25 April 2024

ਬੈਲਜੀਅਮ ਦੀ ਪਰਪੱਕ ਪੰਜਾਬੀ ਸ਼ਾਇਰਾ ਜੀਤ ਸੁਰਜੀਤ—ਹਰਮੀਤ ਸਿੰਘ ਅਟਵਾਲ

ਬੈਲਜੀਅਮ ਦੀ ਪਰਪੱਕ ਪੰਜਾਬੀ ਸ਼ਾਇਰਾ ਜੀਤ ਸੁਰਜੀਤ—ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (12 ਸਤੰਬਰ 2021 ਨੂੰ) 53ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਪੰਜਾਬੀ ਸ਼ਾਇਰਾ ਜੀਤ ਸੁਰਜੀਤ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਬੈਲਜ਼ੀਅਮ ਦੀ ਪਰਪੱਕ ਪੰਜਾਬੀ ਸ਼ਾਇਰਾ ਜੀਤ ਸੁਰਜੀਤ’ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਦੁਨੀਆ ਦੀ ਕੋਈ ਵੀ ਯੂਨੀਵਰਸਿਟੀ ਪਰਪੱਕਤਾ ਦਾ ਪ੍ਰਮਾਣ ਪੱਤਰ ਜਾਰੀ ਨਹੀਂ ਕਰਦੀ। ਪਰਪੱਕਤਾ ਤਾਂ ਪ੍ਰੌਢਤਾ, ਨਿਪੁੰਨਤਾ ਜਾਂ ਮੁਹਾਰਤ ਕਾਬਲ ਸ਼ਖ਼ਸੀਅਤ ਦੀ ਕਾਬਲੀਅਤ ਵਿੱਚੋਂ ਆਪ ਮੁਹਾਰੇ ਝਲਕਦੀ ਹੈ। ਜੇ ਕੋਈ ਸਾਹਿਤਕਾਰ ਹੈ ਤਾਂ ਉਸ ਦੀ ਸਾਹਿਤਕਾਰੀ ਵਿੱਚੋਂ ਨਜ਼ਰ ਆਉਂਦੀ ਹੈ। ਸਾਹਿਤ ਦੇ ਖੇਤਰ ਵਿਚ ਵੀ ਜੇ ਕੋਈ ਸ਼ਾਇਰ ਹੈ ਤਾਂ ਉਸ ਦੇ ਸ਼ਾਇਰਾਨਾ ਸ਼ਊਰ ਵਿੱਚੋਂ ਦਿਸ ਆਉਂਦੀ ਹੈ।

ਇਹ ਜ਼ਰੂਰੀ ਨਹੀਂ ਹੈ ਕਿ ਜੇ ਕਿਸੇ ਦੀ ਸ਼ਾਇਰੀ ਦੀਆਂ ਇੱਕ ਤੋਂ ਵੱਧ ਕਿਤਾਬਾਂ ਆਵਣ ਤਾਂ ਹੀ ਉਹ ਪਰਪੱਕ ਹੁੰਦਾ ਹੈ। ਇਹ ਗੱਲ ਖੁੱਲ੍ਹੇ ਦਿਨ ਨਾਲ ਮੰਨਣਯੋਗ ਹੈ ਕਿ ਕੋਈ ਵੀ ਸਿਆਣਪ ਆਪਣੇ ਆਰੰਭਕ ਦੌਰ ਵਿਚ ਹੀ ਆਪਣੀ ਦਸਤਕ ਦੇ ਦਿੰਦੀ ਹੈ। ਹੋਣਹਾਰ ਸ਼ਾਇਰ ਆਪਣੀ ਪਹਿਲੀ ਕਿਤਾਬ ਨਾਲ ਹੀ ਆਪਣੀ ਹੋਂਦ ਦਾ ਇਜ਼ਹਾਰ ਕਰ ਦਿੰਦੇ ਹਨ, ਆਪਣੀ ਪਰਪੱਕਤਾ ਦਾ ਪੁਖਤਾ ਪ੍ਰਮਾਣ ਦੇ ਦਿੰਦੇ ਹਨ। ਅਜਿਹੇ ਸ਼ਾਇਰਾਂ ’ਚੋਂ ਹੀ ਇੱਕ ਪਰਪੱਕ ਪੰਜਾਬੀ ਸ਼ਾਇਰਾ ਹੈ ਜੀਤ ਸੁਰਜੀਤ ਜਿਹੜੀ ਪਿਛਲੇ ਵੀਹ ਵਰਿੵਆਂ ਤੋਂ ਯੂਰਪ ਦੇ ਅਹਿਮ ਦੇਸ਼ ਬੈਲਜ਼ੀਅਮ ਵਿਚ ਵੱਸਦੀ ਹੈ ਤੇ ਜਿਸ ਨੇ ਆਪਣੇ ਪਹਿਲੇ ਹੀ ਗ਼ਜ਼ਲ ਸੰਗ੍ਰਹਿ ‘ਕਾਗ਼ਜ਼ੀ ਕਿਰਦਾਰ’ ਨਾਲ ਆਪਣੀ ਸ਼ਾਇਰੀ ਸਿਰਜਣ ਦੀ ਪਰਪੱਕ ਸਮਝ ਦਾ ਠੋਸ ਸਬੂਤ ਦੇ ਦਿੱਤਾ ਹੈ। 135 ਪੰਨਿਆਂ ਦੀ ਇਸ ਪੁਸਤਕ ਵਿਚ ਕੁਲ 111 ਗ਼ਜ਼ਲਾਂ ਹਨ। ਸ਼ਾਇਰੀ ਦੀ ਜ਼ਹੀਨਤਾ ਦੀ ਜ਼ੋਰਾਵਰੀ ਜਾਨਣ ਵਾਲੇ ਅਦਬੀ ਮੋਹਵੰਤੇ ਪਾਠਕ ਜੇ ਇੱਕ ਵਾਰ ਇਸ ਨੂੰ ਪੜ੍ਹਨਾ ਸ਼ੁਰੂ ਕਰਨ ਤਾਂ ਪਤਾ ਲਗ ਜਾਂਦਾ ਹੈ ਕਿ ਕਿਵੇਂ ਜੀਤ ਸੁਰਜੀਤ ਤਲਖ ਹਕੀਕਤਾਂ ਦੀ ਤਰਜ਼ ਮਾਨੀ ਸੁਹਜਾਤਮਕ ਅੰਦਾਜ਼ ’ਚ ਕਰਦੀ ਹੋਈ ਪਾਠਕ ਦੇ ਮਨ-ਮਸਤਕ ਵਿਚ ਆਪਣੀ ਥਾਂ ਬਣਾਉਂਦੀ ਹੈ। ਗੱਲ ਅਗਾਂਹ ਤੋਰਨ ਤੋਂ ਪਹਿਲਾਂ ‘ਕਾਗ਼ਜ਼ੀ ਕਿਰਦਾਰ’ ਦੀ ਪਹਿਲੀ ਹੀ ਗ਼ਜ਼ਲ ਦੇ ਕੁਝ ਸ਼ਿਅਰ ਇੱਥੇ ਕਾਬਲਿ-ਗ਼ੌਰ ਹਨ :-

ਜਦੋਂ ਹੱਕ ਲੈਣ ਆਏ ਤਾਂ, ਤੁਸੀਂ ਪੜ੍ਹਨਾ ਹੀ ਭੁੱਲੇ ਸੀ,
ਸੁਆਗਤ ਹੈ, ਲਿਖਾ ਛੱਡਿਆ, ਤੁਸੀਂ ਜੋ ਤਖ਼ਤਿਆਂ ਉੱਤੇ।

ਅਸੀਂ ਜਿਸ ਕੌਮ ਦੇ ਵਾਰਸ ਹਾਂ, ਉਸਦੀ ਰੀਤ ਨੇ ਦੱਸਿਆ,
ਕਿਵੇਂ ਕਾਬੂ ਹੈ ਪਾਈਦਾ ਕਿ ਹਾਥੀ ਮਸਤਿਆਂ ਉੱਤੇ।

ਪੁਸਤਕ ਦਾ ਨਾਂ ‘ਕਾਗ਼ਜ਼ੀ ਕਿਰਦਾਰ’ ਹੈ। ਕਾਗ਼ਜ਼ੀ ਕਿਰਦਾਰਾਂ ਬਾਰੇ ਇੱਕ ਮੁਸਲਸਲ ਗ਼ਜ਼ਲ ਵਿੱਚੋਂ ਕੁਝ ਸ਼ਿਅਰ ਵੀ ਇਥੇ ਹਾਜ਼ਰ ਹਨ :-

ਜਦੋਂ ਘਿਰਦੇ ਤੂਫ਼ਾਨੀ ਬਾਰਿਸ਼ਾਂ ਵਿਚਕਾਰ ਵੀਰਾ ਜੀ।
ਪਛਾਣੇ ਜਾਣ ਪਲ ਵਿੱਚ ਕਾਗ਼ਜ਼ੀ ਕਿਰਦਾਰ ਵੀਰਾ ਜੀ।

ਇਹ ਮੋਮੋ-ਠਗਣੀਆਂ ਗੱਲਾਂ ਦੇ ਸਾਨੂੰ ਅਰਥ ਆਉਂਦੇ ਨੇ,
ਸਫ਼ਾਈ ਦੇਣ ਕਿਉਂ ਲਗਦੇ ਤੁਸੀਂ ਹਰ ਵਾਰ ਵੀਰਾ ਜੀ।

ਜੇ ਇੱਜ਼ਤ ਮਾਣ ਚਾਹੀਦੈ ਤਾਂ ਸਿੱਖ ਔਕਾਤ ਵਿੱਚ ਰਹਿਣਾ,
ਨਾ ਐਵੇਂ ਮਾਣ ਮਰਿਆਦਾ ਦੀ ਟੱਪ ਦੀਵਾਰ ਵੀਰਾ ਜੀ।

ਅਸੀਂ ਐਨੇ ਵੀ ਨਾ ਭੋਲੇ ਕਿ ਤੇਰੀ ਨੀਤ ਨਾ ਪੜ੍ਹੀਏ,
ਅਸਾਂ ਨੇ ਜੰਮਿਆ ਕੁੱਖੋਂ ਹੈ ਕੁਲ ਸੰਸਾਰ ਵੀਰਾ ਜੀ।

ਹਮੇਸ਼ਾ ਤੋਂ ਕਿਉਂ ਸਾਨੂੰ ਹੀ ਦੇਵੋਂ ਦਾਨ ਅਕਲਾਂ ਦਾ,
ਕਦੇ ਆਪਣੇ ’ਤੇ ਪਾ ਦੇਖੋ ਅਕਲ ਦਾ ਭਾਰ ਵੀਰਾ ਜੀ।

ਹਰ ਤਰ੍ਹਾਂ ਦੇ ਕਾਗ਼ਜ਼ੀ ਕਿਰਦਾਰਾਂ ਬਾਰੇ ਖ਼ੁਦ ਜੀਤ ਸੁਰਜੀਤ ਦਾ ਕਹਿਣਾ ਹੈ ਕਿ :-

* ‘‘ਕਾਗ਼ਜ਼ੀ ਕਿਰਦਾਰ ਵਰਗੇ ਲੋਕਾਂ ਨੇ ਕਿਤੇ ਨਾ ਕਿਤੇ ਹਰ ਮੋੜ ਉੱਤੇ ਮੇਰੀ ਰੂਹ ਨੂੰ ਜ਼ਖ਼ਮੀ ਕੀਤਾ ਹੈ। ਮੈਂ ਆਪਣੇ ਕਾਲਜ ਟਾਈਮ ਤੋਂ ਲੈ ਕੇ ਇਹ ਗੱਲ ਬਹੁਤ ਗੰਭੀਰਤਾ ਨਾਲ ਮਹਿਸੂਸ ਕੀਤੀ ਹੈ ਕਿ ਸਾਡੇ ਆਲੇ-ਦੁਆਲੇ ਬਹੁਤ ਸਾਰੇ ਅਜਿਹੇ ਕਿਰਦਾਰ ਹੁੰਦੇ ਹਨ ਜਿਨ੍ਹਾਂ ਦੀ ਕਹਿਣੀ ਤੇ ਕਰਨੀ ਵਿਚ ਦੂਰ-ਦੂਰ ਤਕ ਕੋਈ ਮੇਲ਼ ਨਹੀਂ ਹੁੰਦਾ। ਗੱਲ ਲਿੰਗ ਵਖਰੇਵੇਂ ਦੀ ਨਾ ਵੀ ਕਰੀਏ ਤਾਂ ਵੀ ਜੋ ਜਾਤੀਵਾਦ ਨੂੰ ਬੜਾਵਾ ਦਿੰਦੇ ਹਨ, ਧਰਮ ਦੇ ਨਾਂ ’ਤੇ ਦਵੰਧ ਫੈਲਾਉਂਦੇ ਹਨ ਜਾਂ ਰਾਜਨੀਤਕ ਖੇਤਰ ਵਿਚ ਆਪਣੇ ਨਿੱਜੀ ਵਾਫ਼ਾਤ ਲਈ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ, ਉਹ ਸਭ ਕਾਗ਼ਜ਼ੀ ਕਿਰਦਾਰ ਹੀ ਹਨ। ਅਜਿਹੇ ਲੋਕਾਂ ਦੀ ਆਪਣੀ ਕੋਈ ਸੋਚ ਸਮਝ ਨਹੀਂ ਹੁੰਦੀ, ਬਲਕਿ ਜਿਸ ਪਾਸੇ ਵੱਲ ਨੂੰ ਹਵਾ ਦਾ ਰੁੱਖ ਤੇਜ਼ ਹੁੰਦਾ ਹੈ, ਓਸੇ ਪਾਸੇ ਵਹਿ ਜਾਂਦੇ ਹਨ। ਸਾਨੂੰ ਅਜਿਹੇ ਹਲਕੇ ਕਿਰਦਾਰਾਂ ਵਾਲ਼ੇ ਲੋਕਾਂ ਨੂੰ ਪਛਾਨਣ ਦੀ ਸ਼ਦੀਦ ਲੋੜ ਹੈ।’’

ਦਰਅਸਲ ਸਮੇਂ ਦਾ ਸੱਚ ਬੜਾ ਤਲਖ ਹੈ, ਕੌੜਾ ਹੈ ਪਰ ਤਲਖੀਆਂ-ਰੰਗੀਨੀਆਂ ਨਾਲ-ਨਾਲ ਹੀ ਚਲਦੀਆਂ ਹੁੰਦੀਆਂ ਹਨ। ਬਸ ਮਾਤਰਾ ਦੀ ਵਾਧ-ਘਾਟ ਹੀ ਹੁੰਦੀ ਹੈ। ‘ਜੀਤ ਸੁਰਜੀਤ’ ਇਨ੍ਹਾਂ ਸਭ ਨੁਕਤਿਆਂ ਨੂੰ ਬਾਖ਼ੂਬੀ ਸਮਝਦੀ ਹੈ। ਉਸ ਦੀ ਅੰਤਰ ਦ੍ਰਿਸ਼ਟੀ ਦੂਰ ਤਕ ਦੇਖਣ ਦੇ ਸਮਰੱਥ ਹੈ। ਉਸ ਦੀ ਗ਼ਜ਼ਲ ਦਾ ਇਹ ਮਤਲਾ ਇਥੇ ਪ੍ਰਸੰਗਿਕ ਜਾਪਦਾ ਹੈ :-

ਤੂੰ ਸਹਿਜ-ਸੁਭਾ ਹੀ ਕਰ ਜਾਨੈਂ, ਪਰ ਮੇਰੇ ਲਈ ਲੱਖ ਦੀਆਂ।
ਤੇਰੀਆਂ ਗੱਲਾਂ ਮੇਰੇ ਦਿਲ ਨੂੰ, ਆਹਰੇ ਲਾਈ ਰੱਖਦੀਆਂ।

ਤੈਂ ਹੋਠਾਂ ’ਤੇ ਚੁੱਪ ਸਜਾਈ, ਜਿਉਂ ਉਮਰਾਂ ਤੋਂ ਮੌਨ ਲਿਆ,
ਪਰ ਮੈਂ ਰਮਜ਼ਾਂ ਸਮਝ ਲਵਾਂ, ਸਰਦਾਰਾ! ਤੇਰੀ ਅੱਖ ਦੀਆਂ।

ਜੀਤ ਸੁਰਜੀਤ ਦੀ ਇਹ ਗੱਲ ਵੀ ਧਿਆਨ ਮੰਗਦੀ ਹੈ ਕਿ ‘ਮੇਰੇ ਲਈ ਕਿਤਾਬ ਵਿਚਲੇ ਹਰ ਲਫ਼ਜ਼ ਦਾ ਆਪਣਾ ਅਤੀਤ ਅਤੇ ਮਹੱਤਵ ਹੈ। ਮੇਰੀਆਂ ਲਿਖਤਾਂ ਉੱਤੇ ਭੂ-ਹੇਰਵੇ, ਰਿਸ਼ਤੇ ਨਾਤੇ, ਸਮਾਜਿਕ ਗਤੀਵਿਧੀਆਂ ਅਤੇ ਇਨਸਾਨੀਅਤ ਤੋਂ ਵਿਰਵੇ ਭਾਵਾਂ ਦਾ ਬਹੁਤ ਅਸਰ ਹੁੰਦਾ ਹੈ। ਮਨ ਦੀ ਵੇਦਨਾ ਅਕਸਰ ਮੈਨੂੰ ਖ਼ਾਮੋਸ਼ ਕਰ ਦਿੰਦੀ ਹੈ ਤੇ ਫਿਰ ਜਦੋਂ ਇਹ ਖ਼ਾਮੋਸ਼ੀ ਸ਼ੋਰ ਕਰਦੀ ਹੈ ਤਾਂ ਲਿਖਤਾਂ ਵਿਚ ਸਿੱਲ੍ਹਾਪਨ ਆ ਜਾਂਦਾ ਹੈ। ‘ਸਾਹਿਤ ਸੁਰ ਸੰਗਮ’ ਸਭਾ ਇਟਲੀ ਤੋਂ ਦਲਜਿੰਦਰ ਰਹਿਲ, ਨਾਮਵਰ ਸ਼ਾਇਰਾ ਸੁਖਵਿੰਦਰ ਅੰਮ੍ਰਿਤ, ਸਕਾਟਲੈਂਡ ਤੋਂ ਅਮਨਦੀਪ ਸਿੰਘ ਅਮਨ, ਕੈਨੇਡਾ ਤੋਂ ਰਾਜਵੰਤ ਰਾਜ ਨੇ ਵੀ ਆਪਣੇ ਸਮੀਖਿਆਤਮਕ ਵਿਚਾਰ ਇਸ ਪੁਸਤਕ ਬਾਰੇ ਪ੍ਰਗਟਾਏ ਹਨ।

ਜੀਤ ਸੁਰਜੀਤ ਨਾਲ ਹੁੰਦੇ ਰਹਿੰਦੇ ਸਾਹਿਤਕ ਵਿਚਾਰ ਵਟਾਂਦਰੇ ’ਚੋਂ ਉਸ ਵੱਲੋਂ ਕੁਝ ਅੰਸ਼ ਇਥੇ ਦਰਜ ਹਨ ਜਿਨ੍ਹਾਂ ’ਚੋਂ ਉਸ ਦੇ ਬਚਪਨ, ਵਿੱਦਿਆ, ਪਰਵਾਸ ਤੇ ਸਾਹਿਤ ਸੰਬੰਧੀ ਅਗਲੀ ਵਿਕਾਸਾਤਮਕ ਸਥਿਤੀ ਬਾਰੇ ਗਿਆਨ ਹੁੰਦਾ ਹੈ :-

* ਮੇਰਾ ਜਨਮ ਕਪੂਰਥਲੇ ਜ਼ਿਲ੍ਹੇ ਦੇ ਪਿੰਡ ਠੱਟਾ ਨਵਾਂ ਵਿਚ ਪਿਤਾ ਦਰਸ਼ਨ ਸਿੰਘ ਤੇ ਮਾਤਾ ਗੁਰਮੀਤ ਕੌਰ ਦੇ ਘਰ 4 ਮਾਰਚ 1974 ਨੂੰ ਹੋਇਆ। ਮੈਂ ਅਕਤੂਬਰ 2001 ਤੋਂ ਬੈਲਜ਼ੀਅਮ ਵਿਚ ਹਾਂ। ਮੈਂ ਐੱਸਡੀ ਕਾਲਜ ਫਾਰ ਵੋਮੈਨ ਸੁਲਤਾਨਪੁਰ ਲੋਧੀ ਤੋਂ ਬੀ.ਏ. ਕੀਤੀ ਤੇ ਐੱਮ.ਏ. (ਅਰਥ ਸ਼ਾਸਤਰ) ਰਣਧੀਰ ਕਾਲਜ ਕਪੂਰਥਲਾ ਤੋਂ ਕੀਤੀ।

* ਕਿਤਾਬਾਂ ਪੜ੍ਹਨ ਦਾ ਸ਼ੌਕ ਤਾਂ ਸੀ ਪਰ ਘਰ ਦਾ ਮਾਹੌਲ ਬਹੁਤਾ ਸਾਹਿਤਕ ਨਹੀਂ ਸੀ। ਮੈਂ ਸ਼ੁਰੂ ਤੋਂ ਹੀ ਜਦ ਕੋਈ ਉਦਾਸ ਗੀਤ ਸੁਣਦੀ ਤਾਂ ਉਸ ਦੇ ਉਲਟ ਗੀਤ ਬਣਾ ਕੇ ਗੁਣਗੁਣਾਉਂਦੀ। ਕਾਲਜ ਦੀ ਪੜ੍ਹਾਈ ਸਮੇਂ ਲਾਇਬ੍ਰੇਰੀ ਤੋਂ ਕਿਤਾਬਾਂ ਲੈ ਕੇ ਪੜ੍ਹਨ ਦੇ ਰੁਝਾਨ ਨੇ ਸ਼ਬਦਾਂ ਨਾਲ ਸਾਰਥਿਕ ਹੇਰ-ਫੇਰ ਕਰਨ ਲਾ ਦਿੱਤਾ। ਮੇਰੀ ਪਹਿਲੀ ਨਜ਼ਮ ਦਾ ਨਾਂ ਸ਼ਾਇਦ ‘ਕੱਚੇ ਰੰਗ’ ਸੀ।

* ਕਵੀ ਦੀ ਸੰਵੇਦਨਾ ਹੀ ਉਸ ਨੂੰ ਭੀੜ ਤੋਂ ਵੱਖ ਕਰਦੀ ਹੈ। ਸੰਵੇਦਨਸ਼ੀਲ ਵਿਅਕਤੀ ਆਪਣੇ ਨਾਲ-ਨਾਲ ਸਮਾਜ ਦੀ ਹਰ ਘਟਨਾ ਨੂੰ ਆਮ ਵਿਅਕਤੀ ਨਾਲੋਂ ਵੱਧ ਮਹਿਸੂਸ ਕਰਦਾ ਹੈ। ਪਰਦੇਸੀ ਕਵੀਆਂ ਦੇ ਮਨ ਆਪਣੇ ਲੋਕਾਂ ਲਈ ਸ਼ਾਇਦ ਹੋਰ ਵੀ ਸੰਵੇਦਨਸ਼ੀਲ ਹੋ ਜਾਂਦੇ ਹਨ।

* ਬੈਲਜ਼ੀਅਮ ਵਿਚ ਰਹਿਣ ਵਾਲੇ ਪੰਜਾਬੀਆਂ ਦੇ ਮਨਾਂ ਵਿਚ ਆਪਣੇ ਸਾਹਿਤ ਅਤੇ ਸੱਭਿਆਚਾਰ ਪ੍ਰਤੀ ਬਹੁਤ ਪਿਆਰ ਹੈ। ਸਮੇਂ-ਸਮੇਂ ’ਤੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ-ਨਾਲ ਨਵੀਂ ਪੀੜ੍ਹੀ ਨੂੰ ਮਾਂ ਬੋਲੀ ਨਾਲ ਜੋੜਨ ਲਈ ਵਿਸ਼ੇਸ ਕਲਾਸਾਂ ਲਾਈਆਂ ਜਾਂਦੀਆਂ ਹਨ। ਕੁਝ ਵਿਸ਼ੇਸ਼ ਹਸਤੀਆਂ ਜਿਨ੍ਹਾਂ ਵਿਚ ਸਾਡੇ ਸੀਨੀਅਰ ਰਿਪੋਰਟਰ ਅਮਰਜੀਤ ਸਿੰਘ ਭੋਗਲ ਸੰਚਾਰ ਸਾਧਨਾਂ ਰਾਹੀਂ ਇਥੋਂ ਦੀਆਂ ਗਤੀਵਿਧੀਆਂ ਤੋਂ ਪੂਰੇ ਵਿਸ਼ਵ ਨੂੰ ਜਾਣੂ ਕਰਵਾਉਂਦੇ ਰਹਿੰਦੇ ਹਨ। ਇਹ ਦੇਸ਼ ਛੋਟਾ ਹੋਣ ਕਰਕੇ ਇਥੇ ਪੰਜਾਬੀ ਵੱਸੋਂ ਯੂਰਪ ਦੇ ਆਮ ਦੇਸ਼ਾਂ ਨਾਲੋਂ ਬੇਸ਼ੱਕ ਘੱਟ ਹੈ ਪਰ ਬੈਲਜ਼ੀਅਮ ਪੂਰੇ ਯੂਰਪ ਦੀ ਰਾਜਧਾਨੀ ਹੈ। ਯੂਰਪ ਦੇ ਸਾਰੇ ਮਹੱਤਵਪੂਰਨ ਫੈਸਲੇ ਇਥੇ ਹੀ ਲਏ ਜਾਂਦੇ ਹਨ। ਇਥੇ ਰੌਸ਼ਨੀ ਦਾ ਪ੍ਰਬੰਧ ਸਾਰੇ ਯੂਰਪ ਨਾਲੋਂ ਕਿਤੇ ਜ਼ਿਆਦਾ ਹੈ ਜੋ ਇਸ ਦੀਆ ਠੰਢੀਆਂ ਕਾਲੀਆਂ ਰਾਤਾਂ ਨੂੰ ਵੀ ਇੱਕ ਨਿਵੇਕਲੀ ਦਿੱਖ ਪ੍ਰਦਾਨ ਕਰਦਾ ਹੈ।

* ਕਿਸੇ ਵੀ ਲੇਖਕ ਦਾ ਲੇਖਕ ਹੋਣ ਤੋਂ ਪਹਿਲਾਂ ਇੱਕ ਚੰਗਾ ਪਾਠਕ ਹੋਣਾ ਬਹੁਤ ਜ਼ਰੂਰੀ ਹੈ।

* ਕਿਸੇ ਵੀ ਵਿਧਾ ਵਿਚ ਆਲੋਚਨਾ ਦਾ ਹੋਣਾ ਸ਼ੁੱਭ ਸੰਕੇਤ ਹੈ। ਨੁਕਸ ਓਥੇ ਹੀ ਕੱਢੇ ਜਾ ਸਕਦੇ ਹਨ ਜਿਥੇ ਕੋਈ ਗੁਣ ਮੌਜੂਦ ਹੋਵੇ। ਗ਼ਜ਼ਲ ਦੀ ਉਸਾਰੂ ਆਲੋਚਨਾ ਹੋਣੀ ਚਾਹੀਦੀ ਹੈ।

* ਗ਼ਜ਼ਲ ਸਿੱਖਣ ਲਈ ਕਿਤਾਬਾਂ ਦੇ ਨਾਲ-ਨਾਲ ਉਸਤਾਦ ਦੀ ਰਾਹਨੁਮਾਈ ਵੀ ਬੇਹੱਦ ਜ਼ਰੂਰੀ ਹੈ।

* ਜ਼ਿਆਦਾ ਮਹਿੰਗਾ ਸਾਹਿਤ ਵੀ ਪਾਠਕ ਦੀ ਪਹੁੰਚ ਤੋਂ ਬਾਹਰ ਹੋ ਜਾਂਦਾ ਹੈ।

* ਦਿਨ ਭਰ ਦੀ ਥਕਾਨ ਤੋਂ ਬਾਅਦ ਇਕਾਂਤ ਵਿਚ ਬਹਿ ਕੇ ਕੁਝ ਸਮਾਂ ਆਪਣੇ ਆਪ ਨਾਲ ਬਿਤਾਉਣਾ ਚੰਗਾ ਲਗਦਾ ਹੈ।

ਮੁੱਕਦੀ ਗੱਲ ਇਹ ਹੈ ਕਿ ਬੈਲਜ਼ੀਅਮ ਦੀ ਪਰਪੱਕ ਪੰਜਾਬੀ ਸ਼ਾਇਰਾ ਜੀਤ ਸੁਰਜੀਤ ਦਾ ਲਿਖਿਆ ਹਰ ਲਫ਼ਜ਼ ਧਿਆਨ ਦੀ ਮੰਗ ਕਰਦਾ ਹੈ। ਇਥੇ ਉਸ ਦੇ ਇਨ੍ਹਾਂ ਸ਼ਿਅਰਾਂ ਨਾਲ ਹੀ ਇਜ਼ਾਜਤ ਲਈ ਜਾਂਦੀ ਹੈ :-

ਜ਼ਮਾਨੇ ਤੋਂ ਬੜਾ ਵੱਖਰਾ ਜਿਹਾ ਕਿਰਦਾਰ ਰੱਖਦੀ ਹਾਂ।
ਬੇਲੋੜਾ ਝੁਕ ਨਹੀਂ ਸਕਦੀ ਤੇ ਨਾ ਹੰਕਾਰ ਰੱਖਦੀ ਹਾਂ।

ਨਹੀਂ ਮਨਜੂਰ ਹੈ ਮੈਨੂੰ ਕਰੀ ਹੱਤਕ ਅਸੂਲਾਂ ਦੀ,
ਮੁਹੱਬਤ ਦਿਲ ’ਚ ਤੇ ਹੱਥਾਂ ’ਚ ਮੈਂ ਤਲਵਾਰ ਰੱਖਦੀ ਹਾਂ।
***

ਹਰਮੀਤ ਸਿੰਘ ਅਟਵਾਲ
98155-05287

***
(ਪਹਿਲੀ ਵਾਰ 12 ਸਤੰਬਰ 2021)***
350
***

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ