9 October 2024

ਪੰਜ ਕਵਿਤਾਵਾਂ—ਸਰਬਜੀਤ ਕੌਰ ਪੀਸੀ

  1. ਮੈਂਨੂੰ ਤੇ…

ਮੈਨੂੰ ਤੇ ਮਾਂ ਦੇ ਗਰਭ ‘ਚ ਹੀ ਪਤਾ ਲੱਗ ਗਿਆ ਸੀ
ਜਦ ਪਿਓ ਦੇ ਢਿੱਡ ਚ ਮੀਟ ਤੇ ਮਾਂ ਦੇ ਹਿੱਸੇ ਬਾਸੀ ਸਾਗ ਪਿਆ ਸੀ
ਮਾਂ ਦੀ ਭੁੱਖ ਵੀ ਵੇਖੀ, ਸਭ ਨੂੰ ਖੁਆ ਕੇ ਉਸਦੇ ਢਿੱਡ ‘ਚ
ਸਭ ਦੀ ਬਚੀ ਖੁਚੀ ਡਿੱਗਦੀ ਮੈਂ ਵੇਖੀ ਹੈ
ਜਿਸ ਨੂੰ ਓਹਨੇ ਆਪਣੀ ਨਾਭੀ ਰਾਹੀਂ ਮੇਰੇ ਵਿੱਚ ਪਾ ਦਿੱਤਾ ਸੀ

ਮੈਂ ਰੋਂਦੀ ਮਾਂ ਸ਼ਰਾਬੀਆਂ ਦੇ ਭਾਂਡੇ ਮਾਂਜਦੀ ਵੇਖੀ ਹੈ
ਨਾਨਕ ਸਾਹਿਬ ਨਾਲ ਰੁੱਸ ਜਾਂਦੀ ਸੀ
ਕਿ ਰਹਿਰਾਸ ਦਾ ਵੇਲਾ ਤੇ ਘਰ ਚ ਬੜਕਾਂ ਕਿਓਂ ਵੱਜੀਆਂ
ਘਰਦਿਆਂ ਅੱਗੇ ਨਾ ਬੋਲਦੀ
ਨਾਨਕ ਨਾਲ ਲੜਦੀ, ਉੱਚੀਆਂ ਕਰ ਕਰ ਅੱਡੀਆਂ

ਮੈਂ ਵੇਖਿਆ ਹੈ ਉਦੋਂ
ਕਿੰਝ ਮਾਂ ਨੇ ਰੀਝਾਂ ਦੱਬੀਆਂ
ਮੈਂ ਵੇਖਿਆ ਕੁੱਖ ‘ਚ, ਮਾਂ ਨੂੰ ਪਾਟੇ ਸਿਉਂਦੀ ਨੂੰ
ਲੋਕਾਂ ਦੇ ਮੰਜੇ, ਦਰੀਆਂ ਤੇ ਬੂਟੇ ਪਾਉਂਦੀ
ਤੇ ਨਾਨਕ ਨਾਮ ਧਿਆਉਂਦੀ ਨੂੰ

ਮੈਂ ਵਾਦਾ ਕੀਤਾ ਸੀ ਕੁੱਖ ਵਿੱਚ, ਕਿ ਤੈਨੂੰ ਕੁਝ ਨਹੀਂ ਦੱਸਣਾ
ਬੱਸ ਇੱਕ ਚੀਜ ਤੇਰੇ ਵਾਂਗੂੰ ਕਰਨੀ, ਜਿਹੜਾ ਨਾਨਕ ਨਾਨਕ ਜੱਪਣਾ
ਕੁੱਖਾਂ ਵਿੱਚ ਹੀ ਕਾਤਲ ਜੰਮਦੇ, ਕੁੱਖਾਂ ਵਿੱਚ ਹੀ ਨਾਨਕ
ਕੁੱਖਾਂ, ਰੁੱਖਾਂ ਖਾਤਰ ਸਰਬ ਨੇ ਲੜ ਕੇ, ਬਣਨਾ ਹੀਰਾ ਮਾਣਕ
ਤੇ ਜੱਪਣਾ ਨਾਨਕ ਨਾਨਕ
**

2. ਭੰਨ ਦਿੱਤੀਆਂ ਮਾਏ ਨੀ! ਜਮਾਨੇ ਚੂੜੀਆਂ

ਭੰਨ ਦਿੱਤੀਆਂ ਮਾਏ ਨੀ! ਜਮਾਨੇ ਚੂੜੀਆਂ
ਰਹਿ ਗਈਆਂ ਮਾਏ ਨੀ, ਕਿ ਰੀਝਾਂ ਅਧੂਰੀਆਂ
ਭੰਨ ਦਿੱਤੀਆਂ ਮਾਏ ਨੀ! ਜਮਾਨੇ ਚੂੜੀਆਂ

ਲੁੱਟ ਲਿਆ ਮਾਏ ਨੀ, ਜਮਾਨੇ ਲਾਲ ਜੋੜਾ ਮੇਰਾ
ਜਦੋਂ ਪਿਆ ਮਾਏ ਨਾਲ, ਸੱਜਣਾ ਵਿਛੋੜਾ ਮੇਰਾ
ਮੇਰਾ ਵੱਸ ਕੀ ਚਲੇ! ਮੈਂ ਬੇਕਸੂਰ ਆਂ—
ਭੰਨ ਦਿੱਤੀਆਂ ਮਾਏ ਨੀ! ਜਮਾਨੇ ਚੂੜੀਆਂ
ਰਹਿ ਗਈਆਂ ਮਾਏ ਨੀ, ਕਿ ਰੀਝਾਂ ਅਧੂਰੀਆਂ
ਭੰਨ….

ਮੇਰੇ ਹਾਸੇ ਮੁੱਕੇ ਨਾ, ਤੇ ਪਏ ਲਕੋਣੇ ਨੀ
ਰੱਬ ਕੋਲ ਤੁਰ ਗਏ, ਸੱਜਣ ਮੇਰੇ ਸੋਹਣੇ ਨੀ
ਮੇਰੇ ਹੱਥੀ ਪੈ ਗਈਆ, ਮਾਏ ਮਜਬੂਰੀਆਂ
ਭੰਨ ਦਿੱਤੀਆਂ ਮਾਏ ਨੀ! ਜਮਾਨੇ ਚੂੜੀਆਂ
ਰਹਿ ਗਈਆਂ ਮਾਏ ਨੀ, ਕਿ ਰੀਝਾਂ ਅਧੂਰੀਆਂ
ਭੰਨ….

ਉਹ ਹਰੀਆਂ ਪੀਲੀਆਂ ਨੀ, ਤੇ ਵਿੱਚ ਵਿੱਚ ਨੀਲੀਆਂ
ਸੱਜਣਾ ਦਾ ਨਾਮ ਲੈ ਕੇ, ਸੀ ਬਾਹਾਂ ਕੀਲੀਆਂ
ਤੇਰੇ ਹੁੰਦਿਆਂ ਮਾਏ ਨੀ, ਗਈਆਂ ਰੀਝਾਂ ਤੋੜੀਆਂ
ਭੰਨ ਦਿੱਤੀਆਂ ਮਾਏ ਨੀ! ਜ਼ਮਾਨੇ ਚੂੜੀਆਂ
ਰਹਿ ਗਈਆਂ ਮਾਏ ਨੀ, ਕਿ ਰੀਝਾਂ ਅਧੂਰੀਆਂ
ਭੰਨ….

ਉਹ ਖਾ ਕੇ ਨਸ਼ਾ ਮਰਿਆ, ਤੇ ਮੈਨੂੰ ਚਾਹ ਦਾ ਵੈਲ ਨਾ
ਤੂੰ ਦਿੱਤੀਆਂ ਲਾਵਾਂ ਨੀ, ਸਕੀ ਨਾ ਖੇਡ ਮਾਂ
ਰੰਡੀ ਕਹਿ ਬੁਲਾਉਣ ਮੈਂਨੂੰ, ਚਿੱਟੇ ਸੂਟ ਨੂੜੀਆਂ
ਕਾਹਤੋਂ ਭੰਨੀਆਂ ਜਮਾਨੇ ਨੇ, ਮਾਏ ਨੀ ਮੇਰੀ ਚੂੜੀਆਂ
ਰਹਿ ਗਈਆਂ ਸੀ ਮਾਏ ਨੀ, ਕਿ ਰੀਝਾਂ ਅਧੂਰੀਆਂ
ਭੰਨ…

***
3. ਮੈਂ ਲਿਖਣਾ ਨਹੀਂ ਸੀ, ਲਿਖਣਾ ਪਿਆ!

ਮੈਂ ਲਿਖਣਾ ਨਹੀਂ ਸੀ, ਲਿਖਣਾ ਪਿਆ
ਜਦ ਇੱਕ ਬਾਪੂ ਬਿਰਧ ਆਸ਼ਰਮ ਤੋਂ
ਫ਼ੋਨ ਲਗਾ ਮੈਨੂੰ ਵਿਲਕ ਪਿਆ
ਪਹਿਲਾਂ ਵਧੀਆ ਲਿਖਣ ਲਈ
ਉਹਨਾ ਦਿੱਤੀ ਮੈਨੂੰ ਵਧਾਈ
ਫਿਰ ਦੱਸਿਆ ਕਿ ਵਿੱਚ ਜਵਾਨੀ ਧੀਏ
ਮਰ ਗਈ ਸੀ ਬੱਚਿਆਂ ਦੀ ਮਾਈ

ਬੱਚੇ ਨਾ ਰੁਲ ਜਾਣ ਉਸ, ਦੂਜੀ ਸ਼ਾਦੀ ਨਾ ਕਰਵਾਈ
ਪੜ੍ਹਾ ਲਿਖਾ ਵੱਡੇ ਕਰ ਉਸਨੇ, ਕਰਤੇ ਸੈੱਟ ਵਿਦੇਸ਼
ਉਸਨੂੰ ਰੋਟੀ ਦੇਣ ਵੇਲੇ, ਪੈਂਦਾ ਸੀ ਨਿੱਤ ਕਲੇਸ਼
ਦਿਨ ਨੂੰ ਘਰ ਦੇ ਕੰਮ ਉਹ ਕਰਦਾ, ਰਾਤੀਂ ਕੰਮ ਤੇ ਜਾਂਦਾ
ਫੇਰ ਵੀ ਸਾਰਾ ਟੱਬਰ, ਬੁੱਢਾ ਕਹਿ ਮਖੌਲ ਉਡਾਉਂਦਾ
ਬੇਟਾ ਵੀ ਉਹਨੂੰ ਮਾਰੇ ਝਿੜਕਾਂ, ਜਦ ਕਦੇ ਖੰਘ ਲੱਗੇ
ਕੀ ਦੱਸਾਂ ਮੇਰੀ ਧੀਏ, ਉਹਦੇ ਕੋਈ ਨਾ ਲਾਗੇ ਲੱਗੇ

ਇੱਕ ਦਿਨ ਉਹਦਾ ਬੇਟਾ ਉਹਨੂੰ, ਭਾਰਤ ਲੈ ਕੇ ਆਇਆ
ਬੜੇ ਪਿਆਰ ਨਾਲ ਉਹਨੇ ਪਹਿਲਾਂ ਉਹਦਾ ਘਰ ਵਿਕਾਇਆ
ਬਿਰਧ ਆਸ਼ਰਮ ਛੱਡ ਗਿਆ ਉਹਨੂੰ, ਮੁੜ ਨਹੀਂ ਫੇਰਾ ਪਾਇਆ

ਏਥੇ ਵਣੀ ਵਣੀ ਦੀ ਲੱਕੜੀ, ਲੋਕੀਂ ਮਿਲਣ ਆ ਜਾਂਦੇ
ਮੋਇਆਂ ਨਾਮ ਦੇ ਕੱਪੜੇ ਦਿੰਦੇ, ਤਰਸ ਸਾਡੇ ਤੇ ਖਾਂਦੇ
ਦਿਨੇ ਬਹਿ ਸਾਰੇ ਝੂਠਾ ਹੱਸੀਏ, ਲਈਏ ਜਦ ਰਜਾਈ
ਭੁੱਬਾਂ ਮਾਰ ਕੇ ਰੋ ਲਈਦਾ ਧੀਏ, ਕਰਕੇ ਯਾਦ ਤ੍ਹਾਡੀ ਮਾਈ

ਤੂੰ ਵੀ ਧੀਏ ਦਰਦਾਂ ਦੀ ਪੰਡ, ਉਸਨੂੰ ਸਮਝ ਜੋ ਆਈ
ਤੇਰੀਆਂ ਲਿਖਤਾਂ ਪੜ੍ਹ ਪੜ੍ਹ ਰੋਂਦੇ, ਯਾਦ ਤੇਰੀ ਅੱਜ ਆਈ
ਸੋਚਿਆ ਸਰਬ ਨੂੰ ਆਖਦਾ, ਇਸ ਲਾਹਨਤ ਤੇ ਵੀ ਲਿਖ
ਜਿਸ ਕੀਤੀ ਅਣਆਈ, ਸਾਡੀ ਭੋਰਾ ਕਦਰ ਨਾ ਪਾਈ

ਮੈਂ ਕਿਹਾ ਬਾਪੂ ਲਿਖ ਤਾਂ ਦੇਨੀ, ਪਰ ਸਾਰੇ ਇੰਝ ਨਹੀਂ ਕਰਦੇ
ਕਈ ਧੀ-ਪੁੱਤਰ ਮਾਪਿਆਂ ਦੀਅਾਂ ਤਲੀਆਂ ਹੱਥ ਨੇ ਧਰਦੇ

ਫ਼ਿਕਰ ਨਾ ਕਰ ਤੂੰ ਬਾਬਾ ਮੇਰੇ, ਉਹਨਾ ਵੀ ਏਥੇ ਹੀ ਆਉਣਾ,
ਮੰਜੀ ਥੱਲੇ ਉਹ ਵੀ ਵੇਖਣ ਵਾਰੀ ਉਹਨਾਂ ਦੀ ਆਈ
ਲਿਖਦੇ ਲਿਖਦੇ ਕਲਮ ਮੇਰੀ ਦੀ, ਅੱਖ ਜਦੋਂ ਭਰ ਆਈ
ਕਿਹਾ ਔਖਾ ਕੰਮ ਸੀ ਬਾਬੇ, ਪਰ ਲੈ ਲਿਖਤੀ ਤੇਰੀ ਦੁਹਾਈ
ਅੱਜ ਪਹਿਲੀ ਵਾਰੀ ਲਿਖਦਿਆਂ, ਮੇਰੀ ਕਲ਼ਮ ਬੜੀ ਸ਼ਰਮਾਈ,
ਏਨੀਆਂ ਗੂੜ੍ਹੀਆਂ ਛਾਵਾਂ, ਮੁੜ ਨਾ ਮਿਲਣੀਆਂ
ਇਹ ਮੁਰਝਾਈਆਂ ਕਲੀਆਂ, ਕਿੱਦਾਂ ਖਿੜਣੀਆਂ
ਕੁਝ ਤੇ ਸੋਚ ਵਿਚਾਰ ਕਰੋ,
ਬਜੁਰਗਾਂ ਨੂੰ ਬੱਚਿਆਂ ਵਾਂਗ ਪਿਆਰ ਕਰੋ,
ਦੇਵੇ ਸਰਬ ਦੁਹਾਈ ਲੋਕੋ ਕਦੇ ਨਾ ਵਿਹੜਿਓਂ ਬਾਹਰ ਕਰੋ
(12.12.2021)
***

4. ਹਿਜ਼ਰਾਂ ਦੇ…

ਹਿਜ਼ਰਾਂ ਦੇ ਜਖਮੀ ਹਾਂ, ਫਟ ਸੀਤੇ ਨਹੀ ਅਸੀਂ
ਤੇਰੇ ਦਿੱਤੇ ਸਭ ਸਾਂਭੇ, ਘਟ ਕੀਤੇ ਨਹੀ ਅਸੀਂ
ਹਿਜ਼ਰਾਂ ਦੇ ਜਖਮੀ ਹਾਂ, ਫਟ ਸੀਤੇ ਨਹੀ ਅਸੀਂ

ਤੂੰ ਪਾਟੇ ਦੇ ਦਿੱਤੇ, ਕਿ ਨੰਗੇ ਹੋ ਜਾਂਗੇ
ਅਸੀਂ ਟਾਕੀ ਲਾ ਦਿੱਤੀ, ਨਵੇਂ ਸੀਤੇ ਨਹੀ ਅਸੀਂ
ਹਿਜ਼ਰਾਂ ਦੇ ਜਖਮੀ ਹਾਂ, ਫਟ ਸੀਤੇ ਨਹੀ ਅਸੀਂ
ਤੇਰੇ ਦਿੱਤੇ ਸਭ ਸਾਂਭੇ, ਘਟ ਕੀਤੇ ਨਹੀ ਅਸੀਂ

ਤੇਰੀ ਹਰ ਕੀਤੀ ਨੂੰ,ਆਪਣੇ ਤੇ ਬੀਤੀ ਨੂੰ
ਰੱਖਣਾ ਦਿਲ ਅੰਦਰ ਹੈ, ਯਾਰਾ ਨਾ ਬਦਨੀਤੇ ਅਸੀਂ
ਹਿਜ਼ਰਾਂ ਦੇ ਜਖਮੀ ਹਾਂ, ਫਟ ਸੀਤੇ ਨਹੀ ਅਸੀਂ
ਤੇਰੇ ਦਿੱਤੇ ਸਭ ਸਾਂਭੇ, ਘਟ ਕੀਤੇ ਨਹੀ ਅਸੀਂ

ਹੁਣ ਮੇਰੀ ਇੱਕ ਮੰਨ, ਦਿਲ ਵਿੱਚ ਲਾ ਕੇ ਸੰਨ੍ਹ
ਸੁੱਖ ਕੱਢ ਸਾਰੇ ਲੈਜਾ, ਗਮ ਰੱਖਣੇ ਪੀਤੇ ਅਸੀਂ
ਹਿਜ਼ਰਾਂ ਦੇ ਜਖਮੀ ਹਾਂ, ਫਟ ਸੀਤੇ ਨਹੀ ਅਸੀਂ
ਤੇਰੇ ਦਿੱਤੇ ਸਭ ਸਾਂਭੇ, ਘਟ ਕੀਤੇ ਨਹੀ ਅਸੀਂ

ਮੇਰੇ ਬਾਬੇ ਨਾਨਕ ਨੇ, ਸਭ ਕਰਨੇ ਮਾਣਕ ਨੇ
ਉਹਦੀ ਰਜ਼ਾ ਨੂੰ ਅਸੀਂ ਮਾਣਦੇ, ਤਾਹੀਉਂ ਸੀ ਕੀਤੇ ਨਹੀ
ਅਸੀਂ ਹਿਜ਼ਰਾਂ ਦੇ ਜਖਮੀ ਹਾਂ, ਫਟ ਸੀਤੇ ਨਹੀ ਅਸੀਂ
ਤੇਰੇ ਦਿੱਤੇ ਸਭ ਸਾਂਭੇ,ਘੱਟ ਕੀਤੇ ਨਹੀ ਅਸੀਂ
**
5. ਕਾਨਾ

ਕੱਲ ਸਵੇਰੇ ਸੈਰ ਕਰਦਿਆਂ, ਮਿਲ ਪਿਆ ਮੈਨੂੰ ਕਾਨਾ
ਕਲਮ ਦਾ ਨਾਨਾ
ਬਿਰਧ ਸਰੀਰ ਸੀ, ਹਰ ਕੋਨੇ ਤੇ ਗ਼ਮ ਦੀ ਲਕੀਰ ਸੀ
ਰੋਂਦਾ ਅਗਲੇ ਵੰਸ ਦੀ ਸੋਚ ਕੇ, ਗੱਲਾਂ ਕਰੇ ਬੋਚ ਬੋਚ ਕੇ
ਕਹਿੰਦਾ ਉਹ ਵੀ ਇੱਕ ਸਮਾ ਸੀ, ਜਦ ਲਿਖਣ ਵਾਲੇ
ਮੇਰੀਆਂ ਲੱਤਾਂ ਬਾਹਾਂ ਭੰਨ ਕੇ, ਨਾਲ ਕਰਦ ਬਲੇਡਾਂ ਵੱਢਦੇ ਸੀ
ਫਿਰ ਤਿੱਖਾ ਮੂੰਹ ਘੜ੍ਹ ਕੇ ਮੇਰੇ, ਪੱਲੇ ਕੁਝ ਨਾ ਛੱਡਦੇ ਸੀ
ਫਿਰ ਸਿਆਹੀ ਦੀ ਦਵਾਤ ‘ਚ ਪਾ ਕੇ, ਮੈਨੂੰ ‘ਪੈਗ’ ਲਵਾ ਦੇਂਦੇ
ਆਪਣੇ ਦੁੱਖੜੇ ਦੱਸ ਕੇ ਮੈਨੂੰ, ਵਰਕੇ ਤੇ ਅੱਥਰੂ ਵਹਾ ਦੇਂਦੇ
ਫਿਰ ਮੇਰੇ ਅੱਥਰੂ ਨੂੰ ਪੜ੍ਹਦੇ, ਨਾਲੇ ਰੋਈ ਜਾਂਦੇ
ਸਾਂਝੇ ਦੁੱਖ ਸਾਡੇ ਹੋ ਜਾਂਦੇ, ਫਿਰ ਨਾ ਅਸੀਂ ਘਬਰਾਉਂਦੇ
ਹੁਣ ਸਾਡੀ ਥਾਂ ਲੈ ਲਈ ਧੀਏ, ਪਲਾਸਟਿਕ ਦੇ ਸਿੱਕੇ
ਲੋਹੇ ਦਾ ਮੂੰਹ ਸਿੱਕੇ ਦਾ, ਦੂਰੋਂ ਕਿਸੇ ਨਾ ਦਿਸੇ
ਹੁਣ ਤੇ ਲੋਕੀਂ ਸਾਡੇ ਨਾਲ ਨਹੀ ਪਾਂਵਦੇ ‘ਢਾਰੇ’
ਛੰਨਾ ਦੀ ਥਾਂ ਲੈਂਟਰ ਪੈ ਗਏ,
ਅਸੀਂ ਕਿੰਨਾ ਪਿੱਛੇ ਰਹਿ ਗਏ ਹਾਂ ਕਿਸਮਤ ਦੇ ਮਾਰੇ
ਮੈਨੂੰ ਡਰ ਹੈ, ਮੇਰੇ ਵੰਸ ਨਾਲ ਚਿੜੀਆਂ ਵਾਲੀ ਹੋਣੀ
ਸਿਉਂਕ ਤੇ ਬੰਦਿਆਂ ਦੋਹਾਂ ਰਲ ਕੇ, ਮੇਰੀ ਵੰਸ ਮਾਰ ਮੁਕਾਉਣੀ
ਇੰਨਾ ਸੁਣ ਕੇ ਮੈਂ ਕਾਨੇ ਦੀ ਭੁੱਬਾਂ ਮਾਰ ਕੇ ਰੋਈ…
**

***
570
***
ਸਰਬਜੀਤ ਕੌਰ ਪੀਸੀ

ਸਰਬਜੀਤ ਕੌਰ ‘ਪੀਸੀ’
ਸਿਰਫ਼ ਪੰਜਾਬੀ ਭਾਸ਼ਾ ਜਾਣਦੀ ਹਾਂ
ਇੰਗਲਿਸ਼ ਪੜ੍ਹ ਸਕਦੀ ਹਾਂ, ਪਰ ਘੱਟ ਆਉਂਦੀ ਹੈ, ਹਿੰਦੀ ਵੀ ਆਉਂਦੀ ਹੈ ਪਰ ਪੰਜਾਬੀ ਪਸੰਦ ਹੈ ਅਤੇ
ਪੰਜਾਬੀ ਕਵਿਤਾ ਲਿਖਣਾ ਮੇਰਾ ਸ਼ੌਕ ਹੈ
ਜਨਮ ਤਿਥੀ: 4 ਸਤੰਬਰ 1969
ਕਿੱਤਾ: ਪੰਜਾਬ ਪੁਲਿਸ ਵਿੱਚ asi rank ਤੇ ਜ਼ਿਲ੍ਹਾ ਤਰਨ ਤਾਰਨ ਸਾਹਿਬ ਤਾਇਨਾਤ ਹਾਂ
ਮੈਂ ਮਹਿਕਮਾ ਪੁਲਿਸ ਵਿੱਚ 17 ਸਾਲ ਪੁਟੀਸ਼ਨ ਕਲਰਕ ਰਹੀ
ਜਿਸ ਬ੍ਰਾਂਚ ਦੇ ਹੈੱਡ ਨੂੰ ਪੀ ਸੀ ਕਹਿੰਦੇ ਹਨ ਇਸ ਲਈ ਮੇਰਾ ਨਾਮ ‘ਪੀਸੀ’ ਪੈ ਗਿਆ ਹੈ
ਇਸ ਲਈਸਰਬਜੀਤ ਕੌਰ ਪੀਸੀ ਹੀ ਬੋਲਦੇ ਨੇ ਸਾਰੇ
ਮੇਰੇ ਪਤੀ ਵੀ ਸੇਮ ਰੈਂਕ ‘ਤੇ ਹਨ

ਤਰਨਤਾਰਨ ਸਾਹਿਬ
+91 79866 09187

***

ਸਰਬਜੀਤ ਕੌਰ ਪੀਸੀ

ਸਰਬਜੀਤ ਕੌਰ ‘ਪੀਸੀ’ ਸਿਰਫ਼ ਪੰਜਾਬੀ ਭਾਸ਼ਾ ਜਾਣਦੀ ਹਾਂ ਇੰਗਲਿਸ਼ ਪੜ੍ਹ ਸਕਦੀ ਹਾਂ, ਪਰ ਘੱਟ ਆਉਂਦੀ ਹੈ, ਹਿੰਦੀ ਵੀ ਆਉਂਦੀ ਹੈ ਪਰ ਪੰਜਾਬੀ ਪਸੰਦ ਹੈ ਅਤੇ ਪੰਜਾਬੀ ਕਵਿਤਾ ਲਿਖਣਾ ਮੇਰਾ ਸ਼ੌਕ ਹੈ ਜਨਮ ਤਿਥੀ: 4 ਸਤੰਬਰ 1969 ਕਿੱਤਾ: ਪੰਜਾਬ ਪੁਲਿਸ ਵਿੱਚ asi rank ਤੇ ਜ਼ਿਲ੍ਹਾ ਤਰਨ ਤਾਰਨ ਸਾਹਿਬ ਤਾਇਨਾਤ ਹਾਂ ਮੈਂ ਮਹਿਕਮਾ ਪੁਲਿਸ ਵਿੱਚ 17 ਸਾਲ ਪੁਟੀਸ਼ਨ ਕਲਰਕ ਰਹੀ ਜਿਸ ਬ੍ਰਾਂਚ ਦੇ ਹੈੱਡ ਨੂੰ ਪੀ ਸੀ ਕਹਿੰਦੇ ਹਨ ਇਸ ਲਈ ਮੇਰਾ ਨਾਮ ‘ਪੀਸੀ’ ਪੈ ਗਿਆ ਹੈ ਇਸ ਲਈ ਸਰਬਜੀਤ ਕੌਰ ਪੀਸੀ ਹੀ ਬੋਲਦੇ ਨੇ ਸਾਰੇ ਮੇਰੇ ਪਤੀ ਵੀ ਸੇਮ ਰੈਂਕ ‘ਤੇ ਹਨ ਤਰਨਤਾਰਨ ਸਾਹਿਬ +91 79866 09187 ***

View all posts by ਸਰਬਜੀਤ ਕੌਰ ਪੀਸੀ →