13 November 2024

ਇਕ ਮੋੜ ਵਿਚਲਾ ਪੈਂਡਾ(ਛੇਵੀਂ ਕਿਸ਼ਤ)-ਮੇਰੀ ਕੈਂਸਰ ਅਤੇ ਅਗਲਾ ਜੀਵਨ—ਡਾ. ਗੁਰਦੇਵ ਸਿੰਘ ਘਣਗਸ

 

ਡਾ. ਗੁਰਦੇਵ ਸਿੰਘ ਘਣਗਸਨੋਟ: ਪੰਜਾਬੀ ਸਾਹਿਤ ਨੂੰ ਸਮਰਪਿਤ, ਵਿਗਿਆਨੀ, ਲੇਖਕ-ਕਵੀ ਅਤੇ ਜੀਵਨ ਦੇ ਬਹੁਪੱਖੀ ਅਨੁਭਵਾਂ ਦੇ ਧਾਰਨੀ ਡਾ. ਗੁਰਦੇਵ ਸਿੰਘ ਘਣਗਸ, ਕਿਸੇ ਰਸਮੀ ਜਾਣ-ਪਹਿਚਾਣ ਦੇ ਮੁਹਤਾਜ ਨਹੀਂ ਹੈ। 2005 ਵਿੱਚ ਆਪਣੀ ਪਹਿਲੀ ਕਾਵਿ-ਪੁਸਤਕ ‘ਸੱਠਾਂ ਤੋਂ ਬਾਅਦ’ ਦੀ ਪ੍ਰਕਾਸ਼ਨਾ ਮਗਰੋਂ ਉਸਨੇ ਫਿਰ ਪਿਛਾਂਹ ਮੁੜ ਕੇ ਨਹੀਂ ਦੇਖਿਆ। ‘ਸੱਠਾਂ ਤੋਂ ਬਾਅਦ’ ਉਸਨੇ, ਪੰਜਾਬੀ ਸਾਹਿਤਕ ਜਗਤ ਦੀ ਝੋਲੀ ਵਿੱਚ ਅਗ੍ਹਾਂ ਦਰਜ ਹੋਰ ਕਾਵਿ-ਸੰਗ੍ਰਹਿ/ਪੁਸਤਕਾਂ ਪਾਈਅਾਂ: ਤੁਰਦੇ ਭੁਰਦੇ ਜੁੜਦੇ ਰਿਸ਼ਤੇ(2006), ਕੁਝ ਆਰ ਦੀਅਾਂ ਕੁਝ ਪਾਰ ਦੀਅਾਂ (2008), ਧੁੱਖਦੇ ਅਹਿਸਾਸ( 2009), ਸੱਤਰ ਦੇ ਲਾਗ (2012) ਅਤੇ ਇਕ ਮੋੜ ਵਿਚਲਾ ਪੈਂਡਾ (2019)। ਡਾ. ਘਣਗਸ ਦੀਅਾਂ ਦੋ ਪੁਸਤਕਾਂ ਅੰਗਰੇਜ਼ੀ ਵਿੱਚ ਵੀ ਪ੍ਰਕਾਸ਼ਿਤ ਹੋਈਅਾਂ ਜਿਵੇਂ ਕਿ 1. In Search of Pathways—The Making and Breaking of A Scientist in the Modern World —(Memoir 2015) and 2. Journey Through aTurning Point—My Life During And After Leukemia —(Memoir-2019).

‘ਇਕ ਮੋੜ ਵਿਚਲਾ ਪੈਂਡਾ’ ਇਸ ਅੰਗਰੇਜ਼ੀ ਪੁਸਤਕ ‘Journey Through A Turning Point—My Life After Leukemia ਦਾ ਹੀ ਪੰਜਾਬੀ ਰੂਪ ਹੈ। ਇਹ ਸਵੈ-ਜੀਵਨੀ ਪੜ੍ਹਨ ਨਾਲ ਹੀ ਸੰਬੰਧ ਰੱਖਦੀ ਹੈ ਜਿਸ ਰਾਹੀਂ ਪਤਾ ਲੱਗਦਾ ਹੈ ਕਿ ਇਸ ਸਿਰੜ ਦੇ ਪੱਕੇ ਕਵੀ/ਲੇਖਕ ਨੇ ਕਿੰਨ੍ਹਾਂ ਗੰਭੀਰ ਹਾਲਤਾਂ ਵਿੱਚੋਂ ਲੰਘਦਿਆ ਆਪਣੇ ਜੀਵਨ ਦੇ ਇਸ ‘ਸਮੇਂ’ ਦਾ ਦਲੇਰੀ ਨਾਲ ਨਾ ਕੇਵਲ ਮੁਕਾਬਲਾ ਹੀ ਕੀਤਾ ਸਗੋਂ ਲੋੜੀਂਦੀ ਜਿੱਤ ਵੀ ਪਰਾਪਤ ਕੀਤੀ ਅਤੇ ਜੀਵਨ ਨੂੰ ਨਵੀਅਾਂ ਸੇਧਾਂ ਦੇ ਕੇ ਹਲਕੇ-ਫੁਲਕੇ ਰੁਝੇਵਿਅਾਂ ਨਾਲ ਸੁਖਾਵਾਂ ਬਣਾਇਆ। ਇਸ ਪ੍ਰੇਰਨਾ-ਸਰੋਤ ਪੁਸਤਕ ਦੇ ਪਠਨ ਨੇ ਨਿਰਸੰਦੇਹ ਮੈਂਨੂੰ ਝੰਝੋੜਿਆ, ਸੋਚ ਨੂੰ ਟੁੰਬਿਆ, ਢੇਰੀ ਢਾਉਣ ਤੋਂ ਵਰਜਿਆ ਅਤੇ ਬਲ ਬਖਸ਼ਿਆ। ਇਹ ਸਵੈ-ਜੀਵਨੀ ਪੜ੍ਹਨ ਯੋਗ, ਸੋਚ ਨੂੰ ਡਾਵਾਂ-ਡੋਲ ਹੋਣ ਤੋਂ ਬਚਾਉਣ ਵਾਲੀ ਅਤੇ ਪ੍ਰੇਰਨਾਦਾਇਕ ਹੋਣ ਕਾਰਨ ‘ਲਿਖਾਰੀ’ ਦੇ ਪਾਠਕਾਂ ਗੋਚਰੇ ਕਿਸ਼ਤਾਂ ਵਿੱਚ ਹਾਜ਼ਰ ਕੀਤੀ ਜਾ ਰਹੀ ਹੈ।—-ਲਿਖਾਰੀ 

ਕਿਸ਼ਤ: 6
ਭਾਗ: 4
ਸਫ਼ਰਨਾਮੇ – ਦੂਰ ਦੇ
ਅਧਿਆਇ 17
ਕੈਂਸਰ ਤੋਂ ਬਾਅਦ ਦੇ ਸਫਰ

ਕੈਂਸਰ ਦਾ ਇਲਾਜ ਕਰਨ ਸਮੇਂ ਡਾਕਟਰਾਂ ਵਲੋਂ ਮੇਰੇ ਬਚਣ ਦੀ ਆਸ ਵੱਧ ਤੋਂ ਵੱਧ 50 ਫੀਸਦੀ ਦੱਸੀ ਗਈ ਸੀ। ਮਈ 2000 ਤੱਕ, ਹਸਪਤਾਲ ਵਿਚ ਹਫ਼ਤਿਆਂ ਬੱਧੀ ਲਟਕਣ ਅਤੇ ਕੀਮੋ ਲਈ ਗੇੜੇ ਲਾਉਣ ਬਾਅਦ ਮੇਰਾ ਲਹੂ ਸਾਫ਼ ਹੋ ਗਿਆ ਲਗਦਾ ਸੀ, ਕਿਉਂਕਿ ਕੈਂਸਰ ਦਾ ਇਕ ਸੈਲ ਵੀ ਬਚਿਆ ਨਹੀਂ ਸੀ ਦਿਸਿਆ। ਪਰ ਅਜੇ ਮੇਰਾ ਡਰ ਨਹੀਂ ਸੀ ਗਿਆ, ਕਿਉਂਕਿ ਇਹ ਦੁਬਾਰਾ ਆ ਸਕਦੀ ਸੀ। ਏਸ ਲਈ ਹਸਪਤਾਲ ਤੋਂ ਵਾਪਸ ਆਕੇ ਮੈਂ ਉਹਨਾਂ ਸਨੇਹੀਆਂ ਨੂੰ ਮਿਲਣਾ ਚਾਹੁੰਦਾ ਸਾਂ, ਜਿਨ੍ਹਾਂ ਨੂੰ ਮਰਨ ਤੋਂ ਪਹਿਲਾਂ ਮਿਲਕੇ ਜਾਣਾ ਚਾਹੀਦਾ ਸੀ। ਮੇਰੇ ਇਲਾਜ ਸਮੇਂ ਇੰਡੀਆ ਬੈਠੀ ਮੇਰੀ ਮਾਂ ਸਾਹ ਛੱਡ ਗਈ, ਜਿਸ ਨਾਲ ਮੇਰੇ ਮਨ ਦਾ ਬੋਝ ਮੈਨੂੰ ਹੋਰ ਤੰਗ ਕਰ ਰਿਹਾ ਸੀ। ਇੰਡੀਆ ਤੋਂ ਵਾਪਸ ਆਕੇ ਮੈਂ ਇਕ ਸਾਂਝੀ ਚਿੱਠੀ ਲਿਖ ਭੇਜੀ:

‘‘ਸਾਡੀ ਇੰਡੀਆ ਯਾਤਰਾ: ਇਕ ਛੋਟਾ ਬਿਰਤਾਂਤ’’

12/10/00

ਰਿਸ਼ਤੇਦਾਰਾਂ, ਅਤੇ ਮਿੱਤਰਾਂ ਨੂੰ ਭੇਜੇ ਸ਼ਬਦ

ਪਿਆਰੇ ਸਾਕ-ਸੰਬੰਧੀਓ:

ਆਸ ਰਖਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਵਿਚ ਹੋ। ਅਸੀਂ ਇੰਡੀਆ ਟਰਿੱਪ ਤੋਂ ਸਮੇਂ ਸਿਰ ਵਾਪਿਸ ਲੌਟ ਆਏ ਹਾਂ। ਸਾਡਾ ਇਥਕਾ ਵਿਚਲਾ ਘਰ ਰੂੰ ਵਰਗੀ ਚਿੱਟੀ ਬਰਫ਼ ਨਾਲ ਢੱਕਿਆ ਪਿਆ ਹੈ। ਠੰਢ ਵੀ ਲੋਹੜੇ ਦੀ ਪੈ ਰਹੀ ਹੈ। ਅਸੀਂ ਕਈ ਦਿਨ ਥੱਕੇ ਰਹੇ, ਕੁਝ ਸਮਾਂ-ਬਦਲੀ (Jet Leg) ਦਾ ਅਸਰ ਰਿਹਾ।

ਮੇਰਾ ਕਈ ਦਿਨ ਜੀਅ ਭਿਆਣਾ ਰਿਹਾ, ਕਲਚਰ-ਸ਼ਾਕ (Cultural Shock) ਕਰਕੇ। ਇਸ ਲਈ ਮੈਂ ਚਿੱਠੀ ਹੌਲੀ ਹੌਲੀ ਲਿਖੀ ਤਾਂਕਿ ਸਭ ਕੁਛ ਲਿਖ ਸਕਾਂ। ਸੁਰਿੰਦਰ ਨੇ ਦੱਸ ਤਾਂ ਕਾਫੀ ਕੁਝ ਦਿੱਤਾ ਹੋਣਾ, ਪਰ ਉਹ ਲਿਖਦੀ ਨਹੀਂ। ਲਿਖਣ ਦਾ ਧੰਦਾ ਮੇਰੀ ਜ਼ੁੰਮੇਵਾਰੀ ਹੈ।

ਸੰਖੇਪ ਵਿਚ, ਅਸੀਂ ਅੱਠ ਅਕਤੂਬਰ ਨੂੰ ਇਥਕਾ ਤੋਂ ਚੱਲ ਪਹਿਲਾਂ ਦਿੱਲੀ ਪਹੁੰਚੇ। ਦੋ ਦਿਨ ਦਿੱਲੀ ਠਹਿਰੇ। ਕਾਰਪੋਰੇਟ ਰੈਜ਼ੀਡੈਂਸੀ ਹੋਟਲ (Corporate Residency Hotel) ਦਾ ਡਰੈਵਰ ਸਾਨੂੰ ਹਵਾਈ ਅੱਡੇ ਤੇ ਉਡੀਕ ਰਿਹਾ ਸੀ। ਹੋਟਲ ਤਾਂ ਠੀਕ ਸੀ, ਪਰ ਜਿੱਥੇ ਹੋਟਲ ਬਣਿਆ ਹੈ ਇਲਾਕਾ ਨਹੀਂ ਚੰਗਾ। ਦੂਸਰੇ ਦਿਨ ਸਾਨੂੰ ਲੱਭਣ ਵਿਚ ਵੀ ਔਖ ਆਈ। ਦੂਸਰਾ ਦਿਨ ਕੁਝ ਫਾਲਤੂ ਦੁਕਾਨਾਂ ਲੱਭਣ ‘ਚ ਲੱਗ ਗਿਆ ਤੇ ਬਾਕੀ ਸ਼ਤਾਬਦੀ ਰੇਲ਼ ਦੀਆਂ ਸੀਟਾਂ ਬੁੱਕ ਕਰਾਉਣ ‘ਚ। ਅਗਲੇ ਦਿਨ ਅਸੀਂ ਪੰਜਾਬ ਜਾਣਾ ਸੀ। ਅਸੀਂ ਤੜਕੇ ਉੱਠੇ ਤੇ ਸਟੇਸ਼ਨ ਤੇ ਜਾਣ ਲਈ ਟੈਕਸੀ ਫੜ ਲਈ। ਟੈਕਸੀ ਡਰਾਈਵਰ ਬੰਦਾ ਤਾਂ ਚੰਗਾ ਲਗਦਾ ਸੀ, ਪਰ ਅਜਮੇਰੀ ਗੇਟ ਕੋਲ ਆਕੇ ਉਹਦਾ ਰੁੱਖ ਬਦਲ ਗਿਆ, ਤੇ ਉਹਨੇ ਸਾਨੂੰ ਗੇਟ ਤੋਂ ਦੂਰ ਭੀੜ ਵਿਚ ਸੜਕ ਤੇ ਲਾਹ ਦਿੱਤਾ, ਜਿਥੋਂ ਸਾਨੂੰ ਮੱਦਦ ਲੈਣੀ ਪਈ।

ਮੇਰੇ ਲਈ ਕੁਲੀਆਂ, ਰਿਕਸ਼ਾ ਡਰੈਵਰਾਂ ਇਤ ਆਦਿ ਨਾਲ ਭਾਅ ਕਰ ਸਕਣੇ ਇਕ ਧੰਦਾ ਬਣ ਜਾਂਦਾ ਹੈ। ਏਸ ਲਈ ਭਾਰ ਚੱਕਣ ਲਈ ਕੁਲੀ ਲੱਭਦਿਆਂ ਕਾਫੀ ਸਮਾਂ ਲੱਗਿਆ। ਸਟੇਸ਼ਨ ਤੇ ਪਹੁੰਚ ਕੇ ਅਸੀਂ ਗੱਡੀ ਸਵਾਰ ਹੋ ਗਏ, ਤਾਂ ਸਾਹ ਵਿਚ ਸਾਹ ਆਇਆ। ਜਗਤਾਰ, ਮੇਰਾ ਲੁਧਿਆਣੇ ਰਹਿੰਦਾ ਦੋਸਤ ਟੇਸ਼ਣ ਤੋਂ ਸਾਨੂੰ ਰਣਧੀਰ ਸਿੰਘ ਨਗਰ ਆਪਣੇ ਘਰ ਲੈ ਗਿਆ। ਅਗਲੇ ਦਿਨ, ਕੁਝ ਸਮਾਨ ਉਹਦੇ ਘਰ ਛੱਡਕੇ, ਅਸੀਂ ਪਿੰਡ ਲਈ ਰਵਾਨਾ ਹੋਣਾ ਸੀ।

ਅਗਲੇ ਦਿਨ ਭਾੜੇ ਤੇ ਟੈਕਸੀ ਕਰਕੇ, ਪਿੰਡ ਨੂੰ ਜਾਂਦੇ ਹੋਏ, ਅਸੀਂ ਰਾਹ ਵਿਚ ਆਉਂਦੇ ਰਿਸ਼ਤਿਆਂ ਵਿਚਦੀ ਲੰਘਦੇ ਗਏ।

ਘਰ ਜਾਣ ਤੋਂ ਪਹਿਲਾਂ ਸਾਨੂੰ ਫਿਕਰ ਵੀ ਚਿੰਬੜਿਆ ਹੋਇਆ ਸੀ ਕਿਉਂਕਿ ਅਸੀ ਕਈ ਵਰਿੵਆਂ ਪਿੱਛੋ ਜਾ ਰਹੇ
ਸਾਂ ਅਤੇ ਕਾਫੀ ਕੁਝ ਬਦਲਿਆ ਦਿਸ ਰਿਹਾ ਸੀ। ਇਕੱਠੇ ਰਹਿੰਦੇ ਵੱਡੇ ਟੱਬਰਾਂ ਵਿਚ ਨਵੇਂ ਚਿਹਰੇ, ਨਵੇਂ ਰਿਸ਼ਤੇ ਤੇ ਬੱਚੇ ਸ਼ਾਮਲ ਹੋ ਜਾਂਦੇ ਹਨ ਅਤੇ ਕੁਝ ਸਦੀਵੀ ਵਿਛੋੜੇ ਦੇ ਜਾਂਦੇ ਹਨ। ਪਰ ਫਿਰ ਭੀ ਟੱਬਰ ਬਹੁਤਾ ਨਹੀਂ ਬਦਲਦੇ। ਇਸ ਲਈ, ਸਾਡੀ ਜਾਣ-ਪਛਾਣ ਛੇਤੀ ਹੋ ਗਈ ਤੇ ਓਪਰਾਪਣ ਘਟਣ ਲੱਗ ਪਿਆ।

ਮੇਰੇ ਪਰਿਵਾਰ ਨੇ ਅਖੰਡ ਪਾਠ ਦੀ ਤਜ਼ਵੀਜ ਪਹਿਲਾਂ ਹੀ ਬਣਾ ਰੱਖੀ ਸੀ, ਇਸ ਲਈ ਸਮੇਂ ਦੀ ਅਦਲਾ-ਬਦਲੀ ਕਰਨ ਦੀ ਗੁੰਜਾਇਸ਼ ਸਾਡੇ ਹੱਥ ਨਹੀਂ ਸੀ। ਗੁਰੂ ਗਰੰਥ ਸਾਹਿਬ ਸਿੱਖਾਂ ਲਈ ਪਵਿੱਤਰ ਗਰੰਥ ਹੈ, ਇਸਦੇ ਲਗਾਤਾਰ ਪਾਠ ਨੂੰ ਅਖੰਡ ਪਾਠ ਕਿਹਾ ਜਾਂਦਾ ਹੈ, ਜਿਸਨੂੰ ਤਿੰਨ ਦਿਨ ਲੱਗ ਜਾਂਦੇ ਹਨ। ਇਸ ਤਰ੍ਹਾਂ ਦੇ ਮਹੌਲ ਵਿਚ ਸੁਰਿੰਦਰ ਭਾਵਕ ਹੋ ਜਾਂਦੀ ਹੈ, ਤੇ ਮੈਂਨੂੰ ਕਿੰਤੂ-ਪ੍ਰੰਤੂ ਨਹੀਂ ਕਰਨ ਦੇਂਦੀ। ਅਖੰਡ ਪਾਠ ਦੀ ਸਮਾਪਤੀ ਹੋਣ ਤੱਕ ਸਾਡੇ ਦਸ ਦਿਨ ਲੰਘ ਚੁੱਕੇ ਸਨ।

ਅਗਲੇ ਹਫ਼ਤੇ ਅਸੀਂ ਨੰਦੇੜ ਦੀ ਯਾਤਰਾ ਤੇ ਚੱਲ ਪਏ, ਸਾਡੇ ਨਾਲ ਰਿਸ਼ਤੇਦਾਰੀਆਂ ਚੋਂ ਅੱਠ ਨਗਾਂ ਦਾ ਟੋਲਾ ਰਲ ਗਿਆ। ਅਸੀਂ ਸਚਖੰਡ ਐਕਸਪਰੈਸ ਗੱਡੀ ਦੇ ਟਿਕਟ ਕੁਝ ਦਿਨ ਪਹਿਲਾਂ ਬੁੱਕ ਕਰਵਾ ਲਏ ਸਨ। ਉਸ ਗੱਡੀ ਨੇ ਲੁਧਿਆਣੇ ਤੋਂ ਨੰਦੇੜ ਪਹੁੰਚਣ ਲਈ 35-36 ਘੰਟੇ ਲਾ ਦਿੱਤੇ। ਗੱਡੀ ਵਿਚ ਇਸ ਤਰ੍ਹਾਂ ਸਫਰ ਕਰਨ ਵਾਲਾ ਆਨੰਦ ਮੈਂਨੂੰ ਅਜੇ ਤੱਕ ਯਾਦ ਹੈ। ਅਸੀਂ ਭਾੜੇ ਦੀਆਂ ਟੈਕਸੀਆਂ ਤੇ ਸਵਾਰ ਹੋਕੇ, ਨੰਦੇੜ ਅਤੇ ਬਿਦਰ ਦੇ ਇਰਦ ਗਿਰਦ ਇਲਾਕਿਆਂ ਵਿਚ 11-12 ਇਤਿਹਾਸਕ ਗੁਰਦਵਾਰਿਆਂ ਦੇ ਦਰਸ਼ਨ ਕੀਤੇ। ਰਿਸ਼ਤੇਦਾਰਾਂ ਨੂੰ ਤਾਂ ਇਸ ਗੱਲ ਦਾ ਚਾਅ ਹੀ ਬਥੇਰਾ ਸੀ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਅਜੇ ਵੀ ਓਸੇ ਤਰ੍ਹਾਂ ਕਾਇਮ ਸਨ ਜਿਵੇਂ ਸਾਡੇ ਪਰਦੇਸੀ ਹੋਣ ਤੋਂ ਪਹਿਲਾਂ ਸਨ।

ਇਸ ਟਰਿੱਪ ਨਾਲ ਸਾਡੀ ਇੰਡੀਆ ਬਾਰੇ ਜਾਣਕਾਰੀ ਹੋਰ ਵਧ ਗਈ। ਨੰਦੇੜ ਦੇ ਟਰਿੱਪ ਤੋਂ ਵਾਪਿਸ ਆਕੇ ਪਤਾ ਲੱਗਿਆ ਕਿ ਸਾਡੇ ਦੂਰ ਦੀਆਂ ਰਿਸ਼ਤੇਦਾਰੀਆਂ ਵਿਚੋਂ ਦੋ ਬੰਦਿਆਂ ਦੀ ਮੌਤ ਹੋ ਗਈ, ਜਿਨ੍ਹਾਂ ‘ਚੋਂ ਇਕ ਸੜਕ ਹਾਦਸੇ ਕਾਰਨ ਮਰਿਆ। ਅਸੀਂ ਇਨ੍ਹਾਂ ਨੂੰ ਕਦੇ ਨਹੀਂ ਮਿਲੇ, ਫਿਰ ਵੀ ਮਹੌਲ ਮੁਰਝਾਇਆ ਗਿਆ। ਤਦ ਤੱਕ ਸਾਡੇ ਢਾਈ ਹਫ਼ਤੇ ਖਤਮ ਹੋ ਚੁੱਕੇ ਸਨ।

ਸੁਰਿੰਦਰ ਅਤੇ ਮੈਂ ਫਿਰ ਆਗਰਾ ਅਤੇ ਜੈਪੁਰ ਦੀ ਯਾਤਰਾ ਤੇ ਚਲੇ ਗਏ। ਦੋਨੋ ਥਾਵਾਂ ਦੇਖਣ ਵਾਲੀਆਂ ਹਨ, ਪਰ ਆਗਰਾ ਵਿਚ ਭੀੜ ਲਗਦੀ ਸੀ, ਅਤੇ ਕਾਫੀ ਗੰਦ-ਮੰਦ ਵੀ। ਸਾਡਾ ਜ਼ਿਆਦਾ ਵਕਤ ਮੁਗਲਾਂ ਦੀਆਂ ਪੁਰਾਤਨ ਇਮਾਰਤਾਂ ਦੇਖਦਿਆਂ ਬੀਤ ਗਿਆ। ਕੁਝ ਸਮਾਂ ਗਜ਼ਲਾਂ ਵੀ ਸੁਣੀਆਂ। ਜੈਪੁਰ ਘੁੰਮਣ ਦਾ ਵੱਖਰਾ ਆਨੰਦ ਹੈ, ਜਿੱਥੇ ਅਸੀਂ ਇਕ ਫਿਲਮ ਵੀ ਦੇਖੀ। ਫਿਲਮ ਤਾਂ ਆਮ-ਖਾਸ ਹੀ ਲੱਗੀ, ਪਰ ਸਿਨਮਾ ਘਰ ਸਾਰੇ ਇੰਡੀਆ ਵਿਚ ਮਸ਼ਹੂਰ ਹੈ – – ਜਿਸ ਕਰਕੇ ਅਸੀਂ ਉੱਥੇ ਗਏ ਸੀ।

ਇਕ ਸ਼ਾਮ ਦਾ ਖਾਣਾ ਅਸੀਂ ਰਾਮਬਾਗ ਪੈਲੇਸ ਵਿਚ ਖਾਧਾ, ਜੋ ਕਿਸੇ ਮਹਾਰਾਜੇ ਦਾ ਘਰ ਹੁੰਦਾ ਸੀ, ਤੇ ਹੁਣ ਮਸ਼ਹੂਰ ਅਤੇ ਮਹਿੰਗਾ ਹੋਟਲ ਹੈ। ਉਥੇ ਵੀ ਅਸੀਂ ਗਾਣੇ ਸੁਣੇ ਅਤੇ ਬਾਹਰ ਰਾਜਸਥਾਨੀ ਨਾਚੇ-ਨਾਚੀਆਂ ਨੂੰ ਲੋਟ-ਪੋਟ ਹੁੰਦੇ ਦੇਖਿਆ। ਰਿਹਾਇਸ਼ ਸਾਡੀ ਕਿਸੇ ਦਰਮਿਆਨੇ ਹੋਟਲ ਵਿੱਚ ਸੀ। ਸੁਰਿੰਦਰ ਨੇ ਰਾਮਬਾਗ ਵਿਚ ਕੁਝ ਖਰੀਦੋ-ਫਰੋਖਤ ਵੀ ਕੀਤੀ। ਮੈਂ ਇਕ ਨਹਿਰੂ ਜੈਕਟ ਖਰੀਦ ਲਈ, ਜੋ ਥੋੜੀ ਤੰਗ ਹੈ। ਹੁਣ ਤੱਕ ਤਿੰਨ ਹਫਤੇ ਬੀਤ ਚੁੱਕੇ ਸਨ।

ਆਗਰਾ-ਦਿੱਲੀ-ਜੈਪੁਰ ਟਰਿੱਪ ਤੋਂ ਪੰਜਾਬ ਵਾਪਸ ਆਕੇ ਸੁਰਿੰਦਰ ਰਿਸ਼ਤੇਦਾਰਾਂ ਸੰਗ ਸ਼ੌਪਿੰਗ ਦੇ ਦੌਰੇ ਤੇ ਚੜ੍ਹ ਗਈ, ਮੈਂ ਪਿੰਡ ਦੇ ਲੋਕਾਂ ਨੂੰ ਲਭਦਾ ਰਿਹਾ, ਜਾਂ ਘਰ ਬੈਠਾ ਉਡੀਕਦਾ ਰਿਹਾ। ਜੋ ਸਮਾਂ ਜਮਾਤੀਆਂ ਨਾਲ ਬੀਤਿਆ ਉਹ ਕੁਝ ਹੋਰ ਸੀ। ਪੰਜਾਬ ਦੇ ਖਾਣਿਆਂ ਦੀ ਵੀ ਰੀਸ ਨਹੀਂ।

ਪੰਜਾਬ ਤੋਂ ਵਾਪਿਸ ਆਉਂਦਾ ਪਹਿਲਾਂ ਹੀ ਮੈਂ ਡੁਸ ਡੁਸ ਨਾਲ ਭਰਿਆ ਪਿਆ ਸੀ। ਬਾਪ ਦੀ ਢਹਿੰਦੀ ਹਾਲਤ ਨੇ ਵਾਪਿਸ ਆਉਣਾ ਮੇਰੇ ਲਈ ਹੋਰ ਵੀ ਦੁਖਦਾਈ ਬਣਾ ਦਿੱਤਾ। ਪਰ, ਸਾਡਾ ਇੰਡੀਆ ਲਈ ਮਿਥਿਆ ਸਮਾਂ ਖਤਮ ਹੋ ਚੁੱਕਿਆ ਸੀ। ਇਕ ਪਿੰਡ ਵਾਲੇ ਟੈਕਸੀ ਡਰਾਈਵਰ ਨੇ ਸਮੇਂ ਸਿਰ ਸਾਨੂੰ ਨਵੀਂ ਦਿੱਲੀ ਦੇ ਹਵਾਈ ਅੱਡੇ ਪਹੁੰਚਾ ਦਿੱਤਾ।

ਮਨ ਇਸ ਕਰਕੇ ਵੀ ਕੁਝ ਉਦਾਸ ਸੀ ਕਿ ਕੁਝ ਰਿਸ਼ਤੇਦਾਰ ਸਭ ਕੁਝ ਹੁੰਦਿਆਂ ਵੀ ਜਾਂ ਸਰੀਰੋਂ ਕਮਜੋਰ ਸਨ, ਜਾਂ ਮਾਨਸਿਕ ਦੁੱਖ ਭੋਗ ਰਹੇ ਸਨ। ਇਸਨੂੰ ਛੱਡਕੇ, ਸਾਡਾ ਟਰਿੱਪ ਸਾਡੀ ਸੋਚ ਨਾਲੋਂ ਵਧੀਆ ਰਿਹਾ ਅਤੇ ਅਸੀਂ ਆਨੰਦ ਵੀ ਮਾਣਿਆ।

ਸਾਡਾ ਸਫਰ ਏਸ ਕਰਕੇ ਵੀ ਸਫ਼ਲ ਰਿਹਾ, ਕਿਉਂਕਿ ਅਸੀਂ ਤਜਵੀਜਾਂ ਬਣਾਕੇ ਘਰੋਂ ਨਿਕਲੇ ਸਾਂ। ਜਦ ਕਦੇ ਵੀ ਉਲੰਘਣਾ ਕੀਤੀ, ਸਭ ਕੁਝ ਰੱਦ ਕਰਨਾ ਪਿਆ। ਕੁਝ ਹਾਲਾਤ ਸਾਡੀ ਪਹੁੰਚ ਤੋਂ ਬਾਹਰ ਨਿਕਲੇ।

ਸਭ ਤੋਂ ਵੱਧ ਧਿਆਨ ਸਾਡਾ ਆਪਣੀ ਸਿਹਤ ਵਿਚ ਲੱਗਿਆ ਰਿਹਾ, ਅਤੇ ਅਸੀਂ ਪਹਿਲਾਂ ਹੀ ਸਿੱਖਿਆ ਹੋਇਆ ਸੀ ਕਿ ਹੁਣ ਅਸੀਂ ਲੋਕਾਂ ਦੀ ਰਾਇ ਬਦਲਣ ਨਹੀਂ ਆਏ। ਇਨ੍ਹਾਂ ਦੋ ਨੁਕਤਿਆਂ ਨੇ ਸਾਡੀ ਜਾਨ ਬਚਾਈ ਰੱਖੀ।

ਮੈਂ ਵੀ ਸ਼ਾਇਦ ਲੋੜ ਤੋਂ ਵੱਧ ਖਾਂਦਾ ਰਿਹਾ, ਪਰ ਸੁਰਿੰਦਰ ਤਾਂ ਫੱਟੇ ਚਕਦੀ ਰਹੀ। ਅਮਰੀਕਾ ਵਾਪਿਸ ਆਕੇ ਮੈਂ ਤੁਰਨਾ ਵਧਾ ਰਿਹਾ ਹਾਂ। ਜਿੱਥੇ ਅਸੀਂ ਰਹਿ ਰਹੇ ਹਾਂ, ਇਹ ਇੰਡੀਆ ਤਾਂ ਨਹੀਂ, ਕਿਉਂਕਿ ਇੰਡੀਆ ਵਿਚ ਹੋਰ ਲੋਕਾਂ ਨਾਲ ਬੋਲ-ਬਾਲਾ ਹੁੰਦਾ ਰਹਿੰਦਾ ਹੈ। ਪਰ, ਹੌਲੀ ਹੌਲੀ ਸਭ ਠੀਕ ਹੋ ਰਿਹੈ। ਜਦ ਮੈਂ ਲਿਖਣਾ ਸ਼ੁਰੂ ਕਰ ਲਿਆ, ਫੇਰ ਤਾਂ ਪਤਾ ਵੀ ਨੀ ਲੱਗਣਾ। ਗੱਲ ਤਾਂ ਸ਼ੁਰੂ ਕਰਨ ਅਤੇ ਲਿਖਦੇ ਰਹਿਣ ਦੀ ਹੈ। ਖੈਰ – – ।

ਜੇ ਕੋਈ ਹੋਰ ਚੀਜ਼ ਪੁੱਛਣੀ ਹੈ, ਹੁਣ ਸਮਾਂ ਹੈ, ਨਹੀਂ ਤਾਂ ਮੇਰੀ ਯਾਦ ਮੱਧਮ ਹੋ ਜਾਵੇਗੀ ਆਪਣੀ ਸਿਹਤ ਵੱਲ ਧਿਆਨ ਰੱਖਿਆ ਕਰੋ। ਆਪਣੇ ਲਈ ਅਤੇ ਦੂਜਿਆਂ ਲਈ, ਤੁਸੀਂ ਇਹ ਸਭ ਤੋਂ ਬਿਹਤਰ ਕੰਮ ਕਰ ਸਕਦੇ ਹੋ – – ਇਹ ਇਕ ਐਸਾ ਸਬਕ ਹੈ ਜੋ ਮੇਰੇ ਪਿਆਰੇ – – ਮੂਰਖ ਰਿਸ਼ਤੇਦਾਰ ਸੁਣਦੇ ਨਹੀਂ।

ਗੁਰਦੇਵ ਦਸੰਬਰ 10, 2000
**

ਅਧਿਆਇ 18
ਪਾਕਿਸਤਾਨ, ਐਲਾਸਕਾ, ਯੂਰਪ

ਪਾਕਿਸਤਾਨ:
ਸੰਨ 2007 ਦੀ ਫਰਵਰੀ ਵਿਚ ਸੁਰਿੰਦਰ ਅਤੇ ਮੈਂ ਇੰਡੀਆ ਗਏ। ਇੰਡੀਆ ਜਾਣ ਤੋਂ ਪਹਿਲਾਂ ਅਸੀਂ ਪਾਕਿਸਤਾਨ ਦੀਆਂ ਇਤਿਹਾਸਕ ਥਾਵਾਂ ਦੇਖਣ ਬਾਰੇ ਮਨਸੂਬੇ ਘੜ ਰਹੇ ਸਾਂ। ਪਾਕਿਸਤਾਨ ਵਿਚ ਹਿੰਸਾ ਘਟੀ ਹੋਣ ਕਰਕੇ ਪਾਕਿਸਤਾਨ ਦਾ ਇੰਡੀਆ ਨਾਲ ਰਿਸ਼ਤਾ ਵੀ ਠੀਕ ਹੋ ਰਿਹਾ ਸੀ, ਹਵਾ ਬਦਲਣ ਲਈ। ਆਮ ਲੋਕਾਂ ਦੇ ਸੁਖ ਲਈ ਦਿੱਲੀ ਤੋਂ ਲਾਹੌਰ ਤੱਕ, ਪੁਲਸ ਦੀ ਨਿਗਰਾਨੀ ਹੇਠ, ਬੱਸਾਂ ਵੀ ਚੱਲ ਪਈਆਂ ਸਨ।

ਦਿੱਲੀ ਤੋਂ ਲਾਹੌਰ ਜਾਂਦੀ ਬੱਸ ਵਿਚ ਕਰਨਾਲ ਦੇ ਲਾਗੇ ਇਕ ਹਿੰਸਕ ਘਟਨਾ ਹੋਈ, ਜਿਸ ਵਿਚ ਕਈ ਪਾਕਿਸਤਾਨੀ ਯਾਤਰੀ ਮਾਰੇ ਗਏ। ਫਿਰ ਵੀ ਸਾਡੇ ਚੰਗੇ ਭਾਗ ਕਿ ਉਸੇ ਦਿਨ ਅਸੀਂ ਬਾਘਾ ਬਾਰਡਰ ਰਾਹੀਂ ਪਾਕਿਸਤਾਨ ਵੜ ਸਕੇ। ਅਸੀਂ ਬਸ ਨਾਲੋਂ, ਟੈਕਸੀਆਂ ਰਾਹੀਂ ਜਾਣਾ ਬਿਹਤਰ ਸਮਝਿਆ।

ਡਾ. ਹਰਬੰਸ ਲਾਲ, ਜੋ ਟੈਕਸਾਸ ਵਿਚ ਪ੍ਰੋਫੈਸਰੀ ਕਰਦਾ ਸੀ, ਕੁਝ ਸਮੇਂ ਤੋਂ ਮੇਰਾ ਵਾਕਫ ਬਣ ਗਿਆ ਸੀ। ਉਹ ਧਾਰਮਕ ਸੰਬੰਧਾਂ ਦੇ ਵਿਸ਼ਿਆਂ ਵਿਚ ਸਰਗਰਮ ਸੀ ਅਤੇ ਪਾਕਿਸਤਾਨ ਜਾਂਦਾ ਰਹਿੰਦਾ ਸੀ। ਉਹ ਪਾਕਿਸਤਾਨ ਦੀ ਧਰਤੀ ਦਾ ਜੰਮਪਲ ਹੈ, ਜਦੋਂ 1947 ਤੋਂ ਪਹਿਲਾਂ ਪਾਕਿਸਤਾਨ ਬਣਿਆ ਵੀ ਨਹੀਂ ਸੀ। ਹੁਣ ਲਾਹੌਰ ਦੀਆਂ ਮੀਟਿੰਗਾਂ ਵਿਚ ਹਿੱਸਾ ਲੈਂਣ ਆਉਂਦਾ ਰਿਹਾ ਸੀ। ਹਰਬੰਸ ਲਾਲ ਜੀ ਨੇ ਮੇਰਾ ਸੰਪਰਕ ਇਕ ਰੀਟਾਇਰ ਹੋਏ ਪਾਕਿਸਤਾਨੀ ਕਰਨਲ, ਹਮੀਦ ਅਲੀ ਖਾਂ, ਨਾਲ ਕਰਵਾ ਦਿੱਤਾ, ਜਿਸ ਨਾਲ ਜੁੜਕੇ ਹਰਬੰਸ ਲਾਲ ਲਾਹੌਰ ਦੀਆਂ ਮੀਟਿੰਗਾਂ ਕਰਵਾਉਂਦਾ ਸੀ। ਕਰਨਲ ਹਮੀਦ ਇਕ ਵਿਉਪਾਰੀ ਸਖ਼ਸ਼ ਸੀ, ਜਿਸਦਾ ਲਾਹੋਰ ਦੇ ਐਲਪਾਈਨ ਹੋਟਲ ਵਿਚ ਹਿੱਸਾ ਸੀ। ਉਹ ਅੰਤਰ-ਰਾਸ਼ਟਰੀ ਵਿਉਪਾਰੀ ਕੰਮ ਵੀ ਕਰਦਾ ਸੀ। ਕਰਨਲ ਸਾਹਿਬ ਨੇ ਸਾਡੀ ਮੱਦਦ ਲਈ ਟੈਕਸੀ ਦਾ ਬੰਦੋਬਸਤ ਕਰਕੇ ਸਰਹੱਦ ਤੇ ਟੈਕਸੀ ਡਰਾਈਵਰ ਭੇਜ ਦਿੱਤਾ ਅਤੇ ਅਸੀਂ ਲਾਹੌਰ ਦੇ ਇਕ ਦਰਮਿਆਨੇ ਹੋਟਲ ‘ਚ ਰਿਹਾਇਸ਼ ਕਰ ਲਈ, ਜਿੱਥੋਂ ਅਸੀਂ ਹਰ ਰੋਜ਼ ਤੜਕੇ ਨਿਕਲ ਜਾਂਦੇ ਅਤੇ ਸੂਰਜ ਛਿਪਣ ਤੋਂ ਪਹਿਲਾਂ ਵਾਪਿਸ ਮੁੜ ਆਉਂਦੇ। ਸਾਡੀ ਵਿਉਂਤ ਅਨੁਸਾਰ ਕੋਈ ਵੀ ਗੇੜਾ 100 ਮੀਲ ਦੀ ਦੂਰੀ ਤੋਂ ਵੱਧ ਨਹੀਂ ਸੀ। ਇਸਤੋਂ ਵੱਧ ਦੂਰ ਜਾਣਾ ਸਾਡੇ ਮਨ ਲਈ ਸੁਖਦਾਇਕ ਨਹੀਂ ਸੀ।

ਲਾਹੌਰ ਇਕ ਚਹਿਲ-ਪਹਿਲ ਵਾਲਾ ਸ਼ਹਿਰ ਹੈ। ਲੋਕ ਬੜੇ ਆਉ ਭਗਤ ਵਾਲੇ ਹਨ, ਪਰ ਏਥੋਂ ਦੀ ਪੁਲਸ ਦਾ ਰੈਪੂਟੇਸ਼ਨ ਵੀ ਇੰਡੀਆ ਦੀ ਪੁਲਸ ਤੋਂ ਬਿਹਤਰ ਨਹੀਂ। ਸਾਡਾ ਡਰਾਈਵਰ ਵੀ ਫੁਰਤੀਲਾ ਸੀ, ਉਸ ਨਾਲ ਜੁੜਿਆ ਕਰਨਲ ਸਾਡੇ ਲਈ ਸਹਾਰਾ ਬਣਿਆ ਹੋਇਆ ਸੀ। ਡਰਾਈਵਰ ਨੇ ਸਾਡੇ ਲਈ ਫੋਨ ਵੀ ਚਲਦਾ ਕਰ ਦਿੱਤਾ ਸੀ। ਬਿਪਤਾ ਵਿਚ ਫਸਣ ਦਾ ਸਾਡਾ ਕੋਈ ਇਰਾਦਾ ਨਹੀਂ ਸੀ, ਇਸ ਲਈ ਸਦਾ ਹਨ੍ਹੇਰਾ ਹੋਣ ਤੋਂ ਪਹਿਲਾਂ ਲਾਹੌਰ ਮੁੜ ਆਉਂਦੇ।

ਪਾਕਿਸਤਾਨ ਵੜਨ ਸਮੇਂ ਸਾਡੇ ਪਾਸ ਕਰਨਲ ਲਈ ਤਾਜੇ ਬਿਸਕੁਟ ਵੀ ਸਨ ਜੋ ਅਸੀਂ ਫਗਵਾੜਾ ਸ਼ਹਿਰ ਦੇ ਹਲਵਾਈ ਨੂੰ ਘਰੋਂ ਸਮਾਨ ਦੇਕੇ ਬਣਵਾਏ ਸਨ। ਕਰਨਲ ਦਾ ਭੇਜਿਆ ਟੈਕਸੀ ਡਰਾਈਵਰ, ਮੁਹੰਮਦ ਅਮੀਨ, ਸਰਹੱਦ ਦੇ ਲਾਗੇ ਗੱਤੇ ਦਾ ਟੁਕੜਾ ਹਿਲਾ ਰਿਹਾ ਸੀ, ਜਿਸਤੇ ਮੇਰਾ ਨਾਂ ਲਿਖਿਆ ਹੋਇਆ ਸੀ। ਉਹ ਸਾਨੂੰ ਲਾਹੌਰ ਕਰਨਲ ਸਾਹਿਬ ਦੇ ਦਫਤਰ ਲੈ ਗਿਆ, ਜਿੱਥੇ ਉਸਦਾ ਹੋਟਲ ਸੀ। ਆਪ ਤਾਂ ਕਰਨਲ ਸਾਹਿਬ ਕਿਤੇ ਗਏ ਹੋਏ ਸਨ, ਇਸ ਲਈ ਸਾਡੇ ਲਈ ਉਡੀਕਣ ਤੋਂ ਬਿਨਾਂ ਕੋਈ ਚਾਰਾ ਨਾ ਰਿਹਾ। ਕਰਨਲ ਦੀ ਸਕੱਤਰ, ਇਕ ਚੰਗੇ ਸੁਭਾ ਵਾਲੀ ਕੁੜੀ, ਨੇ ਸਾਡੇ ਲਈ ਚਾਹ ਮੰਗਵਾ ਲਈ।

‘‘ਬਿਸਕੁਟ ਬਚਦੇ ਆ ਕੁਝ, ਰਸ਼ੀਦ,” ਕੁੜੀ ਆਪਣੇ ਸਹਾਇਕ ਨੂੰ ਪੁੱਛਣ ਲੱਗੀ। ਰਸੀਦ ਨੇ ਨਾਂਹ ‘ਚ ਸਿਰ ਹਿਲਾ ਦਿੱਤਾ। ਕੁੜੀ ਨੇ ਰਸ਼ੀਦ ਨੂੰ ਕੁਝ ਹੋਰ ਲਿਆਉਣ ਲਈ ਆਖਿਆ। ਸੁਰਿੰਦਰ ਅਤੇ ਮੈਂ, ਇਕ ਦੂਜੇ ਵੱਲ ਤੱਕਣ ਲੱਗ ਪਏ। ਅਸੀਂ ਰਸ਼ੀਦ ਨੂੰ ਫਗਵਾੜੇ ਤੋਂ ਲਿਆਂਦੇ ਬਿਸਕੁਟਾਂ ਬਾਰੇ ਦੱਸਿਆ। ਮਹੌਲ ਐਸਾ ਰੰਗੀਨ ਹੋ ਗਿਆ ਕਿ ਕਰਨਲ ਲਈ ਲਿਆਂਦੇ ਸਾਰੇ ਬਿਸਕੁਟ ਅਸੀਂ ਖਤਮ ਕਰ ਦਿੱਤੇ। ਚਾਹ ਤੋਂ ਬਾਅਦ, ਸੈਕਟਰੀ ਨੇ ਸਾਨੂੰ ਕਰਨਲ ਦੇ ਦਫਤਰ ਵਿਚ ਬਿਠਾ ਦਿੱਤਾ।

ਤਿੰਨ ਘੰਟੇ ਕਰਨਲ ਦੀ ਉਡੀਕ ਵਿਚ ਬੀਤ ਗਏ। ਐਨਾ ਵੱਡਾ ਦਫਤਰ, ਜਿਸ ਵਿਚ ਕਈ ਕਿਸਮ ਦੀਆਂ ਸਹੂਲਤਾਂ ਸਨ, ਮੈਂ ਅਮਰੀਕਾ ਵਿਚ ਵੀ ਨਹੀਂ ਸੀ ਦੇਖਿਆ, ਜਿਵੇਂ ਕਰਨਲ ਸਾਹਿਬ ਮੌਜਾਂ ਮਾਣ ਰਹੇ ਹੋਣ। ਮੈਂ ਉਥੇ ਛੇਤੀ ਛੇਤੀ ਇਸ਼ਨਾਨ ਵੀ ਕਰ ਲਿਆ, ਲੋਹੜੇ ਦੀ ਗਰਮੀ ਪੈ ਰਹੀ ਸੀ।

ਕਰਨਲ ਦੇ ਆਪਣੇ ਹੋਟਲ ਦੇ ਸਾਰੇ ਕਮਰੇ ਬੁੱਕ ਹੋ ਚੁੱਕੇ ਸਨ। ਜਦ ਕਰਨਲ ਵਾਪਸ ਲੌਟਿਆ, ਉਹਦੇ ਨਾਲ ਦੋ ਬੰਦੇ ਹੋਰ ਵੀ ਸਨ। ਪ੍ਰਭਾਵਸ਼ਾਲੀ ਖਾਣਾ ਪਰੋਸਿਆ ਗਿਆ। ਬੰਦਿਆਂ ਵਿਚਲਾ ਝੱਖ ਸੁਣ ਸੁਣ ਸੁਰਿੰਦਰ ਬੇ-ਆਰਾਮ ਦਿਸ ਰਹੀ ਸੀ। ਕੁਝ ਚਿਰ ਬਾਅਦ, ਕਰਨਲ ਸਾਹਿਬ ਦੇ ਕਹਿਣ ਤੇ, ਸਾਡਾ ਉਹੀ ਡਰੈਵਰ, ਅਮੀਨ, ਸਾਨੂੰ ਹੋਟਲ ਲੱਭਣ ਲਈ ਲੈ ਗਿਆ। ਕਰਨਲ ਦੇ ਹੋਟਲ ਤੋਂ ਦੋ ਕੁ ਮੀਲ ਦੀ ਵਿੱਥ ਤੇ, ਸਾਡਾ ਸੁਰੱਖਿਅਤ ਅੱਡਾ ਬਣ ਗਿਆ ਜਿੱਥੋਂ ਅਸੀਂ ਤੜਕੇ ਤੜਕੇ ਨਿਕਲ ਜਾਂਦੇ, ਅਤੇ ਸੂਰਜ ਛਿਪਣ ਤੋਂ ਪਹਿਲਾਂ ਵਾਪਸ ਆ ਜਾਂਦੇ ਰਹੇ।

ਅਗਲੇ ਦਿਨ ਅਸੀਂ ਸਿੱਖ ਲਹਿਰ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਏ। ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਤਰਸਦੇ ਰਹਿੰਦੇ ਹਨ। ਜੋ ਵੀ ਸਿੱਖ ਪਾਕਿਸਤਾਨ ਜਾਂਦਾ ਹੈ, ਨਨਕਾਣਾ ਸਾਹਿਬ ਜ਼ਰੂਰ ਜਾਕੇ ਆਉਂਦਾ ਹੈ। ਜਿਉਂ ਜਿਉਂ ਹਿੰਦੂ-ਮੁਸਲਮਾਨ ਨਫ਼ਰਤ ਵਧਦੀ ਜਾ ਰਹੀ ਹੈ, ਉਥੇ ਹਿੰਦੂਆਂ ਦਾ ਆਣਾ ਜਾਣਾ ਘਟਦਾ ਜਾ ਰਿਹਾ ਹੈ। ਨਨਕਾਣਾ ਸਾਹਿਬ ਤੋਂ ਵਾਪਿਸ ਆਉਂਦੇ ਅਸੀਂ ਹੋਰ ਵੀ ਕਈ ਥਾਂ ਗਏ। ਅਸੀਂ ਜੰਡਿਆਲਾ ਨਗਰ ਵਿਚ ਵਾਰਿਸ ਸ਼ਾਹ (1722-1798) ਦੀ ਮਜ਼ਾਰ ਵਿਚ ਗਏ। ਵਾਰਿਸ ਸ਼ਾਹ ਪੰਜਾਬੀ ਦਾ ਜਗਤ ਪਰਸਿੱਧ ਸੂਫੀ ਸ਼ਾਇਰ ਹੋਇਆ ਹੈ। ਇੰਡੀਆ, ਪਾਕਿਸਤਾਨ, ਅਤੇ ਬਾਕੀ ਮੁਲਕਾਂ ਵਿਚ ਪੰਜਾਬੀ ਵਿਰਸੇ ਦੇ ਲੋਕ, ਧਰਮਾਂ ਤੋਂ ਉੱਚੇ ਉੱਠਕੇ, ਉਸਦਾ ਸਤਿਕਾਰ ਕਰਦੇ ਹਨ। ਉਸਦੀ ਰਚਨਾ, ਹੀਰ-ਰਾਂਝੇ ਦੀ ਪ੍ਰੇਮ ਕਹਾਣੀ ਦਾ ਕਿੱਸਾ, ਲਾ-ਜਵਾਬ ਮੰਨਿਆ ਜਾਂਦਾ ਹੈ।

ਬਚਦੇ ਸਮੇਂ ਵਿਚ ਅਸੀਂ ਹੋਰ ਮਜ਼ਾਰਾਂ, ਬਾਗਾਂ, ਅਤੇ ਉਹਨਾਂ ਇਤਿਹਾਸਕ ਥਾਵਾਂ ਤੇ ਜਾਂਦੇ ਰਹੇ – – ਜਿਨ੍ਹਾਂ ਬਾਰੇ ਅਸੀਂ ਪੜ੍ਹਿਆ ਹੋਇਆ ਸੀ। ਪਰ, ਜੋ ਦੇਖਣ ਆਏ ਸੀ, ਸਭ ਕੁਝ ਦੇਖ ਵੀ ਨਾ ਸਕੇ। ਸਾਨੂੰ ਪਾਕਿਸਤਾਨ ਦੀ ਹਕੂਮਤ ਵਿਚ ਫਸ ਜਾਣ ਦਾ ਡਰ ਸੀ। ਫੇਰ ਵੀ, ਇਸ ਫੇਰੀ ਨੇ ਸਾਨੂੰ ਪਾਕਿਸਤਾਨੀ ਪੰਜਾਬ ਦੇ ਲੋਕਾਂ ਅਤੇ ਵਿਰਸੇ ਨਾਲ ਹੋਰ ਜੋੜ ਦਿੱਤਾ। ਇਹ ਸਿਰਫ ਕਿਤਾਬਾਂ ਪੜ੍ਹਕੇ ਨਹੀਂ ਸੀ ਹੋਣਾ।

ਲਾਹੌਰ ਦੇ ਲੋਕਾਂ ‘ਚ ਪੰਜਾਬੀ ਅਪਣੱਤ ਕੁੱਟ ਕੁੱਟ ਭਰੀ ਹੋਈ ਹੈ। ਪਹਿਲੀ ਰਾਤ ਦੇ ਤੜਕੇ ਉੱਠਕੇ ਅਸੀਂ ਹੋਟਲ ਦੇ ਲਾਗੇ ਇਕ ਢਾਬੇ ਤੇ ਚਾਹ ਪੀਣ ਬੈਠ ਗਏ। ਪਰੌਂਠੇ ਦੇਖ, ਦੋ ਅਸੀਂ ਵੀ ਆਰਡਰ ਕਰ ਦਿੱਤੇ। ਜਦ ਅਸੀਂ ਪੈਸੇ ਦੇਣ ਲੱਗੇ ਤਾਂ ਮਾਲਕ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ।

‘‘ਅਸੀਂ ਵੀ ਪੰਜਾਬੀ ਹਾਂ ਜੀ, ਤੁਸੀਂ ਹੋ ਸਾਡੇ ਮਹਿਮਾਨ ਪਰਲੇ ਬੰਨਿਓਂ।’’

ਉਸ ਢਾਬੇ ਕੋਲ ਸਵੇਰੇ ਸਵੇਰੇ ਕੋਈ ਹੋਰ ਢਾਬਾ ਨਹੀਂ ਸੀ ਖੁੱਲਦਾ। ਅਗਲੇ ਦਿਨ ਅਸੀਂ ਚਾਹ ਪੀਣ ਵਾਸਤੇ ਉਦੋਂ ਤੱਕ ਨਾ ਬੈਠੇ ਜਦ ਤੱਕ ਮਾਲਕ ਨੇ ਪੈਸੇ ਪਹਿਲਾਂ ਨਾ ਲੈ ਲਏ। ਇਸਦੇ ਉਲਟ, ਬਾਘਾ ਸਰਹੱਦ ਤੇ ਇਕ ਸਿਪਾਹੀ ਪੈਸੇ ਝਾੜਨ ਖਾਤਰ ਟਾਲ-ਮਟੋਲ ਕਰਦਾ ਰਿਹਾ, ਅਤੇ ਹੋਟਲ ਦੇ ਬਾਹਰ ਖੜ੍ਹਾ ਚੌਕੀਦਾਰ ਸਾਡੇ ਅੱਗੇ ਹੱਥ ਅੱਡਦਾ ਰਿਹਾ।

ਪਰਸਿੱਧ ਸੂਫੀ ਸ਼ਾਇਰ ਵਾਰਿਸ ਸ਼ਾਹ ਦੀ ਮਜ਼ਾਰ ਤੇ। ਨਗਰ ਜੰਡਿਆਲਾ ਸ਼ੇਰ ਖਾਂ, ਪੰਜਾਬ, ਪਾਕਿਸਤਾਨ, 2007

ਨਨਕਾਣਾ ਸਾਹਿਬ ਜਾਣ ਲਈ ਸਾਡਾ ਡਰਾਈਵਰ, ਅਮੀਨ, ਲਾਹੌਰ ‘ਚੋਂ ਬਾਹਰ ਨਿਕਲਦਾ ਲਾਲ ਬੱਤੀ ਦੀ ਉਲੰਘਣਾ ਕਰਦਾ ਫੜਿਆ ਗਿਆ। ਪੁਲਸ ਅਫਸਰ ਨੇ ਸੀਟੀ ਮਾਰਕੇ ਉਹਨੂੰ ਬਾਹਰ ਆਉਣ ਦਾ ਇਸ਼ਾਰਾ ਕੀਤਾ। ‘‘ਇਹ ਸਰਦਾਰ ਜੀ, ਇਹਦਾ ਪੈਸੇ ਝਾੜਨ ਦਾ ਮੌਕਾ,’’ ਅਮੀਨ ਕਾਰ ਖੜਾਉਂਦਾ ਬੋਲਿਆ। ‘‘ਫਿਕਰ ਨਾ ਕਰੋ ਜੀ, ਮੈਂ ਹੁਣੇ ਆਇਆ।’’ ਸਵੇਰ ਦੇ ਨੌਂ ਵੱਜੇ ਸਨ। ਅਮੀਨ ਨੇ ਆਪਣੇ ਕਾਗਜ਼-ਪੱਤਰ ਸੀਟ ਥੱਲੇ ਧੱਕ ਦਿੱਤੇ।

‘‘ਲਸੰਸ ਮੈਂ ਘਰ ਭੁੱਲ ਆਇਆ ਜੀ,’’ ਅਮੀਨ ਪੁਲਸੀਏ ਅਫਸਰ ਨੂੰ ਕਹਿੰਦਾ। ਫਿਰ ਸਾਥੋਂ ਥੋੜਾ ਦੂਰ ਹੋਕੇ ਦੋਨੋਂ ਪੰਜ-ਛੇ ਮਿੰਟ ਘੁਸਰ-ਮਸਰ ਕਰਦੇ ਰਹੇ, ਅਸੀਂ ਕਾਰ ‘ਚ ਬੈਠੇ ਰਹੇ। ਜਦ ਗੱਲ ਨਿੱਬੜ ਗਈ, ਅਮੀਨ ਨੇ ਟੈਕਸੀ ਫੇਰ ਭਜਾ ਲਈ।

‘‘ਤੂੰ ਸਾਨੂੰ ਹੋਟਲ ‘ਚ ਛੱਡਕੇ ਆਪਣਾ ਲਸੰਸ ਲੈ ਆ ਘਰੋਂ,’’ ਮੈਂ ਅਮੀਨ ਨੂੰ ਕਿਹਾ। ਮੈਂ ਡਰਦਾ ਸੀ ਕਿ ਉਹ ਰਾਹ ਵਿਚ ਫੇਰ ਨਾ ਪੰਗਾ ਪਾ ਬੈਠੇ।

‘‘ਮੈਂ ਲਸੰਸ ਲਕੋ ਗਿਆ ਸੀ। ਨਹੀਂ ਉਹਨੇ ਹੋਰ ਪੈਸੇ ਝਾੜਨ ਲਈ ਦੇਰ ਕਰ ਦੇਣੀ ਸੀ। ਹੁਣ ਘੱਟ ਨਾਲ ਸਰ ਗਿਆ।’’ ਨਨਕਾਣਾ ਪਹੁੰਚਣ ਲਈ ਕਾਰ ਏਦਾਂ ਭੱਜੀ ਜਿੱਦਾਂ ਨਨਕਾਣਾ ਬਾਹਾਂ ਅੱਡੀ ਖੜ੍ਹਾ ਹੋਵੇ।

ਲਾਹੌਰ ਅਤੇ ਨਨਕਾਣਾ ਸਾਹਿਬ ਸਾਨੂੰ ਕਈ ਸਿੱਧੇ-ਸਾਦੇ ਤੇ ਚੰਗੇ ਲੋਕ ਮਿਲੇ, ਜੋ ਸਾਡੇ ਆਪਣੇ ਲੋਕਾਂ ਵਰਗੇ ਸਨ, ਸਰਹੱਦੋਂ ਪਾਰ ਇੰਡੀਆ ਵਾਲੇ ਪਾਸੇ।

ਐਲਾਸਕਾ:

ਹਵਾਈ ਦਾ ਇਲਾਕਾ ਦੇਖਣ ਬਾਰੇ ਤਾਂ ਅਸੀਂ ਕਈ ਵਾਰ ਸੋਚਿਆ ਸੀ, ਪਰ ਐਲਾਸਕਾ ਤਾਂ ਸਾਡੇ ਚਿੱਤ-ਚੇਤੇ ਵਿਚ ਵੀ ਨਹੀਂ ਸੀ। ਤੇ ਫੇਰ ਸਬੱਬ ਬਣ ਗਿਆ।

ਜਦ ਅਸੀਂ ਕਿਤੇ ਸੈਰ-ਸਪਾਟੇ ਲਈ ਜਾਂਦੇ ਇਹ ਕੋਈ ਐਸੀ ਗੱਲ ਨਹੀਂ ਸੀ ਕਿ, ‘‘ਗਠੜੀ ਚੱਕੋ ਤੇ ਜਿੱਧਰ ਨੂੰ ਮੂੰਹ ਹੋ ਗਿਆ ਤੁਰ ਪਓ।’’ ਹਰ ਯਾਤਰਾ ਤੇ ਪੈਸੇ ਖਰਚਣ ਲਈ ਕੋਈ ਮਕਸਦ ਹੋਣਾ ਜ਼ਰੂਰੀ ਹੁੰਦਾ ਸੀ। ਹਰ ਯਾਤਰਾ ਸਾਨੂੰ ਅਗਲੀ ਯਾਤਰਾ ਵਿਚ ਅਦਲਾ ਬਦਲੀਆਂ ਕਰਨ ਵਿਚ ਸਹਾਈ ਹੁੰਦੀ।

ਅਜੇ ਮੇਰੀ ਸਿਹਤ ਪੂਰੀ ਠੀਕ ਨਹੀਂ ਸੀ ਹੋਈ ਪਰ ਮੇਰੇ ਡਾਕਟਰ ਮੈਂਨੂੰ ਇੰਡੀਆ ਵਗੈਰਾ ਜਾਣ ਤੋਂ ਨਾ ਰੋਕਦੇ, ਸਗੋਂ ਉਤਸ਼ਾਹਤ ਕਰਦੇ। ਕਈ ਵਾਰ ਮੈਂ ਉਦਾਸ ਮਹਿਸੂਸ ਕਰਦਾ। ਹੋ ਸਕਦਾ ਡਾਕਟਰ ਮੇਰੀ ਮਾਨਸਕ ਹਾਲਤ ਡਿਗਣ ਤੋਂ ਡਰਦੇ ਹੋਣ, ਪਰ ਮੇਰੇ ਲਈ ਉਨ੍ਹਾਂ ਦਾ ਸੁਝਾਅ ਹੈਰਾਨੀ ਭਰਿਆ ਤੇ ਖੁਸ਼ੀ ਭਰਿਆ ਲਗਦਾ। ਸੁਰਿੰਦਰ ਮੇਰੇ ਇੰਡੀਆ ਜਾਣ ਤੇ ਕਿੰਤੂ-ਪ੍ਰੰਤੂ ਕਰਦੀ ਨੱਕ-ਬੁੱਲ੍ਹ ਮਾਰਦੀ।

ਹਾਈ ਸਕੂਲਾਂ ਤੋਂ ਬਾਅਦ, ਸਾਡੇ ਬੱਚੇ ਲੰਮੀਆਂ ਲੋਕ-ਹਿਤਕਾਰੀ ਦੌੜਾਂ ਵਿਚ ਭਾਗ ਲੈਣ ਲੱਗ ਪਏ। ਅਸੀਂ ਹੈਰਾਨ ਰਹਿ ਗਏ ਜਦ ਉਹਨਾਂ ਨੇ 26 ਮੀਲ ਲੰਮੀਆਂ ਦੌੜਾਂ ਵੀ ਲਾਈਆਂ। ਸੁਰਿੰਦਰ ਦੌੜਾਂ ਵਿਚ ਹੌਸਲਾ ਦੇਣ ਲਈ ਹਰ ਹੀਲੇ ਪਹੁੰਚਦੀ।

ਜਿਤਨਾ ਚਿਰ ਉਹ ਸਕੂਲੋਂ ਦਿੱਤਾ ਪੜ੍ਹਾਈ ਦਾ ਕੰਮ ਸਮੇਂ ਸਿਰ ਕਰ ਲੈਂਦੇ, ਅਸੀਂ ਬੱਚਿਆਂ ਨੂੰ ਖੇਡਾਂ ਵਿਚ ਭਾਗ ਤੋਂ ਕਦੇ ਨਹੀਂ ਸੀ ਵਰਜਿਆ। ਅਸੀਂ ਘਰ ਦੇ ਮੂਹਰੇ ਡਰਾਈਵ-ਵੇ ਦੇ ਨਾਲ ਬਾਸਕਟ-ਬਾਲ ਦਾ ਖੰਭ੍ਹਾ ਲਾਇਆ ਹੋਇਆ ਸੀ, ਅਤੇ ਘਰ ਦੇ ਵਿਛਲੇ ਵਿਹੜੇ ਵਿਚ ਵਾਲੀਬਾਲ ਨੈਟ ਲਗਾ ਰੱਖਿਆ ਸੀ। ਇੱਥਕਾ ਸ਼ਹਿਰ ਦੀ ਪਾਈਨਵੁੱਡ ਡਰਾਈਵ ਤੇ 1968 ਦੇ ਬਣੇ ਘਰ ਦੀ ਜ਼ਮੀਨ 1/2 ਏਕੜ ਸੀ। ਸਾਂਭਣਾ ਤਾਂ ਔਖਾ ਸੀ, ਪਰ ਮੈਂਨੂੰ ਵੱਡੇ ਵਿਹੜੇ ਪਸੰਦ ਸਨ, ਸ਼ਾਇਦ ਮੇਰੇ ਪੇਂਡੂ ਜੀਵਨ ਕਰਕੇ।

ਇਹ 2004 ਦਾ ਸਾਲ ਸੀ। ਮੇਰੀ ਸਿਹਤ ਐਨੀ ਚੰਗੀ ਨਹੀਂ ਸੀ, ਪਰ ਸਾਡਾ ਬੇਟਾ, ਐਂਕੋਰੇਜ਼ (ਐਲਾਸਕਾ) ਦੀ ਇਕ ਲੰਮੀ ਦੌੜ ਵਿਚ ਭਾਗ ਲੈ ਰਿਹਾ ਸੀ। ਸੁਰਿੰਦਰ ਨੇ ਤਾਂ ਜਾਣਾ ਹੀ ਜਾਣਾ ਸੀ, ਉਹਨੇ ਮੈਂਨੂੰ ਵੀ ਜਾਣ ਲਈ ਤਿਆਰ ਕਰ ਲਿਆ। ਹੁਣ ਮੈਂ ਕਾਰ ਚਲਾਉਣ ਜੋਗਾ ਵੀ ਹੋ ਗਿਆ ਸੀ। ਕੈਂਸਰ ਦੇ ਦੂਜੇ ਵਿਗਾੜ ਬਾਅਦ ਤਿੰਨ ਸਾਲ ਬੀਤ ਚੁੱਕੇ ਸਨ। ਪਹਿਲੇ ਆਰਾਮ ਆਉਣ ਤੋਂ ਬਾਅਦ ਦੂਜੇ ਹਮਲੇ ਨੇ ਮੈਂਨੂੰ ਦਹਿਲਾ ਦਿੱਤਾ ਸੀ।

ਗਰਾਂਡ ਆਈਲ, ਲੁਈਜ਼ਿਆਨਾ ਵਿਚ ਸਮੁੰਦਰ ਦੇ ਕੰਢੇ ਤੇ ਬਣਿਆ ਘਰ ਜਿਸਦੀ ਤਸਵੀਰ ਲੇਖਕ ਨੇ ਆਪਣੀ ਫੇਰੀ ਸਮੇਂ ਖਿੱਚੀ, 2010

 

ਇਮਰੋਜ਼ ਉਸ ਸਮੇਂ ਨੀਊ ਜਰਸੀ ਦੀ ਇੰਮਕਲੋਨ ਕੰਪਣੀ ਵਿਚ ਕੰਮ ਕਰਦਾ ਸੀ। ਰਹਿੰਦਾ ਸੀ ਉਹ ਨਾਲ ਲਗਦੇ ਪੈਨਸਲਵਾਨੀਆ ਵਾਲੇ ਪਾਸੇ। ਇਮਰੋਜ਼ ਪਰਉਪਕਾਰੀ ਕੰਮਾਂ ਵਿਚ ਵੀ ਰੁਝਿਆ ਰਹਿੰਦਾ ਸੀ। ਇਕ ਵਾਰ ਉਹਨੇ ਐਂਕੋਰੇਜ਼, ਐਲਾਸਕਾ ਵਿਚ 26 ਮੀਲ ਦੀ ਦੌੜ ‘ਚ ਹਿੱਸਾ ਲੈਕੇ ਇਕ ਕੈਂਸਰ ਸੰਸਥਾ ਲਈ 10,000 ਡਾਲਰ ਉਗਰਾਹੇ। ਮੈਂ ਸੁਪਨੇ ਵਿਚ ਵੀ ਇਤਨੀ ਉਗਰਾਹੀ ਨਹੀਂ ਕਰ ਸਕਦਾ। ਕੁਝ ਮਹੀਨੇ ਬਾਅਦ, ਬੇਟੀ ਰੂਪ ਨੇ ਨੀਊ ਓਰਲੀਂਜ਼ ਵਿਚ ਲੰਮੀ ਦੌੜ ਭੱਜਕੇ ਬੇ-ਘਰਾਂ ਦੇ ਹਿਤ ਲਈ 4,000 ਡਾਲਰ ਇਕੱਠੇ ਕੀਤੇ। ਸੁਰਿੰਦਰ ਨੇ ਦੋਵੇਂ ਦੌੜਾਂ ਦੇਖੀਆਂ। ਦੂਜੀ ਦੌੜ ਸਮੇਂ ਮੈਂ ਇੰਡੀਆ ਗਿਆ ਹੋਇਆ ਸਾਂ। ਨੀਊ ਓਰਲੀਂਜ਼ ਦੀ ਦੌੜ ਤੋਂ ਬਾਅਦ ਸੁਰਿੰਦਰ ਮੇਰੇ ਨਾਲ ਇੰਡੀਆ ਆ ਮਿਲ਼ੀ।

‘‘ਤੈਂਨੂੰ ਵੀ ਨੀਊ ਓਰਲੀਂਜ਼ ਜਾਣਾ ਚਾਹੀਦਾ,’’ ਸੁਰਿੰਦਰ ਨੂੰ ਉਹ ਸ਼ਹਿਰ ਇਤਨਾ ਪਸੰਦ ਆਇਆ ਕਿ ਕਈ ਦਿਨ ਨੀਊ ਓਰਲੀਂਜ਼ ਦੇ ਗੀਤ ਗਾਉਂਦੀ ਰਹੀ। ਸ਼ਾਇਦ ਉਹਨੂੰ ਮੇਰੇ ਤੇ ਤਰਸ ਆ ਰਿਹਾ ਸੀ ਕਿ ਮੈਂ ਅਮ੍ਰੀਕਾ ਦਾ ਇਕ ਸ਼ਾਨਦਾਰ ਮਸ਼ਹੂਰ ਸ਼ਹਿਰ ਨਹੀਂ ਦੇਖ ਸਕਿਆ। ਇਸ ਜ਼ੁਰਮ ਦਾ ਘਾਟਾ ਮੈਂ 2010 ਵਿਚ ਪੂਰਾ ਕਰ ਦਿੱਤਾ ਜਦ ਅਸੀਂ ਕੈਲੇਫੋਰਨੀਆ ਵਿਚ ਪੈਰ ਜਮਾ ਰਹੇ ਸਾਂ। ਉਸ ਫੇਰੀ ਦੇ ਵੇਰਵੇ ਮੈਂ ਕੰਮਪਿਊਟਰ ਤੇ ਸਾਂਭ ਰੱਖੇ ਸਨ:

Depart: Sacramento, CA (SMF) New Orieans, LA (MSY)
Date: Saturday, October 16, 2010

Return: New Orieans, LA (MSY) Sacramento, CA (SMF)
Date: Wednesday, October 20, 2010

ਸਾਡਾ ਜੂਨ 21, 2004 ਵਾਲਾ ਇੱਥਕਾ, ਨੀਊ ਯਾਰਕ ਤੋਂ ਐਂਕੋਰੇਜ਼(ਐਲਾਸਕਾ) ਵਾਲਾ ਹਵਾਈ ਸਫਰ ਲੰਬਾ ਤੇ ਥਕਾਊ ਸੀ, ਅਤੇ ਐਲਾਸਕਾ ਦੇ ਮੌਸਮ ਨੇ ਜਹਾਜ ਨੂੰ ਹਿਲਾ ਜਿਹਾ ਦਿੱਤਾ। ਫਿਰ ਵੀ ਸਾਡੀ ਉਤਾਰੀ ਸਮੇਂ ਹਵਾ ਕੁਝ ਘਟ ਗਈ ਸੀ। ਅਸੀਂ ਹਵਾਈ ਅੱਡੇ ਤੋਂ ਕਾਰ ਕਿਰਾਏ ਤੇ ਲਈ ਅਤੇ ਦੌੜ ਵਾਲੀ ਜਗਾ ਲਾਗੇ ਕਮਰਾ ਲੈ ਲਿਆ। ਮੈਂ ਇਸ ਤਰ੍ਹਾਂ ਦਾ ਪ੍ਰਬੰਧ ਨੇੜਿਓਂ ਪਹਿਲਾਂ ਕਦੇ ਨਹੀਂ ਸੀ ਦੇਖਿਆ।

ਗਰਮੀਆਂ ਵਿਚ ਐਂਕੋਰੇਜ਼ ਦੇ ਦਿਨ ਲੰਬੇ ਹਨ। ਐਂਕੋਰੇਜ਼ ਦੀਆਂ ਸਿਰਫ ਤਿੰਨ ਘੰਟੇ ਦੀਆਂ ਰਾਤਾਂ ਵਿਚ ਵੀ ਗੂੜ੍ਹਾ ਹਨੇਰਾ ਨਹੀਂ ਹੁੰਦਾ। ਹਰ ਤੁਰਦੀ ਫਿਰਦੀ ਸ਼ੈਅ ਬੱਤੀਆਂ ਬਗੈਰ ਦਿਖਦੀ ਰਹਿੰਦੀ ਹੈ। ਸਾਰੀ ਰਾਤ ਪਾਰਟੀਆਂ ਹੁੰਦੀਆਂ ਰਹਿੰਦੀਆਂ, ਲੋਕ ਨਚਦੇ ਰਹਿੰਦੇ। ਉਥੇ ਜਾਇਆਂ ਬਗੈਰ ਇਹ ਅਨੁਭਵ ਨਹੀਂ ਸੀ ਕੀਤਾ ਜਾ ਸਕਦਾ।

ਇਕ ਦਿਨ ਐਂਕੋਰੇਜ਼ ਤੋਂ ਬਾਹਰ ਚੱਲ ਅਸੀਂ ਖੁੱਲੀ-ਡੁੱਲੀ ਪਹਾੜਾਂ ਵਾਲੀ ਦਿਸ਼ਾ ਵੱਲ ਕਾਰ ਲੈ ਗਏ। ਉਸ ਤਰ੍ਹਾਂ ਦੇ ਦ੍ਰਿਸ਼ ਹੋਰ ਕਿਤੇ ਨਹੀਂ ਮਿਲਦੇ। ਆਬਾਦੀ ਇਤਨੀ ਛਿੱਦੀ ਹੈ ਕਿ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਉਥੇ ਲੋਕ ਖੁਦਕਸ਼ੀਆਂ ਜ਼ਿਆਦਾ ਕਿਉਂ ਕਰਦੇ ਹਨ। ਪਰ, ਕੁਦਰਤ ਨੂੰ ਪੂਜਣ ਵਾਲਿਆਂ ਲਈ ਤਾਂ ਸਵਰਗ ਇਹੀ ਹੈ।

ਯੂਰਪ:

ਇੰਡੀਆ ‘ਤੇ ਅਮ੍ਰੀਕਾ ਆਉਣ-ਜਾਣ ਸਮੇਂ ਅਸੀਂ ਯੂਰਪ ਸ਼ਹਿਰਾਂ, ਲੰਡਨ ਜਾਂ ਪੈਰਿਸ, ਵਿਚ ਰੁਕ ਜਾਂਦੇ। ਕਈ ਵਾਰ ਮੈਂ ਯੂਰਪ ਦੇ ਸਾਇੰਸ ਸਮਾਗਮਾਂ ਵਿਚ ਵੀ ਭਾਗ ਲਿਆ।

ਇਸ ਤਰ੍ਹਾਂ ਦੇ ਸਮਾਗਮ ਮੈਂਨੂੰ ਨਵੀਂ ਖੋਜ ਦੇ ਨੇੜੇ ਰਖਦੇ ਅਤੇ ਵਿਗਿਆਨ ਦੀ ਅਗਲੀ ਕਤਾਰ ਵਿਚ ਖਲੋਣ ਦਾ ਅਵਸਰ ਦਿੰਦੇ, ਭਾਵੇਂ ਇਸ ਨਾਲ ਘਰੋਗੀ ਜੀਵਨ ਤੇ ਭਾਰ ਜਰੂਰ ਪੈਂਦਾ।

‘‘ਕਿਸੇ ਦਿਨ ਆਪਾਂ ਸਾਰੀ ਦੁਨੀਆ ਦੇਖਾਂਗੇ,’’ ਮੈਂ ਸੁਰਿੰਦਰ ਦਾ ਸਰਸਰੀ ਧਰਵਾਸ ਬਣਾਈ ਰਖਦਾ।

ਸਾਰੀ ਦੁਨੀਆ ਦੇਖਣ ਦੇ ਸੁਪਨੇ ਸਾਡੇ ਸਾਕਾਰ ਨਾ ਹੋ ਸਕੇ। ਜਦ ਤੱਕ ਅਸੀਂ ਰਿਟਾਇਰ ਹੋਏ, ਦੁਨੀਆ ਹੋਰ ਦੀ ਹੋਰ ਹੋ ਗਈ ਸੀ। ਹਿੰਸਾ ਵਧ ਜਾਣ ਕਾਰਨ ਆਉਣਾ-ਜਾਣਾ ਔਖਾ ਹੋ ਗਿਆ ਸੀ। ਫਿਰ ਵੀ ਜਿੱਥੇ ਅਸੀਂ ਜਾ ਸਕਦੇ ਸੀ, ਗਏ।

ਅਸੀਂ ਕਿਸੇ ਢੁਕਵੀਂ ਗਰਮ ਜਗ੍ਹਾ ਤੇ ਰਿਟਾਇਰ ਹੋਣ ਲਈ ਬਹੁਤ ਢੂੰਡ-ਭਾਲ ਕੀਤੀ। ਅਸੀਂ ਅਮ੍ਰੀਕਾ-ਕਨੇਡਾ ਦੀਆਂ ਐਸੀਆਂ ਥਾਵਾਂ ਦੇ ਦਰਸ਼ਨ ਕੀਤੇ ਜੋ ਅਸੀਂ ਪਹਿਲਾਂ ਨਹੀਂ ਸਨ ਦੇਖੇ। ਅਖੀਰ ਅਸੀਂ ਕੈਲੇਫੋਰਨੀਆ ਦੇ ਮਨ ਭਾਉਂਦੇ ਸੈਕਰਾਮੈਂਟੋ ਇਲਾਕੇ ਵਿਚ ਜਗ੍ਹਾ ਬਣਾ ਲਈ। ਸਾਡੇ ਲਈ ਇਥੋਂ ਦੀ ਗਰਮੀ ਬਥੇਰੀ ਸੀ।

ਕੈਲੇਫੋਰਨੀਆ ਵਿਚ ਨਵੀਂ ਜਗਾ ਤੇ ਆਕੇ, 2010 ਦੀ ਕ੍ਰਿਸਮਸ ਦੇ ਦਿਨਾਂ ਵਿਚ, ਨੀਯੂ ਯਾਰਕ ਦੇ ਅਤੇ ਬਾਕੀ ਦੋਸਤਾਂ ਨੂੰ ਮੈਂ ਕਾਰਡ ਭੇਜ ਦਿੱਤੇ। ਨਾਲ ਇਕ ਪੱਤਰਕਾ ਵੀ ਲਿਖ ਦਿੱਤੀ।

‘‘ਅਸੀਂ ਇਹ ਸਤਰਾਂ ਰੋਜ਼ਵਿਲ ਤੋਂ ਲਿਖ ਰਹੇ ਹਾਂ। ਇਹ ਸ਼ਹਿਰ ਕੈਲੇਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਲਾਗੇ ਹੈ। ਰੋਜ਼ਵਿਲ ਇਕ ਪਰੰਪਰਾਗਤ, ਗੌਰਵਮਈ ਅਤੇ ਉਨਤੀ ਵਾਲਾ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ।”

ਇਥਕਾ, ਨੀਯੂ ਯਾਰਕ ਵਾਲਾ ਘਰ ਵੇਚਕੇ ਅਸੀਂ ਫਰਵਰੀ 2010 ਵਿਚ ਇੱਥੇ ਨਵਾਂ ਘਰ ਲੈ ਲਿਆ ਹੈ। ਇਸਦਾ ਮਤਲਬ ਕਾਰ ਵੀ ਲਿਆਉਣੀ ਪਈ, ਘਰ ਦਾ ਸਾਰਾ ਸਮਾਨ ਲਿਆਉਣਾ ਪਿਆ, ਤੇ ਅੱਧ-ਪਚੱਧਾ ਫਰਨੀਚਰ ਵੀ। ਬਾਕੀ ਫਰਨੀਚਰ ਖਰੀਦਣਾ ਪਿਆ। ਇਹ ਕੰਮ ਕਾਫੀ ਔਖਾ ਪਰ ਨਵੇਂ ਤਜਰਬੇ ਵਾਲਾ ਸਾਬਤ ਹੋਇਆ। ਗੱਲ ਸਿਰਫ ਐਥੇ ਨਹੀਂ ਖਤਮ ਹੁੰਦੀ। ਜੂਨ ਵਿਚ ਸਾਡੇ ਬੇਟੇ ਦਾ ਵਿਆਹ ਸੀ, ਜਿਸ ਵੇਲੇ ਸਾਡੀ ਸਾਰਿਆਂ ਦੀ ਭੱਜ ਦੌੜ ਰਹੀ। ਬੇਟਾ ਅਤੇ ਉਹਦੀ ਪਤਨੀ ਸਾਡੇ ਤੋਂ 100 ਕੁ ਮੀਲਾਂ ਤੇ ਰਹਿੰਦੇ ਹਨ। ਬੇਟੀਆਂ ਵੀ ਰਾਜੀ-ਖੁਸ਼ੀ ਆਪਣੇ ਕੰਮਾਂ ਵਿਚ ਰੁਝੀਆਂ ਹੋਈਆਂ ਹਨ।

ਸੁਰਿੰਦਰ ਕਾਰਨੈਲ ਤੋਂ ਰੀਟਾਇਰ ਹੋਕੇ ਅਪਰੈਲ਼ ਵਿਚ ਮਹੀਨੇ ਲਈ ਇੰਡੀਆ ਗਈ। ਦਾਸ, ਗੁਰਦੇਵ, ਵੀ ਅਕਤੂਬਰ ਵਿਚ ਇੰਡੀਆ ਗਿਆ। ਇਸਤੋਂ ਪਹਿਲਾਂ ਮੈਂ ਲੂਜ਼ੀਆਨਾ ਸੂਬੇ ਦਾ ਨੀਊ ਓਰਲੀਅਨਜ਼ ਸ਼ਹਿਰ ਦੇਖਣ ਗਿਆ ਜਿਸਦੇ ਇਰਦ-ਗਿਰਦ ਜਹਾਜ ਵਿਚੋਂ ਡੁੱਲੇ ਤੇਲ ਕਾਰਨ ਸਮੁੰਦਰੀ ਵਾਤਾਵਰਣ ਨੂੰ ਭਾਰੀ ਨੁਕਸਾਨ ਪੁੱਜਿਆ ਸੀ, ਤੇ ਉਸਤੋਂ ਪਹਿਲਾਂ 2005 ਵਿਚ ਆਏ ਝੱਖੜ ਕੈਟਰੀਨਾ ਦੇ ਨਿਸ਼ਾਨ ਅਜੇ ਵੀ ਦਿਸ ਰਹੇ ਸਨ।

ਤੁਸੀਂ ਅੰਦਾਜ਼ਾ ਤਾਂ ਲਾ ਲਿਆ ਹੋਵੇਗਾ ਕਿ ਸਾਡੇ ਜੀਵਨ ਵਿਚ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ। ਅਫਸੋਸ ਹੈ ਕਿ ਤੁਹਾਨੂੰ ਪਹਿਲਾਂ ਨਹੀਂ ਲਿਖ ਹੋਇਆ ਤੇ ਲਗਾਤਾਰ ਨਹੀਂ ਲਿਖ ਹੋਇਆ।

ਇਥਕਾ ਦੀ ਯਾਦ, ਇਥਕਾ ‘ਚ ਬਣੇ ਮਿੱਤਰਾਂ ਦੀ ਯਾਦ, ਸਾਨੂੰ ਆਉਂਦੀ ਰਹਿੰਦੀ ਹੈ। ਸੁਰਿੰਦਰ ਤਾਂ ਬਾਹਲਾ ਹੇਰਵਾ ਕਰਦੀ ਹੈ। ਇਸਦਾ ਇਕ ਕਾਰਨ ਤੁਹਾਡੇ ਵਰਗੇ ਦੋਸਤਾਂ ਦਾ ਸਾਥ ਜਿਸਨੇ ਸਾਡਾ ਇਥਕਾ ਵਿਚ ਬਤਾਇਆ ਜੀਵਨ ਇਕ ਸਫਲ ਤਜਰਬਾ ਬਣ ਗਿਆ ਤੇ ਇਥਕਾ ਇਕ ਘਰ ਜਿਸਨੂੰ ਛੱਡਣਾ ਔਖਾ ਸੀ, ਪਰ ਹੁਣ ਸਾਡੇ ਪੈਰ ਇਸ ਨਵੀਂ ਬਣੀ ਬਸਤੀ ਵਿਚ ਟਿਕ ਰਹੇ ਹਨ। ਮੌਸਮ ਏਥੇ ਬਹੁਤ ਅਨੰਦਮਈ ਹੈ, ਅਤੇ ਸਾਡੇ ਕਈ ਪੁਰਾਣੇ ਦੋਸਤ ਆਸ-ਪਾਸ ਰਹਿੰਦੇ ਹਨ। ਉਨ੍ਹਾਂ ਦਾ ਮਿਲਣਾ ਵੀ ਰੱਬ ਵਾਂਗ ਹੈ। ਅਸੀਂ ਸਾਨ ਫਰਾਂਸਿਸਕੋ ਦੇ ਇਲਾਕੇ ਵਿਚ ਰਹਿੰਦੇ ਰਹੇ ਹਾਂ, 1974 ਤੋਂ 1976 ਤੱਕ। ਸਾਥੋਂ ਸਾਨ ਫਰਾਂਸਿਸਕੋ ਜਾਣ ਲਈ ਹੁਣ ਸਿਰਫ ਦੋ ਘੰਟੇ ਲਗਦੇ ਹਨ, ਇਸੇ ਕਰਕੇ ਨਵੀਂ ਜਗਾ ਨਾਲ ਸਮਝੌਤਾ ਸੌਖਾ ਹੋ ਗਿਆ। ਪਹਿਲਾਂ ਤਾਂ ਹੋਰੂੰ ਹੋਰੂੰ ਲਗਦਾ ਸੀ।

ਇਹਨਾਂ ਛੁੱਟੀਆਂ ਦੇ ਦਿਨਾਂ ਵਿਚ, ਅਤੇ ਆਉਣ ਵਾਲੇ ਨਵੇਂ ਨਕੋਰ ਸਾਲ ਲਈ, ਅਸੀਂ ਤੁਹਾਡੀ ਸਫਲਤਾ ਲਈ ਅਰਦਾਸ ਕਰਦੇ ਹਾਂ। ਜੇ ਕਦੇ ਕੈਲੇਫੋਰਨੀਆ ਆਉਣ ਦਾ ਸਬੱਬ ਬਣਿਆ ਤਾਂ ਸੰਪਰਕ ਕਰਨ ਵਿਚ ਢਿੱਲ ਨਾ ਕਰਨੀ।
ਆਦਰ ਸਹਿਤ,
ਗੁਰਦੇਵ ਅਤੇ ਸੁਰਿੰਦਰ

ਕੈਲੇਫੋਰਨੀਆ ਵਿਚ ਘਰ ਖਰੀਦਣ ਤੋਂ ਬਾਅਦ, 2011 ਵਿਚ, ਅਸੀਂ ਯੂਰਪ ਦੀ ਯਾਤਰਾ ਕਰਨ ਗਏ।

ਸਾਡਾ ਸਫਰ 27 ਮਾਰਚ ਨੂੰ ਸ਼ੁਰੂ ਹੋਇਆ ਅਤੇ 6 ਅਪਰੈਲ ਨੂੰ ਖਤਮ। ਹਫ਼ਤੇ ਵਿਚ ਮੈਂ ਇਸ ਫੇਰੀ ਬਾਰੇ ਦੋਸਤਾਂ-ਮਿੱਤਰਾਂ ਰਿਸ਼ਤੇਦਾਰਾਂ ਨੂੰ ਲਿਖਕੇ ਭੇਜ ਦਿੱਤਾ, ਜਿਸਦਾ ਨਚੋੜ ਹੇਠਾਂ ਲਿਖਿਆ ਹੈ:

1. ਟਿਕਟ ਅਸੀਂ ਕੰਮਪਿਊਟਰ ਤੇ ਖੋਜ ਕਰਕੇ ਖਰੀਦ ਲਏ, ਇਸੇ ਤਰ੍ਹਾਂ ਹੋਰ ਮੱਥਾ ਮਾਰ ਮਾਰਕੇ ਹੋਟਲਾਂ ਦਾ ਪਰਬੰਧ ਵੀ ਤੁਰਨ ਤੋਂ ਪਹਿਲਾਂ ਹੀ ਕਰ ਲਿਆ। ਮੌਕੇ ਤੇ ਲਏ ਹੋਟਲ ਮਹਿੰਗੇ ਪੈਂਦੇ ਹਨ। ਅਸੀਂ ਕਿਹੜਾ ਕ੍ਰੋੜਪਤੀਆਂ ਦੀ ਕਤਾਰ ‘ਚ ਖੜੇ ਹਾਂ, ਖੈਰ ਅਜੇ ਤਾਂ ਨਹੀਂ।

2. ਸੈਕਰਾਮੈਂਟੋ ਦੇ ਹਵਾਈ ਅੱਡੇ ਤੇ ਕਾਰ ਖੜੀ ਕਰਨਾ ਮਹਿੰਗੀ ਦੇਖ ਕੇ ਅਸੀਂ ਵਿਓਂਤ ਬਦਲ ਲਈ। ਇਕ ਦਿਨ ਪਹਿਲਾਂ ਅਸੀ ਅੱਡੇ ਤੋਂ ਕਾਰ ਕਿਰਾਏ ਤੇ ਲੈ ਆਏ ਅਤੇ ਫਰਾਂਸ ਲਈ ਜਹਾਜ ਚੜ੍ਹਨ ਤੋਂ ਪਹਿਲਾਂ ਮੋੜ ਦਿੱਤੀ।

3. ਮਾਰਚ 28 ਨੂੰ ਸਾਡਾ ਜਹਾਜ ਫਰਾਂਸ ਦੇ ਚਾਰਲਸ-ਡੀ-ਗੌਲ ਅੱਡੇ ਤੇ ਜਾ ਉਤਰਿਆ, ਅੱਡੇ ਤੋਂ ਮੀਟਰੋ ਰੇਲ ਦੀਆਂ ਟਿਕਟਾਂ ਲੈਕੇ ਆਪਣੇ ਹੋਟਲ ਪਹੁੰਚ ਗਏ। ਮੀਟਰੋ ਰੇਲ ਦੀਆਂ ਟਿਕਟਾਂ ਨਾਲ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਜਾਣਾ ਸੌਖਾ ਰਹਿੰਦਾ ਹੈ, ਪਰ ਟੂਰ ਕਰਨ ਲਈ ਅਲੱਗ ਬੱਸਾਂ ਠੀਕ ਰਹਿੰਦੀਆਂ ਹਨ। ਅਸੀਂ ਟੂਰ ਬੱਸ ਫੜਨ ਲਈ ਮੀਟਰੋ ਰੇਲ ਦਾ ਸਹਾਰਾ ਲਿਆ।

4. ਦੋ ਦਿਨਾਂ ਲਈ ਵਰਤੇ ਜਾਣ ਵਾਲੇ ਟਿਕਟਾਂ ਨਾਲ ਅਸੀਂ ਜਿੱਥੇ ਜੀਅ ਕਰਦਾ ਚੜ੍ਹ ਜਾਂਦੇ, ਜਿੱਥੇ ਜੀਅ ਕਰਦਾ ਉੱਤਰ ਜਾਂਦੇ। ਏਦਾਂ ਅਸੀਂ ਬਹੁਤ ਸਾਰੀਆਂ ਥਾਵਾਂ ਤੇ ਘੁੰਮ ਆਏ, ਜਿਨ੍ਹਾਂ ਵਿਚ ਨੈਪੋਲੀਅਨ ਦੀ ਮੜ੍ਹੀ, ਆਈਫਲ ਟਾਵਰ, ਅਤੇ ਨੌਟਰਡਾਮ ਗਿਰਜ਼ਾ ਮਸ਼ਹੂਰ ਹਨ।

5. ਮਾਰਚ 31 ਵਾਲੇ ਦਿਨ, ਅਸੀਂ ਸਵਿੱਟਜ਼ਰਲੈਂਡ ਜਾ ਰਹੀ ਯੂਰੋ ਗੱਡੀ ਫੜੀ ਅਤੇ ਫਰਾਂਸ ਦੀ ਸਰਹੱਦ ਪਾਰ ਕਰਕੇ ਸਵਿੱਟਜ਼ਰਲੈਂਡ ਦੇ ਸ਼ਹਿਰ ਜਨੇਵਾ ਵਿਚ ਜਾ ਵੜੇ। ਇਹ ਟਿਕਟ ਵੀ ਅਸਾਂ ਡਾਕ ਰਾਹੀਂ ਘਰ ਮੰਗਵਾ ਲਏ ਸਨ। ਜਨੇਵਾ ਦੇ ਕਿਸੇ ਹੋਟਲ ਵਿਚ ਸਮਾਨ ਰੱਖਿਆ ਤੇ ਬੱਸਾਂ ਰਾਹੀਂ ਸ਼ਹਿਰ ਦਾ ਸਰਸਰੀ ਟੂਰ ਕੀਤਾ – – ਜਿੱਦਾਂ ਅਸੀਂ ਪੈਰਿਸ ਵਿੱਚ ਕੀਤਾ ਸੀ। ਹੁਣ ਸਾਨੂੰ ਘੁੰਮਣ ਫਿਰਨ ਦੀ ਤੱਕ ਆ ਗਈ ਸੀ।

6. ਅਪਰੈਲ ਦੀ ਪਹਿਲੀ ਸ਼ਾਮ, ਅਸੀਂ ਰਾਤੋ-ਰਾਤ ਰੋਮ ਜਾਂਦੀ ਯੂਰੋ ਤੇ ਚੜ੍ਹ ਗਏ। ਰੋਮ ਵੀ ਅਸਾਂ ਬੱਸਾਂ ਗੱਡੀਆਂ ਰਾਹੀਂ ਉਵੇਂ ਗਾਹਿਆ ਜਿੱਦਾਂ ਅਸੀਂ ਪੈਰਿਸ ਦੇਖਿਆ ਸੀ। ਰੋਮ ਵਿਚ ਸਾਡਾ ਮਨ-ਪਸੰਦ ਭੋਜਨ ਪੀਜ਼ਾ ਹੁੰਦਾ ਸੀ। ਰੋਮ ਦੇ ਲੋਕ ਪੀਜ਼ਾ ਇਓਂ ਖਾਂਦੇ ਲਗਦੇ ਸਨ ਜਿੱਦਾਂ ਪੈਰਿਸ ਦੇ ਲੋਕ ਫਰਾਂਸ-ਰੋਟੀ ਖਾਂਦੇ ਹਨ। ਪਰ, ਇਟਲੀ ਦਾ ਪੀਜ਼ਾ ਉਹ ਚੀਜ਼ ਨਹੀਂ, ਜੋ ਅਮਰੀਕਾ ਦਾ ਹੈ।

7. ਸਾਡੀ ਲਗਾਤਾਰ ਖੋਜ ਨੇ ਸਾਨੂੰ ਢੇਰ ਸਾਰੀਆਂ ਸਿਰਦਰਦੀਆਂ ਤੋਂ ਬਚਾ ਲਿਆ। ਜਦ ਅਸੀਂ ਇਤਿਹਾਸਕ ਜਗ੍ਹਾ ਦੇਖਕੇ ਹੋਟਲ ਮੁੜਦੇ, ਤਾਂ ਅਗਲੀ ਜਗ੍ਹਾ ਲਈ ਤਿਆਰੀ ਕਰਦੇ ਹੁੰਦੇ। ਜਿਵੇਂ, ‘‘ਬਸ ਕਿੱਥੋਂ ਲਈਏ, ਬਸ ਦਾ ਨੰਬਰ ਕੀ ਹੈ। ਕਿਹੜੇ ਟੇਸ਼ਣ ਤੋਂ ਹਵਾਈ ਅੱਡੇ ਨੂੰ ਕਿਹੜੀ ਗੱਡੀ ਫੜਨੀ ਹੈ। ਅਗਲੇ ਖਾਣੇ ਲਈ ਭੋਜਨ ਦਾ ਪਰਬੰਧ, ਇਤ-ਆਦ।” ਜਦ ਵੀ ਅਸੀਂ ਢਿੱਲ-ਮੱਠ ਕੀਤੀ, ੳਸਦਾ ਨਤੀਜਾ ਵੀ ਭੋਗਿਆ। ਇਕ ਵਾਰ ਰੋਮ ਵਿਚ ਗੁਰਦੁਆਰਾ ਲਭਦਿਆਂ ਸਾਡਾ ਅੱਧਾ ਦਿਨ ਗੁਜ਼ਰ ਗਿਆ।

ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਵਿਖੇ ਯੂ.ਐਨ.ਓ. ਦੇ ਦਫ਼ਤਰ ਸਾਹਮਣੇ, ਟੁੱਟੀ ਲੱਤ ਵਾਲੀ ਕੁਰਸੀ ਯਾਦਗਾਰ, ਜੋ ਧਰਤੀ ਵਿਚ ਲਕੋਏ ਅਤੇ ਛੋਟੇ-ਛੋਟੇ ਮਾਰੂ ਟੁਕੜਿਆਂ ਵਿਚ ਫੈਲਣ ਵਾਲੇ ਬੰਬਾਂ ਖਿਲਾਫ ਨਾਹਰਾ ਹੈ। ਦੇਖੋ, ਸੁਰਿੰਦਰ ਕੁਰਸੀ ਦੇ ਥੱਲੇ ਖੜੀ। ਕਲਾਕਾਰ: ਡੇਨੀਅਲ ਬਰਸਟ, ਫੋਟੋ: ਗੁਰਦੇਵ ਸਿੰਘ ਘਣਗਸ, 31 ਮਾਰਚ, 2011

ਕੁਝ ਮੁੱਦੇ ਸਥਾਨਕ ਸਨ। ਜਿਵੇਂ ਰੋਮ ਵਿਚ ਮੈਟਰੋ ਲਈ ਅੰਗਰੇਜ਼ੀ ਵਿਚ ਲਿਖਿਆ ‘M’ ਚਿੰਨ ਅੰਮ੍ਰੀਕਾ ਦੇ ਮਕਡਾਨਡ ਲਈ ਵਰਤੇ ਜਾਂਦੇ ਪਛਾਣ ਚਿੰਨ ‘M’ ਵਰਗਾ ਹੈ। ਇਸ ਗੱਲ ਤੇ ਸੁਰਿੰਦਰ ਮੇਰੇ ਨਾਲ ਰੋਮ ਦੀ ਸੜਕ ਤੇ ਆਡਾ ਲਾਕੇ ਬੈਠ ਗਈ। ਇਹ ਮਾਮੂਲੀ ਝਗੜਾ ਪਹਿਲੀ ਵਾਰ ਨਹੀਂ ਸੀ ਹੋਇਆ। ਉਂਝ ਸਾਡਾ ਸਫ਼ਰ ਬਹੁਤ ਕਾਮਯਾਬ ਰਿਹਾ।

ਮੈਂ ਰੋਮ ਵਿਚ ਖੁੱਲ੍ਹਕੇ ਤਸਵੀਰਾਂ ਖਿੱਚੀਆਂ। ਜਦ ਸੁਰਿੰਦਰ ਨੇ ਆਰਾਮ ਕਰਕੇ ਵਿਹੜੇ ਵਿਚ ਸਬਜੀਆਂ ਬੀਜ ਲਈਆਂ, ਫਿਰ ਅਸੀਂ ਫੋਟੋਆਂ ਵੱਲ ਜਾਵਾਂਗੇ।

ਤਕੜੇ ਰਹੋ,
ਗੁਰਦੇਵ ਸਿੰਘ ਘਣਗਸ ਅਪਰੈਲ 13, 2011

 

 

 

***

ਅਧਿਆਇ 19
ਮੇਰੀ 2018 ਦੀ ਇੰਡੀਆ ਫੇਰੀ

ਜਿਸ ਤਰ੍ਹਾਂ ਮੈਂ ਅਧਿਆਇ 8, 11, 17, ਅਤੇ 18 ਵਿਚ ਲਿਖ ਦਿੱਤਾ ਹੈ, ਕਿ ਅੱਜ ਤੋਂ ਦਸ ਕੁ ਸਾਲ ਪਹਿਲਾਂ ਮੈਂ ਕੈਂਸਰ ਤੋਂ ਛੁਟਕਾਰਾ ਪਾਕੇ ਘੁੰਮਣਾ ਫਿਰਨਾ ਸ਼ੁਰੂ ਕਰ ਲਿਆ। ਦੁਨੀਆ ਦੇ ਕਈ ਭਾਗ ਜਿੱਥੇ ਮੈਂ ਜਾਣਾ ਚਾਹਿਆ ਸੀ, ਹੁਣ ਸੁਰੱਖਿਅਤ ਨਹੀਂ ਸਨ ਰਹੇ। ਇਹ ਘਾਟਾ ਮੈਂ ਇੰਡੀਆ ਵਿਚ ਹੋਰ ਜ਼ਿਆਦਾ ਫੇਰੇ ਲਾਕੇ ਪੂਰਾ ਕੀਤਾ। ਪੰਜਾਬ ਤੋਂ ਬਿਨਾਂ, ਜਿੱਥੇ ਮੇਰਾ ਜਨਮ ਅਤੇ ਪਾਲਣ-ਪੋਸਣ ਵੀ ਹੋਇਆ, ਮੈਂ ਘੁੰਮ ਫਿਰ ਕੇ ਨਹੀਂ ਦੇਖੇ ਸਨ।

ਜਿਉਂ ਹੀ ਮੇਰਾ ਇੰਡੀਆ ਵਿਚ ਆਉਣਾ ਜਾਣਾ ਵਧਦਾ ਗਿਆ, ਤਿਉਂ ਹੀ ਮੈਂਨੂੰ ਗਿਆਨ ਹੋਇਆ ਕਿ ਮੈਂ ਤਾਂ ਅਜੇ ਇੰਡੀਆ ਦਾ ਕੱਖ ਵੀ ਨੀ ਦੇਖਿਆ। ਇਸੇ ਤਰ੍ਹਾਂ ਦੇ ਅਨੁਭਵ ਮੈਂਨੂੰ ਪੇਂਡੂ ਅਮ੍ਰੀਕਾ ਅਤੇ ਯੂਰਪ ਵਿਚ ਘੁੰਮਦਿਆਂ ਹੁੰਦੀ ਹੈ। ਜਦ ਮੈਂ ਅਮ੍ਰੀਕਣ ਨਾਗਰਿਕ ਬਣ ਗਿਆ, ਮੇਰਾ ਇੰਡੀਆ ਅਤੇ ਪੰਜਾਬ ਜਾਣ ਦਾ ਹੇਰਵਾ ਹੋਰ ਵੀ ਵਧ ਗਿਆ। ਉਸ ਬਚਪਨ ਦੀ ਮਿੱਟੀ, ਹਵਾ, ਪਾਣੀ ਲਈ ਪਿਆਰ-ਖਿੱਚ, ਜਿੱਥੇ ਤੁਹਾਡੇ ਮਾਂ-ਬਾਪ, ਪੁਰਖੇ ਰਹਿੰਦੇ-ਆਏ ਹੋਣ, ਕੁਦਰਤੀ ਗੱਲ ਹੈ।

ਬਚਪਨ ਵਿਚ ਇਤਿਹਾਸ ਪੜ੍ਹਨਾ ਮੇਰੇ ਲਈ ਇਕ ਜਰੂਰੀ ਧੰਦਾ ਸੀ, ਦਿਲਚਸਪ ਮਜਮੂਨ ਨਹੀਂ ਸੀ। ਵੱਡੇ ਹੁੰਦਿਆਂ ਇਤਿਹਾਸ ਪੜ੍ਹਨ ਦੀ ਮਹੱਤਤਾ ਸਮਝ ਆਉਣ ਲੱਗੀ। ਤਦ ਮੈਂ ਆਪਣੇ ਪੁਰਖਿਆਂ ਦੇ ਹੰਢਾਏ ਸੰਘਰਸ਼ਾਂ, ਮੁਸ਼ਕਲਾਂ, ਕੁਰਬਾਨੀਆਂ ਬਾਰੇ ਅਤੇ ਮਾਣੇ ਕੁਦਰਤ ਦੇ ਨਜ਼ਾਰਿਆਂ ਬਾਰੇ ਅੰਦਾਜ਼ੇ ਲਾਉਣ ਜੋਗਾ ਹੋ ਗਿਆ ਸੀ।

ਮੇਰਾ 2018 ਦਾ ਇੰਡੀਆ ਫੇਰਾ 8 ਮਾਰਚ ਨੂੰ ਸੈਕਰਾਮੈਂਟੋ ਪਹੁੰਚ ਕੇ ਖਤਮ ਹੋਇਆ, ਪਰ ਥਕੇਵਾਂ ਅਤੇ ਬੌਂਦਲਾਪਣ ਕਈ ਦਿਨ ਮਹਿਸੂਸ ਹੁੰਦਾ ਰਿਹਾ। ਹਫ਼ਤੇ ਬਾਅਦ ਮੈਂ ਆਪਣੀ 75-ਸਾਲੀ ਚਾਲ ਫੜ ਤਾਂ ਲਈ, ਪਰ ਲਿਖਣ ਦਾ ਕੰਮ ਮੱਠਾ ਹੀ ਰਿਹਾ। ਮੈਂਨੂੰ ਸੋਚ ਪੈਣ ਲੱਗ ਪਈ ਕਿ ਸ਼ਾਇਦ ਮੈਂ ਵੀ ਉਹਨਾਂ ਲਿਖਾਰੀਆਂ ਦੀ ਕਤਾਰ ਵਿਚ ਜਾ ਖੜਿਆ ਹਾਂ, ਜਿਨ੍ਹਾਂ ਲਈ ਲਿਖਣਾ ਹੁਣ ਸੁਖਦਾਇਕ ਨਹੀਂ ਬਲਕਿ ਜੈਟ-ਲੈਗ ਵਰਗਾ ਦੁੱਭਰ ਅਤੇ ਥਕੇਵਾਂ ਬੌਂਦਲਾਪਣ ਹੈ।

ਪਹਿਲਾਂ 2017 ਵਿਚ ਮੈਂ ਅਕੇਲਾ ਇੰਡੀਆ ਗਿਆ ਸਾਂ। ਪੰਜਾਬ ਦੇ ਰਿਸ਼ਤੇਦਾਰਾਂ ਨੂੰ ਮਿਲਕੇ ਮੈਂ ਬਿਹਾਰ ਵਿਚ ਪਟਨਾ ਸਾਹਿਬ ਦੇ ਦਰਸ਼ਨ ਕਰਨ ਗਿਆ। ਬਿਹਾਰ, ਇੰਡੀਆ ਦੇ ਅਤੀ ਗਰੀਬ ਸੂਬਿਆਂ ਵਿਚ ਹੈ, ਪਰ ਇਸਦਾ ਵਿਰਸਾ ਅਮੀਰ ਹੈ, ਅਤੇ ਯਾਤਰੀਆਂ ਦੇ ਦੇਖਣ ਵਾਲੀਆਂ ਐਸੀਆਂ ਥਾਵਾਂ ਹਨ ਜੋ ਸਭਿਅਤਾ ਦੇ ਉਸਾਰ ਅਤੇ ਨਿਘਾਰ ਦੀ ਬਾਤ ਪਾਉਂਦੀਆਂ ਹਨ। 2017 ਵਿਚ ਮੈਂ ਸਿਰਫ ਪਟਨਾ ਹੀ ਦੇਖ ਸਕਿਆ। ਮੇਰੀ ਪਟਨੇ ਤੋਂ ਬਾਹਰ ਬੋਧ ਗਇਆ ਅਤੇ ਨਾਲੰਦਾ ਜਾਣ ਦੀ ਵਿਓਂਤ ਵਿਚ ਇਕ ਟੈਕਸੀ ਡਰਾਈਵਰ ਨੇ ਵਿਘਨ ਪਾ ਦਿੱਤਾ। ਸਮੇਂ ਦੀ ਘਾਟ ਕਰਕੇ ਮੈਂ ਹੋਰ ਟੈਕਸੀ ਡਰਾਈਵਰ ਨਾਲ ਸਿਰਫ ਪਟਨੇ ਤੋਂ ਬਨਾਰਸ ਗਿਆ, ਜਿੱਥੇ ਮੇਰੇ ਸਾਰੰਗੀ ਉਸਤਾਦ ਪੰਡਿਤ ਸੰਤੋਸ਼ ਕੁਮਾਰ ਮਿਸ਼ਰਾ ਜੀ ਦਾ ਘਰ ਹੈ।

2017 ਦੇ ਮੁਕਾਬਲੇ ਮੇਰਾ 2018 ਦਾ ਇੰਡੀਆ ਜਾਣਾ ਸਫਲ ਰਿਹਾ। ਇਸ ਵਾਰ ਮੇਰੀ ਪਤਨੀ ਵੀ ਨਾਲ ਸੀ।
ਸੁਰਿੰਦਰ ਅਤੇ ਮੈਂ, ਇੰਡੀਆ ਵਿਚ 14 ਫ਼ਰਵਰੀ ਤੋਂ 8 ਮਾਰਚ ਤੱਕ ਹੀ ਰਹੇ। ਅਸੀਂ ਸੈਕਰਾਮੈਂਟੋ ਤੋਂ ਯੂਨਾਈਟਡ ਏਅਰਲਾਈਂਜ਼ ਕੰਪਣੀ ਦੇ ਜਹਾਜ਼ ਰਾਹੀਂ ਪਹਿਲਾਂ ਸਾਨ ਫਰਾਂਸਿਸਕੋ ਪਹੁੰਚੇ। ਫੇਰ ਨੀਊਆਰਕ, ਨੀਯੂ ਜਰਸੀ, ਅਤੇ ਆਖਰ ਦਿੱਲੀ ਜਾ ਉੱਤਰੇ। ਅਮਰੀਕਾ ਦੇ ਘਰ ਵਾਪਸੀ, ਮਾਰਚ 8 ਨੂੰ ਉਸੇ ਰਸਤੇ ਹੋਈ। ਦਿੱਲੀ ਤੋਂ ਅਮਰੀਕਾ ਦੀ ਸਿੱਧੀ ਉਡਾਣ ਨੂੰ 14 ਘੰਟੇ ਲੱਗੇ, ਥਕਾਵਟ ਵੀ ਕਾਫੀ ਹੋਈ। ਫਿਰ ਵੀ ਪਿਛਲੇ ਸਾਲ ਨਾਲੋਂ ਇਸ ਸਾਲ ਦਾ ਹਵਾਈ ਸਫਰ ਸੁਖਾਲਾ ਮਹਿਸੂਸ ਹੋਇਆ।

ਇੰਡੋ-ਕਨੇਡੀਅਨ ਬੱਸ ਲਾਈਨਜ (Indo-Canadian Bus Lines) ਨਾਂ ਦੀ ਇਕ ਪਰਾਈਵੇਟ ਕੰਪਨੀ ਦਿੱਲੀ ਦੇ ਹਵਾਈ ਅੱਡੇ ਤੋਂ ਪੰਜਾਬ ਦੇ ਮੋਟੇ ਮੋਟੇ ਸ਼ਹਿਰਾਂ ਤੱਕ ਸਵਾਰੀਆਂ ਢੋਂਹਦੀ ਹੈ। ਏਸ ਕੰਪਨੀ ਦੀ ਬੱਸ ਨੇ ਦਿੱਲੀ ਤੋਂ ਚੁੱਕ, ਸਾਨੂੰ ਖੰਨਾ ਸ਼ਹਿਰ ਦੀ ਜੂਹ ਵਿੱਚ ਛੱਡ ਦਿੱਤਾ, ਜਿੱਥੇ ਮੇਰੀ ਭੈਣ ਦਾ ਬੇਟਾ, ਸ਼ੀਰਾ, ਸਾਡੀ ਉਡੀਕ ਕਰ ਰਿਹਾ ਸੀ। ਦੋ ਅਸੀਂ, ਦੋ ਸਾਡੇ ਬੈਗ, ਛੋਟੀ ਕਾਰ ਵਿਚ ਅਸੀਂ ਮਸਾਂ ਬੈਠ ਸਕੇ। ਸੁਰਿੰਦਰ ਨੂੰ 8 ਮੀਲ ਮੇਰੀ ਗੋਦ ਵਿਚ ਨਿਮੋਂਝੋਣ ਹੋਣਾ ਪਿਆ। ‘‘ਇਹ ਇੰਡੀਆ ਹੈ,’’ ਸੁਰਿੰਦਰ ਨੂੰ ਗੁੱਸੇ ਵਿਚ ਦੇਖ ਮੇਰੇ ਮੂਹੋਂ ਨਿਕਲ ਗਿਆ। ਸ਼ਾਇਦ ਉਹਨੂੰ ਨਵੇਂ ਇੰਡੀਆ ਤੋਂ ਨਵੀਆਂ ਆਸਾਂ ਸਨ।

ਸ਼ੀਰਾ ਘਰ ਦੀ ਖੇਤੀਬਾੜੀ ਚਲਾਉਂਦਾ ਸੀ। ਅਸੀਂ ਉਹਦੇ ਪਿੰਡ ਦੇ ਬਾਹਰ ਪਾਏ ਘਰ ਠਹਿਰੇ, ਜਿੱਥੋਂ ਜੀ.ਟੀ. ਰੋਡ ਨੇੜੇ ਪੈਂਦੀ ਹੈ। ਇੰਡੀਆ ਪਹੁੰਚਕੇ ਸਾਨੂੰ ਕੋਈ ਜੈਟਲੈਗ ਨਾ ਹੋਇਆ। ਦੋ ਦਿਨ ਖੇਤਾਂ ਵਿਚ ਗੇੜੇ ਲਾਏ, ਆਸ ਪਾਸ ਦੇ ਰਿਸ਼ਤੇਦਾਰਾਂ ਨੂੰ ਮਿਲੇ ਤੇ ਬਿਹਾਰ ਨੂੰ ਜਾਣ ਦੀ ਤਿਆਰੀ ਕਸ ਲਈ।

ਆਪਣੇ ਪਾਸਪੋਰਟ ਅਸੀਂ ਸੂਟਕੇਸ ਵਿਚ ਬੰਦ ਕੀਤੇ, ਇਕ ਕਮਰੇ ਦੇ ਕੋਨੇ ਰੱਖ, ਜਿੰਦਰਾ ਲਾ ਦਿੱਤਾ। ਇੰਡੀਆ ਵਿਚਲੀ ਸੈਰ ਲਈ ਅਸੀਂ ਛੋਟੇ ਸੂਟਕੇਸ ਵਰਤੇ।

ਦਿੱਲੀ ਤੱਕ ਅਸੀਂ ਉਹੋ ਇੰਡੋ-ਕਨੇਡੀਅਨ ਬੱਸ ਫੜ ਲਈ ਜੋ ਸਾਨੂੰ ਦਿੱਲੀ ਤੋਂ ਚੁੱਕ ਖੰਨਾ ਸ਼ਹਿਰ ਲੈਕੇ ਆਈ ਸੀ। ਦਿੱਲੀ ਤੋਂ ਹਵਾਈ ਜਹਾਜ ਰਾਹੀਂ ਅਸੀਂ ਪਟਨੇ ਪਹੁੰਚ ਗਏ। ਪਟਨੇ ਹਵਾਈ ਅੱਡੇ ਤੋਂ ਅਸੀਂ ਰਿਹਾਇਸ਼ੀ ਜਗਾ ਪਹੁੰਚਣ ਲਈ ਟੈਕਸੀ ਕਰ ਲਈ ਜਿਸਦਾ ਕਰਾਇਆ ਅਸੀਂ ਟੈਕਸੀ ਦਫਤਰ ਵਿਚ ਪਹਿਲਾਂ ਅਦਾ ਕੀਤਾ। ਪਹਿਲਾਂ ਦਿੱਤੇ ਕਿਰਾਏ ਵਾਲੀਆਂ ਟੈਕਸੀਆਂ (Prepaid Taxis) ਸੁਰੱਖਿਅਤ ਸਮਝੀਆਂ ਜਾਂਦੀਆਂ ਹਨ।

ਸਾਨੂੰ ਬਾਲ ਲੀਲਾ ਯਾਤਰੀ ਨਿਵਾਸ ਵਿਚ ਕਮਰਾ ਮਿਲ ਗਿਆ। ਕਿਉਂਕਿ ਮੈਂ ਪਹਿਲਾਂ ਵੀ ਇੱਥੇ ਠਹਿਰ ਕੇ ਗਿਆ ਸਾਂ, ਇੱਥੋਂ ਘੁੰਮਣਾ-ਫਿਰਨਾ ਮੇਰੇ ਲਈ ਸੌਖਾ ਹੋ ਗਿਆ ਸੀ। ਅਸੀਂ ਇਕ ਪੰਜਾਬੀ ਬੋਲਦਾ ਟੈਕਸੀ ਡਰਾਈਵਰ ਲੱਭ ਲਿਆ ਜੋ ਬੁੱਧ, ਹਿੰਦੂ ਅਤੇ ਸਿੱਖ ਧਰਮ-ਅਸਥਾਨਾਂ ਨਾਲ ਸੰਪਰਕ ਰਖਦਾ ਸੀ। ਉਹ ਸਾਨੂੰ ਨਾਲੰਦਾ ਵੀ ਲੈ ਗਿਆ, ਜਿੱਥੇ ਦੁਨੀਆ ਦੀ ਸਭਤੋਂ ਪੁਰਾਣੀ ਯੂਨੀਵਰਸਿਟੀ ਦੇ ਖੰਡਰ ਦੇਖਣ ਲਈ ਲੋਕ ਜਾਂਦੇ ਹਨ।

ਜਿਸ ਦਿਨ ਅਸੀਂ ਇਸ ਮਹਾਂ-ਵਿਦਿਆਲੇ ਦੇ ਦਰਸ਼ਨ ਕੀਤੇ, ਤਕਰੀਬਨ 200 ਬੰਦੇ ਬੋਹੜ ਦੀ ਛਾਂ ਵਿਚ ਘਾਹ ਉੱਤੇ ਕਲਾਸ ਲਾਈ ਬੈਠੇ ਸਨ। ਉਨ੍ਹਾਂ ਵਿਚ ਬੋਧੀ ਦਰਵੇਸ਼ਾਂ ਦੀ ਗਿਣਤੀ ਸਭਤੋਂ ਵੱਧ ਸੀ। ਏਦਾਂ ਜਾਪਦਾ ਸੀ ਜਿਵੇਂ ਸੱਚ-ਮੁੱਚ ਹੀ ਪੁਰਾਣੇ ਸਮਿਆਂ ਵਿਚ ਬੈਠੇ ਹੋਣ।
ਉਹ ਵੀ ਇੱਕ ਦ੍ਰਿਸ਼ ਸੀ।

ਇੱਕ ਬੋਧੀ ਦਰਵੇਸ਼ ਬੋਧ ਗਿਆ ਮੰਦਰ ਦੀ ਪ੍ਰਕਰਮਾ ਵਿਚ, ਬਿਹਾਰ, ਇੰਡੀਆ, 2018

ਬਿਹਾਰ ਵਿਚਦੀ ਲੰਘਦੀ ਗੰਗਾ ਨਦੀ ਕਿਨਾਰੇ, ਕੰਗਣ-ਘਾਟ ਲਾਗੇ, ਸੂਰਜ ਦੀ ਪੂਜਾ ਵਿਚ ਜੁਟੇ ਲੋਕ, ਪਟਨਾ, 2017
***
641
***
ਡਾ. ਗੁਰਦੇਵ ਸਿੰਘ ਘਣਗਸ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਗੁਰਦੇਵ ਸਿੰਘ ਘਣਗਸ

View all posts by ਡਾ. ਗੁਰਦੇਵ ਸਿੰਘ ਘਣਗਸ →