18 September 2024

‘ਸਭ ਤੇ ਵਡਾ ਸਤਿਗੁਰੁ ਨਾਨਕੁ’ ਦਾ ਰੂਹਾਨੀ ਚਿਤਰਣ’—ਚੇਤਨ ਸਿੰਘ, ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ

‘ਸਤਿਗੁਰੁ ਨਾਨਕੁ’ ਦਾ ਰੂਹਾਨੀ ਚਿਤਰਣ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸੰਸਾਰ ਭਰ ਵਿਚ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਵੱਖ-ਵੱਖ ਸਮਾਗਮਾਂ ਅਤੇ ਇਸ ਪ੍ਰਕਾਸ਼ ਵਰ੍ਹੇ ਨਾਲ ਸਬੰਧਤ ਪੰਥਕ ਕਾਰਜਾਂ ਦਾ ਇਕ ਅਹਿਮ ਪੱਖ ਇਹ ਹੈ ਕਿ ਇਸ ਸਬੰਧੀ ਵਿਅਕਤੀਗਤ ਤੌਰ ਤੇ ਅਤੇ ਪੰਥਕ ਸੰਸਥਾਵਾਂ ਵਲੋਂ ਗੁਰੂ ਜੀ ਦੇ ਇਤਿਹਾਸ ਅਤੇ ਦਰਸ਼ਨ ਨਾਲ ਸਬੰਧਤ ਬਹੁਤ ਮੁੱਲਵਾਨ ਪੁਸਤਕਾਂ ਹੋਂਦ ਵਿਚ ਆਈਆਂ ਹਨ। ਮੇਰਾ ਨਿੱਜੀ ਖ਼ਿਆਲ ਹੈ ਕਿ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਜਿੰਨੀਆਂ ਪੁਸਤਕਾਂ 500 ਸਾਲਾ ਸਮੇਂ (1969) ਵੱਖ-ਵੱਖ ਲੇਖਕਾਂ ਤੇ ਅਦਾਰਿਆਂ ਵਲੋਂ ਤਿਆਰ ਕੀਤੀਆਂ ਗਈਆਂ ਸਨ, 550ਵੇਂ ਪ੍ਰਕਾਸ਼ ਵਰੇ੍ਹ ਦੌਰਾਨ ਉਸ ਦੇ ਮੁਕਾਬਲਤਨ ਬਹੁਤ ਘੱਟ ਕਾਰਜ ਹੋਇਆ ਹੈ, ਜਦ ਕਿ ਪਿ੍ੰਟਿਗ ਟੈਕਨਾਲੋਜੀ ਉਸ ਸਮੇਂ ਨਾਲੋਂ ਹੁਣ ਬਹੁਤ ਵਿਕਸਿਤ ਹੋ ਚੁੱਕੀ ਹੈ। ਪੰਥ ਦੀ ਨੁਮਾਇੰਦਾ ਜਥੇਬੰਦੀ ਉਸ ਸਮੇਂ (1969 ਵਿਚ) ਛਪੀਆਂ ਪੁਸਤਕਾਂ ਵਿਚੋਂ ਚੋਣਵੀਆਂ ਪੁਸਤਕਾਂ ਦਾ ਪੁਨਰ ਪ੍ਰਕਾਸ਼ਨ ਕਰਕੇ ਸਬੰਧਤ ਸਿਖ ਸਾਹਿਤ ਨੂੰ ਅਲੋਪ ਹੋਣ ਤੋਂ ਬਚਾਅ ਸਕਦੀ ਸੀ। ਇਸ ਪਾਸੇ ਹੋਰ ਵਿਸ਼ੇਸ਼ ਉੱਦਮ ਕਰਨ ਦੀ ਬੇਹੱਦ ਲੋੜ ਹੈ। ਪਰ ਇਸ ਗੱਲ ਨਾਲ ਢਾਰਸ ਮਿਲਦੀ ਹੈ ਕਿ ਇਸ ਵਾਰ ਪੁਸਤਕਾਂ ਦੀ ਛਪਾਈ ਪ੍ਰਸੰਸਾਯੋਗ ਹੱਦ ਤੱਕ ਉਤਮ ਪੱਧਰ ਦੀ ਹੋਈ ਹੈ। 

ਹੱਥਲੀ ਪੁਸਤਕ ‘ਸਭ ਤੇ ਵਡਾ ਸਤਿਗੁਰੁ ਨਾਨਕੁ’ ਇਸੇ ਲੜੀ ਦੀ ਇਕ ਅਹਿਮ ਪੁਸਤਕ ਹੈ ਜਿਸ ਦੀ ਲੇਖਿਕਾ ਡਾ. ਸਰਬਜੀਤ ਕੌਰ ਸੰਧਾਵਾਲੀਆ ਹੈ। ਇਸ ਪੁਸਤਕ ਦੀ ਕੀਮਤ 300 ਰੁਪਏ ਹੈ ਅਤੇ ਇਸ ਦੇ 240 ਪੰਨੇ ਹਨ। ਇਹ ਪੁਸਤਕ ‘ਸਿਖ ਲਿਟਰੇਰੀ ਐਂਡ ਕਲਚੱਰਲ ਸਟਾਲ ਇੰਗਲੈਂਡ’ ਵੱਲੋਂ ਪੰਜਾਬੀ ਸੱਥ ਲਾਂਬੜਾ ਦੀ ਯੂਰਪੀਨ ਇਕਾਈ ਦੇ ਸਹਿਯੋਗ ਨਾਲ ਸੁੰਦਰ ਜਿਲਦ ਅਤੇ ਵਧੀਆ ਕਾਗਜ਼ ਨਾਲ ਛਪਵਾਈ ਗਈ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ ਪੰਜਾਬੀ ਸਾਹਿਤ ਜਗਤ ਦੀ ਜਾਣੀ-ਪਹਿਚਾਣੀ ਸ਼ਖਸੀਅਤ ਹੈ। ਸਾਹਿਤ ਸਿਰਜਣਾ ਦੇ ਸਫ਼ਰ ਦੌਰਾਨ ਉਸ ਦੇ ਪਹਿਲੇ ਦੌਰ ਦੀਆਂ ਰਚਨਾਵਾਂ ਪੰਜਾਬੀ ਸਭਿਆਚਾਰਕ ਜੀਵਨ ਦੇ ਵੱਖ-2 ਰੂਪਾਂ ਨੂੰ ਦਰਸਾਉਂਦੀਆਂ ਵਰਤਮਾਨ ਪਾਠਕ ਜਗਤ ਦਾ ਧਿਆਨ ਪ੍ਰਾਪਤ ਕਰਦੀਆਂ ਰਹੀਆਂ ਹਨ। ਦੂਜੇ ਦੌਰ ਵਿਚ ਜਦੋਂ ਉਸ ਨੇ ਗੁਰੂ ਛੁਹ ਨਾਲ ਜੁੜੇ ਪਾਵਨ ਬਿਰਛਾਂ ਤੇ ਹੋਰ ਨਿਸ਼ਾਨੀਆਂ ਦੀ ਸਿਖ ਜਗਤ ਦੀ ਰੂਹ ਦੇ ਨਾਲ ਅਦ੍ਰਿਸ਼ਟ ਰੂਹਾਨੀ ਸਾਂਝ ਦੀ ਗੱਲ ਕਰਨੀ ਸ਼ੁਰੂ ਕੀਤੀ ਤਾਂ ਉਸਦੇ ਸਿਰਜਣਾ ਪੰਧ ਦੇ ਭਵਿਖ ਵਿਚ ਕੋਈ ਵਿਸ਼ੇਸ਼ ਰਚਨਾ ਦੀ ਕੰਨਸੇਅ ਦਾਨਸ਼ਵਰ ਪਾਠਕਾਂ ਨੇ ਮਹਿਸੂਸ ਕਰ ਲਈ ਸੀ। ਅਜਿਹੇ ਸੰਕੇਤ ਕਲਮਕਾਰਾਂ ਦੀ ਆਮ ਲੋਕਾਂ ਨਾਲੋਂ ਲੰਮੀ ਨਦਰ ਹੋਣ ਦੀ ਗਵਾਹੀ ਭਰਦੇ ਹਨ। 

ਇਸ ਤੋਂ ਪਹਿਲਾਂ ਉਸ ਨੇ ਸਾਹਿਤਕ ਸਿਰਜਣਾ ਦੇ ਆਰੰਭਕ ਸਫਰ ਵਿਚ ਸੈਂਕੜੇ ਗਜ਼ਲਾਂ ਤੇ ਅਨੇਕਾਂ ਕਾਵਿ-ਪੁਸਤਕਾਂ ਦੀ ਸਿਰਜਣਾ ਕੀਤੀ ਹੈ। ‘ਮੈਂ ਗੁਰਬਾਣੀ ਆਧਾਰੁ ਹੈ, ‘ਅਬ ਤੂਹੀ ਮੈ ਨਾਂਹ’, ‘ਤੁਝ ਬਿਨੁ ਕਵਨੁ ਹਮਾਰਾ’, ‘ ਸੋ ਕਿਉਂ ਮੰਦਾ ਆਖੀਐ’, ਤੇ ‘ਨਿਸ਼ਾਨੇ-ਇ-ਕਦਮ ਸਾਹਿਬ-ਇ-ਕਮਾਲ’ ਸਹਿਤ, ਕਵਿਤਾ ਤੇ ਵਾਰਤਕ ਦੀਆਂ ਇਕ ਦਰਜਨ ਤੋਂ ਵੱਧ ਪੁਸਤਕਾਂ ਉਹ ਪੰਜਾਬੀ ਸਾਹਿਤਕ ਖਜ਼ਾਨੇ ਨੂੰ ਭੇਟ ਕਰ ਚੁੱਕੀ ਹੈ। ਹੱਥਲੀ ਪੁਸਤਕ ਦੀ ਰੂਹਾਨੀਅਤ ਭਰਪੂਰ ਸ਼ਰਧਾ, ਸ਼ਬਦਾਵਲੀ, ਕਹਾਣੀ ਰਸ, ਇਤਿਹਾਸਕ ਗ੍ਰੰਥਾਂ ਦੇ ਹਵਾਲੇ, ਗੁਰਬਾਣੀ ਸ਼ਬਦਾਂ ਦੀ ਉਥਾਨਕਾ ਅਤੇ ਗੁਰ ਉਪਦੇਸ਼ ਨੂੰ ਕਲਮਬੰਦ ਹੋਇਆਂ ਵੇਖ ਕੇ ਮੈਨੂੰ ਇਹ ਰਚਨਾ ਉਸਦੀਆਂ ਸਾਰੀਆਂ ਰਚਨਾਵਾਂ ਵਿਚੋਂ ਸ੍ਰੇਸ਼ਟ ਲੱਗਦੀ ਹੈ। ਅਚੰਬਾ ਹੈ ਜਿਵੇਂ ਉਸਦੇ ਹਿਰਦੇ ਵਿਚੋ ਗੁਰੂ ਨਾਨਕ ਸਾਹਿਬ ਲਈ ਪ੍ਰੀਤ ਅਨੁਭਵ ਦਾ ਕੋਈ ਸੋਮਾ ਫੁੱਟ ਪਿਆ ਹੋਵੇ, ਜਿਵੇਂ ਗੁਰੂ ਸਾਹਿਬ ਨੇ ਛੱਜੂ ਝੀਵਰ ਉਪਰ ਮਿਹਰ ਕਰਨ ਵਾਲੀ ਕਲਾ ਵਰਤਾ ਦਿੱਤੀ ਹੋਵੇ। ਜਦੋਂ ਕੋਈ ਸ਼ਾਇਰੀ ਦੀਆਂ ਰਚਨਾਵਾਂ ਬਾਅਦ ਨਸਰ ਵੱਲ ਰੁੱਖ ਕਰਦਾ ਹੈ ਤਾਂ ਉਸਦੇ ਕਾਵਿ-ਵਲਵਲੇ, ਜਜਬੇ ਤੇ ਇਤਿਹਾਸਕ ਸੂਝ-ਬੂਝ ਵਾਲੀ ਰਚਨਾ ਪਾਠਕਾਂ ਉਪਰ ਵਿਸ਼ੇਸ਼ ਪ੍ਰਭਾਵ ਪਾਉਣ ਦਾ ਤਾਣ ਰੱਖਦੀ ਹੈ। ਪੰਜਾਬੀ ਸਾਹਿਤ ਵਿਚ ਅਜਿਹੀਆਂ ਕਈ ਉਦਾਹਰਨਾਂ ਹਨ ਜਦੋਂ ਕਾਵਿ ਪ੍ਰਤਿਭਾ ਵਾਲੇ ਲਿਖਾਰੀਆਂ ਨੇ ਉਚੇ ਕਾਵਿ-ਖ਼ਿਆਲਾਂ ਵਾਂਗ ਧਾਰਮਕ ਰੰਗਣ ਵਾਲੀ ਵਾਰਤਕ ਲਿਖੀ ਹੈ ਤੇ ਇਹ ਪੁਸਤਕ ਉਨ੍ਹਾਂ ਮਹਾਨ ਲਿਖਾਰੀਆਂ ਨੂੰ ਸੱਜਦਾ ਕਰਨ ਲਈ ਸਫਲਤਾ ਨਾਲ ਪੁਲਾਂਘਾਂ ਪੁੱਟ ਰਹੀ ਹੈ। 

‘ਸਭ ਤੇ ਵਡਾ ਸਤਿਗੁਰੁ ਨਾਨਕੁ’ ਵਿਚ ਗੁਰੂ ਨਾਨਕ ਸਾਹਿਬ ਦੀਆਂ ਅਲੌਕਿਕ ਝਲਕੀਆਂ ਨੂੰ ਤਿੱਥੀਆਂ ਮਿਤੀਆਂ ਦੇ ਸਹਿਜ ਵਰਨਣ, ਇਸ ਵਿਚ ਮੌਜੂਦ ਕਾਵਿ-ਰਸ, ਦ੍ਰਿਸ਼ ਚਿਤਰਣ, ਗੁਰੂ ਬਖਸ਼ਿਸ਼ ਵਾਲੀਆਂ ਸਾਖੀਆਂ ਦਾ ਵਰਾਤਲਾਪ ਤੇ ਉਸ ਵਿਚ ਸਪਸ਼ਟ ਕਰਕੇ ਬਿਆਨ ਕੀਤਾ ਗੁਰੂ ਉਪਦੇਸ਼ ਪਾਠਕ ਦੀ ਰੂਹ ਵਿਚ ਗੁਰੂ-ਲਿਵ ਦੀ ਝੀਣੀ ਬਾਣ ਦਾ ਅਨੁਭਵ ਕਰਵਾਉਂਦਾ ਹੈ। ਲੇਖਿਕਾ ਨੇ ਸ਼ਬਦ ਉਚਾਰਣ ਸਮੇਂ ਦੀਆਂ ਉਥਾਨਕਾਵਾਂ ਤੇ ਸਰਬੱਤ ਲੁਕਾਈ ਲਈ ਮਿਲਦੇ ਉਨ੍ਹਾਂ ਦੇ ਸਦੀਵੀ ਸੰਦੇਸ਼ ਨਾਲ ਇਤਿਹਾਸ ਵਰਨਣ ਨੂੰ ਰੂਹਾਨੀ ਰੌਚਿਕਤਾ ਨਾਲ ਪੇਸ਼ ਕਰਨ ਦਾ ਸਹੀ ਯਤਨ ਕੀਤਾ ਹੈ। 

ਸਾਖੀਆਂ, ਪ੍ਰਸੰਗਾਂ ਅਤੇ ਉਪਦੇਸ਼ਾਂ ਅਨੁਸਾਰ ਢੁਕਵੇਂ ਸਿਰਲੇਖ ਪੁਸਤਕ ਦੀ ਸ਼ੋਭਾ ਵਧਾਉਣ ਦੇ ਨਾਲ-ਨਾਲ ਲੋੜੀਂਦਾ ਪ੍ਰਭਾਵ ਵੀ ਪਾਠਕ ਉਪਰ ਪਾਉਂਦੇ ਹਨ, ਜਿਵੇਂ ‘ਸੱਚੇ ਸੌਦੇ ਦੀ ਬਰਕਤ’, ‘ਅਰਸ਼ੀ ਨੂਰ ਦੀਆਂ ਝਲਕਾਂ’, ‘ਸੁਲਤਾਨਪੁਰ ਨੂੰ ਭਾਗ’, ‘ਹਜ਼ੂਰੀ ਦੀ ਨਮਾਜ਼’, ‘ਨਾਮ ਦੀ ਫੁਲਵਾੜੀ’ ਆਦਿ। ਗੁਰਬਾਣੀ ਤੁਕਾਂ ਵਾਲੇ ਸਿਰਲੇਖ ਲੇਖਿਕਾ ਦੀ ਇਤਿਹਾਸਕ ਕਾਵਿ-ਸੂਝ ਅਤੇ ਗੁਰਬਾਣੀ ਦੇ ਦੀਰਘ ਅਧਿਐਨ ਦਾ ਲਖਾਇਕ ਹਨ। ਜਿਵੇਂ ‘ਜਿਥੇ ਬਾਬਾ ਪੈਰ ਧਰੇ’, ‘ਸੋ ਥਾਨੁ ਸੁਹਾਵਾ’, ‘ਜਿਥੈ ਜਾਇ ਬਹੈ ਮੇਰਾ ਸਤਿਗੁਰੂ’ ਆਦਿ। ਗੁਰੂ ਨਾਨਕ ਸਾਹਿਬ ਦੇ ਬਾਲਪਨ, ਜੁਆਨ ਵਰੇਸ ਤੇ ਉਦਾਸੀਆਂ ਸਮੇਂ ਦੇ ਇਲਾਹੀ ਕੌਤਕਾਂ ਦੇ ਨਾਲ ਭਾਰਤ ਤੋਂ ਬਾਹਰ-ਅਫਗਾਨਿਸਤਾਨ ਅਤੇ ਅਰਬ ਦੇਸ਼ਾਂ ਦੀਆਂ ਯਾਤਰਾਵਾਂ ਸਮੇਂ ਇਕ ਅਕਾਲ ਪੁਰਖ ਦੀ ਅਰਾਧਨਾ ਤੇ ਸਾਰੀ ਮਨੁੱਖ ਜਾਤੀ ਨੂੰ ਇਕ ਰੱਬ ਦੀ ਸਿਰਜਣਾ ਸਮਝਣ ਦਾ ਦਿੱਤਾ ਉਪਦੇਸ਼ ਕਲਮਬੰਦ ਕਰਨਾ ਲੇਖਿਕਾ ਦੀਆਂ ਕੁਲ ਮਾਨਵ ਜਾਤੀ ਪ੍ਰਤੀ ਸੁਹਿਰਦ ਭਾਵਨਾਵਾਂ ਦਾ ਸੰਕੇਤ ਹਨ। 

ਮਹਾਨ ਸੁਤੰਤਰਤਾ ਸੈਨਾਨੀ ਅਤੇ ਸਿੱਖੀ ਸਿਦਕ ਵਿਚ ਪੂਰੇ ਉਤਰਨ ਵਾਲੇ ਇਕ ਸਿੱਖ ਲਿਖਾਰੀ ਵਾਂਗ ਸਾਡੀ ਲੇਖਿਕਾ ਨੇ ਗੁਰੂ ਨਾਨਕ ਸਾਹਿਬ ਦਾ ਵਿਅਕਤਿੱਤਵ ਦਰਸਾਉਣ ਲਈ ਸ਼ਬਦਾਂ ਨੂੰ ਇਕ ਟਕਸਾਲ ਵਾਂਗ ਢਾਲਿਆ ਹੈ। ਜਿਵੇਂ ਇਕ ਥਾਂ ਉਸ ਇਉਂ ਲਿਖਿਆ ਹੈ :-

‘‘ਮਹਾਰਾਜ ਜੀ ਦੀਆਂ ਬਾਤਾਂ ਉਚੇਰੀਆਂ, ਘਨੇਰੀਆਂ, ਲੰਮੇਰੀਆਂ, ਕੋਮਲਤਾ, ਨਿਰਮਾਣਤਾ, ਉਚਤਾ, ਸੁਚੱਤਾ, ਪਾਵਨਤਾ, ਦਿਆਲਤਾ, ਕ੍ਰਿਪਾਲਤਾ, ਅਨੰਤਤਾ ਅਤੇ ਅਗੰਮਤਾ ਦੀ ਬਾਤ ਇਹ ਨਿਮਾਣੀ ਕਲਮ ਲਿਖਣ ਯੋਗ ਨਹÄ।’’ ਲੇਖਿਕਾ  ਨੂੰ ਅਨੰਤ-ਸ਼ਕਤੀਆਂ ਦੇ ਮਾਲਕ ਦੀ ਸਿਫਤ-ਸਲਾਹ ਕਰਨ ਸਮੇਂ ਆਪਣੀ ਸੀਮਤ ਸਮਰੱਥਾ ਦਾ ਅਹਿਸਾਸ ਹੈ। ਪਰ ਉਸ ਦੀ ਕਲਮ ਦਾ ਵਹਿਣ ਗੁਰੂ ਜੀ ਦੀ ਪ੍ਰੀਤ ਵਿਚ ਵਹਿੰਦਾ ਹੋਣ ਕਾਰਨ ਗੁਰੂ ਜੀ ਦੀ ਅਗਾਧ-ਬੋਧ ਮਹਿਮਾ ਦਾ ਸੁੱਤੇ ਸਿੱਧ ਵਰਨਣ ਕਰਨ ਦੇ ਆਹਰ ਵਿਚ ਰਹਿੰਦਾ ਹੈ। ‘ਗ੍ਰਸਤਨ ਮਹਿ ਤੂ ਬਡੋ ਗਿ੍ਰਹਸਤੀ’ ਵਾਲੇ ਅਧਿਆਇ ਵਿਚ ਇਤਿਹਾਸਕ ਘਟਨਾ ¬ਕ੍ਰਮ, ਵਿਆਹ ਮੌਕੇ ਰੱਬੀ ਸੰਦੇਸ਼, ਬਾਰਾਤ ਚੜਨੀ, ਰਿਸ਼ਤੇਦਾਰਾਂ ਦਾ ਖੁਸ਼ੀ ਜ਼ਾਹਰ ਕਰਨਾ, ਪਰਮੇਸ਼ਰ ਦੇ ਨਾਮ ਨੂੰ ਸਭ ਤੋਂ ਪਹਿਲਾਂ ਲੈਣ ਦੀ ਪ੍ਰੇਰਨਾ ਤੇ ਬਰਾਤੀਆਂ ਨੂੰ ਛੰਦਾਂ ਨਾਲ ਸੰਬੋਧਨ ਕਰਨ ਸਮੇਂ ਗੁਰੂ ਜੀ ਇਉਂ ਰੂਹਾਨੀ ਉਪਦੇਸ਼ ਦਿੰਦੇ ਹਨ: ‘‘ਭਾਈ ਇਹ ਜੋ ਗਾਵਦੀਆਂ ਹੈ, ਸੋ ਇਹ ਸੈਂਸਾਰੀ ਕੀ ਪ੍ਰੀਤ ਕਹਿ ਕੇ ਏਸ ਸੰਸਾਰੀ ਮਨੁੱਖ ਦੇ ਸੋਹਿਲੇ ਗਾਂਵਦੀਆਂ ਹਨ, ਜਿਸ ਨੇ ਮਰ ਜਾਣਾ ਹੈ। ਤਿਸ ਕਾ ਸੋਹਿਲਾ ਛੰਤ ਗਾਈਏ ਜੋ ਸਭਸੁ ਦਾ ਖਸਮ ਹੈ। ਜਿਸਦੇ ਵਸ ਵਿਚ ਸਭ ਕਿਛ ਹੈ।  ਜਿਸਕਾ ਬਿਨਾਸ ਨਹੀਂ, ਜੋ ਸਦਾ ਰਹਿਣਾ ਵਾਲਾ ਹੈ।’’ ਇਥੇ ਜਾਂਞੀਆਂ ਤੇ ਮਾਂਞੀਆਂ ਨੂੰ ਸਾਂਝੇ ਉਪਦੇਸ਼ ਦਾ ਵਰਨਣ ਹੈ।  

ਇਸ ਰੂਹਾਨੀ ਚਿਤ੍ਰਣ ਵਾਲੀ ਸਾਖੀ ਦੇ ਅਖੀਰ ਵਿਚ ਵਿਆਹ ਸਥਾਨ ਵਿਖੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਤੇ ਇਥੇ ਮਨਾਏ ਜਾਂਦੇ ਪੁਰਬ ਦਾ ਜ਼ਿਕਰ ਕਰਨ ਬਾਅਦ ਆਪਣੀ ਰਚਨਾ ਵਿਚ ਢੁਕਵੀਆਂ ਕਾਵਿ ਸਤਰਾਂ ਦੇ ਕੇ ਰਚਨਾ ਨੂੰ ਹੋਰ ਵਧੇਰੇ ਭਾਵਪੂਰਤ ਬਣਾਇਆ ਹੈ। ਕੁਝ ਸਾਖੀਆਂ ਤੇ ਅਖੀਰ ਵਿਚ ਲੇਖਿਕਾ ਦੇ ਆਪਣੇ ਰਚੇ ਕਾਵਿ ਜਗਤ ਵਿਚੋਂ ਦਿੱਤੀਆਂ ਕੁਝ ਕਾਵਿ-ਸੱਤਰਾਂ ਦੀ ਵੰਨਗੀ ਇਸ ਤਰ੍ਹਾਂ ਹੈ; 

ਤੇਰਾ ਰੂਪ ਅਨੂਪ ਸਰੂਪ ਐਸਾ, ਹਰ ਇਕ ਜ਼ੱਰੇ ਦੀ ਅੱਖ ਵਿਚ ਜ਼ਾਹਰ ਹੈਂ ਤੂੰ।
ਸ਼ਾਨਾ ਵਾਲਿਆਂ ਮੇਰਿਆ ਸ਼ਹਿਨਸ਼ਾਹਾ, ਸਾਡੀ ਅਕਲ ਸ਼ਉਰ ਤੋਂ ਬਾਹਰ ਹੈਂ ਤੂੰ।

ਤੇਰੇ ਮੁਖਾਂ ’ਚੋਂ ਅੰਮਿ੍ਰਤ ਡੁੱਲ੍ਹਦਾ ਤੇ ਮੱਥਿਉਂ ਡੁਲਕੇ ਨੂਰ।
ਤੂੰ ਕਣ ਕਣ ਅੰਦਰ ਵਸਦਾ ਤੂ ਬਣਿਆ ਆਪ ਸਰੂਰ। 

ਜਿਨ੍ਹਾਂ ਦਿਲਾਂ ਵਿਚ ਸਤਿਗੁਰੂ ਵਸ ਜਾਂਦੇ, ਹੁੰਦੀ ਉਨ੍ਹਾਂ ਦੇ ਉਪਰ ਅਪਾਰ ਬਖਸ਼ਿਸ਼।
ਜਾ ਤਾਂ ਜਾਣਿਆ ਸੀ ਬੇਬੇ ਨਾਨਕੀ ਨੇ, ਜਾਂ ਫਿਰ ਪਾਈ ਸੀ ਰਾਇ ਬੁਲਾਰ ਬਖਸ਼ਿਸ਼। 

ਅਤੇ 

ਚੰਨ ਚੰਨਾਂ ਦਾ ਤੇ ਸੂਰਜ ਸੂਰਜਾਂ ਦਾ, ਵੰਡਣ ਵਾਸਤੇ ਨੂਰੀ ਫੁਹਾਰ ਆਇਆ।
ਹੂੰਝਣ ਵਾਸਤੇ ਪਤਝੜਾਂ ਜ਼ਿੰਦਗੀ ’ਚੋਂ, ਉਜੜੇ ਬਾਗਾਂ ਨੂੰ ਦੇਣ ਬਹਾਰ ਆਇਆ। 

ਧੀਰਜ ਦੇਣ ਲਈ ਧਰਤ ਨਿਆਸਰੀ ਨੂੰ, ਬਣ ਕੇ ਆਸਰਾ ਸੀ ਕਰੁਣਧਾਰ ਆਇਆ।
ਨਵੀਂ ਜ਼ਿੰਦਗੀ ਦੇਣ ਲਈ ਮੁਰਦਿਆਂ ਨੂੰ, ਰੱਬ ਧਾਰ ਕੇ ਆਪ ਆਕਾਰ ਆਇਆ। 

ਸ਼ਬਦਾਵਲੀ ਦੀ ਸਹਿਜ ਚੋਣ ਗੁਰੂ ਨਾਨਕ ਸਾਹਿਬ ਦੀ ਰੂਹਾਨੀ ਸ਼ਖਸੀਅਤ ਨੂੰ ਜਾਦੂਮਈ ਪ੍ਰਭਾਵ ਵਾਲੀ ਬਿਆਨ ਕਰਨ ਅਤੇ ਉਸੇ ਵੇਲੇ ਦੇ ਵਾਤਾਵਰਨ ਨੂੰ ਸਿਰਜਣ ਵਿਚ ਸਫਲ ਹੈ;

‘‘ਮਹਾਰਾਜ ਜੀ ਦੇ ਮਿਲਾਪ ਵਿਚੋਂ ਪਿਤਾ ਜੀ ਨੂੰ ਕ੍ਰੋਧ, ਮਾਤਾ ਜੀ ਨੂੰ ਬਿਰਹਾ ਅਤੇ ਰਾਇ ਬੁਲਾਰ ਨੂੰ ਅਨੋਖਾ ਰਸ ਪ੍ਰਾਪਤ ਹੋਇਆ। ਮਿਲਾਪ ਦੀ ਇਸ ਅਨੋਖੀ ਸੁਗੰਧੀ ਨਾਲ ਸਾਰੇ ਵਾਤਾਵਰਣ ਵਿਚ ਕੋਈ ਮਦਹੋਸ਼ੀ ਜਿਹੀ ਫੈਲ ਗਈ। ਇਉਂ ਜਾਪਿਆ ਜਿਵੇਂ ਪ੍ਰੇਮ ਅਤੇ ਗਿਆਨ ਦਾ ਮਿਲਾਪ ਹੋਇਆ ਹੋਵੇ।’’ ਇਸੇ ਤਰ੍ਹਾਂ ਗੁਰੂ ਜੀ ਦੀ ਨੂਰੀ ਸ਼ਾਨ ਨੂੰ ਇਉਂ ਬਿਆਨ ਕੀਤਾ ਹੈ—‘‘ਗੁਰੂ ਨਾਨਕ ਸਾਹਿਬ ‘ਮਿਹਰਾਂ ਦਾ ਨਿਝਰਧਾਰ ਮÄਹ ਬਣ ਕੇ ਬਰਸਦੇ ਰਹੇ ਅਤੇ ਸਾਰੇ ਦਿਲਾਂ, ਰੂਹਾਂ ਅਤੇ ਜੰਗਲ ਬੇਲਿਆਂ, ਪਸ਼ੂਆਂ, ਪੰਛੀਆਂ ਨੂੰ ਤਰੋਤਾਜ਼ਾ ਕਰਦੇ ਰਹੇ। ਆਪ ਜੀ ਦੇ ਰਚਨਾਰੇ ਨੈਣਾਂ ਦੀ ਚਮਕ ਅਤੇ ਦਮਕਦੇ ਚਿਹਰੇ ਦੇ ਨੂਰ ਨੇ ਸਭ ਦੇ ਮਨਾਂ ਵਿਚ ਟਿਕਾਊ ਅਤੇ ਖੇੜਾ ਬਖਸ਼ਿਆ। ਆਪ ਜੀ ਜਦੋਂ ਅੰਮਿ੍ਰਤਮਈ ਰਸਨਾ ਤੋਂ ਵਾਕ ਉਚਾਰਦੇ ਸਨ ਤਾਂ ਸਭ ਦੇ ਅੰਦਰ ਅਨੋਖੀ ਝਰਨਾਟ ਛਿੜ ਪੈਂਦੀ।’’

ਬੇਸ਼ਕ ਸਾਖੀਆਂ ਦੇ ਕੌਤਕਾਂ ਨੂੰ ਬਿਆਨ ਕਰਨ ਸਮੇਂ ਸਾਰੀ ਪੁਸਤਕ ਵਿਚ ਸੁਪ੍ਰਸਿੱਧ ਸਿੱਖ ਕਾਵਿ ਗ੍ਰੰਥਾਂ ਵਿਚੋਂ ਢੁਕਵੇਂ ਹਵਾਲੇ ਦਿੱਤੇ ਗਏ ਹਨ, ਪਰੰਤੂ ਰਚਨਾ ਨੂੰ ਪੂਰੀ ਤਵੱਜੋਂ ਤੇ ਸਿਦਕ ਦਿਲੀ ਨਾਲ ਪੜਣ ਵਾਲੇ ਕਿਸੇ ਦਾਨਿਸ਼ਵਰ ਪਾਠਕ ਦੇ ਅਜਿਹੇ ਰਚਨਾ ਦੇ ਨਾਲ ਤੁਰਿਆ ਹੋਣ ਕਾਰਨ ਇਕ ਥਾਂ ਜ਼ਰੂਰ ਮਹਿਸੂਸ ਕਰਦਾ ਹੈ ਕਿ ਕਾਸ਼ ‘ਰਬਾਬ ਭੇਟ’ ਵਾਲੇ ਸਰਗ ਵਿਚ ਕਾਵਿ-ਚੂੜਾਮਣਿ ਦੇ ਗ੍ਰੰਥ ਵਿਚੋਂ ਇਹ ਕਾਵਿ-ਪੈਰਾ ਵੀ ਸ਼ਾਮਲ ਹੋ ਜਾਂਦਾ;

ਭਈ ਅਵਾਜ ‘ਤੁਹੀ ਨਿਰੰਕਾਰਾ ਨਿਰੰਕਾਰ ਕਰਤਾਰਾ॥’
ਤਿਹ ਪੀਛੇ ਸ੍ਰੀ ਨਾਨਕ ਬਿਨਤੀ ਹੋਵਹਿ ਤਾਰ ਮਝਾਰਾ॥
ਭਏ ਪ੍ਰੇਮ ਮੈਂ ਪੰਛੀ ਸਭਿ ਮੋਹੇ ਉਦਿਆਨਾ॥
ਤਰਵਰ ਤੇ ਰਸ ਨਿਚਰਨ ਲਾਗਯੋ ਵਿਸਰਾ ਸਭਿਨਿ ਅਪਨਾ॥

ਇਸ ਪੁਸਤਕ ਦੇ ਪੰਨੇ-ਪੰਨੇ ਤੇ ਹਰੇਕ ਪੈਰੇ ਵਿਚ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਦਾ ਅਹਿਸਾਸ ਹੁੰਦਾ ਹੈ। ਇਹ ਵੇਖ ਕੇ ਪੰਜਾਬੀ ਮਹਾਂਕਾਵਿ ਦੇ ਮਹਾਨ ਲਿਖਾਰੀ ਦਾ ਕਥਨ ਵਾਰ-ਵਾਰ ਯਾਦ ਆਉਂਦਾ ਹੈ— ‘‘ਇਤਿਹਾਸ ਦੀ ਸਹੀ ਗਤ ਮਿਤ ਲੈਣ ਲਈ ਇਹ ਲਾਜ਼ਮੀ ਹੁੰਦਾ ਹੈ ਕਿ ਜਦੋਂ ਕੋਈ ਬੇਨਜ਼ੀਰ ਦੈਵੀ ਪੁਰਸ਼ ਕੇਂਦਰ ਵਿਚ ਹੋਵੇ, ਤਾਂ ਧਰਤੀ ਦੇ ਇਤਿਹਾਸ ਦੇ ਪਰਾ ਜਗਤ ਨਾਲ ਵੀ ਸਬੰਧ ਹੁੰਦੇ ਹਨ।’’  

ਇਸ ਪੁਸਤਕ ਦਾ ਇਕ ਹੋਰ ਅਹਿਮ ਪਹਿਲੂ ਜੋ ਵਿਚਾਰਨਯੋਗ ਹੈ, ਉਹ ਇਸ ਵਿਚ ਦਰਜ ਗੁਰੂ ਨਾਨਕ ਸਾਹਿਬ ਦੀ ਚਰਨ ਛੁਹ ਦੀ ਯਾਦ ਵਿਚ ਸੁਭਾਇਮਾਨ ਗੁਰਦੁਆਰਿਆਂ ਦੀ ਉਥਨਾਕਾਂ ਤੋਂ ਹੁਣ ਤਕ ਦੀ ਸਰਬਪੱਖੀ ਜਾਣਕਾਰੀ ਦੇ ਕੇ ਇਸ ਨੂੰ ਰੈਂਫਰੈਂਸ ਪੁਸਤਕਾਂ ਦੀ ਕਤਾਰ ਵਿਚ ਸ਼ਾਮਲ ਕਰਨਾ ਹੈ। 

ਲੇਖਿਕਾ ਨੇ ਬੜੇ ਨਿਮਰ ਮਨ ਨਾਲ ਇਸ ਰਚਨਾ ਨੂੰ ਗੁਰੂ ਜੀ ਦਾ ‘ਮਿਹਰਨਾਮਾ’ ਕਿਹਾ ਹੈ। ਅਸÄ ਸਹਿਮਤ ਹਾਂ ਕਿ ਗੁਰੂ ਜੀ ਜਦੋਂ ਕਿਸੇ ਕਲਮਕਾਰ ਉਪਰ ਤਰੁਠਦੇ ਹਨ, ਤਾਂ ਮਿਹਰ ਕਰਕੇ ਆਪਣੀ ਵੱਡੀ ਵਡਿਆਈ ਦਾ ਗਾਇਨ ਕਰਨ ਦੀ ਦਾਤ ਦਿੰਦੇ ਹਨ। 

ਗੁਰੂ ਚਰਨਾਂ ਦੀ ਪ੍ਰੀਤ ਦੇ ਰੰਗ ਨਾਲ ਰੰਗੀ ਹੋਈ ਲੇਖਿਕਾ ਦੀ ਇਸ ਪੁਸਤਕ ਨੂੰ ਮੈਂ ‘ਜੀ ਆਇਆਂ’ ਆਖਦਾ ਹਾਂ। ਵਿਸ਼ਵਾਸ ਹੈ ਇਹ ਪੁਸਤਕ ਗੁਰੂ ਨਾਨਕ ਸਾਹਿਬ ਦੀਆਂ ਜੀਵਨੀਆਂ ਵਾਲੀਆਂ ਹੋਰ ਪੁਸਤਕਾਂ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾਏਗੀ!

ਸ: ਚੇਤਨ ਸਿੰਘ, ਸਾਬਕਾ ਡਾਇਰੈਕਟਰ,ਭਾਸ਼ਾ ਵਿਭਾਗ

View all posts by ਸ: ਚੇਤਨ ਸਿੰਘ, ਸਾਬਕਾ ਡਾਇਰੈਕਟਰ,ਭਾਸ਼ਾ ਵਿਭਾਗ →