23 May 2024

ਬਰਤਾਨਵੀ ਉਰਦੂ ਕਹਾਣੀ— ਸ੍ਰੀ ਮਤੀ ਅਤੀਆ ਖਾਨ

 1. ਖੂਨ ਦਾ ਰਿਸ਼ਤਾ

ਸ਼੍ਰੀਮਤੀ ਅਤੀਆ ਖਾਨ ਦਾ ਜਨਮ ਮੁਰਾਦਾਬਾਦ ਦਾ ਹੈ। ਉਸਦੀ ਆਰੰਭਕ ਪਾਲਣਾ ਅਤੇ ਮੁੱਢਲੀ ਵਿੱਦਿਆ ਲਖਨਊ ਵਿਚ ਹੋਈ। 1956 ਵਿਚ ਲਖਨਊ ਯੂਨੀਵਰਸਿਟੀ ਤੋਂ ਉਰਦੂ ਵਿੱਚ ਐਮ.ਏ. ਅਤੇ 1958 ਵਿਚ ਐਮ.ਐੱਡ. ਕੀਤੀ। 1958 ਵਿਚ ਯੂ.ਪੀ. ਪਬਲਿਕ ਸਰਵਿਸ ਕਮਿਸ਼ਨ ਯੂ.ਪੀ. ਵਲੋਂ ਉਰਦੂ ਲੈਕਚਰਾਰ ਦੇ ਤੌਰ ਤੇ ਚੁਣੇ ਜਾਣ ਪਿੱਛੋਂ ਅਤੀਆ ਖਾਨ ਨੇ ਰਾਮਪੁਰ, ਸ਼ਾਹਜਹਾਂਪੁਰ ਅਤੇ ਗੌਂਡੇ ਦੇ ਸਰਕਾਰੀ ਕਾਲਜਾਂ ਵਿਚ ਪੜ੍ਹਾਇਆ। ਵਿਆਹ ਉਪਰੰਤ 1969 ਵਿਚ ਪੱਕੇ ਤੌਰ ਤੇ ਲੰਡਨ ਆ ਕੇ ਟਿੱਕ ਗਈ । ਵਿੱਦਿਆਰਥੀ ਜੀਵਨ ਤੋਂ ਹੀ ਲਿਖਣ ਦਾ ਸ਼ੌਕ ਸੀ। ਲਖਨਊ ਯੂਨੀਵਰਸਿਟੀ ਦੀ ਮੈਗਜ਼ੀਨ ਵਿਚ ਲਿਖਣਾ ਆਰੰਭ ਕਰਨ ਪਿੱਛੋਂ ਉਹ ਲਿਖਦੀ ਗਈ। ਬਰਤਾਨੀਆ ਪੁੱਜ ਕੇ ਕੁਝ ਖੜੋਤ ਆਈ ਪਰ ਫਿਰ ਵੀ ਲਿਖਣਾ-ਪੜ੍ਹਨਾ ਜਾਰੀ ਰਿਹਾ।
ਅਤੀਆ ਖਾਨ ਸ-ਸ਼ਕਤ ਕਹਾਣੀਕਾਰਾ ਹੈ। ਉਸਦੀਆਂ ਰਚਨਾਵਾਂ ‘ਆਵਾਜ਼’, ‘ਵਤਨ ਵੀਕ ਐਂਡ’, ‘ਹਫ਼ਤਾਵਾਰ ਰਾਵੀ’, ਅਤੇ ਰੋਜ਼ਾਨਾ ‘ਜ਼ੰਗ’ ਲੰਡਨ ਵਿਚ ਲਗਾਤਾਰ ਛੱਪਦੀਅਾਂ ਰਹੀਆਂ ਹਨ।
ਉਸਦੀਆਂ ਰਚਨਾਵਾਂ ਪੜ੍ਹਨ ਨਾਲ ਹੀ ਸਬੰਧ ਰੱਖਦੀਆਂ ਹਨ।     (ਗ.ਸ.ਰਾਏ)

**

ਅੱਠ ਸਾਲ ਦੀ ਉਮਰ ਵਿਚ ਰੂਹੀ ਨੇ ਆਪਣੇ ਪਿਤਾ ਨੂੰ ਪਹਿਲੀ ਬਾਰ ਦੇਖਿਆ ਸੀ। ਰੂਹੀ ਦੀ ਪੈਦਾਇਸ਼ ਤੋਂ ਕੁਝ ਮਹੀਨੇ ਪਹਿਲਾਂ ਹੀ ਉਸ ਦੇ ਪਿਤਾ ਨੂੰ, ਉਸ ਦੀ ਕੰਪਨੀ ਨੇ ਦੋ ਵਰਿ੍ਹਆਂ ਲਈ ਲੰਡਨ ਭੇਜਿਆ ਸੀ। ਰੂਹੀ ਪੈਦਾ ਹੋਣ ਵਾਲੀ ਸੀ ਇਸ ਲਈ ਉਸਦੀ ਮਾਂ ਨਾਲ ਨਾ ਜਾ ਸਕੀ ਅਤੇ ਪੇਕੇ ਘਰ ਆ ਗਈ।

ਦੋ ਵਰਿ੍ਹਆਂ ਬਾਅਦ ਸ਼ਫੀਕ ਮਿਰਜ਼ਾ ਦੇ ਭਾਰਤ ਮੁੜਨ ਦੀ ਖ਼ਬਰ ਮਿਲੀ ਤਾਂ ਛੋਟਾ ਮਾਮਾ ਆਪਣੇ ਵਲਾਇਤ ਤੋਂ ਮੁੜੇ ਭਣੋਈਏ ਨੂੰ ਜੀ ਆਇਆਂ ਕਹਿਣ ਲਈ ਬੰਬਈ ਪਹੁੰਚ ਗਿਆ। ਜਦੋਂ ਉਸਨੇ ਸ਼ਫੀਕ ਮਿਰਜ਼ਾ ਦੇ ਨਾਲ ਇਕ ਅੰਗਰੇਜ ਇਸਤਰੀ ਨੂੰ ਵੇਖਿਆ ਤਾਂ ਸਮਝਿਆ ਕਿ ਸ਼ਾਇਦ ਇਸ ਮੇਮ ਦਾ ਹਵਾਈ ਜਹਾਜ਼ ਦੇ ਕਰਮਚਾਰੀਆਂ ਨਾਲ ਕੋਈ ਸਬੰਧ ਹੋਵੇਗਾ। ਪਰ ਉਹ ਸ਼ਫੀਕ ਮਿਰਜ਼ਾ ਦੇ ਨਾਲ ਜਿਸ ਤਰ੍ਹਾਂ ਦੀ ਖੁਲ੍ਹ ਲੈ ਰਹੀ ਸੀ ਇਸ ਨੂੰ ਵੇਖ ਕੇ ਉਸ ਦਾ ਦਿੱਲ ਧੜਕਿਆ। ਸ਼ਫੀਕ ਮਿਰਜ਼ਾ ਨੂੰ ਇਸ ਗੱਲ ਦੀ ਬਿਲਕੁਲ ਆਸ ਨਹੀਂ ਸੀ ਕਿ ਉਸ ਦੇ ਸੌਹਰਿਆਂ ਵਲੋਂ ਕੋਈ ਉਸ ਨੂੰ ਬੰਬਈ ਲੈਣ ਆਵੇਗਾ। ਛੋਟੇ ਮਾਮੇ ਨੂੰ ਵੇਖ ਕੇ ਉਸਦਾ ਰੰਗ ਉਡ ਗਿਆ ਅਤੇ ਉਸਦਾ ਚਿਹਰਾ ਵੇਖ ਕੇ ਛੋਟੇ ਮਾਮੇ ਦਾ ਸ਼ੱਕ ਯਕੀਨ ਵਿਚ ਬਦਲਣ ਲੱਗਿਆ। ਉਸ ਨੇ ਸ਼ਫੀਕ ਮਿਰਜ਼ਾ ਨੂੰ ਪੁੱਛਿਆ: “ਇਹ ਕੌਣ ਹੈ?”

ਸ਼ਫੀਕ ਮਿਰਜ਼ਾ ਨੇ ਆਪਣੀ ਅੰਗਰੇਜ ਪਤਨੀ ਨੂੰ ਖਾਨਦਾਨ ਨਾਲ ਵਾਕਫ਼ ਕਰਾਉਣ ਜਾਂ ਨਾ ਕਰਾਉਣ ਬਾਰੇ ਜਿਹੜੀ ਵੀ ਯੋਜਨਾ ਬਣਾਈ ਸੀ ਉਹ ਉਵੇਂ ਦੀ ਉਵੇਂ ਹੀ ਪਈ ਰਹਿ ਗਈ। ਬਦਹਵਾਸੀ ਵਿਚ ਉਹ ਸਿੱਧੇ ਜਿਹੇ ਸੁਆਲ ਦਾ ਸਿੱਧਾ ਜਿਹਾ ਜਵਾਬ ਦੇ ਬੈਠਾ।

ਸ਼ਫੀਕ ਮਿਰਜ਼ਾ ਦਾ ਜਵਾਬ ਸੁਣ ਕੇ ਛੋਟਾ ਮਾਮਾ, ਉਹਨਾਂ ਦੋੋਹਾਂ ਨੂੰ ਉਥੇ ਹੀ ਛੱਡ ਕੇ, ਬਿਨਾਂ ਕੁਝ ਹੋਰ ਕਹੇ ਸੁਣੇ ਵਾਪਸ ਮੁੜ ਆਇਆ। ਸ਼ਫੀਕ ਮਿਰਜ਼ਾ ਦੇ ਸੁਆਗਤ ਲਈ ਘਰ ਵਿਚ ਪਰਬੰਧ ਹੋ ਰਹੇ ਸਨ ਪਰ ਜਦੋਂ ਛੋਟਾ ਮਾਮਾ ਮੂੰਹ ਲਟਕਾਈ ਘਰ ਵਿਚ ਇਕੱਲਾ ਹੀ ਆਇਆ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਧਰਤੀ ਨਿਕਲ ਗਈ। ਸਾਹ-ਸਾਧੀ ਸਾਰੇ ਹੀ ਉਸ ਵਲਾਂ ਦੇਖਣ ਲੱਗ ਪਏ ਕਿ ਉਹ ਇੰਝ ਵਾਪਸ ਮੁੜਨ ਦਾ ਕਾਰਨ ਦੱਸੇਗਾ। ਪਰ ਛੋਟਾ ਮਾਮਾ ਬਿਨਾਂ ਕੁਝ ਕਹੇ ਸੁਣੇ, ਨਾਨੇ ਦੇ ਪਾਸ ਜਾ ਕੇ ਚੁੱਪ-ਚਾਪ ਬੈਠ ਗਿਆ। ਉਸਦੀ ਚੁੱਪ ਤੋਂ ਤੰਗ ਪੈ ਕੇ ਜੱਦ ਨਾਨੇ ਨੇ ਸੁਆਲ ਕੀਤਾ ਤਾਂ ਉਹ ਫ਼ੁੱਟ ਪਿਆ: “ਉਸ ਆਦਮੀ ਦਾ ਨਾਂ ਨਾ ਲਉ। ਉਸਨੇ, ਸਾਨੂੰ ਕਿਸੇ ਨੂੰ ਮੂੰਹ ਵਿਖਾਲਣ ਯੋਗਾ ਨਹੀਂ ਛੱਡਿਆ। ਉਸ ਨੇ ਸਾਡੇ ਖਾਨਦਾਨ ਦਾ ਨਾਂ ਡੁਬੋ ਦਿੱਤਾ। ਉਹ ਨਾ-ਲਾਇਕ ਆਪਣੇ ਨਾਲ ਲੰਡਨ ਤੋਂ ਇਕ ਫਰੰਗਣ ਲੈ ਆਇਆ ਏ।”

“ਫਰੰਗਣ” ਸ਼ਬਦ ਸੁੱਣਦਿਆਂ ਹੀ ਜਿਵੇਂ ਘਰ ਉਤੇ ਬਿਜਲੀ ਡਿੱਗ ਪਈ। ਜੇਕਰ ਛੋਟਾ ਮਾਮਾ ਇਹ ਖਬਰ ਲਿਆਇਆ ਹੁੰਦਾ ਕਿ ਸ਼ਫੀਕ ਮਿਰਜ਼ਾ ਦਾ ਜਹਾਜ਼ ਡੁੱਬ ਗਿਆ ਅਤੇ ਉਹ ਵੀ ਉਸਦੇ ਨਾਲ ਹੀ ਸਮੁੰਦਰ ਵਿਚ ਗ਼ਰਕ ਹੋ ਗਿਆ, ਤਾਂ ਰੋ ਪਿੱਟ ਕੇ ਸਬਰ ਕਰ ਲਿਆ ਜਾਂਦਾ। ਪਰ ਇਹ ਸਦਮਾ ਤਾਂ ਅਜਿਹਾ ਸੀ ਕਿਸੇ ਦੇ ਸਾਹਮਣੇ ਰੋ ਵੀ ਨਹੀ ਸਕਦੇ ਸਨ।

ਅੰਜੁਮਨ ਆਰਾ, ਆਪਣੇ ਦੋਹਾਂ ਭਰਾਵਾਂ ਤੋਂ ਉਮਰ ਵਿਚ ਬਹੁਤ ਛੋਟੀ ਸੀ ਅਤੇ ਬੜੇ ਹੀ ਲਾਡ ਪਿਆਰ ਨਾਲ ਪਲੀ ਸੀ। ਉਸ ਦੀ ਸੁੰਦਰਤਾ ਦੇ ਚਰਚੇ ਸੁੱਣ ਕੇ ਹੀ ਸ਼ਫੀਕ ਮਿਰਜ਼ਾ ਨੇ ਉਸ ਨਾਲ ਵਿਆਹ ਕਰਵਾਇਆ ਸੀ ਅਤੇ ਵਿਆਹ ਪਿੱਛੋ ਉਸ ਉਤੇ ਪਿਆਰ-ਮੁਹੱਬਤ ਦਾ ਜਿਹੜਾ ਮੀਂਹ ਬਰਸਾਇਆ ਸੀ, ਉਸ ਨੂੰ ਵੇਹੰਦਿਆਂ ਉਹ ਸੋਚ ਵੀ ਨਹੀਂ ਸਕਦੀ ਸੀ ਕਿ ਉਸਦਾ ਪਤੀ ਕਿਸੇ ਦੂਜੀ ਇਸਤਰੀ ਉਤੇ ਨਜ਼ਰ ਸੁੱਟੇਗਾ। ਇਸ ਜ਼ਬਰਦਸਤ ਧਮਾਕੇ ਨਾਲ ਉਹ ਬਿਲਕੁਲ ਬੁੱਤ ਬਣੀ ਬੈਠੀ ਰਹਿ ਗਈ। ਫਿਰ ਬਹੁਤ ਚਿਰਾਂ ਬਾਅਦ ਕੱਠ-ਪੁਤਲੀ ਵਾਂਗ ਬਿਨਾਂ ਕਿਸੇ ਹਿੱਲ-ਜੁੱਲ ਦੇ ਉੱਠ ਕੇ ਆਪਣੇ ਕਮਰੇ ਵਿਚ ਚਲੇ ਗਈ। ਸ਼ਾਮੀਂ ਜਦੋਂ ਉਹ ਕਮਰਾ ਖੋਲ੍ਹ ਕੇ ਬਾਹਰ ਨਿਕਲੀ ਤਾਂ ਉਸਨੇ ਆਪਣਾ ਰੰਗਦਾਰ ਪਹਿਰਾਵਾ ਬਦਲ ਕੇ ਚਿੱਟੇ ਕਪੜੇ ਪਾਏ ਹੋਏ ਸਨ। “ਆਇਆ” ਦੀ ਗੋਦ ਵਿਚੋਂ ਖੇਡਦੀ ਰੂਹੀ ਨੂੰ ਆਪਣੀ ਗੋਦ ਵਿਚ ਲੈ ਕੇ ਬਹੁਤ ਪਿਆਰ ਕੀਤਾ ਅਤੇ ਮਾਂ ਦੇ ਪਾਸ ਆ ਕੇ ਬੈਠਦੀ ਹੋਈ ਬੋਲੀ: “ਅੰਮਾਂ! ਅੱਜ ਤੋਂ ਬਾਅਦ ਮੈਂ ਉਸ ਨਾਲਾਇਕ ਆਦਮੀ ਦਾ ਨਾਂ ਵੀ ਸੁਣਨਾ ਨਹੀਂ ਚਾਹੁੰਦੀ। ਤੁਸੀਂ ਸਭ ਨੂੰ ਹਦਾਇਤ ਕਰ ਦਿਉ ਕਿ ਜੇਕਰ ਉਹ ਇੱਥੇ ਆਵੇ ਤਾਂ ਕੋਈ ਵੀ ਉਸਨੂੰ ਘਰ ਵਿਚ ਵੜਨ ਨਾ ਦੇਵੇ। ਹੁਣ ਨਾ ਮੇਰੇ ਨਾਲ ਅਤੇ ਨਾ ਹੀ ਮੇਰੀ ਬੱਚੀ ਨਾਲ ਉਸਦਾ ਕੋਈ ਸੰਬੰਧ ਹੈ। ਮੈਂ ਮਰਦੇ ਦਮ ਤਕ ਆਪਣੀ ਬੱਚੀ ਉਤੇ ਉਸ ਦਾ ਮਨਹੂਸ ਪਰਛਾਵਾਂ ਵੀ ਨਹੀਂ ਪੈਣ ਦਿਆਂਗੀ।”

ਅਤੇ ਉਸ ਮਨਹੂਸ ਆਦਮੀ ਦੇ ਪਰਛਾਵੇਂ ਤੋਂ ਦੂਰ “ਰੂਹੀ” ਦੀ ਪਾਲਣਾ ਨਾਨਕੀਂ ਹੁੰਦੀ ਰਹੀ। ਨਾਨਾ, ਨਾਨੀ ਅਤੇ ਛੋਟੇ ਮਾਮਾ ਵਿਸ਼ੇਸ਼ ਤੌਰ ਤੇ ਉਸ ਨਾਲ ਬਹੁਤ ਪਿਆਰ ਕਰਦੇ। ਛੋਟੇ ਮਾਮੇ ਦੀ ਧੀ ਰੌਸ਼ਨੀ ਜਿਹੜੀ ਕਿ ਉਮਰ ਵਿਚ ਉਸ ਤੋਂ ਇਕ ਸਾਲ ਬੜੀ ਸੀ, ਉਸਦੀ ਹਰ ਸਮੇਂ ਦੀ ਸਾਥਣ, ਦੋਸਤ, ਭੈਣ ਸਭ ਕੁਝ ਹੀ ਸੀ। ਰੂਹੀ ਦਾ ਜੀਵਨ ਇਹਨਾਂ ਲੋਕਾਂ ਦੇ ਦੁਆਲੇ ਹੀ ਘੁੰਮਦਾ ਰਿਹਾ। ਉਸਨੂੰ ਕਦੇ ਵੀ ਇਹ ਪਤਾ ਨਾ ਲੱਗਿਆ ਕਿ ਉਸਦਾ ਪਿਉ, ਉਸਨੂੰ ਵੇਖਣ ਦੀ ਚਾਹ ਵਿਚ ਕਿੰਨੀ ਬਾਰ ਦਰਵਾਜ਼ੇ ਤਕ ਆ ਕੇ ਨਾ-ਮੁਰਾਦ ਮੁੜਿਆ ਹੈ। ਆਪਣੀ ਗ਼ਲਤੀ ਦੀ ਮਾਫ਼ੀ ਮੰਗ ਕੇ ਉਹ ਆਪਣੀ ਪਤਨੀ ਅਤੇ ਧੀ ਨੂੰ ਆਰਾਮ ਦੀ ਜ਼ਿੰਦਗੀ ਦੇਣਾ ਚਾਹੁੰਦਾ ਹੈ। ਪਰ ਉਸ ਦੀ ਹਰ ਜੋਦੜੀ ਅਤੇ ਕੋਸ਼ਿਸ਼ ਉਤੇ ਨਾਨੀ, ਨਾਨਾ ਅਤੇ ਛੋਟਾ ਮਾਮਾ ਹੋਰ ਜ਼ਿਆਦਾ ਸਖ਼ਤੀ ਨਾਲ ਦੁੱਤਕਾਰ ਦਿੰਦੇ।

ਅੰਮੀ ਜਿਹੜੀ ਵਿਖਾਵੇ ਲਈ ਲੋਹੇ ਵਾਂਗ ਸਖ਼ਤ ਹਿੰਮਤ ਦਿਖਾ ਰਹੀ ਸੀ, ਉਹ ਪਤੀ ਦੀ ਬੇਵਫ਼ਾਈ ਉਤੇ ਅੰਦਰੋਂ ਹੀ ਅੰਦਰ ਘੁੁਲਣ ਲੱਗੀ। ਉਸ ਨੂੰ ਬੁਖ਼ਾਰ ਰਹਿਣ ਲੱਗਿਆ, ਖੰਘ ਅਉਣ ਲੱਗੀ। ਹੌਲੀ ਹੌਲੀ ਉਹ ਬਿਲਕੁਲ ਹੀ ਪਲੰਘ ਨਾਲ ਲੱਗ ਗਈ ਅਤੇ ਰੂਹੀ ਪੰਜ ਵਰਿ੍ਹਆਂ ਦੀ ਵੀ ਨਹੀਂ ਸੀ ਹੋਈ ਕਿ ਉਸ ਪਾਸੋਂ ਸਦਾ ਸਦਾ ਲਈ ਤੁੱਰ ਗਈ। ਉਸਦੀ ਆਖ਼ਰੀ ਵਸੀਅਤ ਵੀ ਇਹੋ ਹੀ ਸੀ ਕਿ ਮੇਰੀ ਬੱਚੀ ਉਤੇ ਉਸ ਮਨਹੂਸ ਆਦਮੀ ਦਾ ਪਰਛਾਵਾਂ ਵੀ ਨਾ ਪਵੇ।

ਨਾਨੀ ਨੇ ਮਰਦੇ ਦਮ ਤਕ ਆਪਣੀ ਧੀ ਦੀ ਵਸੀਅਤ ਉਤੇ ਅਮਲ ਕੀਤਾ। ਧੀ ਦੀ ਮੌਤ ਬਾਅਦ ਉਹ ਆਪਣੇ ਜਵਾਈ ਨਾਲ ਹੋਰ ਵੀ ਵੱਧ ਨਾਰਾਜ਼ ਹੋ ਗਈ। ਉਸ ਦੀ ਨਜ਼ਰ ਵਿਚ ਉਹ ਉਸਦੀ ਇਕਲੌਤੀ ਧੀ ਦਾ ਕਾਤਲ ਸੀ ਅਤੇ ਫਾਂਸੀ ਤੋਂ ਘੱਟ ਕਿਸੇ ਹੋਰ ਚੀਜ਼ ਦੇ ਲਾਇਕ ਨਹੀਂ ਸੀ। ਸ਼ਫੀਕ ਮਿਰਜ਼ਾ ਆਪੂੰ ਵੀ ਆਪਣੀ ਕੀਤੀ ਤੇ ਬਹੁਤ ਸ਼ਰਮਿੰਦਾ ਸੀ ਅਤੇ ਅੰਜਮ ਦੀ ਅ-ਸਮੇਂ ਦੀ ਮੌਤ ਦਾ ਜ਼ਿਮੇਵਾਰ ਆਪਣੇ ਆਪ ਨੂੰ ਹੀ ਸਮਝਦਾ ਸੀ। ਇਸਦਾ ਅਸਰ ਇਹ ਪਿਆ ਕਿ ਉਹ ਆਪਣੀ ਅੰਗਰੇਜ ਪਤਨੀ ਨਾਲ ਰੁੱਖੇ-ਪਨ ਦਾ ਵਿਵਹਾਰ ਕਰਨ ਲੱਗ ਪਿਆ ਜਿਸ ਕਾਰਨ ਇਕ ਦਿਨ ਉਹ ਤੰਗ ਪੈ ਕੇ ਚੁੱਪ-ਚਾਪ ਇੰਗਲੈਂਡ ਵਾਪਸ ਮੁੜ ਗਈ।

ਨਾਨਾ, ਨਾਨੀ ਅਤੇ ਛੋਟਾ ਮਾਮਾ ਹਰ ਸੰਭਵ ਕੋਸ਼ਿਸ਼ ਕਰਦੇ ਕਿ ਰੂਹੀ ਕਿਸੇ ਤਰ੍ਹਾਂ ਵੀ ਆਪਣੇ ਆਪ ਨੂੰ ਰੌਸ਼ਨੀ ਤੋਂ ਘੱਟ ਨਾ ਸਮਝੇ। ਦੋਹਾਂ ਦੇ ਕਪੜੇ ਸਦਾ ਹੀ ਇੱਕੋ ਜਿਹੇ ਹੀ ਬਣਦੇ। ਦੋਹਾਂ ਨਾਲ ਇਕੋ ਜਿਹਾ ਹੀ ਵਰਤਾਅ ਹੁੰਦਾ। ਦੋਹਾਂ ਦੀ ਵਿੱਦਿਆ ਅਤੇ ਸਿੱਖਿਆ ਉਤੇ ਇਕੋ ਜਿਹਾ ਧਿਆਨ ਦਿੱਤਾ ਜਾਂਦਾ। ਮੌਲਵੀ ਸਾਹਿਬ ਦੋਹਾਂ ਨੂੰ ਹੀ ਕੁਰਾਨੇ-ਪਾਕ ਅਤੇ ਉਰਦੂ ਦੀ ਪੜ੍ਹਾਈ ਕਰਾਉਣ ਆਉਂਦੇ। ਪਰ ਰੂਹੀ ਨੂੰ ਜਿਵੇਂ ਜਿਵੇਂ ਸਮਝ ਆ ਰਹੀ ਸੀ ਤਿਵੇਂ ਤਿਵੇਂ ਉਸਦੀ ਅਨੁਭਵ ਕਰਨ ਦੀ ਸ਼ਕਤੀ ਵੀ ਵੱਧ ਰਹੀ ਸੀ। ਕੋਈ ਸ਼ਰਾਰਤ ਜਾਂ ਗ਼ਲਤ ਕੰਮ ਕਰਨ ਤੇ ਛੋਟੀ ਮਾਮੀ ਰੌਸ਼ਨੀ ਨੂੰ ਡਾਂਟ ਦਿੰਦੀ ਅਕਸਰ ਇਕ ਅੱਧ ਥੱਪੜ ਵੀ ਮਾਰ ਦਿੰਦੀ ਪਰ ਉਸਨੂੰ ਕੁਝ ਨਾ ਕਹਿੰਦੀ। “ਅਪੀਆ” ਅਤੇ “ਅਲਨ” ਵੀਰ ਵੀ ਜਿਸ ਪਿਆਰ ਨਾਲ ਰੌਸ਼ਨੀ ਨੂੰ ਡਾਂਟ-ਫ਼ਟਕਾਰ ਲੈਂਦੇ ਇੰਝ ਕਦੇ ਵੀ ਉਸ ਦੇ ਨਾਲ ਪੇਸ਼ ਨਹੀਂ ਆਉਂਦੇ ਸਨ। ਇਸ ਦੇ ਨਾਲ, ਉਹਨਾਂ ਦੇ ਰਵੱਈਏ ਵਿਚ ਥੋੜੇ ਜਿਹੇ ਅੰਤਰ ਦਾ ਅਹਿਸਾਸ ਹੁੰਦਾ ਸੀ। ਛੋਟਾ ਮਾਮਾ, ਰੌਸ਼ਨੀ ਦੇ ਮੁਕਾਬਲੇ ਵਿਚ ਸਦਾ ਹੀ ਉਸਦੀ ਤਰਫ਼ਦਾਰੀ ਕਰਦੇ ਤਾਂ ਜੋ ਬਿਨ ਮਾਂ ਦੀ ਬੱਚੀ ਦਾ ਦਿੱਲ ਨਾ ਦੁਖੇ। ਉਸਨੂੰ ਇਸ ਗੱਲ ਦਾ ਵੀ ਅਹਿਸਾਸ ਹੋ ਗਿਆ ਸੀ ਕਿ ਉਸਦੇ ਪਿਤਾ ਕਿਤੇ ਹੈ ਅਤੇ ਕਿਸੇ ਕਾਰਨ ਸਾਰੇ ਲੋਕੀਂ ਉਸ ਨਾਲ ਨਾਰਾਜ਼ ਹਨ। ਇਸ ਲਈ ਕਦੇ ਵੀ ਉਸਦੀ ਹਿੰਮਤ ਨਾ ਹੋਈ ਕਿ ਉਹ, ਉਸਦਾ ਜ਼ਿਕਰ ਵੀ ਆਪਣੇ ਬੁਲ੍ਹਾਂ ਤੇ ਲਿਆ ਸਕਦੀ।

ਬੜਾ ਮਾਮਾ ਆਪਣੀ ਨੌਕਰੀ ਕਾਰਨ ਸਦਾ ਹੀ ਬਾਹਰ ਰਹਿੰਦਾ ਸੀ। ਜਦੋਂ ਉਸ ਦੀਆਂ ਤਿੰਨਾਂ ਧੀਆਂ ਦੀਆਂ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਤਾਂ ਉਹ ਆਪਣੇ ਪਰਵਾਰ ਸਮੇਤ ਕੁਝ ਦਿਨਾਂ ਲਈ ਘਰ ਆਉਂਦਾ। ਉਪਰ ਦੇ ਕਮਰੇ ਉਹਨਾਂ ਲਈ ਰਾਖਵੇਂ ਸਨ। ਉਹਨਾਂ ਦੇ ਨਾ ਰਹਿਣ ਸਮੇਂ ਉਹ ਕਮਰੇ ਬੰਦ ਰਹਿੰਦੇ। ਉਹ ਸੁਭਾ ਦੇ ਲਿਹਾਜ਼ ਨਾਲ ਸਭ ਤੋਂ ਵੱਖਰਾ ਸੀ। ਉਹ ਨਾ ਤਾਂ ਛੋਟੇ ਮਾਮੇ ਵਾਂਗ ਹਰ ਮਨ ਪਿਆਰਾ ਸੀ ਅਤੇ ਨਾ ਹੀ ਪਰਵਾਰਕ ਰਵਾਇਤਾਂ ਦਾ ਪੱਕੀ ਤਰ੍ਹਾਂ ਪਾਬੰਦ ਤੇ ਧਾਰਨੀ। ਬੜੀਆਂ ਖਰੀਆਂ ਅਤੇ ਅਕਸਰ ਕੌੜੀਆਂ ਗੱਲਾਂ ਕਰਦਾ। ਵੇਖਣ ਵਿਚ ਆਉਂਦਾ ਕਿ ਉਸਨੂੰ ਘਰ ਦੇ ਮਾਮਲਿਆਂ ਵਿਚ ਜ਼ਿਆਦਾ ਦਿਲਚਸਪੀ ਨਹੀਂ ਸੀ। ਪਰ ਜਦੋਂ ਤੋਂ ਨਾਨੀ ਦੀ ਸਿਹਤ ਢਿੱਲੀ ਰਹਿਣ ਲੱਗੀ ਸੀ ਤਾਂ ਉਹ ਹਰ ਮਹੀਨੇ ਇਕ-ਦੋ ਦਿਨਾਂ ਲਈ ਘਰ ਆ ਜਾਂਦਾ ਸੀ। ਨਾਨੀ ਦੇ ਦਵਾ ਅਤੇ ਇਲਾਜ ਦਾ ਬਹੁਤ ਧਿਆਨ ਰੱਖਦਾ।

ਇੱਕ ਦਿਨ ਵੱਡਾ ਮਾਮਾ ਛੋਟੇ ਮਾਮੇ ਨੂੰ ਕਹਿ ਰਿਹਾ ਸੀ: “ਸ਼ਫੀਕ ਨੇ ਇੱਕ ਫਰੰਗਣ ਨਾਲ ਵਿਆਹ ਕਰਨ ਦਾ ਅਪਰਾਧ ਜ਼ਰੂਰ ਕੀਤਾ ਪਰ ਇਸ ਗੱਲ ਤੋਂ ਬਿਨਾਂ ਤਾਂ ਉਸ ਵਿਚ ਕੋਈ ਬੁਰਾਈ ਨਹੀਂ।  ਇੰਨਾ ਪੜ੍ਹਿਆ ਲਿਖਿਆ ਅਤੇ ਕਾਬਲ ਆਦਮੀ ਹੈ। ਚੰਗੀ ਹੈਸੀਅਤ ਵਾਲਾ ਹੈ। ਇਸੇ ਲਈ ਉਸ ਨੇ ਸਦਾ ਹੀ ਅੰਜਮ ਅਤੇ ਰੂਹੀ ਦੀ ਜਿਮੇਵਾਰੀ ਲੈਣੀ ਚਾਹੀ। ਪਰ ਤੁਸਾਂ ਦੀ ਜ਼ਿੱਦ ਹੈ ਕਿ ਉਸਦਾ ਨਾਂ ਵੀ ਸੁਣਨਾ ਨਹੀਂ ਚਾਹੁੰਦੇ। ਹੁਣ ਤਾਂ ਉਹ ਫਰੰਗਣ ਵੀ ਜਾ ਚੁੱਕੀ ਹੈ। ਮਨੁੱਖੀ ਕਮਜ਼ੋਰੀਆਂ ਨੂੰ ਸਮਝਣ ਅਤੇ ਮਾਫ਼ ਕਰ ਦੇਣ ਦੀ ਜ਼ਰਾ ਜਿੰਨੀ ਵੀ ਸਮਝ ਤੁਹਾਡੇ ਵਿਚ ਨਹੀਂ ਹੈ। ਉਹ ਸੰਸਾਰ ਦਾ ਪਹਿਲਾ ਮਰਦ ਤਾਂ ਨਹੀਂ ਜਿਸ ਨੇ ਦੂਜਾ ਵਿਆਹ ਕਰਵਾ ਲਿਆ। ਸ਼ਫੀਕ ਨੂੰ ਅੰਜਮ ਦੀ ਬੇ-ਵਕਤ ਮੌਤ ਦਾ ਬਹੁਤ ਦੁੱਖ ਹੈ। ਉਹ ਰੂਹੀ ਨੂੰ ਵੇਖਣ ਲਈ ਬੇਚੈਨ ਰਹਿੰਦਾ ਹੈ ਪਰ ਤੁਸੀਂ ਲੋਕ ਆਪਣੀ ਹੱਠ-ਧਰਮੀ ਨਾਲ ਉਸ ਨੂੰ ਦੁੱਖ ਪਹੁੰਚਾਉਣ ਦੇ ਨਾਲ ਨਾਲ ਉਸ ਦੀ ਬੱਚੀ ਉਤੇ ਵੀ ਜ਼ੁਲਮ ਕਰ ਰਹੇ ਹੋ।”

ਰੂਹੀ ਨੇ ਕਮਰੇ ਦੇ ਲਾਗਿਉਂ ਲੰਘਣ ਸਮੇਂ ਇਹ ਅੰਤਮ ਵਾਕ ਸੁੱਣ ਲਏ ਸਨ। ਉਸਨੂੰ ਪਹਿਲੀ ਬਾਰ ਆਪਣੇ ਪਿਤਾ ਦੇ ਨਾਂ ਸਬੰਧੀ ਪਤਾ ਲੱਗਿਆ ਸੀ ਅਤੇ ਇਹ ਨਾਂ ਉਸਦੇ ਦਿੱਲ ਉਤੇ ਉਕਰਿਆ ਗਿਆ। ਪਰ ਉਸਦੀ ਹਿੰਮਤ ਨਹੀਂ ਸੀ ਕਿ ਕਿਸੇ ਨੂੰ ਕੁਝ ਕਹਿ ਸਕਦੀ।

ਅਤੇ ਜਦੋਂ ਨਾਨੀ ਵੀ ਉਸ ਦਾ ਸਾਥ ਛੱਡ ਕੇ ਆਪਣੀ ਧੀ ਨਾਲ ਜਾ ਮਿਲੀ ਤਾਂ ਉਹ ਇਸ ਘਰ ਵਿਚ ਆਪਣੇ ਆਪ ਨੂੰ ਬਿਲਕੁਲ ਇਕੱਲਿਆਂ ਮਹਿਸੂਸ ਕਰਨ ਲੱਗੀ। ਉਂਝ ਨਾਨਾ, ਛੋਟਾ ਮਾਮਾ ਅਤੇ ਰੌਸ਼ਨੀ ਦੇ ਪਿਆਰ ਅਤੇ ਧਿਆਨ ਵਿਚ ਕੋਈ ਘਾਟ ਨਹੀਂ ਆਈ ਸੀ। ਪਰ ਨਿੱਜੀ ਤੌਰ ਤੇ ਰੂਹੀ ਦੇ ਰਵੱਈਏ ਵਿਚ ਤਬਦੀਲੀ ਆਉਣ ਲੱਗ ਪਈ ਸੀ। ਇਸ ਘਰ ਵਿਚ ਜਿੱਥੇ ਉਹ ਪੈਦਾ ਹੋਈ ਅਤੇ ਪਲੀ ਸੀ, ਹੁਣ ਉਹ ਆਪਣੇ ਆਪ ਨੂੰ ਇਕ ਅਜਨਬੀ ਮਹਿਸੂਸ ਕਰਦੀ। ਉਸਨੂੰ ਰੌਸ਼ਨੀ ਵੱਡ-ਭਾਗਣ ਲੱਗਦੀ ਸਗੋਂ ਉਸ ਨੂੰ ਜਲਣ ਹੁੰਦੀ। ਰੱਬ ਨੇ ਉਸ ਨੂੰ ਸਭ ਕੁਝ ਦਿੱਤਾ ਸੀ: ਚਾਹੁਣ ਵਾਲੇ ਮਾਪੇ, ਭੈਣ, ਭਰਾ, ਸੁੰਦਰਤਾ, ਪਰਸੰਨਤਾ, ਹਰ ਇਕ ਦਾ ਦਿੱਲ ਮੋਹ ਲੈਣ ਵਾਲੀਆਂ ਗੱਲਾਂ। ਉਹ ਸਦਾ ਫੁੱਲ ਵਾਂਗ ਖਿੜੀ ਰਹਿੰਦੀ। ਜੋ ਵੀ ਉਸਨੂੰ ਦੇਖਦਾ ਉਸ ਦੀ ਸੁੰਦਰਤਾ ਅਤੇ ਹਸਮੁੱਖ ਸੁਭਾ ਉਤੇ ਲਟੂ ਹੋ ਜਾਂਦਾ। ਪੜ੍ਹਨ-ਲਿਖਣ ਵਿਚ ਜ਼ਰੂਰ ਰੂਹੀ, ਰੌਸ਼ਨੀ ਨਾਲੋਂ ਤੇਜ਼ ਸੀ। ਉਰਦੂ ਨਾਲ ਉਸਦਾ ਵਿਸ਼ੇਸ਼ ਲਗਾਵ ਸੀ। ਜਿਹੜੀ ਵੀ ਕਵਿਤਾ ਪੜ੍ਹਦੀ ਉਸਨੂੰ ਜ਼ਬਾਨੀ ਯਾਦ ਹੋ ਜਾਂਦੀ। ਬਿਮਾਰੀ ਦੇ ਦਿਨਾਂ ਵਿਚ ਨਾਨੀ ਅਕਸਰ ਦੋਹਾਂ ਨੂੰ ਬਿਠਾ ਕੇ ਮੁਕਾਬਲਾ ਕਰਾਉਂਦੀ ਅਤੇ ਜਦੋਂ ਰੂਹੀ, ਰੌਸ਼ਨੀ ਨੂੰ ਹਰਾ ਦਿੰਦੀ ਤਾਂ ਬਹੁਤ ਪਰਸੰਨ ਹੁੰਦੀ। ਪਰ ਨਾਨੀ ਦੀ ਮੌਤ ਬਾਅਦ ਉਹ ਚੁੱਪ-ਚੁੱਪ ਰਹਿਣ ਲੱਗ ਪਈ। ਜਿਵੇਂ ਉਸਨੇ ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ ਸੀ। ਜਿਹੜੀ ਵੀ ਕਿਤਾਬ, ਰਸਾਲਾ, ਅਖ਼ਬਾਰ ਉਸਨੂੰ ਮਿਲ ਜਾਂਦਾ, ਬੈਠਦੀ ਉਸਨੂੰ ਪੜ੍ਹਦੀ ਰਹਿੰਦੀ ਜਾਂ ਵਿਹੜੇ ਵਿਚ ਲੱਗੇ ਛੂਈ-ਮੂਈ ਦੇ ਪੌਦੇ ਦੇ ਪਾਸ ਬੈਠੀ ਉਸਦੇ ਇਕ ਇਕ ਪੱਤੇ ਨੂੰ ਛੂੰਹਦੀ ਅਤੇ ਬੰਦ ਹੁੰਦਿਆਂ ਦੇਖਦੀ ਰਹਿੰਦੀ ਜਾਂ ਫਿਰ ਖਿਆਲਾਂ ਵਿਚ ਹੀ ਆਪਣੇ ਪਿਤਾ ਦੇ ਪਾਸ ਪੁੱਜ ਜਾਂਦੀ।

ਇਕ ਦਿਨ ਉਹ ਆਪਣੇ ਸੁਭਾ ਅਨੁਸਾਰ ਛੂਈ-ਮੂਈ ਦੇ ਪੌਦੇ ਦੇ ਕੋਲ ਬੈਠੀ ਸੀ ਕਿ ਬੜਾ ਮਾਮਾ ਬਹੁਤ ਹੀ ਤੇਜ਼ ਕਦਮੀਂ ਅੰਦਰ ਆਇਆ ਅਤੇ ਉਸਦਾ ਹੱਥ ਫੜ ਕੇ ਬੋਲਿਆ: “ਆ ਧੀਏ, ਆਪਣੇ ਅੱਬਾ ਨੂੰ ਮਿਲ।” ਅਤੇ ਲਗਪਗ ਘਸੀਟਦਿਆਂ ਹੋਇਆਂ ਉਸਨੂੰ ਬੈਠਕ ਵਿਚ ਲੈ ਆਇਆ। ਬਰਾਮਦੇ ਵਿਚ ਬੈਠਾ ਛੋਟਾ ਮਾਮਾ ਤਿਲਮਿਲਾ ਕੇ ਰਹਿ ਗਿਆ।

ਉਸ ਦਿਨ ਜਦੋਂ ਕਿ ਉਸਨੂੰ ਇਸ ਸੰਸਾਰ ਵਿਚ ਆਇਆਂ ਅੱਠ ਸਾਲ ਹੋ ਗਏ ਸਨ ਉਹ ਪਹਿਲੀ ਬਾਰ ਆਪਣੇ ਪਿਤਾ ਨੂੰ ਮਿਲੀ ਸੀ। ਸ਼ਫੀਕ ਮਿਰਜ਼ਾ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਉਸ ਦੀ ਧੀ, ਉਸ ਦੀ ਇਕਲੌਤੀ ਸੰਤਾਨ, ਜਿਸ ਨੂੰ ਵੇਖਣ ਲਈ ਉਹ ਹੁਣ ਤਕ ਤੜਪਦਾ ਰਿਹਾ ਸੀ, ਸੱਚਮੁੱਚ ਹੀ ਉਸ ਦੇ ਕੋਲ ਬੈਠੀ ਸੀ। ਉਸਦੀਆਂ ਅੱਖਾਂ ਵਿਚ ਸੁਕੱੇ ਹੋਏ ਹੰਝੂ ਚੁੱਭ ਰਹੇ ਸਨ। ਸੰਘ ਸੁੱਕ ਰਿਹਾ ਸੀ। ਥੋੜਾ ਚਿਰ ਤਾਂ ਉਹ ਕੇਵਲ ਉਸ ਦੇ ਸਿਰ ਉਤੇ ਹੱਥ ਫੇਰਦਾ ਰਿਹਾ। ਉਸਨੂੰ ਅਨੁਭਵ ਹੋਇਆ ਜਿਵੇਂ ਉਸਦੀਆਂ ਉਂਗਲੀਆਂ ਨੂੰ ਕਾਂਬਾ ਛਿੜਿਆ ਹੋਵੇ। ਫਿਰ ਜਦੋਂ ਬੋਲਣਾ ਆਰੰਭਿਆ ਤਾਂ ਉਸ ਦੀ ਆਵਾਜ਼ ਸੰਘ ਵਿਚ ਫੱਸ ਰਹੀ ਸੀ। ਉਹ ਸਰਕ ਕੇ ਉਸਦੇ ਹੋਰ ਨੇੜੇ ਹੋ ਕੇ ਬਹਿ ਗਈ ਅਤੇ ਆਪਣਾ ਸਿਰ ਉਸਦੀ ਬਾਂਹ ਉਤੇ ਲਟਕਾ ਦਿੱਤਾ। ਜਿਵੇਂ ਉਸਨੇ ਮਹਿਸੂਸ ਕਰ ਲਿਆ ਹੋਵੇ ਕਿ ਇਸ ਵੇਲੇ ਉਸਦੇ ਅੱਬਾ ਨੂੰ ਉਸਦੇ ਸਹਾਰੇ ਦੀ ਬੇਹੱਦ ਲੋੜ ਹੋਵੇ। ਸ਼ਾਇਦ ਇਸ ਲਈ ਕਿ ਖੂੰਨ ਪਾਣੀ ਨਾਲੋਂ ਜ਼ਿਆਦਾ ਗਾੜ੍ਹਾ ਹੁੰਦਾ ਹੈ।

“ਧੀਏ! ਤੁੰ ਕੁਝ ਪੜ੍ਹਦੀ ਲਿਖਦੀ ਏਂ?” ਅੱਬਾ ਨੇ ਬੜੀ ਕਠਿਨਾਈ ਨਾਲ ਬੋਲਣ ਦੀ ਕੋਸ਼ਿਸ਼ ਕੀਤੀ।

“ਮੌਲਵੀ ਸਾਹਿਬ ਪੜ੍ਹਾਉਣ ਆਉਂਦੇ ਨੇ। ਮੈਂਨੂੰ ਅਤੇ ਰੌਸ਼ਨੀ ਨੂੰ ਕੁਰਾਨ ਸ਼ਰੀਫ਼ ਅਤੇ ਉਰਦੂ ਪੜ੍ਹਾਂਦੇ ਹਨ। ਰੌਸ਼ਨੀ ਤਾਂ ਕੁਰਾਨ ਸ਼ਰੀਫ ਸਮਾਪਤ ਕਰ ਚੁੱਕੀਏ।”

“ਤੂੰ ਕਿੰਨਾ ਕੁ ਪੜ੍ਹਿਆ ਏ?”

“ਮੈਂ ਜ਼ਿਆਦਾ ਨਹੀਂ ਪੜ੍ਹਿਆ।” ਫਿਰ ਥੋੜੀ ਦੇਰ ਰੁੱਕ ਕੇ ਬੋਲੀ: “ਮੈਂਨੂੰ ਯਾਦ ਹੀ ਨਹੀਂ ਹੁੰਦਾ। ਕਿਉਂ ਜੋ ਸਮਝ ਵਿਚ ਹੀ ਨਹੀਂ ਆਉਂਦਾ, ਇਸ ਲਈ।” 

“ਉਰਦੂ ਕਿੰਨੀ ਪੜ੍ਹੀ ਏ?”

“ਉਰਦੂ ਦੀਆਂ ਸਾਰੀਆਂ ਕਿਤਾਬਾਂ ਮੈਂ ਪੜ੍ਹ ਲੈਂਦੀ ਹਾਂ।ਲਿਖਣਾ ਵੀ ਆਉਂਦਾ ਏ। ਬਹੁਤ ਸਾਰੀਆਂ ਨਜ਼ਮਾਂ (ਕਵਿਤਾਵਾਂ) ਵੀ ਯਾਦ ਨੇ।”

“ਤਾਂ ਮੈਂਨੂੰ ਵੀ ਕੋਈ ਨਜ਼ਮ ਸੁਣਾ।”

“ਲਬ ਪੇ ਆਤੀ ਹੈ ਦੁਆ ਬਨਕੇ ਤਮੰਨਾ ਮੇਰੀ——।” ਅਤੇ ਉਸਨੇ ਪੂਰੀ ਨਜ਼ਮ ਸੁਣਾ ਦਿੱਤੀ।

ਪਿਉ ਦੇ ਮੂੰਹੋਂ ਆਪਣੀ ਉਪਮਾ ਸੁੱਣ ਕੇ ਉਹ ਖੁਸ਼ ਹੋ ਕੇ ਦੱਸਣ ਲੱਗੀ ਕਿ ਉਸਨੂੰ ਹੋਰ ਕਿਹੜੀਆਂ ਕਿਹੜੀਆਂ ਨਜ਼ਮਾਂ ਯਾਦ ਨੇ। ਅੱਬਾ ਦਿਲਚਸਪੀ ਨਾਲ ਧੀ ਦੀਆਂ ਗੱਲਾਂ ਸੁਣ ਰਿਹਾ ਸੀ ਕਿ ਉਸ ਨੇ ਵੇਖਿਆ ਕਿ ਨਾਨਾ ਵੀ ਤਸਬੀ (ਮਾਲਾ) ਹੱਥ ਵਿਚ ਲਈ ਨਜ਼ਰਾਂ ਝੁਕਾਈ ਬੈਠਕ ਵਿਚ ਦਾਖ਼ਲ ਹੋਇਆ ਅਤੇ ਜਾ ਕੇ ਆਪਣੀ ਆਰਾਮ ਕੁਰਸੀ ਉਤੇ ਬੈੱਠ ਗਿਆ। ਮੁਹੱਲੇ ਦੀ ਮਸਜਦ ਵਿਚ ਨਾਨਾ “ਅਸਰ” ਦੀ ਨਮਾਜ਼ ਪੜ੍ਹਨ ਜਾਂਦਾ ਤਾਂ ਫਿਰ “ਮਗ਼ਰਬ” ਦੀ ਨਮਾਜ਼ ਪੜ੍ਹ ਕੇ ਹੀ ਮੁੜਦਾ ਸੀ। ਅਸਰ ਅਤੇ ਮਗ਼ਰਬ ਵਿਚਕਾਰ ਵਜ਼ੀਫ਼ਾ ਪੜ੍ਹਦਾ ਰਹਿੰਦਾ ਅਤੇ ਕਿਸੇ ਨਾਲ ਵੀ ਗੱਲ ਨਾ ਕਰਦਾ। ਇਸ ਲਈ ਹੀ ਬੜੇ ਮਾਮੇ ਨੇ ਸ਼ਫੀਕ ਮਿਰਜ਼ਾ ਨੂੰ ਘਰ ਬੁਲਾਉਣ ਲਈ ਇਹ ਸਮਾਂ ਚੁਣਿਆ ਸੀ। ਇਸ ਦਿਨ ਨਾਨੇ ਦੀ ਤਬੀਅਤ ਖਰਾਬ ਸੀ ਇਸ ਲਈ ਆਰਾਮ ਕਰਨ ਘਰ ਆ ਗਿਆ। ਬੈਠਕ ਵਿਚ ਦਾਖ਼ਲ ਹੁੰਦਿਆਂ ਉਸ ਨੇ ਨਹੀਂ ਸੀ ਵੇਖਿਆ ਕਿ ਕੌਣ ਬੈਠਾ ਹੈ ਪਰ ਰੂਹੀ ਦੀ ਆਵਾਜ਼ ਸੁਣ ਕੇ ਉਸਨੇ ਵੇਖਿਆ। ਸ਼ਫੀਕ ਮਿਰਜ਼ਾ ਉਸਨੂੰ ਵੇਖ ਕੇ ਘਬਰਾ ਗਿਆ ਅਤੇ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ। ਰੂਹੀ ਨੂੰ ਇਹ ਫ਼ਿਕਰ ਸੀ ਕਿ ਕਿਤੇ ਉਸਦਾ ਅੱਬਾ ਚਲਿਆ ਨਾ ਜਾਵੇ, ਇਸ ਲਈ ਉਹ ਲਗਾਤਾਰ ਬੋਲੀ ਜਾ ਰਹੀ ਸੀ। ਨਾਨੇ ਨੇ ਉਸ ਵਲਾਂ ਦੇਖ ਕੇ ਤੁਰੰਤ ਹੀ ਨਜ਼ਰਾਂ ਫੇਰ ਲਈਆਂ। ਪਰ ਉਸਦੇ ਚਿਹਰੇ ਦਾ ਹਾਵ-ਭਾਵ ਵੇਖ ਕੇ ਸ਼ਫੀਕ ਮਿਰਜ਼ਾ ਨੂੰ ਡਰ ਮਹਿਸੂਸ ਹੋਇਆ ਕਿ ਕਿਤੇ ਇਕ ਹੋਰ ਖੂੰਨ ਉਸਦੀ ਗਰਦਨ ਤੇ ਨਾ ਪੈ ਜਾਏ। ਇਸ ਲਈ ਉਹ ਜਲਦੀ ਨਾਲ ਉੱਠ ਖੜਾ ਹੋਇਆ। ਦਰਵਾਜ਼ੇ ਤਕ ਪੁੱਜਿਆ ਹੀ ਸੀ ਕਿ ਪਿੱਛੋਂ ਪੈਣ ਵਾਲੀ ਆਵਾਜ਼ ਨੇ ਉਸਦੇ ਪੈਰ ਜਕੜ ਦਿੱਤੇ: “ਅੱਬਾ! ਹੁਣ ਤੁਸੀਂ ਕਦੋਂ ਆਵੋਗੇ?”

ਪਿੱਛੇ ਮੁੜ ਕੇ ਵੇਖਿਆ। ਉਸਦੀ ਧੀ, ਕਿੰਨੀ ਆਸ ਅਤੇ ਪਿਆਰ ਨਾਲ ਟੇਢੀ ਗਰਦਨ ਕਰਕੇ ਜਵਾਬ ਦੀ ਉਡੀਕ ਵਿਚ ਉਸ ਵਲਾਂ ਦੇਖ ਰਹੀ ਸੀ। ਪਰ ਉਸ ਨੂੰ ਜਵਾਬ ਦੇਣ ਦਾ ਹੱਕ ਨਹੀਂ ਸੀ। ਉਸਨੇ ਬੜੇ ਮਾਮੇ ਵਲਾਂ ਦੇਖਿਆ ਜਿਹੜਾ ਨਾਨੇ ਵਲਾਂ ਦੇਖ ਰਿਹਾ ਸੀ। ਨਾਨਾ ਜਿਹੜਾ ਇੰਨੇ ਚਿਰ ਤੋਂ ਅੰਦਰਲੀ ਕਸ਼ਮਕਸ਼ ਵਿਚ ਘਿਰਿਆ ਹੋਇਆ ਸੀ ਕਿ ਉਸਦੀ ਧੀ ਦੀ ਵਸੀਅਤ ਦੀ ਉਲੰਘਣਾ ਹੋ ਰਹੀ ਹੈ। ਹਸ਼ਰ ਦੇ ਦਿਨ ਉਹ ਉਸਨੂੰ ਕੀ ਜਵਾਬ ਦੇਵੇਗਾ। ਰੂਹੀ ਦੇ ਸੁਆਲ ਨਾਲ ਤ੍ਰਭਕ ਕੇ ਉਸਨੂੰ ਦੇਖਣ ਲੱਗਾ। ਉਸ ਦੀਆਂ ਅੱਖਾਂ ਵਿਚ ਪਿਉਂ ਨੂੰ ਮਿਲਣ ਦੀ ਚਾਹ ਨੂੰ ਤੜਪਦਿਆਂ ਦੇਖ ਕੇ, ਉਸਨੂੰ ਹਸ਼ਰ ਦੇ ਦਿਨ, ਧੀ ਨੂੰ ਦੇਣ ਲਈ ਜਵਾਬ ਮਿਲ ਗਿਆ। ਜਿਸ ਨਿੱਕੀ ਜਿਹੀ ਜਾਨ ਦੇ ਸਿਰ ਤੋਂ ਮਾਂ ਦੀ ਨਿੱਘੀ ਛਾਂ ਖੁੱਸ ਗਈ ਹੋਵੇ, ਉਸ ਨੂੰ ਪਿਉ ਦੇ ਪਿਆਰ ਤੋਂ ਵਾਂਝਿਆਂ ਰੱਖਣਾ ਪਾਪ ਹੈ। ਉਸ ਨੇ ਜਵਾਈ ਨੂੰ ਬੈਠਣ ਦਾ ਸੰਕੇਤ ਕੀਤਾ ਅਤੇ ਉਸਦੇ ਚਿਹਰੇ ਉਤੇ ਮੁਸਕਾਨ ਆਉਂਦਿਆਂ ਹੀ ਕਮਰੇ ਦੀ ਫਿਜ਼ਾ ਵਿਚ ਵੀ ਮੁਸਕਰਾਹਟਾਂ ਬਿੱਖਰ ਗਈਆਂ।

***

(ਪੰਜਾਬੀ ਰੂਪ: ਡਾ: ਗੁਰਦਿਆਲ ਸਿੰਘ ਰਾਏ)
(ਲਿਖਾਰੀ 1996)

 

 

About the author

ਅਤੀਆ ਕਾਨ
ਅਤੀਆ ਖਾਨ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ