1. ਜੇ ਬੰਸਰੀ ਬਣ ਜਾਵਾਂ
ਜੇ ਬੰਸਰੀ ਮੈ ਬਣ ਜਾਵਾਂ
ਹਰ ਦਿਲ ਦਾ ਫਿਰ ਇੱਕ ਗੀਤ ਬਣਾਂ
ਹਰ ਛੇਦ ਮੇਰਾ ਰੂਪ ਬਣੇ
ਸੱਤ ਸੁਰਾਂ ਸੰਗੀਤ ਬਣਾਂ
ਜੇ ਬੰਸਰੀ ਮੈਂ ਬਣ ਜਾਵਾਂ
ਗੀਤਾਂ ਦੀ ਮੈਂ ਧੁਨ ਬਣਾਂ
ਬਿਸਮਿੱਲਾ ਸ਼ਹਿਨਾਈ ਬਣਾਂ
ਬੁੱਲੇਸ਼ਾਹ ਦੀ ਕਾਫੀ ਬਣ ਕੇ
ਵਾਰਿਸ ਸ਼ਾਹ ਦੀ ਹੀਰ ਬਣਾਂ
ਜੇ ਬੰਸਰੀ ਮੈਂ ਬਣ ਜਾਵਾਂ
ਡੁੱਬਦੀ ਸੋਹਣੀ ਪੀੜ ਬਣਾਂ
ਮਹੀਂਵਾਲ ਦੀ ਚੀਕ ਸੁਣਾਂ
ਮਿਰਜ਼ਾ ਸਾਹਿਬਾਂ ਘੋੜੀ ਛਮਕਾਂ
ਨਾ ਜੰਡ ਤੇ ਟੰਗੇ ਤੀਰ ਬਣਾਂ
ਜੇ ਬੰਸਰੀ ਮੈਂ ਬਣ ਜਾਵਾਂ
ਰਾਤ ਅੰਧੇਰੀ ਜੁਗਨੂੰ ਬਣਾਂ
ਸਤਰੰਗੀ ਸਾਵਣ ਬਣਾਂ
ਪੱਤਝੜ ਰੁੱਤੇ ਪੱਤੇ ਕਿਰਦੇ
ਗਲ਼ਵੱਕੜੀ ਮੈਂ ਨੀਰ ਬਣਾਂ
ਜੇ ਬੰਸਰੀ ਮੈਂ ਬਣ ਜਾਵਾਂ
ਅੰਬਰੀਂ ਉੱਡਦਾ ਪੰਖ ਬਣਾਂ
ਸਾਗਰ ਡੂੰਘੇ ਮੱਛ ਬਣਾਂ
ਤੇਜ਼ ਹਵਾਵਾਂ ਰੇਗਿਸਤਾਨੀ
ਊਠਾਂ ਦੀ ਮੈਂ ਪੈੜ ਬਣਾਂ
ਜੇ ਬੰਸਰੀ ਮੈਂ ਬਣ ਜਾਵਾਂ
ਨਨਕਾਣੇ ਦੀ ਧਰਤ ਬਣਾਂ
ਗੁਰਬਾਣੀ ਦੀ ਤੁਕ ਬਣਾਂ
ਲਾਲੋ ਦੀ ਮੈਂ ਬਣ ਕੇ ਰੋਟੀ
ਨਾ ਭਾਗੋ ਦੀ ਖੀਰ ਬਣਾਂ
ਜੇ ਬੰਸਰੀ ਮੈਂ ਬਣ ਜਾਵਾਂ
ਮਹਾਂਮਾਰੀ ਦਾ ਦਰਦ ਬਣਾਂ
ਸਿਵਿਆਂ ਦੀ ਨਾ ਰਾਖ ਬਣਾਂ
ਜੰਗਲ ਬੇਲੇ ਬਣ ਹਵਾਵਾਂ
ਹਰ ਮਰਦੇ ਦਾ ਸਾਹ ਬਣਾਂ
ਜੇ ਬੰਸਰੀ ਮੈਂ ਬਣ ਜਾਵਾਂ
*
(28.04.2021)
* |