‘ਮੈ ਲੇਖਕ ਕਿਉਂ ਬਣਿਆ’ ਵਰਗਾ ਸਧਾਰਣ ਜਿਹਾ ਵਿਖਾਈ ਦੇਂਦਾ ਸੁਆਲ ਮੇਰੇ ਲਈ ਬਹੁਤ ਗੰਭੀਰ ਅਰਥ ਰੱਖਦਾ ਹੈ। ਇਸ ਸਵਾਲ ਦਾ ਜੁਆਬ ਮੇਰੇ ਕੋਲੋਂ ‘ਮੈ ਰੋਟੀ ਕਿਉਂ ਖਾਂਦਾ ਹਾਂ‘ ਦੇ ਸੁਆਲ ਦੇ ਬਰਾਬਰ ਦੀ ਹੀ ਜੁਆਬਦੇਹੀ ਮੰਗਦਾ ਹੈ। ਦੋਹੇਂ ਸੁਆਲਾਂ ਦਾ ਸਬੰਧ ਮੇਰੀ ਭੁੱਖ ਨਾਲ ਹੈ। ਜੇ ਰੋਟੀ ਮੇਰੀ ਪੇਟ ਦੀ ਭੁੱਖ ਨੂੰ ਸ਼ਾਂਤ ਕਰਦੀ ਹੈ ਤਾਂ ਲਿਖਣਾ ਮੇਰੀ ਰੂਹ ਦੀ ਖੁਰਾਕ ਹੈ। ਇਸ ਖੁਰਾਕ ਨੂੰ ਲੈ ਕੇ ਹੀ ਵਿਚਾਰਾਂ ਦੀ ਭੁੱਖ ਨਾਲ ਬੇ -ਚੈਨ ਹੋਈ ਮੇਰੀ ਰੂਹ ਤੇ ਮਨ ਕੁਝ ਸਮੇਂ ਲਈ ਤ੍ਰਿਪਤ ਹੋ ਜਾਂਦੇ ਹਨ। ਅਕਸਰ ਸੋਚਦਾ ਹਾਂ ਕਿ ਜੇ ਮੈ ਲੇਖਕ ਨਾ ਹੁੰਦਾ ਤਾਂ ਮੇਰਾ ਜੀਵਨ ਕਿੰਨਾਂ ਬੇ-ਰੱਸ ਤੇ ਬੇ-ਰੰਗ ਹੋਣਾ ਸੀ। ਜੇ ਮੈਂ ਆਪਣੇ ਦਿਲ ਦੇ ਵਲਵਲਿਆਂ ਨੂੰ ਕਾਗਜ਼ ਦੇ ਪੰਨਿਆਂ ਤੇ ਉਤਾਰਣ ਦਾ ਅਭਿਆਸੀ ਨਾ ਬਣਦਾ ਤਾਂ ਮੇਰੇ ਸੋਚਣ ਲਈ ਕਿਹੋ ਜਿਹੇ ਮਸਲੇ ਹੋਣੇ ਸਨ, ਇਹ ਸੋਚ ਕੇ ਹੀ ਹੁਣ ਭੈਅ ਜਿਹਾ ਆਉਂਦਾ ਹੈ। ਜੇ ਮੈਂ ਲੇਖਕ ਨਾ ਬਣਦਾ ਤਾਂ ਬਿਨਾਂ ਸ਼ੱਕ ਬੋਹਾ ਕਸਬੇ ਦਾ ਇਕ ਸਧਾਰਣ ਜਿਹਾ ਦੁਕਾਨਦਾਰ ਹੀ ਹੋਣਾ ਸੀ ਤੇ ਮੇਰੀ ਪਹਿਚਾਣ ਦਾ ਦਾਇਰਾ ਇਸ ਕਸਬੇ ਦੇ ਆਸ ਪਾਸ ਦੇ ਪਿੰਡਾਂ ਤੀਕ ਹੀ ਸੀਮਤ ਰਹਿਣਾ ਸੀ। ਅੱਜ ਮੇਰਾ ਰਾਬਤਾ ਦੇਸ਼ ਵਿਦੇਸ਼ ਵਿਚ ਬੈਠੇ ਹਜਾਰਾਂ ਲੇਖਕਾਂ ਪਾਠਕਾਂ ਨਾਲ ਜੁੜਿਆ ਹੋਇਆ ਹੈ ਪਰ ਜੇ ਮੈਂ ਲਿਖਦਾ ਨਾ ਹੁੰਦਾ ਤਾਂ ਮੇਰੀ ਦੋਸਤੀ ਦੇ ਘੇਰੇ ਵਿਚ ਮੇਰੀ ਦੁਕਾਨ ਤੇ ਆਉਣ ਵਾਲੇ ਗ੍ਰਾਹਕ ਜਾਂ ਏਜੰਟ ਹੀ ਹੋਣੇ ਸਨ ਤੇ ਮੈਂ ਗੁਲਸ਼ਨ ਨੰਦਾ ਤੇ ਵੇਦ ਪ੍ਰਕਾਸ਼ ਕੰਬੋਜ਼ ਨੂੰ ਗੁਰਦਿਆਲ ਸਿੰਘ, ਜਸਵੰਤ ਸਿੰਘ ਕੰਵਲ ਤੇ ਅਣਖੀ ਨਾਲੋਂ ਵੱਡੇ ਨਾਵਲਕਾਰ ਸਮਝਦੇ ਰਹਿਣਾ ਸੀ। ਮੈ ਲਿਖਣ ਕਲਾ ਨੂੰ ਕੋਈ ਰੱਬੀ ਦਾਤ ਨਹੀਂ ਮੰਨਦਾ ਤੇ ਨਾਂ ਹੀ ਲੇਖਕ ਮੇਰੇ ਲਈ ਕੋਈ ਅਲੋਕਿਕ ਜਿਹਾ ਪ੍ਰਾਣੀ ਹੈ। ਲੇਖਕ ਬਨਣ ਲਈ ਦੂਸਰੇ ਦਾ ਦੁੱਖ ਦਰਦ ਮਹਿਸੂਸ ਕਰਨ ਵਾਲੀ ਸੰਵੇਦਨਾਤਮਕ ਬਿਰਤੀ ਤਾਂ ਜ਼ਰੂਰੀ ਹੈ ਪਰ ਮੈ ਨਹੀਂ ਸਮਝਦਾ ਕਿ ਕੋਈ ਸਾਹਿਤਕ ਰਚਨਾ ਲਿੱਖਣ ਲਈ ਕਿਸੇ ਕਰਤਾਰੀ ਕਿਸਮ ਦੀ ਪ੍ਰੇਰਣਾ ਜਾਂ ਕਲਾਤਮਿਕਤਾ ਦੀ ਉਡੀਕ ਕਰਨੀ ਪੈਂਦੀ ਹੈ। ਲੇਖਕ ਬਨਣ ਦਾ ਹੱਕ ਕਿਸੇ ਦਾ ਰਾਖਵਾਂ ਨਹੀਂ ਬਲਕਿ ਹਰ ਸੰਵੇਦਨਸ਼ੀਲ ਵਿਅਕਤੀ ਆਪਣੀ ਮਜਬੂਤ ਇੱਛਾ ਸ਼ਕਤੀ ਤੇ ਅਭਿਆਸ ਰਾਹੀਂ ਲੇਖਕ ਬਨਣ ਦੀ ਇੱਛਾ ਪੂਰੀ ਕਰ ਸਕਦਾ ਹੈ। ਲੇਖਕ ਦੀ ਵਿਚਾਰਧਾਰਾ ਵੀ ਕਿਸੇ ਦੈਵੀ ਕਿਸਮ ਦੇ ਪ੍ਰੇਰਣਾ ਸਰੋਤ ਨਾਲ ਨਹੀਂ ਜੁੜੀ ਹੁਦੀ ਹੈ ਸਗੋਂ ਉਸ ਦੀ ਸਮਾਜਿਕ ਤੇ ਆਰਥਿਕ ਹੋਂਦ ਹੀ ਉਸ ਦੀਆਂ ਰਚਨਾਵਾਂ ਦਾ ਵਿਚਾਰਧਰਾਈ ਅਧਾਰ ਨਿਰਧਾਰਤ ਕਰਦੀ ਹੈ। ‘ਮੈ ਸਾਹਿਤ ਦੇ ਖੇਤਰ ਨਾਲ ਕਿਵੇਂ ਜੁੜਿਆ? ਸੁਆਲ ਦੇ ਰੂ-ਬਰੂ ਹੁੰਦਿਆਂ ਮੈ ਇਸ ਨਤੀਜੇ ਤੇ ਪੁੱਜਾ ਹਾਂ ਕੇ ਮੈਨੂੰ ਵੀ ਵਿਸ਼ੇਸ਼ ਕਿਸਮ ਦੀਆਂ ਸਮਾਜਿਕ ਤੇ ਆਰਥਿਕ ਸਥਿਤੀਆਂ ਪ੍ਰਸਿਥਤੀਆਂ ਨੇ ਹੀ ਇਸ ਖੇਤਰ ਨਾਲ ਜੋੜਿਆ ਹੈ। ਮੇਰੇ ਤੋਂ ਪਹਿਲਾਂ ਮੇਰੇ ਖਾਨਦਾਨ ਦੇ ਕਿਸੇ ਵੀ ਸ਼ਖਸ਼ ਦਾ ਸਾਹਿਤ ਦੇ ਖੇਤਰ ਨਾਲ ਕੋਈ ਵਾਹ ਵਾਸਤਾ ਨਹੀਂ ਸੀ। ਹੁਣ ਤਾਂ ਮੇਰਾ ਰਿਹਾਇਸ਼ੀ ਖੇਤਰ ਬੋਹਾ-ਬੁਢਲਾਡਾ ਵਿੱਚ ਲਗਾਤਾਰ ਸਾਹਿਤਕ ਸਰਗਰਮੀਆਂ ਹੁੰਦੀਆਂ ਰਹਿੰਦੀਆ ਹਨ ਪਰ 1978-80 ਦੇ ਨੇੜ ਤੇੜ ਇਹ ਖੇਤਰ ਸਾਹਿਤਕ ਤੌਰ ਤੇ ਬਿਲਕੁਲ ਬੰਜਰ ਜਿਹਾ ਸੀ। ਫਿਰ ਵੀ ਜੇ ਮੈਂ ਇਸ ਖੇਤਰ ਨਾਲ ਜੁੜਣ ਵਿਚ ਸਫ਼ਲ ਹੋਇਆ ਤਾਂ ਇਸ ਲਈ ਮੈਨੂੰ ਹਾਸਿਲ ਰਹੇ ਸਮਾਜਿਕ ਤੇ ਆਰਥਿਕ ਹਲਾਤ ਨੇ ਹੀ ਇਸ ਵਿਚ ਵੱਡੀ ਭੂਮਿਕਾ ਨਿਭਾਈ ਹੈ। ਮੈਨੂੰ ਸਾਹਿਤਕ ਖੇਤਰ ਨਾਲ ਜੋੜਣ ਤੇ ਲੇਖਕ ਬਣਾਉਣ ਵਾਲੀ ਸਮਾਜਿਕ ਪ੍ਰੀਕ੍ਰਿਆ ਦੀ ਸ਼ੁਰੂਆਤ ਮੇਰੇ ਬਚਪਨ ਵਿਚ ਹੀ ਹੋ ਗਈ ਸੀ। ਸਮਾਜਿਕ ਵਿਗਿਆਨ ਅਨੁਸਾਰ ਮਨੁੱਖੀ ਜੀਵਨ ਦੀਆ ਤਿੰਨ ਅਵਸਥਾਵਾਂ ਬਚਪਨ, ਜੁਆਨੀ ਤੇ ਬੁਢਾਪਾ ਹਨ। ਹਰ ਕੋਈ ਬਚਪਨ ਨੂੰ ਹੀ ਜੀਵਨ ਦਾ ਸੁਨਹਿਰੀ ਕਾਲ ਮੰਨਦਾ ਹੈ। ਬਚਪਨ ਦੇ ਮੁੱਢਲੇ ਸੱਤ ਵਰ੍ਹੇ ਜਦੋਂ ਮੈਂ ਬੋਲਣਾ ਹੱਸਣਾ, ਤੁਰਣਾ, ਖੇਡਣਾ ਤੇ ਪੜ੍ਹਣਾ ਲਿਖਣਾ ਸਿੱਖਣਾ ਸੀ, ਸੋਕੜੇ ਦੀ ਬਿਮਾਰੀ ਦੇ ਲੇਖੇ ਲੱਗ ਗਏ। ਇਸ ਬਿਮਾਰੀ ਨੇ ਮੇਰੀਆਂ ਲੱਤਾਂ ਨੂੰ ਵਿਸ਼ੇਸ਼ ਤੌਰ ਤੇ ਆਪਣਾ ਸ਼ਿਕਾਰ ਬਣਾਇਆ। ਪੂਰੇ ਸੱਤ ਸਾਲ ਮੈਂ ਆਪਣੀਆਂ ਲੱਤਾਂ ਤੇ ਨਹੀ ਸਾਂ ਖੜ੍ਹਾ ਹੋ ਸਕਿਆ। ਬਿਮਾਰੀ ਵੱਲੋਂ ਬਖਸ਼ੇ ਪਤਲੇ ਛੀਟਕੇ ਸਰੀਰ ਸੰਗ ਜਦੋਂ ਮੈਂ ਸਕੂਲੀ ਜੀਵਨ ਵਿਚ ਪ੍ਰਵੇਸ਼ ਪਾਇਆ ਤਾਂ ਅਜੀਬ ਜਿਹੀ ਹੀਣ ਭਾਵਨਾ ਦਾ ਸ਼ਿਕਾਰ ਸਾਂ। ਮੈ ਤੁਰ ਫਿਰ ਤਾਂ ਸਕਦਾ ਸਾਂ ਪਰ ਲੱਤਾਂ ਦੀ ਕੰਮਜੋਰੀ ਕਾਰਨ ਖੇਡਾਂ ਖੇਡਣੀਆਂ ਤੇ ਭੱਜਣਾ ਦੌੜਣਾ ਮੇਰੇ ਹਿੱਸੇ ਨਹੀਂ ਸੀ ਆਇਆ। ਜਦੋਂ ਕਦੇਂ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਮੇਰੀਆ ਲੱਤਾਂ ਸਰੀਰ ਦਾ ਭਾਰ ਨਾ ਝਲਦੀਆਂ ਤੇ ਮੈਂ ਧੜੰਮ ਕਰਕੇ ਡਿੱਗ ਪੈਂਦਾ। ਉਸ ਸਮੇਂ ਮੈ ਆਪਣੇ ਸਕੂਲੀ ਸਾਥੀਆਂ ਦੇ ਮਜ਼ਾਕ ਦਾ ਕੇਂਦਰ ਬਣ ਜਾਂਦਾ। ਮੈਂ ਜਿਉਂ ਜਿਉਂ ਉਪਰਲੀ ਕਲਾਸ ਵਿਚ ਚੜ੍ਹਦਾ ਜਾਂਦਾ ਤਿਉਂ ਤਿਉਂ ਮੇਰੀ ਹੀਣ ਭਾਵਨਾਂ ਵੀ ਹੋਰ ਵੱਧਦੀ ਜਾਂਦੀ। ਛੇਵੀਂ ਜਮਾਤ ਵਿਚ ਪ੍ਰਵੇਸ਼ ਪਾਇਆ ਤਾਂ ਸਾਡਾ ਇਕ ਵਿਸ਼ੇਸ਼ ਪੀਰੀਅਡ ਖੇਡਾਂ ਦਾ ਵੀ ਲੱਗਣਾ ਸ਼ੁਰੂ ਹੋ ਗਿਆ। ਉਹ ਪੀਰੀਅਡ ਮੈਨੂੰ ਸਭ ਤੋਂ ਵੱਧ ਮਾਨਸਿਕ ਕਸ਼ਟ ਪਹੁੰਚਾਉਂਦਾ ਸੀ। ਮੇਰੀ ਸਰੀਰਕ ਕੰਮਜੋਰੀ ‘ਤੇ ਤਰਸ ਕਰਦਿਆਂ ਪੀ.ਟੀ.ਆਈ. ਮਾਸਟਰ ਸੰਤ ਸਿੰਘ ਮੈਨੂੰ ਖੇਡਾਂ ਦੇ ਦਾਇਰੇ ਤੋਂ ਬਾਹਰ ਬਿੱਠਾ ਦੇਂਦੇ। ਮੈਂ ਬੇ-ਵਸੀ ਭਰੀਆਂ ਨਿਗਾਂਹਾ ਨਾਲ ਦੂਰ ਬੈਠਾ ਆਪਣੇ ਸਾਥੀਆਂ ਨੂੰ ਖੇਡਦੇ ਵੇਖਦਾ ਰਹਿੰਦਾ। ਇਸ ਸਮੇਂ ਮੇਰੇ ਮਨ ਤੇ ਕੀ ਬੀਤਦੀ ਸੀ, ਇਹ ਕੇਵਲ ਮੈ ਹੀ ਜਾਣਦਾ ਹਾਂ। ਕੁਝ ਸ਼ਰਾਰਤੀ ਸਾਥੀ ਮੇਰੇ ਘਰੇਲੂ ਨਾਂ ਨੰਨ੍ਹੀ ਨਾਲ ਪਹਿਲਵਾਨ ਸ਼ਬਦ ਜੋੜ੍ਹ ਕੇ ਮੈਨੂੰ ਛੇੜਦੇ ਤਾਂ ਮੈਂ ਲਚਾਰੀ ਦੀ ਹਾਲਤ ਵਿਚ ਰੋਣ ਲੱਗ ਪੈਂਦਾ। ਅਜਿਹੇ ਹਲਾਤ ਵਿਚ ਮੈਂ ਆਪਣੇ ਸਕੂਲ ਦੇ ਸਾਥੀਆਂ ਤੋਂ ਅਲ਼ੱਗ ਥਲੱਗ ਜਿਹਾ ਰਹਿਣ ਲੱਗ ਪਿਆ। ਆਪਣੀ ਹੀਣ ਭਾਵਨਾ ਕਾਰਨ ਮੈਂ ਇਕਲਿਆਂ ਹੀ ਬੈਠਾ ਸੋਚਦਾ ਰਹਿੰਦਾ ਤੇ ਤਰ੍ਹਾਂ ਤਰ੍ਹਾਂ ਦੀਆ ਕਲਪਨਾਵਾਂ ਕਰਦਾ ਰਹਿੰਦਾ। ਹੁਣ ਲੱਗਦਾ ਹੈ ਕਿ ਇਕਲਿਆਂ ਬੈਠ ਕੇ ਸੋਚਣ ਦੀ ਆਦਤ ਹੀ ਬਾਅਦ ਵਿਚ ਮੇਰੇ ਲੇਖਕ ਬਨਣ ਵਿਚ ਸਹਾਈ ਬਣੀ। ਮੇਰੀ ਕਹਾਣੀ ‘ਨੋਨੂ ਪਹਿਲਵਾਨ‘ ਮੇਰੇ ਲਚਾਰ ਬਚਪਨ ਦੀ ਬਾਤ ਹੀ ਪਾਉਂਦੀ ਹੈ। ਮੇਰੇ ਹਮੇਸ਼ਾ ਚੁਪ ਚਾਪ ਤੇ ਗੰਭੀਰ ਹਾਲਤ ਵਿੱਚ ਬੈਠੇ ਰਹਿਣ ਤੇ ਕੇਵਲ ਕੰਮ ਦੀ ਗੱਲ ਹੀ ਕਰਨ ਵਾਲੇ ਸੁਭਾੳ ਵੱਲ ਵੇਖਦਿਆਂ ਇਕ ਦਿਨ ਸਾਡੇ ਪੰਜਾਬੀ ਮਾਸਟਰ ਗਿਆਨੀ ਅਮਰਜੀਤ ਸਿੰਘ ਨਥਾਨਾ ਨੇ ਸਹਿਜ ਸੁਭਾਅ ਹੀ ਕਹਿ ਦਿੱਤਾ ਕਿ ਇਹ ਮੁੰਡਾ ਵੱਡਾ ਹੋ ਕੇ ਜ਼ਰੂਰ ਲੇਖਕ ਜਾਂ ਫਿਲਾਸਫ਼ਰ ਬਣੇਗਾ। ਭਾਵੇ ਇਹ ਗੱਲ ਅਧਿਆਪਕ ਨੇ ਮਜ਼ਾਕ ਵਿਚ ਹੀ ਕਹੀ ਹੋਵੇ ਪਰ ਪਰ ਮੇਰੇ ਅੰਦਰ ਪੂਰੀ ਤਰਾਂ ਘਰ ਕਰ ਗਈ। ਮੈ ਮਨ ਹੀ ਮਨ ਫੈਸਲਾ ਕਰ ਲਿਆ ਕਿ ਮੈ ਵੱਡਾ ਹੋ ਕੇ ਲੇਖਕ ਹੀ ਬਣਾਂਗਾ। ਅੱਠਵੀ ਜਮਾਤ ਵਿਚ ਪੜ੍ਹਦਿਆਂ ਹੀ ਮੈ ਪੱਕਾ ਇਰਦਾ ਧਾਰ ਲਿਆ ਕਿ ਸਕੂਲ ਦੇ ਜਿਹੜੇ ਸਾਥੀ ਅੱਜ ਮੇਰੀ ਸਰੀਰਕ ਕੰਮਜੋਰੀ ਕਾਰਨ ਮੇਰਾ ਮਜ਼ਾਕ ਉਡਾਉਂਦੇ ਹਨ ਇਕ ਦਿਨ ਲੇਖਕ ਬਣ ਕੇ ਮੈਂ ਉਨ੍ਹਾਂ ਨੂੰ ਦਸਾਂਗਾ ਕਿ ਮੇਰੀ ਵੀ ਕੋਈ ਹੋਂਦ ਹੈ। ਨੌਵੀਂ ਜਮਾਤ ਵਿਚ ਪ੍ਰਵੇਸ਼ ਕਰਨ ਤੇ ਮੈ ਆਪਣੇ ਆਪ ਨਾਲ ਕੀਤੇ ਵਾਅਦੇ ਅਨੁਸਾਰ ਤੁੱਕਬੰਦੀ ਕਰਨ ਲੱਗ ਪਿਆ ਸਾਂ। ਦਸਵੀਂ ਜਮਾਤ ਪਾਸ ਕਰਨ ਤੱਕ ਮੈਂ ਬਿਰਹੋਂ, ਹੰਝੂ, ਹੌਂਕੇ, ਹਾਵੇ, ਤੜਫ਼ ਤੇ ਵਸਲ ਵਿਛੋੜੇ ਦੇ ਹਾਣ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਲਿੱਖ ਲਈਆਂ ਸਨ। ਉਹ ਕਵਿਤਾਵਾਂ ਮੈਂ ਛਪਣ ਹਿਤ ਅਖਬਾਰਾਂ ਨੂੰ ਭੇਜਦਾ ਪਰ ਕਈ ਮਹੀਨੇ ਉਡੀਕਨ ਤੋਂ ਬਾਦ ਵੀ ਇਹ ਨਾ ਛਪਦੀਆਂ ਤਾਂ ਮੈ ਨਿਰਾਸ਼ ਜਿਹਾ ਹੋ ਜਾਂਦਾ। ਰੋਜ਼ੀ ਰੋਟੀ ਦਾ ਚੱਕਰ ਮੈਨੂੰ ਬੋਹਾ ਤੋਂ ਬਾਘੇ ਪੁਰਾਣੇ (ਮੋਗਾ) ਲੈ ਗਿਆ। ਕਾ: ਭੁਪਿੰਦਰ ਸਾਂਬਰ ਦੀ ਪ੍ਰੇਰਣਾ ਨਾਲ ਪਹਿਲੋਂ ਮੈਂ ਸਰਵ ਭਾਰਤ ਨੌਜਵਾਨ ਸਭਾ ਦਾ ਮੈਂਬਰ ਬਣਿਆ ਤੇ ਫਿਰ ਭਾਰਤੀ ਕਮਿਊਨਿਸਟ ਪਾਰਟੀ ਦਾ ਕਾਰਡ ਹੋਲਡਰ ਬਣ ਗਿਆ। ਇਸ ਤਰਾਂ ਬਹੁਤ ਸਾਰੇ ਪਾਰਟੀ ਸਮਰਥਕ ਲੇਖਕਾਂ ਤੇ ਸਾਹਿਤ ਚਿੰਤਕਾਂ ਦਾ ਸਾਥ ਵੀ ਮੈਨੂੰ ਮਿਲ ਗਿਆ। ਪਾਰਟੀ ਵੱਲੋਂ ਮਨਾਏ ਮਜਦੂਰ ਦਿਹਾੜੇ ‘ਤੇ ਮੈਂ ਆਪਣੀ ਕਵਿਤਾ ‘ਮਹਿਲ ਉਸਾਰੀ‘ ਪੜ੍ਹੀ ਤਾਂ ਕੁਝ ਕਾਮਰੇਡ ਲੇਖਕਾਂ ਨੇ ਮੈਨੂੰ ਇਹ ਸੁਝਾਅ ਦਿੱਤਾ ਕਿ ਮੈਂ ਇਹ ਕਵਿਤਾ ਛਾਪਣ ਲਈ ‘ਨਵਾਂ ਜ਼ਮਾਨਾ‘ ਤੇ ‘ਲੋਕ ਲਹਿਰ‘ ਅਖਬਾਰ ਨੂੰ ਭੇਜ ਦੇਵਾਂ। ਅਗਲੇ ਹੀ ਹਫਤੇ ਜਦੋਂ ਇਹ ਕਵਿਤਾ ‘ਲੋਕ ਲਹਿਰ‘ ਵਿਚ ਛੱਪ ਗਈ ਤਾਂ ਮੈ ਆਪਣੇ ਆਪ ਨੂੰ ਬਕਾਇਦਾ ਰੂਪ ਵਿਚ ਲੇਖਕ ਸਮਝਣਾ ਸ਼ੁਰੂ ਕਰ ਦਿੱਤਾ। 1980 ਦੇ ਨੇੜ ਤੇੜ ਅਸੀਂ ਕੁਝ ਲੇਖਕਾਂ ਨੇ ਮਿਲ ਕੇ ਸਾਹਿਤ ਸਭਾ ਬਾਘਾਪੁਰਾਣਾ ਦਾ ਗਠਨ ਕੀਤਾ। ਮੈਂ ਇਸ ਸਭਾ ਦਾ ਪਹਿਲਾ ਜਨਰਲ ਸਕੱਤਰ ਬਣਿਆ। ਮੇਰੀਅਾਂ ਸਾਹਿਤਕ ਰਚਨਾਵਾਂ ਵਿਚ ਪਰਪੱਕਤਾ ਲਿਆਉਣ ਲਈ ਸਾਹਿਤ ਸਭਾ ਬਾਘਾ ਪੁਰਾਣਾ ਦਾ ਬਹੁਤ ਯੋਗਦਾਨ ਹੈ। ਇਸ ਸਭਾ ਨਾਲ ਜੁੜਣ ਤੋਂ ਬਾਦ ਹੀ ਮੈਂ ਦੇਸ਼ੀ ਤੇ ਵਿਦੇਸ਼ੀ ਸਾਹਿਤ ਦਾ ਨਿੱਠ ਕੇ ਅਧਿਐਨ ਕੀਤਾ। ਉਸ ਵੇਲੇ ‘ਪ੍ਰੀਤਲੜੀ‘ ਮੈਗਜ਼ੀਨ ਸਾਰੇ ਹੀ ਲੇਖਕਾਂ ਨੂੰ ਲਿੱਖਣ ਲਈ ਨਰੋਈ ਸੇਧ ਤੇ ਉਤਸ਼ਾਹੀ ਊਰਜ਼ਾ ਦੇਣ ਦਾ ਕਾਰਜ਼ ਕਰਦਾ ਸੀ। ਮੈਂ ਵੀ ਇਸ ਪਰਚੇ ਨਾਲ ਜੁੜ ਕੇ ਬਹੁਤ ਕੁਝ ਨਵਾਂ ਗ੍ਰਹਿਣ ਕੀਤਾ। ਮੈਨੂੰ ਲੇਖਕ ਬਣਾਉਣ ਵਿਚ ਨਵਾਂ ਜ਼ਮਾਨਾਂ, ਲੋਕ ਲਹਿਰ ਤੇ ਪੰਜਾਬ ਬੁਕ ਸੈਂਟਰ ਤੋਂ ਸੱਸਤੇ ਭਾਅ ਤੇ ਮਿਲਦੀਆਂ ਰੂਸੀ ਸਾਹਿਤ ਦੀਆਂ ਅਨੁਵਾਦਿਤ ਕਿਤਾਬਾਂ ਦਾ ਵੀ ਬਹੁਤ ਯੋਗਦਾਨ ਰਿਹਾ। ਹੁਣ ਮੈਂ ਸੋਚਦਾ ਹਾਂ ਕਿ ਜੇ ਮੇਰਾ ਬਾਘਾ ਪੁਰਾਣਾ ਜਾਣ ਦਾ ਸਬੱਬ ਨਾ ਬਣਦਾ ਤਾਂ ਸ਼ਾਇਦ ਮੇਰੇ ਅੰਦਰ ਪੈਦਾ ਹੋਇਆ ਲੇਖਕ ਛੇਤੀ ਹੀ ਦਮ ਤੋੜ ਜਾਂਦਾ। ਬਾਘੇ ਪੁਰਾਣੇ ਰਹਿੰਦਿਆ ਮਾਰਕਸੀ ਚਿੰਤਕ ਕਾਮਰੇਡ ਸੁਰਜੀਤ ਗਿੱਲ ਤੋਂ ਪ੍ਰਾਪਤ ਸਾਹਿਤ ਦੇ ਸਿਧਾਂਤਕ ਪੱਖ ਦਾ ਗਿਆਨ ਹੁਣ ਤੱਕ ਮੇਰੀ ਅਗਵਾਈ ਕਰ ਰਿਹਾ ਹੈ। ਪੰਜਾਬੀ ਸਾਹਿਤ ਦੀ ਆਲੋਚਨਾ ਦੇ ਖੇਤਰ ਵਿਚ ਜੇ ਮੇਰਾ ਥੋੜਾ ਬਹੁਤ ਨਾਂ ਥਾਂ ਹੈ ਤਾਂ ਉਹ ਮੇਰੇ ਨਿਊ ਲਾਈਟ ਫੋਟੋ ਸਟੂਡੀੳ ਤੇ ਹੁੰਦੀਆਂ ਰਹੀਆਂ ਸਾਹਿਤਕ ਤੇ ਰਾਜਨੀਤਕ ਬਹਿਸਾਂ ਕਾਰਨ ਹੀ ਹੈ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੇ ਬਚਪਨ ਦੀ ਹੀਣ ਭਾਵਨਾ ਨੂੰ ਸਾਰਥਕ ਤੇ ਸਮਾਜ ਉਪਯੋਗੀ ਦਿਸ਼ਾ ਮਿਲੀ। ਇਸ ਦਿਸ਼ਾ ਦੀ ਅਣਹੋਂਦ ਵਿਚ ਮੈਂ ਸਮਾਜ ਪ੍ਰਤੀ ਬਦਲਾ ਲਊ ਨੀਤੀ ਅਪਣਾ ਕੇ ਗਲਤ ਰਾਹਾਂ ਦਾ ਪਾਂਧੀ ਵੀ ਬਣ ਸਕਦਾ ਸਾਂ। ਸਮਾਜ ਵਿਚ ਅਜਿਹਾ ਬਹੁਤ ਕੁਝ ਵਾਪਰ ਰਿਹਾ ਹੈ ਜੋ ਮੇਰੀਆ ਸੋਚਾਂ ਤੇ ਇੱਛਾਵਾਂ ਤੋਂ ਬਿਲਕੁਲ ਉਲਟ ਹੈ। ਮੌਜੂਦਾ ਸਮਾਜਿਕ, ਆਰਥਿਕ ਤੇ ਰਾਜਨੀਤਕ ਪ੍ਰਬੰਧ ਵੱਲੋਂ ਦਬਾਏ, ਸਤਾਏ ਤੇ ਤੜਫਾਏ ਜਾ ਰਹੇ ਲੋਕ ਮੇਰੀਆਂ ਸੋਚਾਂ ਨੂੰ ਆਪਣੇ ਵੱਲ ਖਿੱਚਦੇ ਹਨ ਤਾਂ ਮੈ ਵੀ ਮਾਨਸਿਕ ਤੌਰ ਤੇ ਬੇਚੈਨ ਹੋ ਜਾਂਦਾ ਹਾਂ। ਅਜਿਹੇ ਮੌਕਿਅਾਂ ਤੇ ਮੈਨੂੰ ਆਪਣਾ ਬਚਪਨ ਤੇ ਹੰਢਾਈ ਗਰੀਬੀ ਦੇ ਦਿਨ ਯਾਦ ਆ ਜਾਂਦੇ ਨੇ ਤਾਂ ਮੈ ਇਹਨਾਂ ਦੀ ਦਸ਼ਾ ਤੇ ਦਿਸ਼ਾ ਬਾਰੇ ਕੁਝ ਲਿਖਣ ਲਈ ਮਜਬੂਰ ਹੋ ਜਾਦਾਂ ਹਾਂ। ਮੇਰੀਆ ਰਚਨਾਵਾਂ ਲੋਕ ਸਮੱਸਿਆਵਾਂ ਦੇ ਨਾਲ ਮੇਰੇ ਆਪਣੇ ਜੀਵਨ ਦੀ ਵੇਦਨਾ ਦੀ ਵੀ ਤਰਜਮਾਨੀ ਕਰਦੀਆਂ ਹਨ। ਮੇਰੀ ਹਰ ਸੰਭਵ ਕੋਸ਼ਿਸ਼ ਹੈ ਕਿ ਮੈ ਆਪਣੀਆ ਰਚਨਾਵਾਂ ਰਾਹੀਂ ਅਭਿਵਿਅਕਤ ਕੀਤੇ ਆਪਣੇ ਹੀ ਅਨੁਭਵਾਂ ਤੇ ਵਿਚਾਰਾਂ ਤੇ ਆਪ ਵੀ ਖਰਾ ਉਤਰ ਸਕਾਂ। ਮੇਰੀਆਂ ਦੋ ਪੁਸਤਕਾਂ ‘ਮੇਰੇ ਹਿਸੇ ਦਾ ਅਦਬੀ ਸੱਚ’ ਤੇ ‘ਅਦਬ ਦੀਆਂ ਪਰਤਾਂ’ ਨੇ ਲੇਖਕ ਵਰਗ ਬਾਰੇ ਬਹੁਤ ਸਾਰੀਆਂ ਕੌੜੀਆਂ ਸੱਚਾਈਆਂ ਨੂੰ ਵੀ ਉਜਾਗਰ ਕੀਤਾ ਹੈ। ਇਸ ਪੁਸਤਕ ਦੇ ਪ੍ਰਕਾਸ਼ਨ ਤੋਂ ਬਾਦ ਮੇਰੀ ਜੁਆਬ ਦੇਹੀ ਹੋਰ ਵੱਧ ਗਈ ਹੈ ਕਿ ਮੈ ਆਪਣੀ ਕਹਿਣੀ ਤੇ ਕਰਨੀ ਵਿਚ ਇਕਸੁਰਤਾ ਕਾਇਮ ਕਰਨ ਪ੍ਰਤੀ ਹੋਰ ਸੁਚੇਤ ਹੋਵਾਂ। ਭਾਵੇਂ ਮੈ ਹੁਣ ਤੱਕ ਪੰਜਾਬੀ ਸਾਹਿਤ ਖੇਤਰ ਵਿਚ ਕੇਵਲ ਪੰਜ ਪੁਸਤਕਾਂ ‘ਪੂਰਾ ਮਰਦ‘ (ਕਹਾਣੀ ਸੰਗ੍ਰਹਿ) ਪੰਜਾਬੀ ਮਿੰਨੀ ਕਹਾਣੀ, ਵਿਸ਼ਾਗਤ ਸਰੂਪ ਤੇ ਸ਼ਿਲਪ ਵਿਧਾਨ (ਆਲੋਚਨਾਂ) ਤੇ ਮੇਰੇ ਹਿੱਸੇ ਦਾ ਅਦਬੀ ਸੱਚ (ਵਾਰਤਕ) ਅਦਬ ਦੀਆਂ ਪਰਤਾਂ (ਵਾਰਤਕ), ਪਲ ਬਦਲਦੀ ਜ਼ਿੰਦਗੀ (ਮਿੰਨੀ ਕਹਾਣੀ ਸੰਗ੍ਰਹਿ-ਪੰਜਾਬੀ ਤੇ ਹਿੰਦੀ ਦੋਹੇਂ ਭਾਸ਼ਾਵਾਂ ਵਿਚ) ਦਾ ਹੀ ਯੋਗਦਾਨ ਪਾਇਆ ਹੈ ਪਰ ਮੇਰੇ ਕੋਲ ਅਜੇ ਐਨਾ ਮੈਟਰ ਪਿਆ ਹੈ ਕਿ ਮੈ ਇੱਕਠੀਆ ਦੱਸ ਪੁਸਤਕਾਂ ਛਪਵਾ ਸਕਦਾ ਹਾਂ। ਮੈਂ ਆਪਣੇ ਦੌਰ ਦੇ ਵਧੇਰੇ ਲੇਖਕਾਂ ਵਾਂਗ ਆਪਣੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਕਵਿਤਾ ਲਿਖ ਕੇ ਕੀਤੀ ਸੀ। ਫਿਰ ਕੁਝ ਸਾਲ ਮਿੰਨੀ ਕਹਾਣੀ ਤੇ ਹਾਸ ਵਿਅੰਗ ਤੇ ਕਲਮ ਅਜਮਾਈ ਕਰਨ ਤੋਂ ਬਾਦ ਕਹਾਣੀ ਵੱਲ ਪਰਤ ਆਇਆ। ਭਾਵੇਂ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਸਾਹਿਤ ਸਮੀਖਿਆ ਤੇ ਪੱਤਰਕਾਰਤਾ ਦੇ ਖੇਤਰ ਵਿਚ ਮੇਰੀ ਕਾਰਜ਼ਸੀਲਤਾ ਵੱਧਣ ਨਾਲ ਮੇਰੇ ਅੰਦਰਲੇ ਕਹਾਣੀਕਾਰ ਨੇ ਪੰਦਰਾ ਸਾਲ ਮੇਰੇ ਨਾਲੋ ਨਾਤਾ ਤੋੜੀ ਰੱਖਿਆ ਹੈ ਪਰ ਮੈਂ ਇਸ ਸਮੇ ਦੌਰਾਨ ਬਹੁਤ ਸਾਰੇ ਸਾਹਿਤਕ ਪਰਚਿਆਂ ਲਈ ਲੜੀਵਾਰ ਕਾਲਮ ਲਿਖ ਕੇ ਆਪਣੇ ਅੰਦਰਲੇ ਮੌਲਿਕ ਲੇਖਕ ਨੂੰ ਜਿਉਂਦਾ ਰੱਖਿਆ। ਲਾਕਡਾਊਨ ਦੌਰਾਨ ਪਤਾ ਨਹੀਂ ਮੇਰੇ ਅੰਦਰ ਸੁੱਤਾ ਪਿਆ ਕਹਾਣੀਕਾਰ ਕਿਵੇਂ ਜਾਗ ਪਿਆ ਤੇ ਮੈਨੂੰ ਪਤਾ ਹੀ ਨਾ ਚਲਿਆ ਕਿ ਸੱਤ ਮਹੀਨਿਆਂ ਵਿਚ ਮੈਥੋਂ ਨੌ ਕਹਾਣੀਆਂ ਕਿਵੇਂ ਲਿਖ ਹੋ ਗਈਆਂ। ਇਹ ਸਾਰੀਆਂ ਹੀ ਕਹਾਣੀਆਂ ਪੰਜਾਬੀ ਦੇ ਨਾਮਵਰ ਪਰਚਿਆਂ ਵਿਚ ਛਪੀਆਂ ਹਨ ਜਾਂ ਛਪ ਰਹੀਆਂ ਹਨ ਤੇ ਹੁਣ ਇਹ ਮੇਰੀ ਛੇਵੀਂ ਪੁਸਤਕ ਦਾ ਰੂਪ ਵਿਚ ਪਾਠਕਾਂ ਕੋਲ ਪਹੁੰਚਣ ਲਈ ਕਾਹਲੀਆਂ ਨੇ। ਹੁਣ ਮੈਂ ਸਾਹਿਤਕ ਖੇਤਰ ਵਿਚ ਆਪਣੀ ਨਿਰੰਤਰਤਾ ਬਣਾਈ ਰੱਖਣ ਲਈ ਦਸਤਵੇਜ਼ ਯੂ ਟਿਊਬ ਚੈਨਲ ਤੇ ਨਵਾਂ ਹਫ਼ਤਾਵਾਰੀ ਕਾਲਮ ‘ਕਿਤਾਬਾਂ ਬੋਲਦੀਆਂ’ ਸ਼ੁਰੂ ਕੀਤਾ ਹੋਇਆ ਹੈ। ਜੇ ਮੇਰੇ ਕੋਲ ਹੋਰ ਕੁਝ ਲਿਖਣ ਲਈ ਨਾ ਹੋਵੇ ਤਾਂ ਸਮਾਂ ਪਾਸ ਕਰਨ ਲਈ ਮੈਂ ਚਲੰਤ ਰਾਜਨੀਤੀ ਤੇ ਲੇਖ ਵੀ ਲਿਖ ਲੈਂਦਾ ਹਾਂ। ਮੇਰੇ ਕੋਲ ਹਰ ਮਹੀਨੇ ਔਸਤ 10 ਕਿਤਾਬਾਂ ਸਮੀਖਿਆ, ਗੋਸ਼ਟੀਆਂ ਲਈ ਪੇਪਰ ਜਾਂ ਮੁੱਖਬੰਦ ਲਿਖਣ ਲਈ ਪਹੁੰਚਦੀਆਂ ਨੇ ਇਸ ਲਈ ਮੈਨੂੰ ਹਰ ਦਿਨ ਘੱਟੋ ਘੱਟ ਤਿੰਨ ਘੰਟੇ ਸਮਕਾਲੀ ਸਾਹਿਤ ਦੇ ਪਾਠ ਲਈ ਖਰਚ ਕਰਨੇ ਪੈਂਦੇ ਨੇ। ਗੰਭੀਰ ਬਿਮਾਰੀ ਦੀ ਹਾਲਤ ਵਾਲੇ ਦਿਨਾਂ ਨੂੰ ਛੱਡ ਕੇ ਮੈਂ ਕਦੇ ਵੀ ਆਪਣੇ ਲਿਖਣ ਤੇ ਪੜ੍ਹਣ ਦੀ ਨਿਰੰਤਰਤਾ ਟੁੱਟਣ ਨਹੀਂ ਦਿੱਤੀ। ਜਾਂਦੇ ਜਾਂਦੇ ਦੋ ਗੱਲਾਂ ਆਪਣੇ ਲਿਖਣ ਢੰਗ ਬਾਰੇ ਵੀ ਸਾਂਝੀਆਂ ਕਰ ਹੀ ਲਵਾਂ। ਜਦੋਂ ਕੋਈ ਰਚਨਾ ਮੇਰੀ ਸਿਰਜਣ ਪ੍ਰੀਕਿਰਿਆ ਵਿਚ ਲੰਘਦੀ ਹੈ ਤਾਂ ਮੈਨੂੰ ਕਈ ਹੋਰ ਲੇਖਕਾਂ ਵਾਂਗ ਨਿਸਚਿਤ ਸਮੇ ਤੇ ਨਿਸਚਿਤ ਸਥਾਨ ਦੀ ਚੋਣ ਕਰਨ ਦੀ ਲੋੜ ਨਹੀਂ ਪੈਂਦੀ। ਨਾ ਹੀ ਮੈਂ ਕਈ ਵੱਡੇ ਲੇਖਕਾਂ ਵਾਂਗ ਇਹ ਵਹਿਮ ਪਾਲਿਆ ਹੈ ਕਿ ਇਸ ਕੁਰਸੀ ਜਾਂ ਇਸ ਬੈਡ ਤੇ ਬੈਠ ਕੇ ਹੀ ਮੈ ਚੰਗੀ ਰਚਨਾ ਲਿਖ ਸਕਦਾ ਹਾਂ। ਜਦੋਂ ਮੇਰਾ ਦਿਲ ਤੇ ਦਿਮਾਗ ਮਿਲ ਕੇ ਮੈਨੂੰ ਕੋਈ ਰਚਨਾ ਲਿੱਖਣ ਦਾ ਹੁਕਮ ਕਰਦੇ ਨੇ ਤਾਂ ਉਸੇ ਵੇਲੇ ਉਨ੍ਹਾਂ ਦਾ ਆਖਾ ਮੰਨ ਲੈਂਦਾ ਹਾਂ। ਸਵੇਰ ਜਾਂ ਸ਼ਾਮ ਦੀ ਸ਼ੈਰ ਤੇ ਜਾਣ ਵੇਲੇ ਮੈ ਵਿਸ਼ੇਸ਼ ਤੌਰ ਤੇ ਮਨ ਹੀ ਮਨ ਵਿੱਚ ਲਿਖੀ ਜਾਣ ਵਾਲੀ ਰਚਨਾ ਦੀ ਵਿਉਂਤਬੰਦੀ ਕਰਦਾ ਹਾਂ ਤੇ ਲੋੜਦੀ ਕਾਂਟ ਛਾਂਟ ਵੀ ਕਰ ਲੈਂਦਾ ਹਾਂ। ਜਦੋਂ ਮੇਰੇ ਮਨ ਵਿਚ ਰਚਨਾ ਦੀ ਪੂਰੀ ਰੂਪ ਰੇਖਾ ਤਿਆਰ ਹੋ ਜਾਵੇ ਤਾਂ ਮੈਂ ਇਸ ਨੂੰ ਲਿਖ ਕੇ ਦਮ ਲੈਂਦਾ ਹਾਂ। ਰੇਲ ਗੱਡੀ ਦਾ ਲੰਮਾ ਸ਼ਫਰ ਤਾਂ ਇਸ ਕਾਰਜ਼ ਵਿਚ ਮੇਰੀ ਖਾਸ ਤੌਰ ਤੇ ਮੱਦਦਗਾਰ ਸਹਾਈ ਹੁੰਦਾ ਹੈ। ਅੱਜ ਕਲਮ ਦੀ ਥਾਂ ਕੰਮਪਿਊਟਰ ਨੇ ਲੈ ਲਈ ਹੈ ਤਾਂ ਮੈਂ ਵੀ ਇਸ ਦਾ ਪੂਰਾ ਲਾਹਾ ਲੈ ਰਿਹਾ ਹਾਂ। ਜੇ ਰਾਤ ਨੂੰ ਕਿਸੇ ਕਾਰਨ ਮੇਰੀ ਨੀਂਦ ਖੁਲ੍ਹ ਜਾਵੇ ਤੇ ਕੋਈ ਰਚਨਾ ਮੇਰੇ ਅੰਦਰੋਂ ਬਾਹਰ ਆਉਣ ਲਈ ਕਾਹਲੀ ਹੋਵੇ ਤਾਂ ਸਵੇਰ ਹੋਣ ਦੀ ਉਡੀਕ ਨਹੀਂ ਕਰਦਾ ਤੇ ਉਸ ਵੇਲੇ ਕੀ ਬੋਰਡ ਤੇ ਉਂਗਲਾ ਮਾਰਨ ਲੱਗਦਾ ਹਾਂ। ਨੱਥੀ ਫੋਟੋ– ਹਰਿਆਣਾ ਸਾਹਿਤ ਸੰਗਮ ਵੱਲੋ ਸਿਰਸਾ ਵਿਚ ਸਨਮਾਨ ਹਾਸਿਲ ਕਰਦਿਆਂ |