16 April 2024

ਇਕ ਮੋੜ ਵਿਚਲਾ ਪੈਂਡਾ( ਦੂਜੀ ਕਿਸ਼ਤ)-ਮੇਰੀ ਕੈਂਸਰ ਅਤੇ ਅਗਲਾ ਜੀਵਨ—ਡਾ. ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸਨੋਟ:  ਪੰਜਾਬੀ ਸਾਹਿਤ ਨੂੰ ਸਮਰਪਿਤ, ਵਿਗਿਆਨੀ, ਲੇਖਕ-ਕਵੀ ਅਤੇ  ਜੀਵਨ ਦੇ ਬਹੁਪੱਖੀ ਅਨੁਭਵਾਂ ਦੇ ਧਾਰਨੀ ਡਾ. ਗੁਰਦੇਵ ਸਿੰਘ ਘਣਗਸ, ਕਿਸੇ ਰਸਮੀ ਜਾਣ-ਪਹਿਚਾਣ ਦੇ ਮੁਹਤਾਜ ਨਹੀਂ ਹੈ। 2005 ਵਿੱਚ ਆਪਣੀ ਪਹਿਲੀ ਕਾਵਿ-ਪੁਸਤਕ ‘ਸੱਠਾਂ ਤੋਂ ਬਾਅਦ’ ਦੀ ਪ੍ਰਕਾਸ਼ਨਾ ਮਗਰੋਂ ਉਸਨੇ ਫਿਰ ਪਿਛਾਂਹ ਮੁੜ  ਕੇ ਨਹੀਂ ਦੇਖਿਆ। ‘ਸੱਠਾਂ ਤੋਂ ਬਾਅਦ’ ਉਸਨੇ, ਪੰਜਾਬੀ ਸਾਹਿਤਕ ਜਗਤ ਦੀ ਝੋਲੀ ਵਿੱਚ ਅਗ੍ਹਾਂ ਦਰਜ ਹੋਰ ਕਾਵਿ-ਸੰਗ੍ਰਹਿ/ਪੁਸਤਕਾਂ ਪਾਈਅਾਂ: ਤੁਰਦੇ ਭੁਰਦੇ ਜੁੜਦੇ ਰਿਸ਼ਤੇ(2006),  ਕੁਝ ਆਰ ਦੀਅਾਂ ਕੁਝ ਪਾਰ ਦੀਅਾਂ (2008), ਧੁੱਖਦੇ ਅਹਿਸਾਸ( 2009), ਸੱਤਰ ਦੇ ਲਾਗ (2012) ਅਤੇ ਇਕ ਮੋੜ ਵਿਚਲਾ ਪੈਂਡਾ (2019)। ਡਾ. ਘਣਗਸ ਦੀਅਾਂ ਦੋ ਪੁਸਤਕਾਂ ਅੰਗਰੇਜ਼ੀ ਵਿੱਚ ਵੀ ਪ੍ਰਕਾਸ਼ਿਤ ਹੋਈਅਾਂ ਜਿਵੇਂ ਕਿ 1. In Search of Pathways—The Making and Breaking of A Scientist in the Modern World —(Memoir 2015) and 2. Journey Through aTurning Point—My Life During And After Leukemia —(Memoir-2019).

‘ਇਕ ਮੋੜ ਵਿਚਲਾ ਪੈਂਡਾ’ ਇਸ ਅੰਗਰੇਜ਼ੀ ਪੁਸਤਕ ‘Journey Through A Turning Point—My Life After Leukemia ਦਾ ਹੀ ਪੰਜਾਬੀ ਰੂਪ ਹੈ। ਇਹ ਸਵੈ-ਜੀਵਨੀ ਪੜ੍ਹਨ ਨਾਲ ਹੀ ਸੰਬੰਧ ਰੱਖਦੀ ਹੈ ਜਿਸ ਰਾਹੀਂ ਪਤਾ ਲੱਗਦਾ ਹੈ ਕਿ ਇਸ ਸਿਰੜ ਦੇ ਪੱਕੇ ਕਵੀ/ਲੇਖਕ ਨੇ ਕਿੰਨ੍ਹਾਂ ਗੰਭੀਰ ਹਾਲਤਾਂ ਵਿੱਚੋਂ ਲੰਘਦਿਆ ਆਪਣੇ ਜੀਵਨ ਦੇ ਇਸ ‘ਸਮੇਂ’ ਦਾ ਦਲੇਰੀ ਨਾਲ ਨਾ ਕੇਵਲ ਮੁਕਾਬਲਾ ਹੀ ਕੀਤਾ ਸਗੋਂ ਲੋੜੀਂਦੀ ਜਿੱਤ ਵੀ ਪਰਾਪਤ ਕੀਤੀ ਅਤੇ ਜੀਵਨ ਨੂੰ ਨਵੀਅਾਂ ਸੇਧਾਂ ਦੇ ਕੇ ਹਲਕੇ-ਫੁਲਕੇ ਰੁਝੇਵਿਅਾਂ ਨਾਲ ਸੁਖਾਵਾਂ ਬਣਾਇਆ। ਇਸ ਪ੍ਰੇਰਨਾ-ਸਰੋਤ ਪੁਸਤਕ ਦੇ ਪਠਨ ਨੇ ਨਿਰਸੰਦੇਹ ਮੈਂਨੂੰ ਝੰਝੋੜਿਆ, ਸੋਚ ਨੂੰ ਟੁੰਬਿਆ, ਢੇਰੀ ਢਾਉਣ ਤੋਂ ਵਰਜਿਆ ਅਤੇ ਬਲ ਬਖਸ਼ਿਆ। ਇਹ ਸਵੈ-ਜੀਵਨੀ ਪੜ੍ਹਨ ਯੋਗ, ਸੋਚ ਨੂੰ ਡਾਵਾਂ-ਡੋਲ ਹੋਣ ਤੋਂ ਬਚਾਉਣ ਵਾਲੀ ਅਤੇ ਪ੍ਰੇਰਨਾਦਾਇਕ ਹੋਣ ਕਾਰਨ ‘ਲਿਖਾਰੀ’ ਦੇ ਪਾਠਕਾਂ ਗੋਚਰੇ ਕਿਸ਼ਤਾਂ ਵਿੱਚ ਹਾਜ਼ਰ ਕੀਤੀ ਜਾ ਰਹੀ ਹੈ।—-ਲਿਖਾਰੀ

ਦੂਜੀ ਕਿਸ਼ਤ:
ਅਧਿਆਇ 3:
ਇਕ ਕੈਂਸਰ ਮਰੀਜ਼ ਦਾ ਜੀਵਨ ਸਾਥੀ

ਜਦੋਂ ਮੇਰੀ ਕੈਂਸਰ ਦਾ ਇਲਾਜ ਰੌਚੈਸਟਰ (Rochester) ਦੇ ਹਸਪਤਾਲ ਵਿਚ ਚੱਲ ਰਿਹਾ ਸੀ, ਉਦੋਂ ਸੁਰਿੰਦਰ ਸੌ ਮੀਲ ਦੀ ਵਿੱਥ ਤੇ ਇਥਕਾ (Ithaca) ਵਿਚ ਨੌਕਰੀ ਕਰਦੀ ਸੀ।  ਦੋਨੋ ਸ਼ਹਿਰ ਨੀਊ ਯਾਰਕ (New York) ਸੂਬੇ ਵਿਚ ਹਨ।  ਬੇਟੇ ਇਮਰੋਜ਼ ਨੇ ਹੁਣੇ ਹੁਣੇ ਕਾਲਜ ਡਿਗਰੀ ਹਾਸਲ ਕਰਕੇ, ਨੀਊ ਯਾਰਕ ਸ਼ਹਿਰ ਦੇ ਲਾਗੇ, ਨੀਊ ਜਰਸੀ ਸੂਬੇ ਵਿਚ ਪਹਿਲੀ ਨੌਕਰੀ ਲੱਭ ਲਈ ਸੀ। ਬੇਟੀਆਂ ਪਰਮ, ਅਤੇ ਰੂਪ ਅਜੇ ਓਹਾਇਓ ਅਤੇ ਵਿਸਕਾਨਸਨ (Ohio and Wisconsin) ਵਿਚ ਪੜ੍ਹਾਈ ਕਰ ਰਹੀਆਂ ਸਨ। ਮੇਰੇ ਸਾਰੇ ਕੀਮੋ ਰੌਚੈਸਟਰ ਹਸਪਤਾਲ (Strong Memorial Hospital at the University of Rochester in New York State) ਵਿਚ ਕੀਤੇ ਗਏ।  ਇਹ ਮੰਨਿਆ ਪਰਮੰਨਿਆ ਹਸਪਤਾਲ ਹੈ ਜਿੱਥੇ ਸਾਰੇ ਅਮਰੀਕਾ ਅਤੇ ਦੁਨੀਆ ਭਰ ਦੇ ਮਾਹਰ ਕੰਮ ਕਰਦੇ ਸਨ।

ਸਰਦੀਆਂ ਵਿਚ ਇਥਕਾ ਤੋਂ ਰੌਚੈਸਟਰ ਨੂੰ ਮਿਲਾਉਂਦੀਆਂ ਸੜਕਾਂ ਦਾ ਪੈਂਡਾ ਬਹੁਤ ਦੁੱਭਰ ਸੀ।  ਇਥਕਾ ਤੋਂ ਹਾਇਵੇਇ 90 ਨੂੰ ਲਾਗੇ ਲਾਗੇ ਤਿੰਨ ਰਾਹ ਜਾਂਦੇ ਹਨ। ਫੇਰ ਹਾਇਵੇਇ 90 ਨਿਆਗਰਾ ਫਾਲਜ਼ ਵਿਚੋਂ ਦੀ ਕਨੇਡਾ ਨੂੰ ਲੰਘ ਜਾਂਦਾ ਹੈ। ਨਿਆਗਰਾ ਫਾਲਜ਼ ਤੋਂ ਪਹਿਲਾਂ ਰੌਚੈਸਟਰ ਆਉਂਦਾ ਹੈ। 

ਸੁਰਿੰਦਰ ਇਥਕਾ ਤੋਂ ਹਮੇਸ਼ਾਂ ਰੂਟ 96 ਫੜਦੀ, ਜਿਸਦੇ ਮੁੱਢ ਵਿਚ ਵਿਚ ਅੱਠ ਸ਼ਾਖਾਂ ਵਾਲਾ ਚੌਕ (The Octopus Circle) ਹੈ। ਇਹ ਚੌਕ ਇਕ ਹਊਆ ਬਣਕੇ ਰਹਿ ਗਿਆ ਹੈ। ਗਰਮੀ ਦੇ ਮਹੀਨਿਆਂ ਵਿਚ ਇਨ੍ਹਾਂ ਸੜਕਾਂ ਤੇ ਕਾਰ ਚਲਾਉਣਾ ਅਨੰਦਮਈ ਹੈ। ਸਰਦੀ ਵਿਚ ਆਮ ਤੌਰ ਤੇ ਇਹ ਸੜਕਾਂ ਬਰਫ ਨਾਲ ਢਕੀਆਂ ਰਹਿੰਦੀਆਂ ਹਨ। ਜਦ ਬਰਫ ਜੰਮ ਜਾਵੇ ਤਾ ਕਾਰਾਂ ਚਲਾਉਣਾ ਦੁੱਭਰ ਤੇ ਖਤਰਨਾਕ ਹੋ ਜਾਂਦਾ ਹੈ। ਇਨ੍ਹਾਂ ਸੜਕਾਂ ਦੀ ਯਾਦ ਨਾਲ ਮੈਂਨੂੰ ਜੈਸਕਾ ਸੈਵਿਚ (Jassica Savitch) ਦੀ ਯਾਦ ਆ ਜਾਂਦੀ ਹੈ, ਜੋ ਇਥਕਾ ਕਾਲਿਜ ਪੜ੍ਹਦੀ ਸੀ ਤੇ ਰੌਚੈਸਟਰ ਜਾਕੇ ਰੋਜ਼ਾਨਾ ਰੇਡਿਓ ਸਟੇਸ਼ਨ ਤੇ ਗੀਤਾਂ ਦੇ ਤਵੇ ਲਾਉਂਦੀ ਸੀ। ਬਾਅਦ ਵਿਚ ਉਹ ਮਸ਼ਹੂਰ ਟੀ.ਵੀ. ਹਸਤੀ ਵਜੋਂ ਜਾਣੀ ਜਾਣ ਲੱਗੀ ਤੇ ਕਿਸੇ ਸੜਕ ਤੇ ਇਕ ਕਾਰ ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋ ਗਈ। ਜੈਸਿਕਾ ਦੀ ਮੌਤ ਦਾ ਸਾਰੇ ਅਮਰੀਕਾ ਵਿਚ ਅਫਸੋਸ ਮਨਾਇਆ ਗਿਆ। ਇਸੇ ਕਰਕੇ, ਮੈਂ ਨਹੀਂ ਸੀ ਚਾਹੁੰਦਾ ਕਿ ਸੁਰਿੰਦਰ ਇਨ੍ਹਾਂ ਸੜਕਾਂ ਤੇ ਰਾਤ ਨੂੰ ਕਾਰ ਚਲਾਵੇ।

ਦਿਨ ਦੇ ਕੰਮ ਤੋਂ ਬਾਅਦ ਸੁਰਿੰਦਰ, ਬਿਨਾਂ ਨਾਗਾ, ਮੈਂਨੂੰ ਹਸਪਤਾਲ ਵਿਚ ਮਿਲਣ ਆਉਂਦੀ ਤੇ ਘਰ ਵਾਪਸ ਚਲੀ ਜਾਂਦੀ। ਆਪਣੇ ਕੰਮ ਵਿਚ ਉਹ ਕਦੇ ਵਿਘਨ ਨਾ ਪੈਣ ਦਿੰਦੀ। ਜਿਸ ਰਾਤ ਮੇਰੀ ਹਾਲਤ ਬਹੁਤੀ ਖਸਤਾ ਹੁੰਦੀ, ਉਸ ਰਾਤ ਸੁਰਿੰਦਰ ਹਸਪਤਾਲ ਦੇ ਉਡੀਕ ਕਮਰੇ ਵਿਚ ਲੇਟਣ ਵਾਲੀ ਕੁਰਸੀ ਤੇ ਰਾਤ ਕੱਟ ਲੈਂਦੀ। ਸਵੇਰੇ ਸਵੇਰੇ ਕਾਰ ਚਲਾਉਂਦੀ ਘਰ ਪਹੁੰਚਦੀ, ਕੱਪੜੇ ਬਦਲਕੇ ਅਤੇ ਤਿਆਰ ਹੋਕੇ ਕੰਮ ਤੇ ਪਹੁੰਚ ਜਾਂਦੀ।

ਜਦ ਕਦੇ ਇਸ ਨਿੱਤਨੇਮ ਵਿਚ ਔਕੜ ਪੈ ਜਾਂਦੀ ਤਾਂ ਉਹ ਘਰ ਠਹਿਰਦੀ ਅਤੇ ਮੈਂ ਤੜਕੇ ਉਹਦਾ ਇੰਤਜ਼ਾਰ ਕਰ ਰਿਹਾ ਹੁੰਦਾ। ਤੜਕੇ ਮੈਂਨੂੰ ਮਿਲਕੇ, ਉਹ ਕੰਮ ਤੇ ਬਾਕੀ ਸਾਥੀਆਂ ਤੋਂ ਪਹਿਲਾਂ ਹੀ ਪਹੁੰਚ ਜਾਂਦੀ। ਇਸ ਅਨੁਸਾਰ ਉਹ 200 ਮੀਲ ਦਾ ਰਸਤਾ ਰੋਜ਼ਾਨਾ ਤਹਿ ਕਰਦੀ, ਜਿੰਨਾ ਚਿਰ ਮੈਂ ਹਸਪਤਾਲ ਰਿਹਾ। ਮੇਰੇ ਸਰ੍ਹਾਣੇ ਕੋਲ ਬੈਠੇ ਅਸੀਂ ਪਰਿਵਾਰਾਂ, ਬੱਚਿਆਂ, ਬੈਂਕ ਦੇ ਖਾਤਿਆਂ ਅਤੇ ਵਸੀਅਤਾਂ ਵਰਗੇ ਵਿਸ਼ਿਆਂ ਦੀਆਂ ਗੱਲਾਂ ਵੀ ਕਰਦੇ। ਕੈਂਸਰ ਦਾ ਅਸਰ ਜੋ ਮੇਰੇ ਤੇ ਸੀ, ਉਹ ਤਾਂ ਹੋਣਾ ਹੀ ਸੀ, ਪਰ ਇਸਦਾ ਸੁਰਿੰਦਰ ਤੇ ਅਸਰ, ਮੈਂ ਉਹਦੇ ਚਿਹਰੇ ਤੋਂ ਪੜ੍ਹ ਸਕਦਾ ਸੀ। ਪਰ ਉਹ ਕਾਗਜ਼ ਤੇ ਲਿਖਿਆ ਨਹੀਂ ਸੀ ਜਾ ਸਕਦਾ। 

ਸੁਰਿੰਦਰ ਦੀ ਚੜ੍ਹਦੀ ਕਲਾ ਵਾਸਤੇ ਮੈਂ ਕਦੇ ਕਦਾਈਂ ਅਵਾ-ਤਵਾ ਗੱਲਾਂ ਕਰਨ ਲੱਗ ਜਾਂਦਾ। 

“ਠੀਕ ਤਾਂ ਹੋ ਲੋ, ਪਹਿਲਾਂ। ਤਲਾਕ ਵੀ ਕਰਕੇ ਦੇਖ ਲਾਂਗੇ।” ਉਹਨੂੰ ਮੇਰੀਆਂ ਗੱਲਾਂ ਵਿਚ ਹਾਸੇ ਵਾਲੀ ਗੱਲ ਨਾ ਦਿਸਦੀ।

“ਬੱਸ ਹੁਣ ਆਹੀ ਕੁਝ ਬਾਕੀ ਆ। ਤੁਸੀਂ ਹੋਰ ਤਾਂ ਸਭ ਕੁਛ ਕਰਕੇ ਦੇਖ ਲਿਆ, ਮੈਂਨੂੰ ਸਤਾਉਣ ਲਈ।” ਸੁਰਿੰਦਰ ਨੂੰ ਮੇਰੇ ਮਜ਼ਾਕ, ਮਜ਼ਾਕ ਨਾ ਲਗਦੇ। ਕਦੇ ਕਦੇ ਅਕ੍ਰਿਤਘਣੇ ਲੋਕਾਂ ਦੇ ਗੁਨਾਹ ਮੇਰੇ ਉੱਤੇ ਮੜ੍ਹ ਜਾਂਦੀ। ਇਕ ਵਾਰ ਸ਼ੁਰੂ ਹੁੰਦੀ, ਫਿਰ ਦਿਲ ਦੀਆਂ ਭਾਫਾਂ ਕੱਢਕੇ ਹੀ ਚੁੱਪ ਹੁੰਦੀ। 

ਸੁਰਿੰਦਰ ਨੇ ਸਾਰੇ ਡਾਕਟਰਾਂ ਤੇ ਨਰਸਾਂ ਦੇ ਫੋਨ, ਜੋ ਮੇਰੇ ਇਲਾਜ ਨਾਲ ਸੰਬੰਧਤ ਸਨ, ਰੱਖੇ ਹੋਏ ਸਨ। ਜਦੋਂ ਲੋੜ ਹੁੰਦੀ ਫੋਨ ਕਰਨ ਤੋਂ ਨਾ ਝਿਜਕਦੀ। ਮੈਂਨੂੰ ਅਕਸਰ ਇਹ ਬੁਰਾ ਵੀ ਲਗਦਾ, ਪਰ ਧਰਵਾਸ ਵੀ ਸੀ ਕਿ ਉਹ ਫੋਨ ਆਖਰ ਮੇਰੇ ਲਈ ਹੀ ਤਾਂ ਕਰਦੀ ਹੈ। 

‘‘ਘਬਰਾਉਣ ਵਾਲੀ ਗੱਲ ਨਹੀਂ, ਦੋਸਤ,ਅਸੀਂ ਇਨ੍ਹਾਂ ਕੰਮਾਂ ਲਈ ਹਾਂ,’’ ਇਕ ਨਰਸ ਬੰਦਾ ਮੈਂਨੂੰ ਕਹਿੰਦਾ, ਇਕ ਦਿਨ, ਜਦੋਂ ਸੁਰਿੰਦਰ ਦੇ ਲਗਾਤਾਰ ਫੋਨ ਆਏ।

ਜੇ ਦੇਖਿਆ ਜਾਵੇ ਤਾਂ ਇਹ ਯਾਦ-ਦਾਸਤਾਂ ਮੇਰੀਆਂ ਨਹੀਂ ਹਨ ਕਿਉਂਕਿ ਇਲਾਜ ਸਮੇਂ ਦੀਆਂ ਮੇਰੀਆਂ ਯਾਦਾਂ ਤਾਂ ਕੁਝ ਧੁੰਦਲ਼ੀਆਂ ਹਨ।

ਸੁਰਿੰਦਰ ਨੂੰ, ਪਰ, ਸਭ ਕੁਝ ਇਤਨਾ ਯਾਦ ਹੈ ਕਿ ਘਰਵਾਲਾ ਸੁਣਦਾ ਸੁਣਦਾ ਅੱਕ ਜਾਵੇ। ਸੁਰਿੰਦਰ ਲਿਖ ਸਕਦੀ ਹੈ, ਪਰ ਉਹ ਲਿਖਦੀ ਨਹੀਂ। ਲਿਖਾਰੀ ਅਖਵਾਉਣ ਲਈ ਇਹ ਗੰਦਾ ਕੰਮ ਮੈਂ ਖ਼ੁਸ਼ੀ ਨਾਲ ਕਰ ਰਿਹਾ ਹਾਂ।

‘ਯੂ ਆਰ ਨਾਟ ਟਾਇਰਡ ਆਫ ਦਿਸ –, ਆਈ ਹੈਵ ਨੋ ਟਾਈਮ ਫੌਰਿਟ। ਸਮਬੌਡੀ ਹੈਜ ਟੂ ਰਨ ਦੀ ਹਾਊਸ।” ਸੁਰਿੰਦਰ ਤੋਂ ਇਸ ਤਰ੍ਹਾਂ ਦੇ ਸ਼ਬਦ, ਮੈਂ ਆਪਣੇ ਇਲਾਜ ਬਾਰੇ ਪੁੱਛਣ ਸਮੇਂ, ਅਨੇਕਾਂ ਵਾਰ ਸੁਣੇ ਹਨ। 

“ਇਹ ਮੇਰੀ ਕਿਤਾਬ ਨਹੀਂ ਛਪਣੀ।” ਉਹ ਕਹਿੰਦੀ ਰਹਿੰਦੀ।

ਹਰ ਮਹੀਨੇ ਬਿਲ ਲਿਖਣੇ, ਬੱਚਿਆਂ ਨੂੰ ਸੰਭਾਲਣਾ, ਕਾਰ ਨੂੰ ਚਲਦੀ ਰੱਖਣਾ, ਅਪਣੇ ਮਨ ਤੇ ਕਾਬੂ ਰੱਖਣਾ, ਤੇ ਸਾਰਾ ਦਿਨ ਦੀ ਨੌਕਰੀ ਕਰਕੇ ਬੀਮਾਰ ਜੀਵਨਸਾਥੀ ਨੂੰ ਸੰਭਾਲਣਾ, ਇਹ ਸਭ ਗੱਲਾਂ ਮੇਰੇ ਲਈ ਤਾਂ ਲਿਖਣਯੋਗ ਹਨ, ਪਰ ਸੁਰਿੰਦਰ ਤੇ ਸਦੀਵੀ ਭਾਰ ਛੱਡ ਗਈਆਂ ਹਨ।

ਜਦ 1979 ਵਿਚ ਸੁਰਿੰਦਰ ਨੇ ਯੂਨੀਵਰਸਿਟੀ ਵਿਚ ਕੀ-ਪੰਚ ਦੀ ਮੁਢਲੀ ਨੌਕਰੀ ਸ਼ੁਰੂ ਕੀਤੀ, ਉਹਦੀ ਰਫਤਾਰ ਬਹੁਤ ਤੇਜ ਸੀ। ਉਹਨੇ ਇਸ ਤਰ੍ਹਾਂ ਦਾ ਕੰਮ ਸਾਨ ਫਰਾਂਸਿਸਕੋ ਅਤੇ ਨੀਊ ਯਾਰਕ ਰਹਿੰਦਿਆਂ ਕੀਤਾ ਹੋਇਆ ਸੀ।  ਇਕ ਦੋ ਕੰਮ ਤੇ ਨਿਕੰਮੇ ਸਾਥੀ, ਸੁਰਿੰਦਰ ਨਾਲ ਈਰਖਾ ਕਰਨ ਲੱਗੇ। ਸੁਰਿੰਦਰ ਨੇ ਹੌਲੀ ਹੌਲੀ ਐਸੇ ਲੋਕਾਂ ਨਾਲ ਨਿਜੱਠਣਾਂ ਸਿੱਖ ਲਿਆ। ਉਸ ਸਮੇਂ ਯੂਨੀਵਰਸਿਟੀਆਂ ਵੀ ਸਾਵਧਾਨ ਹੋ ਰਹੀਆਂ ਸਨ ਅਤੇ ਖਰ੍ਹਭੇ ਲੋਕਾਂ ਨਾਲ ਵਰਤਣ ਬਾਰੇ ਸਿਖਲਾਈ ਦੇ ਰਹੀਆਂ ਸਨ। ਸੁਰਿੰਦਰ ਜਿੱਥੋਂ ਵੀ ਹੋ ਸਕਿਆ ਕੰਮਪਿਊਟਰ ਸਿਖਦੀ ਗਈ। ਜਿਵੇਂ  ਡਰਾਈਡਨ ਸ਼ਹਿਰ ਵਿਚ ਟੀ.ਸੀ.3, {Tompkins Cortland Community College(TC3) in Dryden}, ਕਾਰਨੈਲ (Cornell), ਅਤੇ ਦੂਰ ਦੁਰਾਡੇ। ਫੇਰ ਤਾਂ ਉਹ ਯੂਨੀਵਰਸਿਟੀਆਂ ਵਿਚ ਸਿਖਲਾਈ ਦੇਣ ਵਾਲਿਆਂ ਵਿਚ ਸ਼ਾਮਲ ਹੋਕੇ ਕੰਮਪਿਊਟਰ ਵਰਕਸ਼ਾਪਾਂ ਵਿਚ ਹਿੱਸਾ ਪਾਉਣ ਲੱਗੀ। ਜਦ ਉਹਨੇ ਲਾਇਬਰੇਰੀ ਵਿਚ ਕੰਮਪਿਊਟਰ ਦਾ ਕੰਮ ਸ਼ੁਰੂ ਕੀਤਾ, ਤਾਂ ਕਿਸੇ ਜਨਾਨੀ ਨੇ ਫੋਨ ਤੇ ਉਹਨੂੰ ਸੁਰਿੰਦਰ ਦੀ ਜਗਾ ‘‘ਹਾਇ ਸੂ’’ ਕਹਿ ਦਿੱਤਾ। ਸ਼ਾਇਦ ਉਹ ਸੁਰਿੰਦਰ ਨੂੰ ਜਾਣਦੀ ਨਾ ਹੋਵੇ।

‘‘ਏਥੇ ਕੋਈ ਸੂਅ ਸਾਅ ਨਹੀਂ,’’ ਕਹਿਕੇ ਸੁਰਿੰਦਰ ਨੇ ਗੁੱਸੇ ਵਿਚ ਫੋਨ ਲਟਕਾ ਦਿੱਤਾ। ਸੁਰਿੰਦਰ ਨੂੰ ਨਹੀਂ ਸੀ ਪਸੰਦ ਕਿ ਮਾਂ-ਬਾਪ ਦੇ ਦਿੱਤੇ ਨਾਂ ਵਿਚ ਕੋਈ ਤੋੜ-ਮਰੋੜ ਕਰੇ।  ਲਾਇਬਰੇਰੀ ਵਿਚ ਮੁੜਕੇ ਉਹਨੂੰ, ਜਾਂ ਕਿਸੇ ਹੋਰ ਨੂੰ, ਸੂ ਕਹਿਣ ਦੀ ਜੁਰਅਤ ਨਾ ਪਈ।

ਮੈਂ ਵੀ ਸੁਰਿੰਦਰ ਨੂੰ ਆਪਣੀ ਕੈਂਸਰ ਬਾਰੇ ਪੁੱਛਣਾ ਤੇ ਅਕਾਉਣਾ ਛੱਡ ਦਿੱਤਾ, ਅਤੇ ਘੋਗੇ ਦੀ ਰਫਤਾਰ ਨਾਲ ਆਪ ਲਿਖਦਾ ਗਿਆ। ਜਦ ਉਹਨੇ ਮੇਰੀ ਲਿਖਤ ਪੜ੍ਹੀ ਤਾਂ ਆਪਣੇ ਆਪ ਮੇਰੀ ਲਿਖਤ ਦੀਆਂ ਕਮੀਆਂ ਭਰਨ ਲੱਗ ਪਈ। ਬਹੁਤਾ ਝਗੜਾ ਉਹ ਮੇਰੀਆਂ ਤਰੀਕਾਂ ਬਾਰੇ ਕਰਦੀ। ਜਦ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਯਾਦਾਂ ਲਿਖਣ ਲਈ ਯਾਦਾਂ ਦਾ 100%  ਠੀਕ ਹੋਣਾ ਜਰੂਰੀ ਨਹੀਂ ਹੁੰਦਾ, ਇਹ ਮੈਂ ਕਿਸੇ ਕਲਾਸ ਵਿਚ ਸੁਣਿਆ ਸੀ।  ਸੁਰਿੰਦਰ ਆਪਣੇ ਪੱਖ ਤੇ ਅੜ ਜਾਂਦੀ ਪਰ ਫੇਰ ਵੀ ਮੇਰੇ ਲਿਖਣ ਲਈ ਸਮੱਗਰੀ ਛੱਡ ਜਾਂਦੀ। ਮੇਰੀ ਲਿਖਤ ਨਾਲ ਮੇਰਾ ਬੱਚਿਆਂ ਨਾਲ ਵੀ ਤਾਲ-ਮੇਲ ਵਧ ਗਿਆ, ਤੇ ਇਸਨੂੰ ਕੋਣ ਮਾੜਾ ਆਖੇ?

ਕਦੇ ਕਦੇ ਸੁਰਿੰਦਰ ਮੇਰੀ ਲਿਖਤ ਵਿਚ ਮਾਮੂਲੀ ਗਲਤੀ ਫੜ ਲੈਂਦੀ, ਤੇ ਗੱਲ ਅਗਾਂਹ ਨਾ ਵਧਦੀ ਦਿਸਦੀ। ਉਦੋਂ ਮੈਂਨੂੰ ਪਤਾ ਲੱਗ ਜਾਂਦਾ ਕਿ ਭਲਾ ਵਕਤ ਅੱਜ ਖੁੰਝ ਗਿਆ ਹੈ, ਕਦੇ ਫੇਰ ਆਵੇਗਾ।

ਯੂਨੀਵਰਸਿਟੀ ਦਾ ਕੰਮ ਸੁਰਿੰਦਰ ਲਈ ਵਡਭਾਗਾ ਸਮਾਂ ਸੀ ਜਿਸਨੂੰ ਉਹ ਉਤਸ਼ਾਹ ਨਾਲ ਸੁਣਾਉਂਦੀ। ਜਦ ਕਦੇ ਯੂਨੀਵਰਸਿਟੀ ਦੇ ਕਿਸੇ ਰਸਾਲੇ ਵਿਚ ਸੁਰਿੰਦਰ ਦਾ ਨਾਮ ਛਪਦਾ, ਮੈਂ ਸੰਭਾਲ ਲੈਂਦਾ, ਉਹ ਕੂੜੇ ਵਿਚ ਸੁੱਟ ਦਿੰਦੀ। ਕੂੜੇ ਦੀ ਕੀਮਤ ਸਿਰਫ ਲਿਖਾਰੀ ਹੀ ਸਮਝ ਸਕਦਾ ਹੈ।

ਸੁਰਿੰਦਰ ਨੇ ਹਮੇਸ਼ਾਂ ਸਦਾਚਾਰੀ ਨਾਲ ਕੰਮ ਕੀਤਾ, 30 ਸਾਲਾਂ ਵਿਚ ਕਿਸੇ ਨੇ ਕੋਈ ਕਿੰਤੂ-ਪ੍ਰੰਤੂ ਨਾ ਕੀਤਾ। ਉਹਦੀ ਰੀਟਾਇਰਮੈਂਟ ਵੀ ਮਨਾਈ ਗਈ ਜਿਸਤੇ ਉਸਦਾ ਪਰਿਵਾਰ ਵੀ ਸੱਦਿਆ ਗਿਆ। ਬੱਚੇ ਕੰਮ ਵਿਚ ਮਘਨ ਹੋਣ ਕਰਕੇ ਨਾ ਜਾ ਸਕੇ। ਮੈਂ ਕੈਲੇਫੋਰਨੀਆ ਵਿਚ ਆ ਵਸਿਆ ਸਾਂ, ਪਰ ਜਾਣਾ ਚਾਹੁੰਦਾ ਸਾਂ। ਸੁਰਿੰਦਰ ਦੀ ਖੁਸ਼ੀ ਮੇਰੇ ਕੈਲੇਫੋਰਨੀਆ ਰਹਿਣ ਵਿਚ ਹੀ ਸੀ। ਸ਼ਾਇਦ ਉਹ ਸੋਚਦੀ ਹੋਵੇ, ਕਿ ਪੰਗੇ ਮੇਰੇ ਨਾਲ ਹੀ ਰਹਿੰਦੇ ਹਨ।

ਉਦੋਂ ਜੀਵਨ ਦੇ ਦਿਨ ਕੁਝ ਏਦਾਂ ਦੇ ਹੀ ਸਨ।

ਲੇਖਕ ਅਤੇ ਜੀਵਨਸਾਥੀ ਅਪਣੇ ਰਿਹਾਇਸ਼ੀ ਕਮਰੇ ਵਿਚ। ਇਥਕਾ, ਕੈਂਸਰ ਤੋਂ ਵੀਹ ਸਾਲ ਪਹਿਲਾਂ, 1979

**

ਅਧਿਆਇ 4
ਰਿਸ਼ਤੇ ਨਾਤੇ

‘‘ਲਿਖਾਂ ਕਿ ਨਾ ਲਿਖਾਂ?’’ ਮੈਂ ਆਪਣੇ ਅੰਦਰ ਬਹਿਸ ਕਰਦਾ ਰਿਹਾ ਕਿ ਇਸ ਕਿਤਾਬ ਵਿਚ ਰਿਸ਼ਤੇਦਾਰਾਂ ਬਾਬਤ ਲਿਖਾਂ ਕਿ ਨਾ। ਜੇ ਲਿਖਾਂ ਤਾਂ ਕਿੰਨਾ ਲਿਖਾਂ। ਆਖਰਕਾਰ, ਇਹ ਮਜ਼ਮੂਨ ਇਤਨਾ ਸੌਖਾ ਵੀ ਨਹੀਂ। ਮੈਂ ਕਿਹੜਾ ਮਨੋਵਿਗਿਆਨੀ ਹਾਂ, ਨਾਲੇ ਮਨੋਵਿਗਿਆਨੀਆਂ ਨੂੰ ਵੀ ਕਿਹੜਾ ਸਭ ਕੁਝ ਪਤਾ ਹੁੰਦਾ ਹੈ। ਉਹਨਾਂ ‘ਚੋਂ ਕਈ ਤਾਂ ਪੁਰਾਣੀਆਂ ਕਾਰਾਂ ਵੇਚਣ ਵਾਲਿਆਂ ਤੋਂ ਵੀ ਗਏ-ਗੁਜ਼ਰੇ ਹੁੰਦੇ ਹਨ। ਕਦੇ ਕੋਈ ਜ਼ਨਾਨੀ ਦੇਖੀ ਐ ਇਹ ਕੰਮ ਕਰਦੀ?

ਵੈਸੇ ਤਾਂ ਅਸੀਂ ਸਾਰਿਆਂ ਵਿਚ ਹੀ ਕਾਮ, ਕ੍ਰੋਧ, ਲੋਭ, ਮੋਹ, ਅਤੇ ਹੰਕਾਰ ਵਸਦੇ ਹਨ। ਜੇ ਇਹਨਾਂ ਤੇ ਕਾਬੂ ਰੱਖਿਆ ਜਾਵੇ ਤਾਂ ਇਹਨਾਂ ਦਾ ਸਹੀ ਰੂਪ ਸਾਡੀ ਸਹਾਇਤਾ ਕਰਦਾ ਹੈ। ਇਸ ਲਈ ਲੋਕਾਂ ਬਾਰੇ ਲਿਖਣਾ, ਬੋਲਣਾ ਇਤਨਾ ਸੌਖਾ ਨਹੀਂ, ਜਿਤਨਾ ਲਗਦਾ ਹੈ। ਫੇਰ ਵੀ ਸਾਡੇ ਸਾਰਿਆਂ ਦੇ ਰਿਸ਼ਤੇਦਾਰ ਹੁੰਦੇ ਹਨ, ਜਿਨ੍ਹਾਂ ਬਾਰੇ ਅਸੀਂ ਅਕਸਰ ਗੱਲਾਂ ਕਰਦੇ ਹਾਂ।

ਮੇਰੇ ਰਿਸ਼ਤੇਦਾਰ ਵੀ ਹੁਣ, ਇੰਡੀਆ ਤੋਂ ਇਲਾਵਾ, ਕਨੇਡਾ ਅਮਰੀਕਾ ਵਿਚ ਵਸ ਗਏ ਹਨ। ਕੰਮਾਂ ਕਾਰਾਂ ਦੇ ਰੁਝ੍ਹਾਨ ਵਿਚ, ਬੱਚਿਆਂ ਦੇ ਪਾਲਣ ਪੋਸਣ ਵਿਚ ਲੱਗੇ ਰਹਿਣ ਕਰਕੇ, ਸੁਰਿੰਦਰ ਨੂੰ ਅਤੇ ਮੈਂਨੂੰ, ਰਿਸਤੇਦਾਰਾਂ ਦੀ ਨਜ਼ਰ ਵਿਚ ਚੰਗੇ ਰਿਸ਼ਤੇਦਾਰ ਨਾ ਰਹਿਣ ਦਿੱਤਾ। ਅਸੀਂ ਕੋਸ਼ਿਸ਼ਾਂ ਤਾਂ ਬਹੁਤ ਕੀਤੀਆਂ, ਪਰ ਕੁਝ ਰਿਸ਼ਤੇ ਮੁੜ ਨਾ ਜੁੜ ਸਕੇ। ਕਈ ਤਾਂ ਸ਼ਰੀਕ ਹੋ ਕੇ ਟੰਗਾਂ ਫਸਾਉਣ ਲੱਗ ਪਏ।

ਜਦ ਡਾਕਟਰ ਕਹਿੰਦੇ, ਮੇਰੇ ਬਚਣ ਦੀ ਆਸ 50-50 ਹੈ, ਤਾਂ ਸੁਰਿੰਦਰ ਨੇ ਆਪਣੇ ਹਰਖ ਤੇ ਕਾਬੂ ਪਾਇਆ ਅਤੇ ਰਿਸ਼ਤੇਦਾਰਾਂ ਨੂੰ ਫੋਨ ਘੁਮਾ ਦਿੱਤੇ। ਇਸ ਹਰਕਤ ਨਾਲ ਪਹਿਲਾਂ ਮੈਂਨੂੰ ਘਬਰਾਹਟ ਮਹਿਸੂਸ ਹੋਈ। ਮੇਰੇ ਵਿਚ ਐਸਾ ਹੀਆ ਨਹੀਂ ਸੀ। ਸ਼ਾਇਦ ਮੇਰੀ ਮਰਦਾਊ-ਹਉਮੈ, ਐਸੀ ਹਰਕਤ ਤੋਂ ਰੋਕਦੀ ਹੈ। ਪਰ, ਮੈਂ ਸੁਰਿੰਦਰ ਦਾ ਵਿਰੋਧ ਵੀ ਨਾ ਕੀਤਾ। ਹੁਣ ਡੋਰ ਉਹਦੇ  ਹੱਥ ਸੀ।

ਮੈਂ ਮੰਨਦਾ ਹਾਂ ਕਿ ਭਾਰਤ ਵਸਦੇ ਰਿਸ਼ਤੇਦਾਰਾਂ ਨੂੰ ਸਿਰ ਚੜ੍ਹਾਕੇ ਉਹਨਾਂ ਨਾਲ ਬਣਾਈ ਰੱਖਣਾ ਮੇਰੇ ਵਸ ਦਾ ਰੋਗ ਨਹੀਂ ਸੀ। ਪਰ, ਮੇਰੀ ਬੀਮਾਰੀ ਹੁਣ ਮੱਲ੍ਹਮ ਬਣਕੇ ਪੁਰਾਣੇ ਰਿਸ਼ਤਿਆਂ ਨੂੰ ਸੁਧਾਰਨ ਅਤੇ ਜੋੜਨ ਦਾ ਹੀਲਾ ਬਣ ਗਈ ਸੀ।

ਜੋ ਲੋਕ ਮੇਰੀ ਬੀਮਾਰੀ ਤੋਂ ਪਹਿਲਾਂ ਘੁੰਨ-ਮਸੁੰਨ ਹੋ ਗਏ ਸਨ, ਹੁਣ ਸਭ ਕੁਝ ਤੇ ਪਾਣੀ ਫੇਰਕੇ ਨਵਾਂ ਰੁਖ ਅਖਤਿਆਰ ਕਰਨ ਲੱਗ ਪਏ ਸਨ, ਜਿਵੇਂ ਕੋਈ ਪਰਮਾਤਮਾ ਦੀ ਕ੍ਰਿਪਾ ਹੋ ਗਈ ਹੋਵੇ। ਇੰਡੀਆ ਵਿਚ ਮੇਰੇ ਮਾਂ-ਬਾਪ ਦੇ ਘਰ ਮੇਰੀ ਤੰਦਰੁਸਤੀ ਲਈ ਪਾਠ ਕਰਵਾਇਆ ਗਿਆ, ਜੋ ਇਕ ਧਾਰਮਕ ਰੀਤ ਹੈ। ਸੁਰਿੰਦਰ ਵੀ ਹੋਰ ਧਾਰਮਕ ਜਿਹੀ ਲੱਗਣ ਲੱਗੀ। ਮੇਰਾ ਛੋਟਾ ਭਰਾ ਅਮਰਜੀਤ, ਜੋ ਨੀਯੂ ਯਾਰਕ ਵਿਚ 2006 ਤੱਕ ਟੈਕਸੀ ਚਲਾਉਂਦਾ ਰਿਹਾ ਸੀ, ਨੇ ਆਪਣੀ ਆਕੜ ਤੇ ਕਬਜਾ ਕੀਤਾ ਤੇ ਮੈਂਨੂੰ ਹਸਪਤਾਲ ਮਿਲਣ ਆਇਆ।

ਮੇਰੇ ਕੋਲ ਕਰਨ ਲਈ ਗੱਲਾਂ ਤਾਂ ਬਹੁਤ ਸਨ, ਪਰ ਮੂੰਹ ਖੋਲ੍ਹਣ ਲਈ ਤਾਕਤ ਨਹੀਂ ਸੀ। ਅਮਰਜੀਤ ਮੇਰੇ ਬਿਸਤਰੇ ਲਾਗ ਚੁੱਪ ਚਾਪ ਬੈਠਾ ਰਿਹਾ।  ਮੇਰੇ ਠੀਕ ਹੋਣ ਤੱਕ ਉਹ ਦੁਬਾਰਾ ਆਉਣ-ਜਾਣ ਲੱਗ ਗਿਆ ਸੀ। ਅਮਰਜੀਤ 2006 ਵਿਚ ਸਾਹ ਛੱਡ ਗਿਆ, ਅਤੇ ਨੀਯੂ ਯਾਰਕ ਜੀਵਨ ਦੀਆਂ ਕਹਾਣੀਆਂ ਆਪਣੇ ਨਾਲ ਲੈ ਗਿਆ। ਕਿੰਨਾ ਵੱਡਾ ਘਾਟਾ ਸੀ ਉਹ।

ਪਹਿਲੀ ਕੀਮੋ ਤੋਂ ਬਾਅਦ ਜਦ ਮੈਂ ਹਸਪਤਾਲ ਤੋਂ ਘਰ ਆਇਆ, ਮੈਂ ਇੰਡੀਆ ਵਿਚ ਮਾਤਾ ਜੀ ਨਾਲ ਫੋਨ ਮਿਲਾਇਆ। ਨਾ ਉਹ ਚੰਗੀ ਤਰ੍ਹਾਂ ਬੋਲ ਸਕੀ, ਨਾ ਹੀ ਕੁਝ ਸਮਝ ਸਕੀ। ਉਹਦੀ ਜਨਵਰੀ 2000 ਵਿਚ ਮੌਤ ਹੋ ਗਈ, ਜੋ ਮੇਰੇ ਲਈ ਬੇਅੰਤ ਨਿਰਾਸ਼ਾ ਵਾਲਾ ਸਮਾਂ ਸੀ। ਦੂਜੇ, ਮੇਰਾ ਸਰੀਰ ਵੀ ਕਮਜ਼ੋਰ ਸੀ। ਮੈਂ ਕੁਦਰਤ ਦੇ ਕ੍ਰੋਪ ਹੱਥਾਂ ਵਿਚ ਲਟਕ ਰਿਹਾ ਸਾਂ।

ਬਾਅਦ ਵਿਚ ਬਾਕੀ ਰਿਸ਼ਤੇਦਾਰ ਵੀ ਆਪੋ-ਆਪਣੇ ਕੰਮ ਧੰਦਿਆਂ ਵਿਚ ਮਗਨ ਹੋ ਗਏ। ਕੁਝ ਵਿਸਰ ਗਏ, ਕੁਝ ਸੁਧਰ ਗਏ। ਕੁਝ ਮੇਰਾ ਰੁਖ ਵੀ ਨਰਮ ਹੋ ਗਿਆ।

ਕੈਂਸਰ ਤੋਂ ਛੁਟਕਾਰਾ ਪਾਕੇ, ਮੈਂ ਜਿੰਦਗੀ ਦਾ ਮੰਤਵ ਸਮਝਣ ਲਈ ਅੰਤਰ ਧਿਆਨੀ ਹੋ ਗਿਆ, ਅਤੇ ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ ਦੇ ਸਹੀ ਤਰੀਕੇ ਨਾਲ ਕੰਮ ਆਉਣ ਬਾਰੇ ਸੋਚਣ ਲੱਗ ਪਿਆ। ਮੈਂਨੂੰ ਪਤਾ ਸੀ ਕਿ ਜਿੰਦਗੀ ਵਿਚ ਤਣਾਅ (Stress), ਬਖੇੜਾ (Strife) ਬੰਦੇ  ਨੂੰ  ਰਿਸ਼ਤੇਦਾਰਾਂ, ਅਤੇ ਦੋਸਤਾਂ ਮਿੱਤਰਾਂ ਤੋਂ ਵੀ ਨਿਖੇੜ ਦਿੰਦਾ ਹੈ। ਫਿਰ ਭੀ ਮੈਂ ਪਿਛਲੇ ਰੇੜਕਿਆਂ ਵਿਚ ਨਹੀਂ ਸੀ ਫਸਦਾ।

ਜਦ ਮੈਂ ਆਪਣੀਆਂ ਇਨ੍ਹਾਂ ਯਾਦਾਂ ਬਾਰੇ ਲਿਖਦਾ ਸੀ, ਮੈਂ ਬਹੁਤ ਬਾਰ ਭਾਰਤ ਪਰਤਿਆ ਖਾਸ ਕਰਕੇ ਜਦ ਖਿਆਲ ਆਇਆ ਕਿ ਮੇਰੇ ਜਾਣ ਨਾਲ ਕਿਸੇ ਦਾ ਭਲਾ ਹੋ ਸਕੇ। ਜਦ ਮੈਂ ਢੋਲ, ਢੱਡ, ਹਾਰਮੋਨੀਅਅਮ ਇਤ ਆਦਿ ਸਿੱਖਣੇ ਸ਼ੁਰੂ ਕੀਤੇ, ਮੇਰਾ ਸੰਪਰਕ, ਖਾਸ ਕਰਕੇ ਬੱਚਿਆਂ ਨਾਲ, ਵਧ ਗਿਆ ਜੋ ਬੱਚਿਆਂ ਲਈ ਵੀ ਲਾਭਦਾਇਕ ਹੋਇਆ। ਬੱਚੇ ਸੰਗੀਤ ਛੇਤੀ ਸਿੱਖਣ ਲੱਗ ਪਏ ਅਤੇ ਹਿਸਾਬ, ਸਾਇੰਸ, ਅਤੇ ਅੰਗਰੇਜ਼ੀ ਵਰਗੇ ਮਜਮੂਨਾਂ ਬਾਰੇ ਖੁੱਲਕੇ ਦੱਸਣ-ਪੁੱਛਣ ਲੱਗ ਪਏ। ਜੇ ਮੈਂ ਕਿਸੇ ਬੱਚੇ ਦਾ ਜਬਾਬ ਨਾ ਦੇ ਸਕਦਾ, ਘੱਟੋ ਘੱਟ ਉਹਨੂੰ ਕਿਸੇ ਸਹੀ ਪਾਸੇ ਪਾ ਦਿੰਦਾ।

ਇਹਨਾਂ ਕੰਮਾਂ ਵਿਚ ਮੈਂ ਐਨਾ ਮਗਨ ਹੋ ਗਿਆ ਕਿ ਹਰ ਪਲ ਕੀਮਤੀ ਦਿਸਣ ਲੱਗਾ, ਨਾ ਕਿ ਵਖਤ ਨੂੰ ਧੱਕਾ ਲਾਉਣ ਵਾਲੀ ਗੱਲ। ਇਨ੍ਹਾਂ ਗੱਲਾਂ ਦੇ ਬਾਵਜੂਦ ਕੁਝ ਰਿਸ਼ਤੇ ਸੂਤ ਨਾ ਆਏ ਅਤੇ ਤੋੜਨੇ ਪਏ, ਭਾਵੇਂ ਰਿਸ਼ਤੇ ਤੋੜਨੇ ਖਾਲਾ ਜੀ ਕਾ ਵਾੜਾ ਨਹੀਂ ਹੁੰਦਾ।

ਮੇਰੇ ਤਿੰਨੋ ਬੱਚੇ, ਲਗਦਾ ਸੀ ਜਿਵੇਂ ਮੇਰੀ ਬੀਮਾਰੀ ਸਮੇਂ ਛੇਤੀ ਵੱਡੇ ਅਤੇ ਸਮਝਦਾਰ ਹੋ ਗਏ ਹੋਣ। ਇਮਰੋਜ਼ ਚਾਰ ਸਾਲ ਕਾਲਜ ਤੋਂ ਬਾਅਦ ਨੌਕਰੀ ਲੱਭਣ ਲੱਗ ਪਿਆ। ਹੁਣ ਉਹ ਮੇਰੀ ਮੱਦਦ ਵੀ ਕਰਨ ਲੱਗ ਪਿਆ। ਮੇਰੀ ਬਿਮਾਰੀ ਸਮੇਂ ਉਹ ਮੇਰਾ ਕਮਰਾ ਵੀ ਸਾਫ ਕਰਨ ਆ ਜਾਂਦਾ। ਇਹ ਕਿਵੇਂ ਹੋ ਗਿਆ? ਕੁਝ ਦੇਰ ਤੋਂ ਉਹ ਮੁੰਡਿਆਂ ਵਾਂਗ ਟਾਲ਼ ਮਟੋਲੇ ਕਰਦਾ ਰਿਹਾ ਸੀ। ਬੇਟੀ ਪਰਮ ਮੈਂਨੂੰ ਰੌਚੈਸਟਰ ਦੇ ਹਸਪਤਾਲ ਵਿਚ ਓਹਾਇਓ (Ohio State University, Colubus, Ohio) ਤੋਂ ਮਿਲਣ ਆਉਂਦੀ ਰਹੀ। ਬੇਟੀ ਰੂਪ ਵਿਸਕੌਨਸਨ (University of Wisconsin, Madison) ਤੋਂ ਆਉਂਦੀ ਰਹੀ। ਕਦੇ ਕੋਈ, ਤੇ ਕਦੇ ਕੋਈ। ਇਸ ਨਾਲ ਸੁਰਿੰਦਰ ਦਾ ਹੌਸਲਾ ਵੀ ਵਧਿਆ ਰਹਿੰਦਾ। ਪਰ ਮੈਂ ਉਨ੍ਹਾਂ ਦੀ ਪੜ੍ਹਾਈ ਦੇ ਨੁਕਸਾਨ ਤੋਂ ਡਰਦਾ, ਕਿਉਂਕਿ ਪੜ੍ਹਾਈ ਵਿਚ ਪਛੜ ਜਾਣਾ ਸਭ ਲਈ ਔਖਾ ਹੁੰਦਾ ਹੈ।

ਪਰਮ ਅਤੇ ਰੂਪ ਨੇ ਇਕ ਵਾਰ ਸਪਰਿੰਗ ਸਮੈਸਟਰ ਛੱਡਕੇ ਸੁਰਿੰਦਰ ਨਾਲ ਖੜ੍ਹੇ ਹੋਣ ਦਾ ਇਰਾਦਾ ਬਣਾ ਲਿਆ। ਡਾਕਟਰਾਂ ਦੀ ਮੱਦਦ ਨਾਲ ਮਸਾਂ ਸੁਰਿੰਦਰ ਨੇ ਉਹਨਾਂ ਦਾ ਇਰਾਦਾ ਬਦਲਿਆ। ਉਦੋਂ ਹੀ ਇਮਰੋਜ਼ ਨੂੰ ਨੀਊ ਜਰਸੀ ਵਿਚ ਨੌਕਰੀ ਮਿਲ ਗਈ। ਇਹ ਇਮਰੋਜ਼ ਦੀ ਪਹਿਲੀ ਨੌਕਰੀ ਸੀ ਜਿੱਥੋਂ ਉਹ ਹਰ ਹਫਤੇ ਸੁਰਿੰਦਰ ਨੂੰ ਆਪਣੇ ਘਰ ਇਥਕਾ ਮਿਲ ਜਾਂਦਾ। ਮੈਂ ਸੁੱਖ ਦਾ ਸਾਹ ਲੈਣ ਜੋਗਾ ਹੋ ਗਿਆ।

ਮੇਰੀ ਇੰਡੀਆ ਦੀ ਫੇਰੀ ਸਮੇਂ ਇਕ ਜਗ੍ਹਾ ਇਕੱਠੇ ਹੋਏ ਮੇਰੇ ਰਿਸ਼ਤੇਦਾਰ, 2003 

**

ਲੇਖਕ ਆਪਣੇ ਜੱਦੀ ਪਿੰਡ ਘਣਗਸ ਦੇ ਹਾਈ ਸਕੂਲ ਕਬੱਡੀ ਸਾਥੀਆਂ ਨਾਲ, ਇੰਡੀਆ, 2005 
(ਖੱਬੇ-ਸੱਜੇ) ਬੰਸੀ, ਧਰਮਾ, ਗੁਰਦੇਵ, ਪੱਥਰ, ਕੀਤੂ

**

ਲੇਖਕ ਨਾਲ 35 ਸਾਲ ਪਹਿਲਾਂ ਕੰਮ ਕਰਦੇ ਯੂਨੀਵਰਸਿਟੀ ਆਫ ਕੈਲੇਫੋਨੀਆ ਦੇ ਇਕੱਤਰ ਹੋਏ ਪੁਰਾਣੇ ਸਾਥੀ। 
(ਖੱਬੇ-ਸੱਜੇ) ਰੌਬਿਨ ਐਹਨਿਸਜ਼, ਅਰਨੀ ਐਹਨਿਸਜ਼, ਚਾਰਲਸ ਓਲਸਨ, ਐਨ ਓਲਸਨ, ਕ੍ਰਿਸ ਮੈਕ, ਸੁਰਿੰਦਰ, ਸ਼ੈਰਨ ਕਰੌਸ, ਕੈਥਰਿਨ ਮੈਕ, ਜੇਨ ਮਕਲਾਗਲਨ, ਬੌਬ ਮਕਲਾਗਲਨ, 2011

 ***
194
***

About the author

ਡਾ. ਗੁਰਦੇਵ ਸਿੰਘ ਘਣਗਸ
ਡਾ. ਗੁਰਦੇਵ ਸਿੰਘ ਘਣਗਸ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਗੁਰਦੇਵ ਸਿੰਘ ਘਣਗਸ

View all posts by ਡਾ. ਗੁਰਦੇਵ ਸਿੰਘ ਘਣਗਸ →