ਸਾਹਿਤ ਸਿਰਜਣਾ ਦੀਆਂ ਕਈ ਵਿਧਾਵਾਂ ਹਨ ਅਤੇ ਹਰੇਕ ਵਿਧਾ ਦਾ ਆਪਣਾ ਮਹੱਤਵ ਹੈ। ਭਾਵੇਂ ਪੰਜਾਬੀ ਸਾਹਿਤ ਵਿੱਚ ਬਹੁਤ ਕੁੱਝ ਚੰਗਾ ਅਤੇ ਤਾਰੀਫ਼ ਦੇ ਕਾਬਲ ਲਿਖਿਆ ਜਾ ਰਿਹਾ ਹੈ, ਪਰ ਫਿਰ ਵੀ ਸਾਹਿਤ ਦੇ ਸੁਹਿਰਦ ਪਾਠਕ ਇਸ ਗੱਲ ਨਾਲ਼ ਸਹਿਮਤ ਹੋਣਗੇ ਕਿ ਕਦੇ-ਕਦਾਈਂ ਲੰਮੀਆਂ-ਲੰਮੀਆਂ ਲਿਖਤਾਂ ਜਾਂ ਫਿਰ ਗ੍ਰੰਥਾਂ ਸਮਾਨ ਕਿਤਾਬਾਂ ਨੂੰ ਇਕਾਗਰ ਮਨ ਨਾਲ਼ ਪੜ੍ਹਨ ਅਤੇ ਸਮਝਣ ਦੀ ਪੁਰਜ਼ੋਰ ਕੋਸ਼ਿਸ਼ ਦੇ ਬਾਵਜੂਦ ਵੀ ਉਨ੍ਹਾਂ ਵਿੱਚੋਂ ਕੋਈ ‘ਸਾਰਥਕ ਸੁਨੇਹਾ’ ਪੱਲੇ ਨਹੀਂ ਪੈਂਦਾ। ਇਹੋ ਜਿਹਾ ਸੁਨੇਹਾ ਜੋ ਸਿਰਫ਼ ਜਾਣਕਾਰੀ ਹੀ ਨਾ ਦੇਵੇ, ਸਗੋਂ ਪੜ੍ਹਨ-ਸੁਣਨ ਵਾਲੇ ਦੇ ਜੀਵਨ ਅਤੇ ਸਮਾਜ ‘ਤੇ ਸਕਾਰਾਤਮਕ ਪ੍ਰਭਾਵ ਵੀ ਪਾਵੇ।ਕਈ ਵਾਰੀ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਲਿਖੀਆਂ ਲਿਖਤਾਂ ਦਾ ਕਥਾ ਰਸ ਅਤੇ ਸੁਨੇਹਾ ਪਾਠਕਾਂ ਦੀ ਰੂਹ ਨੂੰ ਧੂਹ ਪਾ ਦਿੰਦਾ ਹੈ। ਪਾਠਕ ਪੜ੍ਹਦਾ ਹੈ, ਜਾਣਦਾ ਹੈ, ਮਾਣਦਾ ਹੈ, ਅਤੇ ਬਹੁਤ ਕੁਝ ਸਿੱਖਦਾ ਹੈ ਜਿਸ ਦਾ ਪ੍ਰਭਾਵ ਪਾਠਕ ਦੇ ਮਨ ‘ਤੇ ਚਿਰ ਤੀਕਰ ਜੀਵਤ ਵੀ ਰਹਿੰਦਾ ਹੈ।
ਸੁਰਿੰਦਰ ਕੈਲੇ ਦੀ ਨਵੀਂ ਨਕੋਰ ਪੁਸਤਕ “ਚੁੱਪ ਦਾ ਸੱਨਾਟਾ” ਦੀਆਂ ਮਿੰਨੀ ਕਹਾਣੀਆਂ ਨੂੰ ਪੜ੍ਹਦਿਆਂ ਅਤੇ ਮਾਣਦਿਆਂ ਪਾਠਕ ਕਹਾਣੀਆਂ ਦੇ ਪਾਤਰਾਂ ਸੰਗ ਸੰਵਾਦ ਰਚਾਉਂਦਾ ਹੋਇਆ ਖ਼ੁਦ-ਬ-ਖ਼ੁਦ ਕਹਾਣੀਆਂ ਦਾ ਹਿੱਸਾ ਬਣ ਬਹਿੰਦਾ ਹੈ। ‘ਚੁੱਪ ਦੇ ਏਸ ਸੱਨਾਟੇ’ ਵਿੱਚ ਉਸ ਨੂੰ ਬਹੁਤ ਕੁਝ ਸੁਣਾਈ ਦਿੰਦਾ ਹੈ, ਦਿਖਦਾ ਅਤੇ ਮਹਿਸੂਸ ਵੀ ਹੁੰਦਾ ਹੈ। ਮਨੁੱਖ ਦੇ ਜੀਵਨ ਅਤੇ ਸੋਚ ਨੂੰ ਪ੍ਰਭਾਵਿਤ ਕਰਦੀਆਂ ਇਹ ਕਹਾਣੀਆਂ ਪਾਠਕ ਦੇ ਮਨ ‘ਤੇ ਗਹਿਰਾ ਅਤੇ ਚਿਰਜੀਵੀ ਪ੍ਰਭਾਵ ਪਾਉਂਦੀਆਂ ਜਾਪਦੀਆਂ ਹਨ। ਇੱਕ ਚੰਗੇ ਲੇਖਕ ਦੀ ਚੰਗੀ ਲਿਖਤ ਦੀ ਨਿਸ਼ਾਨਦੇਹੀ ਵੀ ਕਰਦੀਆਂ ਹਨ।
ਅੱਧੀ ਸਦੀ ਤੋਂ ਸਾਹਿਤਕ ਪੈੜਾਂ ਪਾਉਂਦਾ ‘ਸੁਰਿੰਦਰ ਕੈਲੇ’…
ਦੋਸਤੋ, ਸਧਾਰਨ ਜਿਹੇ ਹੀ ਗੱਲ ਕਰੀਏ ਤਾਂ ਮੇਰੇ ਵਾਂਗ ਤੁਸੀਂ ਵੀ ਕਦੇ-ਕਦੇ ਜ਼ਰੂਰ ਸੋਚਦੇ ਹੋਵੋਗੇ ਕਿ ਦਿਨ-ਰਾਤ, ਧੁੱਪ-ਛਾਂ, ਦੁੱਖ-ਸੁੱਖ, ਫੇਲ੍ਹ-ਪਾਸ ਵਗੈਰਾ ਹਮੇਸ਼ਾ ਸਾਥ-ਸਾਥ ਤੁਰਦੇ ਨੇ। ਇੱਕ ਤੋਂ ਬਗੈਰ ਦੂਸਰੇ ਦਾ ਵਜੂਦ ਹੀ ਨਹੀਂ! ਪੰਜਾਬੀ ਸਾਹਿਤ ਵਿੱਚ ਛੋਟੀਆਂ ਜਾਂ ਮਿੰਨੀ ਕਹਾਣੀਆਂ ਜਾਂ ਫਿਰ ਇਸ ਤੋਂ ਵੀ ਅਗਾਂਹ ਛੋਟੀਆਂ ਕਹਾਣੀਆਂ ਦੇ ਸਥਾਪਤ ਅਤੇ ਮਿਆਰੀ ਮੈਗਜ਼ੀਨ ‘ਅਣੂ’ ਦਾ ਜ਼ਿਕਰ ਆਉਂਦਿਆਂ ਹੀ ‘ਸੁਰਿੰਦਰ ਕੈਲੇ’ ਦਾ ਨਾਮ ਆਪ-ਮੁਹਾਰੇ ਸਾਹਿਤ ਪ੍ਰੇਮੀਆਂ ਦੇ ਦਿਲ-ਦਿਮਾਗ਼ ਵਿੱਚ ਆ ਦਸਤਕ ਦਿੰਦਾ ਹੈ।
ਮਿੰਨੀ ਕਹਾਣੀ ਦੇ ਸਿਰਨਾਵੇਂ ਸੁਰਿੰਦਰ ਕੈਲੇ ਅਤੇ ਪੰਜਾਬੀ ਸਾਹਿਤ ਜਗਤ ਵਿਚ ਪ੍ਰਮਾਣਿਤ ਰਸਾਲੇ ‘ਅਣੂ’ ਦਾ ਅੱਧੀ ਸਦੀ ਤੋਂ ਵੀ ਲੰਮਾ ਸਾਹਿਤਕ ਕਾਫ਼ਲਾ ਇੱਕ ਵਿਲੱਖਣ ਪੈੜਾਂ ਪਾਉਂਦਿਆਂ ਹੋਇਆਂ ਨਿਰੰਤਰਤਾ ਨਾਲ ਅੱਗੇ ਵਧ ਰਿਹਾ ਹੈ। ਅਣੂ ਮੈਗਜ਼ੀਨ ਨੂੰ ਪੜ੍ਹਦਿਆਂ ਪਾਠਕ ਸੁਰਿੰਦਰ ਕੈਲੇ ਦੀ ਅੱਧੀ ਸਦੀ ਤੋਂ ਵੀ ਲੰਮੀ ਸਾਹਿਤਕ ਘਾਲਣਾ ਨੂੰ ਸਲਾਮ ਕਰਦੇ ਹਨ। ਮੈਂ ਇਹ ਗੱਲ ਕਿਸੇ ਸ਼ਰਧਾ ਵੱਸ ਨਹੀਂ ਕਹਿ ਰਿਹਾ। ‘ਅੱਧ ਤੋਂ ਵੱਧ’ ਸਦੀ ਦੀ ਉੱਚੀ-ਲੰਮੀ ਸਾਹਿਤਕ ਪਰਵਾਜ਼, ਅਣੂ ਮੈਗਜ਼ੀਨ ਦੀ ਨਿਰੰਤਰ ਪ੍ਰਕਾਸ਼ਨਾ ਅਤੇ ਕੈਲੇ ਦੇ ਲੰਮੇ ਸਾਹਿਤਕ ਪੈਂਡਿਆਂ ਦੇ ਜਾਣੂ ਇਸ ਦੇ ਜਿਉਂਦੇ ਜਾਗਦੇ ਗਵਾਹ ਹਨ!
ਮੈਂ ਸੁਰਿੰਦਰ ਕੈਲੇ ਨੂੰ ਜਾਤੀ ਤੌਰ ‘ਤੇ ਨਹੀਂ ਜਾਣਦਾ ਅਤੇ ਨਾ ਹੀ ਉਨ੍ਹਾਂ ਨੂੰ ਕਦੇ ਮਿਲਣ ਦਾ ਮੌਕਾ ਮਿਲਿਆ। ਫਿਰ ਵੀ ਪੰਜਾਬੀ ਸਾਹਿਤ ਦੇ ਪਾਠਕ ਹੋਣ ਦੇ ਨਾਤੇ ਮੈਂ ਉਨ੍ਹਾਂ ਦੀਆਂ ਸਾਹਿਤਕ ਪੈੜਾਂ ਤੋਂ ਚੰਗੀ ਤਰਾਂ ਵਾਕਿਫ਼ ਹਾਂ। ਉਹ ਵਿਭਿੰਨ ਅਤੇ ਅਣਛੋਹੇ ਵਿਸ਼ਿਆਂ ਤੇ ਕਲਮ ਚਲਾਉਂਦੇ ਨੇ। ਕੁਝ ਕੁ ਸਮਾਂ ਪਹਿਲਾਂ ਅਣੂ ਮੈਗਜ਼ੀਨ ਵਿੱਚ ਮੇਰਾ ਇੱਕ ਮਿੰਨੀ ਆਰਟੀਕਲ ਛਪਿਆ ਤਾਂ ਮੇਰੇ ਕੁਝ ਨਜ਼ਦੀਕੀ ਅਤੇ ਮੰਨੇ-ਪ੍ਰਮੰਨੇ ਲੇਖਕਾਂ ਨੇ ਅਣੂ ਮੈਗਜ਼ੀਨ ਦੇ ਮਿਆਰ ਅਤੇ ਇਸ ਦੇ ਕਰਤਾ ਧਰਤਾ ਸੁਰਿੰਦਰ ਕੈਲੇ ਦੀ ਪੰਜਾਬੀ ਸਾਹਿਤ ਨੂੰ ਦਿੱਤੀ ਵਡਮੁੱਲੀ ਦੇਣ ਦੀ ਤਸਦੀਕ ਕੀਤੀ।
ਸੰਨ 1972 ਤੋਂ ਅਣੂ ਮੈਗਜ਼ੀਨ ਦੇ ਪ੍ਰਕਾਸ਼ਨ ਤੋਂ ਇਲਾਵਾ 9 ਸੰਪਾਦਿਤ ਤੇ ਪ੍ਰਕਾਸ਼ਿਤ ਪੁਸਤਕਾਂ ਅਤੇ 11 ਵਿਭਿੰਨ ਮਿੰਨੀ ਕਹਾਣੀ, ਕਹਾਣੀ ਤੇ ਕਥਾ ਸੰਗ੍ਰਹਿਆਂ ਨਾਲ ਪੰਜਾਬੀ ਸਾਹਿਤ ਸੰਸਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਿਆਂ ਸੁਰਿੰਦਰ ਕੈਲੇ ‘ਚੁੱਪ ਦਾ ਸੱਨਾਟਾ’ ਸੰਗ੍ਰਹਿ ਨਾਲ਼ ਫੇਰ ਹਾਜ਼ਰ ਹੋਏ ਹਨ।
“ਚੁੱਪ ਦਾ ਸੱਨਾਟਾ”… ਇੱਕ ਪ੍ਰਭਾਵਸ਼ਾਲੀ ਸਿਰਜਣਾ
ਅਕਸਰ ਕਿਹਾ ਜਾਂਦਾ ਹੈ ਕਿ ਚਿੱਤਰਕਾਰੀ, ਸਾਹਿਤ ਅਤੇ ਸੰਗੀਤ ਦੀ ਸਿਰਜਣ ਪ੍ਰਕਿਰਿਆ ਵਿੱਚ ਮਨ ਦੇ ਅਹਿਸਾਸਾਂ, ਅਨੁਭਵਾਂ, ਵਲਵਲਿਆਂ ਅਤੇ ਖ਼ਿਆਲਾਂ ਦਾ ਬਹੁਤ ਮਹੱਤਵ ਹੁੰਦਾ ਹੈ। ਸੁਰਿੰਦਰ ਕੈਲੇ ਦੇ ਅਗਾਂਹਵਧੂ, ਸੰਵੇਦਨਸ਼ੀਲ ਅਤੇ ਅਨੁਭਵੀ ਮਨ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲੱਗ ਜਾਂਦਾ ਹੈ ਕਿ ਉਸ ਨੇ ਇਹ ਕਹਾਣੀ ਸੰਗ੍ਰਹਿ ਆਪਣੀਆਂ ਪੋਤੀਆਂ ਅਤੇ ਪੋਤੇ ਨੂੰ ਸਮਰਪਿਤ ਕੀਤਾ ਹੈ, ਜਿਨ੍ਹਾਂ ਦੇ ਸਾਹਿਤ, ਸੰਗੀਤ ਅਤੇ ਚਿੱਤਰਕਾਰੀ ਵਰਗੇ ਚਿਕਨੇ ਪਾਤ ਪੁੰਗਰ ਰਹੇ ਹਨ! ਉਸ ਨੇ ਆਪਣੀ ‘ਅਗਲੇਰੀ’ ਪੀੜ੍ਹੀ ਵਿੱਚ ਵੀ ਇਸ ਸਿਰਜਣ ਪ੍ਰਕਿਰਿਆ ਦੀ ਨਿਸ਼ਾਨਦੇਹੀ ਕਰ ਦਿੱਤੀ ਹੈ।
‘ਅਣੂ ਮੰਚ’ ਦੁਆਰਾ ਪ੍ਰਕਾਸ਼ਿਤ 128 ਪੰਨਿਆਂ ਦੇ ਇਸ ਕਹਾਣੀ ਸੰਗ੍ਰਹਿ ਵਿੱਚ ਵਿਭਿੰਨ ਵਿਸ਼ਿਆਂ ਅਤੇ ਰੰਗਾਂ-ਰਸਾਂ ਨਾਲ ਸਬੰਧਤ 55 ਮਿੰਨੀ ਕਹਾਣੀਆਂ ਅਤੇ ਇੱਕ ਲਘੂ ਨਾਟਕ ਨੂੰ ਸ਼ਾਮਲ ਕੀਤਾ ਹੈ। ਸਮਾਜ ਨੂੰ ਬੇਹਤਰ ਬਣਾਉਣ ਨੂੰ ਆਪਣਾ ਫ਼ਰਜ਼ ਸਮਝਦਿਆਂ ਸੁਰਿੰਦਰ ਕੈਲੇ ਸਮੇਂ ਦੀਆਂ ਸਮਾਜਿਕ, ਆਰਥਿਕ, ਸਿਆਸੀ ਜਾਂ ਧਾਰਮਿਕ ਘਟਨਾਵਾਂ, ਗਤੀਵਿਧੀਆਂ ਅਤੇ ਤ੍ਰਾਸਦੀਆਂ ਨੂੰ ਪਾਠਕਾਂ ਦੇ ਸਨਮੁੱਖ ਕਰਨ ਤੋਂ ਨਹੀਂ ਖੁੰਝਦੇ, ਜੋ ਉਨ੍ਹਾਂ ਦੇ ਲੋਕ-ਪੱਖੀ ਹੋਣ ਅਤੇ ਲੋਕਾਈ ਪ੍ਰਤੀ ਮੁਹੱਬਤ ਦਾ ਪ੍ਰਗਟਾਵਾ ਵੀ ਹੈ।
ਮਨੁੱਖੀ ਜੀਵਨ ਦੇ ਤਾਣੇ-ਬਾਣੇ ਵਿੱਚੋਂ ਉਪਜੀਆਂ ਕਥਾ-ਰਸ ਅਤੇ ਜਾਗਰੂਕਤਾ ਨਾਲ਼ ਭਰਪੂਰ ਮਿੰਨੀ ਕਹਾਣੀਆਂ ਸਾਰਥਕ ਅਤੇ ਸਕਾਰਾਤਮਕ ਸੁਨੇਹੇ ਵੰਡਦੀਆਂ ਹਨ। ਪਾਠਕ ਨੂੰ ਪ੍ਰੇਰਿਤ ਕਰਦੀਆਂ ਹਨ, ਉਸ ਦੇ ਮਨ ‘ਤੇ ਗਹਿਰਾ ਅਸਰ ਪਾਉਂਦੀਆਂ ਹਨ। ਕੁਝ ਸਵਾਲ-ਜਵਾਬ ਕਰਦੀਆਂ ਹੋਈਆਂ ਪਾਠਕ ਨੂੰ ਜ਼ਿੰਦਗੀ ਵਿੱਚ ਕੁਝ ਚੰਗਾ ਸੋਚਣ ਅਤੇ ਕਰਨ ਲਈ ਉਤਸ਼ਾਹਿਤ ਵੀ ਕਰਦੀਆਂ ਹਨ। ਇਨ੍ਹਾਂ ਬਾਕਮਾਲ ਲਿਖਤਾਂ ਤੋਂ ਲੇਖਕ ਦੀ ਸੰਵੇਦਨਸ਼ੀਲਤਾ, ਉਸਾਰੂ ਬਿਰਤੀ ਅਤੇ ਸਾਕਾਰਤਮਕ ਸੋਚ ਦੀ ਅਥਾਹ ਸ਼ਕਤੀ ਦਾ ਅੰਦਾਜ਼ਾ ਵੀ ਲੱਗ ਜਾਂਦਾ ਹੈ।ਸੁਰਿੰਦਰ ਕੈਲੇ ਨੇ ਇਸ ਸੰਗ੍ਰਹਿ ਦਾ ਆਗਾਜ਼ ਇੱਕ ਖ਼ੂਬਸੂਰਤ ਰਚਨਾ “ਪਿੱਤਰ ਭੂ” ਨਾਲ ਕੀਤਾ ਹੈ, ਜਿਸ ਵਿੱਚ ਪੁਰਖਿਆਂ ਦੀ ਭੂਮੀ ਅਤੇ ਰੋਟੀ ਰੋਜ਼ੀ ਨੂੰ ਤਾਕਤ ਦੇ ਜ਼ੋਰ ਨਾਲ ਖੋਹ ਲਏ ਜਾਣ ਦੀ ਪੀੜਾ ਨੂੰ ਅਤੇ ਇਸ ਬੇਇਨਸਾਫ਼ੀ ਲਈ ਬਦਲੇ ਦੇ ਅਹਿਸਾਸ ਦਾ ਬਾਖੂਬੀ ਨਾਲ਼ ਵਰਨਣ ਕੀਤਾ ਹੈ।
“ਜਿੰਦਗੀ” ਕਹਾਣੀ ਵਿੱਚ ਅਜੋਕੇ ਸਮਿਆਂ ਦੇ ਕਿਸਾਨ ਪਰਿਵਾਰਾਂ ਦੀ ਜ਼ਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ, ਪਲ ਪਲ ਡੋਲਦੇ ਮਨੋ-ਬਲ ਅਤੇ ਨਸ਼ਿਆਂ ਦੇ ਦੈਂਤ ਨਾਲ਼ ਜੂਝਦਿਆਂ ਜੀਵਨ ਹੰਢਣ-ਹੰਢਾਉਣ ਨੂੰ ਕਲਮਬੱਧ ਕੀਤਾ ਹੈ।
ਉਹ
ਪਿੰਡਾਂ ਵਿੱਚ ਗੁਆਂਢੀਆਂ ਦੇ ਖੇਤਾਂ ਦੀਆਂ ਸਾਂਝੀਆਂ ਵੱਟਾਂ ਦੇ ਪਾਏ ਹੋਏ ਰੇੜਕੇ ਅਤੇ ਰੰਜਿਸ਼ਾਂ ਕਿਸੇ ਚੰਗੇ ਭਲੇ ਇਨਸਾਨ ਨੂੰ ਬੇਇੱਜ਼ਤ ਕਰਨ ਲਈ ‘ਇਨਸਾਨੀਅਤ ਦੀ ਵੱਟ’ ਨੂੰ ਪਾਰ ਕਰ ਜਾਂਦੀਆਂ ਹਨ। ਇਸ ਸ਼ਰਮਸਾਰ ਵਰਤਾਰੇ ਨੂੰ ਜਾਦੂਗਰੀ ਸ਼ਬਦਾਵਲੀ ਵਿੱਚ ਬਿਆਨ ਕੀਤਾ ਹੈ ਸੁਰਿੰਦਰ ਕੈਲੇ ਨੇ “ਬਿਆਨ” ਨਾਂਅ ਦੀ ਕਹਾਣੀ ਅੰਦਰ।
ਦੋਸਤੋ, ਹਵਾ ਵਿੱਚ ਗੱਲਾਂ ਭਾਵੇਂ ਅਸੀਂ ਲੱਖਾਂ ਹੀ ਕਰੀ ਜਾਈਏ, ਪਰ ਸੱਚ ਇਹ ਹੈ ਕਿ ਸਾਡੇ ਸਮਾਜ ਵਿੱਚ ਅਤੇ ਖ਼ਾਸ ਕਰਕੇ ਪੰਜਾਬੀਆਂ ਦੇ ਘਰਾਂ ਵਿੱਚ ਲੜਕੀ ਦੇ ਜੰਮਣ ‘ਤੇ ਅੱਜ ਤੱਕ ਵੀ ਉਹ ਖੁਸ਼ੀਆਂ ਨਹੀਂ ਮਨਾਈਆਂ ਜਾਂਦੀਆਂ ਜੋ ਲੜਕੇ ਦੇ ਜਨਮ ਸਮੇਂ ਮਨਾਈਆਂ ਜਾਂਦੀਆਂ ਹਨ। ਭਰੂਣ ਹੱਤਿਆ ਸਾਡੇ ਸਮਾਜ ਦੇ ਮਸਤਕ ‘ਤੇ ਕਲੰਕ ਹੈ, ਜੋ ਲਹਿ ਹੀ ਨਹੀਂ ਰਿਹਾ। ਜਦੋਂ ਇਸ ਬਿਮਾਰ ਸੋਚ ਵਿੱਚ ਅੰਧ ਵਿਸ਼ਵਾਸ ਅਤੇ ਵਹਿਮ ਵੀ ਰਲ਼ ਮਿਲ ਜਾਵਣ ਤਾਂ ਮਸਲਾ ਹੋਰ ਵੀ ਗੰਭੀਰ ਅਤੇ ਪੇਚੀਦਾ ਹੋ ਨਿਬੜਦਾ ਹੈ। ਵਿਗਿਆਨਕ ਸੋਚ ਦੀਆਂ ਦਲੀਲਾਂ ਵੀ ਵਹਿਮੀ ਲੋਕਾਂ ਦੀ ਹਿੰਡ ਤੋੜਨ ਲਈ ਤਕੜਾ ਸੰਘਰਸ਼ ਕਰਦੀਆਂ ਨੇ। “ਇਸ ਘਰ ਤਾਂ ਕੁੜੀਆਂ ਹੀ ਜੰਮਦੀਆਂ ਨੇ” ਕਹਾਣੀ ਵਿੱਚ ਲੇਖਕ ਨੇ ਖ਼ੂਬਸੂਰਤ ਸ਼ਬਦਾਂ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਵਹਿਮ ਸਿਰਫ ਵਹਿਮ ਹੀ ਹੁੰਦੇ ਨੇ।
“ਪਰਵਾਸ ਦਾ ਫ਼ੈਸਲਾ” ਬਹੁਤ ਵਧੀਆ ਕਹਾਣੀ ਹੈ। ਇਹ ਬਿਲਕੁਲ ਸੱਚ ਹੈ ਕਿ ਦੁਨੀਆਂ ਦਾ ਕੋਈ ਵੀ ਵਿਅਕਤੀ ਆਪਣੀ ਜੰਮਣ ਭੋਇੰ ਛੱਡ ਕੇ ਕਿਸੇ ਦੂਰ ਅਣਜਾਣੇ ਦੇਸ਼ ਨਹੀਂ ਜਾਣਾ ਚਾਹੁੰਦਾ ਹੈ। ਪਰ ਦੂਸਰਾ ਸੱਚ ਇਹ ਵੀ ਹੈ ਕਿ ਪਰਵਾਸ ਕੋਈ ਨਵਾਂ ਵਰਤਾਰਾ ਨਹੀਂ ਹੈ। ਪੁਰਾਤਨ ਸਮੇਂ ਤੋਂ ਚੱਲਦਾ ਆਇਆ ਹੈ ਅਤੇ ਚੱਲਦਾ ਵੀ ਰਹੇਗਾ। ਪਰਵਾਸ ਦੇ ਅਨੇਕਾਂ ਕਾਰਨਾਂ ਵਿੱਚੋਂ ਮੁੱਖ ਤੌਰ ‘ਤੇ ਭਾਵੇਂ ਆਰਥਕ ਮੰਦਹਾਲੀ ਜਾਂ ਫਿਰ ਚੰਗੇ ਭਵਿੱਖ ਦੀ ਕਾਮਨਾ ਰਿਹਾ ਹੈ, ਪਰ ਅਜੋਕੇ ਸਮਿਆਂ ਵਿੱਚ ਨਸ਼ਿਆਂ ਦਾ ਕਹਿਰ, ਗੈਂਗ, ਜਾਂ ਹਜ਼ੂਮੀ ਗੁੰਡਾਗਰਦੀ ਦਾ ਡਰ ਵੀ ਸਰਦੇ-ਪੁਜਦੇ ਪਰਿਵਾਰਾਂ ਦੇ ਚਿਰਾਗਾਂ ਦੇ ਪਰਵਾਸ ਦੇ ਫੈਸਲੇ ਦਾ ਕਾਰਨ ਬਣ ਰਹੇ ਹਨ।
“ਬਸ ਐਵੇਂ ਨਹੀ” ਰਚਨਾ ਵਿੱਚ ਸੁਰਿੰਦਰ ਕੈਲੇ ਨੇ ਜ਼ਿੰਦਗੀ ਦੀਆਂ ਅਤਿ ਮੁਸ਼ਕਲ ਘੜੀਆਂ ਦੌਰਾਨ ਨਾ ਚਾਹੁੰਦਿਆਂ ਹੋਇਆਂ ਵੀ ਮਜਬੂਰੀ ਵੱਸ ਲਏ ਗਏ ਮਹੱਤਵਪੂਰਨ ਫੈਸਲਿਆਂ ਦੇ ਸੰਗ ਪ੍ਰਗਟ ਹੁੰਦੇ ਮਨ ਦੇ ਪਛਤਾਵੇ ਦਾ ਬਾਕਮਾਲ ਵਰਨਣ ਕੀਤਾ ਹੈ।
“ਤਲਾਕ ਦੇ ਕਾਗਜ਼ਾਤ” ਕਹਾਣੀ ਮਰਦ-ਪ੍ਰਧਾਨ ਸਮਾਜ ਵਿੱਚ ਮਰਦ ਦੀ ਹੈਂਕੜ ਨੂੰ ਦਰਸਾਉਂਦੀ ਹੈ। ਮਰਦ ਔਰਤ ਨੂੰ ਦਬਾ-ਡਰਾ ਕੇ ਰੱਖਣਾ ਚਾਹੁੰਦਾ ਹੈ। ਉਸ ‘ਤੇ ਰੋਹਬ ਪਾਉਂਦਿਆਂ ਹੋਇਆਂ ਆਪਹੁਦਰੀਆਂ ਵੀ ਕਰਦਾ ਹੈ। ਔਰਤ ਅਤੇ ਉਸ ਦੀ ਮਾਨਸਿਕਤਾ ਦਾ ਸ਼ੋਸ਼ਣ ਕਰਨ ਤੋਂ ਕਦੇ ਵਾਜ ਨਹੀਂ ਆਉਂਦਾ।
“ਮੋਰੀਆਂ ਬੰਦ ਕਰਨ ਵਾਲਾ ਸ਼ੀਸ਼ਾ” ਚੰਗੀ ਕਹਾਣੀ ਹੈ ਜਿਸ ਵਿੱਚ ਨੰਦ ਕਿਸ਼ੋਰ ਅਤੇ ਉਸ ਦੇ ਬਾਪ ਦੀ ਇੱਛਾ ਸੀ ਕਿ ਉਹ ਫੌਜ ਦੀ ਨੌਕਰੀ ਕਰੇ ਅਤੇ ਤਨਖਾ਼ਹ ਨਾਲ਼ ਘਰ ਪਰਿਵਾਰ ਦੀਆਂ ‘ਮੋਰੀਆਂ’ ਬੰਦ ਕਰੇ। ਇਨ੍ਹਾਂ ਮੋਰੀਆਂ ਵਿੱਚ ਘਰ ਦੀ ਮੁਰੰਮਤ, ਬੁੱਢੇ ਮਾਂ-ਬਾਪ ਦਾ ਇਲਾਜ, ਛੋਟੇ ਭਰਾ ਦੀ ਪੜ੍ਹਾਈ ਅਤੇ ਨਿੱਕੀ ਭੈਣ ਦਾ ਵਿਆਹ ਵਗੈਰਾ ਸ਼ਾਮਲ ਸੀ। ਪਰ ਸਰਹੱਦ ਦੀ ਲੜਾਈ ਵਿੱਚ ਨੰਦ ਕਿਸ਼ੋਰ ਦੇ ਸ਼ਹੀਦ ਹੋ ਜਾਣ ਕਰਕੇ ਉਹਦੇ ਬਾਪ ਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਉਸ ਦਾ ਮੋਰੀਆਂ ਬੰਦ ਕਰਨ ਵਾਲਾ ਸ਼ੀਸ਼ਾ ਉਸਦੀਆਂ ਅੱਖਾਂ ਦੇ ਸਾਹਮਣੇ ਚਕਨਾਚੂਰ ਹੋ ਗਿਆ ਹੋਵੇ।
ਡਾਹਢੇ ਅਤੇ ਤਾਕਤਵਰ ਮਨੁੱਖ ਦੁਆਰਾ ਕਮਜ਼ੋਰਾਂ ਦਾ ਸ਼ੋਸ਼ਣ ਯੁਗਾਂ-ਯੁਗਾਂਤਰਾਂ ਤੋਂ ਹੁੰਦਾ ਆਇਆ ਹੈ। ਅੱਜ ਵੀ ਹੋ ਰਿਹਾ ਅਤੇ ਸ਼ਾਇਦ ਭਲਕੇ ਵੀ ਕਾਇਮ ਰਹੇਗਾ। ਕਿਤਾਬ ਦੇ ਟਾਈਟਲ ਵਾਲੀ ਕਹਾਣੀ “ਚੁੱਪ ਦਾ ਸੱਨਾਟਾ” ਮਨੁੱਖ ਦੀ ਜਗੀਰਦਾਰੀ ਸੋਚ ਅਤੇ ਹੈਂਕੜ ਸੁਭਾਅ ਦੁਆਲੇ ਘੁੰਮਦੀ ਹੈ ਜੋ ਨਿਮਨ ਜਾਤੀ ਦੇ ਕਮਜ਼ੋਰ ਲੋਕਾਂ ਅਤੇ ਮਜ਼ਦੂਰਾਂ ਉੱਪਰ ਹੁੰਦੇ ਅਣਮਨੁੱਖੀ ਤਸ਼ੱਦਦ, ਕਹਿਰ ਅਤੇ ਅੱਤਿਆਚਾਰ ਨੂੰ ਉਭਾਰਦੀ ਹੈ।
“ਵਿਆਹ ਵਿੱਚ ਅੜ੍ਹਿੱਕਾ” ਕਹਾਣੀ ਵਿੱਚ ਸੁਰਿੰਦਰ ਕੈਲੇ ਨੇ ਖ਼ੂਬਸੂਰਤੀ ਨਾਲ਼ ਦਰਸਾਇਆ ਹੈ ਕਿ ਕਿਵੇਂ ਤੇਜ਼ੀ ਨਾਲ਼ ਬਦਲ ਰਹੇ ਜ਼ਮਾਨੇ ਵਿੱਚ ਵੀ ਕੱਟੜ ਸੋਚ, ਧਰਮ, ਜਾਤੀ, ਊਚ, ਨੀਚ ਅਤੇ ਕਈ ਹੋਰ ਸਮਾਜਿਕ ਕੁਰੀਤੀਆਂ ਦੇ ਹਥਿਆਰ ਮਨੁੱਖ ਦੀ ਜ਼ਿੰਦਗੀ ਦੇ ਮਹੱਤਵਪੂਰਨ ਫੈਸਲਿਆਂ ਵਿੱਚ ਅੜ੍ਹਿੱਕਾ ਡਾਹ ਦਿੰਦੇ ਨੇ। ਦੋ ਅਗਾਂਹਵਧੂ ਅਤੇ ਮੁਹੱਬਤੀ ਰੂਹਾਂ ਨੂੰ ਨਕੇਲ ਪਾਉਣ ਲਈ ਅੱਡੀਆਂ ਚੁੱਕ-ਚੁੱਕ ਕੇ ਕੋਸ਼ਿਸ਼ ਕਰਦੇ ਰਹਿੰਦੇ ਹਨ।
ਸੁਰਿੰਦਰ ਕੈਲੇ ਨੇ ਦੇਸ ਅਤੇ ਪਰਦੇਸ ਦੀ ਜ਼ਿੰਦਗੀ ਦਾ ਤੁਲਨਾਤਮਿਕ ਵਿਸ਼ਲੇਸ਼ਣ ਕੀਤਾ ਹੈ “ਜਿੱਥੋਂ ਰੱਬ ਦਿਸਦਾ ਹੈ” ਕਹਾਣੀ ਵਿੱਚ। ਦਿਲੋਂ ਨਾ ਚਾਹੁੰਦਿਆਂ ਹੋਇਆਂ ਵੀ ਮੱਘਰ ਸਿੰਘ ਨੂੰ ਪਰਵਾਸ ਦਾ ਸੰਤਾਪ ਭੋਗਣਾ ਪੈ ਜਾਂਦਾ ਹੈ। ਉਹ ਕੈਨੇਡਾ ਦੀ ‘ਜ਼ਮੀਨ ਅੰਦਰ ਧੁੱਸੀ ਹੋਈ ਬੇਸਮੈਂਟ’ ਵਿੱਚ ਰਹਿੰਦਿਆਂ ਖੁੱਲ੍ਹੇ ਅਸਮਾਨ ਵਾਲੇ ਚੰਨ, ਸੂਰਜ ਅਤੇ ‘ਰੱਬ’ ਦੀ ਝਲਕ ਨੂੰ ਤਰਸਦਾ ਹੈ। ਪਰਵਾਸੀ ਜੀਵਨ ਦੀਆਂ ਬੰਦਸ਼ਾਂ ਅਤੇ ਮਜਬੂਰੀਆਂ ਕਾਰਨ ਉਹ ਖ਼ੁਦ ਨੂੰ ਕੀਲੇ ਨਾਲ਼ ਬੰਨ੍ਹੇ ਹੋਏ ਪਸ਼ੂ ਵਾਂਗ ਮਹਿਸੂਸ ਕਰਦਾ ਹੈ। ਚੰਗਾ ਭਲਾ ਮੱਘਰ ਸਿੰਘ ਬਿਮਾਰੀ ਤੋਂ ਬਗੈਰ ਹੀ ਬਿਮਾਰ ਲਗਦਾ ਹੈ। ਉਸ ਨੂੰ ਪਿੰਡ ਦੀ ਖੁੱਲ੍ਹੀ ਡੁੱਲ੍ਹੀ ਜ਼ਿੰਦਗੀ ਦੀਆਂ ਯਾਦਾਂ ਵਾਰ ਵਾਰ ਸਤਾਉਂਦੀਆਂ ਹਨ।
“ਜਲੂਸ” ਕਹਾਣੀ ਸਮਾਜ ਵਿੱਚ ਵਾਪਰਦੀਆਂ ਅਤਿ ਦੁਖਦਾਈ ਅਤੇ ਮੰਦ-ਭਾਗੀਆਂ ਘਟਨਾਵਾਂ ‘ਤੇ ਕੇਂਦਰਿਤ ਹੈ। ਅਜਿਹੀਆਂ ਹੈਵਾਨੀਅਤ ਭਰੀਆਂ ਘਟਨਾਵਾਂ ਮਨੁੱਖਤਾ ਲਈ ਕਲੰਕ ਹਨ। ਇਨਸਾਨ ਪਸ਼ੂ ਨਾਲੋਂ ਵੀ ਬਦਤਰ ਬਣ ਜਾਂਦੇ ਨੇ। ਬਦਕਿਸਮਤੀ ਨਾਲ਼ ਇਹੋ ਜਿਹੇ ਘਿਨਾਉਣੇ ਕਾਰਨਾਮਿਆਂ ਵਿੱਚ ਸਮਾਜਿਕ, ਰਾਜਨੀਤਕ ਅਤੇ ਸਰਕਾਰੀ ਸਿਸਟਮ ਵੀ ਆਪਣਾ ਹਿੱਸਾ ਪਾਉਂਦਾ ਹੈ। ਕਮਜ਼ੋਰ ਅਤੇ ਲਾਚਾਰ ਇਸ ਅਣਮਨੁੱਖੀ ਅਤੇ ਘਿਨਾਉਣੇ ਕਾਰਨਾਮਿਆਂ ਦੇ ਸ਼ਿਕਾਰ ਹੁੰਦੇ ਹਨ।
ਮਨੁੱਖ ਦੀ ਜ਼ਿੰਦਗੀ ਦੇ ਕੁਝ ਜ਼ਖ਼ਮ ਬੜੇ ਗਹਿਰੇ ਹੁੰਦੇ ਹਨ। “ਵਿਆਹ ਤੋਂ ਪਹਿਲਾਂ ਤੇ ਬਾਅਦ” ਕਹਾਣੀ ਵਿੱਚ ਲੇਖਕ ਨੇ ਮਨੁੱਖੀ ਮਨ ਦੇ ਡੂੰਘੇ ਅਤੇ ਰਿਸਦੇ ਜ਼ਖ਼ਮਾਂ ਦੇ ਦਰਦ ਨੂੰ ਉਭਾਰਿਆ ਹੈ। ਅਜਿਹੇ ਜ਼ਖ਼ਮ ਜੋ ਵਕਤ ਨਾਲ਼ ਵੀ ਨਹੀਂ ਭਰਦੇ, ਬਲਕਿ, ਜੜ੍ਹਾਂ ਵਾਲੇ ਬਣਦਿਆਂ ਮਨੁੱਖ ਦੀ ਬਾਕੀ ਰਹਿੰਦੀ ਜ਼ਿੰਦਗੀ ‘ਤੇ ਵੀ ਡੂੰਘੀ ਛਾਪ ਛੱਡ ਜਾਂਦੇ ਹਨ।
ਕੋਵਿਡ ਮਹਾਂਮਾਰੀ ਨੇ ਮਨੁੱਖ ਨੂੰ ਮਨੁੱਖ ਦੀ ਔਕਾਤ ਸਮਝਾ ਦਿੱਤੀ। ਕੋਰੋਨਾ ਨਾਲ ਸਬੰਧਤ ਦਿਲਚਸਪ ਕਹਾਣੀ “ਵਾਰਡ ਨੰਬਰ ਇੱਕ” ਵਿੱਚ ਮਨੁੱਖ ਦੇ ਲਾਲਚੀ ਅਤੇ ਖ਼ੁਦ ‘ਤੇ ਕੇਂਦਰਿਤ ਸੁਭਾਅ ਦਾ ਖ਼ੂਬਸੂਰਤ ਵਰਨਣ ਕੀਤਾ ਗਿਆ ਹੈ। ਕਿਵੇਂ ਗਿਰਗਿਟ ਵਾਂਗ ਰੰਗ ਬਦਲਦਾ ਸਵਾਰਥੀ ਇਨਸਾਨ ਆਪਣੇ ਫ਼ਾਇਦੇ ਲਈ ਝੂਠ ਬੋਲਣ ਤੋਂ ਗੁਰੇਜ਼ ਨਹੀਂ ਕਰਦਾ।
ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਕਹਾਣੀ “ਕੁੱਤੀ ਦਾ ਰਲੇਵਾਂ” ਵਿੱਚ ਸੁਰਿੰਦਰ ਕੈਲੇ ਨੇ ਸਮੇਂ ਦੀਆਂ ਸਰਕਾਰਾਂ ਦੀ ਕਿਸਾਨਾਂ ਅਤੇ ਕਿਸਾਨੀ ਪ੍ਰਤੀ ਅਪਣਾਈ ਬੇਰੁਖ਼ੀ ਤੇ ਬੇਭਰੋਸਗੀ, ਵੱਡੀਆਂ ਕੰਪਨੀਆਂ ਅਤੇ ਸੱਤਾਧਾਰੀਆਂ ਦੇ ਗੱਠਜੋੜਾਂ ਨਾਲ਼ ਹੁੰਦੀ ਕਿਸਾਨਾਂ ਦੀ ਲੁੱਟ ਅਤੇ ਦੁਰਦਸ਼ਾ ਨੂੰ ਪਾਠਕਾਂ ਨਾਲ ਸਾਂਝਿਆਂ ਕੀਤਾ ਹੈ। ਕਹਾਣੀ ਸਕਾਰਾਤਮਕ ਸੁਨੇਹਾ ਦਿੰਦੀ ਹੈ ਕਿ ਅਜਿਹੀ ਬੇਇਨਸਾਫ਼ੀ ਨਾਲ ਨਜਿੱਠਣ ਦਾ ਰਸਤਾ ਕਿਸਾਨਾਂ ਦੁਆਰਾ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨਹੀਂ, ਬਲਕਿ, ਸਮੇਂ ਦੀਆਂ ਜ਼ਾਲਮ ਤਾਕਤਾਂ ਵਿਰੁੱਧ ਲਾਮਬੰਦ ਹੋ ਕੇ ਆਪਣੇ ਬਣਦੇ ਹੱਕ ਨੂੰ ਹਿੱਕ ਤਾਣ ਕੇ ਲੈਣ ਵਾਸਤੇ ਜੂਝਣਾ ਹੈ, ਜੋ ਸਾਡੇ ਪੁਰਖੇ ਕਰਦੇ ਆਏ ਹਨ। ਇਹ ਸਾਡੀ ਜ਼ਮੀਰ ਦੇ ਜਿਉਂਦੇ ਜਾਗਦੇ ਹੋਣ ਦੀ ਗਵਾਹੀ ਵੀ ਭਰਦਾ ਹੈ!
ਦੋਸਤੋ, ਇਸ ਸੰਗ੍ਰਹਿ ਵਿੱਚ ਸ਼ਾਮਲ ਕੀਤੀਆਂ ਸਾਰੀਆਂ ਕਹਾਣੀਆਂ ਦਾ ਜ਼ਿਕਰ ਕਰਨਾ ਮੁਮਕਿਨ ਨਹੀਂ ਹੈ। ਇਨ੍ਹਾਂ ਕੁਝ ਕਹਾਣੀਆਂ ਦੇ ਮਾਮੂਲੀ ਜਿਹੇ ਜ਼ਿਕਰ ਤੋਂ ਇਲਾਵਾ ਇਸ ਪੁਸਤਕ ਵਿੱਚ ਬਹੁਤ ਹੋਰ ਪੜ੍ਹਨਯੋਗ ਕਹਾਣੀਆਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਪੜ੍ਹਦਿਆਂ ਅਤੇ ਮਾਣਦਿਆਂ ਪਾਠਕ ਜ਼ਰੂਰ ਪਸੰਦ ਕਰਨਗੇ। ਬਹੁਤ ਕੁਝ ਸਿੱਖ ਵੀ ਸਕਣਗੇ।
ਰਚਨਾਵਾਂ ਦੀ ਸ਼ਬਦਾਵਲੀ ਬੜੀ ਸਰਲ, ਪਰ ਪ੍ਰਭਾਵਸ਼ਾਲੀ ਹੈ। ਕੋਈ ਵੀ ਕਹਾਣੀ ਤੁਹਾਨੂੰ ਉਕਤਾਉਂਦੀ ਜਾਂ ਥਕਾਉਂਦੀ ਨਹੀਂ। ਲੇਖਕ ਦੇ ਮਨ ਦੀ ਗੱਲ ਪਾਠਕ ਦੇ ਮਨ ਤੱਕ ਅੱਪੜ ਰਹੀ ਹੈ। ਇਹੋ ਜਿਹੀਆਂ ਚੰਗੀਆਂ ਕਿਤਾਬਾਂ ਲਾਇਬਰੇਰੀਆਂ ਦਾ ਹਿੱਸਾ ਬਣਨੀਆਂ ਚਾਹੀਦੀਆਂ ਹਨ।
ਇੱਕ ਪਾਠਕ ਵਜੋਂ ਆਪ ਸਭ ਸੁਹਿਰਦ ਪਾਠਕਾਂ ਨੂੰ ਇਸ ‘ਚੁੱਪ ਦੇ ਸੱਨਾਟੇ’ ਨੂੰ ਪੜ੍ਹਨ, ਸੁਣਨ ਅਤੇ ਮਾਨਣ ਦੀ ਪੁਰਜ਼ੋਰ ਸਿਫਾਰਸ਼ ਕਰਦਾ ਹਾਂ। ਪੰਜਾਬੀ ਸਾਹਿਤ ਜਗਤ ਵਿੱਚ ਇਸ ਪ੍ਰਭਾਵਸ਼ਾਲੀ ਸਿਰਜਣਾ ਨੂੰ ਜੀ ਆਇਆਂ ਅਤੇ ਸੁਰਿੰਦਰ ਕੈਲੇ ਦੇ ਨਿਰੰਤਰ ਸਾਹਿਤਕ ਸਫ਼ਰ ਲਈ ਸ਼ੁਭ ਕਾਮਨਾਵਾਂ!!
ਜ਼ਿੰਦਗੀ ਜ਼ਿੰਦਾਬਾਦ।
***
ਡਾ. ਕੁਲਵਿੰਦਰ ਸਿੰਘ ਬਾਠ |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

by
ਸਾਹਿਤ ਸਿਰਜਣਾ ਦੀਆਂ ਕਈ ਵਿਧਾਵਾਂ ਹਨ ਅਤੇ ਹਰੇਕ ਵਿਧਾ ਦਾ ਆਪਣਾ ਮਹੱਤਵ ਹੈ। ਭਾਵੇਂ ਪੰਜਾਬੀ ਸਾਹਿਤ ਵਿੱਚ ਬਹੁਤ ਕੁੱਝ ਚੰਗਾ ਅਤੇ ਤਾਰੀਫ਼ ਦੇ ਕਾਬਲ ਲਿਖਿਆ ਜਾ ਰਿਹਾ ਹੈ, ਪਰ ਫਿਰ ਵੀ ਸਾਹਿਤ ਦੇ ਸੁਹਿਰਦ ਪਾਠਕ ਇਸ ਗੱਲ ਨਾਲ਼ ਸਹਿਮਤ ਹੋਣਗੇ ਕਿ ਕਦੇ-ਕਦਾਈਂ ਲੰਮੀਆਂ-ਲੰਮੀਆਂ ਲਿਖਤਾਂ ਜਾਂ ਫਿਰ ਗ੍ਰੰਥਾਂ ਸਮਾਨ ਕਿਤਾਬਾਂ ਨੂੰ ਇਕਾਗਰ ਮਨ ਨਾਲ਼ ਪੜ੍ਹਨ ਅਤੇ ਸਮਝਣ ਦੀ ਪੁਰਜ਼ੋਰ ਕੋਸ਼ਿਸ਼ ਦੇ ਬਾਵਜੂਦ ਵੀ ਉਨ੍ਹਾਂ ਵਿੱਚੋਂ ਕੋਈ ‘ਸਾਰਥਕ ਸੁਨੇਹਾ’ ਪੱਲੇ ਨਹੀਂ ਪੈਂਦਾ। ਇਹੋ ਜਿਹਾ ਸੁਨੇਹਾ ਜੋ ਸਿਰਫ਼ ਜਾਣਕਾਰੀ ਹੀ ਨਾ ਦੇਵੇ, ਸਗੋਂ ਪੜ੍ਹਨ-ਸੁਣਨ ਵਾਲੇ ਦੇ ਜੀਵਨ ਅਤੇ ਸਮਾਜ ‘ਤੇ ਸਕਾਰਾਤਮਕ ਪ੍ਰਭਾਵ ਵੀ ਪਾਵੇ।
ਮਨੁੱਖੀ ਜੀਵਨ ਦੇ ਤਾਣੇ-ਬਾਣੇ ਵਿੱਚੋਂ ਉਪਜੀਆਂ ਕਥਾ-ਰਸ ਅਤੇ ਜਾਗਰੂਕਤਾ ਨਾਲ਼ ਭਰਪੂਰ ਮਿੰਨੀ ਕਹਾਣੀਆਂ ਸਾਰਥਕ ਅਤੇ ਸਕਾਰਾਤਮਕ ਸੁਨੇਹੇ ਵੰਡਦੀਆਂ ਹਨ। ਪਾਠਕ ਨੂੰ ਪ੍ਰੇਰਿਤ ਕਰਦੀਆਂ ਹਨ, ਉਸ ਦੇ ਮਨ ‘ਤੇ ਗਹਿਰਾ ਅਸਰ ਪਾਉਂਦੀਆਂ ਹਨ। ਕੁਝ ਸਵਾਲ-ਜਵਾਬ ਕਰਦੀਆਂ ਹੋਈਆਂ ਪਾਠਕ ਨੂੰ ਜ਼ਿੰਦਗੀ ਵਿੱਚ ਕੁਝ ਚੰਗਾ ਸੋਚਣ ਅਤੇ ਕਰਨ ਲਈ ਉਤਸ਼ਾਹਿਤ ਵੀ ਕਰਦੀਆਂ ਹਨ। ਇਨ੍ਹਾਂ ਬਾਕਮਾਲ ਲਿਖਤਾਂ ਤੋਂ ਲੇਖਕ ਦੀ ਸੰਵੇਦਨਸ਼ੀਲਤਾ, ਉਸਾਰੂ ਬਿਰਤੀ ਅਤੇ ਸਾਕਾਰਤਮਕ ਸੋਚ ਦੀ ਅਥਾਹ ਸ਼ਕਤੀ ਦਾ ਅੰਦਾਜ਼ਾ ਵੀ ਲੱਗ ਜਾਂਦਾ ਹੈ।