9 December 2024

ਪ੍ਰਬੰਧ ਕਰੋ—ਰਵਿੰਦਰ ਸਿੰਘ ਸੋਢੀ

ਪ੍ਰਬੰਧ ਕਰੋ

ਰਾਵਣ ਦਾ ਪੁਤਲਾ ਫੂਕ 
ਹੁਣ
ਰਾਜਸੀ ਨੇਤਾਵਾਂ ‘ਚੋਂ
ਕੁਰਸੀ ਮੋਹ,
ਪਰਿਵਾਰ ਮੋਹ,
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਮੋਹ ਨੂੰ ਵੀ
ਫੂਕਣ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ‘ਚ 
ਮਿਲਾਵਟ ਕਰਨ ਵਾਲਿਆਂ ਨੂੰ ਵੀ
ਫੂਕਣ ਵਾਲੇ ਪੁਤਲਿਆਂ ਦੇ ਨਾਲ 
ਖੜਾ ਕਰਨ ਦਾ
ਪ੍ਰਬੰਧ ਕਰੋ

ਥਾਣਿਆਂ
ਤਹਿਸੀਲਾਂ
ਅਦਾਲਤਾਂ ਅਤੇ
ਹੋਰ ਮਹਿਕਮਿਆਂ ਵਿਚ
ਹੱਥ ਅੱਡੀ ਖੜੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ 
ਸਰਕਾਰੀ ਸਕੂਲਾਂ ਵਿਚ
ਪੜਾਉਣ ਦੀ ਥਾਂ
ਨਕਲ ਮਰਵਾ ਕੇ
ਪਾਸ ਕਰਵਾਉਣ
ਨਿਜੀ ਸਕੂਲਾਂ ਵਿਚ ਫੈਲੀ
‘ਫੀਸਾਂ’, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ 
ਦੇ ਨਾਂ ਤੇ ਕੀਤੀ ਜਾਂਦੀ ਲੁੱਟ 
ਯੂਨੀਵਰਸਿਟੀਆਂ ‘ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ 
ਜਿੰਮੇਵਾਰ ਰਾਵਣਾਂ ਲਈ ਵੀ
ਕਿਸੇ ਸਜਾ ਦਾ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜੋ ਜਵਾਨੀ ਦਾ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਅਭੋਲ ਬਚੀਆਂ
ਮੁਟਿਆਰਾਂ
ਔਰਤਾਂ ਨੂੰ
ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ
ਆਦਮ ਖੋਰਾਂ ਨੂੰ ਵੀ 
ਜਿਉਂਦੇ ਅਗਨ ਭੇਟ ਕਰਨ ਦਾ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਅਡੀਆਂ ਚੁਕ ਫਾਹਾ ਲੈਣ ਵਾਂਗ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ 
ਅੰਨ੍ਹੇਵਾਹ ਦੌੜ ਦੀ ਭੇਡ ਚਾਲ ਦੇ ਰਾਵਣ ਨੂੰ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ ਵੀ
ਪ੍ਰਬੰਧ ਕਰੋ।

ਸਾਹਿਤਕ ਮੱਠਾਂ ਵਿਚ
ਚੇਲੇ-ਚਪਟਿਆਂ ‘ਤੇ
ਮਨ ਚਾਹੀ ਕਿਰਪਾ ਲਿਆਉਣ ਦੇ  ਜੁਗਾੜਾਂ ਦੀ
ਰਾਵਣੀ ਸੋਚ ਦਾ
ਅਤੇ
ਮੱਠਾਂ ਦੇ ਬੰਦ ਕਰਨ ਦੇ
ਪੁੰਨ ਵਰਗੇ ਕੰਮ ਦਾ ਵੀ ਕੋਈ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਬਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਵਿਚਰ ਰਹੇ
ਜੋ
ਮਜ਼ਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ  ਮਾਰ
ਕੁੜੀਆਂ ਨੂੰ
ਹਵਸ ਦਾ ਸ਼ਿਕਾਰ ਬਣਾ
ਮੁੰਡਿਆਂ ਨੂੰ ਨਸ਼ੇ ਵੇਚਣ ਦੇ ਰਾਹ ਪਾ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ
ਲਈ ਵੀ
ਕਿਸੇ ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਫਿਰ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੁੰਦੀ
ਇਕੱਲੇ-ਇਕੱਲੇ ਰਾਵਣ ਨੂੰ 
ਸਬਕ ਸਿਖਾਉਣ ਦਾ 
ਅੱਗ ਲਾਉਣ ਦਾ
ਪ੍ਰਬੰਧ ਕਰੋ
ਪ੍ਰਬੰਧ ਕਰੋ।
***
ਰਵਿੰਦਰ ਸਿੰਘ ਸੋਢੀ
604-369-2371
ਰਿਚਮੰਡ, ਕੈਨੇਡਾ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1215
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ