|
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਉਸ ਇਲਾਹੀ ਦ੍ਰਿਸ਼ਟੀ ਦਾ ਅੰਗ ਸੀ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਸੰਸਾਰ ਦੇ ਹਿਤ ਲਈ ਵਰਤਿਆ ਤੇ ਮਨੁੱਖੀ ਸਮਾਜ ਨੂੰ ਨਿਵੇਕਲੀ ਨੁਹਾਰ ਪ੍ਰਦਾਨ ਕੀਤੀ I ਜਦੋਂ ਕੋਈ ਨਵਾਂ ਸਮਾਜ ਸਿਰਜਿਆ ਜਾਂਦਾ ਹੈ , ਕੋਈ ਨਵਾਂ ਵਿਚਾਰ ਸਮਾਜ ਅੰਦਰ ਜਨਮ ਲੈਂਦਾ ਹੈ , ਉਸ ਪਿੱਛੇ ਆਸ ਹੁੰਦੀ ਹੈ ਭਲੇ ਦੀ , ਸੁਖ ਦੀ , ਸੰਤੋਖ ਦੀ । ਸਮਾਜ ਤਾਂ ਹੀ ਕਿਸੇ ਵਿਚਾਰਕ ਦ੍ਰਿਸ਼ਟੀ ਨੂੰ ਪ੍ਰਵਾਨ ਕਰਦਾ ਹੈ ਜੇ ਉਹ ਵਿਉਹਾਰਕ ਹੋਵੇ ਤੇ ਸਚ ਨਾਲ ਜੋੜੇ I ਭਰਮ , ਭੁਲੇਖੇ ਜਿਆਦਾ ਦੇਰ ਤੱਕ ਟਿੱਕਦੇ ਨਹੀਂ I ਗੁਰਬਾਣੀ ਨਿਰਾਸ਼ , ਸਤਾਈ ਹੋਈ ਮਨੁੱਖਤਾ ਲਈ ਸੰਜੀਵਨੀ ਸਾਬਤ ਹੋਈ I ਗੁਰ ਸ਼ਬਦ ਦੇ ਅੰਮ੍ਰਿਤ ਨੇ ਜੀਵਨ ਜਿਉਣ ਦਾ ਚਾਅ ਪੈਦਾ ਕਰ ਦਿੱਤਾ I ਲੋਕਾਂ ਦੇ ਮਨ ਆਸ ਦੀ ਉੱਜਵਲ ਰੋਸ਼ਨੀ ਨਾਲ ਜਗਮਗ ਹੋ ਗਏ I ਮਨੁੱਖੀ ਕਦਰਾਂ – ਕੀਮਤਾਂ ਦੀ ਰੱਖਿਆ ਲਈ ਦਿੱਲੀ ਅੰਦਰ ਲਾਸਾਨੀ ਸ਼ਹੀਦੀ ਦੇਣ ਵਾਲੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਸ਼ਹੀਦੀ ਦੁਹਾਂ ਨੇ ਸਮਾਜ ਅੰਦਰ ਸੱਚ ਤੇ ਧਰਮ ਪ੍ਰਤੀ ਵਿਸ਼ਵਾਸ ਨੂੰ ਸ਼ਿਖਰ ਤੱਕ ਪੁਜਾਉਣ ਦਾ ਉਪਕਾਰ ਕੀਤਾ I ਗੁਰੂ ਤੇਗ ਬਹਾਦਰ ਸਾਹਿਬ ਨੇ ਨਿਰਣਾਇਕ ਵਚਨ ਕੀਤੇ ਕਿ “ ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ “ I ਮਨ ਅੰਦਰ ਜਦੋਂ ਇਹ ਭਰੋਸਾ ਦ੍ਰਿੜ੍ਹ ਹੋ ਜਾਏ ਕਿ ਕੋਈ ਵਿਘਨ ਸੱਚ ਦੀ ਰਾਹ ਨਹੀਂ ਰੋਕ ਸੱਕਦਾ ਤਾਂ ਜੀਵਨ ਮਨੋਰਥ ਪ੍ਰਾਪਤ ਕਰਣਾ ਸਹਿਲਾ ਹੋ ਜਾਂਦਾ ਹੈ I ਧਰਮ ਧਾਰਨ ਕਰਨ ਦੀ ਸਮਰੱਥਾ ਆਪ ਹੀ ਪਰਿਪੱਕ ਹੋਣ ਲੱਗ ਪੈਂਦੀ ਹੈ I ਰਾਹ ਆਪ ਹੀ ਖੁੱਲਨੀ ਸ਼ੁਰੂ ਹੋ ਜਾਂਦੀ ਹੈ I ਇਹ ਅਚਰਜ ਤਾਂ ਵਰਤਦਾ ਹੈ ਜਦੋਂ ਮਨ ਅੰਦਰ “ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ “ ਦਾ ਵਿਸ਼ਵਾਸ਼ ਦ੍ਰਿੜ੍ਹ ਹੋਵੇ I ਗੁਰੂ ਤੇਗ ਬਹਾਦਰ ਜੀ ਨੇ ਧਰਮ ਤੇ ਨਿਆਂ ਵਿੱਚ ਭਰੋਸਾ ਪੈਦਾ ਕਰਦਿਆਂ ਕਿਹਾ ਕਿ ਸਰਬ ਸਮਰੱਥ ਪਰਮਾਤਮਾ ਹੀ ਹਰ ਵਿਘਨ , ਹਰ ਆਪਦਾ ਤੋਂ ਉਬਾਰਨ ਵਾਲਾ ਹੈ ਤੇ ਸ਼ਰਣ ਆਏ ਦੀ ਵਿਨਤੀ ਪ੍ਰਵਾਨ ਕਰ ਮਿਹਰ ਕਰਨ ਵਾਲਾ ਹੈ I ਗੁਰੂ ਸਾਹਿਬ ਦੀ ਬਾਣੀ ਕਿਸੇ ਵੀ ਸ਼ੰਕਾ , ਦੁਵਿਧਾ ਦੀ ਗੁੰਜਾਇਸ਼ ਨਹੀਂ ਛੱਡਦੀ ਜੋ ਮਨ ਨੂੰ ਕਮਜੋਰ ਕਰਨ ਵਾਲੀ ਤੇ ਬਿਰਤੀ ਢਾਉਣ ਵਾਲੀ ਹੋਵੇ I ਗੁਰੂ ਸਾਹਿਬ ਦੇ ਵਚਨ “ ਸਭੁ ਕਿਛੁ ਹੋਤ ਉਪਾਇ “ ਦੀ ਕੋਈ ਹੱਦ ਨਹੀਂ ਬੰਨੀ ਜਾ ਸੱਕਦੀ I ਜੋ ਧਰਮ ਦੇ ਹਿਤ ‘ ਚ ਹੈ , ਮਨੁੱਖਤਾ ਦੇ ਹਿਤ ਲਈ ਹੈ , ਜੀਵਨ ਮਨੋਰਥ ਪ੍ਰਾਪਤ ਕਰਨ ਵਿੱਚ ਸਹਾਈ ਹੈ ਉਹ ਹਰ ਬਖਸ਼ਿਸ਼ ਪਰਮਾਤਮਾ ਕੋਲੋਂ ਮਿਲਦੀ ਹੈ I ਇਹ ਤਾਂ ਪ੍ਰਫੁੱਲਤਾ ਪੈਦਾ ਕਰਨ ਵਾਲੀ , ਉਮੰਗ ਨੂੰ ਜਨਮ ਦੇਣ ਵਾਲੀ , ਭਾਵਨਾ ਨਾਲ ਭਰਪੂਰ ਕਰ ਦੇਣ ਵਾਲੀ ਬਾਣੀ ਹੈ I ਕਈ ਵਾਰ ਭੁਲੇਖਾ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੈਰਾਗਮਈ ਹੈ I ਬਾਣੀ ਅੰਦਰ ਮਨ ਟਿਕਾਈਆਂ ਹੀ ਭੁਲੇਖਾ ਟੁੱਟਦਾ ਹੈ ਤੇ ਜੀਵਨ ਆਨੰਦ ਦੇ ਦਰਸ਼ਨ ਹੁੰਦੇ ਹਨ I ਗੁਰੂ ਤੇਗ ਬਹਾਦਰ ਸਾਹਿਬ ਨੇ ਵਚਨ ਕੀਤੇ ਕਿ ਸੰਸਾਰ ਅੰਦਰ ਸੱਚ ਤੇ ਧਰਮ ਹੀ ਕਾਇਮ ਰਹਿਣ ਵਾਲਾ ਹੈ I ਗੁਰੂ ਨਾਨਕ ਸਾਹਿਬ ਨੇ ਸੰਸਾਰ ਅੰਦਰ ਨਾਮ ਦਾ ਕੌਤਕ ਪ੍ਰਗਟ ਕੀਤਾ ਸੀ I ਗੁਰੂ ਤੇਗ ਬਹਾਦਰ ਸਾਹਿਬ ਨੇ ਵਚਨ ਕੀਤੇ ਕਿ ਸੰਸਾਰ ਅੰਦਰ ਨਾਮ ਤੁਲ ਕੁਝ ਨਹੀਂ “ ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ “ I ਗੁਰੂ ਸਾਹਿਬ ਦੀ ਪੂਰੀ ਬਾਣੀ ਅੰਦਰ ਇਹੋ ਤੱਤ ਉਭਰ ਕੇ ਸਾਹਮਣੇ ਆਉਂਦਾ ਹੈ I ਨਾਮ ਨਾਲ ਜੋੜਨ ਲਈ ਗੁਰੂ ਸਾਹਿਬ ਨੇ ਨਿਰਾਲੀ ਸ਼ੈਲੀ ਅਪਣਾਈ I ਆਪ ਨੇ ਮਨੁੱਖੀ ਮਨ ਦੇ ਕੂੜ੍ਹ ਨੂੰ ਬਾਹਰ ਕੱਢਣ ਲਈ ਸੰਸਾਰ ਦੀ ਹਕੀਕਤ ਦਾ ਆਈਨਾ ਵਿਖਾਇਆ I ਮਨ ਅੰਦਰ ਕੂੜ੍ਹ ਸਾਫ਼ ਕਰ ਨਿਰਮਲ ਕਰਨ ਦਾ ਜਤਨ ਤੇ ਨਿਰਮਲ ਹੋਵੇ ਮਨ ਨੂੰ ਨਾਮ ਨਾਲ ਜੋੜਨ ਦਾ ਉੱਦਮ ਨਾਲੋ ਨਾਲ ਚੱਲਿਆ I ਸੰਸਾਰ ਦੀ ਹਕੀਕਤ ਮਨ ਨੂੰ ਡਰਾਉਣ ਲਈ ਨਹੀਂ ਪ੍ਰੇਰਨ ਲਈ ਪ੍ਰਕਟ ਹੋਈ I ਗੁਰੂ ਨਾਨਕ ਸਾਹਿਬ ਦਾ ਮਨੋਰਥ ਮਨੁੱਖ ਨੂੰ ਸਦਾ ਅੰਗ ਸੰਗ , ਸਹਾਈ ਪਰਮਾਤਮਾ ਨਾਲ ਜੋੜਨਾ ਸੀ I ਇਸ ਲਈ ਉਸ ਝੂਠੇ ਭਰੋਸੇ ਤੋਂ ਉਬਰਨਾ ਜਰੂਰੀ ਸੀ ਜੋ ਉਸ ਨੇ ਆਪਨੇ ਪਰਿਵਾਰ , ਧਨ ਦੌਲਤ ਤੇ ਬਣਾਇਆ ਹੋਇਆ ਸੀ I ਗੁਰੂ ਸਾਹਿਬ ਨੇ ਪਹਿਲਾਂ ਇਸ ਭਰਮ ਤੇ ਚੋਟ ਕੀਤੀ “ ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨ “ I ਇਸ ਭਰਮ ਨੂੰ ਤੋੜਨ ਤੋਂ ਬਾਅਦ ਹੀ ਗੁਰੂ ਤੇਗ ਬਹਾਦਰ ਜੀ ਨੇ ਆਸ ਬੰਨੀ “ ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੋ ਨਾਥ , ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ “ I ਸੰਪੂਰਣ ਗੁਰਬਾਣੀ ਦਾ ਸੁਨੇਹਾ ਹੀ ਏਕਸ ਦਾ ਹੈ I ਦੋ ਭਰੋਸੇ ਨਾਲੋ ਨਾਲ ਮਨ ਅੰਦਰ ਨਹੀਂ ਟਿੱਕ ਸੱਕਦੇ । ਗੁਰੂ ਸਾਹਿਬ ਨੇ ਆਪਣੀ ਬਾਣੀ ਅੰਦਰ ਪੂਰਾ ਜੀਵਨ ਵਿਕਾਰਾਂ , ਮਾਇਆ ਮੋਹ ਅੰਦਰ ਬਤੀਤ ਕਰਨ ਵਾਲੀਆਂ ਲਈ ਵੀ ਆਸ ਕਾਇਮ ਰੱਖੀ ਹੈ ਤੇ ਮੁਕਤੀ ਦੀ ਆਸ ਟੁੱਟਣ ਨਹੀਂ ਦਿੱਤੀ । ਗੁਰੂ ਸਾਹਿਬ ਨੇ ਬਚੇ ਹੋਏ ਸਮੇਂ ਨੂੰ ਹੀ ਸੰਭਾਲ ਲੈਣ ਦੀ ਪ੍ਰੇਰਨਾ ਕੀਤੀ “ ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ “ I ਪੂਰਾ ਜੀਵਨ ਜਿਸ ਢੰਗ ਨਾਲ ਬਤੀਤ ਹੋਇਆ ਹੋਵੇ ਉਸ ਨੂੰ ਬਦਲਣਾ ਔਖਾ ਹੁੰਦਾ ਹੈ I ਭੁੱਲ ਦਾ ਅਹਿਸਾਸ ਕਰਾਉਣ ਦੀ ਲੋੜ ਹੁੰਦੀ ਹੈ “ ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ “ I ਭਰਮੇ ਹੋਏ , ਬੁਧਿ ਵਿਵੇਕ ਤੋਂ ਹੀਨ ਨੂੰ ਉੱਸ ਦੀ ਅਵਸਥਾ ਦਾ ਸਚ ਗਿਆਤ ਹੋਣ ਤੋਂ ਬਾਅਦ ਹੀ ਇਸ ਤੋਂ ਬਾਹਰ ਕੱਢਿਆ ਜਾ ਸੱਕਦਾ ਹੈ I ਗੁਰੂ ਤੇਗ ਬਹਾਦਰ ਸਾਹਿਬ ਨੇ ਵਚਨ ਕੀਤੇ ਕਿ ਜਿਸ ਪਰਮਾਤਮਾ ਨੇ ਜੀਵ ਨੂੰ ਮਨੁੱਖ ਜੋਨੀ ਪ੍ਰਦਾਨ ਕੀਤੀ ਹੈ , ਸੰਸਾਰ ਦੇ ਸੁੱਖਾਂ ਨਾਲ ਨਿਵਾਜਿਆ ਹੈ , ਉਸ ਪਰਮਾਤਮਾ ਨੂੰ ਵਿਸਾਰ ਦੇਣਾ ਤੇ ਵਿਪਦਾ ਆਉਣ ਤੇ ਭੈ ਵਿੱਚ ਵਿਚਲਿਤ ਹੋ ਜਾਣਾ ਮਨੁੱਖ ਦੀ ਇਆਨਪ ਹੀ ਹੈ I ਮਨੁੱਖ ਤੋਂ ਸਿੱਧਾ ਸਵਾਲ ਹੈ ਕਿ ਉਹ ਸਰਬ ਸੁਖਾਂ ਦੇ ਦਾਤੇ ਦਾ ਸਿਮਰਨ ਕਿਉਂ ਨਹੀਂ ਕਰ ਰਿਹਾ “ ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ “ I ਸੱਚ ਸਾਹਮਣੇ ਰੱਖਨ ਤੋਂ ਅਲਾਵਾ ਪ੍ਰਸ਼ਨ ਕਰਣਾ ਵੀ ਅੰਤਰ ਚੇਤਨਾ ਨੂੰ ਜਾਗ੍ਰਤ ਕਰਨ ਦੀ ਅਸਰਦਾਰ ਜੁਗਤ ਸੀ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਸਲੋਕ ਮਹਲਾ ੯ ਸਿਰਲੇਖ ਅਧੀਨ ਆਪਣੀ ਬਾਣੀ ਵਿੱਚ ਵਰਤੀ I ਆਪਣੀ ਬਾਣੀ ਅੰਦਰ ਗੁਰੂ ਸਾਹਿਬ ਨੇ ਧਰਮੀ ਮਨੁੱਖ ਦੇ ਲੱਖਨ ਗਿਨਾਏ I ਆਪ ਨੇ ਵਚਨ ਕੀਤੇ ਕਿ ਹਰ ਜੀਵ ਅੰਦਰ ਪਰਮਾਤਮਾ ਦਾ ਵਾਸ ਹੈ I ਧਰਮੀ ਮਨੁੱਖ ਹਰ ਪ੍ਰਾਨੀ ਅੰਦਰ ਪਰਮਾਤਮਾ ਦਾ ਜੋਤ ਵੇਖਦਾ ਹੈ ਤੇ ਨਿੰਦਾ – ਖੁਸ਼ਾਮਦ , ਵੈਰੀ – ਮਿਤਰ ਆਦਿਕ ਦੀ ਭਾਵਨਾ ਤੋਂ ਉਬਰ ਜਾਂਦਾ ਹੈ I ਉਹ ਸੁਖ – ਦੁਖ , ਮਾਨ – ਅਪਮਾਨ ਦਾ ਕੋਈ ਵੀਚਾਰ ਨਾ ਕਰਦਿਆਂ ਸਮ ਦ੍ਰਿਸ਼ਟੀ ਤੇ ਸਹਿਜ ਧਾਰਨ ਕਰ ਲੈਂਦਾ ਹੈ . ਮਨ ਸਾਰੇ ਵਿਕਾਰਾਂ , ਮਾਇਆ ਮੋਹ ਤੋਂ ਮੁਕਤ ਹੋ ਜਾਂਦਾ ਹੈ I ਗੁਰੂ ਸਾਹਿਬ ਨੇ ਮਾਇਆ ਤੋਂ ਮੁਕਤ ਅੰਦਰ ਪਰਮਾਤਮਾ ਦਾ ਪਰਗਟ ਹੋਣਾ ਵੇਖਿਆ ਤੇ ਵਿਕਾਰਨਾ ਤੋਂ ਮੁਕਤ ਮਨ ਨੂੰ ਪਰਮਾਤਮਾ ਦੇ ਦਰਸ਼ਨ ਪਾਉਣ ਦੀ ਗਵਾਹੀ ਦਿੱਤੀ I ਮਾਇਆ ਤੇ ਵਿਕਾਰਾਂ ਤੋਂ ਮੁਕਤ ਹੋਣ ਵਾਲੇ ਧਰਮੀ ਪੁਰਖ ਆਪ ਵੀ ਭਵਜਲ ਤੋਂ ਪਾਰ ਹੁੰਦੇ ਹਨ ਤੇ ਸਮਾਜ ਦਾ ਵੀ ਕਲਿਆਨ ਕਰਦੇ ਹਨ “ ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ “ I ਇਕ ਧਰਮੀ ਦਾ ਇਸ ਤੋਂ ਵੱਡਾ ਮਾਣ ਹੋਰ ਕੀ ਹੋ ਸੱਕਦਾ ਹੈ I ਜੋ ਬਾਣੀ ਧਰਮੀ ਮਨੁੱਖ , ਗੁਰਸਿੱਖ ਲਈ ਇੰਨੀ ਸ੍ਰੇਸ਼ਟ ਤੇ ਸਨਮਾਨ ਜੋਗ ਭਾਵਨਾ ਪ੍ਰਗਟ ਕਰ ਰਹੀ ਹੈ ਉਹ ਤਾਂ ਸਵੈ ਮਾਨ ਨਾਲ ਭਰਪੂਰ ਕਰਨ ਵਾਲੀ ਹੈ, ਨਹੀਂ I ਸੰਸਾਰ ਦਾ ਹਾਲ ਬਿਆਨ ਕਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਇਹ ਰਾਤ ਦ ਇੱਕ ਸੁਪਨਾ ਜਿਹਾ ਹੈ I ਅੱਖਾਂ ਖੁੱਲਦੀਆਂ ਹੀ ਸੁਪਨੇ ਦਾ ਝੂਠ ਸਾਹਮਣੇ ਆ ਜਾਂਦਾ ਹੈ I ਸੰਸਾਰ ਦਾ ਝੂਠ ਵੇਖਣ ਲਈ ਪਰਮਾਤਮਾ ਦੇ ਬਖਸ਼ੇ ਗਿਆਨ ਦੇ ਨੇਤਰ ਧਾਰਨ ਕਰਨ ਦੀ ਲੋੜ ਹੈ । ਗੁਰੂ ਸਾਹਿਬ ਨੇ ਸੰਸਾਰ ਨੂੰ ਪਾਨੀ ਦਾ ਬੁਲਬੁਲਾ ਵੀ ਕਿਹਾ ਜੋ ਬਣਦਾ , ਅਲੋਪ ਹੁੰਦਾ ਰਹਿੰਦਾ ਹੈ I ਗੁਰੂ ਸਾਹਿਬ ਦੀ ਪ੍ਰੇਰਨਾ ਨਾਸ਼ਵਾਨ ਸੰਸਾਰ ਦਾ ਮੋਹ ਤਿਆਗ ਕੇ ਅਵਿਨਾਸ਼ੀ ਪਰਮਾਤਮਾ ਵਿੱਚ ਲਿਵ ਲਾਉਣ ਦੀ ਹੈ “ ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ “ I ਜੀਵਨ ਸੁਖ ਅੰਦਰ ਜਿਉਣ ਲਈ ਹੈ I ਸੁਖ ਪਰਮਾਤਮਾ ਦੀ ਸ਼ਰਨ ‘ਚ ਹੈ I ਜੋ ਪਰਮਾਤਮਾ ਤੋਂ ਦੂਰ ਤੇ ਮਾਇਆ ਦੇ ਪਸਾਰੇ ‘ਚ ਫਸਿਆ ਹੋਇਆ ਹੈ ਉਹ ਤਾਂ ਦੁੱਖ ਹੀ ਦੁੱਖ ਸਹਿ ਰਿਹਾ ਹੈ “ ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ “ I ਮਾਇਆ , ਵਿਕਾਰਾਂ ਦੇ ਕੈਦੀ ਲੋਕਾਂ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਮੂਰਖ ਤੇ ਅਗਿਆਨੀ ਜਿਹੇ ਸ਼ਬਦ ਵਰਤੇ I ਪਰਮਾਤਮਾ ਦੀ ਭਗਤੀ ‘ਚ ਰਮੇ ਹੋਏ ਮਨੁੱਖ ਨੂੰ ਬਿਨਾ ਕਿਸੇ ਦੁਵਿਧਾ ਪਰਮਾਤਮਾ ਦਾ ਰੂਪ ਕਿਹਾ “ ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ “ I ਪਰਮਾਤਮਾ ਦੇ ਸਿਮਰਨ ‘ਚ ਲਾਇਆ ਸਮਾਂ ਹੀ ਸਫਲ ਹੁੰਦਾ ਹੈ I ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਦੋ ਦਹਾਕਿਆਂ ਤੋਂ ਜਿਆਦਾ ਦਾ ਸਮਾਂ ਬਕਾਲੇ ਅੰਦਰ ਨਿਰੋਲ ਸਿਮਰਨ ਤੇ ਭਗਤੀ ‘ਚ ਲਾਇਆ I ਆਪ ਨੇ ਵਚਨ ਕੀਤੇ ਕਿ ਪਰਮਾਤਮਾ ਹੀ ਸੱਚਾ ਦਾਤਾ ਹੈ ਤੇ ਸਾਰਾ ਜਗਤ ਹੀ ਉੱਸ ਤੋਂ ਮੰਗ ਰਿਹਾ ਹੈ I ਪਰਮਾਤਮਾ ਭਗਤੀ ਲਈ ਮਨੁੱਖ ਸੁਆਨ ਦੀ ਬਿਰਤੀ ਧਾਰਨ ਕਰੇ I ਸੁਆਨ ਜਿਵੇਂ ਆਪਨੇ ਮਾਲਿਕ ਦੇ ਦਰ ਤੇ ਸਦਾ ਹੀ ਪਿਆ ਰਹਿੰਦਾ ਹੈ ਤੇ ਫਟਕਾਰਨ , ਦੁਤਕਾਰਨ ਤੇ ਵੀ ਨਹੀਂ ਟਲਦਾ I ਇਵੇਂ ਹੀ ਮਨੁੱਖ ਪਰਮਾਤਮਾ ਦੇ ਦਰ ਨਾਲ ਜੁੜ ਜਾਏ I ਗੁਰੂ ਸਾਹਿਬ ਨੇ ਸੁਚੇਤ ਵੀ ਕੀਤਾ ਕਿ ਮਨੁੱਖ ਕਦੇ ਵੀ ਆਪਣੀ ਭਗਤੀ ਤੇ ਮਾਨ ਨਾ ਕਰੇ I ਮਨ ਅੰਦਰ ਹੰਕਾਰ ਆਉਂਦੀਆਂ ਹੀ ਸਾਰੀ ਭਗਤੀ , ਸਿਮਰਨ ਵਿਅਰਥ ਚਲਾ ਜਾਂਦਾ ਹੈ “ ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ , ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ “ I ਹਾਥੀ ਦਾ ਸੁਭਾਅ ਹੈ ਕਿ ਉਹ ਨਦੀ ਅੰਦਰ ਇਸਨਾਨ ਕਰ ਕੇ ਬਾਹਰ ਨਿਕਲਦਾ ਹੈ ਤਾਂ ਚਿੱਕੜ ਵਿੱਚ ਜਾ ਬਹਿੰਦਾ ਹੈ I ਇਵੇਂ ਉਸ ਦਾ ਕੀਤਾ ਇਸਨਾਨ ਵਿਅਰਥ ਚਲਾ ਜਾਂਦਾ ਹੈ I ਪਰਮਾਤਮਾ ਦੀ ਭਗਤੀ ਕਰਦਿਆਂ ਮਨ ਅੰਦਰ ਪੈਦਾ ਹੋਇਆ ਹੰਕਾਰ , ਭਗਤੀ ਨਾਲ ਨਿਰਮਲ ਹੋਏ ਮਨ ਨੂੰ ਮੁੜ ਮੈਲਾ ਕਰ ਦਿੰਦਾ ਹੈ I ਭਗਤੀ ਦਾ ਕੋਈ ਫਲ ਨਹੀਂ ਮਿਲਦਾ I ਗੁਰੂ ਤੇਗ ਬਹਾਦਰ ਜੀ , ਗੁਰੂ ਹਰਿਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਸਾਹਿਬਜਾਦੇ ਸਨ . ਆਪ ਡੂੰਘੇ ਚਿੰਤਕ , ਸਹਿਜ ਸੁਭਾਅ ਦੇ ਸੁਆਮੀ ਸਨ ਤੇ ਉਤਨੇ ਹੀ ਅਡੋਲ , ਨਿਰਭੈ ਅਤੇ ਸੂਰਵੀਰ ਸਨ I ਧਰਮ ਲਈ ਆਪ ਦਾ ਸਮਰਪਣ ਇਤਨਾ ਗਹਿਰਾ ਸੀ ਕਿ ਪਟਨਾ ਸਾਹਿਬ ਅੰਦਰ ਪ੍ਰਕਾਸ਼ ਲੈਣ ਵਾਲੇ ਸੁਪੁੱਤਰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਮੁਖ ਵੇਖਣ ਦਾ ਅਉਸਰ ਬਣਨ ‘ਚ ਪੰਜ ਸਾਲ ਲੱਗ ਗਏ I ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਸਹਿਜ ਤੇ ਸੰਜਮ ਦੀ ਸਭ ਤੋਂ ਸੁੰਦਰ ਪਰਿਭਾਸ਼ਾ ਸੀ I ਆਪ ਨੇ ਵਚਨ ਕੀਤੇ ਕਿ ਸੰਸਾਰ ਅੰਦਰ ਕੁਝ ਵੀ ਥਿਰ ਨਹੀਂ ਹੈ I ਇਕ ਭਗਤੀ ਹੀ ਸਦਾ ਸਹਾਇਕ ਰਹਿਣ ਵਾਲੀ ਹੈ I ਮਨੁੱਖ ਲਈ ਜੋਗ ਹੈ ਕਿ ਉਹ ਸੰਸਾਰਕ ਮਾਇਆ ਜਾਲ ਤੋਂ ਮੁਕਤ ਹੋ ਪਰਮਾਤਮਾ ਦੀ ਸ਼ਰਨ ਲਵੇ I ਹਰ ਮਨੁੱਖ ਦੀ ਅਵਸਥਾ ਆਉਂਦੀ ਹੈ ਜਦੋਂ ਉਹ ਸ਼ਰੀਰ ਤੋਂ ਨਿਰਬਲ ਹੋ ਜਾਂਦਾ ਹੈ , ਸਿਰ ਕੰਬਦਾ ਹੈ , ਪੈਰ ਡਗਮਗ ਕਰਦੇ ਹਨ ਤੇ ਨਜਰ ਕਮਜੋਰ ਹੋ ਜਾਂਦੀ ਹੈ . ਅਜਿਹੀ ਅਵਸਥਾ ਆਉਂਦੀ ਵੇਖ ਵੀ ਪਰਮਾਤਮਾ ਦੀ ਭਗਤੀ ਨਾ ਕਰਨਾ ਕਿਵੇਂ ਸਿਆਣਪ ਹੈ I ਭਾਵ ਪਰਮਾਤਮਾ ਦਾ ਸਿਮਰਨ ਹੀ ਇੱਕੋ ਇੱਕ ਨਿਦਾਨ ਹੈ “ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ “ I ਗੁਰੂ ਤੇਗ ਬਹਾਦਰ ਜੀ ਦੀ ਇਹ ਪਾਵਨ ਬਾਣੀ ਮਨ ਅੰਦਰ ਭਰੋਸਾ ਪੈਦਾ ਕਰਨ ਵਾਲੀ , ਅਚਿੰਤ ਕਰਨ ਵਾਲੀ , ਪਰਮਾਤਮਾ ਨਾਲ ਅਟੁੱਟ ਸਬੰਧ ਕਾਇਮ ਕਰਨ ਵਾਲੀ ਤੇ ਰੱਬੀ ਮਿਹਰ ਦਾ ਪਾਤਰ ਬਣਾਉਣ ਵਾਲੀ ਹੈ I ਬਾਣੀ ਸਲੋਕ ਮਹਲਾ ੯ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦੀ ਬਾਣੀ ਹੈ ਤੇ ਅੰਤ ‘ਚ ਦਰਜ ਕੀਤੀ ਗਈ ਹੈ ਤਾਂ ਜੋ ਮਨ ਪ੍ਰੇਰਕ ਆਤਮਿਕ ਵਿਗਾਸ ਨਾਲ ਭਰ ਜਾਏ ਤੇ ਗੁਰਸਿੱਖ ਇਸ ਅਵਸਥਾ ਨੂੰ ਸਦੀਵੀ ਜੀਵਨ ਅਵਸਥਾ ਬਣਾ ਲਵੇ I |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ , ਆਸਟ੍ਰੇਲੀਆ
ਈ ਮੇਲ - akaalpurkh.7@gmail.com

by 