9 October 2024

ਦੋ ਗ਼ਜ਼ਲਾਂ—ਗੁਰਦਿਆਲ ਦਲਾਲ

 

1. ਗ਼ਜ਼ਲ

ਕਿਵੇਂ ਇਸ ਹਿਜਰ ਦੀ ਪੀੜਾ ਤੋਂ ਹੁਣ ਖ਼ੁਦ ਨੂੰ ਬਚਾ ਲਈਏ?
ਕੋਈ  ਮੰਤਰ  ਕਿਤੇ ਅਰਦਾਸ  ਜਾਂ  ਕਿਹੜੀ ਦਵਾ  ਲਈਏ!

ਪੁਆੜਾ ਸਭ  ਇਸੇ ਦਾ  ਹੈ  ਕਿ  ਰੋਗਾਂ  ਨੇ  ਫੜੀ  ਹੈ ਜੜ੍ਹ,
ਧਰੋ  ਪੱਥਰ  ਕੋਈ ਦਿਲ  ਤੇ ਹਰਿਕ  ਪੀੜਾ ਦਬਾ  ਲਈਏ।

ਕੋਈ ਜੇ   ਹੌਸਲਾ   ਦੇਵੇ    ਫੜੇ   ਹੁਣ  ਮੁਸਕਰਾ  ਕੇ  ਹੱਥ,
ਅਸੀਂ  ਜੋ ਰਹਿ  ਗਿਆ ਬਾਕੀ ਸਫ਼ਰ ਹਸ ਕੇ ਮੁਕਾ ਲਈਏ।

ਜ਼ਮਾਨਾ   ਹੈ   ਬੁਰਾ   ਆਇਆ ਜਰਾ ਨਾ ਮੁੱਲ   ਬੰਦੇ  ਦਾ,
ਨਹੀਂ ਤਾਂ  ਵੇਚ  ਕੇ ਖ਼ੁਦ  ਨੂੰ  ਜੇ  ਮਿਲ ਜਾਵੇ ਵਫ਼ਾ  ਲਈਏ।

ਕੋਈ   ਲਾਵਾ  ਹੈ ਇਸ  ਵਿਚ ਖੌਲਦਾ  ਉਹ ਕੱਢੀਏ ਕਿੱਦਾਂ?
ਮੁਹੱਬਤ ਜੇ ਮਿਲੇ  ਉਸ ਨੂੰ ਅਸੀਂ  ਦਿਲ ਵਿਚ ਰਚਾ ਲਈਏ।

‘ਨਾ ਮੰਗਣ ਵੋਟ ਕੋਈ ਆਵੇ’ ਉਨ੍ਹਾਂ ਲਿਖ  ਕੇ  ਹੈ ਲਾ ਦਿੱਤਾ,
ਪਰੇਸ਼ਾਨੀ   ਕੀ   ਬਸਤੀ  ਨੂੰ  ਚਲੋ  ਚਲ ਕੇ ਹਵਾ  ਲਈਏ।

ਬਜ਼ੁਰਗਾਂ   ਨੂੰ  ਪੁਜਾ  ਦੇਣੈਂ  ਉਨ੍ਹਾਂ   ਨੇ  ਬਿਰਧ  ਘਰ ਦੇਖੀਂ,
ਅਜੇ  ਉਹ ਸੋਚਦੇ  ਸਾਰੀ  ਜ਼ਮੀਂ  ਤਾਂ   ਨਾਂ  ਕਰਾ   ਲਈਏ।

ਪਵੇ  ਬਾਰਸ਼  ਜੋ   ਮਾਇਆ  ਦੀ  ਉਹ ਸਾਨੂੰ ਸਾਂਭਣੀ ਪੈਂਦੀ,
ਰੁਝੇਵੇਂ    ਵਿੱਚ   ਫੁੱਲਾਂ  ਦੇ   ਕਿਵੇ   ਬੂਟੇ   ਲਗਾ  ਲਈਏ।

ਪਵੇ  ਜੇ  ਪਾ  ਲਵੋ ਇਨਸਾਨੀਅਤ ਕਿਰਦਾਰ ਅਪਣੇ ਵਿਚ,
ਚਲੋ  ਸੁੱਤੇ   ਜ਼ਮੀਰਾਂ  ਨੂੰ   ਹਿਲਾ ਲਈਏ  ਜਗਾ  ਲਈਏ।

ਨਹੀਂ ਝੁਕਿਆ ਨਹੀਂ ਝੁਕਣਾ ਕਦੀ ਇਹ ਯਾਦ  ਰਖ ਹਾਕਮ,
ਹੈ ਬਿਹਤਰ ਝੁਕਣ ਨਾਲ਼ੋਂ ਆਪਣਾ  ਹੀ ਸਿਰ  ਕਟਾ ਲਈਏ।

**
2. ਗ਼ਜ਼ਲ

ਨਹੀਂ  ਆਏ  ਮੇਰੇ  ਘਰ  ਫਿਰ ਕਦੀ  ਮੌਸਮ  ਬਹਾਰਾਂ ਦੇ।
ਚੁਫੇਰੇ  ਕੌਣ ਆ  ਕੇ   ਲਾ  ਗਿਆ  ਜੰਗਲ  ਦੀਵਾਰਾਂ ਦੇ।

ਨੁਚੜਦੇ ਵਾਲ਼  ਸਿਆਹ ਕਾਲ਼ੇ ਬਨੇਰੇ  ’ਤੇ  ਖੜ੍ਹੀ ਬਦਲ਼ੀ,
ਮਿਲੇ  ਨਾ  ਫੇਰ  ਮੁੜ ਕੇ   ਉਹ  ਨਜ਼ਾਰੇ  ਆਬਸ਼ਾਰਾਂ ਦੇ।

ਜਦੋਂ  ਵੀ  ਦੇਖ  ਲੈਂਦੇ  ਉਹ ਤੁਹਾਨੂੰ ਦੌੜ  ਵਿਚ  ਸ਼ਾਮਲ,
ਉਦੋਂ  ਹੀ  ਪਸਤ  ਹੁੰਦੇ  ਹੌਸਲੇ  ਸਭ  ਸ਼ਾਹ  ਸਵਾਰਾਂ ਦੇ।

ਚਲਾ ਉਹ ਤੀਰ ਨੈਣਾਂ  ਦੇ  ਜੋ ਦਿਲ ‘ਚੋਂ ਪਾਰ ਹੋ ਜਾਵਣ,
ਨਿਗੂਣੇ   ਜ਼ਖ਼ਮ  ਰਹਿ ਜਾਂਦੇ ਤੇਰੇ  ਤੀਰਾਂ   ਕਟਾਰਾਂ  ਦੇ।

ਉਦੋਂ ਦਿਲ ਮਸਤ ਹੋ  ਕੇ  ਅੰਬਰਾਂ ਵਿਚ ਤੈਰਦਾ ਲਗਦਾ,
ਜਦੋਂ   ਹਾਂ  ਗੁਣਗੁਣਾਉਂਦੇ   ਗੀਤ  ਚੰਗੇ ਗੀਤਕਾਰਾਂ ਦੇ।

ਮਰੀ ਹੋਰੀ ਖ਼ਬਰ  ਕੋਈ  ਹੈ ਉਠ ਬਹਿੰਦੀ ਤੇ ਉਡ ਪੈਂਦੀ,
ਨਿਆਰੇ   ਚੋਜ਼  ਦੇਖੋ ਜੀ  ਇਨ੍ਹਾਂ  ਨਾਮਾ  ਨਿਗਾਰਾਂ ਦੇ।

ਤੁਸੀਂ  ਅਪਣੇ  ਦੁਆਲ਼ੇ  ਭੀੜ ਦੇ ਵਿਚ ਭਾਲ਼ਦੇ  ਰਹਿਣਾ,
ਮਿਲਣਗੇ ਬਹੁਤ ਮਿੱਤਰ ਹਰ ਜਗ੍ਹਾ ਅਪਣੇ ਵਿਚਾਰਾਂ ਦੇ।

ਕੋਈ  ਮਹਿਬੂਬ ਨਾ ਸਮਝੇ  ਗਿਲੇ ਸ਼ਿਕਵੇ  ਤੇ ਰੋਸੇ ਹੁਣ,
ਰਹੇ  ਨਾ  ਵਕਤ  ਜੋ  ਸਨ ਭੋਲ਼ਿਆ  ਕੌਲਾਂ  ਕਰਾਰਾਂ ਦੇ।
***
130
***

 

ਗੁੁਰਦਿਆਲ ਦਲਾਲ

ਸਾਹਮਣੇ ਆਹੂਜਾ ਕੰਪਲੈਕਸ,
ਰੇਲਵੇ ਰੋਡ, ਦੋਰਾਹਾ (ਲੁਧਿਆਣਾ)

ਗੁਰਦਿਆਲ ਦਲਾਲ

ਸਾਹਮਣੇ ਆਹੂਜਾ ਕੰਪਲੈਕਸ, ਰੇਲਵੇ ਰੋਡ, ਦੋਰਾਹਾ (ਲੁਧਿਆਣਾ)

View all posts by ਗੁਰਦਿਆਲ ਦਲਾਲ →