ਜਲੰਧਰ: ਲੋਕ ਮੋਰਚਾ ਪੰਜਾਬ ਦੀ ਅਗਵਾਈ ’ਚ ਬਣੀ ਪੰਜਾਬ ਪੱਧਰੀ ‘ਇਨਕਲਾਬੀ ਬਦਲ ਉਸਾਰੋ ਮੁਹਿੰਮ’ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ’ਚ ਕੀਤੇ ਵਿਚਾਰ-ਚਰਚਾ ਸਮਾਗਮ ’ਚ ਸੱਦਾ ਦਿੱਤਾ ਗਿਆ ਕਿ ਚੋਣਾਂ ਦੇ ਮਘੇ ਅਖਾੜੇ ਵਿੱਚੋਂ ਭਲੇ ਜਾਂ ਮੁਕਤੀ ਦੀ ਝਾਕ ਰੱਖਣ ਦੀ ਬਜਾਏ ਲੋਕਾਂ ਨੂੰ ਆਪਣੀ ਜੱਥੇਬੰਦਕ ਤਾਕਤ ਉਸਾਰਨ ਅਤੇ ਲੋਕ ਸੰਘਰਸ਼ਾਂ ਉਪਰ ਟੇਕ ਰੱਖਣ ਦੀ ਲੋੜ ਹੈ। ‘ਇਨਕਲਾਬੀ ਬਦਲ ਉਸਾਰੋ ਮੁਹਿੰਮ ਕਮੇਟੀ’ ਦੇ ਸੂਬਾਈ ਆਗੂ ਅਮੋਲਕ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਰੋਜ਼ ਮਰ੍ਹਾ ਦੇ ਅਤੇ ਬੁਨਿਆਦੀ ਮੁੱਦਿਆਂ ਨਾਲ ਚੋਣ ਅਖਾੜੇ ’ਚ ਉਤਰੀਆਂ ਪਾਰਟੀਆਂ ਦਾ ਦੂਰ ਦਾ ਵੀ ਵਾਸਤਾ ਨਹੀਂ। ਉਹ ਲੁੱਟ ਦਾ ਮਾਲ ਵੰਡਣ ਲਈ ਕੁੱਕੜ ਖੋਹੀ ਕਰਨ ’ਚ ਗਲਤਾਨ ਹਨ। ਅਮੋਲਕ ਸਿੰਘ ਨੇ ਕਿਹਾ ਕਿ ਦੇਸੀ-ਬਦੇਸੀ ਕਾਰਪੋਰੇਟ ਘਰਾਣਿਆਂ, ਵੱਡੇ ਭੋਇੰਪਤੀਆਂ, ਅਜੋਕੀ ਸਮੁੱਚੀ ਆਰਥਕ, ਰਾਜਨੀਤਕ, ਸਮਾਜਕ ਪ੍ਰਣਾਲੀ ਨੂੰ ਮੂਲੋਂ ਬਦਲਣ ਲਈ ਗ਼ਦਰੀ ਬਾਬਿਆਂ, ਭਗਤ-ਸਰਾਭਿਆਂ ਦੇ ਦਰਸਾਏ ਇਨਕਲਾਬੀ ਰਾਹ ਦਾ ਪਰਚਮ ਬੁਲੰਦ ਕਰਨ ਦੀ ਲੋੜ ਹੈ। ਉਹਨਾਂ ਨੇ ਕਿਸਾਨ ਮੋਰਚੇ ਦੇ ਕ੍ਰਿਸ਼ਮਿਆਂ ਅਤੇ ਅਨੇਕਾਂ ਲਾ-ਮਿਸਾਲ ਮੋਰਚਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਵੋਟਾਂ ਦੀ ਰੁੱਤੇ ਕਿਸੇ ਕਿਸਮ ਦੇ ਵੀ ਭਰਮ-ਜਾਲ ’ਚ ਫਸਣ ਦੀ ਬਜਾਏ ਪਰਖੇ ਪਰਤਿਆਏ, ਘੋਲਾਂ ਦੇ ਇੱਕੋ ਇੱਕ ਸੁਵੱਲੜੇ ਰਾਹ ’ਤੇ ਸਾਬਤ ਕਦਮੀਂ ਤੁਰਨ ਲਈ ਲੱਕ ਬੰਨ੍ਹਣ ਦੀ ਲੋੜ ਹੈ। ਞਇਨਕਲਾਬੀ ਬਦਲ ਉਸਾਰੋ ਮੁਹਿੰਮ’ ਵਿੱਚ ਸ਼ਾਮਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਸੰਬੋਧਨ ਕਰਦਿਆਂ ਠੋਸ ਤੱਥਾਂ ਸਹਿਤ ਦੱਸਿਆ ਕਿ ਸਾਡੇ ਸਮਿਆਂ ਦੀ ਅਸਲ ਲੋੜ ਤਾਂ ਜ਼ਮੀਨ ਦੀ ਮੁੜ ਵੰਡ ਕਰਨਾ, ਬੇਜ਼ਮੀਨਿਆਂ ਨੂੰ ਜ਼ਮੀਨ ਦੇਣਾ, ਬਹੁਕੌਮੀ ਕੰਪਨੀਆਂ ਅਤੇ ਮੁਲਕ ਦੇ ਉੱਚ ਘਰਾਣਿਆਂ ਦੀ ਪੂੰਜੀ ਜ਼ਬਤ ਕਰਨਾ ਹੈ। ਉਹਨਾਂ ਕਿਹਾ ਕਿ ਮੁਲਕ ਦੇ ਵਿਕਾਸ, ਖੁਸ਼ਹਾਲੀ, ਬਰਾਬਰੀ ਅਤੇ ਨਿਆਂ ਭਰੇ ਸਮਾਜ ਦੀ ਸਿਰਜਣਾ ਵੋਟ ਪਰਚੀਆਂ/ਮਸ਼ੀਨਾਂ ਰਾਹੀਂ ਨਹੀਂ ਹੋਣੀ ਸਗੋਂ ਅਜੋਕੇ ਮਲਕ ਭਾਗੋਆਂ ਦਾ ਜਕੜ ਪੰਜਾ ਤੋੜਕੇ ਹੋਏਗੀ। ਉਹਨਾਂ ਕਿਹਾ ਕਿ ਨਿੱਜੀਕਰਣ ਦਾ ਵਿਆਪਕ ਹੱਲਾ, ਰੋਟੀ ਰੋਜ਼ੀ ਅਤੇ ਜ਼ਿੰਦਗੀ ਦੇ ਸਭਨਾਂ ਪੱਖਾਂ ’ਤੇ ਹੱਲਾ ਹੈ। ਚੋਣਾਂ ਮੌਕੇ ਸਾਡੀ ਮੁਹਿੰਮ ਦਾ ਜ਼ੋਰਦਾਰ ਹੋਕਾ ਹੈ ਕਿ ਤਬਕਾਤੀ ਮੰਗਾਂ ਮਸਲਿਆਂ ਦੀਆਂ ਵਲਗਣਾਂ ਵਿੱਚ ਹੀ ਸਿਮਟਕੇ ਰਹਿਣ ਦੀ ਬਜਾਏ, ‘ਕੱਲੇ ਕੱਲੇ ਮਾਰ ਨਾ ਖਾਓ, ਕੱਠੇ ਹੋ ਕੇ ਅੱਗੇ ਆਓ’ ਦਾ ਨਾਅਰਾ ਘਰ-ਘਰ ਲਿਜਾਣ ਦੀ ਲੋੜ ਹੈ। ਸੁਖਵਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਖਿਲਾਫ਼ ਘੜੀਆਂ ਜਾ ਰਹੀਆਂ ਨੀਤੀਆਂ ਸਮੇਂ ਵਿਧਾਨ ਸਭਾਵਾਂ, ਪਾਰਲੀਮੈਂਟਾਂ ਨੂੰ ਕੋਈ ਨਹੀਂ ਪੁੱਛਦਾ ਇਹਨਾਂ ਦੇ ਘਾੜੇ ਸਾਮਰਾਜੀ ਅਤੇ ਦੇਸੀ ਕਾਰਪੋਰੇਟ ਘਰਾਣੇ ਹਨ, ਇਸ ਲਈ ਇਨਕਲਾਬੀ ਮਾਰਗ ’ਤੇ ਨਿਹਚਾ ਪਰਪੱਕ ਕਰਕੇ ਅੱਗੇ ਵਧਣ ਦੀ ਲੋੜ ਹੈ। ਵਿਚਾਰ-ਚਰਚਾ ’ਚ ਕਾਂਤੀ ਮੋਹਨ, ਸੁਖਦੇਵ ਫਗਵਾੜਾ, ਜਸਵਿੰਦਰ ਫਗਵਾੜਾ, ਤਲਵਿੰਦਰ ਸਿੰਘ ਨੰਗਲ ਖਿਲਾੜੀਆਂ, ਸੁਰਿੰਦਰ ਕੁਮਾਰੀ ਕੋਛੜ, ਹਰਭਜਨ ਸਿੰਘ ਨੇ ਵੀ ਵਿਚਾਰ ਰੱਖੇ। |
*** |