23 April 2024
ਪੁਸ਼ਪਾਂਜਲੀ

ਚਾਰ ਗ਼ਜ਼ਲਾਂ— ਗੁਰਸ਼ਰਨ ਸਿੰਘ ਅਜੀਬ (ਲੰਡਨ)

ਬਰਤਾਨਵੀ ਸਮੀਖਿਆਕਾਰ, ਅਲੋਚਕ ਤੇ ਕਹਾਣੀਕਾਰ
ਡਾਕਟਰ ਗੁਰਦਿਆਲ ਸਿੰਘ ਰਾਏ ਦੀ ਨਜ਼ਰ!

=========================
°ਰਾਏ ਜਿਹਾ ਧਰਮਾਤਮਾ ਲੇਖਕ ਵਲੈਤ ਵਿਚ ਨਾ
(SSIS+SSIS+SSIS+ISS)

੦ ਗ਼ ਜ਼ ਲ-੧

°ਰਾਏ   ਜਿਹਾ   ਧਰਮਾਤਮਾ   ਲੇਖਕ  ਵਲੈਤ   ਵਿਚ   ਨਾ॥
ਕਰਦੈ   ਜੋ   ਸਾਹਿਤ-ਘਾਲਣਾ  ਲੇਖਕ   ਵਲੈਤ  ਵਿਚ ਨਾ॥

ਮਿਠ-ਬੋਲੜਾ     ਸੀਤਲ-ਸੁਭਾ    ਧੰਮਲ-ਮਿਜ਼ਾਜ     ਪੂਰਨ,
ਸ਼ੁਧ-ਪਾਕ  ਜਿਸ  ਦੀ  ਭਾਵਣਾ  ਲੇਖਕ  ਵਲੈਤ  ਵਿਚ  ਨਾ॥

ਬਾਰੀਕ    ਇਸ    ਦੀ   ਬੁੱਧੀ    ਤੀਖਣ-ਅਹਿਸਾਸ   °ਰਾਏ,
ਕਰਦੈ  ਅਦਬ  ਜੋ   ਸਾਧਨਾ  ਲੇਖਕ   ਵਲੈਤ   ਵਿਚ   ਨਾ॥

ਵਰ੍ਹਿਆਂ ਤੋਂ ਕਰਦਾ ਆ ਰਿਹਾ °ਰਾਏ  ਅਦਬ  ਦੀ  ਖ਼ਿਦਮਤ,
ਸਾਹਿਤ  ਦੀ  ਰੂਹ  ਸ਼ੁਧ-ਆਤਮਾ  ਲੇਖਕ  ਵਲੈਤ  ਵਿਚ ਨਾ॥

ਲੇਖਕ   ਅਲੋਚਕ    ਯਾਰੋ   °ਰਾਏ   ਭੀ    ਹੈ     ਸੰਪਾਦਕ,
ਕਾਬਲ  ਜੋ  ਇਸ  ਦੇ ਨਾਲ ਦਾ  ਲੇਖਕ  ਵਲੈਤ  ਵਿਚ  ਨਾ॥

ਅਪਣੀ ਅਲੈਦਾ ਸੋਚ ਇਸ ਦੀ ਲਹਿਜਾ ਵੀ ਇਸਦਾ ਅਪਣਾ,
ਅੱਛੀ  ਜਿਹਦੀ   ਸਦ-ਭਾਵਨਾ   ਲੇਖਕ  ਵਲੈਤ  ਵਿਚ  ਨਾ॥

ਸਾਹਿਤ-ਅਲੋਚਕ    ਬਾਦਸ਼ਾਹ  ਨਾਲੇ    ਕਹਾਣੀਕਾਰ   ਵੀ,
°ਰਾਏ   ਜਿਹਾ  ਜੋ    ਉੱਮਦਾ   ਲੇਖਕ  ਵਲੈਤ   ਵਿਚ  ਨਾ॥

‘ਗੁਰਸ਼ਰਨ’   ਮੇਰਾ   ਸੱਜਦਾ    ਇਸ  ਦੀ  ਹੈ   ਲੇਖਣੀ  ਨੂੰ,
°ਰਾਏ  ਜਿਹਾ  ਕੁਈ  ਆਹਲਾ  ਲੇਖਕ  ਵਲੈਤ  ਵਿਚ  ਨਾ॥

°ਰਾਏ : ਡਾ. ਗੁਰਦਿਆਲ ਸਿੰਘ ਰਾਏ

01.01.2021
**

ਅਜ ਦੀ ਸ਼ਾਮ ਦਾ ਜਾਮ ਪਲੇਠਾ ਸਜਨਾਂ ਤੇਰੇ ਨਾਮ॥

(SSx6+SI)

੦ ਗ਼ ਜ਼ ਲ-੨

ਅਜ  ਦੀ  ਸ਼ਾਮ  ਦਾ  ਜਾਮ ਪਲੇਠਾ ਸਜਨਾਂ  ਤੇਰੇ ਨਾਮ॥
ਜਿੱਥੇ ਵੀ  ਹੈਂ  ਨਾਮ  ਮਿਰੇ  ਕਰ ਪੀਵੀਂ ਅਜ ਇਕ ਜਾਮ॥

ਰੁੱਤ  ਸੁਹਾਨੀ  ਸੁੰਦਰ  ਮੌਸਮ  ਮੀਤ  ਨਾ  ਆਵਣ   ਰੋਜ਼,
ਆ ਜਾ ਰਲ ਕੇ ਜਸ਼ਨ  ਮਨਾਈਏ  ਮੌਲਾ  ਦਾ  ਪੈਗ਼ਾਮ॥

ਪਰੇਮ-ਪੁਜਾਰੀ   ਦਾ   ਕੰਮ  ਹੁੰਦੈ   ਕਰਨੀ  ਓਸ ਪਰੀਤ,
ਨਾਮ ਸਜਨ  ਦਾ ਲੈ  ਕੇ  ਕਰਨੀ  ਪੂਜਾ  ਸੁਬ-ਹੋ-ਸ਼ਾਮ॥

ਕਿੰਝ  ਭੁਲਾਵਾਂ  ਨਾਮ  “ਓਸ” ਦਾ  ਨਾਲੇ  ਉਸ  ਦੀ ਹੋਂਦ,
ਓਸ   ਬਿਨਾਂ  ਨਾ  ਪੱਤਾ  ਹਿੱਲੇ,   ਹੋਵੇ   ਚੱਕਾ   ਜਾਮ॥

ਬੈਠੇ   ਜੋ  ਕਿਰਸਾਨ ਅੰਦੋਲਨ  ਦੇ  ਵਿਚ  ਸੱਜਨ ਮੀਤ,
ਸਭਨਾਂ  ਨੂੰ  ਹੈ  ਸਜਦਾ  ਮੇਰਾ  ਸਭਨਾਂ  ਨੂੰ   ਪਰਨਾਮ॥

ਸਾਰੇ ਧਰਮ ਨੇ ਚੰਗੇ  ਜੇ  ਕਰ  ਮੰਨੋਂ  ਜੋ  ਉਹ  ਕਹਿਣ,
ਕੀ ਹਿੰਦੂ  ਕੀ  ਸਿੱਖ  ਇਸਾਈ  ਬੋਧੀ  ਜਾਂ  ਇਸਲਾਮ॥

ਸਾਲ    ਟਵੈਂਟੀ-ਟਵੈਂਟੀ    ਮੇਰੇ   ਖੋਹੇ  ਮੀਤ    ਅਨੇਕ,
ਇਕ ਦੋ ਮਿੱਤਰ ਛੱਡ ਕੇ ਦੁਨੀਆ ਛੱਡਗੇ ਮੀਤ ਤਮਾਮ॥

ਸੋਚ ਸਮਝ ਕੇ ਚੱਲ  ‘ਅਜੀਬਾ’ ਖੋਲ  ਨਾ ਦਿਲ ਦੇ ਭੇਦ,
ਹੋ ਜਾਵੀਂ  ਨਾ  ਫ਼ਿਲਮੀਂ-ਮੁੰਨੀਂ  ਵਾਂਗ ਕਿਤੇ  ਬਦਨਾਮ॥

01.01.2021

ਮੈਂ ਸ਼ਬਦਾਂ ਦਾ ਸ਼ਿਕਾਰੀ ਹਾਂ
੦ ਗ਼ ਜ਼ ਲ-੩

ਮੈਂ ਸ਼ਬਦਾਂ ਦਾ ਸ਼ਿਕਾਰੀ ਹਾਂ।
ਮੈਂ ਗ਼ਜ਼ਲਾਂ ਦਾ ਲਿਖਾਰੀ ਹਾਂ।

ਗ਼ਜ਼ਲ ਕਹਿਣਾ ਮੇਰਾ ਕਰਤਵ,
ਮੈਂ ਗ਼ਜਲਾਂ ਦਾ ਪੁਜਾਰੀ ਹਾਂ।

ਖਿਲਾਰਾਂ ਮਹਿਕ ਫੁੱਲਾਂ ਦੀ,
ਮੈਂ ਗ਼ਜ਼ਲਾਂ ਦੀ ਪਟਾਰੀ ਹਾਂ।

ਗ਼ਜ਼ਲ ਰੰਗਾਂ ਦਾ ਸ਼ਾਇਰ ਮੈਂ,
ਗ਼ਜ਼ਲ-ਰੰਗਕ ਲਲਾਰੀ ਹਾਂ।

ਗ਼ਜ਼ਲ-ਪਾਬੰਦ ਮੈਂ ਰਹਿਨਾਂ,
ਬੜਾ ਪੱਕਾ ਵਿਹਾਰੀ ਹਾਂ।

ਗ਼ਜ਼ਲ ਮੇਰੇ ‘ਤੇ ਭਾਰੀ ਹੈ,
ਗ਼ਜ਼ਲ ਉੱਤੇ ਮੈਂ ਭਾਰੀ ਹਾਂ।

ਗ਼ਜ਼ਲ ਕਹਿਣਾ ਮੇਰੀ ਪੂਜਾ,
ਮੈਂ ਗ਼ਜ਼ਲਾਂ ਦੀ ਉਡਾਰੀ ਹਾਂ।

ਗ਼ਜ਼ਲ ਵਿਚ ਲੋਕਤਾ-ਹਾਮੀ,
ਰਿਹਾ ਮੈਂ ਉਮਰ ਸਾਰੀ ਹਾਂ।

ਗਜ਼ਲ ਖ਼ੁਦ ਪਾਸ ਆਉਂਦੀ ਹੈ,
ਨਾ ਕਰਦਾ ਮੈਂ ਤਿਆਰੀ ਹਾਂ।

ਗ਼ਜ਼ਲ ਆਸ਼ਕ ਗ਼ਜ਼ਲ-ਪਿਆਰਾ,
ਗ਼ਜ਼ਲ-ਰਚਨਾ ਦਾ ਧਾਰੀ ਹਾਂ।

ਗ਼ਜ਼ਲ-ਮੰਦਰ ਦੇ ਦਰ ਬੈਠਾ,
ਗ਼ਜ਼ਲ-ਸ਼ਾਇਰ ਲਿਖਾਰੀ ਹਾਂ।

ਗ਼ਜ਼ਲ ਮੇਰੀ ਜੋ ਪੜ੍ਹਦੇ ਨੇ,
ਉਨ੍ਹਾਂ ਦਾ ਮੈਂ ਅਭਾਰੀ ਹਾਂ।

ਅਰਾਧਾਂ ਮੈਂ ਗ਼ਜ਼ਲ ਹਰ ਪਲ,
‘ਅਜੀਬਾ’ ਇਕ ਪੁਜਾਰੀ ਹਾਂ।

(ISSSx2)
**
ਜਦ ਵੀ ਨੇੜੇ ਆਉਂਦੇ ਸਦਮੇ॥
੦ ਗ਼ ਜ਼ ਲ-੪

ਜਦ   ਵੀ  ਨੇੇੜੇ  ਆਉਂਦੇ   ਸਦਮੇ॥
ਫੁੱਟ  ਪੈਂਦੇ  ਨੇ  ਦਿਲ  ‘ਚੋਂ  ਨਗ਼ਮੇ॥

ਕਿਰਸਾਨਾਂ  ‘ਤੇ ਕਹਿਰ  ਹੈ ਟੁੱਟਿਆ,
ਮੇਰੇ  ਦਿਲ  ‘ਤੇ   ਚੱਲਣ   ਵਰਮੇ॥

ਕਿਰਤੀ   ਕਾਮੇ    ਜਾਨਾਂ    ਵਾਰਨ,
ਰਾਜ    ਕਰੇਂਦੇ    ਮੋਦੀ     ਸ਼ਰਮੇ॥

ਹੱਕ  ਨਾ   ਮਿਲਦੇ  ਕਿਰਸਾਨਾਂ  ਨੂੰ,
ਨਿਤ  ਲੁਟੀਵਣ  ਕਣਕ ਤੇ ਨਰਮੇ॥

ਯੁੱਗਾਂ ਤੋਂ   ਇਹ  ਲੁੱਟ  ਪਏ  ਹੋਵਣ,
ਕਰਮ    ਕਿਸਾਨਾਂ   ਦੇ   ਬੇਕਰਮੇ॥

ਤੱਕੇ   ਢੀਠ     ਨਿਲੱਜੇ    ਲੇਕਿਨ,
ਸਰਕਾਰ ਜਿਹੇ  ਨਾ  ਪਰ  ਬੇਸ਼ਰਮੇ

ਇਕ  ਮੁਠ  ਹੋ  ਕੇੇ  ਜਿੱਤਾਂਗੇ   ਹੁਣ,
‘ਗੁਰਸ਼ਰਨ’ ਨਾ ਚੱਲੋ ਹੇ ਬੇਕਦਮੇ॥
**
29.12.2020

About the author

ਗੁਰਸ਼ਰਨ ਸਿੰਘ ਅਜੀਬ
ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →