1. ਵੋਟਾਂ ਸੋਚ ਸਮਝ ਕੇ….
ਦਿਲ ਆਪਣੇ ਦੀ ਸੁਣਿਓ,
ਨਾ ਬਹਿਕਾਵੇ ਦੇ ਵਿੱਚ ਆਇਓ ਜੀ
ਦੇਸ਼ ਮੇਰੇ ਦਿਓ ਲੋਕੋ !
ਵੋਟਾਂ ਸੋਚ ਸਮਝ ਕੇ ਪਾਇਓ ਜੀ…
ਪੰਜ ਸਾਲਾਂ ਵਿਚ ਕੀ ਕੁੱਝ ਹੋਇਆ
ਕੌਣ ਹੈ ਹੱਸਿਆ, ਕੌਣ ਹੈ ਰੋਇਆ
ਜਨਤਾ ਨੂੰ ਕਿਸ ਦਿੱਤਾ ਧੋਖਾ
ਇਹ ਸੱਭ ਕਰਕੇ ਲੇਖਾ-ਜੋਖਾ
ਕਰਕੇ ਯਾਦ ਇਹ ਸਾਰੀਆਂ ਗੱਲਾਂ
ਫਿਰ ਕੋਈ ਬਟਨ ਦਬਾਇਓ ਜੀ
ਦੇਸ਼ ਮੇਰੇ ਦਿਓ ਲੋਕੋ !
ਵੋਟਾਂ ਸੋਚ ਸਮਝ ਕੇ ਪਾਇਓ ਜੀ…
ਨਾ ਕੋਈ ਗੁੰਡਾ, ਨਾ ਕੋਈ ਲੁੱਚਾ
ਨੇਤਾ ਚੁਣਿਓਂ ਸੱਚਾ ਸੁੱਚਾ
ਲਾਹਣ ਭੁੱਕੀ ‘ਤੇ ਡੁੱਲ੍ਹ ਨਾ ਜਾਇਓ
ਆਪਣੇ ਫਰਜ਼ ਨੂੰ ਭੁੱਲ ਨਾ ਜਾਇਓ
ਕਰਕੇ ਭੁੱਲ ਕੋਈ ਐਸੀ ਨਾ
ਪੰਜ ਸਾਲਾਂ ਲਈ ਪਛਤਾਇਓ ਜੀ
ਦੇਸ਼ ਮੇਰੇ ਦਿਓ ਲੋਕੋ !
ਵੋਟਾਂ ਸੋਚ ਸਮਝ ਕੇ ਪਾਇਓ ਜੀ…
ਘੋਸ਼ਣਾ ਪੱਤਰ ਪਹਿਲੇ ਫੜਕੇ
ਪੜ੍ਹ ਲਿਓ ਵਾਅਦੇ ਕੀਤੇ ਖੜ੍ਹਕੇ
ਵੇਖਿਓ ਵਾਅਦੇ ਹੋਏ ਜੇ ਪੂਰੇ
ਜਾਂ ਫਿਰ ਵਕਤ ਲੰਘਾਇਆ ਲੜ ਕੇ
ਕੀ ਕਹਿੰਦੇ ਸੀ, ਤੇ ਕੀ ਕੀਤਾ
ਇਸ ਤੇ ਗ਼ੌਰ ਫਰਮਾਇਓ ਜੀ
ਦੇਸ਼ ਮੇਰੇ ਦਿਓ ਲੋਕੋ !
ਵੋਟਾਂ ਸੋਚ ਸਮਝ ਕੇ ਪਾਇਓ ਜੀ…
ਕਿਸਨੇ ਹੈ ਨਫ਼ਰਤ ਫੈਲਾਈ
ਮੁੱਦਿਆਂ ਤੋਂ ਜਨਤਾ ਭਟਕਾਈ
ਰਾਜਨੀਤੀ ਧਰਮਾਂ ਦੀ ਕਰਕੇ
ਭਾਈਚਾਰੇ ਦੀ ਸਾਂਝ ਘਟਾਈ
ਕਿਰਸਾਨਾਂ ਦੀਆਂ ਖੁਦਕੁਸ਼ੀਆਂ ਨੂੰ
ਵੀ ਨਾ ਦਿਲੋਂ ਭੁਲਾਇਓ ਜੀ
ਦੇਸ਼ ਮੇਰੇ ਦਿਓ ਲੋਕੋ !
ਵੋਟਾਂ ਸੋਚ ਸਮਝ ਕੇ ਪਾਇਓ ਜੀ…
ਘਟੀ ਜਾਂ ਵਧ ਗਈ ਬੇਰੁਜ਼ਗਾਰੀ
ਕਿੰਨਾ ਕੁ, ਖੁਸ਼ ਹੈ ਵਿਓਪਾਰੀ
ਮਹਿੰਗਾਈ ਤੋਂ ਰਾਹਤ ਮਿਲੀ ਜਾਂ
ਟੈਕਸਾਂ ਨੇ ਮੱਤ ਹੋਰ ਵੀ ਮਾਰੀ
“ਦੂਹੜਿਆਂ ਵਾਲਿਆ” ਸੱਚ ਬੋਲਿਓ
ਸੱਚ ਤੋਂ ਨਾ ਘਬਰਾਇਓ ਜੀ
ਦੇਸ਼ ਮੇਰੇ ਦਿਓ ਲੋਕੋ !
ਵੋਟਾਂ ਸੋਚ ਸਮਝ ਕੇ ਪਾਇਓ ਜੀ…
**
2. ਵੋਟਾਂ ਦੀ ਸਿਆਸਤ—–
ਆ ਗਿਆ ਮਹੀਨਾ ਵੋਟਾਂ ਵਾਲੀ ਬਰਸਾਤ ਦਾ
ਕਈ ਬਰਸਾਤੀ ਡੱਡੂ ਹੁਣ ਬਾਹਰ ਆਉਣਗੇ
ਪੰਜ ਸਾਲ ਜਿਹਨਾਂ ਨੇ ਵਿਖਾਈਆਂ ਨਹੀਓ ਸ਼ਕਲਾਂ
ਓਹੀ ਫੇਰ ਝੂਠੇ ਵਾਅਦੇ ਮੁਡ਼ ਦੁਹਰਾਉਂਣਗੇ
ਦਾਰੂ ਭੁੱਕੀ ਪੈਸਾ ਨਸ਼ਾ ਹਰ ਪਰਕਾਰ ਦਾ
ਵੰਡ ਵੰਡ ਮੰਨ ਥੋਡਾ ਬੜਾ ਲਲਚਾਉਂਣਗੇ
ਵੋਟਰਾਂ ਨੂੰ ਆਪਣੇ ਹੀ ਹੱਕ ਚ ਕਰਨ ਲਈ
ਪੁੱਠੇ ਸਿੱਧੇ ਸਾਰੇ ਹੱਥ ਕੰਡੇ ਅਜ਼ਮਾਉਂਣਗੇ
ਕਰਕੇ ਬਿਆਨਬਾਜ਼ੀ ਘਟੀਆ ਵਿਰੋਧੀਆਂ ਤੇ
ਭੋਲ਼ੀ ਭਾਲ਼ੀ ਜੰਨਤਾ ਨੂੰ ਐਵੇਂ ਭੜਕਾਉਂਣਗੇ
ਵੋਟਾਂ ਦੀ ਖਾਤਿਰ ਹੱਥ ਜੋਡ਼ ਕੇ ਤੁਹਾਡੇ ਅੱਗੇ
ਵਾਂਗਰਾਂ ਭਿਖਾਰੀਆਂ ਦੇ ਉਹ ਗਿੜਗਿੜਾਉਂਣਗੇ
ਪਰ, “ਖੁਸ਼ੀ ਦੂਹੜਿਆਂ ਦਾ” ਕਰਦਾ ਅਪੀਲ ਥੋਨੂੰ
ਚੁਣੋ ਐਸਾ ਨੇਤਾ ਜਿਹਡ਼ਾ ਸਾਰਿਆਂ ਦਾ ਸਾਂਝਾ ਹੋਵੇ
ਕਰੇ ਐਸੀ ਗੱਲ ਜੋ, ਤਰੱਕੀਆਂ ਦੀ ਪੈੜ ਚੁੰਮੇ
ਸੋਚੇ ਬੜੀ ਦੂਰ ਦੀ ਤੇ ਅਕਲੋਂ ਨਾ ਵਾਂਝਾ ਹੋਵੇ ……
***
3. ਚੁਣਾਵੀ ਹੱਥਕੰਡੇ
ਚੋਣਾਂ ਆਈਆਂ ਸਿਰ ‘ਤੇ, ਕਈ ਨਿਲਾਮ ਹੋਣਗੇ
ਦਲ-ਬਦਲੂਆਂ ਦੇ ਚਰਚੇ, ਹੁਣ ਆਮ ਹੋਣਗੇ
ਜਿੱਧਰੋਂ ਬੁਰਕੀ ਪੈ ਗਈ ਵੱਡੀ, ਅਹੁਦੇ ਦੀ
ਓਸੇ ਈ ਦਲ ਦੇ ਯਾਰੋ ਬਣੇਂ ਗ਼ੁਲਾਮ ਹੋਣਗੇ
ਦਲ ਬਦਲਣ ਲਈ ਗੁਪਤ ਮੀਟਿੰਗਾਂ ਕਰਦੇ ਜੋ
ਕੁਝ ਦਿਨਾ ਦੇ ਬਾਅਦ ਉਹ ਸ਼ਰੇਆਮ ਹੋਣਗੇ
ਧਰਮ ਦੇ ਨਾਂਅ ਤੇ ਭਾਵਨਾਵਾਂ ਭੜਕਾਵਣ ਲਈ
ਕਿਤੇ ਵਾਹਿਗੁਰੂ, ਅੱਲਾਹ ਤੇ ਕਿਤੇ ਰਾਮ ਹੋਣਗੇ
ਜਨਤਾ ਦੇ ਹਮਦਰਦ ਬਣਨ ਲਈ ਸਭ ਨੇਤਾ
ਝੂਠੇ ਵਾਅਦੇ ਕਰਦੇ ਵੀ ਤਮਾਮ ਹੋਣਗੇ
ਸਾਰਾ ਦਿਨ ਜਿਹੜੇ ਇੱਕ ਦੂਜੇ ਨੂੰ ਕੋਸਣਗੇ
ਸ਼ਾਮ ਢਲ਼ਦਿਆਂ ਉਹ ਟਕਰਾਉਂਦੇ ਜਾਮ ਹੋਣਗੇ
ਆਪਣੇ ਹੱਕ ‘ਚ ਖੜ੍ਹੇ ਕਰਨ ਲਈ ਵੋਟਰਾਂ ਨੂੰ
ਦਾਰੂ, ਭੁੱਕੀ, ਪੈਸਾ ਸਭ ਇੰਤਜ਼ਾਮ ਹੋਣਗੇ
ਵੱਡਾ ਲੀਡਰ ਓਹੀ “ਖੁਸ਼ੀ” ਕਹਿਲਾਏਗਾ
ਜਿਸ ‘ਤੇ ਵੱਡੇ ਜੁਰਮਾਂ ਦੇ ਇਲਜ਼ਾਮ ਹੋਣਗੇ
***
4. ਨੇਤਾ ਬਨਾਮ ਕੁਰਸੀ
ਨੇਤਾ ਕਹਿੰਦਾ ਕੁਰਸੀ ਤਾਈਂ,
ਤੂੰ ਮੇਰੀ ਮਹਿਬੂਬਾ ਏਂ
ਹਰਦਮ ਤੇਰੀ ਕਰਾਂ ਮੈਂ ਪੂਜਾ,
ਜਾਨੋਂ ਵੱਧ ਕੇ ਪਿਆਰ ਕਰਾਂ …
ਕੁਰਸੀ ਕਹਿੰਦੀ ਝੂਠ ਤੇ ਮਤਲਬਖੋਰੀ
ਤੇਰੀ ਰਗ਼-ਰਗ਼ ਵਿੱਚ
ਤੇਰੇ ਵਰਗੇ ਚਪੜਗੰਜੂ ‘ਤੇ,
ਦੱਸ ਕਿਉਂ ਮੈਂ ਇਤਬਾਰ ਕਰਾਂ ?
ਨੇਤਾ ਕਹਿੰਦਾ ਮੈਥੋਂ ਵੱਧ ਕੇ
ਪਿਆਰ ਕਿਸੇ ਤੈਨੂੰ ਕਰਨਾ ਨਹੀਂ
ਤੇਰੇ ਉੱਤੋਂ ਤਾਂ ਮੈਂ ਸਾਰੀ
ਦੁਨੀਆਂ ਨੂੰ ਨਿਸ਼ਵਾਰ ਕਰਾਂ …
ਨਾ ਕੋਈ ਤੇਰਾ ਦੀਨ-ਧਰਮ
ਨਾ ਵਜ਼ਨ ਕੋਈ ਤੇਰਿਆਂ ਬੋਲਾਂ ਵਿੱਚ
ਕੁਰਸੀ ਕਹਿੰਦੀ ਦੱਸ ਭਲ਼ਾ ਫਿਰ
ਕਿਉਂ ਮੈਂ ਅੱਖੀਆਂ ਚਾਰ ਕਰਾਂ ?
ਜਿਆਦਾ ਨਹੀਂ ਤੇ ਪੰਜ ਸਾਲਾਂ ਲਈ
ਜੇ ਤੂੰ ਮੇਰੀ ਹੋ ਜਾਵੇਂ
ਨੇਤਾ ਕਹਿੰਦਾ ਸਾਰੀ ਉਮਰ ਹੀ
ਤੇਰਾ ਸ਼ੁਕਰਗੁਜ਼ਾਰ ਕਰਾਂ …
ਤੇਰੇ ਵਰਗੇ ਚੰਦ ਕੁਰਸੀ ਦੇ ਕੀੜੇ
ਖਾ ਗਏ ਦੇਸ਼ ਮੇਰਾ
ਕੁਰਸੀ ਕਹਿੰਦੀ ਦੱਸ ਫੇਰ ਤੇਰਾ
ਕਿਉਂ ਨਾ ਬਹਿਸ਼ਕਾਰ ਕਰਾਂ ?
**
ਖੁਸ਼ੀ ਮੁਹੰਮਦ “ਚੱਠਾ”
3252R/09, ਆਦਮਪੁਰ ਦੋਆਬਾ (ਜਲੰਧਰ)
(M): 9779025356 |