10 October 2024

ਹੇ ਮਿੱਤਰਾ!—ਦਲਜੀਤ ਸਿੰਘ ਉੱਪਲ

 

 

 

 

 

ਹੇ ਮਿੱਤਰਾ ਮੈਂ ਤੇਰਾ ਸੰਕਟ ਜਾਣ ਗਿਅਾ ਹਾਂ।
ਮੈਂ ਤੇਰੇ ਦੋਖੀ ਨੂੰ ਵੀ ਪਹਿਚਾਣ ਗਿਅਾ ਹਾਂ।

‘ਰਮਜ਼ਾਂ’ ਵਿੱਚ ਮੈਂ ਗੱਲ ਕਰਨੀ ਹੈ, ਰਮਜ਼ ਪਛਾਣੋ।
ਦ੍ਰਿਸ਼ਟਕੂਟ ਦੀ ਭਾਸ਼ਾ ਨੂੰ ਪਰਮਾਣ ਗਿਅਾ ਹਾਂ ।

ਜੋ ਦਿਸਦਾ ਹੈ ਜੋ ਵਾਪਰਦਾ ਹੈ ਸਾਰੇ ਜਾਨਣ,
ਮੈਂ ਪਰਤੱਖ ਤੋਂ ਅੱਗੇ ਪੈਂਡੇ ਵਾਣ ਗਿਆ ਹਾਂ।

ਇਸ ਟਾਪੂ ਵਿੱਚ ਕੀ ਹੁੰਦਾ ਹੈ, ਕੀ ਨਹੀਂ ਹੁੰਦਾ,
ਸੱਚੀ ਗੱਲ ਹੈ ਮਾਪ-ਦੰਡ ਮੈਂ ਤਾਣ ਗਿਆ ਹਾਂ।

ਪਾਰ ਸਮੁੰਦਰੋਂ ‘ਲਿਖਾਰੀ’ ਕੱਢ ਕੇ ਵਾਹ ਵਾਹ ਖੱਟ ਤੂੰ,
ਇਸ ਖੱਟੀ ਵਿੱਚ ਮਿੱਤਰਾ ਪਾ ਯੁੱਗ-ਦਾਣ ਗਿਆ ਹਾਂ।

ਇੱਥੇ ਸੌ ਤੋਂ ਵੱਧ ਲੇਖਕ ਹਨ ਪੰਜਾਬੀ ਦੇ,
ਮੈਂ ਤਾਂ ਮਸਤਕ ਹਰ ਇੱਕ ਦੇ ਸੰਗ ਡਾਹਣ ਗਿਆ ਹਾਂ

ਮੈਂ ਸਿੱਖ ਹਾਂ, ਸਿੱਖਦਾ ਹਾਂ ਹਰ ਇੱਕ ਪਹਿਚਾਣ ਵੀਰੋ,
ਇਸ ਸਿੱਖਿਆ ਦਾ ਪੂਰਾ ਪਰਚਾ ਪਾਣ ਗਿਆ ਹਾਂ।

ਇਸ ਪਰਚੇ ਵਿੱਚ ਪਾਸ ਫੇਲ੍ਹ ਦੀ ਕੀਮਤ ਨਾਹੀਂ,
ਇਸ ਪਰਚੇ ਵਿੱਚ ਨਾਪਣ ਵਿੱਦਿਆ ਮਾਣ ਗਿਆ ਹਾਂ।

ਮੈਂ ਮਿੱਡਲੈਂਡ ਵਿੱਚ ਵੱਸਦਾ ਹਾਂ ਤੇ ਲੰਡਨ ਅੰਦਰ,
ਮਾਝ੍ਹੇ ਦੀ ਮੈਂ ਪਿਰਤ ਅਨੋਖੀ ਪਾਣ ਗਿਆ ਹਾਂ।

‘ਅੱਖੀਅਾਂ ਹਰਦਮ ਕੂੜ ਮਾਰਦੀਅਾਂ’ ਜਾਂ ਸੱਚ ਆਖਣ,
ਅੱਖੀਅਾਂ ਦੀਅਾਂ ‘ਰਮਜ਼ਾਂ’ ਮਿੱਤਰੋ ਜਾਣ ਗਿਅਾਂ ਹਾਂ।

‘ਮੋਨਾਲੀਜ਼ਾ’ ਚਿੱਤਰ ਹੈ ਜੋ ਵਿਸ਼ਪ ਵਿਆਪੀ,
ਮੈਂ ਅੱਖੀਅਾਂ ਦੀ ਬੋਲੀ, ਸੋਝੀ ਪਾਣ ਗਿਆ ਹਾਂ।

ਕਵੀ ਕਵੀਸ਼ਰ, ਲੇਖਕ ਭਰਮਾਂ ਦੇ ਸੌਦਾਗਰ,
ਮੈਂ ਭਰਮਾਂ ਤੋਂ ਮੁੱਕਤ ਹੋ ਮਿੱਟੀ ਛਾਣ ਗਿਆ ਹਾਂ।

ਕੱਚੀ ਮਿੱਟੀ ਅੰਦਰ ਮੈਂਨੂੰ ਮੋਹ ਮਿਲਿਆ ਹੈ,
ਧਰਤ ਦੁਆਬੇ ਦਾ ਮੈਂ ਹਿਰਦਾ ਮਾਣ ਗਿਆ ਹਾਂ।

ਕੁਝ ਰੂਸੀ ਨੇ ਕੁਝ ਚੀਨੀ ਨੇ ਤੇ ਕੁਝ ਦੇਸੀ,
ਭਾਂਤ ਭਾਂਤ ਦੀਅਾਂ ਕਲਮਾਂ ਲੈ ਉਦਿਆਣ ਗਿਅਾਂ ਹਾਂ।

ਮਾਝੇ ਅੰਦਰ ‘ਗੁਰੂ ਅਰਜਨ’ ਇੱਕ ਰਾਗ ਰਚਾਇਆ,
ਮਾਝ ਰਾਗ ਦੀ ਰੂਹ ਨੂੰ ਮੈਂ ਸਿੰਞਾਣ ਗਿਆ ਹਾਂ।

ਮੈਂ ਪੰਜਾਬ ਤੋਂ ਤੁਰਿਆ ਹਾਂ ਪਰਦੇਸਾਂ ਵੱਲ ਨੂੰ,
ਸਮਝ ਲਓ ਕਿ ਜੱਗ ਦੇ ਧੱਕੇ ਖਾਣ ਗਿਆ ਹਾਂ।

ਮੈਂ ਅਫ਼ਰੀਕਾ ਤੇ ਅਮਰੀਕਾ ਖਜਲ ਵੀ ਹੋਇਆ ਹਾਂ,
ਧੁਰ ਪੂਰਬ ਵਿੱਚ ‘ਕਾਮਾਗਾਟਾ’ ਵਾਹਣ ਗਿਆ ਹਾਂ।

ਹੁਣ ‘ਮਿਡਲੈਂਡ’ ‘ਚ ਵੱਸਦਾ ਹਾਂ ਯੂ.ਕੇ. ਦਾ ਸ਼ਹਿਰੀ,
ਰਹਿੰਦੀ ਉਮਰਾ ਛੰਦਾਂ ਵਿੱਚ ਵਿਹਾਣ ਗਿਆ ਹਾਂ।

‘ਉੱਪਲ’ ਦੀ ਹੈ ‘ਧੁੱਪਲ’ ਵਰਗੀ ਭੁੱਖ ਵੀਰਨੋ,
ਉਹ ਇਸ ਟਾਪੂ ‘ਚ ਨਹੀਂ ਮਿਲਣੀ ਜਾਣ ਗਿਆ ਹਾਂ।

ਹੇ ਮਿੱਤਰਾ ਮੈਂ ਤੇਰਾ ਸੰਕਟ ਜਾਣ ਗਿਅਾ ਹਾਂ ।
ਮੈਂ ਤੇਰੇ ਦੋਖੀ ਨੂੰ ਵੀ ਪਹਿਚਾਣ ਗਿਅਾ ਹਾਂ ।
***
982
***

Sikh Literary & Cultural Stall
4 Wolverley Crescent, Oldbury
West Midlands B69 1FD (UK)

ਦਲਜੀਤ ਸਿੰਘ ਉੱਪਲ

Sikh Literary & Cultural Stall 4 Wolverley Crescent, Oldbury West Midlands B69 1FD (UK)

View all posts by ਦਲਜੀਤ ਸਿੰਘ ਉੱਪਲ →