ਕਰਦਾ ਸੀ ਅਤੇ ਭਲੀ ਭਾਂਤਿ ਪਹਿਚਾਣ ਗਿਆ ਸੀ ਕਿ ਭਾਰਤ ਵਿਚ ਉਸਦੀ ਪਰਵਰਿਸ਼ ਬੜੀ ਹੀ ਸੁਚੱਜੇ ਤੇ ਉਸਾਰੂ ਢੰਗ ਨਾਲ ਹੋਈ ਸੀ। ਤਿੰਨ ਹਫ਼ਤੇ ਬਾਅਦ ਹੀ ਪਹਿਲਾਂ ਕੋਰਟ ਮੈਰਿਜ ਅਤੇ ਫਿਰ ਆਨੰਦ ਕਾਰਜ ਦੀ ਰਸਮ ਪੂਰੀ ਕਰ ਦਿੱਤੀ ਗਈ। ਸਮੀਰ ਵੀ ਆਪਣੇ ਸੌਹਰੇ ਦਾ ਬਹੁਤ ਆਦਰ-ਸਤਿਕਾਰ ਕਰਦਾ ਸੀ ਅਤੇ ਉਹਨਾਂ ਨਾਲ ਹੀ ਹਰ ਲੋੜੀਂਦਾ ਸਲਾਹ-ਮਸ਼ਵਰਾ ਅਤੇ ਗੰਭੀਰ ਗਲਬਾਤ ਵੀ। ਤਾਨੀਆ ਦੇ ਭਾਈ ਅਤੇ ਭਰਜਾਈਆਂ ਤਾਂ ਬਹੁਤ ਹੀ ਚੰਚਲ, ਬਦ-ਦਿਮਾਗ ਅਤੇ ਆਪਣੇ ਆਪ ਨੂੰ ‘ਅਫਲਾਤੂਨ’ ਸਮਝ ਵਾਲੀਆਂ ਸਨ। ਵਲਾਇਤ ਦੇ ਜੰਮ-ਪਲ ਸਨ। ਅੰਗਰੇਜੀ ਵਿੱਚ ਹੀ ਜੰਮੇ, ਅੰਗਰੇਜੀ ਵਿਚ ਹੀ ਪਲੇ। ਖਾਣ-ਪੀਣ ਸਬੰਧੀ ਵੀ ਉਸਦਾ ਮਜ਼ਾਕ ਉਡਾਉਣੋ ਨਾ ਖੁੰਝਦੇ। ਸਮੀਰ ਨੂੰ ਗੁੱਸਾ ਤਾਂ ਆਉਂਦਾ ਪਰ ਉਹ ਆਪਣੇ ਆਪ ਤੇ ਕਾਬੂ ਰੱਖਦਿਆਂ ਹਊ ਪਰੇ ਕਰ ਦਿੰਦਾ। ਤਾਨੀਆ ਭਾਵੇਂ ਆਪਣੇ ਭਰਾਵਾਂ ਤੇ ਭਰਜਾਈਆਂ ਦੀਆਂ ਗੱਲਾਂ ਵਿਚ ਕਦੇ ਕਦਾਈਂ ਆ ਜਾਂਦੀ ਪਰ ਸਹਿਜੇ ਕਰਕੇ ਉਹ ਆਪਣੀਆਂ ਕੰਨੀਆਂ ਉਹਨਾਂ ਤੋਂ ਬਚਾ ਕੇ ਹੀ ਰੱਖਦੀ। ਤਾਨੀਆ, ਸਭ ਦੇ ਸਾਹਮਣੇ ਤਾਂ ਨਹੀਂ ਪਰ ਅੱਗੋਂ-ਪਿਛੋਂ ਆਪਣੇ ਭਰਾਵਾਂ ਨੂੰ ਬਥੇਰਾ ਸਮਝਾਉਂਦੀ: ‘ਸਮੀਰ ਤੁਹਾਡਾ ਵੱਡਾ ਜੀਜਾ ਹੈ, ਗੱਲ ਕਰਨ ਲੱਗੇ ਜ਼ਰਾ ਕੁ ਵਿਚਾਰ ਤਾਂ ਲਿਆ ਕਰੋ।’ ਪਰ ਉਹਨਾਂ ਦੇ ਥਿੰਦੇ ਘੜੇ ਵਰਗੇ ਦਿਮਾਗ ਉਤੇ ਤਾਨੀਆ ਦੀ ਕਿਸੇ ਵੀ ਸਮਝੌਤੀ ਦਾ ਕੋਈ ਅਸਰ ਨਾ ਹੁੰਦਾ। ਸਮੀਰ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਤਾਨੀਆ ਆਪਣੇ ਭਰਾਵਾਂ ਵਰਗੀ ਨਹੀਂ। ਤਾਨੀਆ ਦੇ ਪਿਤਾ ਨੂੰ ਤਾਂ ਸਮੀਰ ਦੀ ਕਾਬਲੀਅਤ ਦਾ ਅੰਦਾਜ਼ਾ ਸੀ ਅਤੇ ਉਹ ਆਪਣੇ ਬੱਚਿਆਂ ਦੀਆਂ ਕਮਜ਼ੋਰੀਆਂ ਤੋਂ ਵੀ ਜਾਣੂੰ ਸੀ। ਬਸ ਲੱਗਦੇ ਉਹ ਵੀ ਉਹਨਾਂ ਨੂੰ ਟੋਕਦਾ ਰੋਕਦਾ ਪਰ ਭੈੜੀਆਂ ਵਾਦੀਆਂ ਤੇ ਸੁਭਾ ਭਲਾ ਛੇਤੀ ਕਿੱਥੋਂ ਬਦਲਦੇ ਨੇ? ਸਮੀਰ ਕਦੇ ਕਦੇ ਸੋਚਦਾ: ਇੱਕੋ ਮਾਤਾ-ਪਿਤਾ ਦੀ ਸੰਤਾਨ ਦੇ ਸੁਭਾ, ਵਿਚਾਰਾਂ ਅਤੇ ਵਰਤਾਰੇ ਵਿਚ ਇੰਨਾਂ ਅੰਤਰ?

ਸਮੀਰ ਦਾ ਵਲਾਇਤ ਆਉਣ ਦਾ ਸਾਰਾ ਚਾਅ ਥੋੜੇ ਦਿਨਾਂ ਵਿਚ ਹੀ ਮੱਠਾ ਪੈ ਗਿਆ। ਪਿੱਛੇ ਰਹਿ ਗਈਆਂ ਮੋਹ ਦੀਆਂ ਤੰਦਾਂ ਦੀ ਖਿੱ੍ਹਚ ਪੈਂਦੀ, ਛੋਟੇ ਵੀਰਾਂ-ਭੈਣਾਂ ਦੀ ਯਾਦ ਆਉਂਦੀ ਤਾਂ ਆਪ ਮੁਹਾਰੇ ਹੀ ਉਸਦੀਆਂ ਅੱਖਾਂ ਨਮ ਹੋ ਜਾਂਦੀਆਂ। ਉਹ ਸੋਚਦਾ: ਉਸਦੇ ਭੈਣਾਂ-ਭਰਾਵਾਂ ਨੇ ਤਾਂ ਕਦੇ ਵੀ ਜੀ ਤੋਂ ਬਿਨਾਂ ਗੱਲ ਨਹੀਂ ਸੀ ਕੀਤੀ। ਉਹ ਆਪ ਆਪਣੇ ਜੀਜੇ ਦਾ ਕਿੰਨਾ ਆਦਰ-ਮਾਣ ਕਰਿਆ ਕਰਦਾ ਸੀ ਪਰ ਉਸ ਨੇ ਇਹ ਗੱਲ ਦੁੱਖਦਾਇਕ ਲੱਗ ਰਹੀ ਸੀ ਕਿ ਇੱਥੇ ਵਲਾਇਤ ਵਿਚ ਉਸਤੋਂ ਛੋਟੇ ਵੀ ਉਸਦਾ ਹੀ ਮਜ਼ਾਕ ਉਡਾ ਰਹੇ ਸਨ। ਕਿਹੋ ਜਿਹਾ ਦੇਸ਼ ਹੈ ਇਹ ਜਿੱਥੇ ਬੜੇ-ਛੋਟੇ ਦੀ ਕੋਈ ਤਮੀਜ਼ ਨਹੀਂ ਅਤੇ ਨਾ ਹੀ ਕਿਸੇ ਸਾਕ-ਸਬੰਧਾਂ ਦਾ ਲਿਹਾਜ਼। ਅੰਤ ਨੂੰ ਉਸਨੇ ਉਹਨਾਂ ਦੇ ਖਾਰੇ ਸੁਭਾ ਤੋਂ ਅੱਕ ਕੇ ਇੱਕ ਦਿਨ ਤਾਨੀਆ ਨੂੰ ਵੱਖਰਾ ਕਮਰਾ ਲੈ ਕੇ ਰਹਿਣ ਦਾ ਸੁਝਾ ਰੱਖਿਆ ਪਰ ਉਸਦੀ ਆਸ ਦੇ ਉਲਟ ਉਸ ਵਲੋਂ ਨਾਂਹ ਹੀ ਮਿਲੀ। ਉਹ ਕੌੜਾ ਘੁੱਟ ਭਰ ਗਿਆ। ਤਾਨੀਆ ਪੰਜ ਜਾਂ ਦਸ ਪੌਂਡ ਜੋ ਵੀ ਉਸਨੂੰ ਜੇਬ ਖਰਚ ਦਿੰਦੀ ਉਹ ਵੀ, ਤਾਨੀਆ ਦੇ ਭਾਈ ਖਰਚਾ ਕੇ ਹੀ ਸਾਹ ਲੈਂਦੇ। ਉਹ ਤਾਨੀਆ ਨਾਲ ਹਿਰਖ ਕਰਦਾ ਜਦੋਂ ਵੀ ਉਹਨਾਂ ਦੀਆਂ ਕਰਤੂਤਾਂ ਦਸਦਾ ਕਿ ਕਿਵੇਂ ਉਸਨੂੰ ਬੇਵਕੂਫ਼ ਸਮਝ ਕੇ ਉਹ ਉਸਨੂੰ ਲੋਕਾਂ ਵਿਚ ਠਿੱਠ ਕਰਨ ਦਾ ਯਤਨ ਕਰਦੇ ਸਨ। ਸਮੀਰ ਨੇ ਦੁਖੀ ਹੋਕੇ ਇਕ ਦਿਨ ਫਿਰ ਤਾਨੀਆ ਨੂੰ ਦਸਿਆ ਕਿ ਕਿਵੇਂ ਉਸਨੂੰ ਤਾਨੀਆ ਦਾ ਛੋਟਾ ਭਰਾ ਫਿਸ਼-ਚਿਪਸ ਦੀ ਦੁਕਾਨ ਤੇ ਲੈ ਗਿਆ। ਅੰਦਰ ਜਾ, ਚਾਰ ਫਿਸ਼ ਐਂਡ ਚਿਪਸ ਦੇ ‘ਪੋਰਸ਼ਨਜ਼’ (ਪੈਕਟਾਂ ਦਾ) ਆਰਡਰ ਕੀਤਾ ਤੇ ਆਪ ‘ਮੈਂ ਗੱਡੀ ਮੂਵ ਕਰ ਲਵਾਂ ਕਿਉਂਕਿ ਗੱਡੀ ਡਬਲ ਯੈਲੋ ਲਾਈਨ ਤੇ ਖੜੀ ਹੈ’ ਕਹਿੰਦਿਆਂ ਉਹ ਸਮੀਰ ਨੂੰ ਉਥੇ ਹੀ ਛੱਡ ਦੁਕਾਨ ਤੋਂ ਬਾਹਰ ਅਜਿਹਾ ਨਿਕਲਿਆ ਕਿ ਮੁੜ ਅੰਦਰ ਹੀ ਨਾ ਆਇਆ। ਦੁਕਾਨਦਾਰ ਨੇ ਚਾਰੇ ਪੈਕੱਟ ਉਸ ਦੇ ਹੱਥ ਫੜਾਂਦਿਆਂ ਸੱਤ ਪੌਂਡ ਮੰਗੇ। ਉਸ ਪਾਸ ਸਿਰਫ ਦਸ ਹੀ ਪਂਡ ਸਨ ਤੇ ਉਹ ਦੁਕਾਨਦਾਰ ਨੂੰ ਪੈਸੇ ਦੇ ਕੇ ਬਾਹਰ ਨਿਕਲਿਆ ਤਾਂ ਵੇਖਿਆ ਕਿ ਉਸਦਾ ਭਰਾ ਕਾਰ ਵਿਚ ਬੈਠਾ ਉਸ ਵੱਲ ਵੇਖ ਕੇ ਢੀਠਾਂ ਵਾਂਗ ਮਿੰਨਾ ਮਿੰਨਾ ਮੁਸਕਰਾ ਰਿਹਾ ਸੀ। ਜੇ ਉਸ ਪਾਸ ਪੂਰੇ ਪੈਸੇ ਨਾ ਹੁੰਦੇ ਤਾਂ ਉਹ ਅਜਿਹੀ ਹਾਲਤ ਵਿਚ ਕੀ ਕਰਦਾ? ਉਸਨੂੰ ਕਿੰਨੀ ਸ਼ਰਮਿੰਦਗੀ ਉਠਾਉਣੀ ਪੈਂਦੀ।

‘ਡਾਰਲਿੰਗ ਦੀਜ਼ ਆਰ ਮਾਈਨਰ ਥਿੰਗਜ਼। ਨੈਕਸਟ ਟਾਈਮ ਈਯੂ ਕੀਪ ਮੋਰ ਮਨੀ ਵਿਦ ਯੂ।’ ਇਹ ਕਹਿ ਕੇ ਤਾਨੀਆ ਨੇ ਗੱਲ ਆਈ ਗਈ ਕਰ ਦਿੱਤੀ। ਉਸਨੇ ਇਹ ਵੀ ਜਾਨਣ ਦੀ ਕੋਸ਼ਿਸ਼ ਨਾ ਕੀਤੀ ਕਿ ਉਸਦਾ ਮਨ ਕਿੰਨਾ ਕੁ ਦੁਖੀ ਹੋਇਆ ਹੋਵੇਗਾ।

ਸਮੀਰ ਚੁੱਪ ਚਾਪ ਸਹਿ ਗਿਆ। ਕੀ ਕਰਦਾ? ਉਹਨਾਂ ਦੀ ਬੋਲ-ਚਾਲ, ਉਹਨਾਂ ਦਾ ਵਰਤਾਰਾ, ਹਰ ਗੱਲ ਪ੍ਰਤੀ ਉਹਨਾਂ ਦਾ ਬਾਜ਼ਾਰੂ ਜਿਹਾ ਦ੍ਰਿਸ਼ਟੀਕੋਣ ਉਸਨੂੰ ਨਾ ਭਾਉਂਦਾ।

ਸਮੀਰ ਨੇ ਕਈ ਕੰਮਾਂ ਲਈ ਬੇਨਤੀ ਪੱਤਰ ਦਿੱਤੇ। ਇੰਟਰਵੀਊਜ਼ ਹੋਏ ਪਰ ਉਸ ਵਲੋਂ ਅੰਗਰੇਜ਼ੀ ਬੋਲਣ ਦੇ ਲਹਿਜ਼ੇ ਦੀ ਦਿੱਕਤ ਕਾਰਨ ਸਭ ਥਾਵਾਂ ਤੋਂ ਨਾਂਹ ਹੋ ਜਾਂਦੀ। ਅੱਕ ਕੇ ਸਮੀਰ ਨੇ ਤਾਨੀਆ ਦੇ ਪਿਤਾ ਨਾਲ ਸਲਾਹ ਕਰਕੇ ਹਾਲ ਦੀ ਘੜੀ ਇੱਕ ਏਸ਼ੀਅਨ ਫੈਕਟਰੀ ਵਿੱਚ ਹੀ ਕੰਮ ਕਰਨਾ ਆਰੰਭ ਦਿੱਤਾ। ਇਹ ਸੋਚਕੇ ਕਿ ਜਦੋਂ ਉਸਦੀ ਕਾਬਲੀਅਤ ਅਨੁਸਾਰ ਕੋਈ ਹੋਰ ਚੰਗੀ ਨੌਕਰੀ ਮਿਲੇਗੀ ਤਾਂ ਇਹ ਕੰਮ ਛੱਡ ਦੇਵੇਗਾ। ਨਾਲ ਹੀ ਉਸਨੇ ਕੰਮ ਤੋਂ ਬਾਅਦ ਸ਼ਾਮ ਦੇ ਕਾਲਜ ਵਿਚ ਅੰਗਰੇਜ਼ੀ ਬੋਲਣ ਦੀਆਂ ਕਲਾਸਾ ਵੀ ਆਰੰਭ ਦਿੱਤੀਆਂ। ਹੁਣ ਹਰ ਦਿਨ ਤਾਨੀਆ ਨੂੰ ਉਹ ਜ਼ੋਰ ਪਾਉਂਦਾ ਕਿ ਕਿਤੇ ਬਾਹਰ ਕਿਰਾਏ ਤੇ ਕਮਰਾ ਲੈ ਲਈਏ ਫਿਰ ਹੌਲੀ ਸਹਿਜੇ ਘਰ ਖਰੀਦ ਲਵਾਂਗੇ। ਪਰ ਤਾਨੀਆ ਉਸਦੇ ਮਨ ਦੀ ਹਾਲਤ ਨੂੰ ਗੰਭੀਰਤਾ ਨਾਲ ਨਾ ਲੈਂਦਿਆਂ ਕਮਰਾ ਕਰਾਏ ਤੇ ਲੈ ਕੇ ਬਾਹਰ ਰਹਿਣ ਲਈ ਰਾਜ਼ੀ ਨਹੀਂ ਸੀ ਹੋ ਰਹੀ। ਭਾਵੇਂ ਭਰਾ ਵਿਆਹੇ ਵੀ ਗਏ ਸਨ ਪਰ ਘਰ ਵਿਚ ਮਾਂ ਦੀ ਘਾਟ ਕਾਰਨ ਸ਼ੁਰੂ ਤੋਂ ਹੀ ਤਾਨੀਆ ਉਹਨਾਂ ਦੀਆਂ ਵਧੀਕੀਆਂ ਨੂੰ ਵੀ ਅਣਗੌਲਿਆਂ ਕਰਦੀ ਆ ਰਹੀ ਸੀ। ਜਦੋਂ ਕਦੇ ਪਿਤਾ ਉਹਨਾਂ ਨੂੰ ਝਿੜਕਦਾ ਜਾਂ ਸਮਝਾਉਣ ਦੀ ਕੋਸ਼ਿਸ਼ ਕਰਨਾ ਲੱਗਦਾ ਤਾਂ ਤਾਨੀਆ ਇਹ ਕਹਿੰਦਿਆਂ ਰੋਕਦੀ: ‘ਡੈੱਡ! ਕੋਈ ਗੱਲ ਨਹੀਂ ਵੱਡੇ ਹੋ ਕੇ ਆਪੀਂ ਹੀ ਸਮਝ ਜਾਣਗੇ।’ ਪਰ ਸਮਝ ਕਿਹੜੀ ਦੁਕਾਨੇ ਵਿਕਦੀ ਸੀ ਕਿ ਖਰੀਦ ਲਈ ਜਾਂਦੀ ਜਾਂ ਕਿਸੇ ਤੋਂ ਮੰਗ ਲਈ ਜਾਂਦੀ। ਉਦੋਂ ਨਾ ਸੁਧਰੇ ਤਾਂ ਹੁਣ ਕੀ ਸੁਧਰਨਾ ਸੀ।? ਪਿਉ ਦੇ ਕੱਦ ਬਰਾਬਰ ਹੋ ਕੇ ਵੀ ਉਹਨਾਂ ਦੀ ਸਮਝ ਉਥੇ ਦੀ ਉਥੇ ਹੀ ਬੈਠੀ ਸੀ।

ਛੋਟੇ ਭਰਾਵਾਂ ਦੀਆਂ ਹੀ ਅਜਿਹੀਆਂ ਗੱਲਾਂ ਤੋਂ ਹੀ ਕਈ ਬਾਰ ਸਮੀਰ ਤੇ ਤਾਨੀਆ ਦੀ ਆਪਸ ਵਿੱਚ ਬਹਿਸ ਵੀ ਹੋ ਜਾਂਦੀ। ਫਿਰ ਬਹਿਸ ਤੋਂ ਗਰਮਾ ਗਰਮਾ ਝੜਪ ਵੀ। ਜਦੋਂ ਵੀ ਸਮੀਰ ਬਾਹਰ ਕਮਰਾ ਲੈ ਕੇ ਰਹਿਣ ਦੀ ਗੱਲ ਕਰਦਾ ਤਾਂ ਸਦਾ ਹੀ ਤਾਨੀਆ ਦੀ ਹੀ ਜਿੱਤ ਹੁੰਦੀ। ਉਹ ਆਖਦੀ: ‘ਆਪਾਂ ਇੱਥੇ ਕਮਰੇ ਦਾ ਕੋਈ ਕਿਰਾਇਆ ਨਹੀਂ ਦਿੰਦੇ, ਕੋਈ ਬਿਜ਼ਲੀ-ਗੈਸ ਜਾਂ ਰੋਟੀ ਆਦਿ ਦਾ ਵੀ ਖਰਚ ਨਹੀਂ ਦਿੰਦੇ। ਈਊਆਰ ਨੀਅਰਲੀ ਏ ਥਿੱਕ ਹੈੱਡ ਪਰਸਨ। ਵ੍ਹਾਈ ਡੋਂਟ ਈਊ ਅੰਡਰਸਟੈਂਡ ਐਂਡ ਐਕਸੈਪਟ ਆਲ ਦੀਜ਼ ਫਰੀ ਫੈਸਿਲੀਟਜ਼?’ ਸਮੀਰ ਕੀ ਆਖਦਾ?  ਕੰਮ ਹਾਲਾਂ ਪੱਕਾ ਨਹੀਂ ਸੀ ਅਤੇ ਨਾ ਹੀ ਜੇਬ ਵਿਚ ਪੌਂਡਾਂ ਦੀ ਥੱਬੀ।

ਸਮੀਰ ਨੀਂਦ ਵਿਚ ਲਏ ਜਾ ਰਹੇ ਸੁਪਨੇ ਵਿਚ ਵੀ ਇਸ ਬਹਿਸ ਵਿਚ ਹੀ ਉਲਝਿਆ ਹੋਇਆ ਸੀ ਕਿ ਸਵੇਰੇ ਅਲਾਰਮ ਦੀ ਘੰਟੀ ਨੇ ਹੀ ਉਸ ਦੀ ਜਾਗ ਖੋਲ੍ਹੀ। ਉਸ ਦੇਖਿਆ ਕਿ ਸੀਤ-ਠੰਢੇ ਮੌਸਮ ਵਿਚ ਵੀ ਉਹ ਪਸੀਨੇ ਨਾਲ ਭਰਿਆ ਪਿਆ ਸੀ। ਜਾਗ ਖੁਲ੍ਹਣ ਤੇ ਉਹ ਹੈਰਾਨ ਸੀ ਫਿਰ ਹੌਲੀ ਹੌਲੀ ਕਿਸੇ ਫਿਲਮ ਵਾਂਗ ਸਾਰਾ ਸੁਪਨਾ ਉਸਦੀਆਂ ਅੱਖਾਂ ਅੱਗੋਂ ਲੰਘ ਗਿਆ। ਉਹ ਉੁਠਿਆ ਤੇ ਕੰਮ ਤੇ ਜਾਣ ਲਈ ਤਿਆਰ ਹੋਕੇ ਉਸਨੇ ਇੱਕ ਬਾਰ ਫਿਰ ਤਾਨੀਆ ਨੂੰ ਯਾਦ ਦਿਲਾਇਆ: ‘ਯਾਦ ਹੈ ਨਾ, ਅੱਜ ਸ਼ਾਮੀਂ ਸਿਰਫ ਆਪਾਂ ਦੋਹਾਂ ਨੇ ਹੀ ਮੈਰਿਜ ਐਨੀਵਰਸਿਰੀ ਲਈ ਪੀਜ਼ਾ ਹੱਟ ਜਾਣਾ ਹੈ।’ ਅਤੇ ਤਾਨੀਆ ਦੀ ਹਾਂ ਪਰਾਪਤ ਕਰਕੇ ਦਿੱਲ ਵਿਚ ਫਿਰ ਵੀ ਇੱਕ ਡਰ ਸਮੇਟੀ ਸਮੀਰ ਕੰਮ ਤੇ ਚਲਾ ਗਿਆ।

ਤਾਨੀਆ ਸ਼ਾਮ ਨੂੰ ਘਰ ਪਹੁੰਚ ਜਦੋਂ ਡਾਈਨਿੰਗ ਰੂਮ ਵਿਚ ਬੈਠੀ ਗਰਮ ਗਰਮ ਚਾਹ ਦਾ ਘੁੱਟ ਭਰਨ ਹੀ ਲੱਗੀ ਸੀ ਕਿ ਉਸਦੇ ਦੋਹਾਂ ਭਰਾਵਾਂ ਤੇ ਭਰਜਾਈਆਂ ਨੇ ਫ਼ੁੱਲਾਂ ਦਾ ਗੁਲਦਸਤਾ ਫੜਾਉਂਦਿਆਂ ਉਸਨੂੰ ਹੈਪੀ ਐਨੀਵਰਸਿਰੀ ਆਖੀ। ਤਾਨੀਆ ਫ਼ੁੱਲ ਵੇਖ, ਫ਼ੁੱਲਾਂ ਵਾਂਗ ਖਿੜ ਗਈ ਅਤੇ ਬੋਲੀ: ‘ਇਜ਼ੰ’ਟ ਇੱਟ ਗਰੇਟ ਦੇਟ ਈਊ ਰੀਮੈਂਬਰ ਅਵਰ ਮੈਰਿਜ ਐਨੀਵਰਸਿਰੀ। ਮੈਨੀ ਥੈਂਕਸ।’

‘ਅੱਜ ਸ਼ਾਮੀਂ ਤੁਹਾਡਾ ਕੀ ਪਰੋਗਰਾਮ ਹੈ’, ਛੋਟੇ ਭਰਾ ਨੇ ਪੁੱਛਿਆ।

‘ਖਾਸ ਤਾਂ ਕੁਝ ਨਹੀਂ ਪਰ –।’

‘ਪਰ ਕੀ?’

‘ਉਂਝ ਸਮੀਰ ਨੇ ਸਾਡੇ ਦੋਹਾਂ ਲਈ ਪੀਜ਼ਾ ਹੱਟ ਜਾਣ ਦਾ ਪਰੋਗਰਾਮ ਬਣਾਇਆ ਹੈ। ਸਿਰਫ ਅਸਾਂ ਦੋਹਾਂ ਲਈ।’ ਤਾਨੀਆ ਨਾ ਜ਼ਰਾ ਝੱਕਦੇ ਪਰ ‘ਦੋਹਾਂ’ ਸ਼ਬਦ ਤੇ ਜ਼ੋਰ ਦਿੰਦਿਆਂ ਕਿਹਾ।

ਭਰਾ ਬੋਲਿਆ: ‘ਇਟ ਇਜ਼ ਏ ਗਰੇਟ ਆਈਡੀਆ। ਪਰ ਕੇਵਲ ਦੋਨੋਂ ਹੀ ਕਿਉਂ? ਆਪਾਂ ਸਾਰੇ ਹੀ ਚੱਲਦੇ ਹਾਂ। ਤੁਹਾਡੀ ਮੈਰਿਜ ਐਨੀਵਰਸਿਰੀ ਹੈ ਤੇ ਅਸੀਂ ਟਰੀਟ ਕਰਾਂਗੇ। ਇਸ ਟਰੀਟ ਨੂੰ ਸਾਡੇ ਵਲੋਂ ਮੈਰਿਜ ਦੀ ਗਿਫ਼ਟ ਸਮਝ ਲੈਣਾ।’

ਦੂਜੇ ਭਰਾ ਨੇ ਵੀ ਹਾਂ ਵਿਚ ਹਾਂ ਮਿਲਾਂਦਿਆਂ ਕਿਹਾ: ‘ਅੰਨ੍ਹੇ ਕੀ ਭਾਲਣ ਚਾਨਣ ਵੇਖਦੀਆਂ ਦੋ ਅੱਖਾਂ।’ ਮੱਲੋ ਮੱਲੀ ਉਹ ਗੱਲ ਪੈਣ ਵਾਂਗ ਤਿਆਰ ਹੋ ਗਏ। ਤਾਨੀਆ ਨੂੰ ਸੁੱਝ ਨਹੀਂ ਸੀ ਰਿਹਾ ਕਿ ਉਹ ਕੀ ਆਖੇ ਜਾਂ ਕਿਵੇਂ ਇੰਨਕਾਰ ਕਰੇ?

ਇੰਨੇ ਨੂੰ ਸਮੀਰ ਵੀ ਘਰ ਪਹੁੰਚ ਗਿਆ ਅਤੇ ਡਾਈਨਿੰਗ ਰੂਮ ਵਿਚ ਸਾਰਿਆਂ ਨੂੰ ਇਕੱਠੇ ਵੇਖ ਉਸਦਾ ਮੱਥਾ ਠਣਕਿਆ। ਦਿੱਲ ਹੀ ਦਿੱਲ ਉਸਨੇ ਸੋਚਿਆ: ਬਸ ਫਸਾਦ ਦੀ ਜੜ੍ਹ ਤਾਨੀਆ ਨੇ ਹੀ ਸਭ ਨੂੰ ਨਾਲ ਜਾਣ ਲਈ ਤਿਆਰ ਕਰ ਲਿਆ ਹੋਵੇਗਾ।

ਉਹ ਅਸਲੀਅਤ ਨਹੀਂ ਸੀ ਜਾਣਦਾ ਕਿ ਉਹ ਦੋਵੇਂ ਜੋੜੇ ਜ਼ਬਰਦਸਤੀ ਹੀ ਲਸੂਹੜੇ ਦੀ ਗਿਟੱਕ ਵਾਂਗ ਤਾਨੀਆ ਨੂੰ ਚੰਬੜੇ ਪਏ ਸਨ। ਉਸਦੇ ਅੰਦਰ ਕਰੋਧ ਦੀ ਅਗਨੀ ਇੱਕ ਦਮ ਜਵਾਲਾ ਮੁਖੀ ਬਣ ਭੜਕ ਉਠੀ। ਪੌੜੀਆਂ ਚੜ੍ਹਦਿਆਂ ਉਸਨੇ ਤਾਨੀਆ ਨੂੰ ਆਵਾਜ਼ ਦਿੱਤੀ। ਆਵਾਜ਼ ਸੁਣਕੇ ਤਾਨੀਆ ਹਾਲਾਤ ਦਾ ਜਾਇਜ਼ਾ ਲੈਂਦਿਆਂ ਉਸਦੇ ਮਗਰ ਹੀ ਕਮਰੇ ਵਿਚ ਪੁੱਜੀ। ਹੇਠਾਂ ਚੌਹਾਂ ਦੀ ਨਜ਼ਰ ਮਿਲੀ ਅਤੇ ਇਕ ਫਰੇਬੀ ਮੁਸਕਾਨ ਉਹਨਾਂ ਦੇ ਬੁਲ੍ਹਾਂ ਤੇ ਬਿਖਰ ਗਈ।

‘ਇਹ ਕੀ ਮਜ਼ਾਕ ਹੈ ਤਾਨੀਆ! ਮੈਂ ਤਾਂ ਆਪਾਂ ਦੋਹਾਂ ਦੇ ਜਾਣ ਸਬੰਧੀ ਆਖਿਆ ਸੀ। ਮੈਂਨੂੰ ਲੱਗਦਾ ਹੈ ਕਿ ਤੂੰ ਤਾਂ ਸਭ ਨੂੰ ਹੀ ਨਿਉਂਦਾ ਦਿੱਤਾ ਹੋਇਆ ਹੈ। ਹੁਣ ਚੰਗਾ ਇਹੀ ਰਹੇਗਾ ਕਿ ਮੈਂ ਘਰ ਰਹਿੰਦਾ ਹਾਂ ਅਤੇ ਤੁਸੀਂ ਸਾਰੇ ਜਾਉ।’ ਸਮੀਰ ਨੇ ਰੁੱਖੇ ਹੁੰਦਿਆਂ ਉਸਦੇ ਹੱਥਾਂ ਵਿਚ ਫੜੇ ਗੁਲਦਸਤੇ ਨੂੰ ਫੜ ਕੇ ਵਗਾਹ ਮਾਰਦਿਆਂ ਅਗ੍ਹਾਂ ਆਖਿਆ: ‘ ਮੈਂ ਤਾਂ ਅੱਜ ਦੀ ਸ਼ਾਮ ਤੇਰੇ ਨਾਲ ਇਕੱਲਿਆਂ ਹੀ ਇੰਜੁਆਇ ਕਰਨਾ ਚਾਹੁੰਦਾ ਸੀ ਪਰ–।

ਤਾਨੀਆ ਉਸਦੇ ਗੁੱਸੇ ਦਾ ਕਾਰਨ ਤਾਂ ਭਲੀ ਭਾਂਤੀ ਜਾਣ ਗਈ ਸੀ ਪਰ ਦੋ ਪੁੜਾਂ ਵਿਚਕਾਰ ਫਸੀ ਹੋਈ ਬੋਲੀ: ‘ਨਹੀਂ ਨਹੀਂ ਮੈਂ ਕਿਸੇ ਨੂੰ ਤਿਆਰ ਨਹੀਂ ਕੀਤਾ, ਡਾਰਲਿੰਗ! ਸਗੋਂ ਉਹ ਤਾਂ ਖੁੱਦ ਹੀ ਤਿਆਰ ਹੋਏ ਹੱਨ। ਉਹਨਾਂ ਨੇ ਸਾਨੂੰ ਅੱਜ ਟਰੀਟ ਕਰਨ ਦੀ ਆਫ਼ਰ ਕੀਤੀ ਹੈ। ਮੈਂ ਤਾਂ ਨਾਂਹ ਕੀਤੀ ਸੀ ਪਰ ਉਹ ਬੜੇ ਚਾਅ ਨਾਲ ਕਹਿੰਦੇ ਹਨ ਕਿ ਤੁਹਾਡੀ ਮੈਰਿਜ ਐਨੀਵਰਸਿਰੀ ਤੇ ਸਾਡੇ ਵਲੋਂ ਟਰੀਟ ਹੋਵੇਗੀ। ਪਲੀਜ਼ ਹੁਣ ਤੁਸੀਂ ਵੀ ਆਪਣਾ ਮੂਡ ਠੀਕ ਕਰ ਲਵੋ।’ ਤਾਨੀਆ ਨੇ ਕਈ ਬਾਰ ‘ਪਲੀਜ਼, ਪਲੀਜ਼’ ਕਰਦਿਆਂ ਤਰਲਾ ਪਾਂਦਿਆਂ ਕਿਹਾ: ‘ਅੱਜ ਉਹ ਸਾਰੇ ਬਹੁਤ ਗੰਭੀਰ ਹਨ। ਇਸ ਲਈ ਨਾਂਹ ਕਰਨਾ ਚੰਗਾ ਨਹੀਂ ਲੱਗਦਾ। ਜ਼ਰਾ ਸੋਚੋ ਸਾਡੀ ਖੁਸ਼ੀ ਲਈ ਹੀ ਤਾਂ ਉਹ ਇਹ ਸਭ ਕੁਝ ਕਰ ਰਹੇ ਹਨ।’

ਸਮੀਰ ਕਦ ਤੱਕ ਮੂੰਹ ਵੱਟ ਕੇ ਰੱਖਦਾ। ਹਰ ਬਾਰ ਵਾਂਗ ਉਸ ਨੂੰ ਹਾਂ ਕਰਨੀ ਪਈ ਅਤੇ ਗੁੱਸਾ ਨਿਗਲ ਜਾਣਾ ਪਿਆ। ਉਹ ਦਿੱਲੋਂ ਤਾਂ ਉੱਕਾ ਹੀ ਖੁੱਸ਼ ਨਹੀਂ ਸੀ ਪਰ ਪਤਨੀ ਦੀ ਜ਼ਿੱਦ ਅੱਗੇ ਉਸਨੂੰ ਹਥਿਆਰ ਸੁੱਟਣੇ ਪਏ।

‘ਪਰ ਇਹ ਆਖਰੀ ਬਾਰ ਹੈ। ਜੇਕਰ ਮੁੜ ਇੰਝ ਹੋਇਆ ਤਾਂ ਬਿਲਕੁਲ ਨਹੀਂ ਮੰਨਾਂਗਾ। ਫਿਰ ਮੈਂਨੂੰ ਦੋਸ਼ ਨਾ ਦੇਈਂ।’ ਉਸਨੇ ਖਿੱਝ੍ਹਦਿਆਂ ਤਲੱਖੀ ਭਰੀ ਵਾਰਨਿੰਗ ਦੇਂਦਿਆਂ ਕਿਹਾ।

ਹੇਠਾਂ ਉਤਰੇ ਤਾਂ ਵੇਖਿਆ ਕਿ ਤਾਨੀਆ ਦਾ ਪਿਤਾ ਵੀ ਕੰਮ ਤੋਂ ਆ ਗਿਆ ਸੀ। ਸਾਰੇ ਤਿਆਰ ਸਨ। ਪਤਾ ਲੱਗਣ ਤੇ ਉਸ ਨੇ ਆਪਣੇ ਜਵਾਈ ਸਮੀਰ ਦੇ ਚਿਹਰੇ ਦੇ ਹਾਵ-ਭਾਵ ਨੂੰ ਤਾੜਦਿਆਂ ਆਪਣੇ ਪੁੱਤਰਾਂ ਤੇ ਨੂੰਹਾਂ ਨੂੰ ਸਲਾਹ ਦਿੱਤੀ: ‘ਤੁਸੀਂ ਫਿਰ ਕਿਸੇ ਦਿਨ ਚਲੇ ਜਾਇਉ। ਅੱਜ ਇਹਨਾਂ ਦੀ ਮੈਰਿਜ ਐਨੀਵਰਸਿਰੀ ਹੈ। ਅੱਜ ਇਹਨਾਂ ਦੋਹਾਂ ਨੂੰ ਹੀ ਜਾਣ ਦਿਉ।’

‘ਨਹੀਂ, ਨਹੀਂ। ਡੈਡ! ਅੱਜ ਤਾਂ ਅਸੀਂ ਦੋਹਾਂ ਨੂੰ ਟਰੀਟ ਕਰਨਾ ਹੈ। ਯੂ ਡੋਂਟ ਵਰੀ, ਊਈ ਅੰਡਰਸਟੈਂਡ ਐਵਰੀ ਥਿੰਗ।’ ਵੱਡੇ ਪੁੱਤਰ ਨੇ ਪਿਤਾ ਨੂੰ ਇੰਨਾਂ ਕਹਿੰਦਿਆਂ ਚੁੱਪ ਕਰਵਾ ਦਿੱਤਾ। ਪਿਤਾ ਬੇਬਸ ਜਿਹਾ ਹੋ ਗਿਆ ਪਰ ਫਿਰ ਵੀ ਉਹਨਾਂ ਦੇ ਸੁਭਾਵਾਂ ਨੂੰ ਜਾਣਦਿਆਂ ਤਾੜਨਾ ਕੀਤੀ: ‘ਵੀਹੇਵ ਈਊਰ ਸੈਲਫ।’

ਤਾਨੀਆ ਆਪਣੀ ਕਾਰ ਵਿਚ ਸਮੀਰ ਨਾਲ ਡਰਾਈਵਿੰਗ ਸੀਟ ਤੇ ਬੈਠੀ ਸੀ। ਦੂਜੀ ਕਾਰ ਵਿੱਚ ਦੋਵੇਂ ਭਰਾ ਤੇ ਉਹਨਾਂ ਦੀਆਂ ਘਰ ਵਾਲੀਆਂ। ਪੀਜ਼ਾ ਹੱਟ ਪਹੁੰਚੇ। ਪੀਜ਼ਾ ਹੱਟ ਦੇ ਅੰਦਰ ਕੁਰਸੀਆਂ ਤੇ ਬੈਠਦਿਆਂ ਹੀ ਸਮੀਰ ਨੂੰ ਉਹਨਾਂ ਦੀਆਂ ਅੱਖਾਂ ਵਿਚ ਕੋਈ ਖ਼ਾਸ ਸ਼ੈਤਾਨੀ ਸਕੀਮ ਦਾ ਝਾਉਲਾ ਪਿਆ। ਪਰ ਉਹ ਫਿਰ ਵੀ ਚੁੱਪ ਰਿਹਾ। ਸਭ ਦੇ ਨਾਲ ਹੁੰਦਿਆਂ ਹੋਇਆਂ ਵੀ ਉਸਨੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕੀਤਾ। ਸਭ ਨੇ ਮੈਨੀਉਜ਼ ਵੇਖ ਕੇ ਡੀਪ ਪੈਨਜ਼ ਪੀਜ਼ਿਆਂ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਆਰਡਰ ਕੀਤਾ। ਫਿਰ ਆਫਟਰ ਦੀ ਬਾਰੀ ਆਈ। ਸਭ ਨੱਕ ਤੱਕ ਤੂੜੇ ਪਏ ਸਨ ਪਰ ਫਿਰ ਵੀ ਉਹਨਾਂ ਨੇ ਲਾਰਜ਼ ਸਾਈਜ਼ ਸਪੈਸ਼ਲ ਆਈਸ ਕਰੀਮ ਮੰਗਾਈ। ਖਾਂਦੇ ਤੇ ਗੱਪਾਂ ਮਾਰਦ ਰਹੇ। ਸਭ ਨੇ ਡਿਨਰ ਖਤਮ ਕੀਤਾ। ਚੌਹਾਂ ਨੇ ਹੀ ਜਿਵੇਂ ਇੱਕ ਦੂਜੇ ਵਲਾਂ ਵਿਸ਼ੇਸ ਤੱਕਣੀ ਸੁੱਟੀ ਅਤੇ ਫਿਰ ਦੋਵੇਂ ਭਰਾ ‘ਟੌਇਲਟ’ ਵਲਾਂ ਤੁਰ ਗਏ। ਤਾਨੀਆ ਆਪਣੇ ਭੋਲੇਪਨ ਵਿਚ ਬੇਖਬਰ ਸੀ। ਸਮੀਰ ਚੁੱਪ-ਚਾਪ ਇਸ ਨਾਟਕ ਨੂੰ ਵੇਖ ਰਿਹਾ ਸੀ ਕਿ ਦੋਵੇਂ ਭਰਜਾਈਆਂ ਵੀ ਦੋ ਕੁ ਮਿੰਨਟ ਬਾਅਦ ਕੌਫੀ ਆਰਡਰ ਦੇਣ ਦਾ ਕਹਿ ਕੇ ਆਪਣੀਆਂ ਕੁਰਸੀਆਂ ਤੋਂ ਉੱਠ ਗਈਆਂ। ਸਮੀਰ ਤੇ ਤਾਨੀਆ ਦੋਵੇਂ ਆਪਣੀ ਆਪਣੀ ਕੁਰਸੀ ਤੇ ਬੈਠੇ ਉਹਨਾਂ ਦੀ ਉਡੀਕ ਕਰ ਰਹੇ ਸਨ। ਹੁਣ ਛੇਆਂ ਕੁਰਸੀਆਂ ਵਿੱਚੋਂ ਚਾਰ ਕੁਰਸੀਆਂ ਖਾਲੀ ਹੋ ਚੁੱਕੀਆਂ ਸਨ। ਇੱਕ ਕੋਣੇ ਵਿਚ ਖੜਾ ਵੇਟਰ ਲੁਕਵੀਆਂ ਨਜ਼ਰਾਂ ਨਾਲ ਸਭ ਕੁਝ ਤਾੜ ਰਿਹਾ ਸੀ। ਤਾਨੀਆਂ ਦੀ ਨਜ਼ਰ ਭਰਾਵਾਂ-ਭਰਜਾਈਆਂ ਨੂੰ ਇੱਧਰ-ਉੱਧਰ ਲੱਭ ਰਹੀ ਸੀ। ਇਹ ਵੇਖਦਿਆਂ ਵੇਟਰ ਨੂੰ ਪਰਤੀਤ ਹੋਇਆ ਕਿ ਸ਼ਾਇਦ ਹੁਣ ਇਹ ਦੋਵੇਂ ਵੀ ਬਿੱਲ ਦਿੱਤੇ ਬਿਨਾਂ ਹੀ ਉੱਠ ਕੇ ਜਾਣ ਲਈ ਮੌਕਾ ਭਾਲ ਰਹੇ ਹਨ।

ਪਰ ਉਹ ਦੋਵੇਂ ਤਾਂ, ਨਹੀਂ ਨਹੀਂ ਦੋਨੋਂ ਨਹੀਂ, ਸਿਰਫ ਤਾਨੀਆਂ ਹੀ ਉਹਨਾਂ ਦੀ ਵਾਪਸੀ ਦੀ ਉਡੀਕ ਕਰ ਰਹੀ ਸੀ। ਪਰ ਪੰਛੀ ਤਾਂ ਭੀੜ ਵਿਚੋਂ ਦੀ ਲੰਘਦੇ ਲੰਬੀ ਉਡਾਰੀ ਮਾਰ ਗਏ ਸਨ। ਮੌਕੇ ਦੀ ਨਜ਼ਾਕਤ ਨੂੰ ਤਾੜਦਿਆਂ ਵੇਟਰ ਨੇ ਇਕ ਪਲੇਟ ਵਿਚ ਕੁਝ ਸਵੀਟਾਂ ਅਤੇ ਸੱਠ ਪੌਂਡ ਤਿਰਾਇਸੀ ਪੈਂਸ ਦਾ ਬਿੱਲ ਉਹਨਾਂ ਅੱਗੇ ਆਣ ਰੱਖਿਆ ਅਤੇ ਆਪ ਮੁਸਕਾਉਂਦਿਆਂ ਜ਼ਰਾ ਪਰ੍ਹਾਂ ਹੱਟਵਾਂ ਖੜਾ ਹੋ ਗਿਆ। ਦੋਵੇਂ ਇਕ ਦੂਜੇ ਵੱਲ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਵੇਖਣ ਲੱਗੇ। ਬਿੱਲ ਵੇਖ ਕੇ ਤਾਨੀਆ ਦਾ ਸਿਰ ਚਕਰਾ ਗਿਆ। ਵੇਟਰ ਵੀ ਉਹਨਾਂ ਦੇ ਹਾਵ-ਭਾਵ ਵੇਖ ਰਿਹਾ ਸੀ।

‘ਮੈਂਨੂੰ ਤਾਂ ਲਗਦਾ ਤਾਨੀਆ! ਉਹ ਚਾਰੇ ਖਿਸਕ ਗਏ ਹਨ’ ਸਮੀਰ ਨੇ ਹੌਲੀ ਦੇਣੀ ਤਾਨੀਆ ਨੂੰ ਕਿਹਾ। ਤਾਨੀਆ ਦੀ ਜਿਵੇਂ ਜੀਭ ਨੂੰ ਜੰਦਰਾ ਹੀ ਬੱਜ ਗਿਆ ਹੋਵੇ। ਫਿਰ ਸਮੀਰ ਨੇ ਆਪਣੀ ਜੇਬ ਵਿਚ ਹੱਥ ਪਾਇਆ ਤਾਂ ਸਿਰਫ ਤੀਹ ਪੌਂਡ ਤੇ ਕੁਝ ਭਾਨ ਨਿਕਲੀ ਜੋ ਉਸਨੇ ਆਪਣੇ ਦੋਹਾਂ ਦੇ ਡਿਨਰ ਲਈ ਰੱਖੀ ਸੀ। ‘ਇਹ ਤੀਹ ਪੌਂਡ ਹਨ ਮੇਰੇ ਪਾਸ ਤਾਨੀਆ,’ ਇਹ ਸੁਣ ਕੇ ਤਾਨੀਆ ਘਬਰਾ ਗਈ। ਇੱਕ ਰੰਗ ਜਾਵੇ ਤੇ ਦੂਜਾ ਰੰਗ ਆਵੇ। ਉਸਦਾ ਦਿਮਾਗ ਡਰ ਨਾਲ ਸੁੰਨ ਜਿਹਾ ਹੋ ਗਿਆ ਅਤੇ ਉਸਦੇ ਹੱਥ ਪੈਰ ਮਣ ਮਣ ਦੇ ਬੋਝ੍ਹਲ ਹੋ ਗਏ ਸਨ। ਕੰਬਦੇ ਹੱਥੀਂ ਉਸਨੇ ਆਪਣਾ ਹੈਂਡ ਬੈਗ ਖੋਲ੍ਹਿਆ ਸਿਰਫ ਪੰਦਰਾਂ ਪੌਂਡ ਮਿਲੇ। ਉਹ ਹੋਰ ਵੀ ਭੈ-ਭੀਤ ਹੋ ਗਈ। ਫਿਰ ਉਸਨੇ ਬੈਗ ਵਿਚਲੇ ਹੋਰ ਕਾਗਜ਼ ਪੱਤਰ ਫਰੋਲੇ ਤਾਂ ਵਿਚੋਂ ਚੈੱਕ-ਬੁੱਕ ਤੇ ਗਾਰੰਟੀ ਕਾਰਡ ਵੇਖ ਉਸਦੀ ਜਾਨ ਵਿਚ ਜਾਨ ਆਈ। ਤਾਨੀਆ ਨੇ ਦਿੱਲ ਵਿਚ ਹੀ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਜਿਸਨੇ ਅੱਜ ਉਹਨਾਂ ਦੀ ਇਜ਼ਤ ਪੁਲਸ ਅਤੇ ਅਖਬਾਰਾਂ ਦੀਆਂ ਹੈੱਡ-ਲਾਈਨਜ਼ ਬਨਣੋਂ ਤੇ ਖਜਲ-ਖੁਆਰ ਹੋਣੋ ਮਸਾਂ ਮਸਾਂ ਬਚਾਈ ਸੀ। ਦੋਹਾਂ ਨੂੰ ਯਾਦ ਹੀ ਭੁੱਲ ਗਿਆ ਕਿ ਉਹ ਉਥੇ ਕਿਉਂ ਤੇ ਕਾਸ ਲਈ ਗਏ ਸਨ। ਤਾਨੀਆ ਨੇ ਪੂਰੀ ਰਕਮ ਦਾ ਚੈੱਕ ਭਰਕੇ ਕਾਰਡ ਅਤੇ ਨਾਲ ਟਿਪਜ਼ ਦਾ ਇਕ ਪੌਂਡ ਪਲੇਟ ਵਿਚ ਰੱਖਕੇ ਵੇਟਰ ਨੂੰ ਦਿੱਤਾ। ਕੁਝ ਪਲਾਂ ਵਿੱਚ ਹੀ ਵੇਟਰ ਕਾਰਡ ਅਤੇ ਰਸੀਦ ਵਾਪਸ ਦੇ ਗਿਆ।

ਚੁੱਪ ਚਾਪ ਸਮੀਰ ਉੱਠਿਆ। ਨੀਵੀਂ ਪਾਈ ਨਿੰਮੂਝੂਣੀ ਹੋਈ ਤਾਨੀਆ ਵੀ ਆਪਣਾ ਹੈਂਡ ਬੈਗ ਚੁੱਕੀ ਆਪਣੇ ਆਪ ਵਿਚ ਹੇਠੀ ਅਤੇ ਸ਼ਰਮਿੰਦਗੀ ਦੇ ਭਾਰ ਨਾਲ ਲਿਫੀ ਅਤੇ ਵਲੂੰਧਰੀ ਹੋਈ ਆਤਮਾ ਨਾਲ ਪੀਜ਼ਾ ਹੱਟ ਦੀਆਂ ਦਹਿਲੀਜ਼ਾਂ ਤੋਂ ਬਾਹਰ ਨਿਕਲੀ। ਥੋੜੀ ਥੋੜੀ ਬਰਫ਼ ਪੈਣੀ ਆਰੰਭ ਹੋ ਚੁੱਕੀ ਸੀ। ਠੰਡੀ ਚਲਦੀ ਹਵਾ ਦੇ ਬੁਲੇ ਨੇ ਅੱਜ ਉਸਦੇ ਮਨ ਤੋਂ ਭਰਾਵਾਂ ਪ੍ਰਤੀ ਝੂਠੇ ਮੋਹ ਦਾ ਸਵਾਂਗ ਪਰਦੇ-ਦਰ-ਪਰਦੇ ਉਡਾ ਦਿੱਤਾ। ਪੀਜ਼ਾ ਹੱਟ ਦੇ ਬਾਹਰ, ਕਾਰ ਪਾਰਕ ਦੇ ਲਾਗੇ, ਲਾਏ ਗਏ ਕ੍ਰਿਸਮਿਸ ਟਰੀ ਤੇ ਲੱਟਕਦੇ ਰੰਗ-ਬਰੰਗੇ ਬਲਬਾਂ ਦੀ ਰੌਸ਼ਨੀ ਵਿਚ ਅੱਜ ਝੂਠੇ ਮੋਹ ਦੇ ਲੀੜੇ ਲਾਹੀ, ਨੰਗਾ ਸੱਚ, ਉਸਦੇ ਸਾਹਮਣੇ ਨਾਚ ਕਰ ਰਿਹਾ ਸੀ। ਅੱਜ ਦੇ ਵਰਤਾਰੇ ਨੇ ਤਾਨੀਆ ਨੂੰ ਜਿਵੇਂ ਨੀਂਦ ਤੋਂ ਜਗਾ ਕੇ ਅਸਲੀਅਤ ਵਿਚ ਖੜਾ ਕਰ ੱਿਦੱਤਾ। ਡਲ੍ਹਕਦੀਆਂ ਅੱਖੀਂ ਉਸਨੇ ਸਮੀਰ ਵਲ ਇੰਝ ਵੇਖਿਆ ਜਿਵੇਂ ਨਜ਼ਰਾਂ ਹੀ ਨਜ਼ਰਾਂ ਵਿਚ ਉਹ, ਸਮੀਰ ਨਾਲ ਹੋਈਆਂ ਵਧੀਕੀਆਂ ਨੂੰ ਸੱਚ ਮੰਨਦਿਆਂ, ਆਪਣੇ ਦਿਲੋਂ ਮੁਆਫ਼ੀ ਮੰਗਣ ਦਾ ਇਜ਼ਹਾਰ ਕਰ ਰਹੀ ਹੋਵੇ। 

ਸਾਰੀ ਰਾਹ ਉਹ ਕੁਝ ਨਾ ਬੋਲੇ। ਚੁੱਪ ਦੀ ਇਕ ਮੂਕ ਵੇਦਨਾ ਪਸਰੀ ਰਹੀ। ਤਾਨੀਆ ਕਾਰ ਚਲਾ ਰਹੀ ਸੀ ਅਤੇ ਸਮੀਰ ਸੋਚ ਰਿਹਾ ਸੀ: ਕਿੰਨੀ ਅਜ਼ੀਬ ਗੱਲ ਹੈ ਕਿ ਭਾਰਤੋਂ ਆ ਕੇ ਇੱਥੇ ਆ ਵਸੇ ਲੋਕਾਂ ਦਾ ਨਿਘਾਰ ਉਹਨਾਂ ਦੀ ਸੰਤਾਨ ਹੀ ਕਰਦੀ ਜਾ ਰਹੀ ਹੈ। ਨਵੀਂ ਪੀੜ੍ਹੀ ਦੀ ਨਾ ਕੇਵਲ ਬੋਲੀ ਹੀ ਬਦਲ ਰਹੀ ਹੈ ਸਗੋਂ ਉਹਨਾਂ ਦੀਆਂ ਸਾਰੀਆਂ ਜੱਦੀ ਰਵਾਇਤਾਂ ਅਤੇ ਸੰਸਕਾਰ ਵੀ ਸਮੇਂ ਦੀ ਬਲੀ ਚੜ੍ਹ ਰਹੇ ਹਨ। ਭਾਰਤ ਵਿਚ ਵੀ ਭਾਵੇਂ ਲੋਕੀਂ ਅੰਗਰੇਜ਼ੀ ਸਭਿਅਤਾ ਦੇ ਧਾਰਨੀ ਅਤੇ ਮਾਡਰਨ ਹੋ ਰਹੇ ਹਨ ਪਰ ਤਾਂ ਵੀ ਉਹ ਹਾਲਾਂ ਤੱਕ ਆਪਣੇ ਮੂਲ ਸੰਸਕਾਰਾਂ ਅਤੇ ਰਵਾਇਤਾਂ ਦਾ ਆਦਰ ਕਰਦੇ ਹਨ। ਛੋਟੇ-ਵੱਡੇ ਅਤੇ ਸਨਮਾਨੇ ਜਾਣ ਵਾਲੇ ਰਿਸ਼ਤਿਆਂ ਦੀ ਨੁਹਾਰ ਨੂੰ ਫਿਰ ਵੀ ਕਿਸੇ ਇਕ ਹੱਦ ਤੱਕ ਸਾਂਭੀ ਬੈਠੇ ਹਨ।

ਘਰ ਪੁੱਜਕੇ ਬਿਨਾਂ ਜ਼ੁਬਾਨ ਸਾਂਝਿਆਂ ਕੀਤਿਆਂ ਉਹ ਬਿਸਤਰੇ ਤੇ ਇੱਕ ਦੂਜੇ ਤੋਂ ਪਾਸੇ ਪਰਤ ਕੇ ਲੰਮੇ ਪੈ ਗਏ। ਸਮੀਰ ਨੇ ਅੱਜ ਆਪਣੇ ਮਨ ਨਾਲ ਅਟੱਲ ਫੈਸਲਾ ਕਰ ਲਿਆ: ਬਸ ਹੋਰ ਨਹੀਂ, ਬਹੁਤ ਹੋ ਗਿਆ। ਸਵੇਰੇ ਹੀ ਉਹ ਕਰਾਏ ਦੇ ਕਮਰੇ ਵਿਚ ਚਲਿਆ ਜਾਵੇਗਾ ਅਤੇ ਤਾਨੀਆ ਨੂੰ ਉਸਦੀ ਮਰਜ਼ੀ ਤੇ ਛੱਡ ਦੇਵੇਗਾ।

ਸਵੇਰੇ ਉਸਦੀ ਜਾਗ ਖੁਲ੍ਹੀ ਤਾਂ ਉਸ ਵੇਖਿਆ ਕਿ ਤਾਨੀਆ ਅੱਜ ਪਹਿਲੀ ਬਾਰ ਉਸ ਤੋਂ ਵੀ ਪਹਿਲਾਂ ਉੱਠ ਚੁੱਕੀ ਸੀ। ਇੰਨੇ ਨੂੰ ਉਹ ਕਮਰੇ ਅੰਦਰ ਦਾਖਲ ਹੋਈ। ਸਮੀਰ ਨੂੰ ਉਸ ਵਲਾਂ ਦੇਖਦਿਆਂ ਹੀ ਉਸਦੀ ਹਾਲਤ ਨੂੰ ਸਮਝਣ ਵਿਚ ਦੇਰ ਨਾ ਲੱਗੀ। ਅੱਜ ਉਸਦੀਆਂ ਹਿਰਨੀ ਵਰਗੀਆਂ ਮੋਟੀਆਂ ਸ਼ਰਬਤੀ ਅੱਖਾਂ ਵਿਚ ਰਤਾ ਭਰ ਵੀ ਚਮਕ ਨਹੀਂ ਸੀ। ਅੱਖਾਂ ਲਾਲ ਹੋਈਆਂ ਸੁੱਜੀਆਂ ਪਈਆਂ ਸਨ। ਅੱਖਾਂ ਹੇਠਾਂ ਉਨੀਂਦਰੇ ਦੇ ‘ਬੈਗ’ ਬਣੇ ਪਏ ਸਨ। ਉਸ ਵਲ ਵੇਖਦਿਆਂ ਉਹ ਕੁਝ ਬੋਲਣ ਹੀ ਲੱਗਾ ਸੀ ਕਿ ਤਾਨੀਆ ਨੇ ਉਸ ਵੱਲ ਚਾਹ ਦਾ ਕੱਪ ਵਧਾਉਂਦਿਆਂ ਉਸਦੇ ਕੁਝ ਬੋਲਣ ਤੋਂ ਪਹਿਲਾਂ ਹੀ ਇਕਦੱਮ ਕਿਹਾ: ‘ਕਰਾਏ ਵਾਲੇ ਕਮਰੇ ਦਾ ਅੱਜ ਪਤਾ ਕਰ ਲੈਣਾ। ਆਪਾਂ ਅੱਜ ਸ਼ਾਮੀਂ ਹੀ, ਜਾਂ ਕਲ੍ਹ ਨੂੰ ਮੂਵ ਹੋ ਜਾਵਾਂ—ਗੇ।’

ਅੱਗੋਂ ਉਸਦਾ ਗਲਾ ਭਰ ਆਇਆ। ਫਿਰ ਅੱਖਾਂ ਛਲਕੀਆਂ। ਰਾਤੀਂ ਬੀਤੀ ਸ਼ਰਮਿੰਦਗੀ ਭਰੀ ਸਾਰੀ ਘਟਨਾ ਅਤੇ ਇਸਦੇ ਨਾਲ ਹੀ ਵਿਆਹ ਤੋਂ ਉਪਰੰਤ ਕਲ੍ਹ ਤੱਕ ਸਮੀਰ ਨਾਲ ਹੋਈਆਂ ਸਾਰੀਆਂ ਵਧੀਕੀਆਂ ਪਛਤਾਵਾ ਬਣ ਉਸ ਦੀਆਂ ਅੱਖਾਂ ਰਾਹੀਂ ਵਹਿ ਤੁਰਿਆ।

ਸਮੀਰ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਸੀ ਆ ਰਿਹਾ। ਉਹ ਕੁਝ ਕਹਿੰਦਾ ਕਹਿੰਦਾ, ਤਾਨੀਆ ਵੱਲ ਵੇਖਦਾ ਹੀ ਰਹਿ ਗਿਆ। ਉਸਨੂੰ ਲੱਗਾ ਕਿ ਉਸਦੇ ਦੰਪਤੀ ਜੀਵਨ ਨੇ ਆਉਣ ਵਾਲੇ ਨਵੇਂ ਵਰ੍ਹੇ ਵਿੱਚ ਪੈਰ ਧਰਨ ਲਈ ਇਕ ਸੋਹਣਾ ਅਤੇ ਉਚਿੱਤ ਕਦਮ ਪੁੱਟ ਲਿਆ।