25 April 2024

ਗ਼ਦਰੀ ਬਾਬਿਆਂ ਦੇ ਮੇਲੇ ਨੇ ਦਿੱਤਾ ਸੰਘਰਸ਼ ਜਾਰੀ ਰੱਖਣ ਦਾ ਹੋਕਾ—ਅਮੋਲਕ ਸਿੰਘ

* ਦੁਨੀਆਂ ’ਚ ਸਰਵੋਤਮ ਸਥਾਨ ਹੈ ਕਿਸਾਨ ਅੰਦੋਲਨ ਦਾ: ਪੀ.ਸਾਈਨਾਥ
* ਭਗਤ ਸਿੰਘ ਝੁੰਗੀਆਂ ਨੇ ਕੀਤੀ ਝੰਡਾ ਲਹਿਰਾਉਣ ਦੀ ਰਸਮ

ਜਲੰਧਰ, 1 ਨਵੰਬਰ: ਬੱਬਰ ਅਕਾਲੀ ਲਹਿਰ ਅਤੇ ਕਿਸਾਨ ਅੰਦੋਲਨ ਦਾ ਸੰਗਮ ਬਣਕੇ ਲੋਕ ਮਨਾਂ ’ਤੇ ਛਾ ਗਿਆ ਮੇਲਾ ਗ਼ਦਰੀ ਬਾਬਿਆਂ ਦਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਭਗਤ ਸਿੰਘ ਝੁੰਗੀਆਂ ਨੇ ਆਜ਼ਾਦੀ ਜੱਦੋ ਜਹਿਦ ’ਚ ਵਿਲੱਖਣ ਭੂਮਿਕਾ ਅਦਾ ਕਰਨ ਵਾਲੀ ਗ਼ਦਰ ਪਾਰਟੀ ਦਾ ਝੰਡਾ ਲਹਿਰਾਇਆ। ਇਸ ਮੌਕੇ ਉਹਨਾਂ ਦੇ ਨਾਲ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ, ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਖਜ਼ਾਨਚੀ ਰਣਜੀਤ ਸਿੰਘ ਔਲਖ ਅਤੇ ਸਮੂਹ ਕਮੇਟੀ ਮੈਂਬਰ ਸ਼ਾਮਲ ਸਨ।

ਭਗਤ ਸਿੰਘ ਝੁੰਗੀਆਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਲੋਕਾਂ ਨੇ ਜੀਵਨ ’ਚ ਖੁਸ਼ਹਾਲੀ ਅਤੇ ਬਰਾਬਰੀ ਲਿਆਉਣ ਲਈ ਜਿਨ੍ਹਾਂ ਦੇਸ਼ ਭਗਤਾਂ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਦੀ ਲੋਅ ਮੱਠੀ ਨਾ ਪੈਣ ਦੇਣੀ।

ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਮੇਲੇ ਦੀ ਇਤਿਹਾਸਕ ਪ੍ਰਸੰਗਕਤਾ ਬਾਰੇ ਗੱਲ ਕਰਦਿਆਂ ਸਭ ਨੂੰ ਜੀ ਆਇਆਂ ਕਿਹਾ।

ਕਮੇਟੀ ਪ੍ਰਧਾਨ ਅਜਮੇਰ ਸਿੰਘ ਨੇ ਵਿਸ਼ੇਸ਼ ਕਰਕੇ ਭਰੇ ਪੰਡਾਲ ਅੱਗੇ ਜਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਬਹਾਲ ਕਰਨ ਲਈ ਹੁਣ ਤੱਕ ਕਮੇਟੀ ਦੀ ਅਗਵਾਈ ’ਚ ਕੀਤੀਆਂ ਸਰਗਰਮੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਸ਼ਟਰਪਤੀ, ਗਵਰਨਰ, ਮੁੱਖ ਮੰਤਰੀ ਅਤੇ ਜਲ੍ਹਿਆਂਵਾਲਾ ਬਾਗ਼ ਟਰੱਸਟ ਦੇ ਮੁਖੀਆਂ ਵੱਲੋਂ ਜਰਾ ਵੀ ਹੁੰਗਾਰਾ ਨਾ ਭਰਨ ਕਾਰਨ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਚੰਡੀਗੜ੍ਹ ਵਿਖੇ ਕਨਵੈਨਸ਼ਨ ਕਰਕੇ ਰੋਸ ਵਿਖਾਵਾ ਕੀਤਾ ਜਾਵੇਗਾ।

ਕਮੇਟੀ ਦੇ ਖਜ਼ਾਨਚੀ ਰਣਜੀਤ ਸਿੰਘ ਔਲਖ ਨੇ ਮਤੇ ਪੇਸ਼ ਕੀਤੇ ਜਿਨ੍ਹਾਂ ਨੂੰ ਲੋਕਾਂ ਨੇ ਹੱਥ ਖੜ੍ਹੇ ਕਰਕੇ ਪਾਸ ਕਰਦਿਆਂ ਜਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਬਹਾਲ ਕਰਨ, ਲਖੀਮਪੁਰ ਕਤਲ ਕਾਂਡ ਦੇ ਦੋਸ਼ੀਆਂ ’ਤੇ ਕਾਰਵਾਈ ਕਰਨ, ਕਿਰਤ ਕਾਨੂੰਨਾਂ ’ਚ ਸੋਧਾਂ ਰੱਦ ਕਰਨ, 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਕੁਦਰਤੀ ਆਫ਼ਤਾਂ ਦਾ ਸ਼ਿਕਾਰ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ, ਬੁੱਧੀਜੀਵੀਆਂ ਨੂੰ ਰਿਹਾਅ ਕਰਨ, ਮਾਤ ਭਾਸ਼ਾਵਾਂ ’ਤੇ ਕੀਤਾ ਹਮਲਾ ਬੰਦ ਕਰਨ ਅਤੇ ਪੰਜਾਬ ਅੰਦਰ ਬੀ.ਐਸ.ਐਫ਼ ਦਾ ਵਧਾਇਆ ਅਧਿਕਾਰ ਘੇਰਾ ਰੱਦ ਕਰਨ ਦੀ ਮੰਗ ਕੀਤੀ ਗਈ।

ਮੇਲੇ ’ਚ ਕਮੇਟੀ ਵੱਲੋਂ ਸੋਵੀਨਰ ਅਤੇ ਪੁਸਤਕ ‘ਕਿਰਤੀ ਪਾਰਟੀ’ (ਮੂਲ ਕ੍ਰਿਤ ਚੈਨ ਸਿੰਘ ਚੈਨ ਅਤੇ ਸੰਪਾਦਕ ਚਰੰਜੀ ਲਾਲ ਕੰਗਣੀਵਾਲ) ਲੋਕ ਅਰਪਣ ਕੀਤੇ ਗਏ।

ਮੇਲੇ ਦਾ ਯਾਦਗਰੀ ਆਕਰਸ਼ਣ ਹੋ ਨਿਬੜਿਆਂ ਅਮੋਲਕ ਸਿੰਘ ਦਾ ਲਿਖਿਆ, ਸੱਤਪਾਲ ਪਟਿਆਲਾ ਦਾ ਨਿਰਦੇਸ਼ਤ, ਪੰਜਾਬ ਦੀਆਂ ਦਰਜਣ ਤੋਂ ਵੱਧ ਨਾਟ ਮੰਡਲੀਆਂ ਦੇ 100 ਤੋਂ ਵੱਧ ਕਲਾਕਾਰਾਂ ਵੱਲੋਂ ਪੇਸ਼ ਕੀਤਾ ਓਪੇਰਾ ਨਾਟ ‘ਵਕਤ ਦੀ ਆਵਾਜ਼’ ਝੰਡੇ ਦਾ ਗੀਤ। ਬੱਬਰ ਅਕਾਲੀ ਲਹਿਰ, ਕਿਸਾਨ ਸੰਘਰਸ਼ ਦੀ ਇਤਿਹਾਸਕਤਾ ਅਤੇ ਜਲ੍ਹਿਆਂਵਾਲਾ ਬਾਗ਼ ਦੇ ਮੂਲ ਸਰੂਪ ਨਾਲ ਛੇੜਛਾੜ, ਮੁਲਕ ਦੇ ਕੁੰਜੀਵਤ ਅਦਾਰਿਆਂ ਨੂੰ ਦੇਸੀ-ਵਿਦੇਸ਼ੀ ਕੰਪਨੀਆਂ ਵੱਲੋਂ ਜੱਫ਼ਾ ਮਾਰਨ ਖਿਲਾਫ਼ ਸੰਘਰਸ਼ ਦਾ ਹੋਕਾ ਦੇਣ ’ਚ ਸਫ਼ਲ ਰਿਹਾ ਝੰਡੇ ਦਾ ਗੀਤ।

ਪੀ. ਸਾਈਨਾਥ ਨੇ ਮੇਲੇ ਅੰਦਰ ਵਿਸ਼ੇਸ਼ ਮਹਿਮਾਨ ਬੁਲਾਰੇ ਵਜੋਂ ਸ਼ਿਰਕਤ ਕੀਤੀ। ਵਿਸ਼ਵ ਵਿੱਚ ਆਪਣੀ ਵਿਲੱਖਣ ਪੱਤਰਕਾਰੀ ਅਤੇ ਚਿੰਤਨ ਲਈ ਪ੍ਰਸਿੱਧ ‘ਏਵਰਬਾੱਡੀ ਲਵਜ਼ ਏ ਗੁੱਡ ਡਰੋਟ’ ਦੇ ਲੇਖਕ ਪੀ.ਸਾਈਨਾਥ ਦੀ ਦਰਸ਼ਕਾਂ ਨਾਲ ਜਾਣ-ਪਛਾਣ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਨੇ ਕਰਵਾਈ। ਪੀ. ਸਾਈਨਾਥ ਨੇ ਆਪਣੇ ਦਿਲਚਸਪ ਅਤੇ ਵਿਚਾਰ ਉਤੇਜਕ ਭਾਸ਼ਣ ਵਿੱਚ ਆਜ਼ਾਦੀ ਸੰਗਰਾਮ ਦੇ ਸਮੇਂ ਦੀਆਂ ਦੋ ਵਿਰਾਸਤਾਂ ਦੀ ਤੁਲਨਾ ਕਰਦਿਆਂ ਕਿਹਾ ਕਿ ਹਿੰਦੂਵਾਦੀ ਸਾਵਰਕਰ ਉਸ ਬੁਜ਼ਦਿਲ ਧਾਰਾ ਦਾ ਪ੍ਰਤੀਨਿੱਧ ਸੀ, ਜੋ ਆਪਣੀ ਮਾਫ਼ੀ ਦੇ ਇਵਜ਼ ਵਿੱਚ ਅੰਗਰੇਜ਼ਾਂ ਲਈ ਕੁਝ ਵੀ ਕਰਨ ਨੂੰ ਤਿਆਰ ਸੀ, ਜਦਕਿ ਭਗਤ-ਸਰਾਭੇ ਵਾਲੀ ਵਿਰਾਸਤ ਵਿੱਚ ਇਨਕਲਾਬੀ ਗੀਤ ਗਾਉਂਦੇ ਫਾਂਸੀ ਦੇ ਰੱਸੇ ਨੂੰ ਚੁੰਮਦੇ ਸਨ। ਉਹਨਾਂ ਮੁਲਕ ਵਿੱਚ ਅੱਤ ਦੀ ਆਰਥਿਕ ਨਾਬਰਾਬਰੀ ਦੇ ਅੰਕੜੇ ਦਿੰਦਿਆਂ ਕਿਸਾਨ ਦੀ ਹਾਲਤ ਨੂੰ ਬਿਆਨ ਕੀਤਾ। ਉਹਨਾਂ ਕਿਹਾ ਕਿ ਨਵੇਂ ਕਾਨੂੰਨ ਪਹਿਲਾਂ ਹੀ ਤਬਾਹ ਹੋ ਰਹੀ ਕਿਸਾਨੀ ਨੂੰ ਮੂਲੋਂ ਖ਼ਤਮ ਕਰ ਦੇਣ ਵਾਲੇ ਹਨ। ਅਜੋਕਾ ਕਿਸਾਨ ਅੰਦੋਲਨ ਦੁਨਿਆਂ ਦਾ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਹੈ, ਜਿਸ ਵਿੱਚ ਕਿਸਾਨ ਸਾਡੇ ਸਾਰਿਆਂ ਦੀ ਲੜਾਈ ਲੜ ਰਹੇ ਹਨ। ਅਖੀਰ ਵਿੱਚ ਉਹਨਾਂ ਸਵਾਮੀਨਾਥਨ ਕਮਿਸ਼ਨ ਤੋਂ ਵੀ ਅੱਗੇ ਜਾ ਕੇ ਇੱਕ ਕਿਸਾਨ ਕਮਿਸ਼ਨ ਦੀ ਸਥਾਪਨਾ ਦਾ ਸੱਦਾ ਦਿੱਤਾ, ਜੋ ਕਿਸਾਨਾਂ ਦਾ, ਕਿਸਾਨਾਂ ਲਈ ਤੇ ਕਿਸਾਨਾਂ ਦੁਆਰਾ ਸੰਚਾਲਤ ਹੋਣਾ ਚਾਹੀਦਾ ਹੈ। ਉਹਨਾਂ ਦੇਸ਼ ਭਗਤ ਯਾਦਗਾਰ ਹਾਲ ਨੂੰ ਸੁਤੰਤਰਤਾ ਸੰਗਰਾਮ ਨਾਲ ਜੁੜੀ ਵਿਰਾਸਤ ਆਖਦਿਆਂ, ਇਸ ਨੂੰ ਸਿਜਦਾ ਕੀਤਾ।

ਚੰਡੀਗੜ੍ਹ ਸਕੂਲ ਆਫ਼ ਡਰਾਮਾ ਵੱਲੋਂ ਇਕੱਤਰ ਦੀ ਨਿਰਦੇਸ਼ਨਾ ’ਚ ਗੁਰਸ਼ਰਨ ਭਾਜੀ ਦਾ ਬੱਬਰ ਅਕਾਲੀ ਲਹਿਰ ਬਾਰੇ ਲਿਖਿਆ ਨਾਟਕ ‘ਸੀਸ ਤਲੀ ਤੇ’ ਖੇਡਿਆ ਗਿਆ।

ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਧਰਮਿੰਦਰ ਮਸਾਣੀ ਤੋਂ ਇਲਾਵਾ ਆਲੋਵਾਲ ਤੋਂ ਆਏ ਜੱਥੇ ਨੇ ਬੱਬਰਾਂ ਦੇ ਪ੍ਰਸੰਗ ਪੇਸ਼ ਕੀਤੇ। ਦਿਨ ਦੀ ਸਟੇਜ ਦਾ ਮੰਚ ਸੰਚਾਲਨ ਅਮੋਲਕ ਸਿੰਘ ਅਤੇ ਹਰਵਿੰਦਰ ਭੰਡਾਲ ਨੇ ਕੀਤਾ।
**
ਜਾਰੀ ਕਰਤਾ:
ਅਮੋਲਕ ਸਿੰਘ
ਕਨਵੀਨਰ, ਸਭਿਆਚਾਰਕ ਵਿੰਗ
98778-68710
***

***
1 ਨਵੰਬਰ 2021
***
472
***

About the author

ਅਮੋਲਕ ਸਿੰਘ, ਕਨਵੀਨਰ,ਸਭਿਆਚਾਰਕ ਵਿੰਗ
98778-68710 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਅਮੋਲਕ ਸਿੰਘ, ਕਨਵੀਨਰ,ਸਭਿਆਚਾਰਕ ਵਿੰਗ

View all posts by ਅਮੋਲਕ ਸਿੰਘ, ਕਨਵੀਨਰ,ਸਭਿਆਚਾਰਕ ਵਿੰਗ →