19 June 2024

ਗੀਤ: ਉਮੰਗੜੀਅਾਂ—ਦਲਜੀਤ ਸਿੰਘ ਉੱਪਲ

ਦਿਲ ਵਾਦੀ ਤੇ ਝੁੰਮਰ ਪਾਵਣ,
ਵਸਲਾਂ ਦੀਅਾਂ ਉਮੰਗੜੀਅਾਂ।
ਜਿੰਦ ਬੂਟੇ ‘ਤੇ ਝਿਮ ਝਿਮ ਬਰਸਣ,
ਬਦਲੀਅਾਂ ਯਾਦਾਂ ਸੰਦੜੀਅਾਂ।

ਸਰਘੀਅਾਂ ਤੋਂ ਮੈਂ ਸ਼ਾਮਾਂ ਤੀਕਣ,
ਉੱਡ ਉੱਡ ਯਾਦ ਦੇ ਬਿਰਖਾਂ ‘ਤੇ
ਨੀਝ ਦੇ ਪੰਛੀ ਜ਼ਖ਼ਮੀਂ ਹੋਏ,
ਝੜ ਝੜ ਪੈਂਦੀਅਾਂ ਫੰਗੜੀਅਾਂ—
      ਦਿਲ ਵਾਦੀ ਤੇ ਝੁੰਮਰ ਪਾਵਣ,
      ਵਸਲਾਂ ਦੀਅਾਂ ਉਮੰਗੜੀਅਾਂ।

ਸੁਰਤੀ ਦੀ ਤੰਦ ਟੁੱਟ ਟੁੱਟ ਜਾਂਦੀ,
ਭੁਰ ਭੁਰ ਜਾਂਦੇ ਸੁਪਨੇ ਵੇ,
ਜਿਉਂ ਕਰ ਝੱਖੜ ਬਾਲਾਂ ਹੱਥੋਂ,
ਖੋਹ ਖੋਹ ਲੈਣ ਪਤੰਗੜੀਅਾਂ—
      ਦਿਲ ਵਾਦੀ ਤੇ ਝੁੰਮਰ ਪਾਵਣ,
      ਵਸਲਾਂ ਦੀਅਾਂ ਉਮੰਗੜੀਅਾਂ।

ਭੌਂ ‘ਤੇ ਲੀਕਾਂ ਘਾਰੇ ਪਾਏ,
ਗਿਣ ਗਿਣ ਪੋਟੇ ਹਾਰ ਗਏ,
ਵਾਟਾਂ ਵਿਹੰਦੀਅਾਂ ਅੱਖੀਅਾਂ ਰਹੀਅਾਂ,
ਟੁਰ ਟੁਰ ਹੰਭੀਅਾਂ ਜੰਘੜੀਅਾਂ—
      ਦਿਲ ਵਾਦੀ ਤੇ ਝੁੰਮਰ ਪਾਵਣ,
      ਵਸਲਾਂ ਦੀਅਾਂ ਉਮੰਗੜੀਅਾਂ।

ਥਾਹ ਨਹੀਂ ਪੱਤਰ ਕਿੰਨੇ ਪਾਏ,
ਚੁੱਪਾਂ ਨੂੰ ਵੀ ਹਾਥ ਨਹੀਂ,
ਪ੍ਰੀਤਾਂ ਦੇ ਕਣ ਮੂਲ ਨਾ ਨਿਕਲਣ,
ਭੰਨ ਭੰਨ ਹਾਰੀ ਵੰਗੜੀਅਾਂ—
      ਦਿਲ ਵਾਦੀ ਤੇ ਝੁੰਮਰ ਪਾਵਣ,
      ਵਸਲਾਂ ਦੀਅਾਂ ਉਮੰਗੜੀਅਾਂ।

‘ਉੱਪਲ’ ਬੈਠਾ ਵਿੱਚ ਪ੍ਰਦੇਸੀਂ,
ਨਾਲ ਹਮਦਰਦੀ ਫੈਹੇ ਬੰਨ੍ਹੇ,
ਬਾਲ਼ੇ ਨਾ ਕੋਈ ਆਸ ਦਾ ਦੀਵਾ,
ਬਸ ਬਾਤਾਂ ਨੇ ਬਤੰਗੜੀਅਾਂ—
      ਦਿਲ ਵਾਦੀ ਤੇ ਝੁੰਮਰ ਪਾਵਣ,
      ਵਸਲਾਂ ਦੀਅਾਂ ਉਮੰਗੜੀਅਾਂ।
***
ਦਲਜੀਤ ਸਿੰਘ ਉੱਪਲ
+44 7592881098

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1075
***

About the author

ਦਲਜੀਤ ਸਿੰਘ ਉੱਪਲ

Sikh Literary & Cultural Stall
4 Wolverley Crescent, Oldbury
West Midlands B69 1FD (UK)

ਦਲਜੀਤ ਸਿੰਘ ਉੱਪਲ

Sikh Literary & Cultural Stall 4 Wolverley Crescent, Oldbury West Midlands B69 1FD (UK)

View all posts by ਦਲਜੀਤ ਸਿੰਘ ਉੱਪਲ →