ਰਸਤੇ ਰੁਸ਼ਨਾਉਣ ਵਾਲੀ ਰਚਨਾ “ਮੰਜ਼ਿਲਾਂ ਹੋਰ ਵੀ ਹਨ”
ਡਾ.ਅਮਰ ਕੋਮਲ ਜੀ ਨੇ ਠੀਕ ਕਿਹਾ ਹੈ ਕਿ ਲੇਖਕ ਦੀ ਚੰਗੀ ਜਾਂ ਮਾੜੀ ਸੋਚ ਜਾਣਨ ਲਈ ਉਸ ਲੇਖਕ ਦੀਆਂ ਲਿਖਤਾਂ ਦਾ ਅਧਿਅਨ ਕਰਨਾ ਹੀ ਕਾਫੀ ਹੈ। ਗੁਰਸ਼ਰਨ ਸਿੰਘ ਕੁਮਾਰ ਦੀਆਂ ਲਿਖਤਾਂ ਦੇ ਮੁਖੱੜੇ ਪ੍ਰਭਾਵਸ਼ਾਲੀ ਹੁੰਦੇ ਹਨ ਜਿਵੇਂ ਹੌਸਲੇ ਬੁਲੰਦ ਰੱਖੋ, ਜੇਤੂ ਬਣ ਕੇ ਜਿਓ, ਆਓ ਆਪਣੇ ਰਸਤੇ ਲੱਭੀਏ, ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ, ਸੁਪਨਿਆਂ ਨੂੰ ਸਾਕਾਰ ਕਰੋ, ਜ਼ਿੰਦਗੀ ਦੇ ਕਪਤਾਨ ਬਣੋ, ਠੋਕਰਾਂ ਤੋਂ ਕਿਵੇਂ ਬਚੀਏ ਅਤੇ ਮੰਜ਼ਿਲਾਂ ਹੋਰ ਵੀ ਹਨ, ਸ਼ਖਸੀਅਤ ਬਣ ਕੇ ਜੀਓ, ਕਾਮਯਾਬੀ ਦੀ ਚਾਬੀ ਆਦਿ। ਕੰਨਫਿਊਸਿਅਸ ਨੇ ਕਿਹਾ ਹੈ,“ਹਰ ਵਸਤੂ ਅੰਦਰ ਸੁਹੱਪਣ ਅਥਵਾ ਹੁਸਨ ਹੈ ਪਰੰਤੂ ਹਰ ਵਿਅਕਤੀ ਵਿਚ ਸੁੰਦਰਤਾ ਨੂੰ ਦੇਖਣ ਦਾ ਹੁਨਰ ਨਹੀਂ।” ਚੀਨੀ ਕਹਾਵਤ ਹੈ ਕਿ,“ ਬੁੱਧੀਮਾਨ ਵਿਅਕਤੀ ਆਪਣੇ ਫੈਸਲੇ ਆਪ ਕਰਦਾ ਹੈ। ਜਦ ਕਿ ਅਗਿਆਨੀ ਲੋਕ ਪਰੰਪਰਾਗਤ ਰਸਮੋ ਰਿਵਾਜ ਉੱਪਰ ਚੱਲ ਕੇ ਦੁੱਖ ਭੋਗਦੇ ਹਨ।” ਅੰਬਰਾਂ ਵਿਚ ਉੱਡਣ ਵਾਲੇ ਬੱਚੇ ਆਪਣੇ ਸੁਪਨੇ ਸਾਕਾਰ ਕਰਦੇ ਹਨ ਅਤੇ ਨਵੀਂਆਂ ਸੋਚਾਂ ਦੇ ਵਣਜਾਰੇ ਅਖਵਾਉਂਦੇ ਹਨ। ਗੁਰਸ਼ਰਨ ਸਿੰਘ ਕੁਮਾਰ ਘਰ ਦੇ ਹਾਲਾਤ ਕਾਰਨ ਆਪਣੀ ਪੜ੍ਹਾਈ ਗਿਆਰਵੀਂ ਜਮਾਤ ਤੋਂ ਅੱਗੇ ਜਾਰੀ ਨਹੀਂ ਰੱਖ ਸੱਕਿਆ। ਉੱਚੇਰੀ ਪੜਾਈ ਲੇਖਕ ਨੇ ਪ੍ਰਾਈਵੇਟ ਤੌਰ ’ਤੇ ਪੂਰੀ ਕੀਤੀ। ਇਸ ਦੌਰਾਨ ਲੇਖਕ ਨੂੰ ਛੋਟੇ ਛੋਟੇ ਕੰਮ ਕਰਨੇ ਪਏ। ਪੜ੍ਹਾਈ ਪੂਰੀ ਕਰਨ ਉਪਰੰਤ ਲੇਖਕ ਨੇ ਅਕਾਉਂਟੈਂਟ ਜਨਰਲ ਪੰਜਾਬ, ਚੰਡੀਗੜ੍ਹ ਵਿਚ ਬਤੌਰ ਆਡੀਟਰ ਦੀ ਨੌਕਰੀ ਸ਼ੁਰੂ ਕੀਤੀ। ਆਖਰ ਗਜ਼ਟਿਡ ਪੋਸਟ ਦਾ ਰੁਤਬਾ ਪ੍ਰਾਪਤ ਕੀਤਾ। ਮਨੁੱਖ ਦੇ ਅਨੁਭਵ ਕੀਤੇ ਤਜ਼ਰਬੇ ਹੀ ਸਮਾਜ ਲਈ ਪ੍ਰੇਰਨਾਦਾਇਕ ਸਿੱਧ ਹੁੰਦੇ ਹਨ। ਲੇਖਕ ਨੇ ਯਤਨ ਕੀਤਾ ਹੈ ਕਿ ਜਿਵੇਂ ਜਗਦੇ ਦੀਵੇ ਨਾਲ ਲੱਗ ਕੇ ਦੂਜਾ ਦੀਵਾ ਜਗ ਪੈਂਦਾ ਹੈ ਇਸੇ ਤਰ੍ਹਾਂ ਸਮਾਜ ਦਾ ਪੰਧ ਰੋਸ਼ਨ ਕੀਤਾ ਜਾ ਸਕੇ। ਲੇਖਕ ਗੁਰਸ਼ਰਨ ਸਿੰਘ ਕੁਮਾਰ ਨੇ ਆਪਣੀ ਇਸ ਪੁਸਤਕ ਵਿਚਲੇ ਨਿਬੰਧ ਜ਼ਿੰਦਗੀ ਦੀ ਦੌਲਤ ਵਿਚ ਕਿਹਾ ਹੈ ਕਿ ਇਸ ਧਰਤੀ ’ਤੇ ਮਨੁੱਖ ਇਕੋ ਇਕ ਪੈਸਾ ਕਮਾਉਣ ਵਾਲਾ ਪ੍ਰਾਣੀ ਹੈ। ਬੰਦਾ ਪੈਸਾ ਕਮਾਉਣ ਲਈ ਨਹੀਂ ਜਿੳਂਦਾ ਸਗੋਂ ਜਿਉਣ ਲਈ ਪੈਸਾ ਕਮਾਉਂਦਾ ਹੈ। ਦੌਲਤ ਨਾਲ ਕੇਵਲ ਸੁਵਿਧਾਵਾਂ ਹੀ ਮਿਲ ਸਕਦੀਆਂ ਹਨ, ਸੁੱਖ ਨਹੀਂ ਮਿਲਦਾ। ਸੁੱਖ ਤੰਦਰੁਸਤੀ ਅਤੇ ਆਪਣਿਆਂ ਦੇ ਪਿਆਰ ਨਾਲ ਮਿਲਦਾ ਹੈ। ਜੇ ਦੌਲਤ ਨਾਲ ਸੁੱਖ ਮਿਲਦਾ ਤਾਂ ਧਨਵਾਨ ਲੋਕ ਕਦੇ ਦੁਖੀ ਨਾ ਹੁੰਦੇ। ਬੰਦਾ ਪੈਸੇ ਨਾਲ ਨਹੀਂ, ਆਪਣੇ ਕਰਮਾਂ ਨਾਲ ਮਹਾਨ ਬਣਦਾ ਹੈ। ਪੈਸੇ ਦੇ ਬਹੁਤ ਸੁੱਖ ਹੋਣ ਦੇ ਬਾਵਜੂਦ ਜ਼ਿੰਦਗੀ ਵਿਚ ਪੈਸਾ ਹੀ ਸਭ ਕੁਝ ਨਹੀਂ।
ਗੁਰਸ਼ਰਨ ਸਿੰਘ ਕੁਮਾਰ ਆਪਣੇ ਨਿਬੰਧ ‘ਬਚਪਨ ਅਤੇ ਸੰਸਕਾਰ’ ਵਿਚ ਲਿਖਦਾ ਹੈ ਕਿ ਸੁਚੇਤ ਮਾਵਾਂ ਪੇਟ ਵਿਚ ਪਲ ਰਹੇ ਬੱਚੇ ਨਾਲ ਆਤਮਿਕ ਅਤੇ ਮਾਨਸਿਕ ਰੂਪ ਵਿਚ ਜੁੜਦੀਆਂ ਹਨ। ਉਹ ਧਾਰਮਿਕ ਜਾਂ ਸੂਰਬੀਰਾਂ ਦਾ ਸਾਹਿਤ ਪੜ੍ਹਦੀਆਂ ਹਨ। ਘਰ ਦਾ ਕਾਟੋ ਕਲੇਸ਼ ਅਤੇ ਅਨੈਤਿਕ ਕੰਮ ਬੱਚੇ ਤੇ ਦੁਸ਼ਪ੍ਰਭਾਵ ਪਾਉਂਦੇ ਹਨ। ਚੰਗੀਆਂ ਮਾਵਾਂ ਹੀ ਚੰਗੇ ਬੱਚੇ ਨੂੰ ਜਨਮ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਕਰਦੀਆਂ ਹਨ। ਜਿਸ ਬੱਚੇ ਨੂੰ ਚੰਗੇ ਸੰਸਕਾਰ ਮਿਲੇ ਹੋਣ ਉਸ ਨੂੰ ਕੀ ਚੰਗਾ ਅਤੇ ਕੀ ਮਾੜਾ ਦੱਸਣ ਦੀ ਲੋੜ ਨਹੀਂ ਹੁੰਦੀ। ਬੱਚਿਆਂ ਦੀ ਸੰਗਤ ਵੀ ਉਨ੍ਹਾਂ ਦੇ ਆਚਰਣ ਅਤੇ ਆਦਤਾਂ ’ਤੇ ਬਹੁਤ ਪ੍ਰਭਾਵ ਪਾਉਂਦੀ ਹੈ। ਮਾਂ ਪਿਓ ਬੱਚੇ ਨੂੰ ਜਨਮ ਹੀ ਨਹੀਂ ਦਿੰਦੇ ਸਗੋਂ ਸੰਸਕਾਰ ਵੀ ਦਿੰਦੇ ਹਨ। ਲੇਖਕ ਆਪਣੇ ਨਿਬੰਧ ‘ਜ਼ਿੰਦਗੀ ਦਾ ਆਖਰੀ ਪੜਾਅ’ ਵਿਚ ਲਿਖਦਾ ਹੈ ਕਿ ਮਨੁੱਖ ਨੂੰ ਆਪਣੀ ਕਿਸਮਤ ਆਪਣੇ ਕਰਮਾਂ ਨਾਲ ਖੁਦ ਬਣਾਉਣੀ ਪੈਂਦੀ ਹੈ। ਬੁਢਾਪਾ ਉਮਰ ਨਾਲ ਨਹੀਂ ਸਗੋਂ ਬੰਦੇ ਦੇ ਵਿਚਾਰਾਂ ਨਾਲ ਆਉਂਦਾ ਹੈ। ਆਪਣੇ ਆਪ ਨੂੰ ਬੁੱਢਾ ਸਮਝਣਾ ਆਪਣੀ ਪ੍ਰਗਤੀ ਰੋਕਣਾ ਹੈ। ਕਦੇ ਵੀ ਆਪਣੇ ਆਪ ਨੂੰ ਬੁੱਢਾ ਨਾ ਸਮਝੋ ਸਗੋਂ ਤਜ਼ਰਬੇਕਾਰ ਅਤੇ ਸਿਆਣਾ ਬਣ ਕੇ ਰਹੋ। ਮੰਜ਼ਿਲਾਂ ’ਤੇ ਉਹ ਹੀ ਪਹੁੰਚਦੇ ਹਨ ਜੋ ਰੁਕਾਵਟਾਂ ਨੂੰ ਹੌਸਲੇ ਨਾਲ ਪਾਰ ਕਰਦੇ ਹਨ। ਜ਼ਿੰਦਗੀ ਵਿਚ ਬਦਲਾ ਲੈਣ ਦੀ ਨਹੀਂ ਸਗੋਂ ਬਦਲਾਅ ਕਰਨ ਬਾਰੇ ਸੋਚੋ। ਲੇਖਕ ‘ਮੰਜ਼ਿਲਾਂ ਹੋਰ’ ਵਿਚ ਲਿਖਦਾ ਹੈ ਕਿ ਕਾਮਯਾਬੀ ’ਤੇ ਸਭ ਦਾ ਹੱਕ ਹੈ। ਗਿਆਨ ਦਾ ਘੇਰਾ ਬ੍ਰਹਿਮੰਡ ਜਿੰਨ੍ਹਾ ਵਿਸ਼ਾਲ ਹੈ।ਤੁਹਾਡੇ ਵਿਚ ਕੋਈ ਹੁਨਰ ਹੈ, ਤਾਂ ਹੀ ਤੁਹਾਡੀ ਕਦਰ ਹੈ। ਕਾਮਯਾਬੀ ਸਾਡੀ ਨਿੱਜੀ ਜ਼ਰੂਰਤ ਹੈ। ਇਸੇ ਲਈ ਕਹਿੰਦੇ ਹਨ ਕਿ “ਹੁਨਰ ਹੋਵੇਗਾ ਤਾਂ ਦੁਨੀਆਂ ਕਦਰ ਕਰੇਗੀ, ਅੱਡੀਆਂ ਚੁੱਕਣ ਨਾਲ , ਕਿਰਦਾਰ ਉੱਚਾ ਨਹੀਂ ਹੁੰਦਾ।” ਅਸੀਂ ਜੋ ਕਰਨਾ ਹੈ, ਆਪਣੇ ਲਈ ਕਰਨਾ ਹੈ। ਹਰ ਕਾਮਯਾਬ ਮਨੁੱਖ ਦੀ ਇਕ ਦਰਦਨਾਕ ਕਹਾਣੀ ਹੁੰਦੀ ਹੈ ਅਤੇ ਹਰ ਦਰਦਨਾਕ ਕਹਾਣੀ ਦਾ ਇਕ ਸੁਖਾਵਾਂ ਅੰਤ ਹੁੰਦਾ ਹੈ। ਜਿਹੜੇ ਲੋਕ ਇਕੱਲੇ ਚੱਲਣ ਦਾ ਹੌਸਲਾ ਰੱਖਦੇ ਹਨ, ਇਕ ਦਿਨ ਉਨ੍ਹਾਂ ਮਗਰ ਕਾਫ਼ਲੇ ਹੁੰਦੇ ਹਨ।ਕਾਮਯਾਬੀ ਦੇ ਸੁਪਨੇ ਲੈਣ ਵਾਲੇ ਆਪਣੀ ਮੰਜ਼ਿਲ ’ਤੇ ਪਹੁੰਚਣ ਦੇ ਰਸਤੇ ਤੈਅ ਕਰਦੇ ਹਨ। ਬਿਨਾ ਕਰਮ ਤੋਂ ਫ਼ਲ ਦੀ ਉਮੀਦ ਰੱਖਣਾ ਬੇਅਰਥ ਹੈ। ਕਦੇ ਵੀ ਦੂਜੇ ਦੀ ਆਸ ’ਤੇ ਨਾ ਜੀਓ। ਨਿਰਭਰਤਾ ਬੰਦੇ ਨੂੰ ਅਪਾਹਜ ਬਣਾ ਦਿੰਦੀ ਹੈ। ਲੰਮੇ ਸਫ਼ਰ ਤੇ ਜਾਣ ਵਾਲੇ ਤਾਰਿਆਂ ਦੀ ਛਾਵੇਂ ਉੱਠਦੇ ਹਨ ਤੇ ਆਪਣਾ ਸਫ਼ਰ ਸ਼ੁਰੂ ਕਰਦੇ ਹਨ। ਜ਼ਿੰਦਗੀ ਗੋਲ ਚੱਕਰ ਦੀ ਤਰ੍ਹਾਂ ਹੈ ਜਿਸ ਨੂੰ ਕਿਧਰੋਂ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਗੁਰਸ਼ਰਨ ਸਿੰਘ ਕੁਮਾਰ ਕਹਿੰਦਾ ਹੈ ਕਿ ਤੰਦਰੁਸਤੀ ਅਤੇ ਆਸ ਜ਼ਿੰਦਗੀ ਦੀ ਲੋਅ ਹੈ। ਸੰਘਰਸ਼ ਮਨੁੱਖ ਨੂੰ ਬਾਹਰੋਂ ਸੁੰਦਰ ਅਤੇ ਅੰਦਰੋਂ ਮਜ਼ਬੂਤ ਬਣਾਉਂਦਾ ਹੈ। ਸਬਰ ਬੇਸ਼ੱਕ ਚੰਗੀ ਚੀਜ਼ ਹੈ ਪਰ ਇਹ ਵੀ ਨਹੀਂ ਕਿ ਤੁਸੀਂ ਮਿਹਨਤ ਤੋਂ ਮੂੰਹ ਹੀ ਮੋੜ ਲਉ।। ਪੈਸਾ ਭਾਵੇਂ ਸਭ ਕੁਝ ਨਹੀਂ ਪਰ ਪੈਸੇ ਤੋਂ ਬਿਨਾ ਸਰਦਾ ਵੀ ਨਹੀਂ। ਜ਼ਰੂਰੀ ਨਹੀਂ ਕਿ ਜਿਸ ਵਿਚ ਸਾਹ ਨਹੀਂ , ਉਹ ਹੀ ਮੁਰਦਾ ਹੈ। ਜਿਸ ਮਨੁੱਖ ਵਿਚ ਕੋਈ ਆਸ ਨਹੀਂ ਉਹ ਵੀ ਤਾਂ ਮੁਰਦਾ ਹੀ ਹੈ। ਕਰੋ ਕੁਝ ਐਸਾ ਕਿ ਦੁਨੀਆਂ ਬਣਨਾ ਚਾਹੇ ਤੁਹਾਡੇ ਜੈਸਾ। ਲੇਖਕ ਦਾ ਵਿਚਾਰ ਹੈ ਕਿ ਜੀਵਨ ਨਾ ਤਾਂ ਬੀਤੇ ਸਮੇਂ ਵਿਚ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਹੈ। ਜੀਵਨ ਤਾਂ ਹੁਣ ਵਾਲੇ ਵਰਤਮਾਨ ਵਿਚ ਹੀ ਹੈ। ਦੁਨੀਆਂ ਖੂਹ ਦੀ ਅਵਾਜ਼ ਹੈ। ਸ਼ਖਸੀਅਤ ਬਣਾਉਣ ਲਈ ਮਿਹਨਤ ਅਤੇ ਚੰਗੀਆਂ ਆਦਤਾਂ ਦੇ ਬੀਜ ਬੀਜਣੇ ਪੈਂਦੇ ਹਨ, ਫਿਰ ਕਿੱਧਰੇ ਖ਼ੁਸ਼ਹਾਲੀ ਦੇ ਫੁੱਲ ਲਗਦੇ ਹਨ ਅਤੇ ਸ਼ਖਸੀਅਤ ਬਣਦੀ ਹੈ। ਆਤਮ ਨਿਰਭਰ ਬਣੋ ਅਤੇ ਕਿਸੇ ਤੋਂ ਕੋਈ ਫਾਲਤੂ ਉਮੀਦ ਨਾ ਰੱਖੋ। ਜਦੋਂ ਉਮੀਦਾਂ ਟੁੱਟਦੀਆਂ ਹਨ ਤਾਂ ਬਹੁਤ ਦਰਦ ਦਿੰਦੀਆਂ ਹਨ। ਤੁਹਾਡੀ ਆਵਾਜ ਨਾਲੋਂ ਤੁਹਾਡੇ ਕੰਮ ਆਪਣੇ ਆਪ ਬੋਲਣੇ ਚਾਹੀਦੇ ਹਨ। ਵਿਅਕਤੀ ਬਣ ਕੇ ਨਾ ਜੀਓ, ਸ਼ਖਸੀਅਤ ਬਣ ਕੇ ਜੀਓ। ਘਰ ਤਦ ਤੱਕ ਨਹੀਂ ਟੁੱਟਦੇ ਜਦ ਤੱਕ ਫੈਸਲਾ ਬਜ਼ੁਰਗਾਂ ਦੇ ਹੱਥ ਹੁੰਦਾ ਹੈ। ਇਕ ਪਿਤਾ ਹੀ ਐਸਾ ਹੈ ਜੋ ਚਾਹੁੰਦਾ ਹੈ ਕਿ ਉਸ ਦਾ ਬੇਟਾ ਉਸ ’ਤੋਂ ਵੀ ਉੱਚੇ ਅਹੁਦੇ ਤੇ ਪਹੁੰਚੇ ਅਤੇ ਕਾਮਯਾਬੀ ਦੀਆਂ ਬੁਲੰਦੀਆਂ ਛੂਹੇ। ਜਦੋਂ ਬੱਚੇ ਮਾਂ ਪਿਓ ਨਾਲ ਬੇਰੁਖਾ ਵਤੀਰਾ ਅਪਣਾਉਂਦੇ ਹਨ ਤਾਂ ਮਾਪੇ ਦੁਨੀਆਂ ਜਿੱਤ ਕੇ ਵੀ ਆਪਣੀ ਅੋਲਾਦ ਹੱਥੋਂ ਹਾਰ ਜਾਂਦੇ ਹਨ। ਪਿਤਾ ਦੀ ਸਖਤੀ ਕਾਬਲੀਅਤ ਦੀ ਪੌੜੀ ਚੜ੍ਹਾ ਦਿੰਦੀ ਹੈ। ਜਿਨ੍ਹਾਂ ਬਾਗਾਂ ਦਾ ਕੋਈ ਮਾਲੀ ਨਹੀਂ ਹੁੰਦਾ ਉਹ ਜਲਦੀ ਹੀ ਉਜੱੜ ਜਾਂਦੇ ਹਨ। ਵੱਡੇ ਬਣੋ ਪਰ ਉਸ ਅੱਗੇ ਨਹੀਂ ਜਿਸ ਨੇ ਤੁਹਾਨੂੰ ਵੱਡੇ ਕੀਤਾ ਹੈ। ![]() ਲੇਖਕ ਅਨੁਸਾਰ ਯੁੱਧਾ ਨੇ ਏਨਾ ਨੁਕਸਾਨ ਨਹੀਂ ਕੀਤਾ ਜਿਨ੍ਹਾਂ ਸਾਡੇ ਧਰਮਾਂ ਨੇ ਕੀਤਾ ਹੈ। ਮਿਹਨਤਕਸ਼ ਨੂੰ ਸਮਝਣ ਦੀ ਲੋੜ ਹੈ। ਗ਼ਰੀਬੀ ਉਸ ਦੀ ਕਿਸਮਤ ਨਹੀਂ, ਉਸ ਦਾ ਸੋਸ਼ਣ ਹੈ। ਧਰਮ ਦਾ ਡਰਾਵਾ, ਕਾਨੂੰਨ ਦਾ ਸਿਕੰਜਾ ਅਤੇ ਸਰਮਾਇਦਾਰ ਦਾ ਪੈਸਾ ਮਿਹਨਤਕਸ਼ਾਂ ਨੂੰ ਗ਼ਰੀਬੀ ‘ਚੋਂ ਨਿਕਲਣ ਨਹੀਂ ਦਿੰਦਾ। ਸੁਲਝਿਆ ਹੋਇਆ ਮਨੁੱਖ ਆਪਣੇ ਫੈੈਸਲੇ ਆਪ ਕਰਦਾ ਹੈ ਅਤੇ ਉਨ੍ਹਾਂ ਦੇ ਨਤੀਜਿਆਂ ਨੂੰ ਖਿੜੇ ਮੱਥੇ ਸਵੀਕਾਰ ਕਰਦਾ ਹੈ। ਜਿਵੇਂ ਗ਼ਹਿਰੇ ਤੋਂ ਗ਼ਹਿਰਾ ਬੱਦਲ ਵੀ ਸੂਰਜ ਨੂੰ ਨਿਕਲਣ ਤੋਂ ਰੋਕ ਨਹੀਂ ਸਕਦਾ ਉਸੇ ਤਰ੍ਹਾਂ ਝੂਠ ਅਤੇ ਕੁਫਰ ਨਾਲ ਕਦੀ ਸੱਚਾਈ ਛੁੱਪ ਨਹੀਂ ਸਕਦੀ। ਮਨੁੱਖ ਨੂੰ ਆਲਸ ਛੱਡ ਕੇ ਆਪਣੇ ਗੁਣਾਂ ਨਾਲ ਆਪਣੀ ਕਾਮਯਾਬੀ ਦੇ ਦਰਵਾਜ਼ੇ ਖੋਲ੍ਹਣੇ ਚਾਹੀਦੇ ਹਨ। ਕਾਮਯਾਬੀ ਦੇ ਦਰਵਾਜ਼ਿਆਂ ਵਿਚੋਂ ਲੰਘ ਕੇ ਹੀ ਭੱਵਿਖ ਦੀ ਉਨਤੀ ਦਾ ਵਿਸ਼ਾਲ ਸੰਸਾਰ ਨਜ਼ਰ ਆਵੇਗਾ। ਕੁਦਰਤ ਨੇ ਹਰ ਮਨੁੱਖ ਨੂੰ ਕੁਝ ਨਾ ਕੁਝ ਗੁਣ ਦੇ ਕੇ ਨਿਵਾਜਿਆ ਹੈ। ਮਨੁੱਖ ਦੇ ਗੁਣ ਉਸ ਦੀਆਂ ਕਮਜ਼ੋਰੀਆਂ ਨੂੰ ਵੀ ਢੱਕ ਲੈਂਦੇ ਹਨ। ਨਰਮ ਸੁਭਾਅ ਦਾ ਮਤਲਬ ਕਮਜ਼ੋਰ ਹੋਣਾ ਨਹੀਂ। ਲੇਖਕ ਗੁਰਸ਼ਰਨ ਸਿੰਘ ਕੁਮਾਰ ਕਹਿੰਦਾ ਹੈ ਕਿ ਕਿਸਮਤ ਕੋਈ ਰੱਬ ਦਾ ਲਿਖਿਆ ਹੋਇਆ ਇਕਰਾਰਨਾਮਾ ਨਹੀਂ। ਪਰਮਾਤਮਾ ਸਭ ਨੂੰ ਇਕੋ ਢੰਗ ਨਾਲ ਜਨਮ ਦੇ ਕੇ ਇਸ ਧਰਤੀ ਤੇ ਭੇਜਦਾ ਹੈ। ਉੱਚਾ-ਨੀਵਾਂ, ਵੱਡਾ-ਛੋਟਾ ਅਤੇ ਜਾਤ-ਪਾਤ ਤਾਂ ਸਵਾਰਥੀ ਲੋਕਾਂ ਦੀ ਕਾਢ ਹੈ। ਹਰ ਇਕ ਨੂੰ ਆਪਣੀ ਕਿਸਮਤ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਬਣਾਉਣੀ ਪੈਂਦੀ ਹੈ। ਮਨੁੱਖ ਦੇ ਫੈਸਲੇ ਹੀ ਉਸ ਦੀ ਕਿਸਮਤ ਘੜਦੇ ਹਨ। ਸਵਰਗ ਅਤੇ ਨਰਕ ਇਸ ਧਰਤੀ ’ਤੇ ਹੀ ਹੈ।ਮਨੁੱਖ ਅਰਦਾਸ ਕਰਨ ਸਮੇਂ ਸੋਚਦਾ ਹੈ ਕਿ ਰੱਬ ਨੇੜੇ ਹੀ ਹੈ ਪਰ ਗੁਨਾਹ ਕਰਨ ਲੱਗੇ ਸੋਚਦਾ ਹੈ ਕਿ ਰੱਬ ਬਹੁਤ ਦੂਰ ਹੈ ਇਸ ਲਈ ਉਸ ਨੂੰ ਮੇਰੇ ਵਲੋਂ ਕੀਤਾ ਗੁਨਾਹ ਨਜ਼ਰ ਹੀ ਨਹੀਂ ਆਵੇਗਾ। ਕਮਾਈ ਹੱਕ ਹਲਾਲ ਦੀ ਹੀ ਫਲਦੀ ਹੈ। ਰਿਸ਼ਵਤ ਦੇਣ ਵਾਲੇ ਦੇ ਦੁੱਖ, ਮਾੜੇ ਬਚਨ, ਕ੍ਰੋਧ, ਹੌਕੇ ਅਤੇ ਬਦ-ਅਸੀਸਾਂ ਵੀ ਉਸ ਪੈਸੇ ਨਾਲ ਲੱਗੀਆਂ ਹੁੰਦੀਆਂ ਹਨ। ਮਨੁੱਖ ਦੇ ਚੰਗੇ ਕੰਮਾਂ ਨੂੰ ਉਸ ਦੇ ਪਿੱਛੋਂ ਵੀ ਯਾਦ ਕੀਤਾ ਜਾਂਦਾ ਹੈ। ਜੀਵਨ ਸਿੱਖਣ ਦਾ ਨਾਮ ਹੈ। ਹਰ ਸਿੱਖਿਆ ਸਾਡੇ ਜੀਵਨ ਵਿਚ ਨਿਖਾਰ ਲਿਆਉਂਦੀ ਹੈ। ਲੇਖਕ ਕਹਿੰਦਾ ਹੈ ਕਿ ਕੁਦਰਤ ਦੀ ਗਤੀ ਨੂੰ ਅੱਗੇ ਤੋਰਨ ਲਈ ਸਮਾਜ ਅਤੇ ਕਾਨੂੰਨੀ ਪ੍ਰਵਾਨਗੀ ਨਾਲ ਹੀ ਪਤੀ ਪਤਨੀ ਦਾ ਰਿਸ਼ਤਾ ਹੋਂਦ ਵਿਚ ਆਉਂਦਾ ਹੈ। ਇਸ ਰਿਸ਼ਤੇ ਦੀ ਕਾਮਯਾਬੀ ਲਈ ਪਤੀ ਪਤਨੀ ਵਿਚ ਸਰੀਰਕ ਅਤੇ ਆਤਮਿਕ ਤੌਰ ਤੇ ਕੋਈ ਪਰਦਾ ਨਹੀਂ ਹੋਣਾ ਚਾਹੀਦਾ। ਪਤੀ ਪਤਨੀ ਦਾ ਰਿਸ਼ਤਾ ਪਿਆਰ ਅਤੇ ਕੁਰਬਾਨੀ ਦੀਆਂ ਸੂਖਮ ਤੰਦਾਂ ਤੇ ਟਿਕਿਆ ਹੁੰਦਾ ਹੈ। ਤੀਸਰੇ ਬੰਦੇ ਦਾ ਦਖਲ ਪਤੀ ਪਤਨੀ ਦੇ ਰਿਸ਼ਤੇ ਵਿਚ ਦੂਰੀਆਂ ਪੈਦਾ ਕਰ ਦਿੰਦਾ ਹੈ। ਪਰਿਵਾਰ ਦਾ ਝਗੜਾ ਘਰ ਵਿਚ ਰਹਿਣ ਨਾਲ ਸੁਲਝ ਜਾਂਦਾ ਹੈ, ਜੇ ਫੈਸਲੇ ਲੋਕਾਂ ਦੇ ਹੱਥ ਵਿਚ ਆ ਜਾਣ ਤਾਂ ਪਰਿਵਾਰ ਬਿਖਰ ਜਾਂਦਾ ਹੈ। ਪਹਿਲਾਂ ਔਰਤ ਨੂੰ ਮਨੁੱਖ ਹੀ ਨਹੀਂ ਸੀ ਸਮਝਿਆ ਜਾਂਦਾ। ਉਸ ਨੂੰ ਤਾਂ ਜਾਇਦਾਦ ਜਾਂ ਭੋਗ ਦੀ ਵਸਤੂ ਹੀ ਸਮਝਿਆ ਜਾਂਦਾ ਸੀ। ਇਸ ਲਈ ਔਰਤ ਨੂੰ ਵੇਚਿਆ ਜਾਂਦਾ ਸੀ, ਜੂਏ ਵਿਚ ਹਾਰਿਆ ਜਾਂਦਾ ਸੀ ਜਾਂ ਦੂਜੇ ਨੂੰ ਉਪਹਾਰ ਦੇ ਰੂਪ ਵਿਚ ਵੀ ਦਿੱਤਾ ਜਾਂਦਾ ਸੀ। ਵਿੱਦਿਆ ਨਾਲ ਔਰਤ ਦਾ ਗਿਆਨ ਵਧਿਆ ਹੈ ਅਤੇ ਉਸ ਨੂੰ ਆਪਣੀ ਹਸਤੀ ਦਾ ਪਤਾ ਲੱਗਿਆ ਹੈ। ਔਰਤ ਸੁੰਦਰਤਾ ਦੀ ਦੇਵੀ ਅਤੇ ਸ਼ਕਤੀ ਦਾ ਪ੍ਰਤੀਕ ਹੈ। ਔਰਤ ਮੋਮ ਦੀ ਤਰ੍ਹਾਂ ਨਰਮ ਵੀ ਹੈ ਅਤੇ ਚੰਡੀ ਦੀ ਤਰ੍ਹਾਂ ਤਾਕਤਵਰ ਵੀ ਹੈ। ਲੇਖਕ ਅਨੁਸਾਰ ਸੱਸ ਨੂੰਹ ਦੇ ਰਿਸ਼ਤੇ ਕਦੀ ਕੁਦਰਤੀ ਮੌਤ ਨਹੀਂ ਮਰਦੇ, ਇਨ੍ਹਾਂ ਦਾ ਹਮੇਸ਼ਾਂ ਕਤਲ ਹੁੰਦਾ ਹੈ ਜੋ ਕਦੀ ਗ਼ਲਤ ਸੋਚ ਨਾਲ, ਕਦੀ ਹੰਕਾਰ ਨਾਲ, ਕਦੀ ਕੌੜੇ ਸੁਭਾਅ ਨਾਲ ਅਤੇ ਕਦੀ ਮਤਲਬ-ਪ੍ਰਸਤੀ ਨਾਲ। ਪਰਿਵਾਰ ਦੀ ਬਜ਼ੁਰਗ ਔਰਤ ਇਕ ਧਾਗੇ ਦੀ ਤਰ੍ਹਾਂ ਹੁੰਦੀ ਹੈ ਜੋ ਸਾਰੇ ਮਣਕਿਆਂ ਨੂੰ ਮਾਲਾ ਦੀ ਤਰ੍ਹਾਂ ਪਰੋ ਕੇ ਰੱਖਦੀ ਹੈ। ਜੇ ਧਾਗਾ ਟੁੱਟ ਜਾਵੇ ਤਾਂ ਸਾਰੇ ਮਣਕੇ ਬਿਖਰ ਜਾਂਦੇ ਹਨ। ਨੂੰਹ ਸੱਸ ਦਾ ਰਿਸ਼ਤਾ ਮਾਂ-ਧੀ ਵਾਲਾ ਵੀ ਹੋ ਸਕਦਾ ਹੈ। ਪਰਿਵਾਰ ਤੋਂ ਹੀ ਸਮਾਜ ਰੂਪੀ ਫਸਲ ਤਿਆਰ ਹੁੰਦੀ ਹੈ। ਹਰ ਮਨੁੱਖ ਤੇ ਗੁਰਸ਼ਰਨ ਸਿੰਘ ਕੁਮਾਰ ਦੀਆਂ ਇਹ ਗੱਲਾਂ ਸਹੀ ਢੁਕਦੀਆਂ ਹਨ ਕਿ ਸੂਰਜ ਕੇਵਲ ਆਪਣੇ ਲਈ ਹੀ ਰੋਸ਼ਨੀ ਨਹੀਂ ਦਿੰਦਾ, ਦਰਿਆ ਕਦੀ ਆਪਣਾ ਪਾਣੀ ਆਪ ਨਹੀਂ ਪੀਂਦਾ ਦਰਖਤ ਕਦੀ ਆਪਣਾ ਫ਼ਲ ਆਪ ਨਹੀਂ ਖਾਂਦੇ ਅਤੇ ਫੁੱਲ ਵੀ ਆਪਣੀ ਸੁੰਦਰਤਾ ਅਤੇ ਖ਼ੁਸ਼ਬੂ ਦੂਜਿਆਂ ਨੂੰ ਹੀ ਵੰਡਦੇ ਹਨ। ਮਨੁੱਖ ਨੂੰ ਵੀ ਇਨਸਾਨ ਬਣਨਾ ਚਾਹੀਦਾ ਹੈ। ਇਕ ਦੂਜੇ ਦੇ ਕੰਮ ਆਉਣਾ ਹੀ ਇਨਸਾਨੀਅਤ ਹੈ। ਅਮੀਰ ਵਿਅਕਤੀ ਨਾ ਹੀ ਕਦੇ ਆਪਣੇ ਲਈ ਖ਼ੁਸ਼ੀ ਖਰੀਦ ਸਕਦਾ ਹੈ ਅਤੇ ਨਾ ਹੀ ਆਪਣਾ ਦੁੱਖ ਦੂਜੇ ਨੂੰ ਵੇਚ ਸਕਦਾ ਹੈ। ਆਪਣਾ ਦੁੱਖ ਤਾਂ ਆਪਣੇ ਸਰੀਰ ਅਤੇ ਆਤਮਾ ਤੇ ਹੀ ਝੱਲਣਾ ਪੈਂਦਾ ਹੈ। ਲੇਖਕ ਅਗਾਂਹ ਵਧੂ ਵਿਚਾਰਾਂ ਦਾ ਧਾਰਨੀ ਹੈ। ਉਹ ਇਸ ਸੰਸਾਰ ਤੇ ਆਪਣੀ ਜ਼ਿੰਦਗੀ ਦਾ ਤਜ਼ੱਰਬਾ, ਸਾਹਿਤ ਰਚ ਕੇ ਛੱਡ ਜਾਣਾ ਚਾਹੁੰਦਾ ਹੈ ਤਾਂ ਕਿ ਪਾਠਕ ਇਸ ਸਾਹਿਤ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਨੂੰ ਖ਼ੁਸ਼ਗਵਾਰ ਬਣਾ ਸਕਣ। ਸਧਾਰਨ ਲੋਕ ਸਾਰੀ ਉਮਰ ਨਾ ਆਪਣੇ ਆਪ ਨੂੰ ਸਮਝਣ ਦਾ ਯਤਨ ਕਰਦੇ ਹਨ ਅਤੇ ਨਾ ਹੀ ਇਸ ਜਗਤ ਤਮਾਸ਼ੇ ਨੂੰ ਸਮਝਦੇ ਹਨ। ਖ਼ੂਬਸੂਰਤ ਜੀਵਨ ਦਾ ਅਧਿਕਾਰੀ ਬਣਨ ਲਈ ਔਖੇ ਰਾਹਾਂ ਉੱਪਰ ਚਲਣਾ ਪੈਂਦਾ ਹੈ।ਗੁਰਸ਼ਰਨ ਸਿੰਘ ਕੁਮਾਰ ਦੀ ਹਰ ਰਚਨਾ ਪ੍ਰੇਰਨਾਦਾਇਕ ਹੁੰਦੀ ਹੈ ਅਤੇ ਸਿਰਲੇਖ ਦਿਲ ਖਿੱਚਵੇਂ ਹੁੰਦੇ ਹਨ। ਉਸ ਸਾਹਿਤ ਨੂੰ ਹੀ ਊਸਾਰੂ ਸਾਹਿਤ ਕਿਹਾ ਜਾ ਸਕਦਾ ਹੈ ਜਿਸ ਨੂੰ ਪੜ੍ਹ ਕੇ ਪਾਠਕ ਆਪਣੇ ਅੰਦਰ ਆਪਣੇ ਗਿਆਨ ਰੂਪੀ ਸੂਰਜ ਦਾ ਪ੍ਰਕਾਸ਼ ਕਰ ਲਏ। ਲੇਖਕ ਦੀ ਸ਼ਬਦਾਵਲੀ ਵੀ ਬਹੁਤ ਪ੍ਰਭਾਵ ਸ਼ਾਲੀ ਹੈ। ਉਸ ਦੇ ਨਿਬੰਧ ਜ਼ਿੰਦਗੀ ਦੇ ਹਨੇਰਿਆਂ ਰਸਤਿਆਂ ਨੂੰ ਰੁਸ਼ਨਾਉਣ ਦੇ ਸਮਰੱਥ ਹਨ। ਗੁਰਸ਼ਰਨ ਸਿੰਘ ਕੁਮਾਰ ਦੀ ਹੱਥਲੀ ਪੁਸਤਕ “ਮੰਜ਼ਿਲਾਂ ਹੋਰ ਵੀ ਹਨ” ਪਾਠਕਾਂ ਲਈ ਚਾਨਣ ਮੁਨਾਰਾ ਬਣੇਗੀ ਕਿਉਂਕਿ ਲੇਖਕ ਨਿੱਜ ਤੋਂ ਸ਼ੁਰੂ ਕਰ ਕੇ ਸਾਰੇ ਸਮਾਜ ਅਤੇ ਸਾਰੀ ਮਨੁੱਖਤਾ ਨੂੰ ਪਿਆਰ ਦੇ ਕਲਾਵੇ ਵਿਚ ਲੈਣਾ ਲੋਚਦਾ ਹੈ। ਗੁਰਸ਼ਰਨ ਸਿੰਘ ਕੁਮਾਰ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਆਪਣਾ ਯੋਗਦਾਨ ਪਾਉਣ ਵਿਚ ਸਫਲ ਰਿਹਾ ਹੈ। ਗੁਰਸ਼ਰਨ ਸਿੰਘ ਕੁਮਾਰ ਦਾ ਜੀਵਨ ‘ਚੜਦੀਕਲਾ ਦੇ ਸੰਕਲਪ’ ਨੂੰ ਨਿਭਾਉਣ ਵਾਲਾ ਹੈ ਉਹ ਜਿਆਦਾ ਚੇਤਨ ਮੁਖੀ ਸ਼ਖਸੀਅਤ ਦਾ ਮਾਲਕ ਰਿਹਾ ਹੈ ਜਿਸ ਨੇ ਜ਼ਿੰਦਗੀ ਵਿਚ ਆਏ ਹਨੇਰਿਆਂ ਨੂੰ ਵੀ ਜੁਗਨੂੰ ਬਣ ਕੇ ਰੁਸ਼ਨਾਇਆ ਹੈ। ਉਸ ਨੇ ਪ੍ਰੇਰਨਾਦਾਇਕ ਲਿਖਤਾਂ ਰਾਹੀਂ ਭਰਪੂਰ ਚਾਨਣ ਵੰਡਿਆ ਹੈ। ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਮੈਨੂੰ ਇਕ ਕਾਮਯਾਬ ਪੁਸਤਕ “ਮੰਜ਼ਿਲਾਂ ਹੋਰ ਵੀ ਹਨ” ਦਾ ਮੁੱਖ ਬੰਦ ਲਿਖਣ ਦਾ ਮੌਕਾ ਮਿਲਿਆ ਹੈ। ਇਸ ਪੁਸਤਕ ਦੇ ਸਾਰੇ ਨਿਬੰਧ ਊਸਾਰੂ ਹਨ। ਇਨ੍ਹਾਂ ਨਿਬੰਧਾਂ ਨੂੰ ਸ਼ੁਰੂ ਕਰਦਿਆਂ ਹੀ ਅੱਗੇ ਹੋਰ ਪੜ੍ਹਨ ਨੂੰ ਦਿਲ ਕਰਦਾ ਹੈ। ਉਮੀਦ ਕਰਦਾ ਹਾਂ ਕਿ ਗੁਰਸ਼ਰਨ ਸਿੰਘ ਕੁਮਾਰ ਮਾਂ ਬੋਲੀ ਪੰਜਾਬੀ ਦੀ ਇਸੇ ਤਰ੍ਹਾਂ ਹੀ ਪੂਰੀ ਲਗਨ ਨਾਲ ਸੇਵਾ ਕਰਦਾ ਰਹੇਗਾ। ਮੈਂ ਗੁਰਸ਼ਰਨ ਸਿੰਘ ਕੁਮਾਰ ਨੂੰ ਇਕ ਕਾਮਯਾਬ ਪੁਸਤਕ “ਮੰਜ਼ਿਲਾਂ ਹੋਰ ਵੀ ਹਨ” ਲਿਖਣ ਤੇ ਦਿਲੋਂ ਵਧਾਈ ਦਿੰਦਾ ਹਾਂ। |
About the author
ਐਡਵੋਕੇਟ ਦਰਬਾਰਾ ਸਿੰਘ ‘ਢੀਂਡਸਾ’
ਬੀ.ਬਲਾਕ, ਲਾਇਰਜ਼ ਕੰਪਲੈਕਸ, ਚੈਂਬਰ ਨੰ: 123
ਜਿਲ੍ਹਾ ਕਚਹਿਰੀ, ਸ੍ਰੀ ਫਤਹਿਗੜ ਸਾਹਿਬ
ਪ੍ਰਧਾਨ
ਜਿਲ੍ਹਾ ਲਿਖਾਰੀ ਸਭਾ
ਸ੍ਰੀ ਫਤਹਿਗੜ ਸਾਹਿਬ