27 April 2024

ਸਿੱਖਾਂ ਨੂੰ ਨੀਲਾ ਤਾਰਾ ਅਪ੍ਰੇਸ਼ਨ ਸਮੇਂ ਅਸਤੀਫ਼ਾ ਦੇਣ ਵਾਲੇ ਕਿਉਂ ਯਾਦ ਨਹੀਂ ਆਉਂਦੇ?—ਉਜਾਗਰ ਸਿੰਘ

ਸਿਆਸਤਦਾਨ ਇਸ ਸਾਕੇ ਤੋਂ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦੇ ਹਨ

ਨੀਲਾ ਤਾਰਾ ਅਪ੍ਰੇਸ਼ਨ ਸਿੱਖ ਪੈਰੋਕਾਰਾਂ ਲਈ ਅਤਿਅੰਤ ਦੁੱਖਦਾਈ ਘਟਨਾ ਹੈ। ਇਸ ਦੇ ਸੰਤਾਪ ਨੂੰ ਉਹ ਰਹਿੰਦੀ ਦੁਨੀਆਂ ਤੱਕ ਭੁੱਲਾਇਆ ਨਹੀਂ ਜਾ ਸਕਦਾ। ਸਿਆਸਤਦਾਨ ਨੀਲਾ ਤਾਰਾ ‘ਤੇ ਸਿਆਸਤ ਕਰਨ ਲੱਗ ਜਾਂਦੇ ਹਨ। ਜਦੋਂ ਕਿ ਸਿਆਸਤ ਅਤੇ ਧਰਮ ਦੋਵੇਂ ਵੱਖਰੇ ਹਨ। ਧਰਮ ਹਰ ਇਕ ਵਿਅਕਤੀ ਦਾ ਨਿੱਜੀ ਹੁੰਦਾ ਹੈ। ਹਰ ਸਿੱਖ ਦੇ ਖ਼ੂਨ ਵਿਚ ਸਿੱਖੀ ਵਸੀ ਹੋਈ ਹੈ। ਸਵਾਲ ਤਾਂ ਇਹ ਹੈ ਕਿ ਕਿਸੇ ਘਟਨਾ ਦੇ ਵਾਪਰਨ ‘ਤੇ ਸਿੱਖੀ ਕਿਸ ਵਿਅਕਤੀ ਵਿਚ ਪ੍ਰਗਟ ਹੋ ਕੇ ਬਾਹਰ ਆਉਂਦੀ ਹੈ। ਸਿੱਖੀ ਪ੍ਰਗਟ ਵੀ ਗੁਰੂ ਦੀ ਬਖ਼ਸ਼ਿਸ਼ ਨਾਲ ਹੀ ਹੁੰਦੀ ਹੈ। ਸਿੱਖ ਸਿਆਸਤਦਾਨ ਜੂਨ ਦੇ ਮਹੀਨੇ ਆਪੋ ਆਪਣੀ ਸਿਆਸੀ ਰੋਟੀਆਂ ਸੇਕਣ ਦੀਆਂ ਸਕੀਮਾ ਬਣਾਕੇ ਘੱਲੂਘਾਰਾ ਦਿਵਸ ਸਮਾਗਮ ਆਯੋਜਤ ਅਤੇ ਬਿਆਨਬਾਜ਼ੀ ਕਰਕੇ ਸਿੱਖ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦੇ ਹਨ। ਸਾਰਾ ਸਾਲ ਉਹ ਇਸ ਵਿਸ਼ੇ ‘ਤੇ ਜ਼ੁਬਾਨ ਨਹੀਂ ਖੋਲ੍ਹਦੇ, ਸਿਰਫ ਸਿਆਸਤ ਕਰਦੇ ਹਨ। ਜਿਨ੍ਹਾਂ ਪੈਰੋਕਾਰਾਂ ਦੀਆਂ ਸਾਕਾ ਨੀਲਾ ਤਾਰਾ ਕਰਨ ਨਾਲ ਭਾਵਨਾਵਾਂ ਕੁਰੇਦੀਆਂ ਗਈਆਂ ਸਨ, ਉਨ੍ਹਾਂ ਨੇ ਆਪੋ ਆਪਣੇ ਅਕੀਦਿਆਂ ਅਨੁਸਾਰ ਰੋਸ ਪ੍ਰਗਟ ਕਰਦੇ ਹੋਏ ਆਪਣੇ ਵੱਡੇ ਤੋਂ ਵੱਡੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਸਨ। ਦੁੱਖ ਇਸ ਗੱਲ ਦਾ ਹੈ ਕਿ ਜਿਹੜੇ ਸਿਆਸਤਦਾਨ ਇਸ ਸਾਕੇ ਤੋਂ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦੇ ਹਨ, ਉਹ ਸਿਰਫ ਇਸ ਮਹੀਨੇ ਵਿਚ ਹੀ ਬਿਆਨਬਾਜ਼ੀ ਕਰਕੇ ਅਹੁਦੇ ਪ੍ਰਾਪਤ ਕਰਨਾ ਚਾਹੁੰਦੇ ਹਨ। ਦੋਹਾਂ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ, ਇਕ ਸਿਆਸਤਦਾਨ ਰੋਸ ਪ੍ਰਗਟ ਕਰਕੇ ਅਹੁਦੇ ਤੋਂ ਅਸਤੀਫਾ ਦਿੰਦਾ ਹੈ ਪ੍ਰੰਤੂ ਦੂਜਾ ਅਹੁਦਾ ਪ੍ਰਾਪਤ ਕਰਨ ਦਾ ਸਾਧਨ ਬਣਾਉਂਦਾ ਹੈ। ਇਸ ਤੋਂ ਵੱਡੀ ਦੁੱਖ ਦੀ ਗੱਲ ਕੀ ਹੋ ਸਕਦੀ ਹੈ? ਸਿੱਖ ਕੌਮ ਨੂੰ ਬਹਾਦਰ, ਦਲੇਰ ਅਤੇ ਜੁਝਾਰੂ ਗਿਣਿਆਂ ਜਾਂਦਾ ਹੈ। ਪ੍ਰੰਤੂ ਸਿੱਖ ਜ਼ਜ਼ਬਾਤੀ ਵੀ ਬਹੁਤ ਹੁੰਦੇ ਹਨ। ਸਿੱਖ ਸਾਰੇ ਧਰਮਾ ਦਾ ਸਤਿਕਾਰ ਕਰਦੇ ਹਨ। ਇਨਸਾਨੀਅਤ ਦੀ ਹਰ ਔਖੀ ਘੜੀ ਮੌਕੇ ਉਹ ਲੋਕਾਈ ਦੇ ਹਮਸਾਏ ਬਣਨ ਲਈ ਤਿਆਰ ਰਹਿੰਦੇ ਹਨ। ਮੁਗਲ ਧਾੜਵੀਆਂ ਨਾਲ ਪੰਗਾ ਲਿਆ, ਜਦੋਂ ਉਹ ਪੰਜਾਬ ਦੀਆਂ ਬਹੂ ਬੇਟੀਆਂ ਨੂੰ ਚੁੱਕ ਕੇ ਲਿਜਾ ਰਹੇ ਸਨ, ਉਨ੍ਹਾਂ ਨੂੰ ਵਾਪਸ ਲਿਆਂਦਾ। ਜਦੋਂ ਕਸ਼ਮੀਰ ਦੇ ਪੰਡਤਾਂ ਦਾ ਧਰਮ ਬਦਲਿਆ ਜਾ ਰਿਹਾ ਸੀ, ਉਦੋਂ ਵੀ ਉਨ੍ਹਾਂ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਜਾ ਕੇ ਕੁਰਬਾਨੀ ਦਿੱਤੀ। ਸਿੱਖ ਧਰਮ ਨਿਰਪੱਖ ਕੌਮ ਹੈ, ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਿੱਖਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਅਤੇ ਜ਼ਿਆਦਤੀਆਂ ਦਾ ਸਾਹਮਣਾ ਵੀ ਅਨੇਕਾਂ ਵਾਰ ਕਰਨਾ ਪਿਆ। ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਅਤੇ ਸਿੱਖ ਸਿਆਸਤਦਾਨਾ ਨੇ ਸਿੱਖ ਧਰਮ ਦੇ ਹਿਤਾਂ ਲਈ ਕੁਰਬਾਨੀਆਂ ਕਰਨ ਵਾਲੇ ਅਜਿਹੇ ਬਹਾਦਰ ਸਿੱਖਾਂ ਦੇ ਯੋਗਦਾਨ ਦਾ ਮੁੱਲ ਨਹੀਂ ਪਾ ਰਹੀਆਂ, ਸਗੋਂ ਕੁਰਬਾਨੀਆਂ ਕਰਨ ਵਾਲਿਆਂ ਨੂੰ ਅਣਗੌਲਿਆਂ ਕਰਕੇ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਕਰਦੀਆਂ ਰਹੀਆਂ ਹਨ। ਜਦੋਂ ਮੈਂ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਦੇ ਯੋਗਦਾਨ ਬਾਰੇ ਇਕ ਚੈਨਲ ‘ਤੇ ਤਰਲੋਚਨ ਸਿੰਘ ਸਾਬਕਾ ਐਮ ਪੀ ਦੀ ਇੰਟਰਵਿਊ ਸੁਣ ਰਿਹਾ ਸੀ ਤਾਂ ਮੈਨੂੰ ਇਹ ਲੇਖ ਲਿਖਣ ਦਾ ਵਿਚਾਰ ਬਣਿਆਂ। ਹੋ ਸਕਦਾ ਸਿੱਖ ਇਨ੍ਹਾਂ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਤੋਂ ਕੁਝ ਪ੍ਰੇਰਨਾ ਲੈ ਸਕਣ।

ਹੈਰਾਨੀ ਇਸ ਗੱਲ ਦੀ ਹੈ ਕਿ ਬਲਿਊ ਸਟਾਰ ਅਪ੍ਰੇਸ਼ਨ ਦੇ ਮੌਕੇ ਪੰਜਾਬ ਦੇ 20 ਸਿੱਖ ਸਿਆਸਤਦਾਨ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰ ਸਨ। ਇਸ ਤੋਂ ਇਲਾਵਾ ਬਹੁਤ ਸਾਰੇ ਸਿੱਖ ਆਈ ਏ ਐਸ ਅਤੇ ਆਈ ਪੀ ਐਸ ਦੇ ਅਹੁਦਿਆਂ ਤੇ ਬਿਰਾਜਮਾਨ ਸਨ। ਬਹੁਤਿਆਂ ਨੂੰ ਉਨ੍ਹਾਂ ਦੇ ਯੋਗਦਾਨ ਕਰਕੇ ਪਦਮ ਭੂਸ਼ਣ, ਪਦਮ ਸ੍ਰੀ ਅਤੇ ਹੋਰ ਤਮਗੇ ਮਿਲੇ ਹੋਏ ਸਨ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਵਿਚੋਂ ਚੰਦ ਕੁ ਨੂੰ ਛੱਡਕੇ ਬਾਕੀਆਂ ਨੂੰ ਇਸ ਹਮਲੇ ਦਾ ਕੋਈ ਸੋਗ ਨਹੀਂ ਹੋਇਆ। ਉਨ੍ਹਾਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਿੱਖਾਂ ਦਾ ਸਰਵੋਤਮ ਧਰਮ ਅਸਥਾਨ ਹੈ। ਸਿਰਫ਼ ਇਕ ਸਿਆਸਤਦਾਨਾ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਦੀ ਮੈਂਬਰੀ ਅਤੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦਿੱਤਾ ਸੀ। ਹਾਲਾਂ ਕਿ ਉਸ ਸਮੇਂ ਉਹ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਸਨ। ਏਥੇ ਹੀ ਬਸ ਨਹੀਂ ਜਦੋਂ ਉਹ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਪੰਜਾਬ ਦੀ ਵਜਾਰਤ ਵਿਚ ਖੇਤੀਬਾੜੀ ਮੰਤਰੀ ਸਨ ਤਾਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਪੁਲਿਸ ਭੇਜੀ ਗਈ, ਜਿਸਨੂੰ ਬਲੈਕ ਥੰਡਰ ਦਾ ਨਾਮ ਦਿੱਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਵੀ ਵਜਾਰਤ ਵਿਚੋਂ ਰੋਸ ਵਜੋ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਲ ਪਰਿਵਾਰਕ ਸੰਬੰਧ ਸਨ ਪ੍ਰੰਤੂ ਆਪਣੇ ਧਾਰਮਿਕ ਮਾਮਲਿਆਂ ਵਿਚ ਇੰਦਰਾ ਗਾਂਧੀ ਦੇ ਦਖ਼ਲ ਦੇਣ ਨੂੰ ਉਨ੍ਹਾਂ ਬੁਰਾ ਮਨਾਇਆ। ਕੈਪਟਨ ਨੇ ਇਕ ਸਿੱਖ ਹੋਣ ਦੇ ਨਾਤੇ ਅਸਤੀਫਾ ਦਿੱਤਾ ਸੀ। ਡਾ. ਹਰਭਜਨ ਸਿੰਘ ਦਿਓਲ ਨੇ ਪਬਲਿਕ ਸਰਵਿਸ ਕਮਿਸ਼ਨ ਦੀ ਮੈਂਬਰੀ ਦੇ ਸੰਵਿੱਧਾਨਿਕ ਅਹੁਦੇ ਤੋਂ ਅਸਤੀਫਾ ਦਿੱਤਾ, ਖ਼ੁਸ਼ਵੰਤ ਸਿੰਘ, ਡਾ ਗੰਡਾ ਸਿੰਘ ਅਤੇ ਸਾਧੂ ਸਿੰਘ ਹਮਦਰਦ ਨੇ ਪਦਮ ਭੂਸ਼ਣ ਦਾ ਖ਼ਿਤਾਬ ਨੀਲਾ ਤਾਰਾ ਅਪ੍ਰੇਸ਼ਨ ਦੇ ਰੋਸ ਵਜੋਂ ਇਹ ਖ਼ਿਤਾਬ ਵਾਪਸ ਦੇ ਦਿੱਤੇ ਸਨ। ਸਰਵਿਸਜ ਵਿਚੋਂ ਸਿਰਫ਼ ਅਧਿਕਾਰੀਆਂ ਗੁਰਤੇਜ ਸਿੰਘ ਆਈ ਏ ਐਸ, ਸਿਮਰਨਜੀਤ ਸਿੰਘ ਮਾਨ ਅਤੇ ਆਈ ਐਫ ਐਸ ਅਧਿਕਾਰੀ ਹਰਿੰਦਰ ਸਿੰਘ ਖਾਲਸਾ ਨੇ ਅਸਤੀਫੇ ਦਿੱਤੇ ਸਨ। ਆਈ ਪੀ ਐਸ ਅਧਿਕਾਰੀ ਸਿਮਰਨਜੀਤ ਸਿੰਘ ਮਾਨ ਜੋ ਉਦੋਂ ਡੀ ਆਈ ਜੀ ਦੇ ਅਹੁਦੇ ‘ਤੇ ਤਾਇਨਾਤ ਸਨ, ਉਨ੍ਹਾਂ ਨੇ ਵੀ ਆਈ ਪੀ ਐਸ ਤੋਂ ਅਸਤੀਫ਼ਾ ਦਿੱਤਾ ਸੀ। ਹਰਿੰਦਰ ਸਿੰਘ ਨਾਰਵੇ ਵਿਚ ਹਾਈ ਕਮਿਸ਼ਨਰ ਸਨ। ਏਸੇ ਤਰ੍ਹਾਂ ਤਿੰਨ ਆਈ ਏ ਐਸ ਅਧਿਕਾਰੀਆਂ ਅਮਰੀਕ ਸਿੰਘ ਪੂਨੀ, ਹਰਦਿਆਲ ਸਿੰਘ ਅਤੇ ਗੁਰਦੇਵ ਸਿੰਘ ਬਰਾੜ ਰੋਸ ਵਜੋਂ ਛੁੱਟੀ ਤੇ ਚਲੇ ਗਏ ਸਨ। ਚਰਨਜੀਤ ਸਿੰਘ ਆਈ ਏ ਐਸ ਜੋ ਬੰਗਲੌਰ ਸਰਕਾਰ ਦੇ ਮੁੱਖ ਸਕੱਤਰ ਰਹੇ ਅਤੇ ਯੂਨੇਸਕੋ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਦੇ ਰਹੇ ਹਨ ਨੇ ਨੌਕਰੀ ਵਿਚ ਹੁੰਦਿਆਂ ਸਾਕਾ ਨੀਲਾ ਤਾਰਾ ਦੇ ਰੋਸ ਵੱਜੋਂ ਵਿਰੋਧ ਮਾਰਚ ਵਿਚ ਹਿੱਸਾ ਲਿਆ। ਇਸੇ ਪ੍ਰਕਾਰ ਡਾ. ਸੰਤੋਖ਼ ਸਿੰਘ ਜੋ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਫਾਊਂਡਰ ਪ੍ਰਧਾਨ ਰਹੇ ਹਨ, ਉਨ੍ਹਾਂ ਨੇ ਵੀ ਲੋਕਾਂ ਨੂੰ ਲਾਮਬੰਦ ਕਰਕੇ ਸਰਕਾਰ ਦਾ ਡਟਕੇ ਵਿਰੋਧ ਕੀਤਾ।

ਇਸ ਤੋਂ ਇਲਾਵਾ ਸਭ ਤੋਂ ਮਹੱਤਵਪੂਰਨ ਹਜ਼ਾਰਾਂ ਧਰਮੀ ਫ਼ੌਜੀ ਹਨ, ਜਿਨ੍ਹਾਂ ਨੇ ਧਾਰਮਿਕ ਭਾਵਨਾਵਾਂ ਵਿਚ ਵਹਿਕੇ ਫ਼ੌਜ ਵਿਚ ਬਗਾਵਤ ਕਰ ਦਿੱਤੀ ਸੀ। ਉਨ੍ਹਾਂ ਨੂੰ ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਗਿਆ। ਦੁੱਖ ਇਸ ਗੱਲ ਦਾ ਹੈ ਕਿ ਅਕਾਲੀ ਦਲ ਦੀ ਪੰਜਾਬ ਵਿਚ 15 ਸਾਲ ਸਰਕਾਰ ਰਹੀ, ਸਰਕਾਰ ਨੇ ਧਰਮੀ ਫ਼ੌਜੀਆਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਕਿਸੇ ਕਿਸਮ ਦੀ ਆਰਥਿਕ ਮਦਦ ਕੀਤੀ ਹੈ। ਬਿਲਕੁਲ ਇਸੇ ਤਰ੍ਹਾਂ ਸ਼ਰੋਮਣੀ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ ਨੇ ਵੀ ਕੁਝ ਨਹੀਂ ਕੀਤਾ। ਹਾਲਾਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਾਂ ਉਨ੍ਹਾਂ ਦੀ ਮਦਦ ਕਰਨਾ ਫਰਜ ਬਣਦਾ ਸੀ। ਧਰਮੀ ਫ਼ੌਜੀਆਂ ਦੇ ਪਰਿਵਾਰ ਆਰਥਿਕ ਤੰਗੀਆਂ ਕਰਕੇ ਬਹੁਤ ਮੁਸ਼ਕਲਾਂ ਵਿਚ ਫਸੇ ਰਹੇ ਹਨ।

ਹਰ ਸਾਲ ਸਿੱਖ ਉਦਾਸੀ ਨਾਲ ਨੀਲਾ ਤਾਰਾ ਅਪ੍ਰੇਸ਼ਨ ਦੇ ਰੋਸ ਵਜੋਂ ਸਮਾਗਮ ਕਰਦੇ ਹਨ ਪ੍ਰੰਤੂ ਕਦੇ ਵੀ ਇਨ੍ਹਾਂ ਸਮਾਗਮਾ ਵਿਚ ਅਸਤੀਫੇ ਦੇਣ ਵਾਲੇ ਸਿੱਖਾਂ ਨੂੰ ਬੁਲਾਕੇ ਸਿਰੋਪੇ ਦੇ ਕੇ ਸਨਮਾਨਤ ਵੀ ਨਹੀਂ ਕੀਤਾ। ਕਦੀ ਵੀ ਉਨ੍ਹਾਂ ਨੂੰ ਯਾਦ ਨਹੀਂ ਕੀਤਾ। ਸਗੋਂ ਸਿਆਸਤਦਾਨ ਇਸ ਗੱਲ ਤੋਂ ਹੀ ਡਰਦੇ ਰਹਿੰਦੇ ਹਨ ਕਿ ਉਹ ਕੁਰਬਾਨੀਆਂ ਕਰਨ ਵਾਲੇ ਉਨ੍ਹਾਂ ਤੋਂ ਅੱਗੇ ਨਾ ਲੰਘ ਜਾਣ। ਜੇ ਧਿਆਨ ਨਾਲ ਆਪਣੀ ਅੰਤਹਕਰਨ ਦੀ ਅਵਾਜ਼ ਸੁਣਨ ਕੁਰਬਾਨੀਆਂ ਕਰਨ ਵਾਲੇ ਸਿੱਖ ਤਾਂ ਉਦੋਂ ਹੀ ਉਨ੍ਹਾਂ ਤੋਂ ਅੱਗੇ ਨਿਕਲ ਗਏ ਸਨ, ਜਦੋਂ ਉਹ ਅਸਤੀਫੇ ਦੇ ਕੇ ਅਹੁਦੇ ਛੱਡ ਗਏ ਸਨ। ਅਸਲ ਵਿਚ ਉਹ ਜਾਗਦੀ ਜ਼ਮੀਰ ਵਾਲੇ ਲੋਕ ਹਨ। ਕੁਰਸੀਆਂ ਦੇ ਲਾਲਚੀ ਸਿਆਸਤਦਾਨਾ ਨਾਲੋਂ ਸੌ ਗੁਣਾ ਚੰਗੇ ਸਾਬਤ ਹੋਏ ਹਨ, ਜਿਨ੍ਹਾਂ ਦੇ ਦਿਲ ਵਿਚ ਆਪਣੇ ਧਰਮ ਪ੍ਰਤੀ ਸਤਿਕਾਰ ਹੈ। ਸਮਾਜ ਭਾਵੇਂ ਸਿਮਰਨਜੀਤ ਸਿੰਘ ਮਾਨ ਬਾਰੇ ਕੁਝ ਵੀ ਕਹੇ। ਹੋ ਸਕਦਾ ਉਨ੍ਹਾਂ ਬਾਰੇ ਕਈ ਵਾਦਵਿਵਾਦ ਹੋਣ ਪ੍ਰੰਤੂ ਜਿਹੜਾ ਉਨ੍ਹਾਂ ਆਪਣੇ ਅਹੁਦੇ ਤੋਂ ਰੋਸ ਵਜੋਂ ਅਸਤੀਫ਼ਾ ਦਿੱਤਾ, ਉਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਕਿਤਨੇ ਸਰੀਰਕ ਅਤੇ ਮਾਨਸਕ ਜ਼ੁਲਮ ਹੋਏ। ਪਵਿਤਰ ਧਾਰਮਿਕ ਸਥਾਨ ਦੀ ਬੇਹੁਰਮਤੀ ਦਾ ਅਹਿਸਾਸ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਹੀ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਵੀ ਦੋ ਵਾਰ ਮੁੱਖ ਮੰਤਰੀ ਰਹੇ ਹਨ, ਭਾਵੇਂ ਉਨ੍ਹਾਂ ਦੀ ਦੂਜੀ ਪਾਰੀ ਦੀ ਕਾਰਗੁਜ਼ਾਰੀ ਬਾਰੇ ਕਿਤਨੇ ਕਿੰਤੂ ਪ੍ਰੰਤੂ ਹੋਣ, ਉਹ ਇਕ ਵੱਖਰੀ ਸਿਆਸੀ ਗੱਲ ਹੈ ਪ੍ਰੰਤੂ ਸਿੱਖਾਂ ਨਾਲ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਮਾਲੇਰ ਕੋਟਲਾ ਦੀ ਯਾਦ ਨੂੰ ਤਾਜ਼ਾ ਰੱਖਣ ਵਿਚ ਜਿਹੜਾ ਉਨ੍ਹਾਂ ਮਾਲੇਰਕੋਟਲਾ ਨੂੰ ਜਿਲ੍ਹਾ ਬਣਾਕੇ ਕੀਤਾ ਹੈ, ਉਸਦਾ ਕੋਈ ਸਾਨੀ ਨਹੀਂ ਹੋ ਸਕਦਾ। ਜਿਸ ਵਿਅਕਤੀ ਨੂੰ ਸਿੱਖ ਧਰਮ ਨਾਲ ਪਿਆਰ ਅਤੇ ਸਤਿਕਾਰ ਹੈ, ਉਹੀ ਅਜਿਹਾ ਫ਼ੈਸਲਾ ਕਰ ਸਕਦਾ ਹੈ। ਅਕਾਲੀ ਦਲ ਦੀ ਸਰਕਾਰ ਪੰਜ ਵਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ, ਇਕ ਵਾਰ ਜਸਟਿਸ ਗੁਰਨਾਮ ਸਿੰਘ, ਇਕ ਵਾਰ ਲਛਮਣ ਸਿੰਘ ਗਿੱਲ ਅਤੇ ਪੈਪਸੂ ਵਿਚ ਗਿਆਨ ਸਿੰਘ ਰਾੜੇਵਾਲਾ ਦੀ ਸਰਕਾਰ ਰਹੀ। ਉਨ੍ਹਾਂ ਵਿਚੋਂ ਕਿਸੇ ਨੇ ਵੀ ਨਵਾਬ ਮਾਲੇਰਕੋਟਲਾ ਦੇ ਯੋਗਦਾਨ ਦੀ ਮਹੱਤਤਾ ਨਹੀਂ ਸਮਝੀ। ਕੈਪਟਨ ਅਮਰਿੰਦਰ ਸਿੰਘ ਸਾਕਾ ਨੀਲਾ ਤਾਰਾ ਤੋਂ ਬਾਅਦ ਅਕਾਲੀ ਦਲ ਵਿੱਚ ਆਏ ਪ੍ਰੰਤੂ ਤਾਕਤ ਦੇ ਭੁੱਖੇ ਸਿਆਸਤਦਾਨਾਂ ਨੇ ਉਨ੍ਹਾਂ ਦੇ ਪੈਰ ਨਹੀਂ ਲੱਗਣ ਦਿੱਤੇ। ਉਹ ਬੇਸ਼ਕ ਕਾਂਗਰਸ ਪਾਰਟੀ ਵਿਚ ਹਨ ਪ੍ਰੰਤੂ ਉਹ ਅਕਾਲੀਆਂ ਨਾਲੋਂ ਵਧੇਰੇ ਸੱਚੇ ਸਿੱਖ ਹਨ। ਜਦੋਂ 1920 ਵਿਚ ਜਲ੍ਹਿਅਾਂ ਵਾਲੇ ਬਾਗ ਵਿਚ ਜਨਰਲ ਡਾਇਰ ਨੇ ਗੋਲੀਆਂ ਚਲਾ ਕੇ ਨਿਰਦੋਸ਼ ਲੋਕਾਂ ਨੂੰ ਮਾਰ ਦਿੱਤਾ ਸੀ ਤਾਂ ਰਾਬਿੰਦਰ ਨਾਥ ਟੈਗੋਰ ਨੇ ਅੰਗਰੇਜ਼ਾਂ ਨੂੰ ਸਰ ਦਾ ਖ਼ਿਤਾਬ ਵਾਪਸ ਕਰ ਦਿੱਤਾ ਸੀ। ਜਿਨ੍ਹਾਂ ਨੂੰ ਹੁਣ ਤੱਕ ਯਾਦ ਕੀਤਾ ਜਾਂਦਾ ਹੈ। ਸਿੱਖ ਧਰਮ ਦੇ ਸਿਆਸਤਦਾਨ ਉਨ੍ਹਾਂ ਨੂੰ ਬਣਦਾ ਮਾਨ ਸਨਮਾਨ ਦੇਣ ਤੋਂ ਵੀ ਕੰਨੀ ਕਤਰਾਉਂਦੇ ਹਨ ਪ੍ਰੰਤੂ ਉਹ ਆਪਣੇ ਆਪ ਨੂੰ ਸਿਆਸੀ ਲਾਭ ਲੈਣ ਲਈ ਸੱਚੇ ਸਿੱਖ ਕਹਿੰਦੇ ਹਨ। ਸਿੱਖ ਜਗਤ ਧਰਮ ਲਈ ਕੁਰਬਾਨੀਆਂ ਕਰਨ ਵਾਲਿਆਂ ਨੂੰ ਭੁੱਲੀ ਬੈਠਾ ਹੈ। ਜੇਕਰ ਸਾਡੇ ਸਿਆਸਤਦਾਨਾਂ ਦਾ ਇਹੋ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਵਾਰਸ ਸਿੱਖ ਧਰਮ ਤੋਂ ਹੀ ਮੁਨਕਰ ਹੋ ਜਾਣਗੇ। ਸਿੱਖ ਸੰਗਤ ਨੂੰ ਸੋਚ ਸਮਝ ਕੇ ਆਪਣੇ ਪ੍ਰਤੀਨਿਧ ਚੁਣ ਲੈਣੇ ਚਾਹੀਦੇ ਹਨ ਤਾਂ ਜੋ ਸਿੱਖ ਧਰਮ ਪ੍ਰਫੁਲਤ ਹੋ ਸਕੇ।
***

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

***

(ਪਹਿਲੀ ਵਾਰ ਛਪਿਆ 28 ਸਤੰਬਰ 2021)
***
404
***

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ