1. ਗ਼ਜ਼ਲ
ਹੋਰਾਂ ਵਾਂਗੂੰ ਨ੍ਹੇਰਾ ਢੋਂਦੇ, ਰਾਤ -ਬਰਾਤੇ ਜੀ ਲੈਣਾ ਸੀ।
ਦਿਲ ਨੂੰ ਜੇਕਰ ਅੱਗ ਨ ਲੱਗਦੀ, ਮੈਂ ਚਾਨਣ ਤੋਂ ਕੀ ਲੈਣਾ ਸੀ।
ਘਰ ਦੇ ਘੜਿਆਂ ਅੰਦਰ ਪੈਕੇ ਸਿਆਣਾ ਪਾਣੀ ਸੋਚੇ ਅਕਸਰ,
ਮੈਨੂੰ ਨਦੀਏਂ ਵਗਦੇ ਨੂੰ ਵੀ ਰੇਤਾ ਨੇ ਹੀ ਪੀ ਲੈਣਾ ਸੀ।
ਅੰਨ੍ਹੀ ਭੀੜ `ਚ ਅੱਖਾਂ ਵਾਲੇ, ਤੁਰਦੇ ਵੀ ਤਾਂ ਕਿੱਥੇ ਤੁਰਦੇ,
ਖੜ੍ਹ ਕੇ ਸਭ ਨੂੰ ਰਾਹ ਦੇਣਾ ਸੀ, ਬਚ ਕੇ ਰਸਤਾ ਵੀ ਲੈਣਾ ਸੀ।
ਤਲਵਾਰਾਂ ਨੂੰ ਕਲਮ ਬਣਾ ਕੇ,ਜੋ ਚਾਹੁੰਦੇ ਜਿਸ ਥਾਂ ਲਿਖਦੇ ਸਨ,
ਛਲਕਦੀਆਂ ਅੱਖਾਂ ਵਿਚ ਲਿਖਿਆ,ਪੜ੍ਹ ਕੇ ਉਨ੍ਹਾਂ ਕੀ ਲੈਣਾ ਸੀ।
ਮੇਰੀ ਖਾਤਰ ਰੇਤ, ਰੁਪਈਏ, ਪੱਥਰ, ਚੀਜ਼ਾਂ, ਢੇਰ ਬੜੇ ਸਨ,
ਪਰ ਮੈਂ ਥੋੜ੍ਹੀ ਛਾਂ ਲੱਭਦਾ ਸਾਂ , ਚੂਲੀ ਪਾਣੀ ਹੀ ਲੈਣਾ ਸੀ।
ਜੇ ਰੂਹ ਦੇ ਲੰਗਾਰ ਨ ਲਹਿੰਦੇ, ਚੁਪ ਹੀ ਰਹਿੰਦੇ, ਕੁਝ ਨਾ ਕਹਿੰਦੇ,
ਜੇ `ਕੱਲਾ ਦਾਮਨ ਹੀ ਫਟਦਾ, ਅੰਦਰ ਵੜ ਕੇ ਸੀ ਲੈਣਾ ਸੀ।
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ
ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
(ਪਹਿਲੀ ਵਾਰ ਛਪਿਆ 1 ਮਈ 2005)
(ਦੂਜੀ ਵਾਰ 5 ਅਕਤੂਬਰ 2021)
**
(2) ਗ਼ਜ਼ਲ
ਕਿਤਾਬਾਂ ਵਰਗਿਆਂ ਲੋਕਾਂ ਨੂੰ ਖ਼ੁਦ ਵਿਚ ਜੋੜ ਲੈਂਦਾ ਹਾਂ।
ਮਿਲੇ ਗਹਿਰਾ ਕਿਤੇ ਲਿਖਿਆ, ਤਾਂ ਵਰਕਾ ਮੋੜ ਲੈਂਦਾ ਹਾਂ।
ਜੇ ਖੁੱਲ੍ਹੇ ਜਾਣ ਦੇਵਾਂ, ਜਾਣਗੇ ਤੇਰੀ ਤਰਫ਼ ਸਾਰੇ,
ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਂਦਾ ਹਾਂ।
ਦੁਆ ਦਿੰਦਾ ਹਾਂ ਜਿਸ ਅੰਬਰ ਨੂੰ ਪੂਰਨਮਾਸ਼ੀਆਂ ਵਾਲੀ,
ਮੈਂ ਉਸ ਦੀ ਰਾਤ ’ਚੋਂ ਹਰ ਰੋਜ਼ ਤਾਰੇ ਤੋੜ ਲੈਂਦਾ ਹਾਂ।
ਵਹਾ ਦਿੰਦਾ ਹਾਂ ਫੁੱਲਾਂ ਵਾਂਗ, ਜੋ ਮੇਰੇ ਨਹੀਂ ਰਹਿੰਦੇ,
ਵਿਦਾਈ ਬਾਅਦ, ਫਿਰ ਪਾਣੀ ਪਿਛਾਂਹ ਨੂੰ ਮੋੜ ਲੈਂਦਾ ਹਾਂ।
ਮੈਂ ਅਪਣੀ ਨੀਂਦ ਵਿਚ ਵੀ ਜਾਗਦਾ ਰਹਿਨਾਂ ਕਿਸੇ ਥਾਂ ਤੋਂ,
ਜਦੋਂ ਸੱਚ ਹੋਣ ਨੂੰ ਆਵੇ, ਤਾਂ ਸੁਪਨਾ ਤੋੜ ਲੈਂਦਾ ਹਾਂ।
*
3. ਗ਼ਜ਼ਲ
ਸਫ਼ਰਨਾਮੇ ਤਰ੍ਹਾਂ ਅਪਣਾ ਵਹਾਅ ਪੜ੍ਹਨਾ ਵੀ ਬਣਦਾ ਹੈ।
ਮੇਰਾ ਵਗਣਾ ਤਾਂ ਹੈ ਲਾਜ਼ਿਮ, ਕਿਤੇ ਖੜ੍ਹਨਾ ਵੀ ਬਣਦਾ ਹੈ।
ਗੁਆਈ ਜਾ ਰਹੇ ਹਾਂ ਉਮਰ, ਮਿੱਟੀ ਗੁੰਨਦਿਆਂ ਅਪਣੀ,
ਕੇ ਕੁਝ ਬਣਨੈ, ਕਿਸੇ ਦੇ ਚੱਕ ’ਤੇ ਚੜ੍ਹਨਾ ਵੀ ਬਣਦਾ ਹੈ।
ਸਫ਼ੇ ਵੀ ਬੋਲਦੇ ਨੇ ਸਿਰਫ਼ ਅੱਖਰ ਹੀ ਨਹੀਂ ਕਹਿੰਦੇ,
ਮੈਂ ਜਿਸ ਨੂੰ ਲਿਖ ਰਿਹਾ ਹਾਂ, ਓਸ ਨੂੰ ਪੜ੍ਹਨਾ ਵੀ ਬਣਦਾ ਹੈ।
ਕਿਨਾਰੇ ਦੇਣ ਜਦ ਤਕ ਰਾਹ, ਵਗੇ ਸਮਤਾਲ ਅਤੇ ਗਹਿਰੀ,
ਨਦੀ ਰੋਕੀ ਗਈ ਤਾਂ ਓਸ ਦਾ ਚੜ੍ਹਨਾ ਵੀ ਬਣਦਾ ਹੈ।
ਮਰੇ ਹਾਂ ਰਾਤ ਦੇ ਹੱਥੋਂ ਅਸੀਂ, ਪੂਰਬ ਲਈ ਲੜਦੇ,
ਕਿਸੇ ਸੂਰਜ ਦਾ ਸਾਡੇ ਮਾਣ ਵਿਚ ਚੜ੍ਹਨਾ ਵੀ ਬਣਦਾ ਹੈ।
4. ਗ਼ਜ਼ਲ
ਮੈਂ ਡਰ ਜਾਨਾ, ਜੇ ਮਨ ਵਿਚ ਵੀ ਨਦੀ ਦਾ ਨਾਮ ਆਉਂਦਾ ਹੈ।
ਕਿ ਏਥੇ ਸੁੱਚੀਆਂ ਤੇਹਾਂ ’ਤੇ ਵੀ ਇਲਜ਼ਾਮ ਆਉਂਦਾ ਹੈ।
ਦੁਪਹਿਰਾਂ ਨੂੰ ਤਾਂ ਛਾਂ ਉਸ ਦੀ, ਬੜਾ ਹੀ ਕੋਲ ਹੁੰਦੀ ਹੈ,
ਦਰਖ਼ਤ ਇਕ ਯਾਦ ਉਂਜ ਅਕਸਰ ਸਵੇਰੇ-ਸ਼ਾਮ ਆਉਂਦਾ ਹੈ।
ਅਜਬ ਆਦਤ ਬਣੀ ਹੈ ਅੱਜ-ਕੱਲ੍ਹ ਉਸ ਦੀ ਕਿ ਅਕਸਰ ਹੀ,
ਜਦੋਂ ਹੈ ਸੁਲਗਦਾ ਤਾਂ ਰੂਹ ਨੂੰ ਕੁਝ ਆਰਾਮ ਆਉਂਦਾ ਹੈ।
ਨਹੀਂ ਹੁਣ ਕਿਸ਼ਤੀਆਂ ਡੁੱਬਣ ਦਾ ਕੋਈ ਖੌਫ਼ ਮਨ ਅੰਦਰ,
ਵਸੇ ਹੀ ਓਸ ਥਾਂ ਹਾਂ, ਜਿਸ ਜਗ੍ਹਾ ਹੜ੍ਹ ਆਮ ਆਉਂਦਾ ਹੈ।
ਜੇ ਵੀ ਜਾਂਦੀਆਂ ਰੁੱਤਾਂ ’ਚ ਸੂਹਾ ਰੰਗ ਹੈ ਬਾਕੀ,
ਅਜੇ ਵੀ ਨਾਮ ’ਤੇ ਮੇਰੇ ਕਿਤੋਂ ਪੈਗ਼ਾਮ ਆਉਂਦਾ ਹੈ।
*
5. ਗ਼ਜ਼ਲ
ਥਾ-ਕੁ-ਥਾਂ ਝੁਕਣਾ ਪਿਆ, ਹਰ ਵਾਰ ਪਛਤਾਉਣਾ ਪਿਆ।
ਮੁਕਟ ਹਾਸਲ ਕਰਦਿਆਂ, ਸਿਰ ਹਾਰ ਕੇ ਆਉਣਾ ਪਿਆ।
ਡੁੱਬਣਾ ਮੁਸ਼ਕਿਲ ਨਹੀਂ ਸੀ ਪਰ ਇਹ ਮੁਸ਼ਕਿਲ ਹੋ ਗਿਆ,
ਡੁਬਦਿਆਂ ਹੜ੍ਹ ਦੀ ਖ਼ੁਸ਼ੀ ਦਾ ਗੀਤ ਵੀ ਗਾਉਣਾ ਪਿਆ।
ਸਾਹਮਣੇ ਵਾਲੇ ਵੀ ਮਾਰੇ, ਬਹੁਤ ਖ਼ੁਦ ਨੂੰ ਵੱਢਿਆ,
ਆਪਣੇ ਤੱਕ ਇਕ ਲੜਾਈ ਲੰਘ ਕੇ ਆਉਣਾ ਪਿਆ।
ਹੱਲ ਹੋਈਆਂ ਉਲਝਣਾਂ ਤੇ ਹੋ ਗਿਆ ਜੀਣਾ ਅਸਾਨ,
ਬਸ ਜ਼ਰਾ ਕੰਬਖਤ ਦਿਲ ਦਾ ਤਖ਼ਤ ਉਲਟਾਉਣਾ ਪਿਆ।
*
6. ਗ਼ਜ਼ਲ
ਕਈ ਸਦੀਆਂ ਤੋਂ ਵੇਲ਼ਾ, ਕਾਲ਼ੀਆਂ ਰਾਤਾਂ ਦਾ ਰਾਹੀ ਹੈ।
ਅਸਾਡੀ ਸਲਤਨਤ ਵਿਚ ’ਨ੍ਹੇਰਿਆਂ ਦੀ ਬਾਦਸ਼ਾਹੀ ਹੈ।
ਤੇਰੀ ਤਲਵਾਰ ਦੇ ਫਲ਼ ’ਤੇ ਲਹੂ ਲੱਗਾ ਹੈ ਸਾਡਾ ਵੀ,
ਤੇਰੀ ਆਤਮ-ਕਥਾ ਵਿਚ ਮੇਰਿਆਂ ਦੀ ਵੀ ਗਵਾਹੀ ਹੈ।
ਜ਼ਰਾ ਰਸਤਾ ਤਾਂ ਦੇਹ, ਖੋਲ੍ਹਣ ਦੇ ਅਪਣੇ ਆਪ ਦਾ ਬੂਹਾ,
ਤੇਰੇ ਤੱਕ ਆਉਣ ਨੂੰ ਮੈਂ ਵੀ ਤਾਂ ਉੱਚੀ ਕੰਧ ਢਾਹੀ ਹੈ।
ਅਜੇ ਵੀ ਹੱਥ ’ਚੋ ਪਰ ਓਸ ਦੇ ਪਰਚਮ ਨਹੀਂ ਡਿੱਗਿਆ,
ਮੇਰੇ ਅੰਦਰ ਕਈ ਯੁੱਧਾਂ ’ਚ ਹਰ ਚੁੱਕਾ ਸਿਪਾਹੀ ਹੈ।
ਮੇਰਾ ਲਿਖਿਆ ਕਿਤੇ ਅੱਖਰ ਨਹੀਂ ਹੁੰਦਾ, ਪੜ੍ਹੋਗੇ ਕੀ,
ਸਫ਼ੇ ਨੇੇ ਕਲਪਨਾ ਦੇ, ਸੁਪਨਿਆਂ-ਰੰਗੀ ਸਿਆਹੀ ਹੈ।
*
7. ਗ਼ਜ਼ਲ
ਕਰੀਂ ਨਾ, ਪਰ ਮੁਕੰਮਲ ਦੇ ਨੇੜੇ ਕਰੀ ਰੱਖੀਂ।
ਰਹਾਂ ਊਣਾ ਜ਼ਰਾ, ਕੁਝ ਇਸ ਤਰ੍ਹਾਂ ਮੈਨੂੰ ਭਰੀ ਰੱਖੀਂ।
ਤੇਰੀ ਧੜਕਨ ’ਚ ਸ਼ਾਇਦ ਮੈਂ ਵੀ ਮਿਲ ਜਾਵਾਂ ਕਿਸੇ ਥਾਂ ’ਤੇ,
ਤੂੰ ਅਪਣੀ ਨਬਜ਼ ’ਤੇ ਮੇਰੇ ਲਈ ਉਂਗਲ ਧਰੀ ਰੱਖੀਂ।
ਮੈਂ ਜਿਸ ਤੋਂ ਆਖ਼ਰੀ ਪੱਤੇ ਤਰ੍ਹਾਂ ਝੜਨਾ ਹੈ ਅਗਲੇ ਪਲ,
ਤੂੰ ਮੇਰੇ ਬਾਅਦ ਵੀ ਅਹਿਸਾਸ ਦੀ ਟਹਿਣੀ ਹਰੀ ਰੱਖੀਂ।
ਤੇਰੇ ਵਿਚ ਵਸਦਿਆਂ ਨੂੰ, ਤੇਰੇ ਦਿਲ ਦਾ ਸੇਕ ਨਾ ਲੱਗੇ,
ਉਨ੍ਹਾਂ ਦੇ ਵਾਸਤੇ ਹੀ ਆਪਣੀ ਛਾਤੀ ਠਰੀ ਰਖੀਂ।
ਖ਼ੁਦਾਇਆ! ਮੇਰਿਆਂ ਲਫ਼ਜ਼ਾਂ ਨੂੰ ਹਰ ਇਜ਼ਹਾਰ ਦੇ ਦੇਵੀਂ,
ਪਰ ਇਕ ਚਿਹਰੇ ਨੂੰ ਮੇਰੀ ਬਾਤ ’ਚੋਂ ਓਹਲੇ ਕਰੀ ਰੱਖੀਂ।
ਕਿਤੇ ਤਸਵੀਰ ਕੋਈ, ਯਾਦ, ਥੋੜ੍ਹਾ ਦਰਦ, ਸਰਸ਼ਾਰੀ,
ਜਿਵੇਂ ਹੋਇਆ ਤੂੰ ਮੈਨੂੰ ਆਪਣਾ ਹਿੱਸਾ ਕਰੀ ਰੱਖੀਂ।
*
8. ਗ਼ਜ਼ਲ
ਤਪਦਿਆਂ ਤੀਰਾਂ ਨੂੰ ਸੀਨੇ ਲਾ ਕੇ ਠਾਰਨ ਵਾਸਤੇ।
ਹਰ ਬਲੀ ’ਤੇ ਮੈਂ ਹੀ ਕਿਉਂ ਬਚਦਾ ਹਾਂ ਵਾਰਨ ਵਾਸਤੇ?
ਪੁਰਖਿਆਂ ਦੇ, ਵਾਰਸਾਂ ਦੇ, ਕੁਝ ਕੁ ਅਪਣੀ ਜ਼ਾਤ ਦੇ,
ਉਮਰ ਇਕ ਥੋੜ੍ਹੀ ਹੈ, ਸਭ ਕਰਜ਼ੇ ਉਤਾਰਨ ਵਾਸਤੇ।
ਹੋਰ ਬੰਦੇ, ਹੋਰ ਚੀਜ਼ਾਂ, ਹੋਰ ਰੁੱਤਾਂ, ਹੋਰ ਰਾਹ,
ਕੀ-ਕੀ ਮੈਂ ਅਪਣਾਅ ਲਿਆ, ਤੈਨੂੰ ਵਿਸਾਰਨ ਵਾਸਤੇ।
ਆਤਮਾ ਦੀ ਸੁੰਨ ’ਚੋਂ ਆਵਾਜ਼ ਤਾਂ ਉਠਦੀ ਹੈ ਪਰ,
ਦੂਰ ਤਕ ਦਿਸਦਾ ਨਹੀਂ ਕੋਈ ਪੁਕਾਰਨ ਵਾਸਤੇ।
ਆਖ਼ਰੀ ਦਾਓ ਸੀ, ਮੇਰੀ ‘ਮੈਂ’ ਦੀ ਵਾਰੀ ਆ ਗਈ,
ਹੋਰ ਕੁਝ ਬਚਿਆ ਨਹੀਂ ਸੀ ਕੋਲ਼ ਵਾਰਨ ਵਾਸਤੇ।
*
9. ਗ਼ਜ਼ਲ
ਕਿਤੋਂ ਆਵਾਜ਼ ਆਉਂਦੀ ਹੈ, ਜਿਵੇਂ ਚਾਨਣ ਬੁਲਾਉਂਦਾ ਹੈ।
ਕੋਈ ਮੱਧਮ ਜਿਹਾ ਸੂਰਜ ਮੇਰੀ ਨੀਂਦਰ ’ਚ ਆਉਂਦਾ ਹੈ।
ਹਰਿਕ ਬੰਦੇ ਦੇ ਅੰਦਰ ਦੋ ਜਣੇ ਤਕਰਾਰ ਕਰਦੇ ਨੇ,
ਜੇ ਇਕ ਦੀਵਾਰ ਬਣਦਾ ਹੈ ਤਾਂ ਇਕ ਬੂਹਾ ਬਣਾਉਂਦਾ ਹੈ।
ਵਿਚਾਲੇ ਜੇ ਤੁਸੀਂ ਆਉਣਾ ਹੈ ਸਾਡੇ, ਇਸ ਤਰ੍ਹਾਂ ਆਓ,
ਜਿਵੇਂ ਪਾਣੀ ਨਦੀ ਦੇ ਕੰਢਿਆਂ ਵਿਚਕਾਰ ਆਉਂਦਾ ਹੈ।
ਮੈਂ ਉਸ ਨੂੰ ਜਾਣਦਾ ਹਾਂ ਜੋ ਜ਼ਿਬ੍ਹਾ ਕਰਦਾ ਹੈ ਗੀਤਾਂ ਨੂੰ,
ਸੁਰਾਂ ਨੂੰ ਚਿੱਥ ਕੇ ਬਸ ਕਾਲ਼ੀਆਂ ਤਰਜ਼ਾ ਬਣਾਉਂਦਾ ਹੈ।
ਰੁੜ੍ਹੀ ਬੇੜੀ ਦਾ ਇਕ ਮਾਂਝੀ, ਚੜ੍ਹੇ ਦਰਿਆ ਦੇ ਕੰਢੇ ’ਤੇ,
ਖ਼ਫ਼ਾ ਪਾਣੀ ’ਚ ਅਪਣੇ ਬਾਲ ਨੂੰ ਤਰਨਾ ਸਿਖਾਉਂਦਾ ਹੈ।
ਤੇਰੇ ਕਾਰਨ ਹੀ ਪੱਥਰ ਬੋਲਦੇ ਤੇ ਗਾਉਂਦੀਆਂ ਨਦੀਆਂ,
ਪਿਘਲਦੀ ਬਰਫ਼ ਦਾ ਸ਼ੀਸ਼ਾ ਹਮੇਸ਼ਾ ਝਿਲਮਿਲਾਉਂਦਾ ਹੈ।
ਦੁਹਾਂ ’ਚੋਂ ਕੌਣ ਤੁਰਦਾ ਹੈ, ਅਜੇ ਇਹ ਭੇਤ ਨਾ ਲੱਗਾ,
ਮੁਕਾਉਂਦਾ ਹਾਂ ਮੈਂ ਪੈਂਡੇ, ਜਾਂ ਸਫ਼ਰ ਮੈਨੂੰ ਮੁੁਕਾਉਂਦਾ ਹੈ।
ਮੈਂ ਇਕ ਖ਼ਾਲੀ ਸਫ਼ੇ ਵਾਂਗੂੰ ਪਿਆ ਤਕਦਾ ਹਾਂ ਬੇਹਰਕਤ,
ਸਮਾਂ ਮੇਰੇ ’ਤੇ ਮਨਮਰਜ਼ੀ ਦਾ ਲਿਖਦਾ ਹੈ, ਮਿਟਾਉਂਦਾ ਹੈ।
ਨਦੀ ਇਕ ਯਾਦ ਆਉਂਦੀ ਹੈ ਤਾਂ ਉਹ ਉਠਦਾ ਹੈ ਰਾਤਾਂ ਨੂੰ,
ਸਿਰ੍ਹਾਣੇ ਰੱਖੇ ਪਾਣੀ ਦੀ ਸੁਰਾਹੀ ਡੋਲ੍ਹ ਆਉਂਦਾ ਹੈ।
ਤਸੱਲੀ ਹੈ ਕਿ ਸਾਰਾ ਕੁਝ ਅਜੇ ਪੱਥਰ ਨਹੀਂ ਹੋਇਆ,
ਅਜੇ ਵੀ ਕੁਝ ਕਿਤੇ ਜ਼ਿੰਦਾ, ਧੜਕਦਾ, ਛਟਪਟਾਉਂਦਾ ਹੈ।
*
10. ਗ਼ਜ਼ਲ
ਨਦੀ ਸੀ ਖੌਲਦੀ, ਉਹ ਜਾ ਮਿਲੇ ਤੇ ਝੁਲਸ ਕੇ ਨਿਕਲੇ।
ਤਿਹਾਏ ਸ਼ਹਿਰ ਦੇ ਤੈਰਾਕ ਵੀ ਬਿਹਬਲ ਬੜੇ ਨਿਕਲੇ।
ਝਿਜਕ ਮੇਰੀ, ਦੁਚਿੱਤੀ, ਨੀਂਦ ਮੁੱਕੇ ਤੇ ਸੁਬਹ ਹੋਵੇ,
ਕਰੂੰਬਲ ਵਾਂਗ ਕੁਝ ਮੇਰੇ ’ਚੋਂ ਮੈਨੂੰ ਚੀਰ ਕੇ ਨਿਕਲੇ।
ਸਫ਼ਰ ਓਹੀ ਸੀ, ਰਸਤਾ ਵੀ, ਬਦਲ ਚੁੱਕਾ ਸੀ ਪਰ ਮੌਸਮ,
ਹਨੇਰੀ ਲਹਿ ਗਈ ਤਾਂ ਰਾਤ ’ਚੋਂ ਤਾਰੇ ਬੜੇ ਨਿਕਲੇ।
ਮੇਰੇ ਅੰਦਰ ਅਨੇਕਾਂ ਅਣਪਛਾਤੇ ਲੋਕ ਰਹਿੰਦੇ ਨੇ,
ਹਰਿਕ ਦਿਨ ਹੋਰ ਬੰਦਾ, ਹੋਰ ਬੂਹਾ ਖੋਲ੍ਹ ਕੇ ਨਿਕਲੇ।
ਬੜੀ ਮੁੱਦਤ ਤੋਂ ਮਗਰੋਂ ਫੇਰ ਅੱਖਾਂ ਬਰਸੀਆਂ ਰਾਤੀਂ,
ਚਿਰਾਂ ਤੋਂ ਸੁੱਕੀਆਂ ਸ਼ਾਖਾਂ ’ਤੇ ਫਿਰ ਪੱਤੇ ਹਰੇ ਨਿਕਲੇ।
ਰਹੇ ਕੁਝ ਡਰ ਸਦਾ ਰੂਹਾਂ ’ਤੇ ਉਘਲਾਉਂਦੇ, ਖ਼ਲਲ ਪਾਉਂਦੇ,
ਕਦੇ ਰਾਹਾਂ ’ਚ ਆ ਬੈਠੇ, ਕਦੇ ਅੰਬਰ ਛੁਪੇ ਨਿਕਲੇ।
**
ਮੋਬਾਈਲ : 97790 30335 |