17 October 2025

ਗੁਰ ਰਾਮਦਾਸ ਰਾਖਹੁ ਸਰਨਾਈ—ਡਾ. ਸਤਿੰਦਰ ਪਾਲ ਸਿੰਘ 

ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਆਪਣੀ ਮਿਹਰ ਨਾਲ ਸਾਰੀ ਮਨੁੱਖਤਾ ਦੀਆਂ ਝੋਲੀਆਂ ਭਰ ਦਿੱਤਿਆਂ ਜੋ ਕਦੇ ਖਾਲੀ ਨਹੀਂ ਹੋਣ ਵਾਲੀਆਂ, ਕੋਟਿ ਕੋਟਿ ਪਾਰਜਾਤ, ਕਾਮਧੇਨ ਉਨ੍ਹਾਂ ਦੇ ਦਰ ਦੀ ਸ਼ੋਭਾ ਬਣੇ , ਕੋਈ ਵੀ ਆਇਆ  ਅੱਜ ਤੱਕ ਨਿਰਾਸ਼ ਗਿਆ ਹੀ ਨਹੀਂ । ਗੁਰੂ ਰਾਮਦਾਸ ਜੀ ਦੀ ਨਿਮਖ ਮਾਤਰ ਦ੍ਰਿਸ਼ਟੀ ਹੀ ਸਾਰੇ ਦੁੱਖ ਹਰ ਲੈਂਦੀ ਹੈ। ਉਨ੍ਹਾਂ ਦੀ ਵਡਿਆਈ ਬੇਅੰਤ , ਬੇਅੰਤ ਹੈ ਜਿਸ ਦੀ ਪ੍ਰਤੀਤਿ ਹਰ ਗੁਰਸਿੱਖ ਦੇ ਚੇਤਨ , ਅਵਚੇਤਨ ਵਿੱਚ ਪੀੜ੍ਹੀ ਦਰ ਪੀੜ੍ਹੀ ਵੱਸੀ ਹੋਈ ਹੈ । ਇਹ ਪ੍ਰਤੀਤਿ ਹੀ ਉਸ ਦੇ ਮਨ ਅੰਦਰ ਗੁਰੂ ਰਾਮਦਾਸ ਜੀ ਦੀ ਸ਼ਰਣ ਪ੍ਰਾਪਤ ਕਰਨ ਦੀ ਤੀਵ੍ਰ ਤਾਂਘ ਪੈਦਾ ਕਰਦੀ ਹੈ । ਗੁਰੂ ਰਾਮਦਾਸ ਜੀ ਦੀ ਸ਼ਰਣ ਵਿੱਚ ਉਸ ਨੂੰ ਆਪਣੇ ਅਵਗੁਣਾਂ ਨਾਲ ਭਰੇ ਜੀਵਨ ਦੀ ਉੱਤਮਤਾਈ ਨਜਰ ਆਉਂਦੀ ਹੈ । ਗੁਰੂ ਰਾਮਦਾਸ ਜੀ ਦੀ ਸ਼ਰਣ ਹਰ ਉਸ ਮਨੁੱਖ ਨੂੰ ਜੀ ਆਈਆਂ ਕਰ ਰਹੀ ਹੈ ਜਿਸ ਨੇ ਗੁਰੂ ਸਾਹਿਬ ਦੀ ਸ਼ਰਣ ਦਾ ਸੰਕਲਪ ਧਾਰਨ ਕਰ ਲਿਆ ਹੈ ਗੁਰੂ ਰਾਮਦਾਸ ਜੀ ਜਿਹਾ ਦਇਆਲੁ ਤਾਂ ਮਨੁੱਖੀ ਸਭਿਅਤਾ ਦੇ ਇਤਿਹਾਸ ‘ਚ ਕੋਈ ਨਹੀਂ ਲੱਭਦਾ । ਗੁਰੂ ਸਾਹਿਬ ਤਾਂ ਦੀਨ ਨੂੰ ਆਪ ਸੱਦ ਕੇ ਆਪਣੀ ਸ਼ਰਣ ਵਿੱਚ ਲੈਂਦੇ ਹਨ । ਸੰਨ ੧੫੫੭ ਵਿੱਚ ਇੱਕ ਨਵਾਂ ਨਗਰ ਵਸਾ ਕੇ ਗੁਰੂ ਸਾਹਿਬ ਨੇ ਪਹਿਲਾਂ ਆਪ ਨਿਵਾਸ ਕੀਤਾ ਫਿਰ ਵੱਖ ਵੱਖ ਖੇਤਰਾਂ ਦੇ ਕਿਰਤੀਆਂ , ਕਾਰੀਗਰਾਂ ਨੂੰ ਬੁਲਾ ਕੇ ਵਸਾਇਆ । ਗੁਰੂ ਰਾਮਦਾਸ ਜੀ ਦੀ ਆਮਦ ‘ਤੇ ਰਿਹਾਇਸ਼ ਦਾ ਅਰਥ ਸੀ ਅੰਮ੍ਰਿਤ ਦੀ ਬਰਖਾ । ਇਹ ਅਸਥਾਨ ਅੰਮ੍ਰਿਤਸਰ  ਬਣ ਗਿਆ । ਇਸ ਨਗਰ ਵਿੱਚ ਪ੍ਰੇਮ ਦੇ ਬੂਟੇ ਲੱਗੇ ਜੋ ਅੰਮ੍ਰਿਤ ਨਾਲ ਸਿੰਚੇ ਗਏ । ਅੱਜ ਵੀ ਸੰਗਤ ਰੂਪ ਪ੍ਰੇਮ ਦੇ ਬੂਟੇ ਆਉਂਦੇ ਹਨ ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਆਪਣੀ ਅੰਮ੍ਰਿਤਮਈ ਬਾਣੀ ਨਾਲ ਸਿੰਚ ਕੇ ਹਰੇ ਭਰੇ ਕਰ ਦਿੰਦੇ ਹਨ । 

ਗੁਰੂ ਰਾਮਦਾਸ ਜੀ ਦੀ ਨਗਰੀ ਦਾ ਆਪਣਾ ਹੀ ਨਿਆਮ , ਵਿਧਾਨ ਹੈ । ਇਸ ਨਗਰੀ ਵਿੱਚ ਆਉਣ ਲਈ ਯੋਗਤਾ ਪ੍ਰੇਮ ਪੂਰਨ ਸੇਵਾ ਦੀ ਭਾਵਨਾ ਹੈ । ਗੁਰੂ ਰਾਮਦਾਸ ਜੀ ਦੀ ਸ਼ਰਣ ਪ੍ਰੇਮ ਵਿੱਚ ਰੰਗੇ ਗੁਰਸਿੱਖ ਨੂੰ ਹੀ ਪ੍ਰਾਪਤ ਹੁੰਦੀ ਹੈ । 

ਪਿਆਰੇ ਹਰਿ ਬਿਨੁ ਪ੍ਰੇਮੁ ਨ ਖੇਲਸਾ ( ਅੰਗ ੪੫੨ ) 

ਗੁਰੂ ਰਾਮਦਾਸ ਜੀ ਦੇ ਸੱਦੇ ਨੂੰ ਹੁਕਮ ਮੰਨ , ਗੁਰੂ ਸਾਹਿਬ ਦੇ ਪ੍ਰੇਮ ਵਿੱਚ ਸਿੰਝੇ  ਹੋਏ ਅੰਮ੍ਰਿਤਸਰ ਵਿੱਚ ਵੱਸਣ ਆਏ ਕਿਰਤਿਆਂ ਨੂੰ ਪ੍ਰਤੀਤ ਹੋਇਆ ਕਿ ਉਹ ਆਪਣੇ ਹੀ ਘਰ ਆ ਗਏ ਹੋਣ । ਗੁਰੂ ਸਾਹਿਬ ਨੇ ਉਨ੍ਹਾਂ ਦੀ ਹਰ ਤਰਹ ਮਦਦ ਕੀਤੀ ਜਿਵੇਂ ਘਰ , ਪਰਿਵਾਰ ਦਾ ਵਡੇਰਾ ਪੁਰਖ ਪਿਆਰ ਭਰੀ ਸੰਭਾਲ  ਕਰਦਾ ਹੈ । ਗੁਰੂ ਘਰ ਵਿੱਚ ਪ੍ਰੇਮ ਹੀ ਪ੍ਰਵਾਨ ਹੁੰਦਾ ਹੈ । ਕੋਈ ਵੀ ਇਨਕਾਰ ਨਹੀਂ ਕਰੇਗਾ ਕਿ ਉਸ ਦੇ ਮਨ ਅੰਦਰ ਗੁਰੂ ਲਈ ਪ੍ਰੇਮ ਨਹੀਂ ਹੈ । ਪਰ ਪ੍ਰੇਮ ਦਾਅਵਾ ਕਰਨ  ਦਾ ਵਿਸ਼ਾ ਨਹੀਂ ਹੈ । ਗੁਰੂ ਰਾਮਦਾਸ ਜੀ ਨੇ ਸਪਸ਼ਟ ਕੀਤਾ ਕਿ ਪ੍ਰੇਮ ਆਪ ਹੀ ਪਰਗਟ ਹੁੰਦਾ ਹੈ । ਗੁਰੂ ਸਾਹਿਬ ਨੇ ਕਿਹਾ ਕਿ ਮਨ ਪ੍ਰੇਮ ‘ਚ ਰੰਗਿਆ ਹੋਵੇ ਤਾਂ ਅੱਖਾਂ ਤੋਂ ਅੰਮ੍ਰਿਤ ਵਰ੍ਹਦਾ ਹੈ । ਜੀਵਨ ‘ਤੇ ਸੰਸਾਰ ਨੂੰ ਵੇਖਣ ਦੀ ਦ੍ਰਿਸ਼ਟੀ ਬਦਲ ਜਾਂਦੀ ਹੈ । ਸਾਰੀਆਂ ਲਈ ਪ੍ਰੇਮ ‘ਤੇ ਸਤਿਕਾਰ ਦੀ ਭਾਵਨਾ ਦ੍ਰਿੜ੍ਹ ਹੁੰਦੀ ਹੈ ਕਿਉਂਕਿ ਘਟ ਘਟ ‘ਚ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ । ਆਪਣੇ ਪ੍ਰੇਮ ਦੀ ਪਰਖ ਗੁਰਸਿੱਖ ਆਪ ਕਰ ਸਕਦਾ ਹੈ । ਇਸ ਲਈ ਗੁਰੂ ਸਾਹਿਬ ਨੇ ਪਰਮਾਤਮਾ ਨੂੰ ਕਸੌਟੀ ਬਣਾਉਣ ਲਈ ਕਿਹਾ । ਪਰਮਾਤਮਾ ਇਸ ਕਾਰਨ ਪਰਮਾਤਮਾ ਹੈ ਕਿਉਂਕਿ ਉਹ ਸਤ ਹੈ , ਕਰਤਾ ਹੈ , ਨਿਰਭਉ ਹੈ , ਨਿਰਵੈਰ ਹੈ । ਇਨ੍ਹਾਂ ਗੁਣਾਂ ਨੂੰ ਧਾਰਨ ਕਰਨਾ ਗੁਰਸਿੱਖ ਦੇ ਪਰਮਾਤਮਾ ਪ੍ਰੇਮ ਦਾ ਪ੍ਰਮਾਣ ਹੈ । ਇਹ ਇੱਕੋ ਕਸੌਟੀ ਹੈ ਪ੍ਰੇਮ ਦੀ ਜੋ ਗੁਰੂ ਰਾਮਦਾਸ ਜੀ ਦੀ ਸ਼ਰਣ ਪ੍ਰਾਪਤ ਕਰਨ ‘ਚ ਸਹਾਇਕ ਹੈ । ਪ੍ਰੇਮ ਦਾ ਇਹ ਗੂੜ੍ਹਾ ਰੰਗ ਗੁਰਸਿੱਖ ਦੇ ਤਨ ‘ਤੇ ਮਨ ਦੁਹਾਂ ਨੂੰ ਰੰਗਦਾ ਹੈ ਅਤੇ ਇੱਕਸਾਰ ਕਰ ਦਿੰਦਾ ਹੈ । ਤਨ ਤੇ ਮਨ ਦੋਵੇ ਇੱਕੋ ਦਿਸ਼ਾ ਵੱਲ , ਇੱਕੋ ਮਾਰਗ ਤੇ ਚੱਲਦੇ ਹਨ । ਕੋਈ ਭੇਦ ਜਾਂ ਭਿੰਨਤਾ ਨਹੀਂ ਹੁੰਦੀ । ਕਥਨ ਤੇ ਕਰਮ ਦਾ ਭਿੰਨਤਾ  ਵਰਤਮਾਨ ਦੀ ਹੀ ਨਹੀਂ ਸਦਾ ਦੀ ਚੁਨੌਤੀ ਰਹੀ ਹੈ । ਗੁਰਸਿੱਖ ਪ੍ਰੇਮ ਦੀ  ਪੂਰਨਤਾ ਪ੍ਰਾਪਤ ਕਰਨ ਤੋਂ ਬਾਅਦ ਇਸ ਭਿੰਨਤਾ ਨੂੰ ਦੂਰ ਕਰਨ ‘ਚ ਸਫਲ ਹੋ ਜਾਂਦਾ ਹੈ । ਉਸ ਨੂੰ ਗੁਰੂ ਦਾ ਦਰ ਆਪਣਾ ਲੱਗਣ ਲੱਗਦਾ ਹੈ । ਗੁਰੂ , ਗੁਰਬਾਣੀ ਵਿੱਚ ਆਪਣੇ ਜੀਵਨ ਦੀ ਸਾਰਥਕਤਾ ਨਜਰ ਆਉਣ ਲੱਗ ਜਾਂਦੀ ਹੈ । 

ਗੁਰੂ ਨਾਲ ਨੇੜਤਾ ਦੇ ਸਬੰਧ ਦਾ ਅਹਿਸਾਸ ਹੋਣਾ ਪਰਮਾਤਮਾ ਪ੍ਰੇਮ ਦੀ ਪੂਰਨਤਾ ਪ੍ਰਾਪਤ ਕਰਨ ਦੀ ਵੱਡੀ ਲੋੜ ਹੈ । ਗੁਰਸਿੱਖ  ਗੁਰੂ ਕੋਲ ਆਵੇ ਤਾਂ ਗੁਰੂ ਦਾ ਹੋ ਕੇ , ਗੁਰੂ ਨੂੰ ਆਪਣਾ ਮੰਨ ਕੇ  ਆਵੇ । ਇੱਕ ਗੁਰੂ ਦਾ ਘਰ ਹੀ ਆਪਣਾ ਹੈ । 

ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥ ( ਅੰਗ ੪੫੧ ) 

ਆਪਣਾ ਘਰ ਹੀ ਅਜਿਹਾ ਅਸਥਾਨ ਹੈ ਜਿੱਥੇ ਮਨੁੱਖ ਆਪਣੇ ਲਗਭਗ ਸੱਚੇ ਰੂਪ ਵਿੱਚ ਵਿਵਹਾਰ ਕਰਦਾ ਹੈ । ਆਪਣੇ ਮਨ ਦਾ ਪ੍ਰਗਟ ਕਰਨ ਵਿੱਚ ਉਸ ਨੂੰ ਕੋਈ ਸੰਕੋਚ ਨਹੀਂ ਹੁੰਦਾ । ਆਪਣਾ ਘਰ ਮਨੁੱਖ ਨੂੰ ਅਚਿੰਤ ਕਰਦਾ ਹੈ ਤੇ ਸੁਰੱਖਿਆ ਦਾ ਅਹਿਸਾਸ ਪ੍ਰਦਾਨ ਕਰਦਾ ਹੈ । ਗੁਰੂ ਰਾਮਦਾਸ ਜੀ ਗੁਰਸਿੱਖ ਨੂੰ ਗੁਰੂ ਘਰ , ਗੁਰੂ ਦੇ ਨਗਰ ਵਿੱਚ ਆਪਨਾ ਘਰ ਸਮਝ ਕੇ ਆਉਣ ਦੀ ਪ੍ਰੇਰਣਾ ਕਰਦੇ ਹਨ । ਇਹ ਨਗਰ , ਅਸਥਾਨ ਪਰਮਾਤਮਾ ਨਾਲ ਮੇਲ ਕਰਾਉਣ ਦਾ ਅਸਥਾਨ ਹੈ । ਇਹੋ ਇੱਕ ਅਸਥਾਨ ਹੈ ਜਿੱਥੇ ਪ੍ਰੇਮ ਦੀ ਅਵਸਥਾ ਪਰਵਾਨ ਚੜ੍ਹਦੀ ਹੈ ‘ਤੇ ਉਸ ਪ੍ਰੇਮ ਦਾ ਸੱਚਾ ਆਨੰਦ ਮਾਣਨ ਦੀ ਜਾਚ ਆ ਜਾਂਦੀ ਹੈ ।  ਗੁਰੂ ਰਾਮਦਾਸ ਜੀ ਨੇ ਵਚਨ ਕੀਤਾ ਕਿ ਆਨੰਦ ਵਾਹਿਗੁਰੂ ਪਰਮਾਤਮਾ ਨੂੰ ਇਵੇਂ ਧਾਰਨ ਕਰਨ ਵਿੱਚ ਜਿਵੇ ਕੋਈ ਇਸਤ੍ਰੀ ਆਪਣੇ ਪਤੀ ਨੂੰ ਆਪਣਾ ਸੁਹਾਗ ਤੇ ਆਪਣੇ ਮਸਤਕ ਦੀ ਸ਼ੋਭਾ ਮੰਨ ਕੇ ਮਨ ਅੰਦਰ ਪ੍ਰੇਮ ਨਾਲ ਵਸਾਉਂਦੀ ਹੈ । ਗੁਰੂ ਸਾਹਿਬ ਨੇ ਦੂਜੀ ਜੁਗਤ ਦੱਸੀ ਕਿ ਨੇਤ੍ਰਾਂ ਅੰਦਰ ਪਰਮਾਤਮਾ ਦੇ ਦਰਸ਼ਨ ਦੀ ਤਾਂਘ ਇਵੇਂ ਹੋਵੇ ਜਿਵੇਂ ਚਾਤ੍ਰਿਕ ਪੰਛੀ ਅੰਦਰ ਸਵਾਤੀ ਦੀ ਇੱਕ  ਬੂੰਦ ਲਈ ਹੁੰਦੀ ਹੈ । ਇਸ ਨੂੰ ਬਿਰਹਾ ਵੀ ਕਿਹਾ । ਗੁਰਸਿੱਖ ਨੂੰ ਬਸੰਤ ਰੁਤ ਚੇਤੇ ਕਰਾਉਂਦੀਆਂ ਗੁਰੂ ਸਾਹਿਬ ਨੇ ਕਿਹਾ ਕਿ ਪ੍ਰੀਤਮ ਘਰ ਨਾ ਹੋਵੇ ਤਾਂ ਇਹ ਸਰਸ ਤੇ ਭਲੀ ਰੁਤ ਵੀ ਦੁੱਖਦਾਈ ਬਣ ਜਾਂਦੀ ਹੈ । ਬਸੰਤ ਰੁਤ ਮਾਣਨ ਲਈ  ਮਨ ਅੰਦਰ ਵੱਡੀ ਆਸ ਹੋਵੇ ਗੁਰੂ ਦਰਸ਼ਨ  ਦੀ । ਜਦੋਂ ਗੁਰੂ ਦੇ ਦਰਸ਼ਨ ਸੁਭਾਗ ਪ੍ਰਾਪਤ ਹੋਵੇ ਤਾਂ ਇਵੇਂ ਸੁੱਖ ਪ੍ਰਾਪਤ ਹੋਵੇ ਜਿਵੇਂ ਮਾਤਾ ਦੇ ਹਿਰਦੈ ਵਿੱਚ ਆਪਣੇ ਬਾਲਕ ਨੂੰ ਵੇਖ ਕੇ ਵਿਗਾਸ ਪੈਦਾ ਹੁੰਦਾ ਹੈ ।  

ਜੋ ਨਗਰ ਗੁਰਸਿੱਖ ਦੇ ਨਿਵਾਸ ਲਈ  ਯੋਗ ਹੈ ਉਸ ਦਾ ਸੁਆਮੀ ਗੁਰੂ ਆਪ ਹੈ । ਗੁਰੂ ਦਾ ਦਰ ਅੰਮ੍ਰਿਤ ਦਾ ਘਰ ਹੈ ਜੋ ਸੁੱਤੇ ਮਨ ਨੂੰ ਜਗਾਉਣ ਵਾਲਾ , ਭਰਮੇ ਹੋਏ ਮਨ ਨੂੰ ਸੁਮਾਰਗ ਤੇ ਲਿਆਉਣ ਵਾਲਾ ‘ਤੇ  ਸੱਖਣੇ ਮਨ ਨੂੰ ਸੱਚੀ ਰਾਸ ਨਾਲ ਭਰਨ ਵਾਲਾ ਹੈ । ਗੁਰੂ ਰਾਮਦਾਸ ਜੀ ਨੇ ਕਿਹਾ ਕਿ ਗੁਰੂ ਦਾ ਦਰਸ਼ਨ ਮਾਤਰ ਆਸ ਜਗਾ ਦਿੰਦਾ ਹੈ ਕਿਉਂਕਿ ਉਸ ਦੀ ਹੋਂਦ ਅੰਮ੍ਰਿਤ ਦਾ ਸੋਮਾ ਹੈ । ਗੁਰੂ ਦੀ ਅੰਮ੍ਰਿਤ ਬਾਣੀ ਅੰਤਰ ਨੂੰ ਗਿਆਨ ਨਾਲ ਪ੍ਰਕਾਸ਼ਿਤ ਕਰਨ ਵਾਲੀ ਹੈ । ਗੁਰੂ ਅੰਮ੍ਰਿਤ ਮਈ ਭਗਤੀ ਦਾ ਭੰਡਾਰ ਹੈ ‘ਤੇ ਕਦੇ ਡੋਲਣ ਨਹੀਂ ਦਿੰਦਾ । ਗੁਰੂ ਦੀ ਨਗਰੀ ਵਿੱਚ ਆਉਣ ਦਾ ਮਨੋਰਥ ਅੰਮ੍ਰਿਤ ਨਾਲ ਜੀਵਨ ਨੂੰ ਸਿੰਚਿਤ ਕਰਨਾ ਹੈ । ਗੁਰੂ ਜਿਸ ਨੂੰ ਜੋ ਬਖ਼ਸ਼ਿਸ਼ਾਂ ਦੇ ਰਿਹਾ ਹੈ , ਗੁਰਸਿੱਖ ਉਹੋ ਪ੍ਰਾਪਤ ਕਰ ਰਿਹਾ ਹੈ ।  ਗੁਰਸਿੱਖ ਆਪਣੀ ਪ੍ਰਾਪਤੀਆਂ ‘ਤੇ ਕੋਈ ਮਾਣ ਨਹੀਂ ਕਰ ਸਕਦਾ । ਗੁਰੂ ਦੀ ਨਗਰੀ ਵਿੱਚ ਉਹ ਗੁਰੂ ਦਾ ਨਿਮਾਣਾ ਜਿਹਾ  ਦਾਸ ਹੈ  “ ਜਨੁ ਨਾਨਕ ਹਰਿ ਕਾ ਦਾਸੁ ਹੈ ਹਰਿ ਦਾਸ ਪਨਿਹਾਰੇ “ ।  ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਆਉਣ ਲਈ ਗੁਰਸਿੱਖ ਆਪਣੀ ਇਹ  ਪਛਾਣ  ਸਵੀਕਾਰ ਕਰੇ ਤਾਂ ਹੀ ਗੁਰੂ ਅੰਦਰ  ਸੱਚੇ ਸਾਹ ਦੇ ਦਰਸ਼ਨ ਕਰ ਸਕੇਗਾ । 

ਗੁਰੂ ਰਾਮਦਾਸ ਜੀ ਦਾ ਵਸਾਇਆ ਨਗਰ ਸਿਫਤੀ ਦਾ ਘਰ ਹੈ । ਸੰਸਾਰ ਦੀ ਸਰਵ ਸ੍ਰੇਸ਼ਟ ਸਿਫਤ ਪਰਮਾਤਮਾ ਦਾ ਨਾਮ ਇਸ ਅਸਥਾਨ ਨੂੰ ਪਾਵਨ ਬਣਾ ਰਿਹਾ ਹੈ । ਗੁਰੂ ਦੇ ਨਗਰ ਦੀ ਇਸ ਸਿਫਤ ਨੂੰ ਜਾਣ ਕੇ ਮਨ ‘ਚ ਧਾਰਨ ਕਾਰਿਆਂ ਸਾਰੇ ਸੋਗ , ਸੰਤਾਪ ਮਿਟ ਜਾਂਦੇ ਹਨ । ਮਨ ਥਿਰ ‘ਤੇ ਸਹਿਜ ਅਵਸਥਾ ਪ੍ਰਾਪਤ ਕਰ ਲੈਂਦਾ ਹੈ । ਗੁਰੂ ਰਾਮਦਾਸ ਜੀ ਦੇ ਕਾਲ ਵਿੱਚ ਹੀ ਅੰਮ੍ਰਿਤਸਰ ਨਗਰ ਆਤਮ ਵਿਗਸ ਦਾ ਅਸਥਾਨ ਬਣ ਗਿਆ ਸੀ । ਜੀਵਨ ਦੀਆਂ ਸੰਸਾਰਕ ਲੋੜਾਂ ਤੇ ਰੂਹਾਨੀ ਮੰਗਾਂ ਦੋਵੇ ਹੀ ਪੂਰਨ ਹੋ ਰਹਿਆਂ ਸਨ । ਗੁਰੂ ਨਾਨਕ ਜੀ ਦੇ ਪੰਥ ਦੀ ਵਡਿਆਈ , ਗੁਰੂ ਰਾਮਦਾਸ ਜੀ ਦੇ ਵਸਾਏ ਨਗਰ ਦੀ ਸ਼ੋਭਾ ਨਿਤ ਵੱਧ ਰਹੀ । ਇਸ ਨਗਰ ਦੀ ਵਡਿਆਈ ਸ੍ਰੀ ਕ੍ਰਿਸ਼ਨ ਜੀ ਦੇ ਆਪ ਚੱਲ ਕੇ ਸੁਦਾਮਾ ਦੇ ਘਰ ਆਉਣ ਜਿਹੀ ਹੈ “ ਦੀਨਾ ਦੀਨ ਦਇਆਲ ਭਏ ਹੈ ਜਿਉ ਕ੍ਰਿਸਨੁ ਬਿਦਰ ਘਰਿ ਆਇਆ “ । ਗੁਰੂ ਰਾਮਦਾਸ ਜੀ ਸਿਮਰਨ ਕਰਨ ਵਾਲੇ ਗੁਰਸਿੱਖ ਦਾ ਜੀਵਨ ਸੰਵਾਰਨ ਲਈ ਗੁਰੂ ਸਾਹਿਬ ਆਪ ਅੱਗੇ ਹੋ ਕੇ ਕ੍ਰਿਪਾ ਦਾ ਮੀਂਹ ਬਰਸਾਉਂਦੇ  ਹਨ । ਕੋਈ ਨਿਰਾਸ਼ ਨਹੀਂ ਜਾਉਂਦਾ । ਪਰ ਗੁਰੂ ਨਾਲ ਧ੍ਰੋਹ ਕਰਨਾ ਆਤਮਘਾਤ ਬਣ ਜਾਂਦਾ ਹੈ । 

ਨਿੰਦਕ ਸਾਕਤੁ ਖਵਿ ਨ ਸਕੈ ਤਿਲੁ ਆਪਣੈ ਘਰਿ ਲੂਕੀ ਲਾਈ ॥ ( ਅੰਗ ੧੧੯੧ )    

ਕੁਪੰਥੀ , ਪਾਪੀ ਕਿੰਨੇ ਹੀ ਜੋਰ ,  ਜੁਲਮ ਕਰਨ ਗੁਰੂ ਦੀ ਨਗਰੀ ਦੀ ਸ਼ੋਭਾ ਤਿਲ ਮਾਤਰ ਨਹੀਂ ਘੱਟਦੀ । ਜਿਸ ਨੂੰ ਆਤਮ ਪ੍ਰਬੋਧ ਹੋ ਗਿਆ ਉਹ ਗੁਰੂ ਰਾਮਦਾਸ ਜੀ ਦੀ ਸ਼ਰਣ ਦਾ ਜਾਚਕ ਬਣ ਜਾਂਦਾ ਹੈ।
***
ਡਾ ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ ਆਸਟ੍ਰੇਲੀਆ
ਈ ਮੇਲ –  akaalpurkh.7@gmail.com 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1622
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ , ਆਸਟ੍ਰੇਲੀਆ
ਈ ਮੇਲ - akaalpurkh.7@gmail.com   

ਡਾ. ਸਤਿੰਦਰ ਪਾਲ ਸਿੰਘ

ਡਾ. ਸਤਿੰਦਰ ਪਾਲ ਸਿੰਘ ਦਿ ਪਾਂਡਸ ਸਿਡਨੀ , ਆਸਟ੍ਰੇਲੀਆ ਈ ਮੇਲ - akaalpurkh.7@gmail.com   

View all posts by ਡਾ. ਸਤਿੰਦਰ ਪਾਲ ਸਿੰਘ →