18 February 2026

ਪੰਜਾਬੀ ਸ਼ਾਇਰ ਤਜੱਮੁਲ ਕਲੀਮ ਦਾ ਜੀਵਨ ਅਤੇ ਸ਼ਾਇਰੀ — ਪਿਆਰਾ ਸਿੰਘ ਕੁੱਦੋਵਾਲ  

ਵੇਲਾ ਸਦਾ ਕਲੀਮ ਨੂੰ ਯਾਦ ਰੱਖੇ ਇੰਝ ਵੇਲੇ ਦੇ ਸੀਨੇ ਵਿੱਚ ਠੁੱਕ ਜਾਵਾਂ

ਤਜੱਮਲ ਕਲੀਮ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਇਕ ਮੰਨੇ-ਪ੍ਰਮੰਨੇ ਪੰਜਾਬੀ ਸ਼ਾਇਰ ਸਨ। ਉਹਨਾਂ ਬਾਰੇ ਇਕ ਗੱਲ ਮਸ਼ਹੂਰ ਹੋਈ ਜੋ ਉਹਨਾਂ ਆਪ ਇਕ ਰੂਬਰੂ ਦੌਰਾਨ ਦੱਸੀ ਸੀ। 1992 ਵਿਚ ਉਹਨਾਂ ਨੇ ਪੰਜਾਬੀ ਮੂਲ ਦੇ, ਉਰਦੂ ਜ਼ੁਬਾਨ ਵਿੱਚ ਲਿਖਣ ਸ਼ਾਇਰ ਮੁਨੀਰ ਨਿਆਜ਼ੀ ਦਾ ਇਹ ਬਿਆਨ ਸੁਣਿਆ ਕਿ ਪੰਜਾਬੀ ਜ਼ਬਾਨ ਵਿਚ ਜਦੀਦ ਗ਼ਜ਼ਲ ਨਹੀ ਲਿਖੀ ਜਾ ਸਕਦੀ। ਇਹ ਗੱਲ ਉਹਨਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੀ ਤੌਹੀਨ ਲੱਗੀ। ਉਸ ਦਿਨ ਤੋਂ ਉਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਉਰਦੂ ਦੀ ਥਾਂ ਪੰਜਾਬੀ ਵਿੱਚ ਜਦੀਦ ਗ਼ਜ਼ਲ ਲਿਖਣਗੇ। ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹਨਾਂ ਖ਼ੁਦ ਮੰਨਿਆ ਕਿ ਉਰਦੂ ਦੀਆਂ ਸਾਰੀਆਂ ਗ਼ਜ਼ਲਾਂ ਦਰਿਆ ਵਿੱਚ ਵਗਾਹ ਮਾਰੀਆਂ।  ਫਿਰ ਤਮਾਮ ਉਮਰ ਸਰਲ ਤੇ ਮਿਆਰੀ ਪੰਜਾਬੀ ਵਿੱਚ ਲਿਖਿਆ ਅਤੇ ਬੋਲਿਆ। ਉਹਨਾਂ ਦਾ ਪੰਜਾਬੀ ਪ੍ਰਤੀ ਇਹ ਪਿਆਰ ਇਤਿਹਾਸ ਵਿਚ ਸਦਾ ਯਾਦ ਰੱਖਿਆ ਜਾਵੇਗਾ।  ਉਹ ਦਾ ਮੰਨਣਾ ਹੈ, “ਲੋਕੀਂ ਸਮਝਣ ਸ਼ਿਅਰ ਕਲੀਮਾ, ਮੈਂ ਤੇ ਦੀਵੇ ਬਾਲ ਰਿਹਾ ਵਾਂ।“ ਇਸ ਕਹਾਣੀ ਦਾ ਜਿਕਰ ਬਹੁਤ ਸਾਰੇ ਪੰਜਾਬੀ ਚੈਨਲਾਂ, ਰੇਡੀਓ ਤੇ ਸੋਸ਼ਲ ਮੀਡਿਆ ਵਿੱਚ ਵੇਖਣ ਸੁਣਨ ਨੂੰ ਮਿਲਦਾ ਹੈ।  

ਉਹ ਸਾਂਈ ਬੁੱਲੇ ਸ਼ਾਹ ਨੂੰ ਵੱਡਾ ਸ਼ਾਇਰ ਮੰਨਦਾ ਸੀ। ਉਸ ਤੋਂ ਬਾਅਦ ਸ਼ਿਵ ਕੁਮਾਰ ਬਟਾਲਵੀ ਨੂੰ ਮੰਨਦਾ ਸੀ।

ਪੰਜਾਬੀ ਦੇ ਇਸ ਅਹਿਮ ਸ਼ਾਇਰ ਦਾ ਜਨਮ 26 ਮਾਰਚ 1960 ਨੂੰ ਤਹਿਸੀਲ ਚੂਨੀਆਂ ਜ਼ਿਲ੍ਹਾ ਕਸੂਰ ਪਾਕਿਸਤਾਨ ਵਿਖੇ ਪਿਤਾ ਮੁਹੰਮਦ ਸ਼ਫ਼ੀ ਅਤੇ ਮਾਤਾ ਰਸ਼ੀਦਾਂ ਬੇਗਮ ਦੇ ਘਰ ਹੋਇਆ। ਨਿੱਕੀ ਉਮਰੇ ਹੀ ਉਹ ਯਤੀਮ ਹੋ ਗਏ ਸਨ। ਕਿਹਾ ਜਾਂਦਾ ਹੈ ਕਿ ਉਸਦੇ ਸ਼ਰੀਕ ਹੀ ਉਸ ਦੀ ਜ਼ਮੀਨ ਜਾਇਦਾਦ ਹੜੱਪ ਗਏ ਅਤੇ ਤੱਜਮੁਲ ਕਲੀਮ ਦੀ ਕਿਸੇ ਵੀ ਦੇਖ ਰੇਖ ਨਹੀਂ ਕੀਤੀ। ਜਿਸ ਕਾਰਨ ਉਸਦੀ ਪੜ੍ਹਾਈ ਮੁਕੰਮਲ ਨਾ ਸਕੀ। ਉਹਨਾਂ ਨੇ ਬਚਪਨ ਦੇ ਦਿਨਾਂ ਵਿੱਚ ਅਮਰੂਦ ਵੀ ਵੇਚੇ ਅਤੇ ਟੋਕਰੀ ਢੋਣ ਦੀ ਮਜ਼ਦੂਰੀ ਵੀ ਕੀਤੀ। ਬਾਅਦ ਵਿੱਚ ਉਹਨਾਂ ਨੂੰ ਸਿੱਖਿਆ ਮਹਿਕਮੇ ਵਿੱਚ ਗੁਜ਼ਾਰੇ ਜੋਗੀ ਇਕ ਕਲਰਕ ਨੌਕਰੀ ਮਿਲ ਗਈ। ਜਾਹਨ ਕੀਟਸ ਦਾ ਇਕ ਪ੍ਰਸਿੱਧ ਕਥਨ ਹੈ ਕਿ Nothing ever becomes real till it is experienced. ਆਪਣੇ ਔਖੇ ਦਿਨਾਂ ਬਾਰੇ ਉਹਨਾਂ ਦੇ ਕੁੱਝ ਸ਼ਿਅਰ ਇਸ ਤਰਾਂ ਹਨ:

ਅੱਖ ਖੋਲ੍ਹੀ ਤੇ ਦੁੱਖਾਂ ਦੇ ਜਾਲ ਵੇਖੇ।  ਉੱਤੋਂ ਹੰਢਦੇ ਜਿੰਦੜੀ ਨਾਲ ਵੇਖੇ
ਇਕ ਇਕ ਦਿਨ ਸੀ ਹਿਜਰ ਦਾ ਸਾਲ ਵਰਗਾ, ਅਸੀਂ ਦਿਨ ਨਈਂ ਸਾਲਾਂ ਦੇ ਸਾਲ ਵੇਖੇ

ਉਨ੍ਹਾਂ ਦੀਆਂ ਪ੍ਰਕਾਸ਼ਿਤ ਕਿਤਾਬਾਂ ਦਾ ਵੇਰਵਾ ਇਸ ਪ੍ਰਕਾਰ ਹੈ: “ਬਰਫ਼ਾਂ ਹੇਠ ਤੰਦੂਰ” (1996), ਵੇਹੜੇ ਦਾ ਰੁੱਖ” 2010), “ਹਾਣ ਦੀ ਸੂਲੀ” (2012),” ਚੀਕਦਾ ਮੰਜ਼ਰ” (2017) “ਕਮਾਲ ਕਰਦੇ ਓ ਬਾਦਸ਼ਾਹੋ” ਅਤੇ ਉਹਨਾਂ ਦੀ ਸਮੁੱਚੀ ਗ਼ਜ਼ਲ ਦੀ ਕਿਤਾਬ, “ਯਾਰ ਕਲੀਮਾ” ਜਿਸਦਾ ਗੁਰਮੁਖੀ ਰੂਪ ਜਸਪਾਲ ਘਈ ਦਿੱਤਾ। ਉਹਨਾਂ ਦੀਆਂ ਕਿਤਾਬਾਂ ਦਾ ਪੰਜਾਬੀ ਵਿੱਚ ਲਿਪੀਅੰਤਰਣ ਵਧੇਰੇ ਕਰਕੇ ਪ੍ਰਸਿੱਧ ਵਿਦਵਾਨਾਂ ਜਸਪਾਲ ਘਈ ਅਤੇ ਹਰਮੀਤ ਵਿਦਿਆਰਥੀ ਨੇ ਕੀਤਾ। ਫਰਬਰੀ 2020 ਵਿੱਚ ਜਦੋਂ ਲਹਿੰਦੇ ਪੰਜਾਬ ਦੇ ਇਸ ਮਕਬੂਲ ਸ਼ਾਇਰ ਤਜੱਮੁਲ ਕਲੀਮ ਦੀ ਕਿਤਾਬ ‘ਗ਼ਜ਼ਲ ਧਮਾਲਾਂ ਪਾਵੇ ਪੰਜਾਬੀ ਯੂਨੀਵਰਿਟੀ ਪਟਿਆਲਾ ਵਿੱਚ ਹੋਏ ਪੁਸਤਕ ਮੇਲੇ ਦੌਰਾਨ ਲੋਕ ਅਰਪਣ ਕੀਤੀ ਗਈ ਤਾਂ ਡਾ.ਸੁਰਜੀਤ ਨੇ ਕਿਹਾ ਸੀ,” ਲਹਿੰਦੇ ਪੰਜਾਬ ਦੀਆਂ ਸਾਹਿਤਕ ਕਿਰਤਾਂ ਦਾ ਏਧਰਲੇ ਪੰਜਾਬ ਵਿੱਚ ਛਪਣਾ ਆਪਣੇ ਆਪ ਵਿੱਚ ਸ਼ੁੱਭ ਕਾਰਜ ਹੈ ਪਰ ਅੱਜ ਦੇ ਦੌਰ ਵਿੱਚ ਜਦੋਂ ਰਾਸ਼ਟਰਵਾਦ ਦੇ ਨਾਂ ਥੱਲੇ ਇੱਕ ਵਿਸ਼ੇਸ਼ ਮੁਲਕ ਅਤੇ ਵਿਸ਼ੇਸ਼ ਧਰਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ ਤਾਂ ਅਜਿਹੇ ਯਤਨਾਂ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ।“

ਲਹਿੰਦੇ ਪੰਜਾਬ ਦੇ ਪੰਜਾਬੀ ਵਿਦਵਾਨ ਤੇ ਸ਼ਾਇਰ ਹਜ਼ਰਤ ਸ਼ਾਮ ਨੇ ਦੱਸਣ ਅਨੁਸਾਰ ਤਜੱਮੁਲ ਕਲੀਮ ਸਾਹਿਬ ਨੇ ਪਹਿਲੀ ਵਾਰ ਸ਼ਿਵ ਕੁਮਾਰ ਬਟਾਲਵੀ ਦਾ ਪ੍ਰੋਗਰਾਮ ਇਸਲਾਮਾਬਾਦ ਪਾਕਿਸਤਾਨ ਵਿੱਚ 2006 ਵਿਚ ਕਰਵਾਇਆ। ਬਹੁਤ ਸਾਰੇ ਵਿਦਵਾਨਾਂ ਨੇ ਪੇਪਰ ਪੜ੍ਹੇ। ਅੰਤ ਵਿੱਚ ਕਲੀਮ ਸਾਹਿਬ ਨੇ ਸ਼ਿਵ ਕੁਮਾਰ ਬਟਾਲਵੀ ਬਾਰੇ ਕਿਹਾ ਉਹ ਅਭੁੱਲ ਰਹੇਗਾ,“ ਸਾਨੂੰ ਭੁੱਲ ਗਿਆ ਪਹਿਲਾ ਪੜ੍ਹਿਆ ਜਦੋਂ ਦਾ ਨਾਮ ਪੜ੍ਹਿਆ !”

ਇਸ਼ਕ ਪਿਆਰ ਮੁੱਹਬਤ ਕਿਸੇ ਵੀ ਬੰਦੇ ਦਾ ਸਰਮਾਇਆ ਹੁੰਦਾ ਹੈ। ਖਾਸ ਤੌਰ ਤੇ ਸ਼ਾਇਰਾਂ ਅਦੀਬਾਂ ਲਈ ਰਬ ਦੀ ਸੌਗਾਤ ਹੀ ਸਮਝੋ।  ਇਸ਼ਕ ਕਮਾਉਣਾ ਸੌਖਾ ਵੀ ਨਹੀਂ । ਖਾਸ ਕਰਕੇ ਓਦੋਂ ਜਦੋਂ ਮਜ਼ਬੂਰੀ ਵੀ ਹੋਵੇ ਤੇ ਮਜ਼ਦੂਰੀ ਵੀ ਨਾ ਹੋਵੇ।

ਤੇਰੀ ਵਾਜ ਈ ਦੱਸੇਗੀ ਰਾਹ ਮੈਨੂੰ , ਬੜੀ ਧੂੜ ਏ ਚਾਵਾਂ ਦੇ ਵੱਗ ਅੱਗੇ।
ਸੱਜੇ ਪੈਰ ਮਜ਼ਬੂਰੀ ਦੇ ਛਾਲਿਆਂ ਤੋਂ ਉੱਤੇ ਇਸ਼ਕ ਨੇ ਆਖਿਆ ‘ਲੱਗ ਅੱਗੇ’।

 ਪਰਸੀ ਬਾਇਸ਼ੀ ਸ਼ੈਲੇ Percy Bysshe Shelley ਨੇ ਕਿਹਾ ਸੀ, “Our sweetest songs are those of saddest thought.” ਜੇ ਪਿਆਰ ਵਿੱਚ ਕਾਮਯਾਬੀ ਨਾ ਮਿਲੇ ਤਾਂ ਸਿਆਣੇ ਲੋਕ ਸੱਚੀ ਮੁਹੱਬਤ ਦੀ ਇੱਜ਼ਤ ਮਾਣ ਖਾਤਰ ਖ਼ੁਦ ਆਪਣੀਆਂ ਸੁਨਹਿਰੀ ਯਾਦਾਂ ਨੂੰ ਜ਼ਿਬਾਹ ਕਰਦੇ ਹਨ ਪਰ ਮੂੰਹ ਤੇ ਸ਼ਿਕਨ ਤੱਕ ਨਹੀਂ ਆਉਣ ਦਿੰ,ਦੇ। ਉਹ ਆਪਣੇ ਇਸ਼ਕ ਨੂੰ ਆਪਣੇ ਹੀ ਧੁਰ ਅੰਦਰ ਦਫਨ ਕਰ ਲੈਂਦੇ ਹਨ।

ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ।  ਖ਼ਤ ਯਾਰ ਦੇ ਚੁੰਮੇ ਤੇ ਪਾੜ ਦਿੱਤੇ

ਮਰਨ ਤੋਂ ਡਰਦੇ ਓ ਬਾਦਸ਼ਾਓ ?  ਕਮਾਲ ਕਰਦੇ ਓ ਬਾਦਸ਼ਾਓ
ਕਿਸੇ ਨੂੰ ਮਾਰਨ ਦੀ ਸੋਚਦੇ ਓ ? ਕਿਸੇ ਤੇ ਮਰਦੇ ਓ ਬਾਦਸ਼ਾਓ

ਮਾੜੇ ਘਰ ਨੂੰ ਬੂਹਾ ਕਾਹਦਾ, ਖੁੱਲਾ, ਢੋਇਆ ਇਕ ਬਰਾਬਰ
ਰਾਤੀਂ ਅੱਖ, ਤੇ ਬੱਦਲ਼ ਵੱਸੇ, ਰੋਇਆ ਚੋਇਆ ਇਕ ਬਰਾਬਰ।

ਯਾਰ ‘ਕਲੀਮਾ’ ਪਿਆਰ ਨਸ਼ਾ ਜੇ ਕੀਤਾ ਈ, ਤਕੜਾ ਹੋ ਕੇ ਸਹਿ ਦੂਰੀ ਦੇ ਕੋੜੇ ਵੀ ।

ਉਹਨਾਂ ਦੇ ਬਹੁਤ ਸਾਰੇ ਸ਼ਾਗਿਰਦ ਸਨ। ਪੰਜਾਬੀ ਲਿਖਣ ਕਾਰਣ ਹੋਰਾਂ ਨੇ ਉਹਨਾਂ ਨੂੰ ਜਾਣ ਬੁਝ ਕੇ ਪਿੱਛੇ ਰੱਖਣ ਦੀ ਕੋਸ਼ਿਸ਼ ਕੀਤੀ। ਤਜੱਮੁਲ ਕਲੀਮ ਸਾਹਿਬ ਉਸਤਾਦ ਸ਼ਾਇਰ ਹੋਣ ਦੇ ਬਾਵਜੂਦ ਵੀ ਧਨ ਦੌਲਤ ਇਕੱਠੀ ਨਹੀਂ ਕਰ ਸਕੇ। ਉਹ ਰਕਮ ਤਹਿ ਕਰਕੇ ਮੁਸ਼ਾਇਰਾ ਪੜ੍ਹਨ ਨਾ ਜਾਂਦੇ। ਜੋ ਕਿਸੇ ਨੇ ਦੇ ਦਿੱਤਾ ਰੱਖ ਲਿਆ। ਉਹਨਾਂ ਦੀ ਸ਼ਰਾਫ਼ਤ ਤੇ ਸੰਗਾਊ ਸੁਭਾਅ ਨੇ ਉਸਨੂੰ ਕੁਝ ਮੰਗਣ ਹੀ ਨਾ ਦਿੱਤਾ। ਇਸ ਕਰਕੇ ਉਹਨਾਂ ਨੂੰ ਅਣ ਗੌਲਿਆ ਕੀਤਾ ਗਿਆ ਚਾਹੇ ਉਹ ਕਿੰਨੇ ਮਸ਼ਹੂਰ ਸਨ। ਇਸ ਗੱਲ ਦੀ ਗਵਾਹੀ ਡਾ. ਖ਼ਾਲਿਦ ਇਕਬਾਲ ਜ਼ਾਫ਼ਰ, ਰਿਟਾਇਰਡ ਡਾਇਰੈਕਟਰ ਜਨਰਲ, ਪਾਕਿਸਤਾਨ ਅਕੈਡਮੀ ਆਫ਼ ਲ਼ੈਟਰਜ਼ ( ਜੋ ਭਾਰਤੀਯ ਸਾਹਿਤਯ ਅਕੈਡਮੀ ਦੇ ਬਰਾਬਰ ਹੈ) ਹੋਰਾਂ ਨੇ ਆਪਣੇ ਲੈਕਚਰ ਵਿੱਚ ਅਤੇ ਬਾਅਦ ਵਿੱਚ ਮੇਰੇ ਨਾਲ ਗੱਲਬਾਤ ਦੌਰਾਨ ਭਰੀ। ਉਹਨਾਂ ਨੇ ਕਲੀਮ ਸਾਹਿਬ ਨੂੰ ਬਹੁਤ ਦੇਰ ਨਾਲ ਪੜ੍ਹਿਆ ਤੇ ਜਾਣਿਆਂ ਕਿ ਉਹ ਖਾਲਸ ਮਿਆਰੀ ਪੰਜਾਬੀ ਲਿਖਦੇ ਤੇ ਬੋਲਦੇ ਸਨ ਜੋ ਸਮਝ ਵਿੱਚ ਆਉਂਦੀ ਸੀ।  ਪਰ ਕੁਝ ਹੋਰ ਬਹੁਤ ਠੇਠ ਤੇ ਔਖੀ ਪੰਜਾਬੀ ਲਿਖਣ ਵਾਲੇ ਸ਼ਾਇਰਾਂ ਕਰਕੇ ਉਹ ਅਣਗੌਲੇ ਗਏ। ਉਹਨਾਂ ਦੇ ਬਹੁਤ ਸਾਰੇ ਮਿੱਤਰਾਂ ਜਾਨਣ ਵਾਲਿਆਂ ਨੇ ਕੋਠੀਆਂ ਪਾ ਲਈਆਂ ਸਨ। ਪਰ ਉਹਨਾਂ ਆਪਣੀ ਨੇਕ ਨੀਅਤੀ ਰੱਖੀ। ਇਹ ਉਹਨਾਂ ਦੀ ਤਾਕਤ ਸੀ। ਲੋਕਾਂ ਬਥੇਰਾ ਸਮਝਾਇਆ ਕਿ ਤੂੰ ਕੁੱਝ ਕਮਾ ਲੈ ਬਣ ਲੈ ਪਰ ਉਹਨਾਂ ਨੇ ਆਪਣੇ ਜੀਵਨ ਦੀ ਚਾਲ ਨਹੀ ਬਦਲੀ ਤੇ ਨਾ ਵੇਲੇ ਦੀ ਚਾਲ ਵੇਖੀ।

ਐਸ ਝੱਲੇ ‘ਕਲੀਮ’ ਨੂੰ ਰੋਕ ਦਿਲਾ
ਇਹਨੂੰ ਆਖ ਸੂ ਵੇਲੇ ਦੀ ਚਾਲ ਦੇਖੇ

ਉਸ ਨੇ ਵਿਕਾਊ ਲੋਕਾਂ ਅਤੇ ਮਿਤਰਾਂ ਉੱਤੇ ਕਰੜਾ ਵਿਅੰਗ ਕੱਸਿਆ ਹੈ:  

ਸਾਡੇ ਨਾਲ਼ ਦੇ ਵਿਕ ਗਏ ਮਹਿਲ ਲੈ ਕੇ, ਅਸੀਂ ਕੁੱਲੀ ਦੇ ਕੱਖ ਵੀ ਸਾੜ ਦਿੱਤੇ

ਨਸ਼ਿਆਂ ਦੀ ਮਾਰ ਹੇਠ ਆਏ ਲੋਕਾਂ ਦਾ ਦਰਦਨਾਕ ਬਿਆਨ ਕੀਤਾ। ਹੋ ਸਕਦਾ ਉਹਨਾਂ ਨੇ ਆਸ ਰੱਖੀ ਹੋਵੇ ਕਿ ਕਿਸੇ ਦਿਨ ਚੜ੍ਹਦੇ ਲਹਿੰਦੇ ਪੰਜਾਬਾਂ ਅਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨਸ਼ਿਆਂ ਦੇ ਤਸਕਾਰਾਂ ਨੂੰ ਖਤਮ ਕਰਨ ਵਿੱਚ ਕਾਮਯਾਬ ਹੋ ਸਕਣ।  ਫੁੱਲਾਂ ਵਰਗੀਆਂ ਜਵਾਨੀਆਂ ਰੁੱਲਣ ਤੋਂ ਬਚ ਸਕਣ:  

ਏਸ ਨਸ਼ੇ ਦੀ ਧੁੱਪ ਨੂੰ ਕਹਿਰ ਆਖੋ, ਜਿਨ੍ਹੇਂ ਫੁੱਲਾਂ ਦੇ ਰੰਗ ਵਗਾੜ ਦਿੱਤੇ

ਕਲੀਮ ਸਾਹਿਬ ਨੇ ਦੋਨਾਂ ਪਾਸਿਆਂ ਦੀ ਕਿਰਸਾਨੀ ਜੀਵਨ ਦੀਆਂ ਮੁਸ਼ਕਲਾਂ ਦਾ ਜਿਕਰ ਆਪਣੀਆਂ ਗਜਲਾਂ ਵਿੱਚ ਕੀਤਾ ਹੈ। ਕਿਸਾਨਾਂ ਨੂੰ ਇਕ ਦੂਜੇ ਦਾ ਸਾਥ ਦਿੰਦੇ ਰਹਿਣਾ ਚਾਹੀਦਾ ਹੈ। ਕਿਸਾਨ ਭਰਾ ਨੂੰ ਕਿਸੇ ਨਾ ਕਿਸੇ ਤਰਾਂ ਡਾਢੀ ਅਫਸਰਸ਼ਾਹੀ ਅਤੇ ਕੁੱਝ ਅਮੀਰ ਹੈਂਕੜਬਾਜ਼ਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਸੁਨੇਹਾ ਦਿੱਤਾ ਕਿ ਏਕਤਾ ਤੇ ਸਾਂਝੀਵਾਲਤਾ ਵਿੱਚ ਬਰਕਤ ਹੈ। ਇਕ ਦੂਜੇ ਤੇ ਕੰਮ ਆਉਣ ਨਾਲ ਹੀ ਕੀਤੀਆਂ ਕਮਾਈ ਵਿੱਚ ਵਾਧਾ ਹੋਣਾ ਹੈ।

ਮੇਰੀ ਵਾਰ ਦਾ ਪਾਣੀ ਲਾ ਲੈ, ਮੇਰੀ ਨਈਂ ਤੇ ਤੇਰੀ ਉੱਗੇ
ਡਾਢਾ ਡੰਗਰ ਛੱਡ ਦਿੰਦਾ ਏ, ਨਈਂ ਤੇ ਕਣਕ ਬਥੇਰੀ ਉੱਗੇ

ਮਨੱਖੀ ਬੰਬ ਬਣਨ ਵਾਲਿਆਂ ਤੇ ਟਿੱਪਣੀ ਕਰਦੇ ਹਨ। ਅਖੌਤੀ ਧਾਰਮਿਕ ਆਗੂ ਕਿਵੇਂ ਕੋਮਲ ਦਿਲ ਵਾਲਿਆ ਦੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕਦੇ ਹਨ। ਧਰਮ, ਜੰਨਤ ਅਤੇ ਹੂਰਾਂ ਦੇ ਸੁਪਨੇ ਵਿਖਾ ਕੇ ਉਹਨਾਂ ਨੂੰ ਮਨੁੱਖੀ ਬੰਬ ਬਣਾ ਕੇ ਲੋਕਾਂ ਨੂੰ ਮਰਵਾ ਕੇ ਦਹਿਸ਼ਤ ਗਰਦੀ ਦਾ ਮਹੌਲ ਸਿਰਜਦੇ ਹਨ। ਸਵਾਲ ਉੱਠਦਾ ਕਿ ਮਰਨ ਵਾਲੇ ਵੀ ਆਪਣੇ, ਮਾਰਨ ਵਾਲੇ ਵੀ ਆਪਣੇ, ਜਿੰਨਾਂ ਦੇ ਘਰ ਉਜੜਦੇ ਹਨ, ਉਹ ਵੀ ਆਪਣੇ। ਮਾਪਿਆਂ ਪੁੱਤਰ ਮਰ ਜਾਂਦੇ।  ਗਰੀਬੀ ਚਾਰੋਂ ਪਾਸਿਉਂ ਆ ਘੇਰਦੀ ਹੈ। ਧਾਰਮਿਕ ਆਗੂ ਅਤੇ ਰਾਜਨੀਤਕ ਨੇਤਾ ਜਾਂ ਤਾਂ ਸਾਹਮਣੇ ਆਉਂਦੇ ਹੀ ਨਹੀਂ ਜਾਂ ਫਿਰ ਗੱਲਾਂ ਦੇ ਗੋਲ ਗੱਪੇ ਖਿਲਾ ਕੇ ਤੁਰ ਜਾਂਦੇ ਹਨ। ਸ਼ਹੀਦੀ ਅਤੇ ਅਖੌਤੀ ਸ਼ਹੀਦਾਂ ਕੀ ਮੁੱਲ ਪਿਆ ? ਨਾ ਮਰਨ ਵਾਲਿਆਂ ਨੂੰ ਕੁਝ ਲੱਭਾ ਤੇ ਨਾ ਮਾਰਨ ਵਾਲਿਆਂ ਨੂੰ। ਇਸ ਪਰਿਸਥਿਤੀ ਉਪਰ ਉਹਨਾਂ ਦੇ ਹੇਠ ਲਿਖੇ ਸ਼ਿਅਰ ਦਾ ਅੰਦਾਜ਼ ਅਤੇ ਬਣਤਰ, ਸ਼ਿਅਰ ਵਿਚਲੀ ਤਾਕਤ ਅਤੇ ਦਰਦ ਦਾ ਮੰਜ਼ਰ ਵੇਖੋ।       

ਓਹ ਬੰਬ ਵਾਲਾ ਸ਼ਹੀਦ ਸਮਝਾਂ? ਤੇ ਇਹ ਵਿਚਾਰੇ ਮਰੇ ਨੇ ਜਿਹੜੇ
ਤੂੰ ਸਿਰਫ਼ ਲਾਸ਼ਾਂ ਵਖ਼ਾ ਰਿਹਾ ਐਂ,  ਤੇ ਸਾਡੇ ਚੁੱਲ੍ਹੇ ਠਰੇ ਨੇ ਜਿਹੜੇ

ਪੰਜਾਬ ਯੂਨੀਵਰਸਿਟੀ ਲਾਹੌਰ ਦੇ ਸਾਇਕਾਲੋਜੀ ਡਿਪਰਾਟਮੈਂਟ ਦੇ ਰਿਟਾਇਰਡ ਹੈੱਡ ਪ੍ਰੋਫੈਸਰ ਸ਼ਾਹਦੀ  ਗੁੱਲ ਨੇ ਉਹਨਾਂ ਦੀ ਸ਼ਾਇਰੀ ਨੂੰ “ਆਹ” ਦੀ ਕਵਿਤਾ ਕਿਹਾ ਹੈ।“  ਭਾਵ ਕਿ ਉਹਨਾਂ ਨੂੰ ਸੁਣ ਕੇ ਮਨ ਵਿੱਚੋਂ ‘ਵਾਹ’ ਥਾਂ “ਆਹ‘ ਨਿਕਲਦੀ ਹੈ।

ਮਜ਼ਦੂਰ ਵਰਗ ਦਾ ਦਰਦ ਉਸਨੇ ਦਿਲ ਤੋਂ ਮਹਿਸੂਸ ਕੀਤਾ ਅਤੇ ਆਪਣੇ ਤਨ ਤੇ ਹੰਢਾਇਆ ਹੈ।  ਉਸਨੇ ਮਜ਼ਦੂਰਾਂ ਦੀਆਂ ਮਜ਼ਬੂਰੀਆਂ ਤੰਗੀਆਂ, ਤੁਰਸ਼ੀਆਂ ਵਾਲੀ ਪਰਿਸਥਿਤੀ ਨੇ ਪੈਦਾ ਕੀਤੀਆਂ ਦੁਚਿੱਤੀਆਂ ਦਾ ਨਵੀਨ, ਸਿੱਧਾ ਤੇ ਸਪੱਸ਼ਟ ਬਿਆਨ ਕਰਦਿਆਂ ਕਵਿਤਾ ਦੀ ਸੰਵੇਦਨਾਂ ਨੂੰ ਵੀ ਬਰਕਰਾਰ ਰੱਖਿਆ ਹੈ।

ਲੋਕੋ! ਮੇਰੀ ਮਾਂ ਮਰ ਗਈ ਏ,
ਰੋਵਾਂ, ਜਾਂ ਮਜ਼ਦੂਰੀ ਜਾਵਾਂ।

ਮੇਰਾ ਸੀਨਾ ਦਮ ਕਰਵਾਓ
ਮੇਰੇ ਅੰਦਰੋਂ ਡਰ ਨਹੀਂ ਜਾਂਦਾ।

ਇਸ ਦੇ ਬਾਵਜੂਦ ਵੀ ਆਪਣੇ ਕਾਮੇ ਭਰਾਵਾਂ ਨੂੰ ਹਿੰਮਤ ਰੱਖਣ ਦੀ ਇਤਲਾਹ ਕਰਦਾ ਹੈ। ਉਸਦਾ ਮੰਨਣਾ ਮੁਸੀਬਤਾਂ ਦਾ ਮੁਕਾਬਲਾ ਹਿੰਮਤਾਂ ਵਾਲੇ ਹੀ ਕਰਦੇ ਹਨ। ਐਸੇ ਲੋਕ ਹਾਰ ਨੂੰ ਜਿੱਤ ਵਾਂਗ ਸਵੀਕਾਰਦੇ ਹਨ ਤੇ ਅਗਲੇ ਪੜਾਅ ਤੇ ਜਿੱਤ ਹਾਸਲ ਕਰਦੇ ਹਨ।

ਹਿੰਮਤ ਕੀ ਹਥਿਆਰ ਨਈਂ ਹੁੰਦੀ, ਦਿਲ ਨਾ ਛੱਡੀਂ,ਹਾਰ ਨਈਂ ਹੁੰਦੀ।

ਉਸਦੀਆਂ ਗ਼ਜ਼ਲਾਂ ਵੇਖਣ ਨੂੰ ਸਾਦਾ ਲੱਗਦੀਆਂ ਹਨ ਪਰ ਗੱਲ ਬਹੁਤ ਡੂੰਘੀ ਕਰਦੀਆਂ ਹਨ। ਉਹ ਭੂਤ ਕਾਲ ਵਿੱਚ ਵਰਤੇ ਵਰਤਾਰੇ ਦਾ ਅਸਰ ਵਰਤਮਾਨ ਵਿੱਚ ਸਾਰਥਕ ਹੁੰਦਾ ਵਿਖਾਉਂਦਾ ਹੈ। ਜਿਸ ਦਾ ਗਹਿਰਾ ਪ੍ਰਭਾਵ ਭਵਿੱਖ ਵਿੱਚ ਵਿਚਰਨ ਵਾਲੇ ਸਮਾਜਿਕ ਮਾਪ ਦੰਡ ਅਤੇ ਰਾਜਨੀਤਕ ਨੀਤੀਆਂ ਨਿਰਧਾਰਤ ਕਰਨ ਵਾਲੇ ਮਾਨਵੀ ਮੁੱਲਾਂ ਵਿੱਚ ਦਿਸਦਾ ਹੈ। ਜਿਸਦਾ ਅੰਦਾਜ਼ਾ ਇਤਿਹਾਸ ਵਿੱਚ ਵਾਪਰੀਆਂ ਅਣ ਮਨੁੱਖੀ ਘਟਨਾਵਾਂ ਦਾ ਪ੍ਰਭਾਵ, ਯੁਗ ਬਦਲਣ ਨਾਲ ਵਰਤਮਾਨ ਵਿੱਚ ਵਾਪਰੀਆਂ ਘਟਨਾਵਾਂ ਤੋਂ ਲਾ ਸਕਦੇ ਹਾਂ।  ਉਸਦੀ ਭਾਸ਼ਾਈ ਵਰਤੋਂ, ਸੂਝ ਅਤੇ ਸੋਚ ਦਾ ਕਮਾਲ ਹੈ ਕਿ ਸਦੀਆਂ ਦੇ ਤੱਥ ਸੱਚ ਨੂੰ ਦੋ ਚਾਰ ਸਤਰਾਂ ਵਿੱਚ ਪਰੋਣ ਦੀ ਮੁਹਾਰਤ ਰੱਖਦਾ ਸੀ।   ਇਸ ਗਹਿਰਾਈ ਨੂੰ ਹੇਠ ਦਿੱਤੇ ਸ਼ਿਅਰ ਨਾਲ ਮਾਪ ਸਕਦੇ ਹੋ।

ਸ਼ੀਸ਼ਾ ਪੁਛਦਾ ਫਿਰਦਾ ਏ
ਪੱਥਰ ਕਿੱਧਰੋਂ ਆਇਆ ਸੀ
ਓੜਕ ਮਸਜਿਦ ਭੁਗਤੇਗੀ
ਮੈਂ ਇਕ ਮੰਦਰ ਢਾਇਆ ਸੀ

ਗ਼ਜ਼ਲ ਕਹਿਣ ਵਾਲੇ ਹਨ ਬਹੁਤੇ ਮਿਸਰੇ ਪੂਰੇ ਕਰਨ ਵਿੱਚ ਰੁੱਝੇ ਹੋਏ ਹਨ। ਕਾਵਿਕ ਸੰਵੇਦਨਾਂ ਤੋਂ ਕੋਰੇ ਹਨ, ਅਹਿਸਾਸ ਦੀ ਕਮੀ ਹੈ ਤਾਂ ਕਵਿਤਾ ਸਰੋਤੇ/ਪਾਠਕ ਤੱਕ ਪਹੁੰਚ ਨਹੀਂ ਕਰਦੀ। ਦਿਲ ਦੀ ਭੱਠੀ ਵਿੱਚ ਬਹੁਤ ਕੁਝ ਢਾਲਿਆ ਹੋਵੇਗਾ ਤਾਂ ਹੀ ਸੋਨਾ ਕੁੰਦਨ ਬਣ ਕੇ ਨਿਕਲੇ ਗਾ। ਜੇ ਵਿਦਵਾਨ ਨੂੰ ਗਿਆਨ ਦੀ ਕਮੀ ਹੈ ਇਤਿਹਾਸ ਮਿਥਿਹਾਸ, ਸਭਿਆਚਾਰ,  ਭਾਸ਼ਾ ਦੀ ਗਹਿਰਾਈ, ਬੋਲੀ ਦੀ ਵਰਤੋ  ਤੇ ਅਰੂਜ਼ ਦੀ ਨਾਸਮਝੀ ਹੋਵੇ ਤਾ ਚੰਗੀ ਗ਼ਜ਼ਲ ਕਹਿਣੀ ਸਹਿਲ ਨਹੀਂ ਹੈ। ਲਗਾਤਾਰ ਕੀਤੀ ਮਿਹਨਤ ਨੂੰ ਫਲ ਲੱਗਦਾ ਹੈ। ਸਹਿਜ ਵਿੱਚ ਟਿਕਿਆ, ਗਿਆਨ ਵਾਨ, ਨਿਰਛਲ ਨੀਵਾਂ ਮਨ ਹੀ, ਉੱਚੀਆਂ ਕਾਵਿਕ ਉਡਾਰੀਆਂ ਦਾ ਅਨੰਦ ਮਾਣ ਸਕਦਾ ਹੈ।

ਮਿਸਰੇ ਹਰੇ ਕੀ ਹੋਵਨੇ ਤੇਰੀ ਜ਼ਮੀਨ ਵਿੱਚ
ਸੋਚਾਂ ਦੀ ਜੇ ਤੂੰ ਖਾਦ ਨਾ ਕੇਰੀ ਜ਼ਮੀਨ ਵਿੱਚ

ਕੀ ਦੱਸਾਂ ਮੈਂ ਕਿੰਨੇ ਮਿਸਰੇ ਹੰਝੂਆਂ ਰੋੜ੍ਹੇ,
ਕੀ ਦੱਸਾਂ ਮੈਂ ਕਿੰਨੀਆਂ ਗ਼ਜ਼ਲਾਂ ਸੁੱਕਣੇ ਪਾਈਆਂ

ਮੈਂ ਤੇਰੀ ਤਸਵੀਰ ਪਾੜ ਦੇਵਾਂ, ਕਿਸੇ ਨੂੰ ਕੀ ਏ
ਗ਼ਜ਼ਲ ਦਾ ਮਤਲਾ ਵਿਗਾੜ ਦੇਵਾਂ , ਕਿਸੇ ਨੂੰ ਕੀ ਏ
‘ਕਲੀਮ’ ਲੋਕਾਂ ਨੇ ਇਹਨੂੰ ਕੋਰਾ ਨਈਂ ਰਹਿਣ ਦੇਣਾ
ਜੇ ਦਿਲ ਦਾ ਵਰਕਾ ਈ ਪਾੜ ਦੇਵਾਂ, ਕਿਸੇ ਨੂੰ ਕੀ ਏ।

ਅੰਤ 22 ਮਈ 2025 ਨੂੰ ਤਜੱਮੁਲ ਕਲੀਮ ਸਾਹਿਬ 65 ਕੁ ਸਾਲ ਦੀ ਉਮਰ ਵਿਚ, ਦਿਲ ਦਾ ਵਰਕਾ ਪਾੜ ਕੇ, ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।  ਉਹਨਾਂ ਦੇ ਪਿਛੇ ਉਹਨਾਂ ਦੀ ਬੇਵਾ ਅਤੇ ਦੋ ਲੜਕੇ ਹਨ।  ਪੰਜਾਬੀਆਂ ਨੂੰ ਬੜੀ ਦੇਰ ਬਾਅਦ ਸਮਝ ਲੱਗੀ ਕਿ ਉਹ ਕਿੱਡਾ ਵੱਡਾ ਸ਼ਾਇਰ ਅਤੇ ਪੰਜਾਬੀ ਮਾਂ ਬੋਲੀ ਦਾ ਅਲੰਬਰਦਾਰ ਸੀ।  ਉਸ ਤੋਂ ਵੀ ਉਪਰ ਉਹ ਇਕ ਚੰਗਾ ਇਨਸਾਨ ਸੀ। ਅੱਜ ਲੋਕ ਉਸਨੂੰ ਯਾਦ ਕਰਕੇ ਉਸਦੀਆਂ ਵਡਿਆਈਆਂ ਦਾ ਗੁਣ ਗਾਣ ਕਰਦੇ ਹਨ।
* ਪ੍ਰੋਫੈਸਰ ਵਸੀਮ ਗਰਦੇਸੀ ਨੇ ਮੇਰੇ ਨਾਲ ਗੱਲਬਾਤ ਦੌਰਾਨ ਕਿਹਾ ਕਿ, “ਤਜੱਮੁਲ ਕਲੀਮ ਪੰਜਾਬੀ ਮਿੱਟੀ ਦਾ ਲਾਡਲਾ ਪੁੱਤਰ ਸੀ।“
* ਪੰਜਾਬੀ ਨੂੰ ਪਿਆਰ ਕਰਨ ਵਾਲੇ ਇਸ ਲਾਡਲੇ ਬਾਰੇ ਟੋਰੋਂਟੋ ਵਸਦੇ ਲਹਿੰਦੇ ਪੰਜਾਬ ਦੇ ਸ਼ਾਇਰ ਰਸ਼ੀਦ ਨਦੀਮ ਨੇ ਬੜੇ ਅਫ਼ਸੋਸ ਨਾਲ ਕਿਹਾ ਕਿ, ”ਜ਼ਮਾਨੇ ਨੇ ਉਹਨਾਂ ਦੀ ਜੀਉਂਦੇ ਜੀਅ ਕਦਰ ਨਹੀਂ ਪਾਈ। ਉਹ ਪੰਜਾਬੀ ਦੇ ਅਹਿਮ ਸ਼ਾਇਰ ਸਨ।“ 

ਜੀਵਨ ਜਿਊਣ ਦਾ ਚੱਜ, ਸਾਦਗੀ, ਇਮਾਨਦਾਰੀ ਅੰਤ ਪਿਛੇ ਰਹਿ ਜਾਣੀ ਹੈ ਬਾਕੀ ਸਭ ਵਕਤ ਦੀ ਧੂੜ ਵਿਚ ਖਪਤ ਹੋ ਜਾਣਾ ਹੈ। ਸ਼ਾਇਰੀ ਵੀ ਉਹ ਹੀ ਜਿੰਦਾ ਰਹਿਣੀ ਹੈ ਜਿਹੜੀ ਲੋਕਾਂ ਲਈ ਹੋਵੇ, ਲੋਕਾਂ ਨਾਲ ਤੁਰੇ, ਲੋਕਾਂ ਦੀ ਬਾਤ ਪਾਵੇ। ਇਕ ਦਾ ਕਮਾਲ ਦਾ ਸ਼ਿਅਰ ਹੈ।

ਦੋਹਾਂ ਸਦੀਆਂ ਤੀਕਰ ਜੀਣਾ, ਚੱਜ ਦੇ ਸ਼ਿਅ਼ਰ ਤੇ ਚੱਜ ਦੇ ਬੰਦੇ

ਮੈਨੂੰ ਯਕੀਨ ਹੈ ਪੰਜਾਬੀ ਸ਼ਾਇਰ ਤਜੱਮੁਲ ਕਲੀਮ ਆਪਣੀ ਸ਼ਾਇਰੀ ਕਰਕੇ ਸਦੀਆਂ ਤੱਕ ਜੀਵੇਗਾ। ਮੈਂ ਉਹਨਾਂ ਨੂੰ ਸ਼ਰਧਾਂਜਲੀ ਅਤੇ ਅਕੀਦਤ ਦੇ ਸ਼ਾਬਦਿਕ ਫੁੱਲ ਭੇਟ ਕਰਦਾ ਹਾਂ>
***

  • ਪਿਆਰਾ ਸਿੰਘ ਕੁੱਦੋਵਾਲ
    pskudowal@yahoo.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1700
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪਿਆਰਾ ਸਿੰਘ ਕੁੱਦੋਵਾਲ

View all posts by ਪਿਆਰਾ ਸਿੰਘ ਕੁੱਦੋਵਾਲ →