18 September 2024

ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ ਕਵਿਤਾਵਾਂ: 1. ਸੂਬੇ ਦੀ ਕਚਹਿਰੀ, 2. *ਘੋੜੀ ਸਾਹਿਬਜ਼ਾਦਿਆਂ ਦੀ* ਅਤੇ 3. ਅਸੀਂ ਕਰੀਏ ਨਾ ਈਨ ਪਰਵਾਨ ਸੂਬਿਆ — ਗੁਰਦੀਸ਼ ਕੌਰ ਗਰੇਵਾਲ- ਕੈਲਗਰੀ

ਸੂਬੇ ਦੀ ਕਚਹਿਰੀ (ਕਵਿਤਾ ਨਵੀਂ )

ਸੂਬੇ ਦੀ ਕਚਹਿਰੀ ਅੱਜ ਲੱਗਾ ਹੋਇਆ ਮੇਲਾ ਏ।
ਬੇਈਮਾਨ ਕਾਜ਼ੀ ਨਾਲ ਸੁੱਚਾ ਨੰਦ ਚੇਲਾ ਏ।

ਸੋਚਦੇ ਨੇ ਬੱਚਿਆਂ ਨੂੰ ਅੱਜ ਤਾਂ ਝੁਕਾਵਾਂਗੇ,
ਆਉਂਦਿਆਂ ਹੀ ਛੋਟੀ ਜਿਹੀ ਬਾਰੀ ‘ਚੋਂ ਲੰਘਾਵਾਂਗੇ।

ਲੰਘਦਿਆਂ ਟੁੱਟ ਜਾਣਾ ਸਾਰਾ ਹੀ ਗਰੂਰ ਆ।
ਅੱਜ ਉਹਨਾਂ ਈਨ ਸਾਡੀ ਮੰਨਣੀ ਜਰੂਰ ਆ।

ਉਤੋਂ ਉਤੋਂ ਖੁਸ਼ ਹੋ ਕੇ ਗੱਲਾਂ ਕਰੀ ਜਾਂਦੇ ਨੇ,
ਵਿੱਚੋਂ ਵਿਚੀਂ ਮਨਾਂ ਵਿੱਚ ਸਾਰੇ ਡਰੀ ਜਾਂਦੇ ਨੇ।

ਦੂਜੇ ਪਾਸੇ ਪੋਤਿਆਂ ਨੂੰ ਦਾਦੀ ਹੈ ਸਜਾ ਰਹੀ,
ਸਿੱਖੀ ਵਾਲਾ ਪਾਠ ਅੱਜ ਘੋਟ ਕੇ ਪਿਲਾ ਰਹੀ।

‘ਦਾਦਾ ਜੀ ਨੇ ਜਾ ਕੇ ਸੀਸ ਦਿੱਲੀ ਕਟਵਾਇਆ ਏ,
ਪੜ੍ਹਦਾਦੇ ਬੂਟਾ ਇਹ ਸ਼ਹਾਦਤਾਂ ਦਾ ਲਾਇਆ ਏ।

ਵੱਡਿਆਂ ਦੀ ਪੱਗ ਤਾਈਂ ਦਾਗ਼ ਤੁਸੀਂ ਲਾਉਣਾ ਨਹੀਂ,
ਪਾਪੀਆਂ ਦੇ ਅੱਗੇ ਕਦੇ ਸੀਸ ਨੂੰ ਝੁਕਾਉਣਾ ਨਹੀਂ !’

ਬਾਰੀ ਵੇਖ- ਵੱਡਾ ਸਮਝਾਏ ਛੋਟੇ ਵੀਰ ਨੂੰ,
‘ਜੁੱਤੀ ਹੈ ਵਿਖਾਉਣੀ ਸਰਹੰਦ ਦੇ ਵਜ਼ੀਰ ਨੂੰ !’

ਝੁਕੇ ਨਹੀਂ, ਪਹਿਲਾਂ ਸੱਜਾ ਪੈਰ ਅੱਗੇ ਕੱਢਿਆ,
ਦੁਸ਼ਟਾਂ ਦੀ ਚਾਲ ਵਾਲਾ ਫਸਤਾ ਹੀ ਵੱਢਿਆ।

‘ਬੋਲੇ ਸੋ ਨਿਹਾਲ’ ਦੇ ਜੈਕਾਰੇ ਨਾਲ ਛੱਡ ਦਿੱਤੇ,
ਪਾਪੀਆਂ ਦੇ ਦਿਲਾਂ ਵਾਲੇ ਵਹਿਮ ਸਾਰੇ ਕੱਢ ਦਿੱਤੇ।

ਕਾਜ਼ੀ ਤੇ ਨਵਾਬ ਤਾਂ ਹੈਰਾਨ ਹੋਈ ਜਾਂਦੇ ਆ,
ਮੁੜ ਮੁੜ ਬੱਚਿਆਂ ਨੂੰ ਫੇਰ ਸਮਝਾਂਦੇ ਆ।

ਸੁੱਚੇ ਨੰਦ ਆਖਿਆ- ‘ਸਲਾਮ ਕਰੋ ਸੂਬੇ ਨੂੰ !’
ਦੇਣਾ ਅੰਜਾਮ ਚਾਹੇ ਆਪਣੇ ਮਨਸੂਬੇ ਨੂੰ।

‘ਕਰਤੇ ਪੁਰਖ ਅੱਗੇ ਸੀਸ ਨਿਵਾਇਆ ਏ,
ਜ਼ਾਲਿਮਾਂ ਦੇ ਅੱਗੇ ਇਹਨੂੰ ਕਦੇ ਨਾ ਝੁਕਾਇਆ ਏ !’

ਸੂਝ ਬੂਝ ਤੱਕ ਕੇ, ਵਜ਼ੀਦਾ ਹੋਇਆ ਦੰਗ ਏ,
‘ਡਰ ਖੌਫ਼ ਮੰਨਦੇ ਨਾ, ਮੌਤ ਤੋਂ ਨਿਸ਼ੰਗ ਇਹ !’

ਹਾਰ ਹੰਭ, ਬੱਚਿਆਂ ਤੇ ਪਿਆਰ ਜਤਲਾਇਆ ਏ,
ਦੌਲਤਾਂ ਤੇ ਸ਼ੋਹਰਤਾਂ ਦਾ ਚੋਗਾ ਫਿਰ ਪਾਇਆ ਏ।

ਨਵੇਂ ਨਵੇਂ ਜਾਲ਼ ਕਈ ਲਾਲਾਂ ਲਈ ਵਿਛਾਉਣਗੇ,
ਗੁਜਰੀ ਦੇ ਲਾਲ ਭਲਾ ਲਾਲਚਾਂ ‘ਚ ਆਉਣਗੇ ?

‘ਨਾਗ ਦੇ ਨੇ ਬੱਚੇ, ਭਰੇ ਹੋਏ ਨੇ ਹੰਕਾਰ ਦੇ,
ਤਾਹੀਉਂ ਹਰ ਗੱਲ ‘ਚ ਫੁੰਕਾਰੇ ਇਹੋ ਮਾਰਦੇ !’

ਪੁੱਛੋ ਭਲਾ- ‘ਛੱਡ ਦੇਈਏ, ਕਰੋ ਕੀ ਕਰਾਓਗੇ ?
ਫੇਰ ਤੁਸੀਂ ਹੁਣ ਕਿਹੜੇ ਬਾਪ ਕੋਲ ਜਾਓਗੇ ?’

‘ਬਾਪ ਤਾਂ ਤੁਹਾਡਾ ਗਿਆ ਜੰਗ ਵਿੱਚ ਮਾਰਿਆ,
ਵੱਡੇ ਸਾਮਰਾਜ ਤਾਈਂ, ਉਹਨੇ ਸੀ ਵੰਗਾਰਿਆ !’

ਬੱਚਿਆਂ ਜਵਾਬ ਦਿੱਤਾ-‘ਜੰਗਲਾਂ ‘ਚ ਜਾਵਾਂਗੇ,
ਸਿੰਘਾਂ ਨੂੰ ਇਕੱਠੇ ਕਰ ਜ਼ੁਲਮ ਮਿਟਾਵਾਂਗੇ!’

ਸੁੱਚਾ ਨੰਦ ਮੁੜ ਭੜਕਾਇਆ ਹੈ ਨਵਾਬ ਨੂੰ,
‘ਸੁਣ ਲਓ ਜੀ!’ ਉਸ ਨੇ ਸੁਣਾਇਆ ਹੈ ਨਵਾਬ ਨੂੰ।

ਨਵਾਬ ਕਿਹਾ-‘ਕਾਜ਼ੀ ਸਾਹਿਬ ਆਪ ਹੀ ਬਤਾਈਏ !
ਸ਼ਰ੍ਹਾ ਅਨੁਸਾਰ ਸਜ਼ਾ ਕੌਨ ਸੀ ਸੁਨਾਈਏ ?’

ਬੱਚਿਆਂ ਦੀ ਸਜ਼ਾ ਦਾ ਕਨੂੰਨ ਨਾ ਥਿਆਇਆ ਏ,
ਕਾਜ਼ੀ ਸਿਰ ਨਾਂਹ ਵਿੱਚ ਆਪਣਾ ਹਿਲਾਇਆ ਏ।

ਮਾਲੇਰਕੋਟਲਾ ਨਵਾਬ ਨੂੰ ਬੁਲਾਇਆ ਏ,
ਬਦਲਾ ਭਰਾ ਦਾ ਲੈਣ ਲਈ ਉਕਸਾਇਆ ਏ।

‘ਹਾਅ ਦਾ ਨਾਅਰਾ’ ਮਾਰ ਕੇ ਨਵਾਬ ਏਦਾਂ ਬੋਲਿਆ-
‘ਇਹਨਾਂ ਮਾਸੂਮਾਂ ਕਿਹੜਾ ਖੂਨ ਕੋਈ ਡੋਲ੍ਹਿਆ?’

‘ਬਦਲਾ ਪਿਤਾ ਦਾ ਬੱਚਿਆਂ ਤੋਂ ਨਹੀਉਂ ਲਈਦਾ,
ਜ਼ਿੰਦਗੀ ‘ਚ ਆਪਣੇ ਅਸੂਲਾਂ ਉਤੇ ਰਹੀਦਾ !’

ਤੀਜੇ ਦਿਨ, ਕਾਜ਼ੀ ਉਹਨਾਂ ਦੁਸ਼ਟਾਂ ਦਾ ਹੋ ਗਿਆ,
ਸੱਚ ਕੋਲੋਂ ਮੂੰਹ ਮੋੜ, ਝੂਠ ਨਾਲ ਖਲੋ ਗਿਆ।

ਚੱਲਿਆ ਨਾ ਜ਼ੋਰ ਜਦ ਕੋਈ ਭਰਮਾਉਣ ਦਾ,
ਫਤਵਾ ਸੁਣਾ ਦਿੱਤਾ, ਨੀਹਾਂ ‘ਚ ਚਿਨਾਉਣ ਦਾ !

ਬਾਲ ਨੇ ਮਾਸੂਮ ਭਾਵੇਂ, ਜਿੰਦਾਂ ਅਨਮੋਲ ਨੇ,
ਨੀਹਾਂ ਵਿੱਚ ਖੜੇ ਪਰ, ਬੜੇ ਹੀ ਅਡੋਲ ਨੇ।

‘ਮੰਨ ਲਓ ਈਨ’ ਵਾਰ ਵਾਰ ਕਿਹਾ ਬਾਲਾਂ ਨੂੰ,
ਕੰਬ ਗਏ ਜਲਾਦ, ਤੱਕ ਚਿਹਰੇ ਦੇ ਜਲਾਲਾਂ ਨੂੰ।

ਵੱਡਾ ਸਾਕਾ ਕਰ ਦਿਖਲਾਇਆ ਉਹਨਾਂ ਜੱਗ ਨੂੰ,
ਲੱਗਣ ਨਾ ਦਿੱਤਾ ਦਾਗ਼ ਦਾਦੇ ਵਾਲੀ ਪੱਗ ਨੂੰ।

ਅੱਜ ਵੀ ਸਰਹੰਦ ਵਿਚੋਂ ਲਾਲ ਪਏ ਨੇ ਬੋਲਦੇ,
ਸਿੱਖੀ ਵਾਲੀ ਸਿੱਖਿਆ ਨੂੰ ਸਾਡੇ ਵਿੱਚੋਂ ਟੋਲ੍ਹਦੇ।

‘ਦੀਸ਼’ ਦੀ ਕਲਮ ਅਜੇ ਬਹੁਤ ਹੀ ਨਿਆਣੀ ਏ।
ਸਿੱਖ ਇਤਿਹਾਸ ਦੀ ਤਾਂ ਅਜਬ ਕਹਾਣੀ ਏ।
***

ਸ਼ਹੀਦੀ ਦਿਹਾੜੇ ਤੇ ਵਿਸ਼ੇਸ਼-*ਘੋੜੀ ਸਾਹਿਬਜ਼ਾਦਿਆਂ ਦੀ*

ਗਾਈਏ ਦਸ਼ਮੇਸ਼ ਦਿਆਂ, ਲਾਲਾਂ ਦੀਆਂ ਘੋੜੀਆਂ।
ਜੋੜੀ ਜੋੜੀ ਕਰ ਜੀਹਨੇ, ਤੋਰੀਆਂ ਸੀ ਜੋੜੀਆਂ।

ਪਹਿਲੀ ਜੰਝ ਚੜ੍ਹੀ, ਚਮਕੌਰ ਵਾਲੀ ਗੜ੍ਹੀ ਏ।
ਲਾਲੀ ਦੋਹਾਂ ਲਾਲਾਂ ਦਿਆਂ, ਮੁੱਖਾਂ ਉੱਤੇ ਚੜ੍ਹੀ ਏ।
ਮੌਤ ਲਾੜੀ ਸਾਹਮਣੇ ਹੈ, ਚੜ੍ਹੀ ਆਉਂਦੀ ਪੌੜੀਆਂ
ਗਾਈਏ……..

ਖੂਨ ਵਾਲੀ ਮਹਿੰਦੀ ਅੱਜ, ਹੱਥਾਂ ਉੱਤੇ ਲਾਈ ਏ।
ਗੋਬਿੰਦ ਨੇ ਆਪ ਜੋੜੀ, ਲਾਲਾਂ ਦੀ ਸਜਾਈ ਏ।
ਸਜਦੀ ਏ ਕਲਗੀ, ਨਾ ਪਾਈਆਂ ਮੱਥੇ ਤਿਉੜੀਆਂ
ਗਾਈਏ……..

ਦੂਜੀ ਜੰਝ ਚੜ੍ਹਨੀ ਹੈ, ਵਿੱਚ ਸਰਹੰਦ ਦੇ।
ਦਾਦੀ ਨੇ ਸਜਾਏ ਛੋਟੇ, ਲਾਲ ਫਰਜ਼ੰਦ ਦੇ।
ਗੰਗੂ ਏ ਵਿਚੋਲਾ, ਸੁੱਚਾ ਨੰਦ ਵੰਡੇ ਰਿਉੜੀਆਂ
ਗਾਈਏ………..

‘ਬੋਲੇ ਸੋ ਨਿਹਾਲ’ ਦੇ, ਜੈਕਾਰੇ ‘ਦੀਸ਼’ ਗੱਜਦੇ।
ਇਹੋ ਜਿਹੇ ਵਿਆਹ ਨਿੱਤ, ਨਿੱਤ ਨਹੀਉਂ ਸਜਦੇ।
ਦਾਦੇ ਕੋਲ ਲੈਣ ਲਈ, ਅਸੀਸਾਂ ਅੱਜ ਬਹੁੜੀਆਂ
ਗਾਈਏ………
***
ਅਸੀਂ ਕਰੀਏ ਨਾ ਈਨ ਪਰਵਾਨ ਸੂਬਿਆ (ਗੀਤ)

ਸਾਡੀ ਚਲੀ ਜਾਵੇ ਭਾਵੇਂ ਜਿੰਦ ਜਾਨ ਸੂਬਿਆ।
ਅਸੀਂ ਕਰੀਏ ਨਾ ਈਨ ਪਰਵਾਨ ਸੂਬਿਆ।

ਅਸੀਂ ਗੋਬਿੰਦ ਦੇ ਪੁੱਤ ਗੁਜਰੀ ਦੇ ਲਾਲ ਹਾਂ,
ਸਦਾ ਮਜ਼ਲੂਮਾਂ ਲਈ ਬਣ ਜਾਂਦੇ ਢਾਲ ਹਾਂ।
ਸਾਡਾ ਵਿਕਦਾ ਨਹੀਂ ਧਰਮ ਈਮਾਨ ਸੂਬਿਆ
ਅਸੀਂ…

ਅਸੀਂ ਤੇਰਿਆਂ ਮੁਕਾਇਆਂ ਏਦਾਂ ਨਹੀਂਉਂ ਮੁੱਕਣਾ,
ਇਹ ਸ਼ਹਾਦਤਾਂ ਦਾ ਬੂਟਾ ਕਦੇ ਨਹੀਉਂ ਸੁੱਕਣਾ।
ਤੇਰਾ ਮਿਟ ਜਾਣਾ ਨਾਮ ਤੇ ਨਿਸ਼ਾਨ ਸੂਬਿਆ
ਅਸੀਂ…

ਅਸੀਂ ਸਿੱਖੀ ਵਾਲੇ ਮਹਿਲ ਨੂੰ ਪੱਕਾ ਬਣਾਵਾਂਗੇ,
ਇਹਦੀ ਨੀਂਹ ਵਿੱਚ ਰੱਤ ਆਪਣੀ ਚੁਆਵਾਂਗੇ।
ਸਾਡੀ ਜੱਗ ਉਤੇ ਰਹਿਣੀ ਉੱਚੀ ਸ਼ਾਨ ਸੂਬਿਆ
ਅਸੀਂ…

ਕਦੇ ਸਿੰਘ ਸਰਦਾਰ ਸਰਹੰਦ ਆਉਣਗੇ,
ਜਿਹੜੇ ਇੱਟ ਨਾਲ ਇੱਟ ਇਹਦੀ ਖੜਕਾਉਣਗੇ।
ਸਾਡਾ ਦੁਨੀਆਂ ‘ਚ ਝੱੁਲੂਗਾ ਨਿਸ਼ਾਨ ਸੂਬਿਆ
ਅਸੀਂ…

ਅਸੀਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਵਾਂਗੇ,
ਲਾੜੀ ਮੌਤ ਨੂੰ ਵੀ ‘ਦੀਸ਼’ ਹੱਸ ਕੇ ਵਿਆਵਾਂਗੇ।
ਅਸਾਂ ਧਰਮ ਤੋਂ ਹੋਣਾ ਕੁਰਬਾਨ ਸੂਬਿਆ
ਅਸੀਂ…
***
ਗੁਰਦੀਸ਼ ਕੌਰ ਗਰੇਵਾਲ- ਕੈਲਗਰੀ- ਕੈਨੇਡਾ
ਸੰਪਰਕ: +1 403 404 1450

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1243
***

ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021

ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488

ਗੁਰਦੀਸ਼ ਕੌਰ ਗਰੇਵਾਲ

ਨਾਮ: ਗੁਰਦੀਸ਼ ਕੌਰ ਗਰੇਵਾਲ ਜਨਮ ਮਿਤੀ: 5- 7- 1950 ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ ਕਿੱਤਾ: ਅਧਿਆਪਕਾ ( ਰਿਟਾ.) ਸਟੇਟਸ: ਛੋਟੀ ਜਿਹੀ ਸਾਹਿਤਕਾਰਾ ਛਪੀਆਂ ਕਿਤਾਬਾਂ: 7 1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011 2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013 3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014 4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017 5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017 6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021 7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021 ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ! -ਗੁਰਦੀਸ਼ ਕੌਰ ਗਰੇਵਾਲ ਵਟਸਅਪ: +91 98728 60488

View all posts by ਗੁਰਦੀਸ਼ ਕੌਰ ਗਰੇਵਾਲ →