ਕਵਿਤਾ ‘ਚ ਕੀ ਲਿਖਾਂ
ਇਹ ਕਹਾਣੀ ਤਾਂ ਯੁਗਾਂ-ਯੁਗਾਂਤਰਾਂ ਦੀ ਹੈ
ਕੋਈ ਮੇਰੇ ਜਿਹੀ ਘਰ-ਘਰ ਜੰਮੇਂ
ਮਰ-ਮਰ ਕੇ ਪਲੇ਼ ,ਵਧੇ-ਫੁਲੇ
ਜਵਾਨ ਹੋਵੇ ਤਾਂ
ਜ਼ਮਾਨੇ ਦੀਆਂ ਨਜ਼ਰਾਂ ‘ਤੇ ਚੜ੍ਹੇ
ਜੇ ਕੁੱਝ ਕਰਨਾ ਚਾਹੇ, ਤਾਂ ਘੂਰੀ ਸਹੇ
ਸੋਚਣ ਲਈ ਵੀ, ਪੁੱਛਣਾ ਪਵੇ
ਜੇ ਹਿੰਮਤ ਕਰੇ, ਤਾਂ ਲੀਹੋਂ ਲੱਥੇ
ਲੀਹਾਂ ‘ਤੇ ਰਹੇ, ਤਾਂ ਬਲੀ ਦਾ ਬੱਕਰਾ ਬਣੇ
ਬਸ! ਮੋਨ ਧਾਰ ਕੇ
ਕੂੜੇ-ਰਵਾਜਾਂ ਦੀ ਪਾਲਣਾ ਕਰੇ
ਜਿੰਦ ਨਿਮਾਣੀ ਫੇਰ ਕੀ ਕਰੇ ,
ਤੇ ਕੀ ਨਾ ਕਰੇ
ਥੱਕ ਹਾਰ ਕੇ ਜੇਕਰ ਕੋਈ
ਹੱਕ-ਸੱਚ ਵੀ ਲਿਖਣਾ ਚਾਹਵੇ
ਫਿਰ ਵੀ “ਹੁੱਕ-ਹੂੰ“ ਦੀ ਆਵਾਜ਼ ਸੁਣੇ
ਨੀਮ-ਪਾਗਲ ਜੱਗੋਂ ਤੇਰ੍ਹਵੀਂ ਗੱਲ ਵੀ ਿਕੰਝ ਲਿਖੇ!
ਜੋ ਉਹਦੇ ਸ਼ਬਦਾਂ ਦੇ ਗਹਿਰੇ ਅਰਥ ਸਮਝ ਸਕੇ
ਅਪਣੀ ਐਸੀ ਸਹੀ ਕਿਤਾਬ
ਸਹੀ ਹੱਥਾਂ ‘ਚ ਵੀ ਨਾ ਫੜਾ ਸਕੇ
ਜਿਉਣ ਦਾ ਕਿੱਥੋਂ ਲੈ ਸਕੇ
ਫਿਰ ਸਹੀ “ਪ੍ਰਮਾਣ ਪੱਤਰ?”
ਲਾਹ ਸਕੇ, ਜੋ ਜਿਉਂਦੇ ਜੀਅ ਟੰਗ ਹੋਈਆਂ
ਸਮਾਜ ਦੇ ਬੰਧਨ ਅਤੇ
ਰਸਮਾਂ-ਰਵਾਜਾਂ ਦੀਆਂ ਸਲੀਬਾਂ ਤੋਂ
ਤਾਂ ਜੋ ਬਦਲ ਸਕਣ ਇਹ
ਹਿਮਾਲਾ-ਪਰਬਤ ਜੇਹੀਆਂ ਤਲ਼ਖ ਹਕੀਕਤਾਂ
ਅਤੇ ਲਾ ਸਕਣ ਅੰਬਰ ਨੂੰ ਟਾਕੀ
ਆਪਣੇ ਹਿੱਸੇ ਦੀ ਸਹੀ ਉਡਾਰੀ ਨਾਲ
ਕਵਿਤਾ ‘ਚ ਕੀ ਲਿਖਾਂ!
ਇਹ ਤਾਂ ਯੁਗਾਂ-ਯੁਗਤਰਾਂ ਦੀ ਕਹਾਣੀ ਹੈ
ਜੋ ਤੁਰੀ ਆਉਂਦੀ ਹੈ ਪੈਰਾਂ ਦੇ ਨਾਲ ਨਾਲ •••••।
***
174
***