18 October 2025

ਡੈਡੀ (ਸ੍ਰ. ਗੁਰਮੀਤ ਸਿੰਘ ਕੋਟਕਪੂਰਾ) ਨੂੰ ਯਾਦ ਕਰਦਿਆਂ — ਡਾ. ਸੰਦੀਪ ਰਾਣਾ

-ਜਨਮ ਦਿਨ ’ਤੇ ਵਿਸ਼ੇਸ਼-
‘ਤੀਸਰੀ ਅੱਖ’ ਦੇ ਲੇਖਕ ‘ਤੇ ਪੱਤਰਕਾਰ ਸ. ਗੁਰਮੀਤ ਸਿੰਘ ਕੋਟਕਪੂਰਾ

ਡੈਡੀ ਸ੍ਰ. ਗੁਰਮੀਤ ਸਿੰਘ ਕੋਟਕਪੂਰਾ ਦਾ ਅੱਜ ਜਨਮ ਦਿਨ ਹੈ ਤੇ ਉਹਨਾਂ ਨੂੰ ਗਿਆਂ ਅੱਜ 50 ਦਿਨ ਹੋਏ ਹਨ ਤੇ ਇੰਞ ਹੀ ਲੱਗਦਾ ਹੈ ਕਿ ਕਿਤੇ ਗਏ ਨੇ ਤੇ ਵਾਪਸ ਆ ਜਾਣਗੇ। ਜ਼ਿਹਨ ਨੂੰ ਯਾਦ ਕਰਵਾਉਣਾ ਪੈਂਦਾ ਹੈ ਕਿ ਉਹ ਸਾਡੇ ਵਿੱਚ ਨਹੀਂ ਰਹੇ ਕਿਉਂਕਿ ਸਾਡੇ ਪਰਿਵਾਰ ਨੇ ਉਹਨਾਂ ਤੋਂ ਬਿਨਾਂ ਜਿਊਣਾ ਸਿੱਖਿਆ ਹੀ ਨਹੀਂ। ਰੱਬ ਦੀ ਰਜ਼ਾ ਅੱਗੇ ਕਿਸਦਾ ਜ਼ੋਰ ਚੱਲਦਾ ਹੈ, ਸਿਆਣੇ ਕਹਿੰਦੇ ਹਨ ਕਿ ਮਾਪਿਆਂ ਦੀ ਤਾਂ ਸਦਾ ਹੀ ਲੋੜ ਹੁੰਦੀ ਹੈ, ਕਿਸੇ ਦੀ ਮੌਤ ਬਾਰੇ ਸੁਣ ਕੇ ਕਹਿੰਦੇ ਹਾਂ ਕਿ ਕੋਈ ਨੀਂ … ਚੱਲ ਠੀਕ ਹੈ ਉਮਰ ਸੀ ਜਾਣ ਦੀ ਪਰ ਆਪਣੇ ਮਾਂ ਬਾਪ ਬਾਰੇ ਤਾਂ ਕਹਿਣਾ ਕੀ.. ਸੋਚਣ ਤੋਂ ਵੀ ਡਰਦੇ ਹਾਂ। ਡੈਡੀ ਇਕ ਸੈਲਫ਼ ਮੇਡ ਵਿਅਕਤੀ ਸਨ ਕਿਉਂਕਿ ਛੇ ਸਾਲ ਦੀ ਉਮਰ ਵਿੱਚ ਹੀ ਪਿਉ ਦਾ ਹੱਥ ਉਹਨਾਂ ਦੇ ਸਿਰ ਤੋਂ ਉੱਠ ਗਿਆ ਤੇ ਘਰ ਵਿੱਚ ਰਹਿ ਗਏ ਸਨ ਉਹ ਤੇ ਉਹਨਾਂ ਦੇ ਬੀਬੀ ਜੀ… ਮਾਤਾ ਈਸ਼ਰ ਕੌਰ ਜੀ ਜੋ ਇਕ ਅਜ਼ੀਮ ਤੇ ਦਰਵੇਸ਼ ਔਰਤ ਸਨ। ਸੰਘਰਸ਼ ਭਰੇ ਜੀਵਨ ਦੇ ਬਾਵਜੂਦ ਆਪ ਵੀ ਅਡੋਲ ਰਹੇ ਤੇ ਡੈਡੀ ਨੂੰ ਵੀ ਇਹੀ ਸਿਖਿਆ ਦਿੱਤੀ। ਉਹਨਾਂ ਦੀ ਤਰਬੀਅਤ ਕਾਰਨ ਡੈਡੀ ਹਮੇਸ਼ਾ-ਸਾਰੀ ਉਮਰ ਹਰ ਇਕ ਦੀ ਮਦਦ ਕਰਦੇ ਰਹੇ ਭਾਵੇਂ ਆਪਣਾ ਹੱਥ ਸੌਖਾ ਹੋਵੇ ਜਾਂ ਨਾ ਪਰ ਜੋ ਮਦਦ ਮੰਗਣ ਆ ਗਿਆ ਉਹ ਕਦੇ ਖਾਲੀ ਹੱਥ ਨਹੀਂ ਗਿਆ। ਸਾਡਾ ਪਰਿਵਾਰ 1999 ਦੁਸਹਿਰੇ ਵਾਲੇ ਦਿਨ ਨਵੇਂ ਘਰ ਵਿੱਚ ਸ਼ਿਫ਼ਟ ਹੋਇਆ ਸੀ। ਮੈਨੂੰ ਇਕ ਦਿਨ ਅਮਨ(ਮੇਰੇ ਪਤੀ) ਨੇ ਦੱਸਿਆ ਕਿ ਪਹਿਲਾਂ ਪਹਿਲ ਤਾਂ ਡੈਡੀ ਨਵਾਂ ਘਰ ਬਣਾਉਣ ਲਈ ਰਾਜ਼ੀ ਹੀ ਨਹੀਂ ਹੁੰਦੇ ਸਨ। ਜਦੋਂ ਕਦੀ ਅਮਨ ਨਵਾਂ ਘਰ ਪਾਉਣ ਲਈ ਕਹਿੰਦੇ ਤਾਂ ਡੈਡੀ ਮਨ੍ਹਾਂ ਕਰ ਦਿੰਦੇ। ਅਮਨ ਨੇ ਡੈਡੀ ਨੂੰ ਪੁਛਿਆ ਕਿ ਤੁਹਾਡੇ ਅਮੀਰ ਅਤੇ ਵੱਡੇ ਰੁਤਬੇ ਵਾਲੇ ਦੋਸਤ ਜਦ ਇਸ ਪੁਰਾਣੇ ਅਤੇ ਤ੍ਰੇੜਾਂ ਵਾਲੀਆਂ ਕੰਧਾਂ ਵਾਲੇ ਘਰ ’ਚ ਮਿਲਣ ਆਉਂਦੇ ਹਨ ਤਾਂ ਤੁਹਾਡੇ ਵਿੱਚ ਹੀਣ ਭਾਵਨਾ ਨਹੀਂ ਆਉਂਦੀ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਜੇ ਮੇਰੀ ਸ਼ਖ਼ਸੀਅਤ ਅਤੇ ਮੇਰੀ ਦੋਸਤੀ ਉੱਚ ਮਿਆਰ ਦੀ ਹੈ ਤਾਂ ਮੈਨੂੰ ਮਿਲਣ ਆਉਣ ਵਾਲਾ ਜ਼ਰੂਰ ਆਏਗਾ ਭਾਵੇਂ ਮੈਂ ਟੁੱਟੇ ਝੌਂਪੜੇ ਵਿੱਚ ਵੀ ਕਿਉਂ ਨਾ ਰਹਿੰਦਾ ਹੋਵਾਂ।

ਪਹਿਲਾਂ ਸਰਕਾਰੀ ਸਕੂਲ ਵਿੱਚ ਡਰਾਇੰਗ ਮਾਸਟਰ ਤੇ ਫਿਰ ਬਰਜਿੰਦਰ ਕਾਲਜ ਫ਼ਰੀਦਕੋਟ ਵਿੱਚ ਲਾਇਬ੍ਰੇਰੀਅਨ ਦੀ ਨੌਕਰੀ ਕਰਦਿਆਂ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਪਰ ਉਹਨਾਂ ਦੀ ਰੂਹ ਦੀ  ਖ਼ੁਰਾਕ ਤਾਂ ਪੱਤਰਕਾਰੀ ਸੀ। ਸੱਚੀ-ਸੁੱਚੀ ਪੱਤਰਕਾਰੀ, ਈਮਾਨਦਾਰੀ ਨਾਲ਼ ਬਿਨਾਂ ਕਿਸੇ ਲਾਲਚ ਦੇ ਅਤੇ ਕਿਸੇ ਵੀ ਰਾਜਨੀਤਕ, ਅਕਾਦਮਕ ਅਤੇ ਪ੍ਰਸ਼ਾਸਨਕ ਲਹਿਰ ਦਾ ਰੁੱਖ਼ ਬਦਲਣ ਵਾਲੀ ਪੱਤਰਕਾਰੀ। ਉਹਨਾਂ ਨੇ ਪੰਜਾਬ ਦੇ ਕਾਲੇ ਦੌਰ ਵੇਲੇ ਵੀ ਨਿਡਰ ਹੋ ਕੇ ਖ਼ਬਰਾਂ ਲਿਖੀਆਂ। ਉਹ ਆਪਣੀ ਤੇ ਮੰਮੀ ਦੀ ਨੌਕਰੀ ਦੀ ਤਨਖ਼ਾਹ ਵਿੱਚ ਹੀ ਸੰਤੁਸ਼ਟ ਰਹੇ, ਕਿਸੇ ਦੀ ਖ਼ਬਰ ਲਾਉਣ ਦਾ ਕਦੀ ਇਕ ਪੈਸਾ ਵੀ ਨਾ ਲਿਆ। ਇਕ ਲਾਇਬ੍ਰੇਰੀਅਨ ਵਜੋਂ ਵੀ ਕਿਤਾਬਾਂ ਦੀ ਖਰੀਦ ਸਮੇਂ ਈਮਾਨਦਾਰੀ ਹੀ ਉਹਨਾਂ ਦੇ ਨਾਲ਼ ਰਹੀ।  ਉਹ ਨਵੀਆਂ ਤਕਨੀਕਾਂ ਅਤੇ ਇਲੈਕਟ੍ਰੋਨਿਕ ਵਸਤਾਂ ਖ਼ਰੀਦਣ ਦੇ ਬਹੁਤ ਸ਼ੌਕੀਨ ਸਨ। ਹਰ ਨਵੀਂ ਕਾਢ ਸਭ ਤੋਂ ਪਹਿਲਾਂ ਉਹਨਾਂ ਕੋਲ ਹੁੰਦੀ ਸੀ ਭਾਵੇਂ ਉਹ ਪੇਜਰ ਹੋਵੇ ਜਾਂ ਕੋਈ ਨਵਾਂ ਮੋਬਾਈਲ, ਨਵਾਂ ਟੀ.ਵੀ ਹੋਵੇ ਜਾਂ ਫਿਰ ਲੈਪਟਾੱਪ, ਫੈਕਸ ਮਸ਼ੀਨ ਹੋਵੇ ਜਾਂ ਕੋਈ ਨਵਾਂ ਪ੍ਰਿੰਟਰ ਬੱਸ ਅਜਿਹੀ ਚੀਜ਼ ਖ਼ਰੀਦਣ ਦਾ ਉਹਨਾਂ ਨੂੰ ਚਾਅ ਚੜ੍ਹ ਜਾਂਦਾ। ਨਵੀਂਆਂ ਕਿਤਾਬਾਂ, ਵਧੀਆ ਪੈਨ ਅਤੇ ਸੁਹਣੀਆਂ ਡਾਇਰੀਆਂ ਉਹਨਾਂ ਦੀ ਜਾਨ ਸਨ।

ਸੁਹਣੇ ਰੰਗਾਂ ਦੀਆਂ ਪੱਗਾਂ ਬੰਨ੍ਹਣ ਦੇ ਵੀ ਉਹ ਬਹੁਤ ਸ਼ੌਕੀਨ ਸਨ। ਉਹ ਨਵੀਂ ਪੱਗ ਖਰੀਦ ਕੇ ਬਹੁਤ ਖੁਸ਼ ਹੁੰਦੇ ਸਨ ਪਰ ਪੱਗਾਂ ਦੇ ਢੇਰ ਵਿੱਚੋਂ ਇਕ ਦੋ ਰੰਗ ਉਹਨਾਂ ਦੇ ਪਸੰਦੀਦਾ ਬਣ ਜਾਂਦੇ ਤੇ ਫਿਰ ਹਰ ਦੂਜੇ ਦਿਨ ਉਹੀ ਪੱਗ ਸਜਾ ਕੇ ਬੰਨ੍ਹ ਲੈਂਦੇ, ਬਾਕੀ ਸਾਰੀਆਂ ਪੱਗਾਂ ਪਈਆਂ ਹੀ ਰਹਿੰਦੀਆਂ, ਇਹੀ ਹਾਲ ਪੈਂਟ-ਸ਼ਰਟ ਦਾ ਹੁੰਦਾ। ਉਹਨਾਂ ਦੀ ਇਹ ਪਸੰਦ ਮਹੀਨਾ ਕੁ ਚੱਲਦੀ ਤੇ ਫਿਰ ਅਗਲੇ ਹੋਰ ਰੰਗਾਂ ਦੀ ਵਾਰੀ ਆ ਜਾਂਦੀ। ਪੱਗਾਂ ਨਾਲ਼ ਪਿਆਰ ਦਾ ਇਹ ਸਿਲਸਿਲਾ ਲਗਭਗ ਅੰਤਮ ਦਿਨ ਤਕ ਵੀ ਜਾਰੀ ਰਿਹਾ। ਉਹ ਮੌਤ ਤੋਂ ਇਕ ਦਿਨ ਪਹਿਲਾਂ ਵੀ ਬੇਸੁਰਤੀ ਵਿੱਚ ਨਹਾ-ਧੋ ਕੇ ਪੱਗ ਬੰਨ੍ਹ ਤਿਆਰ ਹੋਣਾ ਚਾਹੁੰਦੇ ਸਨ। ਆਮ ਤੌਰ ’ਤੇ ਸਰਦੀਆਂ ਵਿੱਚ ਕੋਟ-ਪੈਂਟ ਘੱਟ ਹੀ ਪਾਉਂਦੇ, ਬਹੁਤ ਜ਼ੋਰ ਦੇ ਕੇ ਹੀ ਪਵਾਉਣਾ ਪੈਂਦਾ, ਜ਼ਿਆਦਾ ਖੁਸ਼ ਉਹ ਕੋਟੀਆਂ ਪਾ ਕੇ ਹੁੰਦੇ। ਘਰ ਆ ਕੇ ਕੁੜਤਾ ਪਜਾਮਾ ਵੱਧ ਪਾਉਂਦੇ, ਟਰੈਕ-ਸੂਟ ਪਾ ਲੈਂਦੇ ਪਰ ਉਸ ਤੋਂ ਜਲਦੀ ਅੱਕ ਕੇ ਫਿਰ ਕੁੜਤੇ ਪਜਾਮੇ ’ਤੇ ਆ ਜਾਂਦੇ। ਉਹਨਾਂ ਨੂੰ ਕਿਸੇ ਦੀ ਪਰੈਸ ਕੀਤੀ ਵੀ ਪਸੰਦ ਨਾ ਆਉਂਦੀ। ਪੈਂਟ ਤੇ ਸ਼ਰਟ ਦੋਹਾਂ ਦੀ ਕਰੀਜ਼ ਟੁੱਟਣੀ ਨਹੀਂ ਚਾਹੀਦੀ।

ਉਹ ਸਾਰੀ ਉਮਰ ਡਿਊਟੀ ’ਤੇ ਜਾਣ ਲਈ ਸਕੂਟਰ ਹੀ ਵਰਤਦੇ ਰਹੇ, ਕਾਰ ਉਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਖ਼ਰੀਦੀ। ਉਹਨਾਂ ਦੀ ਨਵੇਂ ਕੰਮਾਂ ਨੂੰ ਸਿੱਖਣ ਦੇ ਜਨੂੰਨ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹਨਾਂ ਨੇ ਕਾਰ ਚਲਾਉਣੀ ਵੀ ਰਿਟਾਇਰਮੈਂਟ ਤੋਂ ਬਾਅਦ ਹੀ ਸਿੱਖੀ। ਪੱਤਰਕਾਰੀ ਤੋਂ ਤਾਂ ਉਹ ਆਪਣੇ ਅੰਤ ਤਕ ਰਿਟਾਇਰ ਨਹੀਂ ਹੋਏ ਸਨ ਤੇ ਨਾ ਹੀ ਪੰਜਾਬੀ ਭਾਸ਼ਾ ਦੀ ਸੇਵਾ ਤੋਂ ਉਹਨਾਂ ਨੇ ਕਦੀ ਰਿਟਾਇਰਮੈਂਟ ਲਈ। ਸਾਡੇ ਘਰ ਆਮ ਬੋਲ-ਚਾਲ ਵਿੱਚ ਅੰਗਰੇਜ਼ੀ ਜਾਂ ਹਿੰਦੀ ਬੋਲਣੀ ਮਨ੍ਹਾਂ ਸੀ। ਕੇਵਲ ਮਾਂ ਬੋਲੀ ਵਿੱਚ ਗੱਲ ਕਰਨ ਦੀ ਇਜਾਜ਼ਤ ਸੀ। ਕੁਝ ਲਿਖਣ ਸਮੇਂ ਵੀ ਅਸੀਂ ਸਾਰੇ ਜਿੰਨਾਂ ਮਰਜ਼ੀ ਧਿਆਨ ਰੱਖ ਲਈਏ ਕੋਈ ਨਾ ਕੋਈ ਗ਼ਲਤੀ ਤਾਂ ਫਿਰ ਉਹਨਾਂ ਦੇ ਕੱਢਣ ਲਈ ਰਹਿ ਹੀ ਜਾਂਦੀ। ਅਸੀਂ ਉਹਨਾਂ ਨੂੰ ਗ਼ਲਤੀਆਂ ਕੱਢਣ ਵਾਲੇ ਪੰਜਾਬੀ ਮਾਸਟਰ ਕਹਿੰਦੇ। ਸਭ ਤੋਂ ਵੱਧ ਔਖੇ ਉਹ ਮਸਨੂਈ ਬੁੱਧੀ ਦੀ ਭਾਸ਼ਾ ਤੋਂ ਰਹਿੰਦੇ, ਨਿਊਜ਼ ਚੈਨਲਾਂ ’ਤੇ ਲਿਖੀ ਪੰਜਾਬੀ ਬਾਰੇ ਤਾਂ ਉਹਨਾਂ ਨੇ ਕਈ ਆਰਟੀਕਲ ਵੀ ਲਿਖ ਕੇ ਅਖ਼ਬਾਰਾਂ ਵਿੱਚ ਲਗਵਾਏ। ਅਸੀਂ ਬਹੁਤ ਵਾਰ ਦੱਸਦੇ ਕਿ ਇਹ ਮਸ਼ੀਨੀ ਭਾਸ਼ਾ ਹੈ ਪਰ ਡੈਡੀ ਨਾ ਮੰਨਦੇ ਤੇ ਕਹਿੰਦੇ ਮਸ਼ੀਨਾਂ ’ਤੇ ਵੀ ਚੈਕ ਹੋਣਾ ਚਾਹੀਦਾ ਹੈ। ਅਸੀਂ ਸਾਰੇ ਆਪਣੇ ਪਰਿਵਾਰਕ ਵਟਸਐਪ ਗਰੁੱਪ ਵਿੱਚ ਵੀ ਪੰਜਾਬੀ ਵਿੱਚ ਮੈਸੇਜ ਕਰਨ ਤੋਂ ਡਰਦੇ ਰਹਿੰਦੇ ਕਿ ਡੈਡੀ ਫਿਰ ਕੋਈ ਗ਼ਲਤੀ ਕੱਢਣਗੇ। ਮੇਰੇ ਪੀਐਚ. ਡੀ. ਥੀਸਿਜ਼ ਵਿੱਚ ਵੀ ਉਹਨਾਂ ਨੇ ਦੋ ਵਾਰ ਸ਼ਬਦ-ਜੋੜ ਚੈਕ ਕੀਤੇ ਅਤੇ ਸਹੀ ਕਰਵਾਏ।

ਉਹ ਹਰ ਇਕ ਨੂੰ ਪੜ੍ਹਾਈ ਕਰਨ ਦੀ ਸਿੱਖਿਆ ਦਿੰਦੇ ਅਤੇ ਇਸੇ ਤਰਜ਼ ’ਤੇ ਉਹ ਸਾਨੂੰ ਸਭ ਨੂੰ ਵੀ ਹੋਰ ਵੱਧ ਡਿਗਰੀਆਂ ਲੈਣ ਲਈ ਕਹਿੰਦੇ। ਉਹਨਾਂ ਦੀ ਇਹ ਗੱਲ ਕਿ ਜਦੋਂ ਤਕ ਵਧੀਆ ਨੌਕਰੀ ਲੱਗ ਕੇ ਸੈਟ ਨਾ ਹੋ ਜਾਓ ਉਦੋਂ ਤਕ ਪੜ੍ਹਾਈ ਦਾ ਕੋਈ ਸਾਲ ਵਿਅਰਥ ਨਹੀਂ ਜਾਣਾ ਚਾਹੀਦਾ। ਕੋਈ ਨਾ ਕੋਈ ਡਿਗਰੀ ਅਰਜਿਤ ਕਰਦੇ ਰਹੋ, ਕਿਹੜੀ ਡਿਗਰੀ ਕਿੱਥੇ ਕੰਮ ਆ ਜਾਵੇ ਕੋਈ ਪਤਾ ਨਹੀਂ ਹੁੰਦਾ। ਉਹ ਲਾਇਬ੍ਰੇਰੀ ਸਾਇੰਸ ਦੀ ਪੜ੍ਹਾਈ ਹਰ ਇਕ ਨੂੰ ਮੁਫ਼ਤ ਹੀ ਕਰਵਾਉਂਦੇ ਸਗੋਂ ਸਾਨੂੰ ਹਿਦਾਇਤ ਹੁੰਦੀ ਕਿ ਜਿਹੜਾ ਕੋਈ ਵੀ ਘਰੇ ਪੜ੍ਹਨ ਆਵੇ ਉਹ ਚਾਹ-ਪਾਣੀ ਪੀਤੇ ਬਿਨਾਂ ਨਾ ਜਾਵੇ। ਉਹ ਬਹੁਤ ਵਧੀਆ ਮਹਿਮਾਨ-ਨਿਵਾਜ਼ ਸਨ। ਕਿਸੇ ਮਹਿਮਾਨ ਦੇ ਘਰ ਆਉਣ ’ਤੇ ਉਹਨਾਂ ਨੂੰ ਚਾਅ ਹੀ ਚੜ੍ਹ ਜਾਂਦਾ। ਕਈ ਵਾਰ ਤਾਂ ਗੀਤ ਸੰਗੀਤ ਦੀ ਮਹਿਫ਼ਲ ਜੰਮਦੀ ਤੇ ਕਦੀ ਸਾਹਿਤ ਸਮੀਖਿਆ ਦੀ ਤੇ ਕਦੀ ਸ਼ਾਇਰ-ਓ-ਸ਼ਾਇਰੀ ਦੀ, ਬੱਸ ਡੈਡੀ ਦੀ ਰੂਹ ਅਜਿਹੇ ਸਮਿਆਂ ’ਚ ਸਭ ਤੋਂ ਵੱਧ ਚਹਿਕਦੀ ਅਤੇ ਆਪਣੇ ਜਿਗਰੀ ਯਾਰਾਂ ’ਚ ਬੈਠੇ ਉਹ ਆਪ ਮਹਿਫ਼ਲਾਂ ਦੀ ਜਾਨ ਹੁੰਦੇ ਸਨ। ਉਹਨਾਂ ਦੀ ਸਕਾਰਤਮਕ ਸੋਚ ਦੀ ਗਵਾਹ ਉਹਨਾਂ ਦੀ ਇਹ ਗੱਲ ਵੀ ਬਣਦੀ ਜਦੋਂ ਉਹ ਸਾਨੂੰ ਹਰ ਇਕ ਨੂੰ ਸਮਝਾਉਂਦੇ ਕਿ ਰੱਬ ਜੋ ਕਰਦਾ ਹੈ ਠੀਕ ਕਰਦਾ ਹੈ। ਜ਼ਿੰਦਗੀ ਦੇ ਔਖੋ ਮੋੜਾਂ ’ਤੇ ਵੀ ਇਹੀ ਕਹਿ ਸਾਨੂੰ ਸਮਝਾਉਂਦੇ।

ਡੈਡੀ ਦੇ ਟੀ.ਵੀ. ’ਤੇ ਸਾਰਾ ਦਿਨ ਖ਼ਬਰਾਂ ਚੱਲਦੀਆਂ ਤੇ ਖ਼ਬਰਾਂ ਸੁਣਦਿਆਂ ਉਹ ਕਮਰੇ ਵਿੱਚ ਕਿਸੇ ਨੂੰ ਬੋਲਣ ਵੀ ਨਾ ਦਿੰਦੇ ਪਰ ਸਵੇਰੇ ਉਠਦੇ ਸਾਰ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਲਾਉਂਦੇ। ਵੈਸੇ ਚੰਗੀਆਂ ਫ਼ਿਲਮਾਂ ਦੇ ਵੀ ਮੁਰੀਦ ਸਨ ਤੇ ਜਿਹੜੀ ਫ਼ਿਲਮ ਪਸੰਦ ਆ ਜਾਂਦੀ ਉਹ ਬਾਰ ਬਾਰ ਵੇਖਦੇ ਤੇ ਹਰ ਆਏ ਗਏ ਨੂੰ ਵੀ ਵਿਖਾਉਂਦੇ। ਦੇਵ ਆਨੰਦ ਅਤੇ ਰਾਜ ਕਪੂਰ ਦੀਆਂ ਫ਼ਿਲਮਾਂ ਉਹਨਾਂ ਨੂੰ ਬਹੁਤ ਪਸੰਦ ਸਨ। ਨੂਤਨ ਵੀ ਉਹਨਾਂ ਦੀ ਫੇਵਰੇਟ ਸੀ। ਕਦੀ ਕਦੀ ਟੀ. ਵੀ. ’ਤੇ ਹੀ ਰੇਡੀਓ ਚੈਨਲ ਲਾ ਕੇ ਪੁਰਾਣੇ ਫ਼ਿਲਮੀ ਗਾਣੇ ਸੁਣਦੇ ਤੇ ਕਦੀ ਆਪਣੇ ਕਾਰਵਾਂ (ਗਾਣੇ ਸੁਣਨ ਲਈ ਨਵੇਂ ਜ਼ਮਾਨੇ ਦਾ ਰੇਡੀਓ) ’ਤੇ। ਡੈਡੀ, ਮੰਮੀ ਤੇ ਮੈਂ ਹਰ ਐਤਵਾਰ ਦੂਰਦਰਸ਼ਨ ਦਿੱਲੀ ਤੋਂ ਰੰਗੋਲੀ ਵੀ ਜ਼ਰੂਰ ਵੇਖਦੇ। ਤਲਤ ਮਹਿਮੂਦ ਉਹਨਾਂ ਦਾ ਪਸੰਦੀਦਾ ਗਾਇਕ ਸੀ, ਨਾਲ਼ੇ ਲਤਾ ਮੰਗੇਸ਼ਕਰ, ਕਦੇ ਕਦੇ ਉਹ ਗੀਤ ਗੁਣਗੁਣਾਉਂਦੇ ਵੀ, ਪੰਜਾਬੀ ਗਾਇਕਾਂ ਵਿੱਚੋਂ ਸਭ ਤੋਂ ਵੱਧ ਸੁਰਿੰਦਰ ਕੌਰ ਦੇ ਗਾਣੇ ਸੁਣਦੇ। ਪੰਜਾਬੀ ਫ਼ਿਲਮ ਸੁਫ਼ਨਾ ਉਹਨਾਂ ਨੂੰ ਹੱਦੋਂ ਵੱਧ ਪਸੰਦ ਸੀ ਜਿਸਦਾ ਇਕ ਕਾਰਨ ਫ਼ਿਲਮ ਦਾ ਟਾਈਟਲ ਵੀ ਸੀ। ਉਹ ਬਾਰ ਬਾਰ ਦੱਸਦੇ ਕਿ ਇਹ ਹੈ ਸਹੀ ਪੰਜਾਬੀ…ਸੁਪਨਾ ਨਹੀਂ ਸੁਫ਼ਨਾ। ਗੁਰਬਾਣੀ ਦਾ ਕੀਰਤਨ ਸੁਣਨਾ ਵੀ ਉਹਨਾਂ ਨੂੰ ਪਸੰਦ ਸੀ ਪਰ ਉਦੋਂ ਜਦੋਂ ਕੀਰਤਨ ਕਰਨ ਵਾਲੇ ਸਹੀ ਉਚਾਰਣ ਨਾਲ਼ ਕੀਰਤਨ ਕਰ ਰਹੇ ਹੋਣ।

ਆਪਣੇ ਅੰਤਮ ਦਿਨਾਂ ਵਿੱਚ ਉਹ ਰੋਜ਼ਾਨਾ ਦੀਆਂ ਸਰੀਰਕ ਕ੍ਰਿਆਵਾਂ ਦਾ ਢੰਗ ਵੀ ਭੁੱਲ ਗਏ ਸਨ। ਕਈ ਵਾਰ ਖਾਣ ਦਾ ਢੰਗ ਵੀ ਯਾਦ ਕਰਵਾਉਣਾ ਪੈਂਦਾ। ਪਹਿਲਾਂ ਖ਼ਬਰ ਲਿਖ ਲੈਂਦੇ ਪਰ ਮੇਲ ਕਰਨ ਦੀ ਜਾਚ ਭੁੱਲ ਗਏ, ਫਿਰ ਹੌਲੀ ਹੌਲੀ ਖ਼ਬਰ ਲਿਖਣ ਦੀ ਜਾਚ ਵੀ ਸਾਥ ਛੱਡ ਗਈ। ਉਹਨਾਂ ਦੀ ਹਾਲਤ ਵੇਖ ਦਿਲ ਬਹੁਤ ਦੁੱਖੀ ਹੁੰਦਾ, ਕਈ ਵਾਰ ਕਈ ਨੇੜੇ ਦੇ ਵਿਅਕਤੀਆਂ ਦੇ ਨਾਂ ਵੀ ਯਾਦ ਨਾ ਆਉਂਦੇ। ਉਹਨਾਂ ਦੇ ਜਿਗਰੀ ਦੋਸਤ ਡਾ. ਗੁਰਉਪਦੇਸ਼ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਹਨਾਂ ਨੂੰ ਮਿਲਣ ਆਏ ਤਾਂ ਚਾਰ ਪੰਜ ਘੰਟੇ ਉਹਨਾਂ ਕੋਲ ਬੈਠੇ ਰਹੇ, ਰੋਟੀ ਖਾਧੀ, ਊਹਨਾਂ ਦੇ ਜਾਣ ਤੋਂ ਬਾਅਦ ਕਹਿੰਦੇ ਕਿ ਮੈਂ ਇਸ ਬੰਦੇ ਨੂੰ ਜਾਣਦਾ ਤਾਂ ਹਾਂ ਪਰ ਹੁਣ ਯਾਦ ਨਹੀਂ ਆ ਰਿਹਾ ਕਿ ਇਹ ਕੌਣ ਹੈ। ਕਦੀ ਲੋੜ ਪੈਣ ’ਤੇ ਮੈਂ ਜਦ ਕੋਈ ਸ਼ਬਦ-ਜੋੜ ਪੁੱਛਦੀ ਤਾਂ ਵੀ ਦੱਸ ਨਾ ਸਕਦੇ ਤੇ ਫਿਰ ਇਸ ਗੱਲ ’ਤੇ ਮਾਯੂਸ ਵੀ ਹੁੰਦੇ। ਇਕ ਵਾਰ ਆਪਣੀ ਪੁਸਤਕ ਤੀਸਰੀ ਅੱਖ ਨੂੰ ਵੇਖ ਕੇ ਹੈਰਾਨ ਹੋਏ ਕਿ ਇਹ ਮੇਰੀ ਕਿਤਾਬ ਹੈ। ਫਿਰ ਸਾਡੇ ਦੱਸਣ ’ਤੇ ਇੰਨੇ ਖੁਸ਼ ਹੋਏ ਕਿ ਆਹ ਮੇਰੀ ਪੁਸਤਕ ਬਹੁਤ ਵਧੀਆ ਛਪੀ ਹੈ ਪਰ ਮੈਨੂੰ ਯਾਦ ਨਹੀਂ ਕਿ ਕਦੋਂ ਛਪਵਾਈ ਸੀ। ਬੱਸ ਇਕ ਤਰ੍ਹਾਂ ਉਹ ਸਰੀਰਕ ਤੌਰ ’ਤੇ ਸਾਡੇ ਕੋਲ ਹੁੰਦੇ ਹੋਏ ਵੀ ਜ਼ਿਹਨੀ ਰੂਪ ਵਿੱਚ ਦੂਰ ਜਾ ਚੁੱਕੇ ਸਨ। ਅਸੀਂ ਤਾਂ ਬੱਸ ਉਹਨਾਂ ਦੇ ਸਰੀਰ ਦੀ ਦੇਖਭਾਲ ’ਚ ਲੱਗੇ ਹੋਏ ਸਾਂ। ਉਹਨਾਂ ਦੇ ਸਰੀਰਕ ਰੂਪ ਵਿੱਚ ਵੀ ਚਲੇ ਜਾਣ ਤੋਂ ਬਾਅਦ ਉਹਨਾਂ ਦੀ ਕਮੀ ਹਰ ਘੜੀ ਮਨ ਨੂੰ ਖਟਕਦੀ ਹੈ। ਹੁਣ ਸਾਡੇ ਕੋਲ ਉਹਨਾਂ ਦੁਆਰਾ ਦਿੱਤੀ ਤਰਬੀਅਤ, ਜੀਵਨ ਜਾਚ ਅਤੇ ਸਿਖਿਆਵਾਂ ਹੀ ਬਾਕੀ ਰਹਿ ਗਈਆਂ ਹਨ। ਪੂਰੀ ਕੋਸ਼ਿਸ਼ ਰਹੇਗੀ ਕਿ ਇਸ ਖ਼ਜ਼ਾਨੇ ਨੂੰ ਅਸੀਂ ਅਗਲੀਆਂ ਪੀੜ੍ਹੀਆਂ ਤਕ ਪਹੁੰਚਾਈਏ।
***

ਡਾ. ਸੰਦੀਪ ਰਾਣਾ,
ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ,
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ,
ਤਲਵੰਡੀ ਸਾਬੋ।
+91 9872887551

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1463
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਸੰਦੀਪ ਰਾਣਾ,
ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ,
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ,
ਤਲਵੰਡੀ ਸਾਬੋ।
+91 9872887551
rsandeep251@gmail.com

ਡਾ. ਸੰਦੀਪ ਰਾਣਾ

ਡਾ. ਸੰਦੀਪ ਰਾਣਾ, ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ, ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਤਲਵੰਡੀ ਸਾਬੋ। +91 9872887551 rsandeep251@gmail.com

View all posts by ਡਾ. ਸੰਦੀਪ ਰਾਣਾ →