19 April 2024

ਅੱਠ ਗ਼ਜ਼ਲਾਂ—ਗੁਰਸ਼ਰਨ ਸਿੰਘ ਅਜੀਬ (ਲੰਡਨ)

ਗੁਣਗੁਣਾਇਆ ਕਰ ਗ਼ਜ਼ਲ ਗੁਰਸ਼ਰਨ ਸਿੰਘ!
(SISSx2+SIS)

1. ਗ਼ ਜ਼ ਲ

ਗੁਣਗੁਣਾਇਆ  ਕਰ  ਗ਼ਜ਼ਲ  ਗੁਰਸ਼ਰਨ  ਸਿੰਘ।
ਫਿਰ ਬਣਾਇਆ ਕਰ ਗ਼ਜ਼ਲ ਗੁਰਸ਼ਰਨ  ਸਿੰਘ।

ਬਹਿਰ  ਵਿਚ ਕਰ  ਕੇ  ਤੂੰ  ਇਸ ਨੂੰ  ਫ਼ਿੱਟ  ਯਾਰ,
ਰੋਜ਼ ਗਾਇਆ ਕਰ  ਗ਼ਜ਼ਲ  ਗੁਰਸ਼ਰਨ  ਸਿੰਘ।

ਗੁੰਨ੍ਹ  ਕੇ   ਇਸ  ਨੂੰ   ਪਰਾਤ-ਏ-ਜ਼ਿਹਨ   ਵਿਚ,
ਫਿਰ ਪਕਾਇਆ ਕਰ ਗ਼ਜ਼ਲ ਗੁਰਸ਼ਰਨ ਸਿੰਘ।

ਏਸ   ਵਿਚ    ਭਰ   ਕੇ   ਅਦਾ   ਨਾਲੇ    ਵਫ਼ਾ,
ਆਜ਼ਮਾਇਆ  ਕਰ ਗ਼ਜ਼ਲ  ਗੁਰਸ਼ਰਨ ਸਿੰਘ।

ਨਿਕਲਦੀ  ਦਿਲ  ‘ਚੋਂ   ਜਦੋਂ  ਇਹ  ਹੂਕ  ਬਣ,
ਆਸ਼ਕਾਇਆ  ਕਰ ਗ਼ਜ਼ਲ  ਗੁਰਸ਼ਰਨ ਸਿੰਘ।

ਏਸ   ਵਿਚ   ਪਾਉਣੀ   ਹੈ   ਪੈਂਦੀ   ਜਾਨ   ਵੀ,
ਰੌਸ਼ਨਾਇਆ  ਕਰ  ਗ਼ਜ਼ਲ  ਗੁਰਸ਼ਰਨ  ਸਿੰਘ।

ਮੰਗਦੀ    ਨਖ਼ਰਾ    ਰਵਾਨੀ    ਇਹ     ਅਦਾ,
ਇਉਂ ਸਜਾਇਆ ਕਰ ਗ਼ਜ਼ਲ ਗੁਰਸ਼ਰਨ ਸਿੰਘ।

*ਹੀਰ ਇਹ *ਸੱਸੀ ਵੀ ਇਹ *ਸੋਹਣੀ ਵੀ  ਇਹ,
ਨਾ ਭੁਲਾਇਆ ਕਰ  ਗ਼ਜ਼ਲ  ਗੁਰਸ਼ਰਨ ਸਿੰਘ।

ਆਖਣੀ     ਨਿਤ     ਸੋਧਣੀ     ਫਿਰ   ਪੋਚਣੀ,
ਲਿੱਸ਼ਕਾਇਆ ਕਰ  ਗ਼ਜ਼ਲ  ਗੁਰਸ਼ਰਨ  ਸਿੰਘ।

ਜਦ    ਤਸੱਲੀ   ਕਰ   ਲਵੇਂ   ਇਹ   ਠੀਕ  ਹੈ,
ਫਿਰ ਛਪਾਇਆ ਕਰ ਗ਼ਜ਼ਲ ਗੁਰਸ਼ਰਨ ਸਿੰਘ।

ਆਲ਼ਸੀ    ਅੱਛੀ     ਨਹੀਂ    ਹੁੰਦੀ    ‘ਅਜੀਬ’,
ਰਮ-ਰਮਾਇਆ ਕਰ ਗ਼ਜ਼ਲ ਗੁਰਸ਼ਰਨ ਸਿੰਘ।

ਜੇ  ‘ਅਜੀਬਾ’  ਮਾਨਣਾ    ਇਸ    ਦਾ  ਅਨੰਦ,
ਸੁਣ ਸੁਣਾਇਆ ਕਰ ਗ਼ਜ਼ਲ ਗੁਰਸ਼ਰਨ ਸਿੰਘ।

ਏਸ  ਵਿਚ  ਖ਼ਾਮੀ  ਨਾ  ਰਹਿ  ਜਾਏ ‘ਅਜੀਬ’,
ਰੋਜ਼ •ਰਾਇਆ ਕਰ ਗ਼ਜ਼ਲ ਗੁਰਸ਼ਰਨ ਸਿੰਘ।
**
*ਹੀਰ *ਸੱਸੀ *ਸੋਹਣੀ: ਕਿੱਸਿਆਂ ਦੇ ਨਾਮ
•ਰਾਇਆ: ਜਪਣਾ ਜਾਂ ਅਭਿਆਸ ਕਰਨਾ
***

ਹਾਲਾਤਾਂ ‘ਚੋਂ ਪੈਦਾ ਹੋਵੇ ਜਿੱਦਾਂ ਗੀਤ ਕਹਾਣੀ।
(SSx7)

2. ਗ਼ ਜ਼ ਲ

ਹਾਲਾਤਾਂ   ‘ਚੋਂ     ਪੈਦਾ   ਹੋਵੇ  ਜਿੱਦਾਂ     ਗੀਤ    ਕਹਾਣੀ।
ਮੱਖਣ  ਪੈਦਾ   ਏਦਾਂ  ਕਰਦੀ      ਚਾਟੀ    ਵਿੱਚ   ਮਧਾਣੀ।

ਆਖਣ  ਨੂੰ  ਨੇ  ਯਾਰ   ਬਥੇਰੇ  ਔਖੇ   ਵਕਤ  ਨਾ  ਬਹੁੜਣ,
ਇੱਕੋ     ਇੱਕ   ਬਥੇਰਾ    ਹੈ   ਜੇ    ਸੱਚਾ   ਹੋਵੇ     ਹਾਣੀ।

ਆਪਾਂ   ਦਿੱਤੀ   ਵਾਰ    ਹਯਾਤੀ    ਕੇਵਲ  ਲੋਕਾਂ   ਖ਼ਾਤਰ,
ਪਰ  ਬੇਕਦਰੇ   ਲੋਕਾਂ   ਸਾਡੀ  ਯਾਰੋ   ਕਦਰ   ਨਾ  ਜਾਣੀ।

ਦਿਲ   ਕਰਦਾ  ਏ  ਮੀਤ   ਮਿਰੇ   ਮੈਂ  ਤੇਰੀ   ਖ਼ਾਤਰ  ਜੀਵਾਂ,
ਭਾਂਵੇਂ   ਭਰਨਾ   ਪੈ  ਜਾਏ   ਤੇਰਾ  ਸਾਰੀ  ਉਮਰ  ਹੀ  ਪਾਣੀ।

ਰਮਜ਼ਾਂ  ਨਖ਼ਰੇ   ਨਾਜ਼  ਤਿਰੇ   ਇਹ,  ਤੈਨੂੰ   ਹੋਣ  ਮੁਬਾਰਕ,
ਕੱਢ   ਲੈਂਦੇ  ਇਹ  ਜਾਨ  ਨੇ ਮੇਰੀ  ਲੰਘੇਂ  ਜਦ  ਹਿਕ ਤਾਣੀ।

ਮੁੱਖ   ਤਿਰੇ  ‘ਤੇ   ਕਾਲਾ  ਤਿਲ   ਜੋ  ਕਰਦੈ  ਖ਼ੂਬ   ਇਸ਼ਾਰੇ,
ਜਿਸ  ਨੂੰ ਵੇਖ  ਕੇ  ਹੋ  ਜਾਏ  ਪਾਗਲ  ਯਾਰੋ  ਹਰਿਕ  ਪ੍ਰਾਣੀ।

ਪਿਆਰ ਦੇ ਬਦਲੇ ਪਿਆਰ  ਦਿਆਾਂਗਾ ਐ ਮੇਰੇ  ਮਨ-ਮੀਤਾ,
ਤੂੰ ਵੀ ਪਿਆਰ  ਰਸਾਲ  ਕਰੇਂ  ਜਦ  ਵੰਡ  ਕਰੀਂ  ਨਾ  ਕਾਣੀ।

ਯਾਰ ‘ਅਜੀਬਾ’ ਪਿਆਰ ਜੇ  ਕਰਨਾ ਬਿਨ ਸ਼ਰਤਾਂ ਦੇ ਕਰਨਾ,
ਸ਼ਰਤਾਂ   ਦੀ   ਨੀਂਹ   ਉੱਤੇ    ਉੱਸਰੇ   ਕੱਚੀ    ਪ੍ਰੇਮ-ਕਹਾਣੀ।

ਵਿੱਚ  ਗ਼ਜ਼ਲ  ਦੇ  ਤੋਲ  ਤਖ਼ਈਅਲ  ਯਾਰੋ   ਭਰਨਾ    ਪੈਂਦੈ,
ਏਸ ਬਿਨਾ ‘ਗੁਰਸ਼ਰਨ’ ਨਾ ਬਣਦੀ ਹੈ ਇਹ ਕਾਵਿ ਦੀ ਰਾਣੀ।
**

ਇਤਰ ਫੁਲੇਲਾਂ ਵਰਗੀ ਮੇਰੀ ਸੁੰਦਰ ਰੂਪ ਸੁਆਣੀ॥
(SSx7)

3. ਗ਼ ਜ਼ ਲ

ਇਤਰ ਫੁਲੇਲਾਂ ਵਰਗੀ ਮੇਰੀ ਸੁੰਦਰ ਰੂਪ ਸੁਆਣੀ॥
ਚਾਈਂ-ਚਾਈਂ  ਸਾਲਾਂ ਤੋਂ ਮੈਂ ਸੰਗਤ ਜਿਸ ਦੀ ਮਾਣੀ॥

ਮਾਨ ਸਰੋਵਰ ਦਾ ਇਹ ਮੋਤੀ ਕਿਸਮਤ ਨਾਲ ਹੈ ਮਿਲਿਆ,
ਰੱਬ ਮਿਲਾਇਆ ਮੇਲ ਸੁਚੱਜਾ ਮੀਤ ਮਿਰਾ ਜੋ ਹਾਣੀ॥

ਆਖਾਂ ਨੂਰ ਜਹਾਂ ਮੈਂ ਇਸ ਨੂੰ ਜਾਂ ਮੁਮਤਾਜ਼ ਅਨੂਠੀ,
ਦਿਲ ਮੇਰੇ ਦੀ ਮਲਕਾ ਏਹੋ ਏਹੋ ਹੀ ਪਟਰਾਣੀ॥

ਏਸ ਬਿਨਾਂ ਮੈਂ ਨਾਰ ਕਿਸੇ ‘ਤੇ ਅੱਖ ਕਦੇ ਨਾ ਰੱਖੀ,
ਸਾਰੀ ਉਮਰ ਹੀ ਭਰਿਆ ਇਸ ਦਾ ਝੁਕ-ਝੁਕ ਝੁਕ-ਝੁਕ ਪਾਣੀ॥

ਪੱਲੇ ਮ੍ਹੈਂਡੇ ਜਦ ਦੀ ਲੱਗੀ ਸੌਰ ਗਿਆ ਹੈ ਜੀਵਨ,
ਇਸ ਦਾ ਦਿੱਤਾ ਖਾ ਰਿਹਾ ਹਾਂ ਇਸ ਦੀ ਪੱਕੀ ਖਾਣੀ॥

ਮਹਿਕਾਂ ਦਾ ਗੁਲਜ਼ਾਰ ਵੀ ਏਹੋ ਫੁੱਲਾਂ ਦੀ ਫੁਲਵਾੜੀ,
ਵਿਹੜੇ ਵਿੱਚ ਇਹ ਪੈਲਾਂ ਪਾਵੇ ਜਿਉਂ ਖਿੱਤਿਆਂ ਦੀ ਰਾਣੀ॥

ਵੇਖ ਨੂਰਾਨੀ ਚਿਹਰਾ ਇਸ ਦਾ ਰੂਹ ਤੇ ਦਿਲ ਨਸ਼ਿਆਵੇ,
ਟਹਿਲੇ ਯਾਰ ‘ਅਜੀਬ’ ਜਦੋਂ ਇਹ ਸਜ-ਧਜ ਕੇ ਹਿਕ ਤਾਣੀ॥
**
ਪਰਵਰਦਿਗਾਰਾ ਆਣ ਕੇ ਹਾਲਾਤ ਵੇਖ ਲੈ॥
(SSIS. SSIS. SSIS.IS)

4. ਗ਼ਜ਼ਲ

ਪਰਵਰਦਿਗਾਰਾ  ਆਣ  ਕੇ  ਹਾਲਾਤ   ਵੇਖ  ਲੈ॥
ਜ਼ੁਲਮਾਂ ਦੀ ਅੱਜ-ਕੱਲ ਹੋ ਰਹੀ ਬਰਸਾਤ ਵੇਖ ਲੈ॥

ਦਿਨ ਰਾਤ ਹੀ ਹੈ ਹੋ  ਰਿਹਾ ਲੋਕਾਂ  ‘ਤੇ  ਜ਼ੁਲਮ  ਜੋ,
ਉਸ ਦੀ ਸਹੀ ਤਸਵੀਰ ਦੀ  ਇਕ ਝਾਤ  ਵੇਖ ਲੈ॥

ਰੋਂਦੇ ਵਿਖਾਈ  ਦੇ ਰਹੇ ਕਾਮੇ  ਅਤੇ ਕਿਰਸਾਨ ਸਭ,
ਸੜਕਾਂ  ‘ਤੇ ਰੁਲਦੀ ਮਾਨਵਤਾ ਦੀ  ਜ਼ਾਤ ਵੇਖ ਲੈ॥

ਗੰਗਾ ਕਿਨਾਰੇ ਫੁੱਲ  ਨਾ  ਵੇਖਣ  ਨੂੰ  ਮਿਲ  ਰਹੇ,
ਲੋਥਾਂ ਦੀ ਉੱਗਦੀ ਫ਼ਸਲ ਨੂੰ ਦਿਨ ਰਾਤ ਵੇਖ ਲੈ॥

ਕੋਰੋਨਿਆਂ  ਦੀ   ਰੁੱਤ  ਹੈ  ਸਭ  ਨੂੰ  ਡਰਾ   ਰਹੀ,
ਲਾਸ਼ਾਂ ਦੀ ਘਰਘਰ ਢੁਕ ਰਹੀ ਬਾਰਾਤ ਵੇਖ ਲੈ॥

ਹਾਕਮ ਹੀ ਪਾੜਾ ਪਾ  ਰਿਹਾ ਲੋਕਾਂ ‘ਚ ਆਣ  ਕੇ,
ਲੋਕਾਂ ਲਈ  ਨੀਤੀ  ਉਦ੍ਹੀ  ਵਾਹਯਾਤ  ਵੇਖ  ਲੈ॥

ਬੈਠਾ ਚਿਰਾਂ  ਤੋਂ  ਧਰਨਿਆਂ  ‘ਤੇ  ਹੱਕ-ਹਕੂਕ ਨੂੰ,
ਕਿਰਸਾਨ ਦੀ ਬਦ ਰਾਤ ਹਰ ਪਰਭਾਤ ਵੇਖ ਲੈ॥

ਤੂੰ  ਵੇਖ  ਲੈ ਅਜ  ਤਕ  ਕਿਸੇ ਜੇ  ਵੇਖਿਆ ਨਹੀਂ,
ਕ੍ਰਿਸਾਨ ਸੰਗ ਜੁੜਦੀ ਜੋ ਜਨ-ਬਹੁਤਾਤ ਵੇਖ ਲੈ॥

‘ਗੁਰਸ਼ਰਨ’  ‘ਕੱਠੇ ਹੋਣ ਦਾ ਵੇਲਾ ਹੈ ਆ ਗਿਆ,
ਸੁਣਦੇ ਕਿ ਜਾਂ ਨਾ ਸੁਣਦੇ ਆ ਹਜ਼ਰਾਤ ਵੇਖ ਲੈ॥

‘ਗੁਰਸ਼ਰਨ’  ਕਿੱਧਰ ਜਾ  ਰਿਹੈ ਮੇਰਾ ਹੁਸੀਨ ਦੇਸ਼,
ਇਸ ਦੀ ਦਿਸ਼ਾ ਦੀ ਚਾਲ ਬਦ ਕਮਜ਼ਾਤ ਵੇਖ ਲੈ॥
**

ਹੰਸ ਜਿਹਾ ਉਹ ਚਿੱਟਾ ਦਿੱਸੇ ਵਿੱਚੋਂ ਕਾਲਾ ਬਗਲਾ॥
(SSx7)

5. ਗ਼ ਜ਼ ਲ

ਹੰਸ  ਜਿਹਾ  ਉਹ   ਚਿੱਟਾ  ਦਿੱਸੇ   ਵਿੱਚੋਂ  ਕਾਲਾ   ਬਗਲਾ॥
ਚੁੱਪ-ਚੁਪੀਤੇ   ਲਾ  ਜਾਂਦੈ   ਪਰ  ਲੋਕਾਂ  ਨੂੰ  ਉਹ   ਰਗੜਾ॥

ਬੋਲ   ਸੁਰੀਲੇ   ਬੋਲੇ   ਜਿੱਦਾਂ   ਬਹਿਰ  ਕਿਸੇ   ਵਿਚ  ਬੋਲੇ,
ਭੱਜੇ ਵਾਂਗ ਗ਼ਜ਼ਲ ਮਿਸਰੇ ਦੇ ਜਿੱਦਾਂ  ਹਿਰਨ ਉਹ  ਤਗੜਾ॥

ਨੌਟੀ    ਨੌਟੀ   ਅੱਖਾਂ    ਵਾਲਾ   ਬਹੁਤ    ਚੁਕੰਨਾ    ਚਾਤੁਰ,
ਜੋੜੇ   ਹੱਥ  ਜਿਵੇਂ   ਕੋਈ  ਨੇਤਾ   ਜਨਤਾ   ਤੋਂ   ਹੈ  ਡਰਦਾ॥

ਸ਼ਾਇਰ  ਵੀ   ਸੀ   ਨੇਤਾ   ਵੀ   ਸੀ  ਨਾਲੇ   ਹਰਫ਼ਨ-ਮੌਲਾ,
ਸਮਝੇ ਅਪਣੇ ਆਪ ਨੂੰ ਉਹ ਜਿਉਂ ਡੀ.ਸੀ. ਅੰਬਰਸਰ ਦਾ॥

ਔਰਤ  ਵੱਲ  ਉਹ  ਇੰਝ   ਤਕੀਂਦਾ  ਜਿਉਂ  ਧਰਮਿੰਦਰ ਹੇਮਾਂ,
ਸੱਠਵਾਂ ਪਾਰ  ਗਿਆ  ਕਰ  ਭਾਵੇਂ  ਖ਼ੁਦ ਨੂੰ ਸਮਝੇ  ਨੱਢੜਾ॥

ਵਾਲ   ਵਧਾਏ   ਆਸ਼ਕ  ਵਾਂਗਰ  ਢਿੱਡ   ਜਿਵੇਂ   ਹਲਵਾਈ,
ਬ੍ਹੈਣੋਂ-ਭਾਈਓ   ਕਰਦਾ  ਕਰਦਾ  ਕਰ  ਜਾਂਦਾ   ਏ  ਘਪਲਾ॥

ਯਾਰ  ‘ਅਜੀਬਾ’  ਚਾਲ   ਸਿਆਸਤਦਾਨਾਂ   ਦੀ   ਨਾ ਸਮਝੇਂ,
ਛੱਪਣ ਇੰਚ ਦੀ ਛਾਤੀ ਦੇ ਵਿਚ ਦਿਲ ਰੱਖਣ •ਦੋ-ਮਿਲ ਦਾ॥

•ਦੋ-ਮਿਲ: ਦੋ ਮਿਲੀਮੀਟਰ
**

ਬੜਾ ਹੀ ਜ਼ੀਨਤੀ ਚਿਹਰਾ ਤਿਰਾ ਅਨਮੋਲ ਮੋਤੀ ਏ॥
(ISSSx4)

6. ਗ਼ ਜ਼ ਲ

ਬੜਾ ਹੀ *ਜ਼ੀਨਤੀ ਚਿਹਰਾ ਤਿਰਾ  ਅਨਮੋਲ ਮੋਤੀ ਏ॥
ਨਗੀਨਾ ਕੀਮਤੀ  ਚਿਹਰਾ ਤਿਰਾ  ਅਨਮੋਲ  ਮੋਤੀ ਏ॥

ਰਹਾਂ   ਮੈਂ  ਵੇਖਦਾ  ਹਰਦਮ ਦਿਨੇ  ਰਾਤੀਂ  ਸੁਬ੍ਹਾ  ਸ਼ਾਮੀਂ,
ਕਿ *ਸੂਰਤ-ਸੀਰਤੀ ਚਿਹਰਾ ਤਿਰਾ ਅਨਮੋਲ ਮੋਤੀ ਏ॥

ਦਿਆਨਤਦਾਰੀ ਦਾ ਪਰਚਮ  ਅਸੂਲਾਂ ਦਾ ਹੈ  ਜੋ ਮੱਕਾ,
ਦਿਆਨਤ-ਦੀਨਤੀ ਚਿਹਰਾ ਤਿਰਾ ਅਨਮੋਲ ਮੋਤੀ ਏ॥

ਬੜਾ ਕੋਮਲ ਬੜਾ ਕਮਸੀਂ ਹਸੀਂ ਤੱਕ ਮਨ ਨਹੀਂ ਭਰਦਾ,
ਨਿਰਾ ਸ਼ੁਭ-ਸੂਰਤੀ ਚਿਹਰਾ ਤਿਰਾ  ਅਨਮੋਲ  ਮੋਤੀ ਏ॥

ਇਵੇਂ ਜਾਪੇ ਜਿਵੇਂ ਰਗ ਰਗ ‘ਚ ਤੇਰੀ  ਵੱਸਦੈ ਭਗਵਨ,
ਕਰਿਸ਼ਨਾ-ਮੂਰਤੀ  ਚਿਹਰਾ ਤਿਰਾ  ਅਨਮੋਲ ਮੋਤੀ ਏ॥

ਲੁਕਾਈ  ਦਾ  ਭਲਾ  ਲੋਚੇ  ਲੜੇ  ਲੋਕਾਂ   ਦੀ  ਖ਼ਾਤਰ  ਜੋ,
ਬੜਾ •ਜਨ-ਸਹਿਮਤੀ ਚਿਹਰਾ ਤਿਰਾ ਅਨਮੋਲ ਮੋਤੀ ਏ॥

ਕਰਾਂ ਕੀ ਸਿਫ਼ਤ ਮੈਂ ਇਸ ਦੀ ਇਦੇ ਵਰਗਾ ਨਹੀਂ ਡਿੱਠਾ,
ਖ਼ੁਦਾਵੰਦ-ਰਹਿਮਤੀ ਚਿਹਰਾ ਤਿਰਾ ਅਨਮੋਲ ਮੋਤੀ ਏ॥

ਜਵਾਹਰ ਏਸ ਨੂੰ  ਆਖਾਂ  ਰਤਨ  ਹੀਰਾ  ਜਾਂ  ਕੋਹੇਨੂਰ,
ਅਸੀਮਤ-ਕੀਮਤੀ ਚਿਹਰਾ ਤਿਰਾ ਅਨਮੋਲ ਮੋਤੀ  ਏ॥

ਰਜ਼ਾ ਰਬ ਦੀ ‘ਚ ਰਹਿੰਦਾ ਜੋ ਫ਼ਕੀਰੀ ਜੇਸ ਦੀ ਦੌਲਤ,
ਹੈ ਸਹਿਨ-ਸ਼ੀਲਤੀ ਚਿਹਰਾ ਤਿਰਾ ਅਨਮੋਲ ਮੋਤੀ ਏ॥

ਨਜ਼ਰ ਹਟਦੀ ‘ਅਜੀਬਾ’ ਨਾ ਤਿਰੀ ਅਨਭੋਲ ਚਿਹਰੇ ਤੋਂ,
ਬੜਾ *ਦਿਲ-ਕੀਲਤੀ ਚਿਹਰਾ ਤਿਰਾ ਅਨਮੋਲ ਮੋਤੀ ਏ॥

*ਜ਼ੀਨਤੀ: ਖ਼ੂਬਸੂਰਤ
*ਸੂਰਤ-ਸੀਰਤੀ: ਸ਼ਕਲ ਤੇ ਅਕਲ ਸੁਮੇਲੀ
*ਦਿਆਨਤ-ਦੀਨਤੀ: ਦਿਆਨਤ ਤੇ ਦੀਨ ਦਾ ਪੱਕਾ
*ਜਨ-ਸਹਿਮਤੀ: ਲੋਕਾਂ ਨਾਲ ਸਹਿਮਤ ਹੋਣ ਵਾਲਾ
*ਦਿਲ-ਕੀਲਤੀ: ਦਿਲ ਨੂੰ ਕੀਲਣ ਵਾਲਾ
**

ਜਿਵੇਂ ਮਰਜ਼ੀ ਹੀ ਲੈਣਾ ਖ਼ਰਚ ਇਹ ਮਰਜ਼ੀ ਤੁਹਾਡੀ ਹੈ
(ISSSx4)

7. ਗ਼ ਜ਼ ਲ

ਜਿਵੇਂ ਮਰਜ਼ੀ ਹੀ ਲੈਣਾ ਖ਼ਰਚ ਇਹ ਮਰਜ਼ੀ ਤੁਹਾਡੀ ਹੈ॥
ਸਮਝ ਅਪਣਾ ਹੀ ਲੈਣਾ ਵਰਤ ਇਹ ਮਰਜ਼ੀ ਤੁਹਾਡੀ ਹੈ॥

ਹਵਾਲੇ ਆਪ ਦੇ ਕੀਤਾ ਕਰਾਇਆ ਜੋ ਵੀ ਪੱਲੇ ਸੀ,
ਅਸਾਂ ਮੰਗਣਾ ਨਾ ਮੁੜ ਕੇ ਪਰਤ ਇਹ ਮਰਜ਼ੀ ਤੁਹਾਡੀ ਹੈ॥

ਹੈ ਕੀ ਲੈਣਾ ਜਾਂ ਨਾ ਲੈਣਾ ਅਸਾਂ ਇਹ ਆਪ ‘ਤੇ ਛੱਡਿਆ,
ਤੁਸੀਂ ਖਾਵੋ ਜਾਂ ਰੱਖੋ ਵਰਤ ਇਹ ਮਰਜ਼ੀ ਤੁਹਾਡੀ ਹੈ॥

ਬਹਾਦਰ ਬਣ ਲੜੋ ਗ਼ੁਰਬਤ ਅਤੇ ਮਹਿੰਗਾਈ ਦੇ ਸੰਗ ਭੀ,
ਕਰੋ ਜਾ ਨਾ ਕਰੋ ਸੰਘਰਸ਼ ਇਹ ਮਰਜ਼ੀ ਤੁਹਾਡੀ ਹੈ॥

ਛਕੋ ਚਾਟਾਂ ਮਸਾਲੇਦਾਰ ਖਾਵੋ ਗੋਲਗੱਪੇ ਵੀ,
ਵੀ ਖਾਣਾ ਪੇਟ ‘ਤੇ ਕੁਝ ਤਰਸ ਇਹ ਮਰਜ਼ੀ ਤੁਹਾਡੀ ਹੈ॥

ਬਚਾ ਕੇ ਰੱਖਣਾ ਕੁਝ ਕੁ ਤੁਸੀਂ ਬਰਸਾਤ-ਰੁਤ ਖ਼ਾਤਰ,
ਜ਼ਰਾ ਘੁੱਟ-ਘੁੱਟ ਕੇ ਰੱਖਣਾ ਪਰਸ ਇਹ ਮਰਜ਼ੀ ਤੁਹਾਡੀ ਹੈ॥

ਬੜੇ ਖਰਚੇ ਨੇ ਘਰ ਅਪਣੇ ਦੇ ਇਸ ਨੂੰ ਜ਼ਿਹਨ ਵਿਚ ਰੱਖਣਾ,
ਕਿ ਰਹਿਣਾ ਅਰਸ਼ ‘ਤੇ ਜਾਂ ਫ਼ਰਸ਼ ਇਹ ਮਰਜ਼ੀ ਤੁਹਾਡੀ ਹੈ॥

ਕਹੇ ‘ਗੁਰਸ਼ਰਨ’ ਜੋ ਕਰਨਾ ਕਰੀ ਜਾਵੋ ਜਿਵੇਂ ਕਰਨਾ,
ਮਗਰ ਰੱਖਣਾ ਜਾਂ ਨਾ ਆਦਰਸ਼ ਇਹ ਮਰਜ਼ੀ ਤੁਹਾਡੀ ਹੈ॥
**

ਕੀ ਕੀ ਹੈ ਕੱਲ੍ਹ ਨੂੰ ਹੋਣਾ ਪਰਮਾਤਮਾ ਹੀ ਜਾਣੇ
(SSI+SISSx2)

8. ਗ਼ ਜ਼ ਲ

ਕੀ ਕੀ ਹੈ ਕੱਲ੍ਹ ਨੂੰ ਹੋਣਾ ਪਰਮਾਤਮਾ ਹੀ ਜਾਣੇ।
ਕੋਈ ਸਮਝ ਨਾ ਪਾਏ ਉਸ ਦੀ ਰਜ਼ਾ ਤੇ ਭਾਣੇ।

ਧਰਤੀ ‘ਤੇ ਹਰ ਮਨੁੱਖ ਦਾ ਅਨਜਲ ਹੈ ਯਾਰੋ ਲਿਖਿਆ,
ਕਿੰਨੇ ਕੁ ਕਿਸ ਜਗ੍ਹਾ ਦੇ ਦਾਣੇ ਨੇ ਉਸ ਨੇ ਖਾਣੇ।

ਦੋਜ਼ਖ ਬਣਾ ਹੈ ਬੈਠਾ ਇਨਸਾਨ ਜ਼ਿੰਦਗਾਨੀ,
ਸਭ ਭੁਲ ਭੁਲਾ ਕੇ ਕਦਰਾਂ ਗੁਣ ਮਾਨਵੀ ਪੁਰਾਣੇ।

ਰੱਬ ਦੀ ਰਜ਼ਾ ‘ਚ ਰਹਿਣਾ ਗੁਣ ਓਸ ਦੇ ਹੀ ਗਾਉਣਾ,
ਬੰਦੇ ਤੂੰ ਗੱਲ ਮੰਨ ਲੈ ਜੋ ਕਹਿ  ਗਏ ਸਿਆਣੇ।

ਮਤਲਬ-ਪਰੱਸਤ  ਦੁਨੀਆਂ  ਲੋਕੀਂ ਸੁਆਰਥੀ ਵੀ,
ਕੱਢ ਹਰ ਪਰਾਣੀ ਮਤਲਬ ਮੁੜ ਫੇਰ ਨਾ ਪਛਾਣੇ।

ਮੂਰਖ ਸਜਨ ਜੋ ਹੋਵੇ ਹੋਰਾਂ ਨੂੰ ਸਮਝੇ ਮੂਰਖ,
ਕੀ ਚੀਜ਼ ਹੈ ਸਿਆਣਪ ਉਸ ਦੀ ਬਲਾ ਕੀ ਜਾਣੇ।

ਕੰਮ ਏਸ ਦੇ ਨਿਰਾਲੇ ਸੱਜਨੋਂ ‘ਅਜੀਬ’ ਦੁਨੀਆ,
ਉੱਤੋਂ  ਸ਼ਰੀਫ਼ ਸਾਰੇ ਅੰਦਰੋਂ ਖ਼ੁਦਾ ਹੀ ਜਾਣੇ।

***
232
***

About the author

ਗੁਰਸ਼ਰਨ ਸਿੰਘ ਅਜੀਬ
ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →