28 April 2024
liKhariF

ਚਾਰ ਗ਼ਜ਼ਲਾਂ–ਡਾ.ਗੁਰਦੇਵ ਸਿੰਘ ਘਣਗਸ

ਗਜ਼ਲ ੧

ਕਰੋਨਾ,ਟਰੰਪ,ਮੋਦੀ, ‘ਤੇ ਗੁਰਦਿਆਲ ਸਿੰਘ ਸਰਦਾਰ
ਜਿਵੇਂ ਝੱਖੜਾਂ ਨੂੰ ਦੇਖ ਦੇਖ, ਮੁੜ ਆ ਗਈ ਹੈ ਬਹਾਰ

ਤੇਰੇ ਆਉਣ ਦੀ ਖੁਸ਼ੀ ‘ਚ ਕਿਤੇ ਦਮ ਹੀ ਰੁਕ ਨਾ ਜਾਏ
ਤੁਸੀਂ ਹੋਏ ਰਹੇ ਕਿਉਂ ਚੁੱਪ, ਸਾਨੂੰ ਛੱਡ ਅੱਧ-ਵਿਚਕਾਰ

ਤੁਹਾਡਾ ਜਾਣਾ ਜਾਪੇ ਏਦਾਂ, ਜਿਵੇਂ ਰੱਬ ਸੀ ਗਿਆ ਰੁੱਸ
ਸਾਡੀ ਸੁਣੀ ਗਈ ਅਰਦਾਸ, ਸਾਡੀ ਸੁਣੀ ਗਈ ਪੁਕਾਰ 

ਜਿਸਮਾਂ ਤੋਂ ਦੂਰ, ਹੱਥ ਧੋਣੇ ਵੀ ਜਰੂਰ, ਮੂੰਹ ਢਕਣਾ ਹਜ਼ੂਰ
ਇਸ ਕਰੋਨਾ ਵਰਗੀ ਸ਼ੈਅ ਤੋਂ ਰਹਿਣਾ ਬਚਕੇ ਗੂੜ੍ਹੇ ਯਾਰ

ਜਿਵੇਂ ਚਲਦੀ ਚਲਾਇਓ, ਜੀ ਬਹੁਤਾ ਮਨ ਨਾ ਖਪਾਇਓ
ਸਾਡੀ ਅਰਜ਼ ਤੁਹਾਡੀ ਖੁਸ਼ੀ ਲਈ, ਸਦਾ ਪਹੁੰਚੇ ਦਰਬਾਰ
**
ਗਜ਼ਲ ੨

ਕਦੇ ਪਾਣੀਆਂ ਲਈ ਕਦੇ ਟੱਕਾਂ ਲਈ
ਭਟਕਦਾ ਹੈ ਪੰਜਾਬ ਅਜੇ ਹੱਕਾਂ ਲਈ

ਸੋਨੇ ਦੀ ਚਿੜੀ ਉਡਾ ਲੈ ਗਿਆ ਹੈ ਮੋਦੀ
ਰਹਿ ਗਿਆ ਹੈ ਠੂਠਾ ਖਾਲੀ, ਲੱਖਾਂ ਲਈ

ਵਧ ਰਹੇ ਨੇ ਅਮੀਰ, ਵਧ ਰਹੇ ਗਰੀਬ
ਕਿੱਥੇ ਨੇ ਮੱਧ-ਵਰਗੀ ਲੋਕ, ਅੱਖਾਂ ਲਈ

ਬਣਾ ਭੇਜੇ ਵਜ਼ੀਰ, ਬਣ ਗਏ ਪਰ ਅਮੀਰ
ਉਹੀ ਬੜ੍ਹਕਦੇ ਨੇ ਸਟੇਜਾਂ ਤੇ, ਝੱਖਾਂ ਲਈ

ਸਿਰਫ ਤੂੰ ਹੀ ਜਾਣੇ ਪੀੜ ਪਰਾਈ, ਮਾਲਕਾ
ਅਸੀਂ ਖੜ੍ਹੇ ਹਾਂ ਦਰ ਤੇਰੇ, ਬਣਦੇ ਪੱਖਾਂ ਲਈ
**

 

 

ਗਜ਼ਲ ੩

ਟਰੰਪ ਦਾ ਇਕ ਪਰਛਾਵਾਂ ਮੋਦੀ
ਮੂਰਖਤਾ  ਦਾ ਸਿਰਨਾਵਾਂ ਮੋਦੀ

ਮੂੰਹ ‘ਚੋਂ ਬੁਰਕੀ ਖਿੱਚ ਰਿਹਾ ਹੈ
ਤਾਹੀਓਂ ਪਿੱਟਦੀਆਂ ਮਾਵਾਂ ਮੋਦੀ

ਕਰੋਨਾ ਨੇ ਮੈਨੂੰ ਡੱਕ ਰੱਖਿਆ ਹੈ
ਕਿੰਝ ਜਾ ਕੇ  ਸਮਝਾਵਾਂ ਮੋਦੀ

ਗੱਲ ਮੇਰੀ ਉਂਝ ਕਿਸੇ ਨੀ ਸੁਣਨੀ
ਕਦੇ ਦੇਖਾਂਗਾ ਧਰਨੇ ਥਾਵਾਂ ਮੋਦੀ

ਜਿਸ ਸਿੱਖ ਦੀ ਤੇਰੇ ਸਿਰ ਦਸਤਾਰ
ਕਦੇ ਉਸਨੂੰ ਵੀ ਝਿੜਕਾਂ ਪਾਵਾਂ ਮੋਦੀ

ਜੇ ਕਲਮ ਨੇ ਮਨ ਦੀ ਭੜਾਸ ਨ ਕੱਢੀ
ਤਦ ਕਿਹੜੇ ਖੂਹ ਵਿੱਚ ਜਾਵਾਂ ਮੋਦੀ
**
ਗਜ਼ਲ ੪

ਤੇਰੀ ਯਾਦ ‘ਚੋਂ ਆਉਂਦਾ ਝੋਕਾ  ਜਿਹਾ ਰਹਿੰਦਾ ਹੈ                             ਪਲ ਪਲ ਦਾ ਗੁਜ਼ਰਨਾ ਸੌਖਾ  ਜਿਹਾ ਰਹਿੰਦਾ ਹੈ

ਉਂਝ ਮੇਰਾ ਜੀਵਨ ਕੁਝ ਇਸ ਤਰ੍ਹਾਂ ਦੀ ਸ਼ੈਅ ਹੈ                                ਕਦੇ ਡੋਬਾ ਤੇ ਕਦੇ  ਸੋਕਾ  ਜਿਹਾ ਰਹਿੰਦਾ ਹੈ

ਚੌਧਰਾਂ ਲਈ ਚਲਦੇ ਧੋਖੇ, ਇਨਾਮਾਂ ਲਈ ਜੁਗਾੜ
ਸ਼ਾਇਰਾਂ ਦਾ ਮੇਲ ਵੀ ਇਕ ਧੋਖਾ ਜਿਹਾ ਰਹਿੰਦਾ ਹੈ

ਗੱਲ ਗੱਲ ਵਿਚ ਚਲਾਕੀ, ਕੋਈ ਛੁਪਿਆ ਇਸ਼ਾਰਾ
ਮਹੌਲ ਹਰ ਜਗਾਹ ਹੀ, ਅਣੋਖਾ ਜਿਹਾ ਰਹਿੰਦਾ ਹੈ

ਮੈਂਨੂੰ ਤਾਂ ਹੁਣ ਮਰਨੇ ਦਾ ਵਿਹਲ ਵੀ ਨਹੀਂ ਸੱਜਣੋ                             ਜਿਉਣ ਦਾ ਕੰਮ ਬੜਾ ਚੋਖਾ ਜਿਹਾ ਰਹਿੰਦਾ ਹੈ
**cleardot.gif

 

About the author

ਡਾ. ਗੁਰਦੇਵ ਸਿੰਘ ਘਣਗਸ
ਡਾ. ਗੁਰਦੇਵ ਸਿੰਘ ਘਣਗਸ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਗੁਰਦੇਵ ਸਿੰਘ ਘਣਗਸ

View all posts by ਡਾ. ਗੁਰਦੇਵ ਸਿੰਘ ਘਣਗਸ →