1. ਮਾਂ ਮੇਰੀ ਦੀਆਂ ਪੈੜਾਂ
ਦੁੱਖਾਂ ਦੀ ਜਦ ਝੁੱਲੇ ਹਨ੍ਹੇਰੀ ,
ਮੈਨੂੰ ਦੇਂਦੀ ਹੱਲਾਸ਼ੇਰੀ।
ਹਾਲਾਤ ਖ਼ਿਲਾਫ਼ ਜੇ ਤੇਰੇ ਪੁੱਤਰਾਂ,
ਮਾਂ ਤੇਰੀ ਤਾਂ ਕੱਲੀ ਬਥੇਰੀ।
ਸਾਰੀ ਜ਼ਿੰਦਗੀ ਰੜਕਣੀਆਂ ਨੇ ,
ਮਾਣੀਆਂ ਮੌਜਾਂ ਤੇਰੀ ਛਾਂ ਦੀਆਂ।
ਉਹ ਮਿੱਟੀ ਮੇਰੇ ਲਈ ਸੋਨਾ- ਚਾਂਦੀ ,
ਜਿੱਥੇ ਲੱਗੀਆਂ ਪੈੜਾਂ ਮੇਰੀ ਮਾਂ ਦੀਆਂ।
ਆਪ ਫਟੇ ਪੁਰਾਣੇ ਪਾ ਸੂਟ ਲੈਦੀ,
ਮੇਰੇ ਲਈ ਨਵੇਂ ਸੀ ਬੂਟ ਲੈਂਦੀ।
ਆਪ ਰੁੱਖੀਆਂ- ਮਿੱਸੀਆਂ ਖਾ ਲੈਂਦੀ ਏ,
ਪਰ ਮੇਰੇ ਲਈ ਫਲ-ਫਰੂਟ ਲੈਂਦੀ,
ਮੇਰੇ ਹੱਥੋਂ ਜੇ ੳਹ ਬੁਰਕੀ ਖੋਂਹਦਾ,
ਭੰਨ ਚੁੰਝਾਂ ਦਿੰਦੀ ਕਾਂ ਦੀਆਂ।
ਉਹ ਮਿੱਟੀ ਮੇਰੇ ਲਈ ਸੋਨਾ-ਚਾਂਦੀ,
ਜਿੱਥੇ ਲੱਗੀਆਂ ਪੈੜਾਂ ਮੇਰੀ ਮਾਂ ਦੀਆਂ।
ਤੇਰੇ ਨਾਲ ਸ਼ਹਿਜ਼ਾਦੀ ਜ਼ਿੰਦਗੀ,
ਤੇਰੇ ਬਿਨ ਬੇ -ਸੁਆਦੀ ਜ਼ਿੰਦਗੀ।
ਇੱਕ ਤੇਰੇ ਨਾਲ ਹੀ ਹਾਸੇ ਖੇਡਾਂ,
ਮਾਂ ਤੇਰੀ ਹੋ ਗਈ ਆਦੀ ਜ਼ਿੰਦਗੀ।
ਸਭ ਨੂੰ ਪਤਾ ਫਿਰ ਮੈਂ ਝੂਠ ਨਾ ਬੋਲਾਂ,
ਤਾਂ ਹੀ ਲੋਕ ਸੌਹਾਂ ਪਾਉਂਦੇ ਤੇਰੇ ਨਾਂ ਦੀਆਂ।
ਉਹ ਮਿੱਟੀ ਮੇਰੇ ਲਈ ਸੋਨਾ-ਚਾਂਦੀ,
ਜਿੱਥੇ ਲੱਗੀਆਂ ਪੈੜਾਂ ਮੇਰੀ ਮਾਂ ਦੀਆਂ।
2. ਭੈਣ ਮੇਰੀ
ਬੁਰੇ ਵਕਤ ਨਾਲ ਲੜੂਗੀ ਜ਼ਰੂਰ,
ਮੇਰੀ ਭੈਣ ਮੇਰੇ ਨਾਲ ਖੜੂਗੀ ਜ਼ਰੂਰ।
ਜਦ ਮੇਰੇ ਤੇ ਤੰਗੀ ਆਉਣ ,
ਅੱਖ ਮੇਰੇ ਲਈ ਭਰੂਗੀ ਜ਼ਰੂਰ।
ਦੁੱਖਾਂ ਦਾ ਸੂਰਜ ਜਦ ਸਿਰ ਤੇ ਹੋਇਆ,
ਬੱਦਲ ਬਣ ਕੇ ਚੜੂਗੀ ਜ਼ਰੂਰ।
ਇੱਕ ਤੇ ਇੱਕ ਗਿਆਰਾਂ ਹੁੰਦੇ,
ਸਿੱਧੀ ਕਿਸਮਤ ਨੂੰ ਕਰ ਲੈਣਾ।
ਸੁਰਮੇ ਵਾਂਗੂੰ ਰਹਿਣ ਅੱਖਾਂ ਦੇ,
ਰੱਬਾ ਨੇੜੇ ਸਕੀਆਂ ਭੈਣਾਂ।
ਇੱਕ ਦੂਜੀ ਦਾ ਫ਼ਿਕਰ ਕਰਦੀਆਂ ,
ਗਲ ਗਲ ਦੇ ਵਿੱਚ ਜ਼ਿਕਰ ਕਰਦੀਆਂ ।
ਸਾਰਾ ਦਿਨ ਭਾਵੇਂ ਰਹਿਣ ਲੜਦੀਆਂ ,
ਪਰ ਇੱਕ ਦੂਜੀ ਲਈ ਜਾਣ ਮਰਦੀਆਂ ।
ਮਾਂ ਨੂੰ ਸੌ – ਸੌ ਸੁੱਖ ਇਨ੍ਹਾਂ ਦਾ,
ਭੱਜ ਭੱਜ ਘਰ ਦੇ ਕੰਮ ਕਰਦੀਆਂ।
ਬੇਸ਼ੱਕ ਟੀਵੀ ਦੇ ਰਿਮੋਟ ਪਿੱਛੇ,
ਲੜ ਪੈਂਦੀਆਂ ਸਦਾ ਸ਼ੁਦੈਣਾ।
ਸੁਰਮੇ ਵਾਂਗੂੰ ਰਹਿਣ ਅੱਖਾਂ ਦੇ ,
ਰੱਬਾ ਨੇਡ਼ੇ ਸਕੀਆਂ ਭੈਣਾਂ।
ਸਦਾ ਵੀਰਾ ਵੀਰਾ ਕਰਦੀਆਂ ਨੇ,
ਪਰ ਮਾਂ ਦੀ ਚਲਦੀ ਵਾਹ ਨਾ ਕੋਈ।
ਇਨ੍ਹਾਂ ਨਿੱਕੀਆਂ ਨਿੱਕੀਆਂ ਚਿੜੀਆਂ ਦਾ,
ਰੱਬ ਨੇ ਦਿੱਤਾ ਭਰਾ ਨਾ ਕੋਈ।
ਇਨ੍ਹਾਂ ਜਿੱਦਣ ਛੱਡਣਾ ਘਰ ਬਾਬਲ ਦਾ,
ਬੜਾ ਕਹਿਰ ਦਿਲਾਂ ਤੇ ਢਹਿਣਾ।
ਸੁਰਮੇ ਵਾਂਗੂੰ ਰਹਿਣ ਅੱਖਾਂ ਦੇ,
ਰੱਬਾ ਨੇੜੇ ਸਕੀਆਂ ਭੈਣਾਂ।
3. ਡਾਲਰ
ਕਿੰਨੇ ਬਣ ਜਾਂਦੇ ਨੇ ਮਹੀਨੇ ਅੰਦਰ,
ਸਾਰੇ ਪੁੱਛਦੇ ਨੇ ਪਰਦੇਸੀਆਂ ਤੋ।
ਕੋਈ ਦੁੱਖ ਨਾ ਪੁੱਛਦਾ ਉਨ੍ਹਾਂ ਦੇ,
ਕਿੰਨੀਆਂ ਮੁਸ਼ਕਲਾਂ ਦੇ ਨਾਲ ਲੜਦੇ ਨੇ।
ਇਕ ਮੁਲਕ ਵੀ ਚੰਦਰਾ ਓਪਰਾ ਏ,
ਦੂਜਾ ਦੂਰ ਉਨ੍ਹਾਂ ਤੋਂ ਘਰਦੇ ਨੇ।
ਤੜਕੇ ਹੀ ਘਰੋਂ ਨਿਕਲ ਜਾਂਦੇ,
ਫਿਰ ਹਨ੍ਹੇਰੇ ਦੇ ਨਾਲ ਮੁੜਦੇ ਨੇ।
ਆਪਣਾ ਆਪ ਤੋੜਨਾ ਪੈਂਦਾ ਏ ,
ਫੇਰ ਜਾ ਕੇ ਡਾਲਰ ਜੁੜਦੇ ਨੇ।
ਰੋਟੀ ਕਮਾਉਣ ਦੇ ਚੱਕਰਾਂ ਵਿੱਚ ,
ਅਸੀਂ ਭੁੱਖੇ ਵੀ ਸੌਂ ਜਾਂਦੇ ਆ।
ਅਸੀਂ ਸੁਫਨਿਆਂ ਦੇ ਵਿੱਚ ਮਾਵਾਂ ਹੱਥੋਂ,
ਮੱਕੀ ਦੀਆਂ ਰੋਟੀਆਂ ਖਾਂਦੇ ਹਾਂ।
ਅਸੀਂ ਹੱਥੀਂ ਆਟਾ ਗੁੰਨ੍ਹਦੇ ਹਾਂ,
ਵਿੱਚ ਹੰਝੂ ਸਾਡੇ ਕਿਰਦੇ ਨੇ।
ਜਦ ਅੰਬਰੀਂ ਦਿਸੇ ਜਹਾਜ਼ ਸਾਨੂੰ ,
ਪਿੰਡ ਜਾਣ ਦੇ ਫੁੱਲ ਫਿਰ ਖਿੜਦੇ ਨੇ ।
ਉਹ ਆਉਂਦਾ ਕੱਲ੍ਹ ਸੰਵਾਰਨ ਲਈ ,
ਅੱਜ ਬਰਫ ਦੇ ਵਾਂਗੂੰ ਖੁਰਦੇ ਨੇ।
ਆਪਣਾ ਆਪ ਤੋੜਨਾ ਪੈਂਦਾ ਏ ,
ਫਿਰ ਜਾ ਕੇ ਡਾਲਰ ਜੁੜਦੇ ਨੇ।
***
ਪਤਾ – ਖਾਨਪੁਰ ਸਹੋਤਾ ਹੁਸ਼ਿਆਰਪੁਰ
ਮੋਬਾਇਲ ਨੰਬਰ -9779179060 |