19 May 2024

ਡਾ. ਗੁਰਦੇਵ ਸਿੰਘ ਸਿੱਧੂ ਦੀ ਸੰਪਾਦਿਤ ਪੁਸਤਕ ਗਿਆਨੀ ਗੁਰਦਿੱਤ ਸਿੰਘ ‘ਦਲੇਰ’ ਸੁਤੰਤਰਤਾ ਸੰਗਰਾਮੀ ਦੀ ਕਹਾਣੀ — ਉਜਾਗਰ ਸਿੰਘ  

ਡਾ.ਗੁਰਦੇਵ ਸਿੰਘ ਸਿੱਧੂ ਅਣਗੌਲੇ ਆਜ਼ਾਦੀ ਘੁਲਾਟੀਆਂ ਦੀਆਂ ਜੀਵਨੀਆਂ ਲਿਖਣ ਦੇ ਮਾਹਿਰ ਵਿਦਵਾਨ ਤੇ ਇਤਿਹਾਸਕਾਰ ਗਿਣੇ ਜਾਂਦੇ ਹਨ। ਜਾਣੇ ਪਛਾਣੇ ਅਤੇ ਸਮਾਜ ਵਿੱਚ ਚਰਚਿਤ ਆਜ਼ਾਦੀ ਘੁਲਾਟੀਆਂ ਬਾਰੇ ਤਾਂ ਹਰ ਕੋਈ ਵਿਦਵਾਨ ਲਿਖਣ ਦਾ ਮਾਣ ਮਹਿਸੂਸ ਕਰਦਾ ਹੈ ਕਿਉਂਕਿ ਉਨ੍ਹਾਂ ਬਾਰੇ ਮੈਟਰ ਸੌਖਾ ਮਿਲ ਜਾਂਦਾ ਹੈ ਪ੍ਰੰਤੂ ਅਣਗੌਲੇ ਆਜ਼ਾਦੀ ਘੁਲਾਟੀਆਂ ਬਾਰੇ ਖੋਜ ਕਰਨ ਦਾ ਕੋਈ ਕਸ਼ਟ ਨਹੀਂ ਕਰਨਾ ਚਾਹੁੰਦਾ। 

ਅਣਗੌਲੇ ਆਜ਼ਾਦੀ ਘੁਲਾਟੀਆਂ ਦੀ ਖੋਜ ਕਰਕੇ ਉਨ੍ਹਾਂ ਬਾਰੇ ਲਿਖਣ ਦਾ ਸਿਹਰਾ ਡਾ.ਗੁਰਦੇਵ ਸਿੰਘ ਸਿੱਧੂ ਨੂੰ ਹੀ ਜਾਂਦਾ ਹੈ। ਉਸੇ ਲੜੀ ਵਿੱਚ ਉਨ੍ਹਾਂ ‘ ਅਣਗੌਲਿਆ ਆਜ਼ਾਦੀ ਘੁਲਾਟੀਆ ਗਿਆਨੀ ਗੁਰਦਿੱਤ ਸਿੰਘ ਦਲੇਰ’ ਦੀ ਜੀਵਨੀ ਸੰਪਾਦਿੱਤ ਕੀਤੀ ਹੈ।  ਜਦੋਂ ਗਿਆਨੀ ਗੁਰਦਿੱਤ ਸਿੰਘ ‘ਦਲੇਰ’ ਦੇ ਪੋਤਰੇ  ਨਾਜ਼ਰ ਸਿੰਘ ਤੇ ਬਚਿਤਰ ਸਿੰਘ ਡਾ.ਗੁਰਦੇਵ ਸਿੰਘ ਸਿੱਧੂ ਕੋਲ ਗਿਆਨੀ ਜੀ ਦੀ ਜੀਵਨੀ ਲਿਖਣ ਬਾਰੇ ਬੇਨਤੀ ਕਰਨ ਆਏ ਤਾਂ ਡਾ ਗੁਰਦੇਵ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਗੱਲਾਂ ਸੁਣਨ ਤੋਂ ਬਾਅਦ ਸੰਤੁਸ਼ਟੀ ਨਾ ਹੋਈ। ਫਿਰ ਉਨ੍ਹਾਂ ਨੇ ਪੰਜਾਬ ਰਾਜ ਪੁਰਾਤਤਵ ਵਿਭਾਗ ਵਿੱਚ ਜਾ ਕੇ ਬੱਬਰ ਅਕਾਲੀਆਂ ਦਾ ਰਿਕਾਰਡ ਖੰਗਾਲਿਆ ਅਤੇ ਲੋੜੀਂਦੀ ਜਾਣਕਾਰੀ ਇਕੱਤਰ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸ੍ਰ. ਦਵਿੰਦਰਪਾਲ ਸਿੰਘ ਸੰਸਥਾਪਕ, ਪੰਜਾਬ ਡਿਜਿਟਲ  ਲਾਇਬ੍ਰੇਰੀ ਚੰਡੀਗੜ੍ਹ ਦੇ ਰਿਕਾਰਡ ਤੋਂ ਵੀ ਤੱਥ ਪਮਾਪਤ ਕੀਤੇ।  

ਡਾ.ਗੁਰਦੇਵ ਸਿੰਘ ਨੇ ਖੋਜ ਕਰਕੇ ਤੱਥਾਂ ਦੀ ਸਾਰਥਿਕਤਾ ਜਾਨਣ ਤੋਂ ਬਾਅਦ ਹੀ ਪੁਸਤਕ ਸੰਪਾਦਤ ਕਰਨ ਦਾ ਫ਼ੈਸਲਾ ਕੀਤਾ। ਪੁਰਾਤਤਵ ਵਿਭਾਗ ਦੇ ਰਿਕਾਰਡ ਨੂੰ ਸੰਪਾਦਕ ਨੇ ਅੰਤਿਕਾ ਵਿੱਚ ਹੂਬਹੂ ਦਿੱਤਾ ਹੈ ਤਾਂ ਜੋ ਪਾਠਕਾਂ ਅਤੇ ਖੋਜਾਰਥੀਆਂ ਦੇ ਕੰਮ ਆ ਸਕੇ। ਇਤਿਹਾਸ ਦੀ ਸਾਰਥਿਕਤਾ ਲਈ ਸਬੂਤਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ। ਇਹ ਖੂਬੀ ਡਾ.ਗੁਰਦੇਵ ਸਿੰਘ ਸਿੱਧੂ ਵਿੱਚ ਹੈ। ਇਸ ਪੁਸਤਕ ਨੂੰ ਉਸ ਨੇ ਤਿੰਨ ਭਾਗਾਂ ਵਿੱਚ ਵੰਡਿਆ ਹੈ। 

ਪਹਿਲੇ ਭਾਗ ਵਿੱਚ ਜੀਵਨ ਕਹਾਣੀ ਗਿਆਨੀ ਗੁਰਦਿੱਤ ਸਿੰਘ ‘ਦਲੇਰ’, ਦੂਜੇ ਭਾਗ ਵਿੱਚ ਆਪਣੇ ਪਰਿਵਾਰ ਨੂੰ ਲਿਖੇ ਗਏ ਖਤ ਅਤੇ ਤੀਜੇ ਭਾਗ ਵਿੱਚ ਅੰਤਿਕਾ ਹੈ। 

ਗਿਆਨੀ ਗੁਰਦਿੱਤ ਸਿੰਘ ਦਲੇਰ ਦਾ ਜਨਮ ਪਿੰਡ ਮੰਢਾਲੀ ਵਿੱਚ 2 ਜੁਲਾਈ 1903 ਨੂੰ ਮਾਤਾ ਰਲੀ ਅਤੇ ਪਿਤਾ ਮੰਗਲ ਸਿੰਘ ਦੇ ਗ੍ਰਹਿ ਵਿਖੇ ਹੋਇਆ। ਇਹ ਪਿੰਡ ਉਦੋਂ ਜਲੰਧਰ ਜ਼ਿਲੇ ਤੇ ਹੁਣ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਥਿਤ ਹੈ। ਪਿੰਡ ਦੇ ਸਕੂਲ ਤੋਂ ਪ੍ਰਾਇਮਰੀ ਤੱਕ ਦੀ ਵਿਦਿਆ ਪ੍ਰਾਪਤ ਕੀਤੀ ਅਤੇ ਫਿਰ 1918 ਵਿੱਚ ਫ਼ੌਜ ਵਿੱਚ ਭਰਤੀ ਹੋ ਗਿਆ। ਫ਼ੌਜ ਵਿੱਚ ਨੌਕਰੀ ਸਮੇਂ ਵੀ ਉਹ ਫ਼ੌਜੀਆਂ ਦੀਆਂ ਸਹੂਲਤਾਂ ਲਈ ਜਦੋਜਹਿਦ ਕਰਦਾ ਰਿਹਾ। ਫ਼ੌਜ ਦੇ ਗੁਰਦੁਆਰਾ ਸਾਹਿਬ ਵਿੱਚ ਸਿੱਖ ਪਰੰਪਰਾਵਾਂ ਅਤੇ ਰਹਿਤ ਮਰਿਆਦਾ ਲਈ ਉਦਮ ਕਰਦਾ ਰਿਹਾ। ਫ਼ੌਜ ਵਿੱਚ ਨੌਕਰੀ ਕਰਦੇ ਨੂੰ ਹੀ ਉਸ ਨੂੰ ਦੇਸ਼ ਭਗਤੀ ਦਾ ਜਨੂਨ ਪੈਦਾ ਹੋ ਗਿਆ। 

1922 ਵਿੱਚ ਫ਼ੌਜ ਵਿੱਚੋਂ ਫਾਰਗ ਹੋ ਕੇ ਅਕਾਲੀ ਲਹਿਰ ਵਿੱਚ ਸ਼ਾਮਲ ਹੋ ਗਿਆ। ਅਗਸਤ 1922 ਵਿੱਚ ਗੁਰਦੁਆਰਾ ਗੁਰੂ ਕਾ ਬਾਗ ਦੇ ਮੋਰਚੇ ਵਿੱਚ ਗ੍ਰਿਫ਼ਤਾਰ ਹੋ ਗਿਆ। 1924 ਵਿੱਚ ਜੈਤੋ ਤੇ ਭਾਈ ਫੇਰੂ ਮੋਰਚੇ ਵਿੱਚ ਹਿੱਸਾ ਲਿਆ। ਮੋਰਚਿਆਂ ਵਿੱਚ ਜਥੇ ਦੀ ਅਗਵਾਈ ਕਰਦੇ ਸਨ। ਉਹ ਸਿਰੜ੍ਹ ਅਤੇ ਸਿਦਕ ਦੇ ਮੁਜੱਸਮਾ ਸਨ। ਜਿਹੜਾ ਫ਼ੈਸਲਾ ਕਰ ਲੈਂਦੇ ਉਸ ਦੀ ਪ੍ਰਾਪਤੀ ਤੋਂ ਬਿਨਾ ਪਿੱਛੇ ਨਹੀਂ ਮੁੜਦੇ ਸਨ। 

1932 ਵਿੱਚ ਗੁਰੂ ਰਾਮ ਦਾਸ ਗਿਆਨੀ ਕਾਲਜ ਅੰਮ੍ਰਿਤਸਰ ਤੋਂ ਗਿਆਨੀ ਪਾਸ ਕੀਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸਿਖਿਆ। 1933 ਵਿੱਚ ਜੰਡਿਆਲਾ ਪਿੰਡ ਵਿੱਚ ਬਗਾਬਤੀ ਭਾਸ਼ਣ ਦੇਣ ਕਰਕੇ ਕੈਦ ਦੀ ਸਜ਼ਾ ਹੋ ਗਈ। 18 ਜੂਨ 1936 ਨੂੰ ਇਕ ਪੁਲਿਸ ਮੁਖਬਰ ਅਨੂਪ ਸਿੰਘ ਤੇ ਉਸ ਦਾ ਪੁੱਤਰ ਮਲਕੀਤ ਸਿੰਘ, ਜਿਸਨੇ ਉਸ ਦੇ ਸਾਥੀਆਂ ਦੀ ਮੁਖਬਰੀ ਕੀਤੀ ਸੀ ਦਾ ਕਤਲ ਕਰ ਦਿੱਤਾ। 15 ਦਸੰਬਰ ਨੂੰ ਉਹ ਗ੍ਰਿਫ਼ਤਾਰ ਹੋ ਗਏ ਅਤੇ 19 ਮਈ 1939 ਮੁਲਤਾਨ ਜੇਲ੍ਹ ਵਿੱਚ ਫ਼ਾਂਸੀ ਦਿੱਤੀ ਗਈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਕਈ ਵਾਰ ਜੇਲ੍ਹ ਦੀ ਸਜ਼ਾ ਹੋਈ ਸੀ। ਇੱਕ ਵਾਰ ਉਨ੍ਹਾਂ ‘ਤੇ ਡਾਕੇ ਦਾ ਮੁਕੱਦਮਾ ਵੀ ਬਣਾਇਆ ਗਿਆ। ਗ੍ਰਿਫ਼ਤਾਰੀ ਸਮੇਂ ਉਨ੍ਹਾਂ ਤੇ ਅੰਨ੍ਹਾ ਤਸ਼ੱਦਦ ਹੁੰਦਾ ਰਿਹਾ ਪ੍ਰੰਤੂ ਉਹ ਕਦੀ ਵੀ ਟੱਸ ਤੋਂ ਮੱਸ ਨਹੀਂ ਹੋਏ। ਫ਼ੌਜ ਵਿੱਚ ਕਾਲੀ ਦਸਤਾਰ ਬੰਨ੍ਹਣ ਅਤੇ ਗਾਤਰਾ ਪਾਉਣ ਲਈ ਹੜਤਾਲ ਕੀਤੀ।  ਦੇਸ਼ ਸੇਵਕ ਅਖ਼ਬਾਰ ਦੇ ਸੰਪਾਦਕ ਵੀ ਰਹੇ।

ਪੁਸਤਕ ਦੇ ਦੂਜੇ ਭਾਗ ਵਿੱਚ ਆਪਣੇ ਪਰਿਵਾਰ ਨੂੰ ਲਿਖੇ ਖਤ ਹਨ। ਇਨ੍ਹਾਂ ਖਤਾਂ ਵਿੱਚ ਦੇਸ਼ ਭਗਤੀ ਦੀ ਪ੍ਰਵਿਰਤੀ ਠਾਠਾਂ ਮਾਰਦੀ ਨਜ਼ਰ ਆ ਰਹੀ ਹੈ। ਅਣਆਈ ਮੌਤ ਮਰਨ ਨਾਲੋਂ ਉਹ ਦੇਸ਼ ਤੇ ਕੌਮ ਲਈ ਸ਼ਹੀਦ ਹੋਣ ਨੂੰ ਬਿਹਤਰ ਸਮਝਦਾ ਹੈ। ਉਹ ਲਿਖਦਾ ਹੈ ਕਿ ਸਰੀਰ ਤਾਂ ਨਾਸ਼ਵਾਨ ਹੈ, ਕਿਸੇ ਬਿਮਾਰੀ ਨਾਲ ਮੌਤ ਵੀ ਆ ਸਕਦੀ ਹੈ, ਉਸ ਮੌਤ ਦਾ ਕੋਈ ਅਰਥ ਨਹੀਂ। ਦੇਸ਼ ਲਈ ਕੁਰਬਾਨੀ ਦੇਣਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੋਵੇਗੀ। ਮੌਤ ਇਕ ਅਟਲ ਸਚਾਈ ਹੈ ਪ੍ਰੰਤੂ ਇਸ ਦਾ ਸਮਾ ਨਿਸਚਤ ਹੁੰਦਾ ਹੈ, ਕਿਸੇ ਨੂੰ ਜਲਦੀ ਅਤੇ ਕਿਸੇ ਨੂੰ ਦੇਰੀ ਨਾਲ ਆ ਜਾਂਦੀ ਹੈ। ਪ੍ਰਮਾਤਮਾ ਦਾ ਭਾਣਾ ਮੰਨਣਾ ਚਾਹੀਦਾ ਹੈ। 

ਇਨ੍ਹਾਂ ਤਾਂ ਤੋਂ ਪਤਾ ਲਗਦਾ ਹੈ ਕਿ ਉਸ ਵਿੱਚ ਦਲੇਰੀ, ਬਹਾਦਰੀ, ਦ੍ਰਿੜ੍ਹਤਾ ਅਤੇ ਕੁਰਬਾਨੀ ਦੀ ਭਾਵਨਾ ਸਿੱਖ ਧਰਮ ਦੀ ਵਿਚਾਰਧਾਰਾ ਕਾਰਨ ਪੈਦਾ ਹੋਈ ਸੀ। ਪਤਨੀ ਨੂੰ ਉਹ ਆਪਣੀ ਨੂੰਹ ਨਾਲ ਸੱਸ ਵਾਲਾ ਵਿਵਹਾਰ ਨਹੀਂ ਸਗੋਂ ਮਾਂ ਧੀ ਵਾਲਾ ਸੰਬੰਧ ਬਣਾਉਣ ਤੇ ਜ਼ੋਰ ਦਿੰਦਾ ਹੈ। ਇਸੇ ਤਰ੍ਹਾਂ ਆਪਣੀ ਲੜਕੀ ਸਤਵੰਤ ਕੌਰ ਨੂੰ ਵੀ ਆਪਣੇ ਸਹੁਰੇ ਘਰ ਜਾ ਕੇ ਸੱਸ ਨਾਲ ਧੀ ਵਾਲਾ ਸਲੂਕ ਕਰਨ ਦੀ ਪ੍ਰੇਰਨਾ ਦਿੰਦਾ ਹੈ। 

ਗਿਆਨੀ ਗੁਰਦਿੱਤ ਸਿੰਘ ਦਲੇਰ ਆਪਣੀ ਪਤਨੀ ਨੂੰ ਇਕ ਵਿਗੜੇ ਬੇਟੇ ਨੂੰ ਸਿੱਧੇ ਰਸਤੇ ਪਾਉਣ ਲਈ ਤਾਕੀਦ ਕਰਦਾ ਲਿਖਦਾ ਹੈ ਕਿ ਉਸ ਨੂੰ ਸੁਧਰਨ ਦਾ ਮੌਕਾ ਦਿੱਤਾ ਜਾਵੇ ਅਤੇ ਦੂਜੇ ਸਪੁੱਤਰਾਂ ਦੀ ਪਾਲਣ ਪੋਸ਼ਣ ਸੁਚੱਜੇ ਢੰਗ ਨਾਲ ਕੀਤੀ ਜਾਵੇ। ਦੂਜਾ ਖਤ ਆਪਣੀ ਮਾਂ ਦੇ ਨਾਮ ਲਿਖਦਾ ਹੈ ਕਿ ਜ਼ਾਲਮ ਰਾਜ ਦੀਆਂ ਜੜ੍ਹਾਂ ਪੁੱਟਣ ਵਾਸਤੇ ਬੇਗੁਨਾਹਾਂ ਦਾ ਖ਼ੂਨ ਹੀ ‘‘ ਜੜ੍ਹਾਂ  ਉੱਤੇ ਗਰਮ ਤੇਲ’ ਦਾ ਕੰਮ ਕਰਦਾ ਹੁੰਦਾ ਹੈ ਸੋ ਅੱਜ ਆਪ ਦੀ ਉਲਾਦ ਦਾ ਹਿੱਸਾ ਇਸ ਵਿੱਚ ਸ਼ਾਮਿਲ ਹੁੰਦਾ ਹੈ। 

ਉਹ ਆਪਣੀ ਮਾਂ ਨੂੰ ਇਤਿਹਾਸ ਵਿੱਚੋਂ ਉਦਾਹਰਣਾ ਦੇ ਉਨ੍ਹਾਂ ਦੇ ਪੁੱਤਰਾਂ ਦੀਆਂ ਕੁਰਬਾਨੀਆਂ ਦੱਸ ਕੇ ਤਸੱਲੀ ਦਿਵਾਉਂਦਾ ਹੈ ਕਿ ਉਹ ਦੇਸ਼ ਕੌਮ ਲਈ ਚੰਗਾ ਕੰਮ ਕਰਨ ਜਾ ਰਿਹਾ ਹੈ। ਤੀਜਾ ਖਤ ਉਹ ਆਪਣੇ ਸਪੁੱਤਰ ਧੰਨਾ ਸਿੰਘ ਤੇ ਅਜ਼ੀਜ ਬੰਤਾ ਸਿੰਘ ਅਤੇ ਹੋਰ ਸਾਰਿਆਂ ਨੂੰ ਲਿਖਦਾ ਹੈ, ਜਿਸ ਵਿੱਚ ਉਸਨੂੰ ਆਪਣਾ ਅਤੇ ਆਪਣੇ ਭਰਾਵਾਂ ਦਾ ਧਿਆਨ ਰੱਖਣ ਦੀ ਪ੍ਰੇਰਨਾ ਦਿੰਦਾ ਹੋਇਆ ਆਪਣੀ ਮਾਂ ਦੇ ਕਹਿਣੇ ਵਿੱਚ ਰਹਿਣ ਅਤੇ ਸਲਾਹ ਲਈ ਆਪਣੇ ਤਾਇਆਂ ਤੋਂ ਅਗਵਾਈ ਲੈਣ ਦੀ ਸਲਾਹ ਦਿੰਦਾ ਹੈ। 

ਛੋਟੇ ਭਰਾਵਾਂ ਅਤੇ ਭੈਣ ਨੂੰ ਪੜ੍ਹਾਉਣ ਤੇ ਵੀ ਜ਼ੋਰ ਦਿੰਦਾ ਹੋਇਆ ਕਾਬਲ ਸਿੰਘ ਦੀ ਮੂਰਖਤਾਈ ਦਾ ਬਦਲਾ ਲੈਣ ਤੋਂ ਪ੍ਰਹੇਜ ਕਰਨ ਬਾਰੇ ਕਹਿੰਦਾ ਹੈ।  ਜਿਹੜੇ ਵਿਅਕਤੀਆਂ ਪਾਲ ਸਿੰਘ ਤੇ ਕਰਤਾਰ ਸਿੰਘ ਤੋਂ ਦੂਰੀ ਬਣਾਈ ਰੱਖਣ ਲਈ ਵੀ ਦੱਸਦਾ ਹੈ। ਪ੍ਰੰਤੂ ਉਨ੍ਹਾਂ ਨਾਲ ਲੜਾਈ ਕਰਨ ਤੋਂ ਵਰਜਦਾ ਹੈ। ਦੇਸ਼ ਕੌਮ ਦੇ ਜੇ ਕਦੇ ਕੰਮ ਆ ਸਕੋ ਤਾਂ ਜ਼ਰੂਰ ਹਿੰਮਤ ਕਰਿਓ। ਇਸੇ ਤਰ੍ਹਾਂ ਚੌਥਾ ਤ ਆਪਣ ਵੱਡੇ ਭਰਾ ਰਤਨ ਸਿੰਘ ਨੂੰ ਲਿਖਦਾ ਹੈ, ਜਿਸ ਵਿੱਚ ਆਪਣੇ ਪਰਿਵਾਰ ਦੀ ਵੇਖ ਭਾਲ ਕਰਨ ਦੀ ਬੇਨਤੀ ਕਰਦਾ ਹੈ। ਉਹ ਰਤਨ ਸਿੰਘ ਨੂੰ ਦੇਸ਼ ਲਈ ਕੁਰਬਾਨੀ ਕਰਨ ਦੀ ਕਹਾਣੀ ਦੱਸਦਾ ਹੋਇਆ ਪਰਿਵਾਰਿਕ ਨਜ਼ਦੀਕੀਆਂ ਵੱਲੋਂ ਉਸ ਵਿਰੁੱਧ ਗਵਾਹ ਦੇਣ ਬਾਰੇ ਦੱਸਦਾ ਹੋਇਆ ਉਨ੍ਹਾਂ ਨਾਲ ਕਿਸੇ ਕਿਸਮ ਦਾ ਤਾਲ ਮੇਲ ਰੱਖਣ ਤੋਂ ਵਰਜਦਾ ਹੈ।  ਉਨ੍ਹਾਂ ਇਹ ਵੀ ਕਿਹਾ ਕਿ ਨਿੰਦਕਾਂ ਦੀ ਮੁਖ਼ਾਲਫ਼ਤ ਤੋਂ ਡਰ ਕੇ ਦੇਸ਼ ਭਗਤ ਕਦੇ ਵੀ ਆਪਣਾ ਕਦਮ ਸੇਵਾ ਵੱਲੋਂ ਨਹੀਂ ਰੋਕ ਸਕਦਾ। 

ਅੰਤਿਕਾ ਵਿੱਚ ਉਨ੍ਹਾਂ ਚਾਰ ਅਜਿਹੇ ਵਿਅਕਤੀਆਂ ਦੀ ਹਰੀ ਸਿੰਘ ਜਲੰਧਰ, ਲਾਲ ਸਿੰਘ, ਮਾਸਟਰ ਕਾਬਲ ਸਿੰਘ ਗੋਬਿੰਦਪੁਰ ਅਤੇ ਅਮਰ ਸਿੰਘ ਤੇਗ ਦੀਆਂ ਸਰਗਰਮੀਆਂ ਬਾਰੇ ਵੀ ਦੱਸਿਆ ਹੈ। ਖਾਸ ਤੌਰ ਤੇ ਲਾਲ ਸਿੰਘ ਦੀ ਗਦਾਰੀ ਦਾ ਵਰਣਨ ਕੀਤਾ ਹੈ।

148 ਪੰਨਿਆਂ, 220 ਰੁਪਏ ਕੀਮਤ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।
***
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰ
 ਮੋਬਾਈਲ-94178 13072
ujagarsingh48@yahoo.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1326
***

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ