ਲਿਖਾਰੀ 2001-2007 / ਲੇਖ / ਵਿਸ਼ੇਸ਼ ਪੰਜਾਬੀ ਦਾ ਸਤਿਆਨਾਸ – ਅਮਰਜੀਤ ਚੰਦਨ by ਅਮਰਜੀਤ ਚੰਦਨ31 August 20213 September 2021 ShareSharePin ItShare Written by ਅਮਰਜੀਤ ਚੰਦਨ ਇਹ ਰਚਨਾ ‘ਲਿਖਾਰੀ’ ਦੇ ਸਹਿਯੋਗੀ ਕੰਵਰ ਬਰਾੜ ਦੇ ਉੱਦਮ ਸਦਕਾ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਮੁੜ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ ਪੰਜਾਬੀ ਦਾ ਸੱਤਿਆਨਾਸ- ਅਮਰਜੀਤ ਚੰਦਨ (ਲੇਖਕ ‘ਚੰਦਨ’ ਜੀ ਵਲੋਂ ਅਪਰੈਲ 2009 ਵਿੱਚ ਸੋਧੀ ਲਿਖਤ ਹਾਜ਼ਰ ਹੈ) ਸ਼ਬਦ ਦੇ ਪੂਰਣ ਗਿਆਨ ਤੇ ਸਹੀ ਵਰਤੋਂ ਨਾਲ਼ ਲੋਕ-ਪਰਲੋਕ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਪਾਤੰਜਲੀ The duties of a writer as a writer and a citizen are not the same. The only duty a writer has as a citizen is to defend language. And this is a political duty. Because, if language is corrupted, thought is corrupted. – WH Auden – ਮੇਰੀ ਤਕਲੀਫ਼ ਇਸ ਲਿਖਤ ਦੇ ਸਿਰਲੇਖ ਚ ਪ੍ਰਤੱਖ ਹੈ। ਮੈਂ ਅਪਣੀ ਗੱਲ ਅਮਰੀਕੀ ਕਾਲ਼ੀ ਲਿਖਾਰਨ ਟੋਨੀ ਮੌਰੀਸਨ ਦੇ 1993 ਚ ਨੋਬੇਲ ਇਨਾਮ ਲੈਣ ਵੇਲੇ ਕੀਤੇ ਭਾਸ਼ਣ ਨਾਲ਼ ਸ਼ੁਰੂ ਕਰਦਾ ਹਾਂ, ਜੋ ਸਾਰਾ ਬੋਲੀ ਦੇ ਸੁਹਜ ਤੇ ਕੁਹਜ ਬਾਰੇ ਹੈ। ਮੌਰੀਸਨ ਦੀ ਅੰਗਰੇਜ਼ੀ ਸੁਰ ਹੋਏ ਸਾਜ਼ ਵਾਂਙ ਹੈ – ਇਹ ਓਸੇ ਬੋਲੀ ਚ ਹੀ ਪੜ੍ਹਨ ਤੇ ਸੁਣਨ ਵਾਲ਼ੀ ਹੈ। ਪੰਜਾਬੀ ਚ ਉਹ ਗੱਲ ਨਹੀਂ ਬਣਨੀ; ਪਰ ਹੋਰ ਕੋਈ ਚਾਰਾ ਵੀ ਤਾਂ ਨਹੀਂ। ਭਾਸ਼ਣ ਇੰਜ ਸ਼ੁਰੂ ਹੁੰਦਾ ਹੈ: ਕੋਈ ਬੁੜ੍ਹੀ ਹੁੰਦੀ ਸੀ। ਅੰਨ੍ਹੀ। ਅਕਲਮੰਦ। ਦੋ ਬੱਚੇ ਇਹ ਧਾਰ ਕੇ ਬੁੜ੍ਹੀ ਕੋਲ਼ ਗਏ ਕਿ ਚਲੋ ਇਹਨੂੰ ਠਿੱਠ ਕਰੀਏ। ਮੁੰਡਾ ਕਹਿਣ ਲੱਗਾ – ਬੁੜ੍ਹੀਏ, ਮੇਰੇ ਹੱਥ ਚ ਚਿੜੀ ਐ, ਦੱਸ ਮਰੀ ਐ ਕਿ ਜੀਉਂਦੀ?- ਬੁੜ੍ਹੀ ਅੱਗੋਂ ਚੁੱਪ। ਉਹਨੂੰ ਤਾਂ ਕੁਸ਼ ਵੀ ਨਾ ਸੀ ਦੀਹਦਾ। ਮੁੰਡੇ ਨੇ ਫੇਰ ਓਹੀ ਗੱਲ ਪੁੱਛੀ। ਪਰ ਜਿਹੜੀ ਗੱਲ ਮੁੰਡਿਆਂ ਦੇ ਢਿੱਡ ਚ ਸੀ, ਉਹ ਬੁੜ੍ਹੀ ਦੇ ਨਹੁੰਆਂ ਚ ਸੀ। ਉਹ ਫੇਰ ਵੀ ਚੁੱਪ ਰਹੀ। ਮੁੰਡੇ ਹਿੜਹਿੜ ਕਰਨ ਲੱਗੇ। ਬੁੜ੍ਹੀ ਕੋਲ਼ੋਂ ਰਿਹਾ ਨਾ ਗਿਆ – ਮੈਂ ਨਾ ਜਾਣਾ, ਤੇਰੇ ਹੱਥ ਚ ਫੜੀ ਚਿੜੀ ਮਰੀ ਐ ਕਿ ਜੀਉਂਦੀ? ਪਰ ਇਹ ਹੈ ਤੇਰੇ ਹੱਥਾਂ ਚ। ਮੌਰੀਸਨ ਦੀ ਏਸ ਬਾਤ ਦਾ ਮਤਲਬ ਇਹ ਹੈ – ਜੇ ਚਿੜੀ ਮਰੀ ਹੋਈ ਹੈ, ਜਾਂ ਤਾਂ ਤੁਹਾਨੂੰ ਲੱਭੀ ਹੀ ਮਰੀ ਹੋਈ ਸੀ ਜਾਂ ਤੁਸੀਂ ਇਹਨੂੰ ਮਾਰ ਦਿੱਤੈ। ਜੇ ਇਹ ਜੀਉਂਦੀ ਹੈ, ਤਾਂ ਤੁਸੀਂ ਹਾਲੇ ਵੀ ਇਹਨੂੰ ਮਾਰ ਸਕਦੇ ਹੋ। ਤੁਸੀਓਂ ਜਾਣੋ ਕਿ ਇਹਨੂੰ ਜੀਉਂਦੀ ਰਹਿਣ ਦੇਣੈ ਜਾਂ ਮਾਰ ਦੇਣੈ। ਇਹ ਤੁਹਾਡਾ ਹੀ ਜ਼ਿੰਮਾ ਹੈ। ਬਾਤ ਵਿਚ ਚਿੜੀ ਬੋਲੀ ਹੈ ਤੇ ਔਰਤ ਲਿਖਾਰੀ। ਮੌਰੀਸਨ ਨੂੰ ਚਿੰਤਾ ਹੈ ਕਿ ਜਿਸ ਬੋਲੀ ‘ਚ ਇਹ ਸੁਪਨੇ ਲੈਂਦੀ ਹੈ; ਜਿਸ ਬੋਲੀ ਦੀ ਇਹਨੂੰ ਗੁੜ੍ਹਤੀ ਮਿਲ਼ੀ ਸੀ; ਉਹ ਚਿੜੀ ਵਰਗੀ ਨੰਨ੍ਹੀ ਜਾਨ ਖਰੂਦੀਆਂ ਦੇ ਵੱਸ ਪਈ ਹੋਈ ਹੈ। ਇਹ ਇਹ ਮੰਨੀ ਬੈਠੀ ਹੈ ਕਿ ਜਦ ਅਣਗਹਿਲੀ ਨਾਲ਼, ਦੁਰਵਰਤੋਂ ਨਾਲ਼ ਤੇ ਦੁਰਕਾਰ ਨਾਲ਼ ਜਾਂ ਐਵੇਂ ਹੀ ਸ਼ੁਗਲ ਨਾਲ਼ ਬੋਲੀ ਮਰਦੀ ਹੈ, ਤਾਂ ਇਸ ਮੌਤ ਦੇ ਜ਼ਿੰਮੇਦਾਰ ਇਹਨੂੰ ਸਿਰਜਣ ਤੇ ਬਿਨਾਸਣ ਵਾਲ਼ੇ ਵੀ ਹੁੰਦੇ ਹਨ। ਤਰੱਕੀ ਜਾਂ ਨਿਘਾਰ ਪੰਜਾਬੀ ਦਾ ਸਰੂਪ ਮੇਰੇ ਦੇਖਦਿਆਂ-ਦੇਖਦਿਆਂ ਪਿਛਲੇ ਵੀਹਾਂ-ਕੁ ਸਾਲਾਂ ਚ ਏਨਾ ਬਦਲ ਗਿਆ ਹੈ ਕਿ ਇਹ ਹੁਣ ਸਿਆਣੀ ਨਹੀਂ ਜਾਂਦੀ। ਪੰਜਾਬੀ ਦੇ ਉਸਤਾਦ (ਕਈ ਅਪਣੇ-ਆਪ ਨੂੰ “ਭਾਸ਼ਾ ਵਿਗਿਆਨੀ” ਅਖਵਾ ਕੇ ਖ਼ੁਸ਼ ਹੁੰਦੇ ਹਨ), ‘ਕਵੀ’ ਲਿਖਾਰੀ ਤੇ ਪਤ੍ਰਕਾਰ ਐਸੀ ਪੰਜਾਬੀ ਲਿਖ ਰਹੇ ਹਨ, ਜੋ ਅਸਲ ਚ ਗੁਰਮੁਖੀ ਅੱਖਰਾਂ ਚ ਲਿਖੀ ਅੰਗਰੇਜ਼ੀ ਤੇ ਹਿੰਦੀ ਹੋ ਕੇ ਰਹਿ ਗਈ ਹੈ। ਜੇ ਕੋਈ “ਅੰਗਰੇਜ਼ੀ ਹਿੰਦੀ ਦੇ ਪੰਜਾਬੀ ਵਾਕ-ਰਚਨਾ (ਸਿੰਟੈਕਸ) ‘ਤੇ ਪਏ ਅਸਰ” ਬਾਰੇ ਪੀਐੱਚ ਡੀ ਥੀਸਿਸ ਲਿਖੇ, ਤਾਂ ਉਸ ਵਿਚ ਬੜੀਆਂ ਗੱਲਾਂ ਉਜਾਗਰ ਹੋਣਗੀਆਂ। “ਇਕ” ਦੀ ਦੁਰਵਰਤੋਂ – ਠੇਠ ਪੰਜਾਬੀ ਦਾ ਸਰੂਪ 19ਵੀਂ ਸਦੀ ਦੇ ਅੱਧ ਚ ਬਾਈਬਲ ਦੇ ਪੰਜਾਬੀ ਵਿਚ ਛਪੇ ਉਲਥੇ ਨਾਲ਼ ਵਿਗੜਨ ਲੱਗਾ ਸੀ। ਚਾਰ-ਪੰਜ ਦਹਾਕਿਆਂ ਚ ਪੰਜਾਬੀ ਅੰਗਰੇਜ਼ੀ ਪੜ੍ਹ-ਸਿਖ ਕੇ ਜਦ ਸਾਹਿਤਕਾਰੀ ਪਤ੍ਰਕਾਰੀ ਕਰਨ ਲੱਗੇ, ਤਾਂ ਉਹ ਅਚੇਤ ਹੀ ਅਪਣੀ ਬੋਲੀ ਦਾ ਵਾਕ ਅੰਗਰੇਜ਼ੀ ਵਾਂਙ ਬੰਨ੍ਹਣ ਲੱਗੇ; ਨਾਲ਼ ਹੀ ਅੰਗਰੇਜ਼ੀ ਆਰਟੀਕਲ ‘ਏ’ ‘ਐਨ’ ਦੀ ਰੀਸੇ “ਇਕ” ਦੀ ਐਸੀ ਪੋਹਲ਼ੀ ਉੱਗੀ ਕਿ ਹੁਣ ਇਹਨੂੰ ਪੁੱਟ ਸੁੱਟਣਾ ਬੜਾ ਔਖਾ ਹੈ। ਭਾਈ ਵੀਰ ਸਿੰਘ ਦੀ ਲਿਖਤ ਤੋਂ ਲੈ ਕੇ ਅਜੋਕੀ ਹਰ ਲਿਖਤ “ਇਕ” ਦੇ ਕੋਕੜੂਆਂ ਨਾਲ਼ ਭਰੀ ਪਈ ਮਿਲ਼ਦੀ ਹੈ। ਖ਼ਾਸ ਕਰਕੇ ਅੰਮ੍ਰਿਤਾ ਪ੍ਰੀਤਮ ਤੇ ਸੰਤ ਸਿੰਘ ਸੇਖੋਂ ਦੀ ਲਿਖਤ ਵਿਚ “ਇਕ” ਦੀ ਭਰਮਾਰ ਹੁੰਦੀ ਹੈ। ਕਵਿਤਾ ਤੇ ਨਾਟਕ ਵਿਚ ਇਕ ਦੀ ਲੱਗੀ ਹਿਚਕੀ ਨਾਲ਼ ਤਾਂ ਬਹੁਤ ਬੇਸਵਾਦੀ ਹੁੰਦੀ ਹੈ। ਉਸਤਾਦ ਪਹਿਲੀ ਜਮਾਤ ਚ ਬੱਚੇ ਨੂੰ ਸਬਕ ਸਿਖਾਉਂਦਾ ਹੈ – ਦਿਸ ਇਜ਼ ਏ ਬੁਕ – ਇਹ ਇਕ ਕਿਤਾਬ ਹੈ। ਉਹ ਪੰਜਾਬੀ ਨਹੀਂ ਪੜ੍ਹਾਉਂਦਾ ਕਿ – ਇਹ ਕਿਤਾਬ ਹੈ। ਇਹ ਪੱਕੀ ਗੱਲ ਹੈ ਕਿ ਕਵੀ ਹੀ ਚੰਗੀ ਨਸਰ ਲਿਖ ਸਕਦਾ ਹੈ; ਕਵੀ ਨੂੰ ਬੋਲੀ ਦੇ ਸੰਗੀਤ ਦਾ ਵਧ ਪਤਾ ਹੁੰਦਾ ਹੈ। ਲਿਖਿਆ ਵਾਕ ਸੁਰਲਿਪੀ ਹੀ ਤਾਂ ਹੁੰਦਾ ਹੈ। ਕਵੀ ਪੂਰਨ ਸਿੰਘ ਤੋਂ ਲੈ ਕੇ ਅਜੋਕੇ ਕਹਿੰਦੇ-ਕਹਾਉਂਦੇ ਕਵੀਆਂ ਦੀ ਲਿਖਤ ਦਾ ਇਹ ਵੱਡਾ ਦੋਸ਼ ਹੈ। “ਇਕ” ਦੀ ਕਸਰ ਮੈਨੂੰ ਵੀ ਸੀ, ਪਰ ਸੰਨ 1975 ਵਿਚ ਸੁਰਜੀਤ ਹਾਂਸ ਦੀ ਦਿੱਤੀ ਮੱਤ ਮੇਰੇ ਖ਼ਾਨੇ ਪੈ ਗਈ। ਮੈਂ “ਇਕ” ਦੇ ਵਿਪਰੀਤਸੁਰ ਦੀ ਬੀਮਾਰੀ ਦਾ “ਪਟਿਆਲ਼ੇ ਵਾਲ਼ੇ” ਪ੍ਰੋਫ਼ੈਸਰ ਪ੍ਰੀਤਮ ਸਿੰਘ ਨੂੰ ਪੁੱਛਿਆ, ਤਾਂ ਇਨ੍ਹਾਂ ਦੇ ਦਿੱਤੇ ਜਵਾਬ ਨਾਲ਼ ਮੈਂ ਬੋਲਣ ਜੋਗਾ ਨਾ ਰਿਹਾ। ਇਨ੍ਹਾਂ ਨੇ ਮੈਨੂੰ ਈਮੇਲ ਲਿਖੀ – ਮੈਂ ਹੁਣ ਤਕ “ਇਕ” ਅਚੇਤ ਹੀ ਵਰਤਦਾ ਰਿਹਾ ਹਾਂ; ਅੱਗੋਂ ਤੋਂ ਨਹੀਂ ਮੈਂ ਵਰਤਦਾ! – ਪਰ ਪ੍ਰੋਫ਼ੈਸਰ ਪ੍ਰੀਤਮ ਸਿੰਘ “ਇਕ” ਦੀ ਦੁਰਵਰਤੋਂ ਕਰਨੋਂ ਨਹੀਂ ਹਟੇ। ਇਨ੍ਹਾਂ ਤਾਂ ਪਿੱਛੇ ਜਿਹੇ ਮੈਨੂੰ ਇੰਜ ਵੀ ਝਿੜਕਿਆ ਕਿ: ਮੈਨੂੰ ਸਿਰ ਬਚਾਉਣ ਦੀ ਪਈ ਏ ਤੇ ਤੂੰ ਸਿਰ ਚੋਂ ਜੂੰਆਂ ਪਿਆ ਕੱਢਦਾ ਏਂ। ਵੰਨਗੀਆਂ: ਸੇਖੋਂ ਨੇ ਸਵੈ-ਜੀਵਨੀ ਉਮਰ ਦਾ ਪੰਧ (ਗੁਰੂ ਨਾਨਕ ਦੇਵ ਯੂਨੀਵਰਸਟੀ। 1989) ਦੇ ਸਫ਼ੇ 195 ਵਿਚ “ਇਕ” ਗਿਆਰਾਂ ਵਾਰ ਬੇਲੋੜਾ ਵਰਤਿਆ ਹੈ: ਮੈਂ ਸਰਦਾਰ ਗੁਰਦਿਆਲ ਸਿੰਘ ਨੂੰ ਮਿਲਿਆ ਜੋ ਉਸੇ ਦਿਨ ਹੀ ਨਿਸਬਿਤ ਰੋਡ ਉੱਤੇ ਇਕ ਵੱਡੇ ਸਾਰੇ ਘਰ ਤੋਂ ਐਬਟ ਰੋਡ ਉੱਤੇ ਇਕ ਕੋਠੀ ਵਿਚ ਪ੍ਰਸਥਾਨ ਕਰ ਰਿਹਾ ਸੀ। ਕੁਝ ਦਿਨਾਂ ਪਿੱਛੋਂ ਮੈਂ ਆਪਣੀ ਪਤਨੀ ਨੂੰ, ਜਿਸ ਕੋਲ ਸਾਡਾ ਦੋ ਢਾਈ ਮਹੀਨੇ ਦਾ ਇਕ ਬਾਲਕ ਸੀ, ਲਾਹੌਰ ਲੈ ਆਇਆ ਤੇ ਅਸੀਂ ਨਿਸਬਿਤ ਰੋਡ ਉੱਤੇ ਇਕ ਮਕਾਨ ਦਾ ਕੱੁਝ ਹਿੱਸਾ ਲੈ ਕੇ ਰਹਿਣ ਲੱਗ ਪਏ। ਉਥੇ ਸਾਡੇ ਘਰ ਦੀ ਸਫ਼ਾਈ ਇਕ ਬਾਲਮੀਕੀ ਯੁਵਤੀ ਪ੍ਰਕਾਸ਼ੋ ਕਰਦੀ ਸੀ। ਹਰਚਰਨ ਸਿੰਘ ਬਾਜਵਾ ਪਾਸ ਉਸਦਾ ਇਕ ਭਾਣਜਾ ਤੇ ਕੁਝ ਹੋਰ ਮੁੰਡੇ ਆ ਕੇ ਰਿਹਾ ਕਰਦੇ ਸਨ। ਥੋੜ੍ਹੇ ਦਿਨਾਂ ਪਿਛੋਂ ਹੀ ਸਾਨੂੰ ਲਾਹੌਰ ਸ਼ਹਿਰ ਦੇ ਬਾਹਰ-ਬਾਹਰ ਆਰੀਆ ਨਗਰ ਦੀ ਬਸਤੀ ਵਿਚ ਇਕ ਕੋਠੀ ਦਾ ਇਕ ਛੋਟਾ ਭਾਗ, ਦੋ ਕਮਰੇ ਇਕ ਸਟੋਰ, ਇਕ ਗੁਸਲਖਾਨਾ ਤੇ ਇਕ ਵੱਖਰੀ ਰਸੋਈ ਪੰਦਰਾਂ ਰੂਪਏ ਮਹੀਨਾ ਕਰਾਏ ਉੱਤੇ ਮਿਲ ਗਏ। ਅੰਗਰੇਜ਼ੀ ਵਿਚ ਸੋਚਦਿਆਂ ਲਿਖੇ ਉਪਰਲੇ ਬੰਦ ਵਿਚ ਇਕ ਤੋਂ ਛੁੱਟ ਕੁਚੱਜੀ ਬੋਲੀ ਦੀ ਕਸਰ ਵੀ ਹੈ। ਇਹ ਠੇਠ ਪੰਜਾਬੀ ਵਿਚ ਇਸ ਤਰ੍ਹਾਂ ਲਿਖਿਆ ਜਾ ਸਕਦਾ ਸੀ: ਮੈਂ ਸਰਦਾਰ ਗੁਰਦਿਆਲ ਸਿੰਘ ਨੂੰ ਮਿਲ਼ਿਆ, ਜੋ ਉਸੇ ਦਿਨ ਹੀ ਨਿਸਬਿਤ ਰੋਡ ਵਾਲ਼ਾ ਵੱਡਾ-ਸਾਰਾ ਘਰ ਛੱਡ ਕੇ ਐਬਟ ਰੋਡ ਵਾਲ਼ੀ ਕੋਠੀ ਨੂੰ ਚੱਲਿਆ ਸੀ। ਕੁਝ ਦਿਨਾਂ ਪਿੱਛੋਂ ਮੈਂ ਅਪਣੀ ਪਤਨੀ ਨੂੰ ਲਾਹੌਰ ਲੈ ਆਇਆ। ਓਦੋਂ ਉਹਦੇ ਕੁੱਛੜ ਸਾਡਾ ਦੋ-ਢਾਈ ਮਹੀਨੇ ਦਾ ਬਾਲਕ ਸੀ ਤੇ ਅਸੀਂ ਨਿਸਬਿਤ ਰੋਡ ’ਤੇ ਕਿਸੇ ਮਕਾਨ ਦੇ ਇਕ ਹਿੱਸੇ ਵਿਚ ਰਹਿਣ ਲੱਗ ਪਏ। ਉਥੇ ਸਾਡੇ ਘਰ ਦੀ ਸਫ਼ਾਈ ਬਾਲਮੀਕੀ ਕੁੜੀ ਪ੍ਰਕਾਸ਼ੋ ਕਰਦੀ ਸੀ। ਹਰਚਰਨ ਸਿੰਘ ਬਾਜਵੇ ਕੋਲ਼ ਉਹਦਾ ਭਾਣਜਾ ਤੇ ਕੁਝ ਹੋਰ ਮੁੰਡੇ ਆ ਕੇ ਰਹਿੰਦੇ ਹੁੰਦੇ ਸਨ। ਥੋੜ੍ਹੇ ਦਿਨਾਂ ਪਿੱਛੋਂ ਹੀ ਸਾਨੂੰ ਲਾਹੌਰ ਸ਼ਹਿਰ ਦੇ ਬਾਹਰਵਾਰ ਆਰੀਆ ਨਗਰ ਦੀ ਬਸਤੀ ਵਿਚ ਪੰਦਰਾਂ ਰੁਪਏ ਮਹੀਨਾ ਕਿਰਾਏ ’ਤੇ ਕੋਠੀ ਮਿਲ਼ ਗਈ; ਜਿਸ ਵਿਚ ਦੋ ਕਮਰੇ, ਸਟੋਰ, ਗ਼ੁਸਲਖ਼ਾਨਾ ਤੇ ਵੱਖਰੀ ਰਸੋਈ ਸੀ। ਸੇਖੋਂ ਨੇ ਉਮਰ ਦਾ ਪੰਧ ਵਿਚ ਹੀ ਇਹ ਫੜ੍ਹਾਂ ਮਾਰੀਆਂ ਹੋਈਆਂ ਹਨ: ਜਦ ਪੰਜਾਬ ਯੂਨੀਵਰਸਟੀ ਨੇ ਪੰਜਾਬੀ ਦੀ ਵੀ ਐਮ.ਏ. ਸ਼ੁਰੂ ਕਰ ਦਿੱਤੀ, ਤਾਂ ਮੈਂ ਖ਼ਾਲਸਾ ਕਾਲਜ ਵਿਚ ਪੰਜਾਬੀ ਦਾ ਮੁੱਖ ਅਧਿਆਪਕ ਬਣ ਗਿਆ ਜਿਸ ਪਦਵੀਂ ਨੂੰ ਮੈਂ ਉਸ ਵੇਲੇ ਅੰਗਰੇਜ਼ੀ ਦੇ ਮੱੁਖ ਅਧਿਆਪਕ ਨਾਲੋਂ ਚੰਗੇਰੀ ਸਮਝਦਾ ਸਾਂ। ਜਦੋਂ ਮੈਂ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਦੀ ਆਲੋਚਨਾ ਉੱਤੇ ਭਾਸ਼ਨ ਦਿੰਦਾ ਸਾਂ ਤਾਂ ਮੈਂ ਸਮਝਦਾ ਸਾਂ ਜੋ ਉਨ੍ਹੀਵੀਂ ਸਦੀ ਵਿਚ ਆਕਸਫ਼ੋਰਡ ਤੇ ਕੈਮਬ੍ਰਿਜ ਵਿਚ ਅੰਗਰੇਜ਼ੀ ਦੇ ਅਧਿਆਪਕ ਅੰਗਰੇਜ਼ੀ ਸਾਹਿਤ ਤੇ ਭਾਸ਼ਾ ਲਈ ਕਰਦੇ ਸਨ ਤੇ ਪਿਛਲੇ ਤੀਹ ਵਰ੍ਹਿਆਂ ਵਿਚ ਜੋ ਪੰਜਾਬੀ ਆਲੋਚਨਾ ਤੇ ਅਧਿਆਪਨ ਵਿਚ ਕੰਮ ਹੋਇਆ ਹੈ, ਮੈਂ ਸਮਝਦਾ ਹਾਂ ਉਸ ਉੱਤੇ ਮੇਰਾ ਬੜਾ ਪ੍ਰਭਾਵ ਹੈ। ਪੰਜਾਬੀ ਵਿਚ ਸਾਹਿਤ ਆਲੋਚਨਾ ਦੀ ਸਿਧਾਂਤਕ ਪਰਿਪਾਟੀ ਦੀ ਸਥਾਪਨਾ ਵਿਚ, ਮੈਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ, ਮੇਰਾ ਪ੍ਰਭਾਵ ਸਭ ਪਾਸੇ ਮੰਨਿਆ ਗਿਆ ਹੈ। ਪੰਜਾਬੀ ਭਾਸ਼ਾ ਦੀ ਸ਼ੈਲੀ ਬਨਾਉਣ ਵਿਚ ਵੀ ਮੇਰਾ ਕੰਮ ਉਸੇ ਤਰ੍ਹਾਂ ਮੋਢੀਆਂ ਵਾਲਾ ਹੈ। ਪਹਿਲਾਂ-ਪਹਿਲਾਂ ਮੇਰਾ ਪੰਜਾਬੀ ਵਿਚ ਸੰਸਕ੍ਰਿਤ ਦੇ ਤਤਸਮ ਤੇ ਨਵੇਂ ਤਦਭਵ ਸ਼ਬਦ ਲਿਆਉਣ ਕਰਕੇ ਬਹੁਤ ਵਿਰੋਧ ਹੋਇਆ ਤੇ ਮੇਰੀ ਭਾਸ਼ਾ ਨੂੰ ਔਖੀ ਤੇ ਦੁਰਗਮ ਕਿਹਾ ਗਿਆ। ਵਿਸ਼ੇਸ਼ ਕਰਕੇ ਆਲੋਚਨਾ ਸਿਧਾਤ ਦੀ ਮੇਰੀ ਪੁਸਤਕ ਸਾਹਿਤਿਆਰਥ ਦੇ ਨਾਉਂ ਅਤੇ ਭਾਸ਼ਾ ਉਤੇ ਬਹੁਤ ਕਿੰਤੂ ਕੀਤੇ ਗਏ, ਪਰ ਮੈਨੂੰ ਇਕ ਵਿਜਯੀ ਵਾਲੀ ਖੁਸ਼ੀ ਹੈ ਕਿ ਪੰਜਾਬੀ ਭਾਸ਼ਾ ਦੀ ਸ਼ੈਲੀ ਹੁਣ ਸਰਵਤਰ ਮੇਰੇ ਵਾਲੀ ਹੈ। (ਪੂਰਬੀ) ਪੰਜਾਬ ਯੂਨੀਵਰਸਟੀ ਨੇ ਪੰਜਾਬੀ ਦੀ ਐੱਮ।ਏ। ਸੰਨ 1952 ਵਿਚ ਸ਼ੁਰੂ ਕੀਤੀ ਸੀ। ਸੇਖੋਂ ਦੇ ਇਸ ਬਿਆਨ ਵਿਚ ਅਪਣੇ ਪਾਏ ਅਸਰ ਵਾਲ਼ਾ ਕੀਤਾ ਦਾਅਵਾ ਸੱਚਾ ਹੈ। ਜਿਹਨੂੰ ਇਹ ਅਪਣਾ ਮਾਣ ਸਮਝਦਾ ਹੈ, ਉਹਨੂੰ ਮੈਂ ਅਪਣੀ ਮਾਂ-ਬੋਲੀ ਨਾਲ਼ ਕੀਤੀ ਬੇਪੱਤ ਸਮਝਦਾ ਹਾਂ। ਸੇਖੋਂ ਪੰਜਾਬੀ ਦਾ ਸੱਤਿਆਨਾਸ ਕਰਨ ਵਾਲ਼ੇ ਮੋਹਰੀਆਂ ਚ ਹੈ। ਇਹਦੀ ਰੀਸੇ ਐੱਮ।ਏ। ਕਰਦਾ ਹਰ ਵਿਦਿਆਰਥੀ ਇਹਦੇ ਵਰਗੀ ਹੀ ਬੋਲੀ ਲਿਖਣ ਲਗ ਪਿਆ ਸੀ। ਹੁਣ ਪੀਐੱਚ। ਡੀ। ਦੀ ਡਿਗਰੀ ਵਾਲ਼ੇ ਕੁਚੱਜਿਆਂ ਦੇ ਇਸ ਟੱਬਰ ਦੀ ਗਿਣਤੀ ਵਧ ਕੇ ਸਾਢੇ ਤਿੰਨ ਹਜ਼ਾਰ ਤੋਂ ਵਧ ਹੋ ਗਈ ਹੈ। (ਡਾਕਟਰ) ਹਰਿਭਜਨ ਸਿੰਘ ਵਰਗੀ ਠੇਠ ਪੰਜਾਬੀ ਹੋਰ ਕੋਈ ਆਲੋਚਕ ਨਹੀਂ ਲਿਖ ਸਕਿਆ। ਅੰਮ੍ਰਿਤਾ ਪ੍ਰੀਤਮ ਦੀ ਸਾਰੀ ਨਜ਼ਮ ਤੇ ਨਸਰ ਵਿਚ “ਇਕ” ਦੀ ਭਰਮਾਰ ਹੈ। ਵੰਨਗੀ: ਇਹਦੀ ਛੇ ਸਤਰਾਂ ਦੀ ਕਵਿਤਾ ਇਮਰੋਜ਼ ਚਿਤ੍ਰਕਾਰ ਹੈ, ਜਿਸ ਵਿਚ ਪੰਜ ਵਾਰ ਬੇਲੋੜਾ “ਇਕ” ਵਰਤਿਆ ਹੈ। ਮੇਰੇ ਸਾਹਮਣੇ ਈਜ਼ਲ ਦੇ ਉੱਤੇ, ਇਕ ਕੈਨਵਸ ਪਈ ਹੈ ਕੁਝ ਇੰਜ ਜਾਪਦਾ ਕਿ ਕੈਨਵਸ ਤੇ ਲੱਗਾ ਰੰਗ ਦਾ ਟੋਟਾ ਇਕ ਲਾਲ ਟਾਕੀ ਬਣ ਕੇ ਹਿਲਦਾ ਹੈ ਤੇ ਹਰ ਇਨਸਾਨ ਦੇ ਅੰਦਰ ਦਾ ਪਸ਼ੂ ਇਕ ਸਿੰਗ ਚੁੱਕਦਾ ਹੈ। ਸਿੰਗ ਤਣਦਾ ਹੈ, ਤੇ ਹਰ ਕੂਚਾ ਗਲੀ ਬਾਜ਼ਾਰ ਇਕ ‘ਰਿੰਗ’ ਬਣਦਾ ਹੈ ਤੇ ਮੇਰੀਆਂ ਪੰਜਾਬੀ ਰਗਾਂ ਵਿਚ ਇਕ ਸਪੇਨੀ ਰਵਾਇਤ ਖ਼ੌਲਦੀ… – ਮੈਂ ਜਮ੍ਹਾ ਤੂੰ । ਨਾਗਮਣੀ ਪ੍ਰਕਾਸ਼ਨ। 1977 ਪਤ੍ਰਕਾਰੀ ਤੇ ਸਾਹਿਤਕਾਰੀ ਪਿਛਲੇ ਦੋ ਦਹਾਕਿਆਂ ਚ ਪੰਜਾਬੀ ਪਤ੍ਰਕਾਰੀ ਦੀ ਬੋਲੀ ਇਕਦਮ ਬਦਲ ਗਈ ਹੈ। ਚੰਡੀਗੜ੍ਹ, ਪਟਿਆਲ਼ੇ ਤੇ ਲੁਧਿਆਣੇ ਵਾਲ਼ੀਆਂ ਯੂਨੀਵਰਸਟੀਆਂ ਨੇ ਪਤ੍ਰਕਾਰੀ ਦੇ ਵਿਭਾਗ ਖੋਲ੍ਹੇ ਹੋਏ ਹਨ। ਇਨ੍ਹਾਂ ਦੇ ਸਿਖਾਏ ਬੋਲੀ ਦਾ ਅੱਗੇ ਹੋਰ ਘਾਣ ਕਰੀ ਜਾਂਦੇ ਹਨ। ਇਸ ਮਸਲੇ ਦੀ ਜੜ੍ਹ ਵੀ ਅੰਗਰੇਜ਼ੀ ਹੀ ਹੈ। ਅਖ਼ਬਾਰਾਂ ਦੀਆਂ ਤਕਰੀਬਨ ਸਾਰੀਆਂ ਖ਼ਬਰਾਂ ਅੰਗਰੇਜ਼ੀ ਤੋਂ ਉਲਥਾਈਆਂ ਹੁੰਦੀਆਂ ਹਨ। ਕੰਮ ਦੇ ਗਾੜ੍ਹ ਕਰਕੇ ਤੇ ਅਪਣੀ ਕਿਰਤ ਤੇ ਬੋਲੀ ਨਾਲ਼ ਪਿਆਰ ਨਾ ਹੋਣ ਕਰਕੇ ਖ਼ਬਰਚੀ ਵਗਾਰ ਪੂਰੀ ਕਰ-ਕਰ ਰੋਜ਼ਾਨਾ ਅਖ਼ਬਾਰ ਦਾ ਖੂਹ ਜਿੱਡਾ ਢਿੱਡ ਭਰ ਕੇ ਸੁੱਖ ਦੀ ਨੀਂਦ ਸੌਂ ਜਾਂਦੇ ਹਨ। (ਪਤ੍ਰਕਾਰ ਤੁਰਕੀ ਚ ਖ਼ਬਰਚੀ ਹੁੰਦਾ ਹੈ; ਓਵੇਂ ਜਿਵੇਂ ਪੰਜਾਬੀ ਚ ਤੁਰਕੀ ਦੇ ਸ਼ਬਦ ਮਿਸ਼ਾਲਚੀ, ਨਿਸ਼ਾਨਚੀ, ਖ਼ਜ਼ਾਨਚੀ ਵਗ਼ੈਰਾ ਸਮਾਏ ਹੋਏ ਹਨ।) ਪੰਜਾਬੀ ਖ਼ਬਰਚੀਆਂ ਤੇ ਯੂਨੀਵਰਸਟੀ ਦੇ ਉਸਤਾਦਾਂ ਦੀ ਬੋਲੀ ਭਾਵੇਂ ਰਲ਼ਦੀ-ਮਿਲ਼ਦੀ ਹੈ; ਪਰ ਅਜੋਕੀ ਅਖ਼ਬਾਰੀ ਬੋਲੀ ਦੀਆਂ ਕੁਝ ਮਿਸਾਲਾਂ ਇਹ ਹਨ:- 1) ਹਿੰਦੀ ਅਖ਼ਬਾਰਾਂ ਤੇ ਟੈਲੀਵੀਯਨ ਦੀ ਰੀਸੇ ਪੰਜਾਬੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਮਦਾਰੀ-ਜਮੂਰੇ ਵਾਂਙ ਬੋਲਦੀਆਂ ਹਨ। ਨਵੇਂ ਜ਼ਮਾਨੇ ਅਖ਼ਬਾਰ ਦੇ ਸੰਪਾਦਕ ਸਾਹਿਬਾਨ ਅਪਣੀ ‘ਠੇਠ ਪੰਜਾਬੀ’ ਦੀ ਅਪਣੀ ਆਪ ਵਡਿਆਈ ਕਰਦੇ ਰਹਿੰਦੇ ਹਨ। ਪਰ ਇਹ ਅਖ਼ਬਾਰ ਵੀ ਪੰਜਾਬੀ ਨੂੰ ਪਲੀਤ ਕਰਨ ਵਿਚ ਕਿਸੇ ਨਾਲ਼ੋਂ ਪਿੱਛੇ ਨਹੀਂ। ਮਦਾਰੀ-ਜਮੂਰੇ ਵਾਂਙ ਬੋਲਦੀਆਂ ਇਸ ਦੀਆਂ ਸੁਰਖ਼ੀਆਂ ਦੀ ਵੰਨਗੀ: ਕੁਝ ਵੀ ਨਹੀਂ ਸਵਾਰ ਸਕਿਆ ਅਫ਼ਗ਼ਾਨਿਸਤਾਨ ਉੱਤੇ ਪੱਛਮ ਦਾ ਕਬਜ਼ਾ; ਪੀਪੀਐੱਸ ਚੜ੍ਹਿਆ ਸਿਆਸਤ ਦੀ ਭੇਟ; ਪੰਜ ਸਾਲਾ ਬਾਲੜੀ ਨਾਲ ਕੀਤਾ ਦਰਿੰਦਿਆਂ ਬਲਾਤਕਾਰ। (ਨਵਾਂ ਜ਼ਮਾਨਾ, 9 ਸਤੰਬਰ 2007) 2) ਪੰਜਾਬੀ ਅਖ਼ਬਾਰ ਪੰਜਾਬੀ ਵਿਆਕਰਣ ਦੇ ਵਿਕਾਰੀ ਰੂਪ ਦਾ ਨਿਯਮ (ਰੂਲ ਆੱਵ ਔਬਲੀਕ ਫ਼ੌਰਮ) ਤਿਆਗ ਕੇ ਹਿੰਦੀ ਦੇ ਰੀਸੇ ਲੁਧਿਆਣੇ ਚ ਕਤਲ ਦੀ ਥਾਂ ਲੁਧਿਆਣਾ ਚ ਕਤਲ ਲਿਖਣ ਲਗ ਪਏ ਹਨ। ਪੰਜਾਬ ਦੀ ਆਵਾਜ਼ ਅਜੀਤ ਦੀ ਵੈੱਬਸਾਈਟ ‘ਤੇ 20 ਮਾਰਚ 2004 ਨੂੰ ਇਹ ਖ਼ਬਰ ਲੱਗੀ:…ਕੋਟਕਪੂਰਾ ਦੇ ਨੌਜਵਾਨ ਨਾਲ ਠੱਗੀ । ਇਹ ਤਾਂ ਇਹ ਖ਼ਬਰ ਲਿਖਣ ਵਾਲ਼ਾ ਹੀ ਦਸ ਸਕਦਾ ਹੈ ਕਿ ਉਹਨੇ ਪੰਜਾਬੀ ਦਾ ਮੁਹਾਵਰਾ ਵਰਤਦਿਆਂ…ਕੋਟਕਪੂਰੇ ਦੇ ਨੌਜਵਾਨ ਨਾਲ ਠੱਗੀ ਕਿਉਂ ਨਹੀਂ ਲਿਖਿਆ? ਕਿਸੇ ਪੰਜਾਬੀ ਨੂੰ ਪੰਜਾਬੀ ਦੀ ਵਿਆਕਰਣ ਚਿਤਾਰਨ ਨਾਲ਼ੋਂ ਉਦਾਸ ਗੱਲ ਹੋਰ ਕਿਹੜੀ ਹੋਣੀ ਹੈ! ਨਿਯਮ ਤਾਂ ਇਹ ਹੈ ਕਿ ਪੰਜਾਬੀ ਦੇ ਪੁਲੰਿਗ ਸ਼ਬਦ ਦੇ ਆਖ਼ਿਰ ਚ ‘ਆ’ ਸੰਬੰਧਕ (ਪੋਸਟ ਪੁਜ਼ੀਸ਼ਨ) ਲਗਦਾ ਹੈ, ਤਾਂ ਆ ਤੋਂ ‘ਏ’ ਬਣ ਜਾਂਦਾ ਹੈ। (ਇਹ ਨੇਮ ਕੁਝ ਸ਼ਬਦਾਂ ‘ਤੇ ਨਹੀਂ ਢੁੱਕਦਾ; ਜਿਵੇਂ ਪਰਮਾਤਮਾ, ਅੱਲ੍ਹਾ ਜਾਂ ਭਰਾ ਵਗ਼ੈਰਾ।) ਸ਼ਾਇਦ ਕਿਸੇ ਦਿਨ ਸਾਡੇ ਖ਼ਬਰਚੀ “ਉਹਨੂੰ ਕੁੱਤੇ ਨੇ ਵੱਢਿਆ” ਦੀ ਥਾਂ “ਉਸਨੂੰ ਕੁੱਤਾ ਨੇ ਕੱਟਿਆ” ਲਿਖਣ ਲਗ ਜਾਣ! ਹੁਣ ਅਖ਼ਬਾਰ “ਪਟਿਆਲਿਓਂ” ਆਈਆਂ ਖ਼ਬਰਾਂ ਨਹੀਂ ਛਾਪਦੇ, “ਪਟਿਆਲਾ ਤੋਂ” ਆਈਆਂ ਖ਼ਬਰਾਂ ਛਾਪਦੇ ਹਨ। 3) ਆਮ ਗ਼ਲਤੀਆਂ:– “ਕਹਿਣਾ ਚਾਹੁੰਦਾ ਹਾਂ” ਦੀ ਥਾਂ “ਕਹਿਣਾ ਚਾਹਵਾਂਗਾ”। “ਕਰਨ ਲੱਗਾ ਹਾਂ” ਦੀ ਥਾਂ “ਕਰਨ ਜਾ ਰਿਹਾ ਹਾਂ”। “ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ? ਦੀ ਥਾਂ “ਤੁਸੀਂ ਇਸਨੂੰ ਕਿਵੇਂ ਲੈਂਦੇ ਹੋ”। “ਫ਼ੈਸਲਾ ਕਰਨਾ” ਹੁਣ “ਫ਼ੈਸਲਾ ਲੈਣਾ” ਹੋ ਚੁੱਕਾ ਹੈ। ਅੰਗਰੇਜ਼ੀ ਸ਼ਬਦ ਔਨ/ਐਟ ਬਿਨਾਂ ਸੋਚਿਆਂ ‘ਉੱਤੇ’ ਇਸ ਤਰ੍ਹਾਂ ਬਣਾਇਆ ਹੁੰਦਾ ਹੈ – ਕਹਾਣੀ ਉੱਤੇ ਫ਼ਿਲਮ/ ਫ਼ਲਾਨੀ ਕਿਤਾਬ ਉੱਤੇ ਗੋਸ਼ਟੀ। ਬਲਵੰਤ ਗਾਰਗੀ ਨੇ ਦੇਰ ਹੋਈ ਲੇਖ ਲਿਖਿਆ ਸੀ – ਸੁਰਿੰਦਰ ਕੌਰ ਉੱਤੇ ਫ਼ਿਲਮ। ਮੈਂ ਇਹਨੂੰ ਚਿੱਠੀ ਲਿਖੀ ਸੀ ਕਿ ਤੁਸੀਂ ਸੁਰਿੰਦਰ ਕੌਰ ਦੀ ਫ਼ਿਲਮ ਬਣਾਈ ਹੋਣੀ ਹੈ, ਨਾ ਕਿ ਉਹਦੇ ਉੱਤੇ! 4) ਕਰਤਰੀ ਵਾਚ (ਐਕਟਿਵ ਵੌਇਸ) ਦੀ ਥਾਂ ਕਰਮਨੀ ਵਾਚ (ਪੈਸਿਵ ਵੌਇਸ) ਵਰਤਣ ਦੀ ਸਾਰਿਆਂ ਨਾਲ਼ੋਂ ਵਧ ਆਦਤ ਸੰਤੋਖ ਸਿੰਘ ਧੀਰ ਨੂੰ ਹੈ। ਮੈਂ ਇਨ੍ਹਾਂ ਨੂੰ ਇਹ ਗੱਲ ਚਿਤਾਰੀ ਵੀ ਸੀ, ਪਰ ਇਨ੍ਹਾਂ ਨੇ ਅਣਸੁਣੀ ਕਰ ਦਿੱਤੀ। ਦੋ ਕੁ ਮਿਸਾਲਾਂ ਬਥੇਰੀਆਂ ਹਨ – ਇਨ੍ਹਾਂ ਦੀਆਂ 51 ਕਹਾਣੀਆਂ ਦੀ ਕਿਤਾਬ ਦੇ ਪਹਿਲੇ ਹੀ ਬੰਦ ਦਾ ਦੂਜਾ ਵਾਕ ਹੈ – “ਮੰਗੋ ਤੇ ਕੋਈ ਇਕ ਸਵਾਰ ਆਦਿ, ਲਗਭਗ ਇਕ ਦਹਾਕਾ ਮਗਰੋਂ ਜਾ ਕੇ ਲਿਖੀਆਂ ਗਈਆਂ ਸਨ। ”ਮੈਂ ਇਹ ਵਾਕ ਇੰਜ ਲਿਖਦਾ – “ਮੰਗੋ ਤੇ ਕੋਈ ਇਕ ਸਵਾਰ ਤੇ ਹੋਰ ਕਹਾਣੀਆਂ ਮੈਂ ਕੋਈ ਇਕ ਦਹਾਕੇ ਮਗਰੋਂ ਜਾ ਕੇ ਲਿਖੀਆਂ ਸਨ।” ਇਨ੍ਹਾਂ ਦੀਆਂ ਚੋਣਵੀਆਂ ਕਵਿਤਾਵਾਂ ਲਿਖ ਰਿਹਾ ਧੀਰ ਦੇ ਮੁਖਬੰਧ ਦਾ ਆਖ਼ਿਰੀ ਵਾਕ ਹੈ – “…ਮੇਰੇ ਵਲੋਂ ਏਥੇ ਕੁਝ ਵੀ ਆਖਿਆ ਜਾਣਾ ਵਾਜਬ ਨਹੀਂ। ”- ਠੇਠ ਬੋਲੀ ਚ ਇਹ ਵਾਕ ਇੰਜ ਬਣਦਾ ਹੈ – ਮੇਰਾ ਕੁਝ ਵੀ ਆਖਣਾ ਵਾਜਿਬ ਨਹੀਂ। ਪੰਜਾਬੀ ਵਿਚ ਅੰਗਰੇਜ਼ੀ ਦੀ ‘ਬਾਈ’ ਤਕਰੀਬਨ ਸਾਰੇ ਲਿਖਾਰੀ ਇਹਦਾ ਕੁਚੱਜਾ ਅਨੁਵਾਦ ਦੁਆਰਾ ਜਾਂ ਵੱਲੋਂ ਕਰਦੇ ਹਨ। ਹਿੰਦੀ ਵਾਲ਼ਾ ਦੁਆਰਾ/ਦਵਾਰਾ ਤਾਂ ਪੰਜਾਬੀ ਦਾ ਮੁਹਾਵਰਾ ਅਸਲੋਂ ਹੀ ਨਹੀਂ ਹੈ। ਵੰਨਗੀ: ਜੀਤ ਸਿੰਘ ਸੀਤਲ ਦੁਆਰਾ ਸੰਪਾਦਤ ਹੀਰ… ਪਾਠਕਾਂ ਦੀ ਸਹਾਇਤਾ ਲਈ ਪੰਜਾਬੀ ਯੂਨੀਵਰਸਟੀ ਪਟਿਆਲਾ ਵੱਲੋਂ ਦੋ ਕੋਸ਼ ਪ੍ਰਕਾਸ਼ਤ ਕੀਤੇ ਗਏ ਹਨ। ਇਕ ਫ਼ਾਰਸੀ-ਪੰਜਾਬੀ ਕੋਸ਼ (ਜੋ ਜੀਤ ਸਿੰਘ ਸੀਤਲ ਵੱਲੋਂ ਤਿਆਰ ਅਤੇ ਯੂਨੀਵਰਸਟੀ ਦੇ ਵਿਦਵਾਨਾਂ ਵੱਲੋਂ ਸੰਸ਼ੋਧਿਆ ਗਿਆ ਹੈ) ਅਤੇ ਦੂਜਾ ‘ਪੰਜਾਬੀ ਦੇ ਪ੍ਰਸਿੱਧ ਕਿੱਸਾ-ਕਾਵਿ ਦਾ ਸ਼ਬਦ-ਕੋਸ਼’ (ਵੱਲੋਂ ਡਾ ਜਗਤਾਰ ਸਿੰਘ)। – ਵਾਰਿਸ ਦੇ ਅੰਗ-ਸੰਗ। ਪ੍ਰੋ। ਜੀ ਐਸ ਰਿਆਲ। ਪੰਜਾਬੀ ਟ੍ਰਿਬਿਊਨ। 24 ਜੂਨ 2007 ਠੇਠ ਪੰਜਾਬੀ: ਜੀਤ ਸਿੰਘ ਸੀਤਲ ਦੀ ਜੋੜੀ ਹੀਰ… ਪਾਠਕਾਂ ਦੀ ਸੌਖ ਲਈ ਪੰਜਾਬੀ ਯੂਨੀਵਰਸਟੀ ਨੇ ਦੋ ਕੋਸ਼ ਛਾਪੇ ਹਨ। ਪਹਿਲਾ ਜੀਤ ਸਿੰਘ ਸੀਤਲ ਦਾ ਤਿਆਰ ਕੀਤਾ ਯੂਨੀਵਰਸਟੀ ਦੇ ਵਿਦਵਾਨਾਂ ਦਾ ਸੋਧਿਆ ‘ਫ਼ਾਰਸੀ-ਪੰਜਾਬੀ ਕੋਸ਼’ ਅਤੇ ਦੂਜਾ ਡਾ ਜਗਤਾਰ ਸਿੰਘ ਦਾ ‘ਪੰਜਾਬੀ ਦੇ ਪ੍ਰਸਿੱਧ ਕਿੱਸਾ-ਕਾਵਿ ਦਾ ਸ਼ਬਦ-ਕੋਸ਼’। ਪਤਾ ਨਹੀਂ, ਭਾਸ਼ਾ-ਵਿਗਿਆਨੀ ਪ੍ਰੋਫ਼ੈਸਰ ਰਿਆਲ ਨੇ ਜੀਤ ਸਿੰਘ ਸੀਤਲ ਦੇ ਨਾਂ ਨਾਲ਼ ‘ਡਾ.’ ਦੀ ਉਪਾਧੀ ਕਿਉਂ ਨਹੀਂ ਲਾਈ? ਅਪਣੇ ਜਾਂ ਹੋਰਨਾਂ ਦੇ ਨਾਂ ਨਾਲ਼ ਬਿਨਾਂ ਕਿਸੇ ਗੱਲੋਂ ‘ਡਾ. ਪ੍ਰੋ.’ ਲਿਖਣ ਦੀ ਕਸਰ ਸਿਰਫ਼ ਪੰਜਾਬੀਆਂ ਨੂੰ ਹੈ। ਯੂਨੀਵਰਸਟੀਆਂ ਦੇ ਅਪਣੇ ਪਰਚਿਆਂ ਵਿਚ ਵੀ ‘ਡਾ. ਪ੍ਰੋ.’ ਕਿਸੇ ਖ਼ਾਸ ਪ੍ਰਸੰਗ ਵਿਚ ਲਿਖੀਦਾ ਹੈ। ਦੁਨੀਆ ਵਿਚ ਇੱਕੋ ਪੰਜਾਬੀ ਯੂਨੀਵਰਸਟੀ ਹੈ ਅਤੇ ਉਹ ਹੈ ਵੀ ਪਟਿਆਲ਼ੇ। ਇਹ ਤੱਥ ਹਰ ਕੋਈ ਜਾਣਦਾ ਹੈ। ਅਖ਼ਬਾਰਾਂ ਅਤੇ ਹਰ ਛਪੀ ਲਿਖਤ ਵਿਚ ‘ਪੰਜਾਬੀ ਯੂਨੀਵਰਸਟੀ ਪਟਿਆਲਾ’ ਲਿਖਣਾ ਸਹੀ ਨਹੀਂ। ਸਾਡੇ ਆਲਸੀ ਲਿਖਾਰੀ ਜੋ ਚੰਦ ਚਾੜ੍ਹੀ ਜਾਂਦੇ ਹਨ, ਮੈਂ ਉਹਦੀਆਂ ਸੈਂਕੜੇ ਮਿਸਾਲਾਂ ਦੇ ਸਕਦਾ ਹਾਂ। ਰਹਿੰਦੀ ਕਸਰ ਪਿਛਲੇ ਦੋ ਦਹਾਕਿਆਂ ਚ ਪੋਸਟੀਆਂ (ਪੋਸਟ-ਮੌਡਰਨਿਸਟਾਂ) ਨੇ ਪੂਰੀ ਕਰ ਦਿੱਤੀ ਹੈ। ਪੰਜਾਬੀ ਸਾਹਿਤ ਦੇ ਕਿਸੇ ਡਾਕਟਰ ਵਿਦਵਾਨ ਦੀ ਲਿਖੀ ਸਾਰੀ-ਦੀ-ਸਾਰੀ ਸੰਪਾਦਕੀ ਦੀ ਵੰਨਗੀ ਤਾਂ ਮੈਂ ਦੇਣੋਂ ਰਿਹਾ, ਪਰ ਸਿਆਣਿਆਂ ਨੇ ਕਿਹਾ ਹੈ ਕਿ ਇੱਕੋ ਦਾਣੇ ਤੋਂ ਬੋਹਲ਼ ਦਾ ਪਤਾ ਲਗ ਜਾਂਦਾ ਹੁੰਦਾ ਹੈ। ਲਓ ਪੜ੍ਹੋ ਤੇ ਜਾਣੋ ਕਿ ਮੈਂ ਕਾਹਦਾ ਰੋਣਾ ਰੋਂਦਾਂ: ਨਵੀਂ ਪੰਜਾਬੀ ਕਵਿਤਾ ਦੇ॥ ਪ੍ਰਯੋਗ ਨਾ ਸਿਰਫ਼ ਇਸਦੇ ਵਿਧੀ-ਵਿਧਾਨ ਦੀਆਂ ਜੁਗਤਾਂ ਤੱਕ ਸੀਮਤ ਹਨ, ਸਗੋਂ ਵਿਚਾਰਧਾਰਾਈ ਧਰਾਤਲਾਂ ਸਮੇਤ, ਕਵਿਤਾ ਦੇ ਸਮੁੱਚ ਨੂੰ ਆਪਣੇ ਕਲਾਵੇ ਵਿਚ ਲੈਂਦੇ ਹੋਏ, ਅਸੀਮ ਨਵੀਆਂ ਸੰਭਾਵਨਾਵਾਂ ਦੇ ਰੂਬਰੂ ਵੀ ਹਨ। ਏਸ ਚਿੱਤਰ-ਪੱਟ ਉਤੇ ਬਿਖਰੇ ਰੰਗਾਂ ਦੀਆਂ ਸ਼ੋਖ਼ ਅਦਾਵਾਂ ਵਿੱਚ ਮਾਨਵੀ-ਰਿਸ਼ਤਿਆਂ ਦੀ ਤ੍ਰਿਸ਼ਨਗੀ ਦਾ ਉਹ ਆਲਮ ਦਰਕਾਰ ਹੈ, ਜੋ ਅਧੁਨਿਕ ਮਨੁੱਖ ਦੀ ਮਾਨਸਿਕਤਾ ਨੂੰ ਦਿਨ-ਰਾਤ ਕੁਰੇਦਦਾ ਹੈ ਅਤੇ ਨਵੀਆਂ ਤੋਂ ਨਵੀਆਂ ਸੋਚ-ਰਾਹਾਂ ਵਲ ਅਗਰਸਰ ਕਰਦਾ ਹੈ। ਨਵੀਂ ਸੋਚ ਦੀਆਂ ਨਵੀਆਂ ਉਡਾਣਾਂ ਵੱਲ ਉੱਡਦੀ ਨਵੀਂ ਮਾਨਸਿਕਤਾ, ਜਦੋਂ ਰਹਿਤਲਾਂ ਦੀਆਂ ਰਸਭਰੀਆਂ ਨਾਲ ਰਾਹਗੁਜ਼ਰ ਹੁੰਦੀ ਹੈ ਤਾਂ ਇਕ ਅਜੀਬ ਕਸ਼ਮਕਸ਼ ਪੈਦਾ ਹੁੰਦੀ ਹੈ। – ਕਾਵਿਲੋਕ, ਜਨਵਰੀ-ਮਾਰਚ, 2000 ਕ੍ਰਿਸ਼ਣਾ ਸੋਬਤੀ ਨੇ ਹਿੰਦੀ-ਪੰਜਾਬੀ ਦਾ ਗੁਤਾਵਾ ਸੰਨ 1940 ਦੇ ਨੇੜੇ-ਤੇੜੇ ਕਰਨਾ ਸ਼ੁਰੂ ਕੀਤਾ ਸੀ। ਹੁਣ ਪੂਰਬੀ ਪੰਜਾਬ ਦੇ ਘਰ-ਘਰ ਬੋਲੀ ਜਾਂਦੀ ਹਿੰਦੀ ਸੁਣ ਕੇ ਸੋਬਤੀ ਵਰਗੇ ਬੜੇ ਹੁੱਬਦੇ ਹੋਣਗੇ। ਪਹਿਲਾਂ ਲਹੌਰ ਤੇ ਦਿੱਲੀ ਚ ਪੰਜਾਬ ਦੀਆਂ ਕਹਾਣੀਆਂ ਦੀਆਂ ਲੜੀਵਾਰ ਦੂਰਦਰਸ਼ਨੀ ਫ਼ਿਲਮਾਂ ਤੇ ਹੁਣ ਬੰਬਈਆ ਫ਼ਿਲਮਾਂ ਸੋਬਤੀ ਵਾਲ਼ੇ ਗੁਤਾਵੇ ਨੂੰ ਟਕਸਾਲੀ ਪੰਜਾਬੀ ਬਣਾ ਕੇ ਸਾਹ ਲੈਣਗੀਆਂ। ਟਰੇਨ ਟੂ ਪਾਕਿਸਤਾਨ, ਪਿੰਜਰ ਅਤੇ ਭਗਤ ਸਿੰਘ ਊਧਮ ਸਿੰਘ ਵਾਲ਼ੀਆਂ ਫ਼ਿਲਮਾਂ ਵਿਚ ਪੰਜਾਬੀ-ਹਿੰਦੀ ਦੇ ਕੀਤੇ ਗੁਤਾਵੇ ਤੋਂ ਕਿਸੇ ਬੇਗ਼ੈਰਤ ਨੂੰ ਹੀ ਖ਼ੁਸ਼ੀ ਹੁੰਦੀ ਹੋਣੀ ਹੈ। ਪਹਿਲਾਂ ਪੰਜਾਬੀ ਹਿੰਦੂਆਂ ਨੂੰ ਮਿਹਣਾ ਦੇਈਦਾ ਸੀ ਕਿ ਇਹ ਪੰਜਾਬੀ ਦੇ ਸਕੇ ਨਹੀਂ ਬਣਦੇ, ਹੁਣ ਸਿੱਖਾਂ ਦੇ ਘਰੀਂ ਬੋਲੀ ਜਾਂਦੀ ਦੂਰਦਰਸ਼ਨੀ-ਹਿੰਦੀ ਦਾ ਮਿਹਣਾ ਕੌਣ ਕਿਹਨੂੰ ਦੇਵੇਗਾ? ਨਵੀਂ ਪੀੜ੍ਹੀ ਬੇਜ਼ਬਾਨ ਪੀੜ੍ਹੀ ਹੈ; ਨਾ ਇਹਨੂੰ ਪੰਜਾਬੀ ਆਉਂਦੀ ਹੈ, ਨਾ ਹਿੰਦੀ ਤੇ ਨਾ ਅੰਗਰੇਜ਼ੀ। 1960 ਦੇ ਦਹਾਕੇ ਚ ਜੋਸ਼ ਕੰਵਲ ਨੇ ਪੰਜਾਬੀ ਨੂੰ ‘ਸੰਸਕ੍ਰਿਤਾਉਣ’ ਵਿਰੁਧ ਫ਼ਿਰਕਾਪ੍ਰਸਤ ਮੁਹਿੰਮ ਇਹ ਆਖ ਕੇ ਸ਼ੁਰੂ ਕੀਤੀ ਸੀ ਕਿ ਇਹ ਹਿੰਦੂ ਬ੍ਰਾਹਮਣਵਾਦੀ “ਦਿੱਲੀ” ਦੀ ਕੋਈ ਬੜੀ ਵੱਡੀ ਸਾਜ਼ਿਸ਼ ਹੈ ਅਤੇ ਯੂਨੀਵਰਸਟੀਆਂ ਚ ਬੈਠੇ ਵਿਦਵਾਨਾਂ ਨੂੰ “ਉੱਤੋਂ” ਹੁਕਮ ਆਉਂਦੇ ਹਨ ਕਿ ਪੰਜਾਬੀ ਜਿੰਨੀ ਵਿਗਾੜ ਸਕਦੇ ਹੋ, ਵਿਗਾੜੋ! ਜੋਸ਼ ਤਾਂ ਹੰਢਿਆ ਹੋਇਆ ਸਿਆਸਤੀ ਸੀ ਅਤੇ ‘ਵਿਗਿਆਨਕ ਸੋਚ’ ਦਾ ਦਾਅਵੇਦਾਰ ਵੀ; ਉਹਨੂੰ ਤਾਂ ਇਹ ਪਤਾ ਹੋਣਾ ਚਾਹੀਦਾ ਸੀ ਕਿ ਪੰਜਾਬੀ ਨੂੰ ‘ਸੰਸਕ੍ਰਿਤਾਉਣ ਦਾ ਕੰਮ’ 1920 ਦੇ ਦਹਾਕੇ ਤੋਂ ਹੀ ਸ਼ੁਰੂ ਹੋ ਗਿਆ ਸੀ ਤੇ ਓਦੋਂ ਦਿੱਲੀ ਦੇ ਹੁਕਮਰਾਨ ਬ੍ਰਾਹਮਣ ਨਹੀਂ ਸਨ। ਓਦੋਂ ਪੰਜਾਬੀ ਸਿੱਖ ਯੂਰਪ ਦਾ ਫ਼ਲਸਫ਼ਾ ਸਣੇ ਮਾਰਕਸਵਾਦ ਦੇ ਪੰਜਾਬੀ ਬੋਲੀ ਚ ਪਰਤਾਉਣ ਲੱਗੇ ਸੀ। ਪੂਰਨ ਸਿੰਘ ਨਿਤ੍ਸ਼ੇ ਬਾਰੇ ਲਿਖ ਰਿਹਾ ਸੀ; ਧਰਮ ਅਨੰਤ ਸਿੰਘ ਅਫ਼ਲਾਤੂਨ ਬਾਰੇ ਅਤੇ ਕਿਰਤੀ ਪਰਚੇ ਦਾ ਬਾਨੀ ਸੰਤੋਖ ਸਿੰਘ ਮਾਰਕਸ ਬਾਰੇ। -1926 ਚ ਕਿਰਤੀ ਪਰਚੇ ਵਿਚ ਛਪੇ ਮਾਰਕਸੀ ਸਿਧਾਂਤਕ ਲੇਖ ਤੇ ਮਗਰੋਂ ਤੇਜਾ ਸਿੰਘ ਸੁਤੰਤਰ ਤੇ ਭਾਗ ਸਿੰਘ ਦੀਆਂ ਲਾਲ ਕਮਿਉਨਿਸਟ ਪਾਰਟੀ ਦੀਆਂ ਲਿਖਤਾਂ ਪੜ੍ਹ ਕੇ ਜੋਸ਼-ਕੰਵਲ ਦੀ ਮੁਹਿੰਮ ਬੇਥਵ੍ਹੀ ਲਗਦੀ ਹੈ। ਸੰਤ ਸਿੰਘ ਸੇਖੋਂ ਜਦੋਂ ਸੰਸਕ੍ਰਿਤ ਨਾਲ਼ ਲੱਦੀ ਹੋਈ ਪੰਜਾਬੀ ਲਿਖਣ ਲੱਗਾ ਸੀ, ਓਦੋਂ ਦਿੱਲੀ ਚ ਬ੍ਰਾਹਮਣ ਰਾਜ ਨਹੀਂ ਸੀ ਕਰਦੇ। ਪੰਜਾਬੀ ਤਾਂ ਕੀ, ਹਿੰਦੀ ਤੇ ਉਰਦੂ ਵੀ ਯੂਰਪੀ ਬੋਲੀਆਂ ਦਾ ਟਾਕਰਾ ਨਹੀਂ ਕਰ ਸਕਦੀ। ਚਾਹੀਦਾ ਤਾਂ ਇਹ ਸੀ ਕਿ ਹਰ ਨਵਾਂ ਸ਼ਬਦ ਉਹਦੀ ਜੜ੍ਹ ਤੇ ਤਾਸੀਰ ਦੇਖ ਕੇ ਘੜਿਆ ਜਾਂਦਾ, ਜਿਵੇਂ ਚੀਨੀਆਂ ਜਾਪਾਨੀਆਂ ਨੇ ਵੀਹਵੀਂ ਸਦੀ ਚ ਨਵੇਂ ਸ਼ਬਦ ਘੜੇ ਸੀ। ਹੁਣ ਦੋ ਪੰਜਾਬੀਆਂ ਹੋ ਗਈਆਂ ਹਨ – ਪੂਰਬੀ ਪੰਜਾਬ ਚ ਬੇਲੋੜੇ ਸੰਸਕ੍ਰਿਤ ਸ਼ਬਦਾਂ ਨੇ ਤੇ ਪੱਛਮੀ ਪੰਜਾਬ ਚ ਫ਼ਾਰਸੀ-ਅਰਬੀ ਨੇ ਪੰਜਾਬੀ ਦਾ ਰੂਪ ਵਿਗਾੜ ਕੇ ਰਖ ਦਿੱਤਾ ਹੈ। ਪੰਜਾਬੀ ਦੀ ਤਰੱਕੀ ਸੰਸਕ੍ਰਿਤ, ਅਰਬੀ, ਫ਼ਾਰਸੀ, ਅੰਗਰੇਜ਼ੀ ਤੇ ਹੋਰਨਾਂ ਬੋਲੀਆਂ ਦੇ ਸ਼ਬਦ ਲੈਣ ਬਿਨਾਂ ਨਹੀਂ ਹੋ ਸਕਦੀ; ਸੰਸਕ੍ਰਿਤ ਤਾਂ ਇਹਦੀ ਸਕੀ-ਸੋਧਰੀ ਹੈ। ਲੋੜ ਸਾਰੀ ਫ਼ਿਰਕੂ ਤੁਅੱਸਬ ਨੂੰ ਲਾਂਭੇ ਰਖ ਕੇ ਸਾਵੀਂ ਸਮਝ ਵਰਤਣ ਦੀ ਹੈ। ਜਿਸ ਬੋਲੀ ਦੀਆਂ ਬਾਹਵਾਂ ਜਿੰਨੀਆਂ ਖੁੱਲ੍ਹੀਆਂ ਹੋਣ, ਉਹਦਾ ਸਿਰ ਓਨਾ ਹੀ ਉੱਚਾ ਹੁੰਦਾ ਹੈ। ਭਾਸ਼ਾ ਬਹਤਾ ਨੀਰ ਭਗਤ ਕਬੀਰ ਨੇ ਲਿਖਿਆ ਸੀ – ਸੰਸਕ੍ਰਿਤ ਹੈ ਕੂਪਜਲ, ਭਾਸ਼ਾ ਬਹਤਾ ਨੀਰ…। ਆਮ ਧਾਰਣਾ ਵੀ ਹੈ ਕਿ ਬੋਲੀ ਉਹ ਜਿਹਨੂੰ ਲੋਕ ਬੋਲਣ; ਕਿ ਹਰ ਬੋਲੀ ਵੇਲੇ ਨਾਲ਼ ਬਦਲਦੀ ਰਹਿੰਦੀ ਹੈ; ਜੋ ਪੰਜਾਬੀ 12ਵੀਂ ਸਦੀ ਚ ਬਾਬਾ ਫ਼ਰੀਦ ਬੋਲਦੇ ਹੋਣਗੇ, ਉਹ 15ਵੀਂ ਸਦੀ ਚ ਬਾਬਾ ਨਾਨਕ ਨਹੀਂ ਬੋਲਦੇ ਸੀ। ਮੇਰੀ ਬੇਨਤੀ ਇਹ ਹੈ ਕਿ ਸਾਡੇ ਬਾਬਿਆਂ ਦੇ ਵੇਲੇ ਦੁਨੀਆ ਹੁਣ ਜਿੰਨੀ ਛੋਟੀ ਨਹੀਂ ਸੀ। ਓਦੋਂ ਅੱਜ ਵਾਂਙ ਅਖ਼ਬਾਰ, ਕਿਤਾਬਾਂ ਤੇ ਰੇਡੀਓ ਟੀਵੀ ਨਹੀਂ ਸੀ ਹੁੰਦੇ; ਨਾ ਓਦੋਂ ਕਰੋੜਾਂ ਰੁਪਏ ਰੋੜ੍ਹਦੀਆਂ ਯੂਨੀਵਰਸਟੀਆਂ ਹੁੰਦੀਆਂ ਸਨ। ਓਦੋਂ ਪੰਜਾਬੀ ਉੱਤੇ ਅੰਗਰੇਜ਼ੀ ਤੇ ਹਿੰਦੀ ਦੇ ਚਾਰੇ ਪਾਸਿਓਂ ਤਾਬੜਤੋੜ ਹਮਲੇ ਨਹੀਂ ਸੀ ਹੁੰਦੇ। ਮੈਂ ਨਿਤ ਪੰਜਾਬੀ ਨਾਲ਼ੋਂ ਵਧ ਅੰਗਰੇਜ਼ੀ ਪੜ੍ਹਦਾ ਹਾਂ। ਪਰਦੇਸ ਵਿਚ ਤਕਰੀਬਨ ਹਰ ਵੇਲੇ ਅੰਗਰੇਜ਼ੀ ਮੇਰੇ ਕੰਨੀਂ ਪੈਂਦੀ ਹੈ। ਪਰ ਮੇਰੀ ਆਤਮਾ ਪੰਜਾਬੀ ਹੈ – ਸ਼ਰਫ਼ ਵਾਂਙ ਮੈਂ ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ। ਲਿਖਾਰੀ ਅਪਣੀ ਬੋਲੀ ਦਾ ਲੱਜਪਾਲ ਹੁੰਦਾ ਹੈ; ਬੋਲੀ ਨੂੰ ਸਿਰਫ਼ ਲਿਖਾਰੀ ਹੀ ਸੁੱਚੀ ਰਖ ਸਕਦਾ ਹੈ। ਜਿਸ ਬੋਲੀ ਦੀ ਲਾਜ ਉਹਦੇ ਲਿਖਾਰੀ ਹੀ ਰੋਲਣ ਲਗ ਜਾਣ, ਉਹਨੂੰ ਕੋਈ ਰੱਬ ਵੀ ਨਹੀਂ ਬਚਾ ਸਕਦਾ। ਸਾਡੇ ਕੋਲ਼ ਸ਼ਬਦ ਥੋਹੜੇ ਹਨ; ਮੋਤੀਆਂ ਹੀਰਿਆਂ ਤੋਂ ਵੀ ਮਹਿੰਗੇ। ਇਨ੍ਹਾਂ ਨੂੰ ਰੋਲਣਾ ਪਾਪ ਹੈ। ਫ਼ਰਾਂਸੀਸੀਆਂ ਤੇ ਬੰਗਾਲੀਆਂ ਜਿੰਨਾ ਅਪਣੀ ਬੋਲੀ ਨੂੰ ਪਿਆਰ ਹੋਰ ਕੋਈ ਨਹੀਂ ਕਰਦਾ ਸੁਣਿਆ। ਪੈਰਿਸ ਤੇ ਕਲਕੱਤੇ ਸੁੱਚੀ ਬੋਲੀ ਦੀਆਂ ਸਭਾਵਾਂ ਬਣੀਆਂ ਹੋਈਆਂ ਹਨ। ਕੀ ਅਸੀਂ ਇਹੋ ਜਿਹੀ ਕੋਈ ਠੇਠ ਪੰਜਾਬੀ ਸਭਾ ਨਹੀਂ ਬਣਾ ਸਕਦੇ? ਖਵਰੇ ਮੇਰੀਆਂ ਇਹ ਗੱਲਾਂ ਉਜਾੜ ਚ ਮਾਰੀਆਂ ਕੂਕਾਂ ਹਨ। ਫੇਰ ਸੋਚੀਦਾ ਹੈ, ਕੀ ਪਤਾ ਕਿਤੇ ਕਿਸੇ ਦੇ ਮੇਰੀ ਗੱਲ ਦਿਲ ਲੱਗ ਜਾਵੇ। ਮੇਰੇ ਆਖੇ ਅਖ਼ਬਾਰਾਂ ਵਾਲ਼ੇ ਕਿਤਾਬਾਂ ਦੀ “ਘੁੰਡ-ਚੁਕਾਈ” ਵਾਲ਼ਾ ਕੁਹਜਾ ਸ਼ਬਦ ਲਿਖਣੋਂ ਹਟ ਤਾਂ ਗਏ ਹਨ। ਨਾਲ਼ ਹੀ ਮੈਨੂੰ ਡਰ ਲਗਦਾ ਹੈ, ਕਿਤੇ ਪੰਜਾਬੀ ਦਾ ਹਾਲ ਸਾਡੇ ਕਿਸੇ ਮਿਤਰ ਦੇ ਫੁੱਫੜ ਵਾਲ਼ਾ ਨਾ ਹੋ ਜਾਏ। ਉਹ ਅਪਣੇ ਭਤੀਜੇ ਤੋਂ ਅਪਣੀ ਦਾਹੜੀ ਦੇ ਧੌਲ਼ੇ ਕਢਵਾਉਂਦਾ ਰਹਿੰਦਾ ਸੀ। ਹੁੰਦੇ-ਹੁੰਦੇ ਧੌਲ਼ੇ ਬਹੁਤ ਹੋ ਗਏ ਤੇ ਕਾਲ਼ੇ ਥੋਹੜੇ ਕੁ ਹੀ ਰਹਿ ਗਏ। ਭਤੀਜਾ ਕਹਿੰਦਾ – ਫੁੱਫੜਾ, ਹੁਣ ਤਾਂ ਸਾਰੇ ਈ ਚਿੱਟੇ ਹੋ ਗਏ; ਕਾਲ਼ੇ ਜਿਹੜੇ ਦੋ-ਚਾਰ ਰਹਿੰਦੇ ਆ, ਓਹੀਓ ਚੁਗ ਦਿੰਦਾਂ! FURTHER READING: Politics and the English Language. Why I Write. George Orwell. Penguin. Reprint 1984. ਸੋਲ੍ਹਵੀਂ ਸਦੀ ਈਸਵੀ ਦੇ ਅੰਤ ਵੇਲੇ ਦੀ ਗੋਇੰਦਵਾਲ਼ ਵਾਲ਼ੀ ਪੋਥੀ ਵਿਚ ਪੰਜਾਬੀ ਦੇ ਅੱਖਰ (ਯੂਨੀਵਰਸਟੀ ਆੱਵ ਕੈਲਿਫ਼ੋਰਨੀਆ ਦੇ ਪ੍ਰੋਫ਼ੈਸਰ ਗੁਰਿੰਦਰ ਸਿੰਘ ਮਾਨ ਦੀ ਕ੍ਰਿਪਾ ਨਾਲ਼ ਇਹ ਵੰਨਗੀ ਮਿਲ਼ੀ) *** 303 *** ਧਿਆਨਜੋਗ: ਇਹ ਲੇਖ ਪੰਜਾਬੀ ਟ੍ਰਿਬੀਊਨ ਵਾਲ਼ਿਆਂ ਛਾਪਣੋਂ ਨਾਂਹ ਕਰ ਦਿੱਤੀ। ਪਿਆਰੇ ਚੰਦਨ ਜੀ! ਇਸ ਲੇਖ ਰਾਹੀਂ ਆਪ ਨੇ ‘ਸੱਚ’ ਉਤੇ ਪਹਿਰਾ ਦਿੱਤਾ ਹੈ। ਜ਼ਰੂਰੀ ਨਹੀਂ ਕਿ ‘ਸੱਚ ਪਚਾਣ’ ਲਈ ਸਭ ਦਾ ਹਾਜ਼ਮਾ ਦਰੁਸਤ ਹੀ ਹੋਵੇ। ਅਜਿਹਾ ‘ਅਹਿਮ’ ਲੇਖ ਲਿਖਣ ਲਈ ਆਪ ਵਧਾਈ ਦੇ ਹੱਕਦਾਰ ਹੋ। ‘ਲਿਖਾਰੀ’ ਨੂੰ ਆਪ ਦੀ ਕਦਰ ਹੈ ਅਤੇ ਆਪ ਪ੍ਰਤੀ ਆਦਰ ਵੀ।—–ਲਿਖਾਰੀ (ਇਹ ਲੇਖ ‘ਨਿਸੋਤ’ ਦੇ ਧੰਨਵਾਦ ਨਾਲ ‘ਲਿਖਾਰੀ ਦੇ ਪਾਠਕਾਂ/ਲੇਖਕਾਂ ਲਈ ਛਾਪਣ ਦੀ ਪਰਸੰਨਤਾ ਲੈ ਰਹੇ ਹਾਂ) —30 ਮਈ 2004 ਦੂਜੀ ਵਾਰ: 31 ਅਗਸਤ 2021 About the author ਅਮਰਜੀਤ ਚੰਦਨ+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾਜੀਵਨ ਬਿਉਰਾThis author does not have any more posts. ShareSharePin ItShare