18 October 2025

ਅੰਨ੍ਹੀ ਕੁਕੜੀ ਖਸ-ਖਸ ਦਾ ਚੋਗਾ — ਡਾ. ਕੁਲਵਿੰਦਰ ਸਿੰਘ ਬਾਠ

ਇੱਕ ਦਿਨ, ਘੁੰਮਦਾ-ਘੁੰਮਾਉਂਦਾ ਹੋਇਆ ਇੱਕ ‘ਫੇਸਬੁੱਕੀ ਆਰਟੀਕਲ’ ਮੇਰੇ ਕੋਲ ਪਹੁੰਚ ਗਿਆ, ਜਿਸ ਨੂੰ ਦੇਖ ਬੜਾ ਅਚੰਭਾ ਜਿਹਾ ਹੋਇਆ। ਇੰਜ ਲੱਗਾ ਜਿਵੇਂ ਕੋਈ ਲੰਮਾ ਸਮਾਂ ਪਹਿਲਾਂ ਗੁਆਚੀ ਅਤੇ ਭੁੱਲੀ-ਵਿੱਸਰੀ ਦੁਰਲੱਭ ਜਿਹੀ ਸ਼ੈਅ ਅਚਾਨਕ ਤੁਹਾਡੇ ਕਦਮਾਂ ‘ਚ ਆਣ ਡਿਗੇ। ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ The Beas (‘ਬਿਆਸ ਮੈਗਜ਼ੀਨ’) ਵਿੱਚ ਸੈਂਤੀ-ਅਠੱਤੀ ਕੁ ਸਾਲ ਪਹਿਲਾਂ, ਉਸ ਸਮੇਂ ਕਾਲਜ ਦੇ ਪ੍ਰਿੰਸੀਪਲ, ਰਾਜਾ ਹਰਨਰਿੰਦਰ ਸਿੰਘ ਜੀ ਦੀ ਇੱਕ ਅਤਿ ਸੁੰਦਰ ਅਤੇ ਭਾਵਨਾਤਮਿਕ ਲਿਖਤ ਸ਼ਾਮਿਲ ਸੀ। ਵਿਚਾਰ ਆਪਣਾ-ਆਪਣਾ, ਪਰ ਮੇਰੇ ਹਿਸਾਬ ਨਾਲ ਰਾਜਾ ਹਰਨਰਿੰਦਰ ਸਿੰਘ ਜੀ ਇੱਕ ਮਾਣਯੋਗ, ਬਹੁਪੱਖੀ, ਤੇ ਬੁਲੰਦ ਸ਼ਖ਼ਸੀਅਤ ਦੇ ਮਾਲਕ ਸਨ। ਕਈ ਕਾਲਜਾਂ ਦੇ ਪ੍ਰਿੰਸੀਪਲ ਰਹਿਣ ਤੋਂ ਬਾਅਦ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੀ ਰਹੇ। ਕੁਝ ਕੁ ਸਮਾਂ ਪਹਿਲਾਂ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਪ੍ਰਿੰਸੀਪਲ ਸਾਹਿਬ ਦੀ ਨਿੱਘੀ ਯਾਦ ਅਤੇ ਬਿਆਸ ਮੈਗਜ਼ੀਨ ਦੀ ਇਹ ਝਲਕ, ਉਂਗਲੀ ਪਕੜ, ਮੈਨੂੰ ਮੇਰੇ ਪੁਰਾਣੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਧੁਰ ਅੰਦਰ ਤੱਕ ਲੈ ਗਈ।

ਲਾਇਲਪੁਰ ਖ਼ਾਲਸਾ ਕਾਲਜ ਨਾਲ ਸਬੰਧਤ ਅਧਿਆਪਕਾਂ, ਵਿਦਿਆਰਥੀਆਂ, ਸਾਹਿਤਕਾਰਾਂ ਤੇ ਸਾਹਿਤ ਨੂੰ ਪੜ੍ਹਨ ਵਾਲੇ ਪਿਆਰਿਆਂ ਨੂੰ ਜ਼ਰੂਰ ਕਾਲਜ ਦੇ ਇਸ ਦਿਲਚਸਪ ਅਤੇ ਮਿਆਰੀ ਮੈਗਜ਼ੀਨ ਦੀ ਜਾਣਕਾਰੀ ਹੋਵੇਗੀ। ਮੈਂ ਪ੍ਰੀ-ਮੈਡੀਕਲ ਵਿੱਚ ਸਾਇੰਸ ਬਲਾਕ ਦਾ ਵਿਦਿਆਰਥੀ ਸੀ ਅਤੇ ਉਦੋਂ ਪ੍ਰੋਫ਼ੈਸਰ ਨਰਿੰਜਣ ਸਿੰਘ ਢੇਸੀ ਕਾਲਜ ਦੇ ਪੰਜਾਬੀ ਡਿਪਾਰਟਮੈਂਟ ਦੇ ਮੁਖੀ ਹੁੰਦੇ ਸਨ। ਜ਼ਿਆਦਾਤਰ, ਕਈ ਹੋਰ ਪ੍ਰੋਫ਼ੈਸਰ ਉਨ੍ਹਾਂ ਦੇ ਨਾਲ਼ ਇੱਕ ਗਰੁੱਪ ਜਿਹਾ ਬਣਾ ਕੇ ਗੱਲਾਂ ਕਰਦੇ ਅਤੇ ਹਾਸਾ ਮਜ਼ਾਕ ਕਰਦੇ ਰਹਿੰਦੇ ਸਨ। ਫਿਰ ਇਹ ਪ੍ਰੋਫ਼ੈਸਰਾਂ ਦਾ ਝੁੰਡ ਕਾਲਜ ਵਿੱਚ ਇਧਰ-ਉਧਰ ਵਿਚਰਦਾ ਰਹਿੰਦਾ। ਸਾਇੰਸ ਬਲਾਕ ਕਾਲਜ ਦੇ ਮੇਨ ਗੇਟ ਤੋਂ ਲਾਇਬ੍ਰੇਰੀ ਵੱਲ ਅੰਦਰ ਨੂੰ ਜਾਂਦਿਆਂ ਰਸਤੇ ਦੇ ਖੱਬੇ ਹੱਥ ਹੈ। ਰਸਤੇ ਅਤੇ ਡਿਪਾਰਟਮੈਂਟ ਬਿਲਡਿੰਗ ਦੇ ਵਿਚਕਾਰ ਲਾਅਨ ਹੁੰਦਾ ਸੀ, ਜਿਸ ਵਿੱਚ ਅਕਸਰ ਵਿਦਿਆਰਥੀ ਅਤੇ ਅਧਿਆਪਕ ਵਿਹਲੇ ਪੀਰੀਅਡ ‘ਚ ਬੈਠੇ ਧੁੱਪ ਸੇਕਦੇ ਰਹਿੰਦੇ ਸਨ। ਇੱਕ ਦਿਨ ਢੇਸੀ ਸਾਹਿਬ ਦੇ ਪ੍ਰੋਫ਼ੈਸਰਾਂ ਦਾ ਝੁੰਡ ਕਾਲਜ ਤੋਂ ਬਾਹਰਲੇ ਗੇਟ ਵੱਲ ਜਾਂਦਿਆਂ, ਲਾਅਨ ‘ਚ ਬੈਠੇ ਬਾਇਆਲੌਜੀ ਵਿਭਾਗ ਦੇ ਅਧਿਆਪਕਾਂ ਦੇ ਨਜ਼ਦੀਕ ਆ ਕੇ ਰੁਕ ਗਿਆ। ਪ੍ਰੋਫ਼ੈਸਰ ਢੇਸੀ ਲਾਅਨ ਦੀ ਵਾੜ ਦੇ ਉਪਰੋਂ ਦੀ ਸਿਰ ਕੱਢ ਕੇ ਆਪਣੇ ਅੰਦਾਜ਼ ਵਿੱਚ ਮੈਡਮ ਬੋਲੀਨਾ ਨੂੰ ਬੋਲੇ… ਸਾ..ਸ੍ਰੀ ਅਕਾਲ…. ਮੈਡਮ ਜੀ..!! ਫਿਰ ਗੱਲ ਨੂੰ ਹੋਰ ਅੱਗੇ ਤੋਰਦਿਆਂ ਕਹਿਣ ਲੱਗੇ,… ਗੱਲ ਐਦਾਂ ਆ ਪਈ… ਆਪਣੇ ਕਾਲਜ ਦੇ ਬਿਆਸ ਮੈਗਜ਼ੀਨ ਦੇ ਅਗਲੇ ਅੰਕ ਲਈ ਤੁਹਾਡੀ ਮਦਦ ਚਾਹੀਦੀ ਆ, ਜੇ ਹੋ ਸਕੇ ਤਾਂ…। ਮੈਡਮ ਬੋਲੀਨਾ ਨੇ ਕੁਰਸੀ ਤੇ ਬੈਠਿਆਂ ਹੀ ਉਸ ਵੱਲ ਧੌਣ ਘੁਮਾ ਕੇ ਕਿਹਾ, ਹੁਕਮ ਕਰੋ… ਢੇਸੀ ਸਾਹਿਬ… ਕੀ ਕਰਨਾ ਆ? ਢੇਸੀ ਸਾਹਿਬ ਆਪਣੇ ਹੀ ਅੰਦਾਜ਼ ‘ਚ ਫਿਰ ਬੋਲੇ, ਬੱਸ ਕੁਛ ਜ਼ਿਆਦਾ… ਤਾਂ ਨਹੀਂ, ਤੁਹਾਡੇ ‘ਸੈਂਸ (science) ਵਾਲਿਆਂ ਦਾ ਕੋਈ ‘ਸੈਂਸ ਦਾ ਈ ਆਰਟੀਕਲ ਚਾਹੀਦਾ ਆ…” ‘ਸੈਂਸ ਦੇ ਸੈਕਸ਼ਨ (section / ਹਿੱਸੇ) ਲਈ। ਓਦਾਂ ਸਾਹਿਤ ਲਈ ਤਾਂ… ਲਿਖਾਰੀ ਬੜੇ ਹੈਗੇ ਆ ਸਾਡੇ ਕੋਲ…’ਸੈਂਸ ‘ਚ ਕੁਛ ਲਿਖਿਆ ਹੋਣਾ ਚਾਹੀਦਾ ਆ…।” ਮੈਡਮ ਬੋਲੀਨਾ ਨੇ ਥੋੜ੍ਹਾ ਸੋਚਿਆ ਤੇ ਫਿਰ ਬੋਲੀ… ਦੇਖਦੇ ਆਂ… ਜੀ… ਕਰਦੇ ਆਂ… ਕੁਛ ਨਾ ਕੁਛ…। ਢੇਸੀ ਸਾਹਿਬ ਆਪਣਾ ਕੰਮ ਦੱਸ ਕੇ, ਝੁੰਡ ਦੇ ਵਿਚਕਾਰ ਜਿਹੇ ਤੁਰਦੇ… ਔਹ ਗਏ .. ਤੇ .. ਔਹ ਗਏ… । ਅਸੀਂ ਕੋਲ ਹੀ ਥੱਲੇ ਘਾਹ ਤੇ ਗਰੁੱਪ ਜਿਹਾ ਬਣਾ ਕੇ ਬੈਠੇ ਸੀ। ਢੇਸੀ ਸਾਹਿਬ ਦੇ ਹੁਕਮ ਜਾਂ ਬੇਨਤੀ ਤੋਂ ਲੱਗਦਾ ਸੀ ਕਿ ਸਾਇੰਸ ਦਾ ਕੋਈ ਆਰਟੀਕਲ ਹੀ ਚਾਹੀਦਾ ਸੀ, ਅੰਗਰੇਜ਼ੀ ਵਾਲੇ ਸਾਇੰਸ ਸੈਕਸ਼ਨ ਲਈ ਕਿਸੇ ਅਧਿਆਪਕ ਜਾਂ ਫਿਰ ਕਿਸੇ ਸਟੂਡੈਂਟ ਦਾ ਲਿਖਿਆ ਹੋਇਆ। ਦੇਖਦੇ ਈ ਦੇਖਦੇ ਮੈਡਮ ਦੇ ਨਾਲ ਕੁਰਸੀਆਂ ਤੇ ਬੈਠੇ ਪ੍ਰੋਫ਼ੈਸਰ ਵੀ ਵਾਰੀ ਵਾਰੀ ਉੱਠ ਆਪਣੀਆਂ ਕਲਾਸਾਂ ਵੱਲ ਨੂੰ ਨਿਕਲ ਤੁਰੇ… ਤੇ ਅਸੀਂ ਵੀ ਕੰਟੀਨ ਵੱਲ ਨੂੰ ਚਾਹ ਨਾਲ਼ ਬਰੈਡ ਪਕੌੜੇ ਅਤੇ ਸਮੋਸੇ ਖਾਣ ਤੁਰ ਪਏ। ਅਸਾਂ ਪੇਂਡੂਆਂ ਅਤੇ ‘ਅੰਗਰੇਜ਼ੀ ਵਿੱਚ ਪੜ੍ਹਾਈ ਜਾਂਦੀ ਸਾਇੰਸ ਦੇ ਝੰਬਿਆਂ’ ਦੀ ਬਿਲਕੁਲ ਵੀ ਕੋਈ ਦਿਲਚਸਪੀ ਨਹੀਂ ਸੀ ਕੇ ਢੇਸੀ ਸਾਹਿਬ ਕੀ ਕਹਿ ਰਹੇ ਸਨ… ਜਾਂ ਮੈਡਮ ਬੋਲੀਨਾ ਕੀ ਸੁਣ ਜਾਂ ਸੋਚ ਰਹੀ ਸੀ… ਜਾਂ ਫਿਰ ਬਿਆਸ ਮੈਗਜ਼ੀਨ ਕੀ ਸ਼ੈਅ ਸੀ।

‘ਅੰਨ੍ਹਿਆਂ ਦੀ ਭੀੜ ‘ਚ ਕਾਣੇ ਰਾਜੇ’ ਦੀ ਤਰਾਂ, ਸਾਡੇ 5 ਕੁ ਜਣਿਆਂ ਦੇ ਗਰੁੱਪ ਦਾ ਨਾਂ ਕੁੜੀਆਂ ਨੇ ਇੰਟੈਲੋ (intello) ਗਰੁੱਪ ਪਾਇਆ ਹੋਇਆ ਸੀ। ਸਾਡੇ ਸੋਸ਼ਲ ਗਰੁੱਪ ਦਾ ਨਾਮ ਅੱਜ ਵੀ ਇੰਟੈਲੋ ਹੀ ਹੈ। ਇਮਤਿਹਾਨਾਂ ਦੇ ਦੌਰਾਨ ਕਲਾਸ ਦੇ ਉਪਰਲੇ ਸਥਾਨ ਅਸੀਂ ਅਸਾਨੀ ਨਾਲ ਹੀ ਬੋਚ ਲੈਂਦੇ ਸੀ, ਪਰ ਕਦੀ ਵੀ ਹੁਸ਼ਿਆਰ ਹੋਣ ਦਾ ਮਾਣ ਜਾਂ ਦਾਅਵਾ ਨਹੀਂ ਕੀਤਾ ਸੀ। ਪ੍ਰੋਫ਼ੈਸਰ ਢੇਸੀ ਦੇ ਕਹਿਣ ਤੋਂ ਦੂਸਰੇ ਕੁ ਹੀ ਦਿਨ, ਬੋਲੀਨਾ ਮੈਡਮ ਨੇ ਇੱਕ ਲੈਬ ਅਸਿਸਟੈਂਟ ਹੱਥ ਸੱਦਾ ਭੇਜ ਸਾਡੇ ਗਰੁੱਪ ਨੂੰ ਆਪਣੇ ਦਫ਼ਤਰ ਬੁਲਾ ਲਿਆ। ਸਾਡਾ ਗਰੁੱਪ ਕਿਉਂਕਿ ਅਕਸਰ ‘ਮਾੜੀ-ਮੋਟੀ ਸ਼ਰਾਰਤ’ ਵੀ ਕਰ ਲੈਂਦਾ ਸੀ, ਅਸੀਂ ਸੋਚਿਆ ਸ਼ਾਇਦ ਅੱਜ ਸਾਡੀ ਪੇਸ਼ੀ ਫਿਰ ਇਸੇ ਕਰਕੇ ਹੀ ਹੋਈ ਹੈ। ਮੈਡਮ ਦੇ ਦਫ਼ਤਰ ਜਾਣ ਤੋ ਪਹਿਲਾਂ ਹੀ ਸਲਾਹ ਕਰ ਲਈ ਕਿ ਅੰਦਰ ਜਾ ਕੇ ਹੱਸਣਾ ਬਿਲਕੁਲ ਨਹੀਂ ਹੈ, ਤਾਂ ਕੇ ਮੈਡਮ ਨੂੰ ‘ਹੋਰ ਗੁੱਸਾ’ ਨਾ ਆਵੇ। ਮੇਅ ਵੁਈ ਕੰਮ ਇਨ ਕਹਿ, ਅੰਦਰ ਜਾ, ਨੀਵੀਂ ਪਾ ਕੇ ਅਸੀਂ ਸਾਰੇ ਇੱਕ ਲਾਈਨ ‘ਚ ਖੜ੍ਹੇ ਹੋ ਗਏ…। ਮੈਡਮ ਆਪਣੀ ਰੋਹਬਦਾਰ ਅਵਾਜ਼ ‘ਚ ਬੋਲੀ,.. ‘ਤੁਸੀਂ ਉੱਥੇ ਕੋਲ ਹੀ ਬੈਠੇ ਸੀ… ਕੱਲ੍ਹ… ਪਰ ‘ਫੇ ਵੀ ਦੱਸ ਦਿੰਨੀ ਆਂ… ਢੇਸੀ ਸਾਹਿਬ ਨੂੰ ਇੱਕ ਹਫ਼ਤੇ ‘ਚ ਆਪਣੇ ‘ਬੇਆਸ’ ਰਸਾਲੇ ਲਈ ਕੁਛ ਲਿਖਿਆ ਹੋਇਆ ਚਾਹੀਦਾ ਆ… ਸੁਣਿਆ…? ਚੰਗੇ ਭਲੇ ‘ਬਿਆਸ’ ਦਾ ‘ਬੇਆਸ’ ਬਣਦਿਆਂ ਹਾਸਾ ਤਾਂ ਆਇਆ ਪਰ ਅਸੀਂ ਸੁਣਿਆ ਅਣਸੁਣਿਆ ਜਿਹਾ ਕਰਕੇ ਨੀਵੀੰ ਪਾ ਕੇ ਖੜ੍ਹੇ ਰਹੇ। ਕਿਸੇ ਡਾਂਟ ਤੋਂ ਬਚ ਤਾਂ ਗਏ ਸੀ, ਪਰ ਹਾਲਤ ਅਸਮਾਨੋਂ ਡਿੱਗ ਕੇ ਖਜੂਰ ਤੇ ਅਟਕਣ ਵਾਲੇ ਹੀ ਸਨ। ਮੈਨੂੰ ਲੱਗਾ ਇਹ ਕੰਮ ਸਾਡੇ ਗਰੁੱਪ ਦੇ ਵੱਸ ਦਾ ਤਾਂ ਬਿਲਕੁਲ ਹੀ ਨਹੀਂ ਸੀ। ਕੋਈ ਵੀ ਹੁੰਗਾਰਾ ਨਾ ਮਿਲਣ ਕਰਕੇ ਮੈਡਮ ਉਤੇਜਤ ਹੋ ਕੇ ਫਿਰ ਬੋਲੀ, … ਮੈਂ ਕੁਛ ਪੁੱਛਿਆ ਆ… ਜੇ ਸਮਝ ਨਹੀਂ ਲੱਗੀ… ਤਾਂ ਫੇ ਦੱਸਾਂ .. ?? ਮੇਰੇ ਤੋਂ ਇਲਾਵਾ ਬਾਕੀ ਗਰੁੱਪ ਬੋਲਿਆ, … ਜੀ ਹੋ ਜਊਗਾ। ਮੈਡਮ ਦਾ ਅਗਲਾ ਸਵਾਲ, … ਕੌਣ ਲਿਖੂਗਾ ਫੇ…? ਬਾਕੀ ਗਰੁੱਪ ਵਾਲੇ ਮੇਰੇ ਵੱਲ ਹੱਥ ਕਰ ਕੇ ਕਹਿੰਦੇ… ਇਹੋ ਲਿਖੂਗਾ। ‘ਕੜਿੱਕੀ ‘ਚ ਫਸੀ ਜਾਨ ਦੇਖ ਅਤੇ ਇਹ ਸੁਣਦੇ ਸਾਰ ਹੀ ਮੈਂ ਬੋਲ ਪਿਆ, ਨਹੀਂ… ਨਹੀਂ ਜੀ.. ਮੈਂ … ਨਹੀਂ। ਨਹੀਂ ਆਉਂਦਾ ਮੈਨੂੰ ਲਿਖਣਾ ਤੇ ਨਾ ਹੀ ਕਦੀ ਲਿਖਿਆ ਈ ਆ ਪੰਜਾਬੀ ‘ਸੈਹਤ-ਸੂਹਤ’…। ਆਪਣੇ ਪ੍ਰੋਫ਼ੈਸਰ ਜਿਉੰ ਹਨ ਐਸ ਕੰਮ ਨੂੰ… ਉਹ ਬੜਾ ਵਧੀਆ ਲਿਖ ਸਕਣਗੇ। ਅਸੀਂ ਤਾਂ ਸਾਇੰਸ ਪੜ੍ਹਨ ਵਾਲੇ ਵਿਦਿਆਰਥੀ ਆਂ… , ਮੇਰੇ ਵਰਗੇ ਲੱਲੂ-ਪੰਜੂ ਨੂੰ ਕੀ ਪਤਾ ਸੈਹਤ-ਸੂਹਤ ਦਾ? ਉਸ ਟਾਇਮ ਮੈਨੂੰ ਅਤੇ ਸ਼ਾਇਦ ਮੈਡਮ ਬੋਲੀਨਾ ਨੂੰ ਵੀ ਪ੍ਰੋਫ਼ੈਸਰ ਪੂਰਨ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਮਹਿੰਦਰ ਰੰਧਾਵਾ, ਗੁਰਸ਼ਰਨ ਭਾਅ ਜੀ, ਅਜਮੇਰ ਰੋਡੇ, ਗੁਰੂਮੇਲ ਸਿੱਧੂ, ਗੁਰਬਖਸ਼ ਭੰਡਾਲ, ਜਸਵੰਤ ਜ਼ਫਰ, ਕਵਿੰਦਰ ਚਾਂਦ ਜਾਂ ਫਿਰ ਕਈ ਹੋਰ ਸਾਇੰਟਿਸਟਾਂ ਵਾਰੇ ਕੁਛ ਪਤਾ ਨਹੀਂ ਸੀ, ਜੋ ਆਪਣੇ ਕਿੱਤੇ ਦੇ ਮਾਹਰ ਹੋਣ ਸਮੇਤ ਜਾਣੇ ਪਹਿਚਾਣੇ ਅਤੇ ਵਿਸ਼ਲੇਸ਼ਣੀ (analytical) ਕਿਸਮ ਦੇ ਸਾਹਿਤਕਾਰਾਂ ਦੀ ਕਤਾਰ ‘ਚ ਸਨ। ਮੈਡਮ ਨੇ ਸ਼ਾਇਦ ਆਪਣੇ ਪ੍ਰੋਫ਼ੈਸਰਾਂ ਨੂੰ ਟੋਹ ਕੇ ਹੀ ਸਾਡੇ ਉੱਪਰ ਆਸ ਰੱਖੀ ਸੀ। ਮੈਡਮ ਹੱਸਣ ਲੱਗ ਪਈ ਅਤੇ ਮੇਰੀ ਘਬਰਾਹਟ ਦੇਖ ਕੇ ਬੋਲੀ… ਬੇਟਾ, ਤੈਨੂੰ ਪੰਜਾਬੀ ‘ਚ ‘ਸੈਹਤ ਲਿਖਣ ਨੂੰ ਕੌਣ ਕਹਿੰਦਾ ਆ? ਬਸ ਸਾਇੰਸ ਦਾ ਇੱਕ ਛੋਟਾ ਜਿਹਾ ‘ਲੇਖ ਈ ਤਾਂ ਲਿਖਣਾ ਆ… ਹੁਣ ਏਨਾ ਕੁ ਤਾਂ ਆਪਾਂ ਕਰ ਈ ਸਕਦੇ ਆਂ… ਮੇਰੇ ਨਾਂਹ ਨੁੱਕਰ ਕਰਦੇ ਅਤੇ ਮੈਦਾਨ ਛੱਡਦੇ ਦੇਖ ਮੇਰੇ ਨਾਲ ਗਏ ਦੋਸਤ ‘ਖਚਰੀ ਹਾਸੀ ਹੱਸੇ ਤੇ ਬੋਲੇ, …ਰਲ-ਮਿਲ ਕੇ… ਜੀ…ਰਲ-ਮਿਲ ਕੇ ਹੋ ਜਊਗਾ, ਜੇ ਹੁਣ ਤੁਸੀਂ ਐਨਾ ਕਹਿੰਦੇ ਈ ਆ…ਤਾਂ!! ਹਾਂ ਜਿਹੀ ਹੁੰਦੀ ਦੇਖ, ਮੈਡਮ ਬੋਲੀ… ‘ਇੱਕੋ ਹਫ਼ਤਾ ਈ ਆ ! ਮਸਤੀ ਈ ਨਾ ਕਰੀ ਜਾਇਓ, ਚਲੋ ਜਾਓ ਹੁਣ… !’ ‘ਬੂਹੇ ਆਈ ਜੰਞ ਤੇ ਵਿੰਨ੍ਹੋ ਕੁੜੀ ਦੇ ਕੰਨ’ ਦੇ ਹਾਲਾਤ ਵਾਂਗ ਇੱਕ ਹਫ਼ਤੇ ਦੀ ਮੋਹਲਤ ਦੇ ਕੇ ਮੈਡਮ ਨੇ ਦੋਬਾਰਾ ਸਬੂਤ ਸਮੇਤ ਪੇਸ਼ੀ ਦੀ ਤਾਕੀਦ ਕਰਦਿਆਂ ਸਾਨੂੰ ਦਫ਼ਤਰੋਂ ਬਾਹਰ ਨੂੰ ਹੱਕ ਦਿੱਤਾ…

ਅੰਨ੍ਹੀ ਕੁਕੜੀ ਖਸਖਸ ਦਾ ਚੋਗਾ

‘ਰਲ-ਮਿਲ ਕੇ ਇੱਕੀ’ ਕਰਨ ਵਾਲਿਆਂ ਉੱਪਰ ਗੁੱਸਾ ਤਾਂ ਆਉਣਾ ਹੀ ਸੀ, ਪਰ ਮੇਰੀ ਆਪਣੀ ਹਾਲਤ ‘ਇੱਕ ਕਮਲ਼ੀ ਤੇ ਦੂਜੇ ਪੈ ਗਈ ਸਿਵਿਆਂ ਦੇ ਰਾਹ’ ਵਾਲੀ ਬਣੀ ਹੋਈ ਸੀ…। ਨਾ ਕਦੇ ਸਾਹਿਤ, ਕੋਈ ਮੈਗਜ਼ੀਨ ਪੜ੍ਹਿਆ, ਨਾ ਲਿਖਿਆ, ਨਾ ਲੇਖਕ, ਤੇ ਉਪਰੋਂ ਇੱਕ ਹਫ਼ਤੇ ਦੇ ਟਾਇਮ ਦੀ ਖਲਬਲੀ ਤੇ ਹਫੜਾ-ਦਫੜੀ…। ਸੋਚਿਆ, ਫਸ ਹੀ ਗਏ ਤਾਂ ਫਟਕਣ ਕੀ? ਬੋਲੀਨਾ ਮੈਡਮ ਦੇ ਗੁੱਸੇ ਤੋਂ ਡਰਦਿਆਂ, ਇਸ ਨਵੀਂ ਪਈ ਉਲਝਣ ਨੂੰ ਸੁਲਝਾਉਣ ਲਈ ਹੱਥ ਪੈਰ ਮਾਰਨੇ ਸ਼ੁਰੂ ਕੀਤੇ। ਰਲ-ਮਿਲ ਵਾਲੇ ਬਾਕੀ ਸਭ ਹੱਥ ਖੜ੍ਹੇ ਕਰ ਵਾਰੋ-ਵਾਰੀ ਖਿਸਕ ਗਏ। ਮੈਂ ਬੈਠਾਂ ਸੋਚੀਂ ਪੈ ਗਿਆ… ਇਸ ਤਰਾਂ ਦਾ ਕੰਮ ਤਾਂ ਕਦੇ ‘ਸੁਪਨੇ ‘ਚ ਵੀ ਨਹੀਂ ਆਇਆ ਸੀ। ਫਿਰ ਆਪਣੇ ਆਪ ਨਾਲ ਹੀ ਗੱਲਾਂ ਕਰਨ ਲੱਗਾ… ਪਰ ਜੇ ਇਸ ਤਰਾਂ ਦਾ ਸੁਪਨਾ ਵੀ ਆਉਂਦਾ ਤਾਂ ਵੀ ਮਾੜਾ ਹੀ ਗਿਣਨਾ ਸੀ…। ਸੋਚਾਂ ਸੋਚਦੇ-ਸੋਚਦੇ ਹੀ ਸੋਚਿਆ, ਯਾਰ ਇਹ ਸੁਪਨੇ ਕੀ ਹੁੰਦੇ ਆ?? ਕਿਉਂ ਆਉਂਦੇ ਹਨ? ਸੁਪਨੇ ਹੁੰਦੇ ਵੀ ਕਈ ਤਰਾਂ ਦੇ ਹੀ ਹਨ – ਕਈ ਚੰਗੇ, ਕੋਈ ਮਾੜੇ, ਕੁਝ ਚੇਤੇ ਰਹਿੰਦੇ ਅਤੇ ਬਾਕੀ ਸਵੇਰ ਤੱਕ ਭੁੱਲ ਵੀ ਜਾਂਦੇ। ਪਰ ਕੀ ਸਾਨੂੰ ਸੁਪਨਿਆਂ ਦੇ ਮਗਰ ਦੌੜਨਾ ਚਾਹੀਦਾ ਆ…? ਵਗੈਰਾ… ਵਗੈਰਾ, ਪਤਾ ਨਹੀਂ ਹੋਰ ਕਿੰਨੀਆਂ ਕੁ ਸੋਚਾਂ ਦਾ ਤਾਣਾ-ਬਾਣਾ ਜਿਹਾ ਬਣ ਗਿਆ। ਫਿਰ ਹੋਰ ਸੋਚਿਆ ਤੇ ਵਿਚਾਰਿਆ… ਕਿਉਂ ਨਾ ਸੁਪਨਿਆਂ ਵਾਰੇ ਹੀ ਕੁਝ ‘ਅੱਖਰ ਝਰੀਟ’ ਕੇ ਮੈਡਮ ਅਤੇ ਢੇਸੀ ਸਾਹਿਬ ਨੂੰ ਪਿਛਿਓਂ ਲਾਹੀਏ?? ਇੱਕ ਦਿਨ ਮੈਂ ਰਾਹ ਜਾਂਦੇ ਪ੍ਰੋਫ਼ੈਸਰ ਢੇਸੀ ਨੂੰ ਜਾ ਘੇਰਿਆ। ਉਸ ਵੱਲੋਂ ਮੇਰੀ ਬੁਲਾਈ ਸਤਿ ਸ੍ਰੀ ਅਕਾਲ ਬੋਚਦਿਆਂ ਹੀ ਮੈਂ ਪੁੱਛ ਲਿਆ, … ਪ੍ਰੋਫ਼ੈਸਰ ਸਾਹਿਬ, … ਮੈਡਮ ਬੋਲੀਨਾ ਨੇ ਤੁਹਾਡੇ ਮੈਗਜ਼ੀਨ ਲਈ ਲਿਖਣ ਲਈ ਮੇਰੀ ਡਿਊਟੀ ਲਾਈ ਆ। ਹੱਛਾਅ… ਬਹੁਤ ਵਧੀਆਂ ਫੇਰ.. ਤਾਂ, ਢੇਸੀ ਸਾਹਿਬ ਬੋਲੇ। ਮੈਂ ਸੋਚਦਾ ਹਾਂ ਜੇ “ਸੁਪਨਿਆਂ” ਵਾਰੇ ਕੁਝ ਲਿਖ ਦੇਵਾਂ… ਤਾਂ ਕਿੱਦਾਂ ਰਹੂਗਾ ਜੀ? ਆਪਣੇ ਹੀ ਅੰਦਾਜ਼ ‘ਚ ਹੱਸ ਕੇ ਬੋਲੇ, ਹਾ…ਹਾ… ਸੁਖਨੇ.. ਹਾ… ਹਾ…ਸੁਪਨੇ.. ਹਾ.. ਹਾ.. ਸੁਫ਼ਨੇ??… ਓਦਾਂ ਵਿਸ਼ਾ ਤਾਂ ਮਾੜਾ ਨਹੀਂ, ਸੁਖਨੇ ਤਾਂ ਸਾਰਿਆਂ ਨੂੰ ਆਉਂਦੇ ਈ ਆ… । ਠੀਕ ਆ, ਪਰ ਲਿਖਿਆ ਅੰਗਰੇਜ਼ੀ ਤੇ ‘ਸੈੰਸ (science) ‘ਚ ਹੋਣਾ ਚਾਹੀਦਾ ਆ… ਪੜ੍ਹਣ ਵਾਲੇ ਨੂੰ ਸਾਇੰਸ ਦਾ ਪਤਾ ਲੱਗੇ ਕਿ ਸੁਪਨੇ ਕੀ ਆ ਅਤੇ ਕਿਓਂ ਆਉਂਦੇ ਆ…।

Why do we dream? ਸੁਪਨੇ ਕਿਓਂ ਆਉਂਦੇ ਹਨ?

ਲਓ ਜੀ ਇਹ ਮੇਰੀ ਜ਼ਿੰਦਗੀ ਦੇ ਪਹਿਲੇ ਲੇਖ ਦਾ ਸਿਰ-ਲੇਖ ਬਣ ਗਿਆ – ਸੁਪਨੇ ਕਿਓਂ ਆਉਂਦੇ ਹਨ – Why do we dream? ਸਿਰਲੇਖ ਤਾਂ ਬਣ ਗਿਆ ਪਰ ਲੇਖ ਕਿਉਂਕਿ ਸਾਇੰਸ ਦੇ ਅਧਾਰ ਹੋਣ ਦੀ ਸ਼ਰਤ ਸੀ, ਇਸ ਲਈ ਲਾਇਬ੍ਰੇਰੀ ਵੱਲ੍ਹ ਨੂੰ ਛੂਟ ਵੱਟ ਦਿੱਤੀ ਤਾਂ ਕੇ ਮੈਟੀਰੀਅਲ, ਖੋਜ ਪੱਤਰ, ਲੇਖ ਵਗੈਰਾ ਇਕੱਠੇ ਕਰ ਅਤੇ ਪੜ੍ਹ ਕੇ ਇੱਕ ਪੜ੍ਹਨ ਯੋਗ ਲੇਖ ਬਣ ਜਾਵੇ ਆਪਣੇ ਬਿਆਸ ਮੈਗਜ਼ੀਨ ਦੇ ਸਾਇੰਸ ਹਿੱਸੇ ਲਈ। ਸੁਪਨੇ ਆਉਣ ਦੇ ਕਾਰਨ ਦਾ ਸੰਖੇਪ ਵਿੱਚ ਕੁਝ ਇਸ ਤਰਾਂ ਵਰਨਣ ਕੀਤਾ ਸੀ… ਜੋ ਦਹਾਕਿਆਂ ਬਾਅਦ… ਅੱਜ ਵੀ ਉਹ ਹੀ ਹੈ…।

ਮਨੁੱਖ ਦੀ ਨੀਂਦ ਜਾਂ ਸੌਣ ਦੇ ਚੱਕਰ (cycle) ਨੂੰ ਮੋਟੇ ਤੌਰ ਤੇ ਦੋ ਹਿੱਸਿਆਂ ਚ ਵੰਡਿਆ ਜਾ ਸਕਦਾ ਹੈ – REM ਅਤੇ Non-REM cycle.

REM ਦਾ ਮਤਲਬ ਹੈ ਰੈਪਿਡ ਆਈ ਮੂਵਮੈੰਟ (Rapid Eye Movement) – ਅੱਖ ਦਾ ਤੇਜ਼ੀ ਨਾਲ ਇੱਧਰ ਉੱਧਰ ਨੂੰ ਘੁੰਮਣਾ ਜਾਂ ਪੂਰੀ ਫੁਰਤੀ ਨਾਲ ਹਿੱਲਣਾ-ਜੁਲਣਾ।

Non-REM ਦਾ ਮਤਲਬ ਇਸ ਤੋ ਉਲਟ, ਮਤਲਬ ਅੱਖ ਦਾ ਨਾ ਹਿੱਲਣਾ ਜਾਂ ਘੱਟ ਹਰਕਤ ਕਰਨਾ। ਨੀਂਦ ਵਿੱਚ ਪਹਿਲਾਂ Non-REM cycle ਅਤੇ ਫਿਰ REM cycle ਹੁੰਦਾ ਹੈ।

Non-REM ਨੂੰ ਅੱਗੇ ਤਿੰਨ ਹਿੱਸਿਆਂ ਚ ਵੰਡ ਸਕਦੇ ਹਾਂ –

  1. ਅੱਖਾਂ ਦਾ ਬੰਦ ਕਰਨਾ ਜਾਂ ਹੋਣਾ (ਨੀਂਦ ਦੇ 5-10 ਮਿੰਟ। ਇਸ ਪਹਿਲੇ ਹਿੱਸੇ ‘ਚ ਤੁਸੀਂ ਆਪ ਜਾਂ ਕੋਈ ਹੋਰ ਤੁਹਾਨੂੰ ਉਠਾਵੇ ਤਾਂ ਤੁਸੀਂ ਸਹਿਜੇ ਹੀ ਉੱਠ ਸਕਦੇ ਹੋ),
  2. ਹਲਕੀ ਨੀਂਦ (10-25 ਮਿੰਟ ਦੇ ਇਸ ਹਿੱਸੇ ਵਿੱਚ ਤੁਹਾਡੇ ਸਰੀਰ ਦਾ ਤਾਪਮਾਨ ਅਤੇ ਦਿਲ ਦੀ ਧੜਕਣ ਘੱਟ ਜਾਂਦੀ ਹੈ ਅਤੇ ਤੁਹਾਡਾ ਸਰੀਰ ਨੀੰਦ ਦੇ ਅਗਲੇ ਪੜਾਅ, ਜਾਣੀ ਕੇ, ਗੂੜ੍ਹੀ ਨੀਂਦ ਦੀ ਤਿਆਰੀ ਕਰਦਾ ਹੈ), ਅਤੇ
  3. ਗੂੜ੍ਹੀ ਨੀਂਦ (ਇਹ ਘੋੜੇ ਵੇਚ ਕੇ ਸਾਉਣ ਵਾਲਾ ਹਿੱਸਾ ਹੈ, ਜਿਸ ਵਿੱਚ ਤੁਹਾਡਾ ਜਾਗਣਾ ਤੇ ਤੁਹਾਨੂੰ ਜਗਾਉਣਾ ਕੁੰਭ ਕਰਨ ਦੇ ਸੌਣ / ਜਾਗਣ ਦੇ ਬਰਾਬਰ ਜਿਹਾ ਹੀ ਹੁੰਦਾ ਹੈ – ਮੁਸ਼ਕਲ)।ਨੀਂਦ ਦਾ ਇਹ ਹਿੱਸਾ ਤੁਹਾਡੀ ਨੀਂਦ ਦਾ ਬਹੁਤ ਮਹੱਤਵ ਪੂਰਨ ਹਿੱਸਾ ਹੈ, ਜਿਸ ਦੌਰਾਨ ਦਿਨ ਦੇ ਕੰਮ-ਕਾਰ ਅਤੇ ਭੱਜ-ਦੌੜ ਚ ਹੰਭੇ ਹੋਏ ਤੁਹਾਡੇ ਸਰੀਰ ਦੇ ਤੰਤੂਆਂ / ਸੈੱਲਾਂ ਦਾ ਕੁਦਰਤੀ ਇਲਾਜ ਹੁੰਦਾ ਹੈ, ਨਵੇਂ ਸੈੱਲ ਬਣਦੇ ਹਨ, ਤੁਹਾਡੇ ਮਾਸ ਪੇਸ਼ੀਆਂ, ਹੱਡੀਆਂ, ਅਤੇ ਅਤਿ ਮਹੱਤਵ ਪੂਰਨ immune system ਦੀ ਊਰਜਾ, ਸ਼ਕਤੀ ਅਤੇ ਤਾਕਤ ਆਉਂਦੀ ਹੈ। ਹਾਲਾਂ ਕੇ ਬਹੁਤ ਜ਼ਰੂਰੀ ਹੈ ਗੂੜੀ ਨੀਂਦ ਦਾ ਆਉਣਾ, ਪਰ ਉਮਰ ਦੇ ਵਧਣ ਨਾਲ ਇਹ ਹਿੱਸਾ ਥੋੜਾ ਘੱਟ ਜਾਂਦਾ ਹੈ।

ਨੀਂਦ ਦੀ ਗੱਲ ਤਾਂ ਹੋ ਗਈ, ਪਰ ਸੁਪਨੇ ਕਿਧਰ ਗਏ??

ਸੁਪਨੇ ਨੀਂਦ ਦੇ REM ਹਿੱਸੇ ਦੌਰਾਨ ਆਉਂਦੇ ਹਨ। REM ਹਿੱਸਾ ਨੀਂਦ ਦੇ ਤਿੰਨ 3 Non-REM ਹਿੱਸਿਆਂ ਤੋਂ ਮਗਰੋਂ ਸ਼ੁਰੂ ਹੁੰਦਾ ਹੈ। ਸੌਣ ਤੋਂ ਕੋਈ ਡੇਢ ਕੁ ਘੰਟੇ ਦੀ ਨੀਂਦ ਮਗਰੋਂ ਇਹ ਹਿੱਸਾ ਸ਼ੁਰੂ ਹੁੰਦਾ ਹੈ… ਆਪਣੇ ਨਾਮ ਮੁਤਾਬਕ, ਇਸ ਹਿੱਸੇ ‘ਚ ਤੁਹਾਡੀਆਂ ਅੱਖਾਂ, ਦਿਲ, ਸਾਹ, ਅਤੇ ਦਿਮਾਗ ਬਹੁਤ ਫੁਰਤੀਲਾ ਹੋ ਜਾਂਦਾ ਹੈ। ਨੀਂਦ ਦੇ ਇਸ ਹਿੱਸੇ ‘ਚ ਸੁਹਾਵਣੇ (ਰੰਗੀਨ) ਜਾਂ ਫਿਰ ਡਰਾਉਣੇ (nightmares) ਸੁਪਨਿਆਂ ਦਾ ਮੀਂਹ ਵਰ੍ਹਦਾ ਹੈ, ਜਾਂ ਕਹਿ ਲਓ ਕਿ ਕਦੇ-ਕਦੇ ਬਰਸਾਤ ਵੀ ਲੱਗ ਜਾਂਦੀ ਹੈ। ਹਰ ਇੱਕ ਚਾਹੁੰਦਾ ਤਾਂ ਇਹ ਹੀ ਹੈ ਕੇ ਸੁਹਾਵਣੇ ਸੁਪਨੇ ਘੁਰਾੜਿਆਂ ਦੇ ਨਾਲ ਹੀ ਚੱਲਦੇ ਰਹਿਣ। ਕਈ ਵਾਰੀ ਡਰਾਉਣੇ ਸੁਪਨੇ ਮੁੱਕਣ ‘ਚ ਈ ਨਹੀਂ ਆਉਂਦੇ। ਸੁਪਨਿਆਂ ਦੇ ਚੱਲਦੇ ਤੁਹਾਡੇ ਸਰੀਰ ਦੇ ਕੁਝ ਕੁ ਹਿੱਸੇ ਜਾਂ ਫਿਰ ਸਾਰਾ ਸਰੀਰ ਹੀ ਬੇ-ਤਾਕਤ ਜਿਹਾ ਵੀ ਹੋ ਜਾਂਦਾ ਹੈ ਜੋ ਕੇ ਪੂਰੇ ਜ਼ੋਰ ਨਾਲ ਹਿਲਾਉਣ ਦੇ ਬਾਵਜੂਦ ਵੀ ਨਹੀਂ ਹਿੱਲਦਾ। ਇੱਕ ਮੰਨਣਾ ਤਾਂ ਇਹ ਵੀ ਹੈ ਕੇ ਕਿਉਂਕਿ ਤੁਹਾਡੀਆਂ ਅੱਖਾਂ, ਦਿਮਾਗ, ਤੇ ਸਰੀਰ ਪੂਰੀ ਹਰਕਤ ‘ਚ ਹੁੰਦਾ ਹੈ, ਇਸ ਲਈ ਇਹ ਕੁਦਰਤੀ ਪ੍ਰਕਿਰਿਆ ਤੁਹਾਨੂੰ ਅੱਭੜਵਾਹੇ ਉੱਠਣ ਕਰਕੇ ਸੱਟ ਚੋਟ ਤੋਂ ਬਚਾਉਣ ਲਈ ਹੀ ਹੈ। ਨੀਂਦ ਦਾ ਇਹ ਹਿੱਸਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਦਿਮਾਗ਼ ਇੱਕ ਸੁਪਰ ਕੰਪਿਊਟਰ ਵਾਂਗ ਬਹੁਤ ਤੇਜ਼ ਕੰਮ ਕਰਦਾ ਹੈ। ਦਿਮਾਗ਼ ਦੇ ਹਿੱਸੇ ਪ੍ਰੋਟੀਨ, ਅਤੇ ਇਨਜ਼ਾਈਮ ਵਗੈਰਾ ਬਣਾਉਣ ਲਈ ਉਤੇਜਕ ਹੁੰਦੇ ਹਨ। ਪ੍ਰੋਟੀਨ ਅਤੇ ਇਨਜ਼ਾਈਮ ਤੁਹਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ। ਬੱਚਿਆਂ ਦੀ ਨੀਂਦ ਦਾ ਅੱਧਾ ਹਿੱਸਾ ਤਾਂ ਇਹ REM, ਜਾਣੀ ਕੇ, ਸੁਪਨਿਆਂ ਦੇ ਸੰਸਾਰ ਦੀ ਯਾਤਰਾ ਹੀ ਹੁੰਦੀ ਹੈ, ਤਦ ਹੀ ਉਹ ਸੁਪਨਿਆਂ ‘ਚ ਵੀ ਹੱਸਦੇ-ਖੇਡਦੇ, ਤੇ ਕਦੇ ਕਦੇ ਰੋਣ ਵੀ ਲੱਗ ਪੈਂਦੇ ਹਨ।

ਆਉਂਦੀ ਹੋਈ ਰਾਤ
ਇੱਕ ਸੁਪਨਾ ਲੈ ਆਈ
ਜਾਂਦੀ ਹੋਈ ਰਾਤ
ਇੱਕ ਸੁਪਨਾ ਦੇ ਗਈ
ਪਰ..
ਸੁਪਨੇ ਤਾਂ ਸੁਪਨੇ ਈ ਹੁੰਦੇ
ਕੁੱਝ ਚੰਗੇ, ਕੁਝ ਮੰਦੇ ਵੀ ਹੁੰਦੇ
ਕੁਝ ਹਸਾਉਂਦੇ, ਕੁਝ ਰੁਆ ਵੀ ਜਾਂਦੇ
ਕੁਝ ਅਧੂਰੇ, ਕੁਝ ਪੂਰੇ ਵੀ ਹੋ ਜਾਂਦੇ
ਫ਼ਿਰ ਵੀ
ਪਤਾ ਨਹੀਂ ਕਿਓਂ
ਚੰਗਾ ਲੱਗਦਾ ਹੈ
ਸੁਪਨਿਆਂ ਦਾ ਆਉਣਾ
ਸੁਪਨਿਆਂ ਦਾ ਜਾਣਾ ਅਤੇ
ਸੁਪਨਿਆਂ ਦੇ ਮਗਰ ਮਗਰ ਦੌੜਨਾ…

ਪਰ ਸੁਪਨੇ ਕੀ ਸ਼ੈਅ ਹੈ?

ਮੈਡੀਕਲ ਸਾਇੰਸ ਮੁਤਾਬਕ ਸੁਪਨੇ succession or series of thoughts (ਕ੍ਰਮਵਾਰ ਸੋਚਾਂ), emotions & feelings (ਭਾਵਨਾਵਾਂ), images (ਦ੍ਰਿਸ਼ / ਚਿੱਤਰ / ਫੋਟੋ), ideas (ਵਿਚਾਰ), and sensations (ਸਨਸਨੀ ਭਾਵਨਾਵਾਂ) ਦਾ ਸੁਮੇਲ ਹੀ ਹੁੰਦਾ ਹਨ, ਜੋ ਨੀਂਦ ਦੇ REM ਚੱਕਰ ‘ਚ ਪਰਗਟ ਹੁੰਦੇ ਹਨ। ਜਾਂ ਫਿਰ ਹੋਰ ਸਧਾਰਨ ਲਫਜ਼ਾਂ ‘ਚ ਇਹ ਕਹਿ ਲਓ ਕੇ ਉਹ ਕਹਾਣੀਆਂ ਜਾਂ ਚਿੱਤਰ ਜਾਂ ਭਾਵਨਾਵਾਂ ਜੋ ਸਾਡਾ ਦਿਮਾਗ / ਮਨ ਨੀਂਦ ਦੇ ਇਸ ਹਿੱਸੇ ਦੌਰਾਨ ਘੜਦਾ, ਦੇਖਦਾ ਜਾਂ ਮਹਿਸੂਸ ਕਰਦਾ ਹੈ ਉਹੀ ਸੁਪਨੇ ਹੁੰਦੇ ਹਨ। ਕੁਦਰਤ ਦੇ ਅਸੂਲ ਮੁਤਾਬਕ ਸੁਪਨੇ ਆਉਂਦੇ ਤਾਂ ਸਾਰਿਆਂ ਨੂੰ ਹੀ ਹਨ। ਕੁਝ ਪੂਰੇ, ਕੁਝ ਅਧੂਰੇ, ਤੇ ਕੁਝ ਬਿਲਕੁਲ ਹੀ ਯਾਦ ਨਹੀਂ ਰਹਿੰਦੇ… ਸੱਚ ਇਹ ਵੀ ਹੈ ਕੇ ਕੁਝ ਲੋਕ ਸੁਪਨੇ ਯਾਦ ਨਹੀਂ ਰੱਖ ਸਕਦੇ, ਜਦ ਕੇ ਦੂਸਰੇ ਸੁਪਨਿਆਂ ਨੂੰ ਯਾਦ ਵੀ ਰੱਖਦੇ ਹਨ ਅਤੇ ਸੁਪਨਿਆਂ ਦੇ ਮਗਰ ਵੀ ਦੌੜਦੇ ਰਹਿੰਦੇ ਹਨ… ਉਨ੍ਹਾਂ ਨੂੰ ਸਾਕਾਰ ਕਰਨ ਲਈ। ਉਹਨਾਂ ਨੂੰ ਚੰਗਾ ਲੱਗਦਾ ਹੈ, ਸੁਪਨੇ ਲੈਣੇ ਤੇ ਫਿਰ ਸੁਪਨਿਆਂ ਦੇ ਮਗਰ-ਮਗਰ ਦੌੜਦੇ ਰਹਿਣਾ..।
***
ਡਾ. ਕੁਲਵਿੰਦਰ ਬਾਠ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1620
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →