18 September 2024
ਪਂਜਾਬੀ ਕਲਮਾ ਦਾ ਕਾਫਲਾ

‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਮਾਰਚ ਮਹੀਨੇ ਦੀ ਮੀਟਿੰਗ—ਕੁਲਵਿੰਦਰ ਖਹਿਰਾ

‘ਵਰਤਮਾਨ ਪ੍ਰਸਥਿਤੀਆਂ ਵਿੱਚ ਪਾਸ਼ ਦੀ ਕਵਿਤਾ ਦੀ ਪਰਸੰਗਿਕਤਾ’

ਬਰੈਂਪਟਨ: -(ਪਰਮਜੀਤ ਦਿਓਲ)– ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਮਾਰਚ ਮਹੀਨੇ ਦੀ ਮੀਟਿੰਗ ਕਾਫ਼ਲਾ ਸੰਚਾਲਕ ਕੁਲਵਿੰਦਰ ਖਹਿਰਾ, ਮਨਮੋਹਨ ਸਿੰਘ ਗੁਲਾਟੀ ਅਤੇ ਪਰਮਜੀਤ ਦਿਓਲ ਦੀ ਦੇਖ-ਰੇਖ ਹੇਠ 27 ਮਾਰਚ ਨੂੰ ਜ਼ੂਮ ਮਾਧਿਅਮ ਰਾਹੀਂ ਹੋਈ ਜਿਸ ਵਿੱਚ ਡਾ. ਰਾਜਿੰਦਰਪਾਲ ਸਿੰਘ ਬਰਾੜ ਹੁਰਾਂ ਵੱਲੋਂ ‘ਵਰਤਮਾਨ ਪ੍ਰਸਥਿਤੀਆਂ ਵਿੱਚ ਪਾਸ਼ ਦੀ ਕਵਿਤਾ ਦੀ ਪਰਸੰਗਿਕਤਾ’ ਵਿਸ਼ੇ `ਤੇ ਵਿਚਾਰ-ਚਰਚਾ ਕੀਤੀ ਗਈ।

ਪਾਸ਼ ਇੰਟਰਨੈਸ਼ਨਲ ਟ੍ਰਸਟ ਦੇ ਕਨਵੀਨਰ ਸੁਰਿੰਦਰ ਧੰਜਲ ਨੇ ਪ੍ਰੋਗਰਾਮ ਦੀ ਭੂਮਿਕਾ ਬੰਨ੍ਹਦਿਆਂ ਡਾ. ਬਰਾੜ  ਜੀ ਦੀ ਜਾਣ-ਪਛਾਣ ਕਰਵਾਈ। ਪਾਸ਼ ਦੀ ਕਵਿਤਾ ਬਾਰੇ ਬੋਲਦਿਆਂ ਡਾ. ਬਰਾੜ ਨੇ ਕਿਹਾ ਕਿ ਉਹ ਭਾਵੇਂ ਪਾਸ਼ ਨੂੰ ਜ਼ਾਤੀ ਤੌਰ `ਤੇ ਬਹੁਤਾ ਨਹੀਂ ਮਿਲ਼ ਸਕੇ ਪਰ ਉਨ੍ਹਾਂ ਨੇ ਪਾਸ਼ ਦੀ ਕਵਿਤਾ ਨੂੰ ਬਰੀਕੀ ਨਾਲ਼ ਪੜ੍ਹਿਆ ਹੈ। ਪਾਸ਼ ਦੀ ਕਵਿਤਾ “ਸਭ ਤੋਂ ਖ਼ਤਰਨਾਕ” ਨੂੰ ਪਾਸ਼ ਦੀ ਆਖਰੀ ਅਤੇ ਸਭ ਤੋਂ ਵੱਧ ਮਕਬੂਲ ਕਵਿਤਾ ਦੱਸਦਿਆਂ ਅਤੇ ਪਾਸ਼ ਵੱਲੋਂ ਸੁਰਿੰਦਰ ਸ਼ਰਮਾ ਨੂੰ ਲਿਖੀ ਇੱਕ ਚਿੱਠੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਸ਼ ਦੇ ਆਪਣੇ ਸ਼ਬਦਾਂ ਵਿੱਚ ਹੀ ਵਿਦੇਸ਼ਾਂ ਵਿੱਚ ਖੱਬੇ-ਪੱਖੀ ਵਿਚਾਰਧਾਰਾ ਨੂੰ ਕਾਇਮ ਰੱਖਣਾ ਬਹੁਤ ਮੁਸ਼ਕਲ ਹੈ ਪਰ ‘ਕਾਫ਼ਲੇ’ ਵੱਲੋਂ ਕੀਤੇ ਜਾ ਰਹੇ ਲਗਾਤਾਰ ਉਪਰਾਲੇ ਇਸ ਗੱਲ ਦਾ ਸਬੂਤ ਨੇ ਕਿ ਤੁਸੀਂ ਆਪਣੇ ਸੁਪਨਿਆਂ ਨੂੰ ਜੀਂਦੇ ਰੱਖ ਰਹੇ ਹੋ ਜਦ ਕਿ ਪੰਜਾਬ ਵਿੱਚ ਵੀ ਇਹੋ ਜਿਹਾ ਭਾਵਨਾਤਮਕ ਅਤੇ ਬੌਧਿਕ ਮਾਹੌਲ ਸਿਰਜਣਾ ਬਹੁਤ ਔਖਾ ਹੈ।

ਪਾਸ਼ ਦੀ ਕਵਿਤਾ ਬਾਰੇ ਬੋਲਦਿਆਂ ਡਾ. ਬਰਾੜ ਹੁਰਾਂ ਪੂਰਨ ਸਿੰਘ, ਪ੍ਰੋਫ਼ੈਸਰ ਮੋਹਨ ਸਿੰਘ ਅਤੇ ਧਨੀ ਰਾਮ ਚਾਤ੍ਰਿਕ ਸਮੇਤ ਬਹੁਤ ਸਾਰੇ ਕਵੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਸਾਨਾਂ `ਤੇ ਪਹਿਲਾਂ ਵੀ ਬਹੁਤ ਸਾਰੀ ਕਵਿਤਾ ਲਿਖੀ ਗਈ ਹੈ ਪਰ ਉਹ ਕਵਿਤਾ ਸਿਰਫ ਕਿਸਾਨ ਦੀ ਪ੍ਰਸੰਸਾ ਅਤੇ ਕਿਸਾਨ ਨੂੰ ਵਡਿਆਉਣ ਤੱਕ ਹੀ ਸੀਮਤ ਰਹਿ ਕੇ ਹਾਕਮ ਜਮਾਤਾਂ ਦੇ ਹੱਕ `ਚ ਭੁਗਤਦੀ ਸੀ ਜਦ ਕਿ ਪਾਸ਼ ਨੇ ਹਰੇ ਇਨਕਲਾਬ ਨੂੰ ਇਸਦੇ ਸ਼ੁਰੂਆਤੀ ਦੌਰ `ਚ ਹੀ ਪੀਲੇ ਪੈਂਦਿਆਂ ਵੇਖ ਕੇ ਕਿਸਾਨ ਅਤੇ ਕਿਸਾਨੀ ਦੇ ਦ੍ਰਿਸ਼ਟੀਕੋਨ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪਾਸ਼ ਦੀ ਦੂਰ-ਅੰਦੇਸ਼ੀ ਸੀ ਕਿ ਜੋ ਸੰਘਰਸ਼ ਕਿਸਾਨਾਂ ਵੱਲੋਂ ਅੱਜ ਲੜਿਆ ਜਾ ਰਿਹਾ ਹੈ ਪਾਸ਼ ਨੇ ਉਸ ਦੁਖਾਂਤ ਨੂੰ 50 ਸਾਲ ਪਹਿਲਾਂ ਹੀ ਮਹਿਸੂਸ ਕਰ ਲਿਆ ਸੀ। ਪਾਸ਼ ਦੀਆਂ ਕਵਿਤਾਵਾਂ ਦੇ ਹਵਾਲੇ ਦਿੰਦਿਆਂ ਉਨ੍ਹਾਂ ਨੇ ਪਾਸ਼ ਦੀ ਕਵਿਤਾ ਦੇ ਬਹੁਤ ਸਾਰੇ ਪੱਖਾਂ `ਤੇ ਗੱਲ ਕੀਤੀ ਅਤੇ ਪਾਸ਼ ਵੱਲੋਂ ਵੱਖਰੇ ਅੰਦਾਜ਼ `ਚ ਵਰਤੇ ਜਾਂਦੇ ਬਿੰਬਾਂ ਦੀ ਖ਼ੂਬਸੂਰਤੀ ਦੇ ਹਵਾਲੇ ਵੀ ਦਿੱਤੇ। ਉਨ੍ਹਾਂ ਕਿਹਾ ਕਿ ਕਵਿਤਾ ਸਿਰਫ ਵਿਚਾਰਾਂ ਦਾ ਪ੍ਰਗਟਾਵਾ ਹੀ ਨਹੀਂ ਹੁੰਦੀ ਸਗੋਂ ਭਾਵਾਂ ਨੂੰ ਵੀ ਦਰਸਾਉਂਦੀ ਹੈ। ਡਾ. ਬਰਾੜ ਨੇ ਕਿਹਾ ਕਿ ਬੇਸ਼ੱਕ ਪੂਰਨ ਸਿੰਘ ਤੇ ਸੁਜਾਨ ਸਿੰਘ ਨੇ ਵੀ ਖੁੱਲ੍ਹੀ ਕਵਿਤਾ ਲਿਖੀ ਪਰ ਪਾਸ਼ ਨੇ ਰੂਪਕ ਪੱਖੋਂ, ਬਿੰਬਾਤਮਕ ਪੱਖੋਂ, ਕਲਾਤਮਕ ਪੱਖੋਂ, ਸੱਭਿਆਚਾਰਕ ਪੱਖੋਂ ਅਤੇ ਵਿਚਾਰਧਾਰਕ ਪੱਖੋਂ ਅਜਿਹੀ ਕਵਿਤਾ ਲਿਖੀ ਹੈ ਕਿ ਇਨ੍ਹਾਂ ਸਾਰੇ ਪੱਖਾਂ ਤੋਂ ਉਸਦੀ ਪਰਸੰਗਿਕਤਾ ਬਣੀ ਰਹੇਗੀ। ਔਰਤ ਪ੍ਰਤੀ ਪਾਸ਼ ਦੀ ਕਵਿਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਔਰਤ ਦੇ ਹੱਕਾਂ ਲਈ ਇੱਕ ਕਵਿਤਾ ਅਕਾਦਮਿਕ ਰੂਪ ਦੀ ਲਿਖੀ ਜਾ ਰਹੀ ਹੈ ਪਰ ਜਿਸ ਪੱਧਰ ਦੀ ਕਲਾਤਮਕ ਕਵਿਤਾ ਪਾਸ਼ ਨੇ ਲਿਖੀ ਹੈ ਉਸ ਪੱਧਰ ਦੀ ਕਵਿਤਾ ਹੋਰ ਕਿਸੇ ਨੇ ਨਹੀਂ ਲਿਖੀ। ਇਸ ਵਿਚਾਰ ਦੀ ਪ੍ਰੋੜ੍ਹਤਾ ਲਈ ਉਨ੍ਹਾਂ ਪਾਸ਼ ਦੀ ਕਵਿਤਾ ਦੀਆਂ ਲਾਈਨਾਂ — “ਜੇ ਤੂੰ ਮੁਕਲਾਵੇ ਨਾ ਜਾਂਦੀ ਤਾਂ ਤੈਨੂੰ ਭਰਮ ਹੀ ਰਹਿਣਾ ਸੀ ਕਿ ਰੰਗਾਂ ਦਾ ਮਤਲਬ ਫੁੱਲ ਹੀ ਹੁੰਦੈ…” ਜਾਂ “ਚਿੜੀਆਂ ਦਾ ਚੰਭਾ ਉੱਡ ਕੇ ਕਿਤੇ ਨਹੀਂ ਜਾਇਗਾ…” ਦਾ ਹਵਾਲਾ ਦਿੰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਪਾਸ਼ ਪਹਿਲਾਂ ਮਹਿਸੂਸ ਕਰਦਾ ਹੈ ਤੇ ਫਿਰ ਆਪਣੇ ਖਿਆਲ ਨੂੰ ਖ਼ੂਬਸੂਰਤ ਬਿੰਬਾਂ ਵਿੱਚ ਢਾਲ਼ਦਾ ਹੈ ਜੋ ਉਸਦੀ ਕਵਿਤਾ ਦੀ ਪ੍ਰਾਪਤੀ ਬਣਦਾ ਹੈ।

ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਿਸਾਨੀ ਅੰਦੋਲਨ ਨੂੰ ਸਿੱਖਾਂ ਤੇ ਕਾਮਰੇਡਾਂ ਦਾ ਮਸਲਾ ਬਣਾਉਣ ਦੀਆਂ ਚਾਲਾਂ ਬਾਰੇ ਬੋਲਦਿਆਂ ਡਾ. ਬਰਾੜ ਨੇ ਕਿਹਾ ਕਿ ਬੀਜੇਪੀ ਵਾਂਗ ਹੀ ਖ਼ਾਲਿਸਤਾਨੀਆਂ ਦਾ ਆਈਟੀ ਸੈੱਲ ਵੀ ਬੜਾ ਖ਼ਤਰਨਾਕ ਪ੍ਰਚਾਰ ਕਰ ਰਿਹਾ ਹੈ ਤੇ ਜੋ ਸ਼ਬਦਾਵਲੀ ਕਾਮਰੇਡਾਂ ਖਿਲਾਫ ਵਰਤ ਰਿਹਾ ਹੈ ਉਹ ਬਿਲਕੁਲ ਹੀ ਨੈਤਿਕ ਨਹੀਂ ਹੈ। ਪਰ ਉਨ੍ਹਾਂ ਇਹ ਵੀ ਕਿਹਾ ਕਿ ਇਹ ਪਾੜਾ ਸਿਰਫ ਸੋਸ਼ਲ ਮੀਡੀਆ `ਤੇ ਹੀ ਵਿਖਾਈ ਦੇ ਰਿਹਾ ਹੈ, ਗਰਾਊਂਡ ਲੈਵਲ `ਤੇ ਕੁਝ ਵੀ ਅਜਿਹਾ ਨਹੀਂ ਹੈ। 

ਪਾਸ਼ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਪਾਸ਼ ਨੇ ਉਹੀ ਲਿਖਿਆ ਹੈ ਜੋ ਉਸਨੇ ਆਪਣੇ ਆਲੇ-ਦੁਆਲੇ ਵੇਖਿਆ ਅਤੇ ਮਹਿਸੂਸਿਆ ਹੈ ਤੇ ਉਸਦੀ ਕਵਿਤਾ ਦੇ ਸਾਰੇ ਪਾਤਰ ਜੀਂਦੇ ਜਾਗਦੇ ਇਨਸਾਨ ਨੇ। ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਸ਼ ਦੀ ਕਵਿਤਾ ਵਿਚਲੇ ਪਿਆਰਾ ਨਾਈ ਖੀਵੇ ਪਿੰਡ ਤੋਂ, ਮਰੋ ਦਾਈ ਉੱਗੀ ਤੋਂ, ਵੀਰੂ ਬੱਕਰੀਆਂ ਵਾਲ਼ਾ ਤਲਵੰਡੀ ਸਲੇਮ ਤੋਂ ਅਤੇ ਹੋਰ ਬਹੁਤ ਸਾਰੇ ਅਜਿਹੇ ਪਾਤਰ ਨੇ ਜਿਨ੍ਹਾਂ ਨੂੰ ਮੈਂ ਨੇੜਿਉਂ ਜਾਣਿਆ ਹੈ।

ਮੀਟਿੰਗ ਵਿੱਚ ਚੱਲੇ ਵਾਰਤਾਲਾਪ ਦੇ ਦੌਰ ਵਿੱਚ ਸਾਧੂ ਬਿੰਨਿੰਗ, ਗੁਰਬਖਸ਼ ਭੰਡਾਲ, ਦਰਸ਼ਨ ਗਿੱਲ, ਜਰਨੈਲ ਸਿੰਘ ਕਹਾਣੀਕਾਰ, ਬਬਨੀਤ, ਜਸਵੀਰ ਮੰਗੂਵਾਲ਼, ਡਾ. ਬਲਜਿੰਦਰ ਸੇਖੋਂ ਅਤੇ ਜਸਵਿੰਦਰ ਸੰਧੂ ਨੇ ਹਿੱਸਾ ਲਿਆ। ਇਸਤੋਂ ਇਲਾਵਾ ਗੁਰਮੀਤ ਪਨਾਂਗ, ਪਿਆਰਾ ਸਿੰਘ ਕੁੱਦੋਵਾਲ, ਬਲਦੇਵ ਰਹਿਪਾ, ਸੁਰਿੰਦਰ ਖਹਿਰਾ, ਕਾਮਰੇਡ ਗੁਰਦੇਵ ਸਿੰਘ, ਬਲਵਿੰਦਰ ਸਿੰਘ ਬਰਨਾਲਾ, ਨਿਰਮਲ ਰੰਧਾਵਾ, ਆਤਮਾ ਚਾਹਲ, ਡਾ. ਗੁਰਵਿੰਦਰ ਕੌਰ ਬਰਾੜ, ਪਰਮਿੰਦਰ ਸਵੈਚ ਅਤੇ ਗੁਰਪ੍ਰੀਤ ਮੀਟਿੰਗ ਨਾਲ਼ ਜੁੜੇ ਹੋਏ ਸਨ। ਮੀਟਿੰਗ ਦੀ ਸੰਚਾਲਨਾ ਕੁਲਵਿੰਦਰ ਖਹਿਰਾ ਵੱਲੋਂ ਕੀਤੀ ਗਈ ਅਤੇ ਪਰਮਜੀਤ ਦਿਓਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।
***
131
***

kulwinder Khera