22 July 2024

ਮੈਂ ਪੰਜਾਬ ਬੋਲਦਾਂ!! — ਅਮਰਜੀਤ ਬੱਬਰੀ, ਮੋਗਾ (ਪੰਜਾਬ)

ਨੋਟ: ਅਮਰਜੀਤ ਬੱਬਰੀ, ਮੋਗਾ ਦੀ ਇਹ ਰਚਨਾ ਪਹਿਲੀ ਵਾਰ 2006 ਨੂੰ ਲਿਖਾਰੀ ਵੈਬਸਾਈਟ ਉਪਰ ਛਪੀ ਸੀ। ਅੱਜ ਮੁੜਕੇ ਫਿਰ ‘ਲਿਖਾਰੀ’ ਦੇ ਸਹਿਯੋਗੀ ਕੰਵਰ ਬਰਾੜ ਦੇ ਉੱਦਮ ਸਦਕਾ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ। —ਲਿਖਾਰੀ

ਮੈਂ ਪੰਜਾਬ ਬੋਲਦਾਂ!! — ਅਮਰਜੀਤ ਬੱਬਰੀ, ਮੋਗਾ (ਪੰਜਾਬ)

ਮੈ ਪੰਜਾਬ ਹਾਂ, ਮੈਨੂੰ ਕਦੇ ਪੰਜ ਦਰਿਆਵਾਂ ਦੀ ਧਰਤੀ ਹੋਣ ਦਾ ਮਾਣ ਸੀ ਪਰ ਵਿਦੇਸ਼ੀ ਬਦਨੀਤੀ ਦਾ ਸਿ਼ਕਾਰ ਹੋਣ ਕਾਰਨ ਮੈ ਢਾਈ ਦਰਿਆਵਾਂ ਦਾ ਪੰਜਾਬ ਰਹਿ ਗਿਆ। ਬਾਅਦ ਵਿਚ ਮੇਰੇ ਹੀ ਪੁਤੱਰਾਂ ਮੇਰੀ ਦੁਰਗੱਤੀ ਕਰਨ ਵਿਚ ਕੋਈ ਕਸਰ ਨਹੀ ਛੱਡੀ ਤੇ ਚੀਚੀ ਤੇ ਲੱਹੂ ਲਾਕੇ ਆਪਣੇ ਆਪ ਨੂੰ ਸ਼ਹੀਦ ਕਹਾਉਣ ਵਾਲੇ ਅਖੌਤੀ ਸਿਆਸੀ ਤੇ ਧਾਰਮਿਕ ਆਗੂਆਂ ਨੇ ਆਪਣੇ ਨਿੱਜੀ ਮੁਫਾਦਾਂ ਕਾਰਨ ਮੈਨੂੰ 1966 ਵਿਚ ਫਿਰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ ਤੇ ਹੁਣ ਮੇਰਾ ਆਕਾਰ ਸਿਰਫ ਚਿੜ੍ਹੀ ਦੇ ਪਾੳੋਚੇ ਜਿਨਾ ਰਹਿ ਗਿਆ ਹੈ।

ਮੈਨੂੰ ਆਪਣੇ ਪ੍ਰਚੀਨਤਾ ਤੇ ਪੂਰਾ ਮਾਣ ਸੀ ਤੇ ਮੇਰੀਆਂ ਭੂਗੋਲਿਕ ਹੱਦਾਂ ਦੋ ਪ੍ਰਸਿਧ ਦਰਿਆਵਾ ਨਾਲ ਬਣੀਆਂ ਚਲੀਆਂ ਆਉਦੀਆ ਸਨ। ਲਹਿੰਦੇ ਵੱਲ ਸਿੰਧ ਦਰਿਆ ਤੇ ਚੜ੍ਹਦੇ ਵੱਲ ਜਮਨਾ । ਇਨ੍ਹਾਂ ਦੋਹਾਂ ਦੇ ਵਿਚਕਾਰ ਜਿਹਲਮ, ਝਨਾਂ, ਰਾਵੀ ਬਿਆਸ, ਤੇ ਸਤਲੁਜ। ਇਸ ਤਰ੍ਹਾਂ ਸੱਤ ਦਰਿਆਵਾਂ ਕਾਰਨ ਮੇਰਾ ਨਾਮ ਸਪਤ ਸਿੰਧੂ ਪਿਆ। ਚੜ੍ਹਦੇ ਵੱਲੋ ਸਤਲੁਜ ਤੇ ਬਿਆਸ ਰਲਕੇ ਅਤੇ ਉਤੱਰ –ਲਹਿੰਦ ੇਵੱਲੋ ਜਿਹਲਮ ਝਨਾਂ ਤੇ ਰਾਵੀ ਇਕ ਹੋਕੇ ਸ਼ਹਿਰ ਉੱਚੱ ਦੇ ਉਤੱਰ ਵੱਲ ਖੈਰਪੁਰੋ ਲਹਿੰਦੇ ਵੱਲ ਇਕ ਥਾਂ ਇਕੱਠੇ ਹੋ ਜਾਦੇ ਸਨ ਤੇ ਇਸੇ ਕਰਕੇ ਮੇਰਾ ਨਾਂ ਪੰਚ –ਨਾਦ ਪੈ ਗਿਆ। ਮੁਸਲਮਾਨਾਂ ਦੇ ਇੱਥੇ ਆਉਣ ਨਾਲ ਮੇਰਾ ਨਾਮ ਪੰਚ ਨਾਦ ਤੋ ਬਦਲ ਪੰਜਾਬ ਪੈ ਗਿਆ ਪੰਜਾਬ (ਪੰਜ+ਆਬ )ਯਾਨੀ ਪੰਜ ਦਰਿਆਵਾਂ ਦੀ ਧਰਤੀ। ਕੋਈ ਸਮਾ ਸੀ ਜਦ ਮੇਰੇ ਉਤੱਰ ਵਾਲੇ ਪਾਸੇ ਹਿਮਾਲਾ ਪਰਬਤ ਲਹਿੰਦੇ ਪਾਸੇ ਸਿੰਧ ਦਰਿਆ ਦੱਖਣ ਵਿਚ ਰਾਜਪੁਤਾਨਾ ਤੇ ਚੜ੍ਹਦੇ ਪਾਸੇ ਜਮਨਾ ਨਦੀ ਹੁੰਦੀ ਸੀ। ਪਰ ਅਫਸੋਸ ਅੱਜ ਮੈ ਇਨ੍ਹਾਂ ਸਾਰਿਆਂ ਤੋਂ ਕੋਹਾਂ ਦੂਰ ਹੋ ਗਿਆ ਹਾਂ ਏਥੋ ਤੱਕ ਕਿ ਰਮਣੀਕ ਪਹਾੜੀਆਂ ਵਾਲੇ ਸਿ਼ਵਾਲਿਕ ਦੇ ਰਿਆਸਤੀ ਇਲਾਕੇ ਨੂੰ ਮੇਰੇ ਨਾਲੋਂ, ਵੱਖ ਕਰਕੇ ਹਿਮਾਚਲ ਪ੍ਰਦੇਸ ਦਾ ਨਾਂ ਦੇ ਦਿੱਤਾ ਹੈ। ਸਦੀਆਂ ਤੋ ਮੈ ਸਮਾਜਿਕ, ਰਾਜਨੀਤਕ ਤੇ ਧਾਰਮਿਕ ਉਥੱਲ ਪੁਥੱਲ ਦਾ ਸਿ਼ਕਾਰ ਰਿਹਾ ਹਾਂ। ਮੇਰੇ ਪੁੱਤ ਪੋਤੇ ਹਮੇਸ਼ਾਂ ਮਾਰ ਧਾੜ ਦਾ ਸਿ਼ਕਾਰ ਹੁੰਦੇ ਰਹੇ ਹਨ, ਪਰ ਜੇ ਕਿਸੇ ਨੇ ਅਹਿਮਦ ਸ਼ਾਹ ਅਬਦਾਲੀ ਜਾਂ ਮਹਿਮੂਦ ਗਜਨਵੀ ਵਰਗੇ ਦਾ ਨੱਕ ਭਨਿੰਆ ਹੈ ਤਾਂ ਉਹ ਮੇਰੀ ਹੀ ਔਲਾਦ ਸੀ। ਜਰਵਾਣੇ ਨੂੰ ਸਬਕ ਸਿਖਾਉਣਾ ਮੇਰਾ ਧਰਮ ਰਿਹਾ ਹੈ। ਬਾਹਰਲਾ ਹਮਲਾਵਰ ਜੋ ਵੀ ਦਿੱਲੀ ਪਹੁੰਚਿਆ, ਉਸਨੂੰ ਮੇਰੀ ਔਲਾਦ ਨੇ ਹੀ ਦਿੱਲੀ ਜਾਦੇ ਸਮੇ ਜਾਂ ਦਿੱਲੀੳ ਵਾਪਸ ਆਉਦੇ ਸਮੇਂ ਲਲਕਾਰਿਆ ਹੈ ਤੇ ਚਨੇ ਚਬਾਏ ਹਨ। ਜਿਸਨੇ ਵੀ ਜ਼ੁਲਮ ਜਾਂ ਬੇਇਨਸਾਫੀ ਨਾਲ ਟੱਕਰ ਲਈ ਹੈ ਉਸ ਦੀਆਂ ਰਗਾਂ ਵਿਚ ਮੇਰਾ ਹੀ ਖੂਨ ਤੇ ਪਾਣੀ ਦੌੜਦਾ ਰਿਹਾ ਹੈ। ਮੈਨੂੰ ਅਫਸੋਸ ਹੈ ਕਿ ਅੱਜ ਮੇਰੀ ਔਲਾਦ ਪੁਰਾਣੀਆ ਮਰਿਯਾਦਾਵਾ ਤੇ ਪਹਿਰਾ ਨਹੀ ਦੇ ਰਹੀ, ਮੇਰੇ ਸਿਆਸੀ ਆਗੂ ਸੰਤਾਂ ਵਾਲੇ ਮਖੌਟੇ ਪਾਕੇ ਅੰਦਰੋ ਅਹਿਮਦਸ਼ਾਹ ਅਬਦਾਲੀ ਬਣੇ ਬੈਠੇ ਹਨ ਉਹ ਉਪਰੋ ਮਹਾਰਾਜ ਪਰਮਹੰਸ ਤੇ ਅਦੰਰੋ ਮਹਿਮੂਦ ਗਜਨਵੀ ਦੀ ਔਲਾਦ ਬਣ ਗਏ ਹਨ। ਆਪਣੇ ਹੀ ਅਦੰਰ ਵਸਦੇ ਇਨ੍ਹਾਂ ਮਹਿਮੂਦ ਗਜਨਵੀਆਂ ਤੇ ਅਹਿਮਦ ਸ਼ਾਹ ਅਬਦਾਲੀਆਂ ਦਾ ਮੈ ਕੀ ਕਰਾਂ ਜੋ ਰਾਜ ਭਾਗ ਮਾਣਦੇ ਹੋਏ ਮੈਨੂੰ ਹੀ ਅੱਖਾਂ ਵਿਖਾਉਦੇ ਹਨ। ‘ਕੀਤੀਆਂ ਦੁੱਲੇ ਦੀਆਂ ਪੇਸ਼ ਲੱਧੀ ਦੇ ਆਈਆਂ’ ਅਨੁਸਾਰ ਇਨ੍ਹਾਂ ਦੀ ਕੀਤੀ ਕਰਾਈ ਸਦਕਾ ਹੀ ਮੇਰਾ ਆਕਾਰ ਇਨਾਂ ਛੌਟਾ ਹੋਇਆ ਹੈ। ਕਦੇ ਮੈਨੂੰ ਪਾਕਿਸਤਾਨੀ ਪੰਜਾਬ ਤੇ ਕਦੇ ਮੈਨੂੰ ਹਿੰਦੋਸਤਾਨੀ ਪੰਜਾਬ ਕਿਹਾ ਜਾਦਾ ਹੈ। ਇਸ ਗੱਲ ਨਾਲ ਮੈਨੂੰ ਦਿਲੋਂ ਨਫ਼ਰਤ ਹੈ, ਮੈ ਸੱਚ ਮਨਿਉ ਸਿਰਫ਼ ਤੇ ਸਿਰਫ਼ ਪੰਜਾਬ ਹੀ ਰਹਿਣਾ ਚਾਹੁਦਾ ਹਾਂ।

ਮਹਿੰਜੋਦਾੜੋ ਤੇ ਹੜ੍ਹਪਾ ਦੀਆਂ ਸਭਿਆਤਾਵਾਂ ਤੋ ਸਾਬਤ ਹੂੰਦਾ ਹੈ ਕਿ ਕਦੇ ਮੇਰੇ ਅੰਦਰ ਸੋਹਜ ਤੇ ਸੁਹੱਪਣ ਦੇ ਦਰਿਆ ਵਗਦੇ ਸਨ। ਗਊ ਗਰੀਬ ਦੀ ਰਾਖੀ ਲਈ ਮੇਰੀ ਔਲਾਦ ਸ਼ਹਾਦਤਾਂ ਦਿੰਦੀ ਰਹੀ ਹੈ। ਹਰੀ ਸਿੰਘ ਨਲੂਆ ਵਰਗੇ ਸਰਦਾਰਾਂ ਨੇ ਅਣੱਖ ਵਾਲੀ ਗੱਲ ਤੇ ਕਦੇ ਵੀ ਸਮਝੋਤਾ ਨਹੀ ਸੀ ਕੀਤਾ। ਗਰੀਬ ਦੀ ਰੱਖਿੱਆ ਲਈ ਮੈ ਖੁੱਦ ਆਪਣੇ ਸਿਰ ਤੇ ਕਣਕ ਦੀ ਬੋਰੀ ਚੁੱਕ ਕੇ ਉਸਦੇ ਘਰ ਪਹੁੰਚਾਈ ਹੈ। ਮੇਰੀ ਔਲਾਦ ਨੂੰ ਦੁਨੀਆਂ ਸ਼ੇਰਾਂ ਦਾ ਖਿਤਾਬ ਦਿੰਦੀ ਰਹੀ ਹੈ। ਅੱਜ ਮੇਰੀ ਹੀ ਔਲਾਦ ਦਾ ਲੱਹੂ ਚਿੱਟਾਂ ਹੌ ਗਿਆ ਹੈ। ਜਮੀਰ ਨਾਮ ਦੀ ਚੀਜ਼ ਖ਼ਤਮ ਹੌ ਗਈ ਹੈ। ਕਿਸੇ ਨੂੰ ਗਉ ਦੀ ਪ੍ਰਵਾਹ ਨਹੀ ਤੇ ਨਾਂ ਹੀ ਗਰੀਬ ਦੀ ਪ੍ਰਵਾਹ ਹੈ। ਗਊ ਗਰੀਬ ਦੀ ਥਾਂ ਪੁਤੱਰ ਭਾਈ ਭਤੀਜਿਆਂ ਤੇ ਪੈਸੇ ਦੀ ਰਖਿੱਆ ਹੋ ਰਹੀ ਹੈ। ਮੇਰਾ ਉਹ ਸਮਾਜ ਜ ੋਕਦੇ ਬੁਲੰਦੀ ਤੇ ਸੀ ਅੱਜ ਗਿਰਾਵਟ ਦੀਆਂ ਸਾਰੀਆਂ ਹੱਦਾਂ ਟਪੱਦਾ ਜਾ ਰਿਹਾ ਹੈ। ਕਦੇ ਮਿਹਨਤ ਮਜਦੂਰੀ ਤੇ ਹੱਕ ਸੱਚ ਦੀ ਕਮਾਈ ਵਰਗੇ ਗਹਿਣੇ ਮੈ ਆਪਣੀ ਔਲਾਦ ਨੂੰ ਬੜੇ ਚਾਅ ਨਾਲ ਵੰਡੇ ਸਨ ਪਰ ਅੱਜ ਉਹ ਸਾਰੇ ਗਿਹਣੇ ਵੇਚ ਕੇ ਮੇਰੇ ਪੁਤੱਰ ਹੱਥੀ ਮਿਹਨਤ ਕਰਨ ਦੀ ਥਾਂ ਹੱਥ ਤੇ ਹਥੱ ਮਾਰਦੇ ਫਿਰਦੇ ਹਨ। ਜਿਹੜੀ ਔਲਾਦ ਆਪਣੇ ਕੰਮ ਨਾਲੋਂ ਟੁੱਟ ਜਾਂਦੀ ਹੈ ਉਸਦਾ ਹਸ਼ਰ ਸਾਰਾ ਜੱਗ ਵੇਖਦਾ ਹੈ। ਅਸਲੀਅਤ ਇਹ ਹੈ ਕਿ ਹੁਣ ਮੈਨੂੰ ਵੀ ਆਪਣੇ ਨਾਮ ਤੋਂ ਨਫ਼ਰਤ ਹੋ ਗਈ ਹੈ। ਕਦੇ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੋਣ ਦਾ ਮੈਨੂੰ ਮਾਣ ਸੀ ਪਰ ਅੱਜ ਉਹ ਹੱਡੀ ਤਿੜਕਣੀ ਸੁਰੂ ਹੋ ਗਈ ਹੇ। ਖੇਤੀ ਪ੍ਰਧਾਨ ਹੋਣ ਦੇ ਬਾਵਜੂਦ ਵੀ ਮੇਰੇ ਕਿਸਾਨ ਪੁਤੱਰ ਖੁਦਕਸ਼ੀਆਂ ਦੇ ਰਾਹ ਤੁਰ ਪਏ ਹਨ। ‘ਦੱਬ ਕੇ ਵਾਹ ਤੇ ਰੱਜ ਕੇ ਖਾਹ’ ਕਹਿਣ ਵਾਲਾ ਕਿਸਾਨ ਅੱਜ ਨਸ਼ਿਆਂ ਦਾ ਗੁਲਾਮ ਹੋ ਗਿਆ ਹੈ ਤੇ ਖੁਦਕਸ਼ੀਆਂ ਦੇ ਰਾਹ ਤੁਰ ਪਿਆ ਹੈ। ਅੱਗੇ ਕਿਸਾਨ ਨੂੰ ਸਿਰਫ਼ ਵਿਆਜ਼ ਦਾ ਫਿਕਰ ਹੁੰਦਾ ਸੀ ਪਰ ਹੁਣ ਉਸਦੀ ਖੜ੍ਹੀ ਫਸਲ ਪਹਿਲਾਂ ਹੀ ਵਿੱਕ ਚੁੱਕੀ ਹੁੰਦੀ ਹੈ। ਬਾਦਸ਼ਾ਼ਹ ਕਹਾਉਣ ਵਾਲੇ ਮੇਰੇ ਪੁਤੱਰਾਂ ਦੇ ਹੱਥ ਵਿਚ ਹੁਣ ਸਿਰਫ ਠੁੱਠਾ ਰਹਿ ਗਿਆ ਹੈ। 

ਮੈਨੂੰ ਗੁਰੂਆਂ ਪੀਰਾਂ, ਫਕੀਰਾਂ, ਵਲੀਆਂ ਔਲੀਆ ਤੇ ਨਾਥਾਂ ਜੋਗੀਆਂ ਦੀ ਧਰਤੀ ਕਿਹਾ ਜਾਦਾ ਸੀ। ਮੇਰੀ ਹਿੱਕੜੀ ਤੇ ਹੀ ਵੇਦਾਂ ਦੀ ਰਚਨਾ ਹੋਈ, ਪਵਿਤੱਰ ਗੁਰੁ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਇੱਥੇ ਹੀ ਹੋਈ ਹੈ। ਬਾਬਾ ਫਰੀਦ, ਗੁਰੂ ਨਾਨਕ, ਬੁੱਲੇ ਸ਼ਾਂਹ, ਵਰਗੇ ਮਾਂ ਬੋਲੀ ਦੇ ਅਲਮਬਰਦਾਰਾਂ ਨੇ ਮੇਰੀ ਬੋਲੀ ਨੂੰ ਸਵਾਰਿਆ ਤੇ ਸ਼ਿੰਗਾਰਿਆ ਹੈ। ਆਪਣੀ ਅਲ੍ਹਾਹੀ ਬਾਣੀ ਰਾਹੀ ਗੁਰੂਆਂ ਨੇ ਸੱਚੇ ਮਾਰੱਗ ਤੇ ਚੱਲਣ ਦਾ ਉਪਦੇਸ਼ ਦਿੱਤਾ। ਗੁਰੂੁ ਗੋਬਿੰਦ ਸਿੰਘ ਵਰਗੇ ਸੰਤ ਸਿਪਾਹੀ ਨੇ ਇਕ ਵਖੱਰੀ ਪਹਿਚਾਣ ਵਾਲੀ ਮਰ ਜੀਵੜਿਆਂ ਦੀ ਫੌਜ ਤਿਆਰ ਕਰਕੇ ਜਬਰ ਜੁਲਮ ਖਿਲਾਫ ਲੜਨ ਲਈ ਤਿਆਰ ਕੀਤੀ, ਪਰ ਅਜੋਕੇ ਵਾਤਾਵਰਣ ਵਿਚ ਇਨ੍ਹਾਂ ਹੀ ਗੁਰੂਆਂ ਪੀਰਾਂ ਦੇ ਅਖੌਤੀ ਪੇਰੋਕਾਰਾਂ ਨੇ ਗੁਰੂਆਂ ਦੇ ਨਾਮ ਨੂੰ ਵੇਚਣਾ ਸੁਰੂ ਕਰ ਦਿੱਤਾ ਹੈ ਤੇ ਆਪਣੀ ਹਉਮੇ ਤੇ ਪ੍ਰਤਿਸ਼ਠਾ ਦਾ ਭਰਮ ਪਾਲਦਿਆਂ ਗੁਰੂਆਂ ਦੇ ਦੱਸੇ ਮਾਰਗ ਤੋਂ ਭੱਟਕ ਗਏ ਹਨ। ਮੀਰੀ ਪੀਰੀ ਦੀ ਮਰਿਯਾਦਾ ਜਿਸ ਵਿਚ ਗੁਰੁ ਸਹਿਬਾਨ ਨੇ ਧਰਮ ਨੂੰ ਸਿਆਸਤ ਦੇ ਗੱਲ ਵਿਚ ਕੁੰਡਾ ਕਿਹਾ ਸੀ ਦੀ ਭਾਵਨਾ ਨੂੰ ਅੱਖੋਂ ਪ੍ਰੋਖੇ ਕਰਕੇ ਮੀਰੀ ਨੂੰ ਪੀਰੀ ਨਾਲੋਂ ਉੱਚਾ ਸਮਝਣ ਲੱਗ ਪਏ ਹਨ। ਯਾਨੀ ਸਿਆਸਤ, ਧਰਮ ਤੇ ਭਾਰੂ ਹੋ ਗਈ ਹੈ। ਥਾਂ ਥਾਂ ਤੇ ਡੇਰੇ ਉਸਰਨੇ ਸ਼ੁਰੂ ਹੋ ਗਏ ਹਨ ਤੇ ਇਨ੍ਹਾਂ ਵਿਚ ਬੈਠੇ ਅਖੌਤੀ ਸਾਧ ਰੱਬ ਨੂੰ ਮਿਲਾਉਣ ਦੀਆਂ ਆਪਣੀਆਂ ਆਪਣੀਆਂ ਦੁਕਾਨਾਂ ਖੋਲ੍ਹੀ ਬੈਠੇ ਹਨ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਪ੍ਰਚਾਰ ਨਾਲੋਂ ਨਿੱਜੀ ਤੇ ਸਿਆਸੀ ਪ੍ਰਭਾਵ ਨੂੰ ਜਿਆਦਾ ਤਰਜੀਹ ਦੇ ਰਹੀ ਹੈ। ਆਪਣੇ ਆਕਾਂਵਾਂ ਨੂੰ ਖੁੱਸ਼ ਕਰਨ ਲਈ ਇਸਦੇ ਮੈਂਬਰ ਕੁਝ ਵੀ ਕਰ ਸਕਦੇ ਹਨ। ਨੌਜਵਾਨ ਪੀੜ੍ਹੀ ਗੁਰੁ ਦੇ ਲੜ ਲਗਣ ਨਾਲੋਂ ਗੁਰੂ ਤੋਂ ਦੂਰ ਭੱਜਣ ਲਗੱ ਪਈ ਹੈ। ਬੇਰੁਜ਼ਗਾਰੀ ਕਾਰਨ ਨਸ਼ਿਆਂ ਦਾ ਛੇਵਾਂ ਦਰਿਆ ਬੜੀ ਤੇਜੀ ਨਾਲ ਵਗੱਣਾ ਸੁਰੂ ਹੋ ਗਿਆ ਹੈ, ਜਿਸਦੇ ਵਹਾੳ ਨੂੰ ਤੇਜ਼ ਕਰਨ ਵਿਚ ਸਭ ਤੋ ਜ਼ਿਆਦਾ ਹੱਥ ਉਨ੍ਹਾਂ ਹੀ ਸਿਆਸੀ ਆਗੂਆਂ ਦਾ ਹੈ ਜੋ ਆਪਣੇ ਆਪ ਨੂੰ ਧਾਰਮਿਕ ਅਖੱਵਾਂਉਦੇ ਹਨ।

ਬਾਬਾ ਫਰੀਦ, ਗੁਰੁ ਨਾਨਾਕ, ਸਾ਼ਹ ਹੁਸੈਨ, ਬੁੱਲੇ ਸ਼ਾਹ ਵੱਲੋਂ ਸੰਵਾਰੀ ਤੇ ਸ਼ਿੰਗਾਰੀ ਮਾਖਿਉਂ ਮਿੱਠੀ ਬੋਲੀ ਨੂੰ ਕੇਵਲ ਕਲਚਰ ਤੇ ਸਿਆਸੀ ਚਾਲਾਂ ਨੇ ਤਹਿਸ਼ ਨਹਿਸ਼ ਕਰਕੇ ਰੱਖ ਦਿੱਤਾ ਹੈ। ਪੰਜਾਬੀ ਵਿਚ ਇੰਗਲਿਸ਼ ਦੇ ਰਲਾ ਨੇ, ਪੰਜਾਬੀ ਬੋਲੀ ਨੂੰ ਨਾ ਤਾਂ ਪੰਜਾਬੀ ਰਹਿਣ ਦਿੱਤਾ ਹੈ ਤੇ ਨਾ ਇੰਗਲਿਸ਼ ਰਹਿਣ ਦਿੱਤਾ ਹੈ। ਹੁਣ ਇਕ ਨਵੀ ਭਾਸਾ ਪਿੰਗਲਿਸ਼ ਦਾ ਫੈਲਾੳ ਹੋਣਾ ਸੁਰੂ ਹੋ ਗਿਆ ਹੈ।

ਮੇਰੀਆਂ ਮੁਟਿਆਰਾਂ ਦੇ ਸਿਰਾਂ ਤੋਂ ਚੁੰਨੀਆਂ ਤੇ ਫੁਲਕਾਰੀਆਂ ਸਿਰਕ ਕੇ ਹੁਣ ਮੋਢਿਆਂ ਤੇ ਆ ਗਈਆਂ ਹਨ। ਸ਼ਮਲੇ ਤੇ ਚੀਰੇ ਵਾਲੀਆਂ ਪੱਗਾ ਦੀ ਥਾਂ ਹੁਣ ਗਭੱਰੂ ਕੰਨਾਂ ਵਿਚ ਨੱਤੀਆਂ ਤੇ ਬਾਲੀਵੁੱਡ ਹੈਅਰ ਸਟਾਈਲ ਬਣਾਕੇ ਬਾਜਾਰਾਂ ਵਿਚ ਘੁੰਮਣ ਦੇ ਆਦੀ ਹੋ ਗਏ ਹਨ। ਜਿੱਥੇ ਕਦੇ ਰਾਂਝੇ ਦੇ ਪਿਆਰ ਦੀ ਵੰਝਲੀ ਵੱਜਦੀ ਸੀ ਉੱਥੇ ਹੁਣ ਨਫਰੱਤ ਪਨਪ ਰਹੀ ਹੈ। ਤੂੰਬੇ, ਦੋਤਾਰੇ, ਛੈਣੇ, ਸਾਰੰਗੀ, ਬੁਗਦੂ ,ਵਰਗੇ ਲੋਕ ਸਾਜਾਂ ਦੀ ਥਾਂ ਪੱਛਮੀ ਤਰਜ਼ ਦੇ ਆਰਕੈਸਟਰਿਾਂ ਨੇ ਮਲ ਲੱਈ ਹੈ। ਗਿੱਧਾ, ਭੰਗੜਾਂ, ਝੁਮਰ ਤੇ ਸੰਮੀ ਵਰਗੇ ਲੋਕ ਨਾਚ ਜੋ ਕਦੇ ਮੇਰੇ ਪੁਤੱਰਾਂ ਦੇ ਜੀਵਨ ਦਾ ਅੰਗ ਹੋੁੲਆ ਕਰਦੇ ਸਨ ਉਹ ਚੁਗਾਂਣਾ ਵਿਹੜਿਆਂ ਸੱਥਾਂ ਤੇ ਖੁੱਲੀਆਂ ਥਾਵਾ ਤੋਂ ਸੁੰਗੜ ਕੇ ਸਿਰਫ ਸਟੇਜਾਂ ਦੀ ਚੀਜ ਬਣਕੇ ਰਹਿ ਗਏ ਹਨ।

ਮੇਰੀ ਹਿੱਕੜੀ ਤੇ ਜਨਮੇ ਗੁਰੂਆਂ ਪੀਰਾਂ ਨੇ ਕਦੇ ਕਿਹਾ ਸੀ ਕਿ ‘ਨੜੀ ਮਾਰ ਤੇ ਕੁੜੀ ਮਾਰ’ ਨਾਲ ਨਾਤਾ ਨਹੀ ਰੱਖਣਾ ਪਰ ਅੱਜ ਜਿੱਥੇ ਨੜੀ ਮਾਰਾਂ ਦੀ ਸਖਿੰਆ ਵੱਧ ਗਈ ਉੱਥੇ ਕੁੜੀ ਮਾਰਾਂ ਵਿਚ ਮੇਰਾ ਸਭ ਤੋਂ ਪਹਿਲਾ ਨੰਬਰ ਹੈ ਹੁਣ ਤਾਂ ਕੁੜੀ ਮਾਰਾਂ ਨੂੰ ਮੇਰੇ ਸਿਆਸੀ ਤੇ ਧਾਰਮਿਕ ਆਗੂ ਅਹਿਮ ਸਸੰਥਾਵਾਂ ਦੇ ਮੁੱਖੀ ਵੀ ਬੜੀ ਇੱਜਤ ਨਾਲ ਬਣਾਉਦੇ ਹਨ।

ਮੇਰੇ ਦਿਲ ਖਿਚੱਵੇ ਨਜਾਰਿਆਂ ਨੂੰ ਵੇਖ ਕਦੇ ਰਬਿਦੰਰਾ ਨਾਥ ਟੈਗੋਰ ਵਰਗੇ ਨੋਬਲ ਪੁਰਸਕਾਰ ਜੇਤੂ ਸਾਹਿਤਕਾਰ ਨੇ ਲਿਖਿਆ ਸੀ “ਪੰਜਾਬ ਯੂਰਪ ਵਿਚ ਜਰਮਨੀ, ਪੱਛਮੀ ਏਸ਼ੀਆ ਵਿਚ ਦਜ਼ਲਾ ਫਰਾਤ ਦੀ ਵਾਦੀ, ਪੂਰਬੀ ਏਸ਼ੀਆ ਵਿਚ ਚੀਨ ਦੇ ਮੈਦਾਨ ਵਾਂਗ ਧਰਤੀ ਦੇ ਤਖੱਤੇ ਉੱਤੇ ਉਨ੍ਹਾਂ ਹਿੱਸਿਆਂ ਵਿੱਚੋਂ ਹੈ, ਜਿਨ੍ਹਾਂ ਉੱਤੇ ਇਤਿਹਾਸ ਦੇ ਵਹਿਣ ਪੂਰੇ ਜ਼ੋਰ ਨਾਲ ਵਗਦੇ ਰਹੇ ਹਨ। ਇਹ ਧਰਤੀ ਦਾ ਉਹ ਸੁੰਦਰ ਟੁੱਕੜਾ ਹੈ ਜਿਸਦੇ ਅਸਮਾਨ ਉੱਤੇ ਪਹਿਲੀ ਪ੍ਰਭਾਤ ਉੱਤਰੀ, ਜਿਸਦੇ ਤਪੋਬਨਾਂ ਵਿਚ ਸਾਮ ਗੀਤਾਂ ਦੀ ਪਹਿਲੀ ਕੂਕ ਉੱਠੀ ਅਤੇ ਜਿੱਥੇ ਭਾਰਤ ਦੀ ਸੰਸਕ੍ਰਿਤੀ ਪਹਲਿਾਂ ਪਹਿਲ ਉਦਗਮ ਹੋਈ।”

ਮੇਰੇ ਪੁਰਾਤਨ ਸ਼ਹਿਰਾਂ–ਥਨੇਸਰ, ਰੋਪੜ, ਪਾਨੀਪੱਤ, ਸਿਆਲਕੋਟ ਤੇ ਟੈਕਸਲਾ ਆਦਿ ਤੇ ਨਜ਼ਰ ਮਾਰਨ ਤੋਂ ਪਤਾ ਲਗਦਾ ਹੈ ਕਿ ਮੈਂ ਭਾਰਤ ਦੇ ਇਤਿਹਾਸ ਤੇ ਕਿਨ੍ਹਾਂ ਪ੍ਰਭਾਵ ਪਾਇਆ ਹੈ। ਇਸੇ ਕਾਰਨ ਹੀ ਮੈਨੂੰ ਬ੍ਰਹਮ-ਰਿਸ਼ੀ ਦੇਸ਼ ਜਾਂ ਦੇਵਤਿਆਂ ਦੀ ਧਰਤੀ ਕਿਹਾ ਜਾਂਦਾ ਸੀ, ਪਰ ਅੱਜ ਦੇ ਸਮੁੱਚੇ ਪ੍ਰਭਾਵ, ਲੋਕਾਂ ਦੇ ਵਿਵਹਾਰ, ਆਗੂਆਂ ਦੇ ਮਾੜੇ ਕਿਰਦਾਰ, ਕਿਸਾਨਾ ਦੀ ਦੁਰਦਸ਼ਾ, ਨੋਜਵਾਨਾਂ ਤੇ ਔਰਤਾਂ ਦੀ ਅਧੋਗਤੀ ਨੂੰ ਵੇਖਦਿਆਂ ਪਰਖਦਿਆਂ ਮੈਂ ਆਪਣੇ ਆਪ ਨੂੰ ਦੇਵਤਿਆਂ ਦੀ ਨਹੀ ਸਗੋ ਦੈਂਤਾਂ ਦੀ ਧਰਤੀ ਮਹਿਸੂਸ ਕਰਨ ਲੱਗ ਪਿਆਂ ਹਾਂ ਮੇਰੇ ਹੀ ਪੁਤੱਰ ਮੇਰੀ ਬਰਬਾਦੀ ਤੇ ਤੁੱਲੇ ਹੋਏ ਹਨ। ਅਲਾੱਹ ਖੈਰ ਕਰੇ।
***
298

***
(ਪਹਿਲੀ ਵਾਰ 2006)
(ਦੂਜੀ ਵਾਰ 29 ਅਗਸਤ 2021 ਨੂੰ)

(9 ਗਰੀਨ ਐਵਿਨਿਉ, ਬਸਤੀ ਗੋਬਿੰਦਗੜ੍ਹ, ਮੋਗਾ, ਪੰਜਾਬ ਇੰਡੀਆ।)

9 ਗਰੀਨ ਐਵਿਨਿਉ,
ਬਸਤੀ ਗੋਬਿੰਦਗੜ੍ਹ,
ਮੋਗਾ, ਪੰਜਾਬ ਇੰਡੀਆ।

ਅਮਰਜੀਤ ਬੱਬਰੀ, ਮੋਗਾ

9 ਗਰੀਨ ਐਵਿਨਿਉ, ਬਸਤੀ ਗੋਬਿੰਦਗੜ੍ਹ, ਮੋਗਾ, ਪੰਜਾਬ ਇੰਡੀਆ।

View all posts by ਅਮਰਜੀਤ ਬੱਬਰੀ, ਮੋਗਾ →