27 July 2024

ਝਰੋਖੇ ਵਿੱਚੋਂ ਝਾਕਦਾ ਚਾਨਣ–ਦਲਜੀਤ ਸਿੰਘ ਉੱਪਲ

ਅੱਠਵੀਂ ਜਮਾਤ ਦੇ ਪੇਪਰ ਦੇਣ ਤੋਂ ਬਾਅਦ ਜਦੋਂ ਮੇਰੇ ਪਾਸ ਵਕਤ ਕਾਫ਼ੀ ਸੀ ਤਾਂ ਮੈਂ ਆਪਣੇ ਸਤਿਕਾਰ ਯੋਗ ਨਾਨਾ ਗਿਆਨੀ ਪ੍ਰੀਤਮ ਸਿੰਘ ਜੀ ਦੀ ਘਰੇਲੂ ਲਾਇਬਰੇਰੀ ਦੀ ਫੋਲਾ-ਫਰਾਲੀ ਸ਼ੁਰੂ ਕੀਤੀ। ਮੈਂਨੂੰ ਉਹਨਾਂ ਦੀ ਲਾਇਬਰੇਰੀ ਵਿੱਚੋਂ ਗਿਆਨੀ ਗਿਆਨ ਸਿੰਘ ਜੀ ਦੀ ਰਚੀ ‘ਤਵਾਰੀਖ ਗੁਰੂ ਖ਼ਾਲਸਾ’ ਹੱਥ ਲੱਗੀ। ਤਵਾਰੀਖ ਤਾਂ ਕੀ ਹੱਥ ਲੱਗੀ, ਮੈਂਨੂੰ ਇੰਜ ਜਾਪਿਆ ਜੀਕਣ ਕੋਈ ਕਾਰੂੰ ਦਾ ਖਜ਼ਾਨਾ ਹੱਥ ਲੱਗ ਗਿਆ ਹੋਵੇ।

‘ਤਵਾਰੀਖ ਗੁਰੂ ਖ਼ਾਲਸਾ’ ਪੜ੍ਹਨ ਤੋਂ ਬਾਅਦ ਮੈਂ ਨਾਨਾ ਜੀ ਦੀ ਛੋਟੀ ਲਾਇਬਰੇਰੀ ਨੂੰ ਵੱਡਿਆਂ ਕਰਨ ਦੀਆਂ ਘਾੜ੍ਹਤਾਂ ਘੜ੍ਹਨ ਲੱਗਾ ਅਤੇ ਆਪਣੇ ਪਿਤਾ ਜੀ ਤੋਂ ਕਿਤਾਬਾਂ ਦੀ ਖਰੀਦ-ਦਾਰੀ ਕਰਨ ਲਈ ਮਾਇਆ ਦੀ ਮੰਗ ਕੀਤੀ। ਪਾਪਾ ਜੀ ਨੇ ਪੁਸਤਕਾਂ ਖਰੀਦ ਕੇ ਦੇਣਾ ਤਾਂ ਦੂਰ ਰਿਹਾ, ਸਗੋਂ ਹੁਕਮ ਸੁਣਾਉਂਦਿਆਂ ਕਿਹਾ: ‘ਤੇਰੇ ਇਹ ਰਈਸਾਂ ਵਾਲੇ ਸ਼ੌਕ ਸਾਡੇ ਤੋਂ ਪੂਰੇ ਨਹੀਂ ਜੇ ਹੋਣੇ, ਤੂੰ ਸ਼ੁਕਰ ਕਰ ਕਿ ਤੈਂਨੂੰ ਅਸੀਂ ਅੱਠਵੀਂ ਤੱਕ ਪੜ੍ਹਾ ਦਿੱਤਾ। ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ ਮੇਲਾ।’

ਪਿਤਾ ਜੀ ਵਲੋਂ ਟਕੇ ਵਰਗਾ ਟਣਕਦਾ ਜਵਾਬ ਮਿਲਦਿਆਂ ਹੀ ਮੈਂ ਮਾਯੂਸ ਜਿਹਾ ਹੋ ਗਿਆ। ਬੁਝੇ ਜਿਹੇ ਮਨ ਨਾਲ ਆਪਣੇ ਕੱਚੇ ਘਰ ਦੀ ਪਿਛਲੀ ਕੋਠੜੀ ਅੰਦਰ ਡਿਠੇ ਬਾਣ ਦੇ ਮੰਜੇ ‘ਤੇ ਬਹਿ ਕੇ ਡੁਸਕਣ ਲੱਗ ਗਿਆ। ਪਤਾ ਹੀ ਨਹੀਂ ਲੱਗਾ ਹਟਕੋਰੇ ਲੈਂਦਿਆਂ ਹੀ ਮੈਂਨੂੰ ਨੀਂਦ ਆ ਗਈ। ਕੁਝ ਸਮੇਂ ਮਗਰੋਂ ਹਨ੍ਹੇਰੀ ਕੋਠੜੀ ਦੀ ਛੱਤ ਵਿੱਚ ਰੱਖੇ ਝਰੋਖੇ ਵਿੱਚੋਂ ਸੂਰਜ ਦੀ ਤੇਜ਼ ਰੌਸ਼ਨੀ ਮੇਰੇ ਚਿਹਰੇ ਉਤੇ ਆਪਣੀ ਗਰਮਾਇਸ਼ ਛੱਡਦੀ ਇਸ ਤਰ੍ਹਾਂ ਮਹਿਸੂਸ ਹੋਈ ਜੀਕਣ ਕੋਈ ਮਮਤਾ ਦੀ ਮਾਰੀ ਮਾਂ, ਰੋਂਦੇ ਹੋਏ ਛੋਟੇ ਬਾਲਕ ਨੂੰ ਗੋਦੀ ਵਿੱਚ ਲੈ ਕੇ ਚੁੱਪ ਕਰਵਾਉਣ ਦਾ ਯਤਨ ਕਰ ਰਹੀ ਹੋਵੇ।

ਚਾਨਣ ਦੀ ਇਸ ਚਿਣਗ ਨੇ ਮੈਂਨੂੰ ਇਤਨਾ ਚਾਨਣ ਦਿੱਤਾ ਕਿ ਮੇਰੇ ਨੈਣਾਂ ਦੇ ਕਟੋਰਿਆਂ ਵਿੱਚੋਂ, ਸਾਗਰ ਦੀਆਂ ਛੱਲਾਂ ਵਾਂਗੂ ਛਲਕਦੇ ਅੱਥਰੂ, ਪਲਾਂ ਵਿੱਚ ਹੀ ਉੱਡ-ਪੁਡ ਗਏ ਅਤੇ ਮੈਂ ਇਸ ਚਾਨਣ ਨੂੰ ਤੱਕਣ ਲਈ ਜਲਦੀ ਜਲਦੀ ਕੋਠੇ ਦੀ ਛੱਤ ਉੱਤੇ ਚੜ੍ਹ ਗਿਆ। ਕੋਠੇ ਉਤੇ ਆ ਕੇ ਦੇਖਿਆ ਕਿ ਸਾਡੇ ਘਰ ਦੇ ਪਿਛਵਾੜੇ ਕੁੱਝ ਬੱਚੇ ਪਤੰਗ ਉਡਾ ਰਹੇ ਹਨ। ਮੈਂ ਉਹਨਾਂ ਦੀਆਂ ਉੱਡਦੀਆਂ ਪਤੰਗਾਂ ਵੱਲ ਕਿੰਨਾ ਹੀ ਸਮਾਂ ਨੀਝ ਲਾ ਕੇ ਤੱਕਦਾ ਰਿਹਾ।

ਨੀਲੇ ਅਸਮਾਨ ਵਿੱਚ ਉੱਡਦੀਆਂ ਪਤੰਗਾਂ ਵੱਲ ਤੱਕ ਕੇ ਮੇਰੇ ਦਿਲ-ਦਿਮਾਗ ਦੀ ਵਾਦੀ ਉੱਤੇ ਵਸਲਾਂ ਦੀਆਂ ਉਮੰਗਾਂ ਝੁੰਮਰ ਪਾਵਣ ਲੱਗੀਆਂ ਅਤੇ ਆਸ਼ਾਵਾਂ ਦਾ ਮਹਿਲ ਉਸਰਨ ਲੱਗਾ। ਮੈਂ ਸੋਚਿਆ, ‘ਮੈਂ ਕਿਉਂ ਨਹੀਂ ਅਜਿਹੀਆਂ ਪਤੰਗਾਂ ਬਣਾ ਕੇ ਬੱਚਿਆਂ ਕੋਲ ਵੇਚ ਸਕਦਾ? ਪਰ ਪਤੰਗ ਬਣਾਉਣ ਲਈ ਵੀ ਤਾਂ ਸਮੱਗਰੀ ਚਾਹੀਦੀ ਹੈ। ਸਮੱਗਰੀ ਇਕੱਠੀ ਕਰਨ ਲਈ ਵੀ ਤਾਂ ਪੈਸੇ ਚਾਹੀਦੇ ਹਨ। ਪਿਤਾ ਵਲੋਂ ਦਿੱਤੀ ਮਿੱਠੀ ਜਿਹੀ ਘੁਰਕੀ ਯਾਦ ਆਈ, ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ ਮੇਲਾ।’ ਸੋਚ ਦਾ ਘੋੜਾ ਭਜਾਉਂਦਿਆਂ ਮੇਰੀ ਨਜ਼ਰ ਦੂਰ ਖੇਤਾਂ ਵਿੱਚ ਪਈ ਤਾਂ ਦੇਖਿਆ ਕਿ ਖੇਤਾਂ ਵਿੱਚ ਕਣਕਾਂ ਦੀ ਵਾਢੀ ਦਾ ਜ਼ੋਰ ਸੀ ਅਤੇ ਆ-ਧਰਮੀ ਬੀਬੀਆਂ ਕਣਕਾਂ ਦੇ ਸਿੱਟੇ ਚੁਗਦੀਆਂ ਦਿਖਾਈ ਦੇ ਰਹੀਆਂ ਸਨ। ਬਸ! ਮੈਨੂੰ ਮੇਰੀ ਮੰਜ਼ਲ ਦਾ ਰਸਤਾ ਨਜ਼ਰ ਆ ਗਿਆ।

ਰਸਤਾ ਨਜ਼ਰ ਆਉਂਦਿਆਂ ਹੀ ਮੈਂ ਵੀ ਉਨ੍ਹਾਂ ਬੀਬੀਆਂ ਵਾਂਗੂੰ ਹੀ ਖੇਤਾਂ ਵਿੱਚੋਂ ਕਣਕਾਂ ਦੇ ਸਿੱਟੇ ਚੁੱਗ ਕੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਬੀਬੀਆਂ ਵਲੋਂ ਤਾਹਨੇ-ਮੇਹਣੇ ਦਿੱਤੇ ਗਏ ਕਿ ਜੱਟਾਂ ਦੇ ਮੁੰਡੇ ਨੂੰ ਸਿੱਟੇ ਚੁੱਗਣ ਦੀ ਕਿੱਥੋਂ ਜ਼ਰੂਰਤ ਪੈ ਗਈ? ਮੈਂ ਉਹਨਾਂ ਦੀਆਂ ਗੱਲਾਂ ਨੂੰ ਅਣਸੁਣਿਆ ਕਰਕੇ ਆਪਣੇ ਕੰਮ ਨਾਲ ਮਤਲੱਬ ਰੱਖਿਆ ਅਤੇ ਸ਼ਾਮ ਤੱਕ ਕਾਫ਼ੀ ਸਿੱਟੇ ਇਕੱਠੇ ਕਰ ਲਏ। ਇਸ ਤਰ੍ਹਾਂ ਕਈ ਦਿਨਾਂ ਦੀ ਸਖ਼ਤ ਘਾਲਣਾ ਘਾਲ ਕੇ ਜਦੋਂ ਮੇਰੇ ਪਾਸ ਕਾਫ਼ੀ ਸਿੱਟੇ ਜਮ੍ਹਾਂ ਹੋ ਗਏ ਤਾਂ ਉਹਨਾਂ ਨੂੰ ਕਪੜੇ ਧੋਣ ਵਾਲੀ ਥਾਪੀ ਨਾਲ ਕੁੱਟ, ਬਣਾ ਅਤੇ ਛੱਜ ਨਾਲ ਛੱਟ ਕੇ ਪਤੰਗ ਬਣਾਉਣ ਜੋਗੀ ਸਮੱਗਰੀ ਖਰੀਦ ਲਈ। ਆਸ ਦੀ ਨਵੀਂ ਕਿਰਨ ਦਾ ਦੀਵਾ ਜਗਾ ਕੇ ਆਪਣੇ ਮਨ-ਮੰਦਰ ਦੇ ਰਖਨੇ ਵਿੱਚ ਰੱਖਿਆ ਤੇ ਅਗਲੇ ਭਲਕ ਹੀ ਪਿੰਡ ਦੇ ਬੱਚਿਆਂ ਨੂੰ ਰੰਗ-ਬਰੰਗੇ ਪਤੰਗ ਬਣਾ ਕੇ ਵੇਚਣੇ ਸ਼ੁਰੂ ਕਰ ਦਿੱਤੇ।

ਕੁਝ ਹੀ ਦਿਨਾਂ ਵਿੱਚ ਮੇਰੀ ਦਸਾਂ ਨਹੁੰਆਂ ਦੀ, ਤਾਜ਼ੀ ਤਰੇਲ ਦੇ ਤੁਪਕੇ ਵਾਂਗੂ ਸੱਚੀ-ਸੁੱਚੀ ਕਿਰਤ-ਕਮਾਈ ਨਾਲ ਲਗਾਇਆ ਇਹ ਬੂਟਾ, ਵੱਧਣਾ-ਫੁਲਣਾ ਆਰੰਭ ਹੋ ਗਿਆ ਤੇ ਮੇਰੇ ਨੈਣਾਂ ਦੇ ਦੀਦੇ ਕਿਸੇ ਅਜੀਬ ਜਿਹੀ ਚਮਕ ਨਾਲ ਚਮਕ ਉੱਠੇ ਅਤੇ ਇਸ ਬੂਟੇ ਨੂੰ ਬੂਰ ਪੈਣਾ ਵੀ ਸ਼ੁਰੂ ਹੋ ਗਿਆ। ਕੁਝ ਹਫ਼ਤਿਆਂ ਦੇ ਅੰਦਰ ਹੀ ਪਤੰਗਾਂ ਦੀ ਵਿਕਰੀ ਨਾਲ ਮੇਰੇ ਖੀਸੇ ਵਿੱਚ ਇਤਨੀ ਕੁ ਮਾਇਆ ਜਮ੍ਹਾਂ ਹੋ ਗਈ ਕਿ ਜਿਸ ਨਾਲ ਮੈਂ ਭਾਈ ਕਾਨ੍ਹ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਖਰੀਦਣ ਦੇ ਕਾਬਲ ਹੋ ਗਿਆ। ਇਸ ਤਰ੍ਹਾਂ ਕਿਤਾਬਾਂ ਨੂੰ ਪੜ੍ਹਨ ਦਾ ਸ਼ੌਂਕ ਪੂਰਦਿਆਂ ਅਤੇ ਜਿ਼ੰਦਗੀ ਦੇ ਬਿਖੜੇ ਪੈਂਡੇ ਤੈਅ ਕਰਦਿਆਂ ਆਪਣੇ ਨਾਨਾ ਜੀ ਦੀ ਲਾਇਬਰੇਰੀ ਨੂੰ ਵੱਡਿਆਂ ਕਰਨ ਦਾ ਅਗਲਾ ਜੁਗਾੜ ਉਡੀਕਣ ਲੱਗਾ।

ਪਿਤਾ ਜੀ ਦੇ ਹੁਕਮ ਦੀ ਅਦੂੱਲੀ ਕਰਨੀ ਉਨ੍ਹਾਂ ਤੋਂ ਬਾਗ਼ੀ ਹੋਣ ਦੇ ਤੁੱਲ ਸੀ ਪਰ ਫਿਰ ਵੀ ਮੈਂ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਨਾਨਾ ਜੀ ਤੋਂ ਗੁਰਬਾਣੀ ਦੀ ਸੰਥਿਆ ਲੈਣੀ ਸ਼ੁਰੂ ਕਰ ਦਿੱਤੀ। ਗੁਰਬਾਣੀ ਦੀ ਸੰਥਿਆ ਦੇ ਕੇ, ਨਾਨਾ ਜੀ ਨੇ ਮੈਂਨੂੰ ਚੰਗਾ ਅਖੰਡ-ਪਾਠੀ ਬਣਾ ਦਿੱਤਾ ਅਤੇ ਆਪਣੇ ਨਾਲ ਹੀ ਸ੍ਰੀ ਅਖੰਡ ਪਾਠ ਦੀਆਂ ਰੌਲਾਂ ਲਾਉਣ ਲਾ ਲਿਆ, ਜਿਸ ਨਾਲ ਮੇਰੀ ਸਕੂਲੀ ਪੜ੍ਹਾਈ ਦੀ ਗੱਡੀ ਰੇੜ੍ਹੇ ਪੈ ਗਈ ਅਤੇ ਦੂਸਰੇ ਪਾਠੀਆਂ ਦੀ ਤਰ੍ਹਾਂ ਪਿੰਡ ਵਿੱਚ ਸਤਿਕਾਰ ਵੀ ਬਣ ਗਿਆ।

ਕਈ ਤਰ੍ਹਾਂ ਦੇ ਪਾਪੜ ਵੇਲ ਕੇ ਸਕੂਲੀ ਵਿੱਦਿਆ ਤੋਂ ਇਲਾਵਾ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਮਹਿਮਾ ਪ੍ਰਕਾਸ਼, ਪੰਥ ਪ੍ਰਕਾਸ਼, ਜਨਮ ਸਾਖੀ ਭਾਈ ਬਾਲੇ ਵਾਲੀ, ਸੌ ਸਾਖੀ, ਸਾਖੀ ਪ੍ਰਮਾਣ, ਮਹਾਂ-ਭਾਰਤ ਅਤੇ ਮਹਾਂ ਰਿਸ਼ੀ ਵਲਮੀਕ ਜੀ ਦੀ ਰਚੀ ਰਮਾਇਣ ਦਾ ਸਟੀਕ ਆਦਿ ਗ੍ਰੰਥ ਇਕੱਤਰ ਵੀ ਕੀਤੇ ਅਤੇ ਪੜ੍ਹ ਵੀ ਲਏ। ‘ਸੂਰਜ ਪ੍ਰਕਾਸ਼’ ਨੂੰ ਸਮਝਣ ਲਈ, ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਵਿਦਿਆਰਥੀ, ਗਿਆਨੀ ਅਮਰ ਸਿੰਘ ਸੰਧੂ ਜੀ ਨੂੰ ਆਪਣਾ ਉਸਤਾਦ ਧਾਰ ਲਿਆ ਅਤੇ ਉਨ੍ਹਾਂ ਕੋਲੋਂ ਹਰਮੋਨੀਅਮ ਤੇ ਕੀਰਤਨ ਕਰਨਾ ਵੀ ਸਿੱਖਣਾ ਸ਼ੁਰੂ ਕਰ ਦਿੱਤਾ।

ਗ਼ਰਜ਼ਮੰਦਾਂ ਦੀਆਂ ਗ਼ਰਜ਼ਾਂ ਦੇ ਵਾਂਗੂੰ ਹੀ ਮਨੁੱਖੀ ਮਨ ਦੀਆਂ ਗ਼ਰਜ਼ਾਂ ਦਾ ਵੀ ਕਿੱਧਰੇ ਕੋਈ ਅੰਤ ਨਹੀਂ। ਇਹ ਬਚਪਨ ਤੋਂ ਲੈ ਕੇ ਅੰਤ ਸਮੇਂ ਤੱਕ ਮਨੁੱਖ ਦੇ ਸਾਥ ਚੱਲਦਿਆਂ ਕੁੱਝ ਪੁੱਗ ਤੇ ਕੁੱਝ ਅਪੁੱਗ ਰਹਿ ਜਾਂਦੀਆਂ ਹਨ। ਇਹ ਵੱਖ ਵੱਖ ਉੱਮਰ ਦੇ ਪੜਾਅ ਸਮੇਂ ਵੱਖ ਵੱਖ ਪ੍ਰਕਾਰ ਦੀਆਂ ਹੁੰਦੀਆਂ ਹਨ ਅਤੇ ਹਮੇਸ਼ਾਂ ਬਾਣੀਏ ਦੇ ਵਿਆਜ ਵਾਂਗ ਵੱਧਦੀਆਂ ਹੀ ਰਹਿੰਦੀਆਂ ਹਨ।

ਇਹ ਵਿਚਾਰਦਿਆਂ ਮੇਰਾ ਮਨ ਅਨਭੋਲ ਹੀ ਮਨੁੱਖੀ ਮਨ ਦਾ ਵਿਸ਼ਲੇਸ਼ਣ ਕਰਨ ਵਾਲੇ ਸੰਸਾਰ ਦੇ ਸਭ ਤੋਂ ਵੱਡੇ ਮਨੋਵਿਗਿਆਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਮਨੁੱਖੀ ਮਨ ਦੀਆਂ ਕਾਮਨਾਵਾਂ ਸਬੰਧੀ ਗੁਰਬਾਣੀ ਵਿੱਚ ਉਚਾਰਨ ਕੀਤੇ ਸੁੰਦਰ ਪ੍ਰਵਚਨਾਂ ਵੱਲ ਗਿਆ:

ਪਹਿਲੇ ਪਿਆਰ ਲਗਾ ਥਣ ਦੁਧਿ।। ਦੂਜੇ ਮਾਇ ਬਾਪ ਕੀ ਸੁਧਿ।।
ਤੀਜੇ ਭਯਾ ਭਾਭੀ ਬੇਬ।। ਚਉਥੈ ਪਿਆਰਿ ਉਪੰਨੀ ਖੇਡ।।
ਪੰਜਵੈ ਖਾਣੁ ਪੀਅਣ ਕੀ ਧਾਤੁ।। ਛਿਵੈ ਕਾਮੁ ਨ ਪੁਛੈ ਜਾਤਿ।।
ਸਤਵੈ ਸੰਜਿ ਕੀਆ ਘਰ ਵਾਸੁ।। ਅਠਵੈ ਕ੍ਰੋਧ ਹੋਆ ਤਨ ਨਾਸੁ।।
ਨਵੈ ਧਉਲੇ ਉਭੇ ਸਾਹ।। ਦਸਵੈ ਦਧਾ ਹੋਆ ਸੁਆਹ।।
(ਵਾਰ ਮਾਝ ਕੀ ਤਥਾ ਸਲੋਕ ਮਹਲਾ 1)— ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 137

ਇਸੇ ਜਗਿਆਸਾ ਦੇ ਗੇੜ ਦੇ ਅਧੀਨ ਹੀ ਮੇਰਾ ਮਨ ਵੀ ਸਿੱਖ ਧਰਮ ਦੀ ਤਾਤਵਿਕ ਵਿਆਖਿਆ ਕਰਨ ਵਾਲੇ ਪ੍ਰਬੁੱਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਮਹਾਨ ਰਚਨਾ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਦਾ ਪਾਠ ਕਰਨ ਉਪਰੰਤ, ਲੋਚਣ ਲੱਗਾ ਕਿ ਉਨ੍ਹਾਂ ਇਤਿਹਾਸਕ ਥਾਵਾਂ ਦੇ ਦਰਸ਼ਨ ਦੀਦਾਰੇ ਕੀਤੇ ਜਾਣ ਜੋ ‘ਤਵਾਰੀਖ’ ਅਤੇ ‘ਮਹਾਨ ਕੋਸ਼’ ਵਿੱਚ ਦਰਜ਼ ਹਨ। ਹਰਮੋਨੀਅਮ ਸਿੱਖਣ ਨਾਲ ਇਹ ਫਾਇਦਾ ਹੋ ਗਿਆ ਕਿ ਮੈਂ ਪਿੰਡ ਦੀਆਂ ਛੋਟੀਆਂ ਸਟੇਜਾਂ ਉਪਰ ਧਾਰਮਿਕ ਗੀਤ ਲਿਖਕੇ ਗਾਉਣੇ ਸ਼ੁਰੂ ਕਰ ਦਿੱਤੇ। ਸਿੱਟੇ ਵਜੋਂ ਮੇਰੀ ਸੱਖਣੀ ਜੇਬ ਵਿੱਚ ਰੌਣਕ ਰਹਿਣ ਲੱਗੀ, ਇਸ ਰੌਣਕ ਨਾਲ ਕਿਤਾਬਾਂ ਦੀ ਖ਼ਰੀਦਾਰੀ ਤਾਂ ਹੁੰਦੀ ਸੀ ਪਰੰਤੂ ਇਤਿਹਾਸਕ ਸਥਾਨਾਂ ਦੇ ਦਰਸ਼ਨ-ਦੀਦਾਰੇ ਮੇਰੀ ਪਹੁੰਚ ਤੋਂ ਕੋਹਾਂ ਪਰੇ ਸਨ।

ਇੰਜ ਸਿਰਜੇ ਹੋਏ ਸੁਪਨਿਆਂ ਦੇ ਨਾਲ ਨਾਲ ਆਪਣੇ ਸਾਰੇ ਭੈਣ-ਭਰਾਵਾਂ ਤੋਂ ਵੱਡਾ ਹੋਣ ਦੇ ਨਾਤੇ ਮਾਤਾ-ਪਿਤਾ ਦੀ ਭਾਰੀ ਕਬੀਲਦਾਰੀ ਦੀ ਪੰਜਾਲੀ ਵੀ ਮੇਰੇ ਆਪਣੇ ਗਲ ਹੀ ਪਈ ਹੋਈ ਸੀ। ਜਿਸ ਕਾਰਣ ਅਤੀਤ ਦਾ ਮੇਰਾ ਇਹ ਸੁਪਨਾ ਹਾਲ ਦੀ ਘੜੀ ਇੱਕ ਸੁਪਨਾ ਬਣ ਕੇ ਹੀ ਰਹਿ ਗਿਆ ਪਰੰਤੂ ਇਸ ਸੁਪਨੇ ਨੇ ਮੈਂਨੂੰ ਇਤਿਹਾਸ ਦਾ ਗੰਭੀਰ ਵਿਦਿਆਰਥੀ ਜ਼ਰੂਰ ਬਣਾ ਦਿੱਤਾ ਅਤੇ ਅਤੀਤ ਦੇ ਸਿਰਜੇ ਸੁਪਨੇ ਨੂੰ ਅਸਲੀਅਤ ਦਾ ਜਾਮਾ ਬਹੁਤ ਦੇਰ ਬਾਅਦ ਨਸੀਬ ਹੋਇਆ।

ਅੱਜ ਆਪਣੀ ਜਿ਼ੰਦਗੀ ਦਾ ਪੰਧ ਨਬੇੜਦਿਆਂ ਜਦੋਂ ਕਿਧਰੇ ਕਿਸੇ ਹਨੇਰੇ ਦੀ ਦਲ-ਦਲ ਵਿੱਚ ਧਸ ਵੀ ਜਾਂਦਾ ਹਾਂ ਤਾਂ ਮੈਂਨੂੰ ਝਰੋਖੇ ਵਿੱਚੋਂ ਝਾਕਦੇ ਚਾਨਣ ਦੀ ਲੋਅ ਨਾਲ ਰਸਤਾ ਮਿਲ ਜਾਂਦਾ ਹੈ ਅਤੇ ਆਪਣੇ ਪੱਬਾਂ ‘ਤੇ ਤੇਜ਼ ਕਦਮੀਂ ਚੱਲਦਿਆਂ ਹਰ ਮੁਸ਼ਕਲ ਦਾ ਹੱਲ ਸਹਿਜੇ ਹੀ ਨਜ਼ਰ ਆ ਜਾਂਦਾ ਹੈ। ਪਤੰਗ ਵੇਚ ਕੇ, ਸਿੱਟੇ ਚੁੱਗ ਕੇ, ਖਰੀਦਿਆ ‘ਮਹਾਨ ਕੋਸ਼’, ਮੈਂਨੂੰ ਮੇਰੀ ਜਿ਼ੰਦਗੀ ਦੇ ਗਗਨ ਦਾ ਧਰੂ ਤਾਰਾ ਦਿਖਾਈ ਦਿੰਦਾ ਹੈ ਅਤੇ ਅਤੀਤ ਵਿੱਚ ਸਿਰਜੇ ਸੁਪਨੇ ਦੇ ਸੁਹਾਵਣੇ ਪਲਾਂ ਦੀ ਯਾਦ ਤਾਜ਼ਾ ਕਰਵਾਉਂਦਾ ਹੈ।

***
248
***

(ਦੂਜੀ ਵਾਰ 24 ਜੁਲਾਈ 2021)
(ਪਹਿਲੀ ਵਾਰ 16 ਅਗਸਤ 2010)

Sikh Literary & Cultural Stall
4 Wolverley Crescent, Oldbury
West Midlands B69 1FD (UK)

ਦਲਜੀਤ ਸਿੰਘ ਉੱਪਲ

Sikh Literary & Cultural Stall 4 Wolverley Crescent, Oldbury West Midlands B69 1FD (UK)

View all posts by ਦਲਜੀਤ ਸਿੰਘ ਉੱਪਲ →