17 September 2024

ਕਾਵਿ ਸੰਗ੍ਰਹਿ ‘ਅੰਮ੍ਰਿਤਸਰ ਵੱਲ ਜਾਂਦੇ ਰਾਹੀਓ’—-ਡਾ. ਇੰਦਰਪਾਲ ਕੌਰ

ਰੀਵਿਊਕਾਰ: ਡਾ.ਇੰਦਰਪਾਲ ਕੌਰ
ਲੇਖਕ : ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

ਪਹਿਲੀ ਵਾਰ: 2021
ਕੀਮਤ 250-/
ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ

‘ਅੰਮ੍ਰਿਤਸਰ ਵੱਲ ਜਾਂਦੇ ਰਾਹੀਓ’ ਕਾਵਿ ਸੰਗ੍ਰਹਿ ਦੇ ਰਚੇਤਾ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਦੂਰ ਦੁਰਾਡੇ ਵਿਦੇਸ਼ ਵਿੱਚ ਰਹਿ ਕੇ ਵੀ ਆਪਣੀ ਧਰਤੀ, ਆਪਣੀ ਮਾਂ ਬੋਲੀ ਪੰਜਾਬੀ ਬੋਲੀ ਨਾਲ ਸਾਂਝ ਜੋੜੀ ਹੋਈ ਹੈ। ਬਚਪਨ ਤੋਂ ਹੀ ਧਾਰਮਿਕ, ਇਤਿਹਾਸਕ ਕਵਿਤਾਵਾਂ ਲਿਖ ਕੇ ਸਟੇਜ ਤੇ ਪੇਸ਼ਕਾਰੀ ਦੇਣ ਲੱਗ ਪਏ ਸਨ। ਆਪ ਦੀਆਂ ਲਿਖਤਾਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸਫ਼ਲ ਪੇਸ਼ਕਾਰੀ ਕਰਦੀਆਂ ਹਨ। ਮਾਣ ਪੰਜਾਬੀਆਂ ਤੇ, ਇੰਟਰਨੈਸ਼ਨਲ ਸਾਹਿਤਕ ਮੰਚ ਦੇ ਚੇਅਰਮੈਨ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਕੇਵਲ ਆਪ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਤੋਂ ਪੰਜਾਬੀਆਂ ਦੇ ਚਾਹਵਾਨਾਂ ਨੂੰ ਇਸ ਗਰੁੱਪ ਨਾਲ ਜੋੜ ਰਹੇ ਹਨ। ਹਰ ਸੋਮਵਾਰ ਕਿਸੇ ਸਾਹਿਤਿਕ ਨਾਮਵਰ ਸ਼ਖ਼ਸੀਅਤ ਨੂੰ ਚਮਕਦੇ ਚਿਹਰੇ ਤਹਿਤ ਪ੍ਰੋਗਰਾਮ ਕਰਵਾ ਕੇ ਦਰਸ਼ਕਾਂ ਸਰੋਤਿਆਂ ਦੇ ਰੂਬਰੂ ਕਰਵਾਉਂਦੇ ਹਨ। ਹਰ ਸ਼ੁਕਰਵਾਰ ਨੂੰ ਆਨਲਾਈਨ ਕਾਵਿ ਗੋਸ਼ਟੀ ਕਰਵਾ ਕੇ ਨਵੇਂ ਉੱਭਰਦੇ ਤੇ ਮਹਾਨ ਕਵੀਆਂ ਨੂੰ ਇਸ ਮੰਚ ਰਾਹੀਂ ਅੱਗੇ ਆਉਣ ਦਾ ਮੌਕਾ ਪ੍ਰਦਾਨ ਕਰਦੇ ਹਨ।

ਆਪ ਜੀ ਦੇ ਚਾਰ ਕਾਵਿ ਸੰਗ੍ਰਹਿ ਤੇ ਇੱਕ ਗੀਤ ਸੰਗ੍ਰਹਿ ਪਹਿਲਾਂ ਹੀ ਛੱਪ ਕੇ ਪਾਠਕਾਂ ਦੇ ਹੱਥਾਂ ਵਿੱਚ ਆ ਚੁੱਕੇ ਹਨ। ਛੇਵਾਂ ਕਾਵਿ ਸੰਗ੍ਰਹਿ 2021 ਵਿੱਚ ਪ੍ਰਕਾਸ਼ਿਤ ਹੋਇਆ ਹੈ:-
‘ਅੰਮ੍ਰਿਤਸਰ ਵੱਲ ਜਾਂਦੇ ਰਾਹੀਓ’ ਦੇਸ਼ ਵਿਦੇਸ਼ ਵਿੱਚ ਇਸ ਪੁਸਤਕ ਨੇ ਧੁੰਮਾਂ ਮਚਾ ਦਿੱਤੀਆਂ ਹਨ। ਇਸ ਕਵਿਤਾ ਨੂੰ ਆਵਾਜ਼ ਦਿੱਤੀ ਹੈ ਭਾਈ ਦਵਿੰਦਰ ਸਿੰਘ ਸੋਢੀ ਜੀ ਨੇ। ਜਿਨ੍ਹਾਂ ਨੇ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਇਸ ਕਵਿਤਾ ਨੂੰ ਗਾ ਕੇ ਪੇਸ਼ ਕੀਤਾ ਹੈ। ਇਸ ਕਾਵਿ ਸੰਗ੍ਰਹਿ ਵਿੱਚ ਕੁਲ 88 ਕਵਿਤਾਵਾਂ ਦਰਜ਼ ਹਨ। ਬਖ਼ਸ਼ ਗੁਨਾਹ ਤੂੰ ਮੇਰੇ ਕਵਿਤਾ ਵਿੱਚ:-

‘ਉੱਠਦੇ ਬਹਿੰਦੇ ਸ਼ਾਮ ਸਵੇਰੇ
ਤੇਰਾ ਹੀ ਨਾਉਂ ਲੈਂਦੇ
ਬਖ਼ਸ਼ ਗੁਨਾਹ ਤੂੰ ਮੇਰੇ
ਤੈਨੂੰ ਬਖ਼ਸ਼ਨਹਾਰਾ ਕਹਿੰਦੇ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ’

ਇਸ ਪੁਸਤਕ ਵਿੱਚ ਰੁਹਾਨੀ ਕਵਿਤਾਵਾਂ ਹੀ ਦਰਜ਼ ਹਨ। ਹਰ ਵਿਅਕਤੀ ਇਨਾਂ ਨੂੰ ਪੜ੍ਹ ਕੇ ਲਾਹਾ ਲੈ ਸਕਦਾ ਹੈ। ਇਸ ਪੁਸਤਕ ਵਿੱਚ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ ਗਈ, ਸਗੋਂ ਸੰਸਾਰ ਨੂੰ ਨਾਸ਼ਵਾਨ ਦੱਸ ਕੇ ਅਕਾਲਪੁਰਖ ਦੇ ਨਾਮ ਨਾਲ ਜੋੜਨ ਦੀ ਪ੍ਰੇਰਨਾ ਹੈ। ਉਦਾਹਰਣ ਲਈ ਕੁਝ ਕਵਿਤਾਵਾਂ ਦੇ ਸਿਰਲੇਖ:-

ਤੂੰ ਵਾਹਿਗੁਰੂ ਬੋਲ ਬੰਦਿਆ
ਰੱਬ ਕੋਲੋਂ ਡਰ ਬੰਦਿਆ
ਪੜ੍ਹ ਲੈ ਨਮਾਜ਼ਾਂ ਭਾਵੇਂ ਲੱਖਾਂ
ਨੀਵਾਂ ਹੋ ਕੇ ਚੱਲ ਬੰਦਿਆ
ਇਹ ਜ਼ਿੰਦਗੀ ਅਣਮੋਲ
ਨਾਨਕ ਦੀਆਂ ਰਮਜ਼ਾਂ

ਦੱਸ ਗੁਰੂ ਸਾਹਿਬਾਨ ਦੇ ਜੀਵਨ ਬਿਰਤਾਂਤ ਨੂੰ ਕਵਿਤਾਵਾਂ ਵਿੱਚ ਪੇਸ਼ ਕੀਤਾ ਹੈ ਮਾਨੋ ਗਾਗਰ ਵਿੱਚ ਸਾਗਰ ਬੰਦ ਕਰ ਦਿੱਤਾ ਹੋਵੇ, ਸਾਰਾ ਦ੍ਰਿਸ਼ ਅੱਖਾਂ ਸਾਹਮਣੇ ਆ ਜਾਂਦਾ ਹੈ। ਕਹਾਣੀ ਬਾਬਾ ਦੀਪ ਸਿੰਘ ਦੀ, ਤੋਰਦੇ ਛੇਤੀ ਮਾਂ ਦਾਦੀ, ਨਿੱਕੇ ਨਿੱਕੇ ਲਾਲ ਕਵਿਤਾਵਾਂ ਬੀਰ ਰਸ ਨਾਲ ਭਰਪੂਰ ਹਨ। ਮਾਤਾ-ਪਿਤਾ ਦੇ ਪਿਆਰ ਨਾਲ ਸਬੰਧਤ ਕਵਿਤਾਵਾਂ-ਪਿਉ ਦਾ ਪਿਆਰ, ਬਾਪੂ ਵਰਗਾ ਨਾ ਯਾਰ, ਮਾਂ ਮੇਰਾ ਤਾਂ ਤੂੰ ਹੀ ਰੱਬ ਏ ਹਨ। ਪੁੱਤਰ ਤੇ ਧੀ ਨਾਲ ਸੰਬੰਧਿਤ ਕਵਿਤਾਵਾਂ -ਲੇਖ ਧੀਆਂ ਦੇ, ਪੁੱਤਰ ਹੁੰਦੇ ਮਿੱਠੜੇ ਮੇਵੇ ਵਿੱਚ ਇਨ੍ਹਾਂ ਰਿਸ਼ਤਿਆਂ ਦੀ ਸਾਂਝ ਨੂੰ ਦਰਸਾਇਆ ਹੈ। ਫੁਲਕਾ ਤਵੇ ਤੇ ਫੁੱਲਿਆ ਕਵਿਤਾ ਵਿੱਚ ਭੈਣ ਨਾਨਕੀ ਦਾ ਪਿਆਰ ਤੇ ਮਿੱਠੀ ਯਾਦ ਸਮੋਈ ਹੋਈ ਹੈ। ਮਾਂ-ਬੋਲੀ ਪੰਜਾਬੀ ਵਿੱਚ ਪੰਜਾਬੀ ਬੋਲੀ ਦੀ ਵਿਸ਼ੇਸ਼ਤਾ ਨੂੰ ਪੇਸ਼ ਕੀਤਾ ਹੈ। ਭਾਵੇਂ ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮ ਆਉ ਪਰ ਆਪਣੇ ਪੰਜਾਬ ਦੀ ਯਾਦ ਹਮੇਸ਼ਾ ਆਂਦੀ ਹੈ ਕਿਉਂਕਿ ਪੰਜਾਬ ਵਰਗੀ ਕੋਈ ਰੀਸ ਨਹੀਂ ਜਿਵੇਂ-ਕਰ ਸੈਰ ਵਿਦੇਸ਼ਾਂ ਦੀ, ਸੋਹਣਾ ਏ ਪੰਜਾਬ ਮੇਰਾ, ਪੰਜਾਬ ਦੀ ਮਿੱਟੀ, ਪੰਜਾਬ ਦੀ ਅਹਿਮੀਅਤ ਨੂੰ ਦਰਸਾਂਦੀਆਂ ਹਨ। ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਦੀ ਲੇਖਣੀ ਨੂੰ ਸਮੁੱਚੇ ਪੰਜਾਬੀ ਜਗਤ ਵੱਲੋਂ ਸਲੂਟ ਹੈ। ਪਰਮਾਤਮਾ ਇਨ੍ਹਾਂ ਨੂੰ ਤੰਦਰੁਸਤੀ ਬਖ਼ਸ਼ੇ ਤਾਂ ਜੋ ਇਹ ਇਸੇ ਤਰ੍ਹਾਂ ਮਾਂ-ਬੋਲੀ ਦੀ ਸੇਵਾ ਕਰਦੇ ਰਹਿਣ।
**
6 ਅਕਤੂਬਰ 2021
**
417
**