11 December 2023

ਲਉ ਜਨਾਬ ਪੇਸ਼-ਏ-ਖ਼ਿਦਮਤ ਹੈ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਦਾ ਗ਼ਜ਼ਲ-ਗੁਲਜ਼ਾਰ !

(1) ਬਦਲੇ ਬਦਲੇ ਲਗਦੇ ਹੋ ਸਰਕਾਰ ਤੁਸੀਂ!
(ਫ਼ੇਲੁਨ+ਫ਼ੇਲੁਨ +ਫ਼ੇਲੁਨ +ਫ਼ੇਲੁਨ+ਫ਼ੇਲੁਨ+ਫ਼ੇ)
(SS +SS + SS + SS + SS + S)
੦ ਗ਼ਜ਼ਲ

ਬਦਲੇ ਬਦਲੇ ਲਗਦੇ ਹੋ ਸਰਕਾਰ ਤੁਸੀਂ।
ਪੁਰ-ਜੋਬਨ ਦੇ ਭਖ਼ਦੇ ਹੋ ਅੰਗਾਰ ਤੁਸੀਂ।

ਅੰਬਰ ਟਾਕੀ ਲਾਉਣੋਂ ਨਾ ਪਰਹੇਜ਼ ਕਰੋ,
ਕਰ ਜਾਂਦੇ ਹੋ ਦਿਸ-ਹੱਦੇ ਵੀ ਪਾਰ ਤੁਸੀਂ।

ਨਾਦਾਂਅ ਕਮਸੀਂ ਨਾਜ਼ੁਕ ਹੋ ਦਿਲਦਾਰ ਮਿਰੇ,
ਕਰ ਜਾਂਦੇ ਹੋ ਚੁੱਪ ਚੁਪੀਤੇ ਵਾਰ ਤੁਸੀਂ।

ਪ੍ਰੇਮ-ਪੁਜਾਰੀ ਆਖਾਂ ਸੱਚਾ ਆਸ਼ਕ ਜਾਂ,
ਅਜ਼ਮਾ ਕੇ ਇਕ ਵਾਰ ਤਾਂ ਵੇਖੋ ਯਾਰ ਤੁਸੀਂ।

ਸੌ ਵਾਰੀ ਜਦ ਭੀਖ਼ ਨਿਹੁੰ ਦੀ ਮੰਗਾਂ ਤਦ,
ਕਰ ਦੇਂਦੇ ਹਰ ਵਾਰੀ ਹੋ ਇਨਕਾਰ ਤੁਸੀਂ।

ਦੂਰ ਤੁਹਾਥੋਂ ਮੈਂ ਰਹਾਂ ਮਨਜ਼ੂਰ ਨਹੀਂ,
ਜਾਨ ਮਿਰੀ ਹੋ ਜਿੰਦ ਸਨਮ ਦਿਲਦਾਰ ਤੁਸੀਂ।

ਨੈਣ ਬਲੌਰੀ ਹੁਸਨ ਪਿਸ਼ੌਰੀ ਨਾਂ ਲਾਹੌਰੀ,
ਕਰ ਦੇਂਦੀ ਜੋ ਕਤਲ ਜੀ ਹੋ ਤਲਵਾਰ ਤੁਸੀਂ।

ਆਪ ਬਿਨਾਂ ਦਿਲ ਲਗਦਾ ਨਾ ਮਨ ਟਿਕਦਾ ਨਾ,
ਖੁਸ਼ੀਆਂ ਦਾ ਹੋ ਖੇਡ਼ਾ ਜਾਂ ਗੁਲਜ਼ਾਰ ਤੁਸੀਂ।

ਆਪ ਬਿਨਾਂ ਨਾ ਸੰਪਨ ਹੋਵਣ ਕਾਜ ਮਿਰੇ,
ਕਾਵਿ ਮਿਰੇ ਦੀ ਸੀਮਾ ਹੋ ਆਕਾਰ ਤੁਸੀਂ।

ਮੁਰਸ਼ਦ ਆਖਾਂ ਪੀਰ ਤੁਹਾਨੂੰ ਜਾਂ ਮੈਂ ਰਬ,
‘ਗੁਰਸ਼ਰਨਾ’ ਹੋ ਮੇਰੇ ਮਹਿਰਮ-ਯਾਰ ਤੁਸੀਂ।

ਆਪ ਬਿਨਾਂ ‘ਗੁਰਸ਼ਰਨ’ ਦਾ ਜੀਣਾ ਨਾਮੁਮਕਿਨ,
ਆਪ ਹੀ ਮੇਰੀ ਦੁਨੀਆ ਹੋ ਸੰਸਾਰ ਤੁਸੀਂ।
***
(2) ਗ਼ਜ਼ਲ ਸਿੱਟਾ ਲਗਨ ਮਿਹਨਤ ਸਮਾਧੀ-ਭਗਤੀਆਂ ਦਾ
(ਮੁਫ਼ਾਈਲੁਨ+ਮੁਫ਼ਾਈਲੁਨ+ਮੁਫ਼ਾਈਲੁਨ+ਮੁਫ਼ਾਈਲੁਨ)
(ISSS+ISSS+ISSS+ISSS)

o ਗ਼ਜ਼ਲ

ਗ਼ਜ਼ਲ ਸਿੱਟਾ ਲਗਨ ਮਿਹਨਤ ਸਮਾਧੀ-ਭਗਤੀਆਂ ਦਾ।
ਇਲਾਹੀ ਜਾਮ ਇਹ ਕਢਿਆ ਕਲਾਮੀ-ਹਸਤੀਆਂ ਦਾ।

ਕਰੇ ਤਨ ਮਨ ਸਦਾ ਖੁਸ਼ ਇਹ ਸਕੂੰਨੇ-ਜ਼ਿੰਦਗੀ ਵੀ ਇਹ,
ਗ਼ਜ਼ਲ ਸ਼ਰਬਤ ਸਰੂਰੀ ਮੱਠਡ਼ਾ ਹੈ ਮਸਤੀਆਂ ਦਾ।

ਚਹੇਤਾ ਹਾਂ ਗ਼ਜ਼ਲ ਦਾ ਮੈਂ ਰਹਾਂਗਾ ਮਰਨ ਤੀਕਰ,
ਇਦੇ ਵਿਚ ਦਰਦ ਨਿਤ ਪਾਵਾਂ ਗ਼ਰੀਬੀ ਬਸਤੀਆਂ ਦਾ।

ਇਹ ਰੂਹ ਹੈ ਜਾਨ ਸ਼ਾਇਰਾਂ ਦੀ ਨਸ਼ਾ-ਪਾਣੀ ਗ਼ਜ਼ਾ ਵੀ,
ਵੀ ਹੈ ਰੂਹੇ-ਸਕੂੰ ਕਵੀਆਂ ਦਾ •ਸੁਖ਼ਨ ਰਾਗੀਆਂ ਦਾ।

ਨਾ ਆਵੇ ਲੁਤਫ਼ ਪਹਿਲਾਂ ਵਾਂਗ ਵਤਨੀਂ ਸੀ ਜੋ ਮਿਲਦਾ,
ਕੀ ਫ਼ਾਇਦਾ ਦੋਸਤੋ ਹੋਈਆਂ ਜੋ ਟਿਕਟਾਂ ਸਸਤੀਆਂ ਦਾ।

ਭਲ਼ਾ ਸਰਬੱਤ ਦਾ ਲੋਚਾਂ ਵੀ ਮੰਗਾਂ ਖ਼ੈਰ ਸਭ ਦੀ,
ਕਦੇ ਭੁੱਖਾ ਰਹੇ ਨਾ ਪੇਟ ਰੱਬਾ ਕਿਰਤੀਆਂ ਦਾ।

ਨਜ਼ਾਰੇ ਕੁਦਰਤੀ ਸਿਰਜਾਂ ਗ਼ਜ਼ਲ ਮੈਂ ਆਪਣੀ ਵਿਚ,
ਕਰਾਂ ਵੀ ਜ਼ਿਕਰ ਸੁੰਦਰ ਪਰਬਤਾਂ ਤੇ ਵਾਦੀਆਂ ਦਾ।

ਰਹੇ ਪੁਰ ਸ਼ਾਂਤ ਇਹ ਦੁਨੀਆ ਤੇ ਜੰਗਾਂ ਬੰਦ ਹੋਵਣ,
ਨਹੀਂ ਮੈਂ ਸਾਥ ਦਿੰਦਾ ਲੋਕ-ਮਾਰੂ ਸ਼ਕਤੀਆਂ ਦਾ।

ਬਡ਼ਾ ਨਿਵ ਨਿਵ ਕੇ ਰਹਿੰਦਾ ਹਾਂ ਕਰਾਂ ਉਪਮਾ ਨਾ ਅਪਣੀ,
ਨਾ ਤਗ਼ਮਾ ਲੈਣ ਨੂੰ ਲੋਚਾਂ ਮੈਂ ਮੱਲਾਂ ਮਾਰੀਆਂ ਦਾ।

ਵਜ਼ਨ ਤੇ ਤੋਲ ਦਾ ਹੋਣਾ ਗ਼ਜ਼ਲ ਵਿਚ ਲਾਜ਼ਮੀਂ ਹੈ,
ਕਿ ਵਧ ਤੋਂ ਵਧ ਹੋਏ ਇਸ ਵਿਚ ਨਸ਼ਾ ਕਿਲਕਾਰੀਆਂ ਦਾ।

ਉਡਾਣਾਂ ਉੱਚੀਆਂ ਭਰ ਭਰ ‘ਅਜੀਬਾ’ ਕਹਿ ਗ਼ਜ਼ਲ ਨਿਤ,
ਨਾ ਇਸ ਵਿਚ ਜ਼ਿਕਰ ਕਰਨਾ ਬਣਦੈ ਗੱਲਾਂ ਖ਼ਸਤੀਆਂ ਦਾ।

ਨਹੀਂ ਹੁਣ ਜਾਣੀਆਂ ਲਗਦੈ ਇਹ ਗੰਗਾ ਵਿਚ ਸਮਾਵਣ,
ਕਿ ਕਰੀਏ ਕੀ ‘ਅਜੀਬਾ’ ਦਸ ਇਨ੍ਹਾਂ •ਫੁੱਲ-ਅਸਥੀਆਂ ਦਾ।

•ਸੁਖ਼ਨ: ਖ਼ੁਸ਼ੀ / ਚੈਨ
•ਫੁੱਲ-ਅਸਥੀਆਂ: ਸਰੀਰਕ ਸੁਆਹ

(3) ਦਿਨੇ ਰਾਤ ਉਠ ਉਠ ਮੈਂ ਗਾਈ ਗ਼ਜ਼ਲ ਹੈ
(ਫ਼ਊਲੁਨ+ਫ਼ਊਲੁਨ+ਫ਼ਊਲੁਨ+ਫ਼ਊਲੁਨ)
(ISS+ISS+ISS+ISS.)

o ਗ਼ਜ਼ਲ

ਦਿਨੇ ਰਾਤ ਉਠ ਉਠ ਮੈਂ ਗਾਈ ਗ਼ਜ਼ਲ ਹੈ।
ਜ਼ਮੀਂ ਤੋਂ ਫ਼ਲਕ ‘ਤੇ ਪੁਚਾਈ ਗ਼ਜ਼ਲ ਹੈ।

ਬੜਾ ਪਿਆਰ ਇਸ ਨੂੰ ਮੈਂ ਕੀਤੈ ਤੇ ਕਰਦਾਂ,
ਕਿ ਦਿਲ ਦੇ ਤਖ਼ਤ ‘ਤੇ ਬਿਠਾਈ ਗ਼ਜ਼ਲ ਹੈ।

ਮਿਰੇ ਜ਼ਿਹਨ ਵਿਚ ਟੁਣਟੁਣਾਂਦੀ ਇਹ ਰਹਿੰਦੀ,
ਰਬਾਬੀ-ਠਣਕ ਸ਼ੈਹਨਾਈ ਗ਼ਜ਼ਲ ਹੈ।

ਬੜਾ ਇਸ਼ਕ ਯਾਰੋ ਇਦੇ ਨਾਲ ਕੀਤਾ,
ਪਰਾਈ ਸੀ ਅਪਣੀ ਬਣਾਈ ਗ਼ਜ਼ਲ ਹੈ।

ਅਸੰਭਵ ਮਿਰਾ ਦੂਰ ਇਸ ਤੋਂ ਹੈ ਰਹਿਣਾ,
ਕਿ ਰਗ ਰਗ ‘ਚ ਮੇਰੇ ਸਮਾਈ ਗ਼ਜ਼ਲ ਹੈ।

ਕਰਾਂ ਦੂਰ ਇਸ ਨੂੰ ਰਤਾ ਵੀ ਨਾ ਭੁਲ ਕੇ,
ਸਦਾ ਵਿਚ ਰਹਿੰਦੀ ਕਲ਼ਾਈ ਗ਼ਜ਼ਲ ਹੈ।

ਗਈ ਕਰ ਬਸੇਰਾ ਮਿਰੇ ਦਿਲ ਦੇ ਅੰਦਰ,
ਚਿਰਾਂ ਤੋਂ ਮੈਂ ਦਿਲ ਵਿਚ ਵਸਾਈ ਗ਼ਜ਼ਲ ਹੈ।

ਇਹ ਕਲ਼ਮਾ ਮਿਰਾ ਮੇਰੇ ਜੀਵਨ ਦਾ ਮਕਸਦ,
ਕਿ ਮੌਲ਼ਾ ਨੇ ਮੈਥੋਂ ਲਿਖਾਈ ਗ਼ਜ਼ਲ ਹੈ।

ਇਹ ਮਹਿਬੂਬ ਮੇਰੀ ਮਿਰੀ ਜ਼ਿੰਦਗਾਨੀ,
ਮਿਰੇ ਸੰਗ ਚਿਰਾਂ ਤੋਂ ਵਿਆਈ ਗ਼ਜ਼ਲ ਹੈ।

ਰਹਾਂ ਇੱਕ ਪਲ਼ ਵੀ ਮੈਂ ਨਾ ਦੂਰ ਇਸ ਤੋਂ,
ਮਿਰੇ ਦਿਲ ਦੀ ਮਲਕਾ ਲੁਗਾਈ ਗ਼ਜ਼ਲ ਹੈ।

ਬੜੇ ਹੀ ਵਿਸ਼ੇ ਇਸ ‘ਚ ਛੋਹੇ ਨੇ ਆਪਾਂ,
ਕਿ ਮਹਿਲਾਂ ‘ਚੋਂ ਗਲੀਆਂ ‘ਚ ਆਈ ਗ਼ਜ਼ਲ ਹੈ।

ਕਿ ਭਿੰਨ-ਭਿੰਨ ਵਜ਼ਨ ਬਹਿਰ ਅੰਦਰ ਮੈਂ ਆਖੀ,
ਮਿਰੀ ਦਿਲਲਗੀ ਆਸ਼ਕਾਈ ਗ਼ਜ਼ਲ ਹੈ।

ਇਹ ਵਹਿੰਦੀ ਗ਼ਜ਼ਲ ਜਿੱਦਾਂ ਗੰਗਾ ਹੈ ਵਹਿੰਦੀ,
ਪਵਿੱਤਰ ਨਦੀ ਪਾਰਸਾਈ ਗ਼ਜ਼ਲ ਹੈ।

ਮਿਰੇ ਰਾਮ ਮੌਲ਼ਾ ਗੁਰਾਂ ਦੀ ਹੈ ਬਖ਼ਸ਼ਿਸ਼,
ਕਿ ਇਹਨਾਂ ਹੀ ਮੈਥੋਂ ਕਹਾਈ ਗ਼ਜ਼ਲ ਹੈ।

ਨਾ ਲਿਖਣੇ ਨੂੰ ਬੈਠਾਂ ਧੁਰੋਂ ਉਤਰ ਆਵੇ,
ਇਹ ਬਾਰਿਸ਼ ਫ਼ਲ਼ਕ ਤੋਂ ਜੋ ਆਈ ਗ਼ਜ਼ਲ ਹੈ।

ਸਲਾਸਤ ਨਫ਼ਾਸਤ ਨਜ਼ਾਕਤ ਦੀ ਮਲਕਾ,
ਨਰਮ-ਦਿਲ ਇਹ ਕੂਲ਼ੀ ਮਲਾਈ ਗ਼ਜ਼ਲ ਹੈ।

ਰਹਾਂ ਗੁਣਗੁਣਾਉਂਦਾ ਦਿਨੇ ਰਾਤ ਇਸ ਨੂੰ,
‘ਅਜੀਬਾ’ ਮਿਰੀ ਰਹਿਨੁਮਾਈ ਗ਼ਜ਼ਲ ਹੈ।
***

(4) ਨੇਤਾਵਾਂ ਤੋਂ ਫੜ ਕੇ ਬੈਠੇ ਰੰਗ-ਬਰੰਗੇ ਨੋਟ!
(ਫ਼ੇਲੁ+ਫ਼ੇਲੁਨ+ਫ਼ੇਲੁਨ+ਫੇਲੁਨ+ਫ਼ੇਲੁਨ+ਫ਼ੇਲਨ+ਫ਼ੇਲ)
(SS+SS+SS+SS+SS+S+SI)

(ਦੋਹਾ ਟਾਈਪ ਗ਼ਜ਼ਲ)
੦ ਗ਼ਜ਼ਲ

ਨੇਤਾਵਾਂ ਤੋਂ ਫੜ ਕੇ ਬੈਠੇ ਰੰਗ-ਬਰੰਗੇ ਨੋਟ।
ਦੁਬਿਧਾ ਵਿੱਚ ਫਸੇ ਸਭ ਲੋਕੀਂ ਪਾਉਣੀ ਕਿਸ ਨੂੰ ਵੋਟ।

ਰਾਤ ਹਨੇਰੀ ਝੱਖੜ ਬਾਰਿਸ਼ ਦਿਲ ਨੂੰ ਖਾਵੇ ਖ਼ੌਫ਼,
ਤੱਕਿਆ ਜਦ ਕੁਰਲਾਂਦਾ ਭੌਂ ‘ਤੇ ਰੁੱਖੋਂ ਡਿੱਗਿਆ ਬੋਟ।

ਆਉਣਾ ਵਿੱਚ ਵਲਾਇਤ ਦੇ ਸੀ ਪਰ ਨਾ ਧੇਲਾ ਕੋਲ,
ਸ਼ਾਹ ਤੋਂ ਰਕਮ ਉਧਾਰੀ ਫੜ ਕੇ ਲਿਖ ਦਿੱਤਾ ਪਰਨੋਟ।

ਨਾਲ ਮੁਸੀਬਤ ਪਾਲ਼ੇ ਬੱਚੇ ਕੀਤੇ ਖ਼ੂਬ ਜਵਾਨ,
ਮਾਰ ਉਡਾਰੀ ਉੜ ਗਏ ਸਾਰੇ ਜਿਉਂ ਚਿੜੀਆਂ ਦੇ ਬੋਟ।

ਵਿੱਚ ਗ਼ਰੀਬੀ ਕੱਟੇ ਦਿਨ ਖਾ ਰੁੱਖੀ ਮਿੱਸੀ ਰੋਜ਼,
ਅਪਣੀ ਮਿਹਨਤ ਕਰ ਕੁਰ ਕੇ ਹੀ ਪਹਿਨੇ ਪੈਂਟ ਤੇ ਕੋਟ।

ਸਾਫ਼ ਸੋਚ ਤੇ ਨਿਰਮਲ ਮਨ ਹੀ ਕਰਵਾਉਂਦੈ ਸ਼ੁਭ ਕੰਮ,
ਵਰਨਾ ਕਿੰਝ ਕੋਈ ਕਰ ਸਕਦਾ ਜੇ ਦਿਲ ਵਿੱਚ ਹੈ ਖੋਟ।

ਨਾਲ ਸ਼ਾਨ ਦੇ ਜੀਣਾ ਆਪਾਂ ਇਹ ਸਾਡੀ ਲਲਕਾਰ,
ਲੋੜ ਨਾ ਸਾਨੂੰ ਤੇਰੀ ਦਿੱਤੀ ਜੋ ਬਿੱਲਾਂ ਵਿਚ ਛੋਟ।

ਕੀ ਹੋਇਆ ਜੇ ਧੰਨ ਨਾ ਪੱਲੇ ਦਿਲ ਦੇ ਹਾਂ ਧਨਵਾਨ,
ਦੇਣਾ ਸੀ ਜੋ ਰਬ ਨੇ ਦਿੱਤਾ ਆਣ ਨਾ ਦਿੱਤੀ ਤੋਟ।

ਕਣ ਕਣ ਵਿਚ ਭਗਵਾਨ ਹੈ ਵਸਦਾ ਦਿਸਦਾ ਨਾ ਕਿਤੇ ਵੀ,
ਪੱਥਰ ਵਿਚ ਮੌਜੂਦ ਹੈ ਜੋ ਨੂੰ ਵੀ ਭੇਜੇ ਉਹ ਰੋਟ।

ਆਖਣ ਨੂੰ ਤਾਂ ਸਾਰੇ ਗ਼ਜ਼ਲਾਂ ਕਹਿੰਦੇ ਯਾਰ ‘ਅਜੀਬ’,
ਗੱਲ ਗ਼ਜ਼ਬ ਦੀ ਵਿੱਚ ਗ਼ਜ਼ਲ ਪਰ ਕਰਦੈ ਖ਼ੂਬ *ਭਨੋਟ।

*ਭਨੋਟ: ਵੈਨਕੂਵਰ, ਕੈਨੇਡਾ ਨਿਵਾਸੀ
ਜਨਾਬ ਕ੍ਰਿਸ਼ਨ ਭਨੋਟ
***

(5) ਅਦਾਵਾਂ ਤੇਰੀਆਂ ਕ਼ਾਤਲ ਕ਼ਤਲ ਨਿਤ ਕਰਦੀਆਂ ਨੇ!
(ਮੁਫ਼ਾਈਲੁਨ+ਮੁਫ਼ਾਈਲੁਨ+ਮੁਫ਼ਾਈਲੁਨ+ਫ਼ਊਲੁਨ)
(ISSS+ISSS+ISSS+ISS)

੦ ਗ਼ਜ਼ਲ

ਅਦਾਵਾਂ ਤੇਰੀਆਂ ਕ਼ਾਤਲ ਕ਼ਤਲ ਨਿਤ ਕਰਦੀਆਂ ਨੇ।
ਇਵੇਂ ਲਗਦੈ ਫ਼ਿਦਾ ਮੇਰੇ ‘ਤੇ ਇਹ ਵੀ ਮਰਦੀਆਂ ਨੇ।

ਬਿਨਾਂ ਕਾਰਨ ਨਾ ਹੋਵੋ ਗਰਮ ਮੇਰੇ ਮੀਤ ਹਮਦਮ,
ਚਮਨ ਵਿਚ ਪਹਿਲੋਂ ਹੀ ਪਈਆਂ ਇਹ ਅੱਗਾਂ ਵਰ੍ਹਦੀਆਂ ਨੇ।

ਕਦੇ ਬਾਰਿਸ਼ ਕਦੇ ਝੱਖੜ ਕਦੇ ਤੂਫ਼ਾਨ ਆ ਜਾਂਦੈ,
ਇਹ ਧੰਨ ਨੇ ਮਾਨਵੀ ਜਿੰਦਾਂ ਜੋ ਸਭ ਕੁਝ ਜਰਦੀਆਂ ਨੇ।

ਬੜਾ ਹੀ ਤਪ ਰਿਹਾ ਹਿਰਦਾ ਰਵੀ ਕੋਈ ਤਪ ਰਿਹਾ ਜਿੱਦਾਂ,
ਕਿ ਦਿਲ ਵਿਚ ਬੈਠੀਆਂ ਖਾਹਸ਼ਾਂ ਜੋ ਹੰਝੂ ਭਰਦੀਆਂ ਨੇ।

ਤਿਰੀ ਆਮਦ ‘ਤੇ ਰੱਖੇ ਖੋਲ੍ਹ ਬੂਹੇ ਬਾਰੀਆਂ ਆਪਾਂ,
ਤਿਰੀ ਆਮਦ ਦਾ ਇਹ ਅੱਖਾਂ ਸਵਾਗਤ ਕਰਦੀਆਂ ਨੇ।

ਨਾ ਸੁੱਕੇ ਹਾੜ ਵਿਚ ਆਪਾਂ ਹਰੇ ਹੋਏ ਨਾ ਸਾਵਨ ਵਿਚ,
ਨਹੀਂ ਕੋਈ ਫ਼ਰਕ ਸਾਨੂੰ ਗਰਮੀਆਂ ਜਾਂ ਸਰਦੀਆਂ ਨੇ।

ਰਜ਼ਾ ਪ੍ਰਮਾਤਮਾ ਦੀ ਵਿਚ ਲਿਆ ਸਿਖ ਜੀਵਣਾ ਹੁਣ,
ਖ਼ੁਸ਼ੀ ਹੋਵੇ ਤਾਂ ਖੁਸ਼ ਨਾ ਗ਼ਮ ‘ਚ ਅੱਖਾਂ ਭਰਦੀਆਂ ਨੇ।

ਜਦੋਂ ਸੀ ਚਿਤਵੀਆਂ ਓਦੋਂ ਨਾ ਜ਼ਾਲਮ ਪੂਰੀਆਂ ਹੋਈਆਂ,
ਕਿ ਸਭ ਸਧਰਾਂ ਤੇ ਖ਼ਾਸ਼੍ਹਾਂ ਹੁਣ ‘ਅਜੀਬਾ’ ਮਰ ਗਈਆਂ ਨੇ।

ਫ਼ਿਕਰ ਨਾ ਕਰ ‘ਅਜੀਬਾ’ ਉਡ ਗਏ ਜੇ ਬੋਟ ਘਰ ‘ਚੋਂ,
ਇਹ ਗੱਲਾਂ ਆਮ ਹੀ ਅੱਜ-ਕੱਲ ਤਾਂ ਹਰ ਇਕ ਘਰ ਦੀਆਂ ਨੇ।
***

(6) ਗੁਲਬਦਨ ਸ਼ੋਅਲਾ ਮਿਰੀ! ਭਾਂਬਡ਼ ਨਿਰੀ ਤੂਫ਼ਾਨ ਹੈ !
(ਫ਼ਾਇਲਾਤੁਨ+ਫ਼ਾਇਲਾਤੁਨ+ਫ਼ਾਇਲਾਤੁਨ+ਫ਼ਾਇਲੁਨ)
(SISS+SISS+SISS+SIS)

੦ ਗ਼ਜ਼ਲ

ਗੁਲਬਦਨ ਸ਼ੋਅਲਾ ਮਿਰੀ! ਭਾਂਬਡ਼ ਨਿਰੀ ਤੂਫ਼ਾਨ ਹੈ।
ਫੇਰ ਵੀ ਦਿਲ ਏਸ ‘ਤੇ ਮੇਰਾ ਫ਼ਿਦਾ ਕੁਰਬਾਨ ਹੈ।

ਹੈ ਪਟੋਲਾ ਆਸਮਾਨੀਂ ਉਤਰਿਆ ਆਕਾਸ਼ ਤੋਂ,
ਦਿਲ ਮਿਰੇ ਵਿਚ ਇਸ ਲਈ ਜੋ ਤਾਂਘ ਰਬ-ਸਾਮਾਨ ਹੈ।

ਏਸ ਦੀ ਸੂਰਤ ਤੇ ਸੀਰਤ ਕਾਬਿਲ-ਏ-ਤਾਰੀਫ਼ ਏ,
ਏਸ ਨੂੰ ਸਜਦਾ ਮਿਰਾ ਇਸ ‘ਤੇ ਮਿਰਾ ਈਮਾਨ ਹੈ।

ਜਿਸ ਤਰਫ਼ ਤੱਕਾਂ ਇਦ੍ਹਾ ਚਿਹਰਾ ਨੂਰਾਨੀ ਹੀ ਦਿਖੇ,
ਏਸ ‘ਤੇ ਅਟਕੀ ਮਿਰੀ ਰਹਿੰਦੀ ਨਜ਼ਰ ਜਿੰਦ ਜਾਨ ਹੈ।

ਬਿਨ ਇਦ੍ਹੇ ਮੇਰੀ ਹਯਾਤੀ ਨਰਕ-ਤੁਲ਼ ਖ਼ੁਸ਼ੀਆਂ ਬਿਨਾਂ,
ਇਹ ਨਹੀਂ ਤਾਂ ਘਰ ਨਹੀਂ ਸੁੰਨਸਾਨ-ਬੀਆਬਾਨ ਹੈ।

ਹੋਂਦ ਇਸ ਦੀ ਚਾਰ ਚੰਨ ਦੇਵੇ ਲਗਾ ਨਿਤ ਮਹਿਫ਼ਲੀਂ,
ਏਸ ਬਿਨ ਲਗਦੈ ਜਹਾਂ ਸ਼ਮਸ਼ਾਨ ਸੁੰਨਿਸਤਾਨ ਹੈ।

ਢੂੰਡਿਆਂ ਵੀ ਨਾ ਮਿਲੇ ਦੁਨੀਆ ‘ਚ ਇਸ ਵਰਗਾ ਕੁਈ,
ਇਸ ਜਿਹਾ ਘਟ ਵਧ ਹੀ ਮਿਲਦਾ ਧਰਤ ‘ਤੇ ਇਨਸਾਨ ਹੈ।

ਸਾਫ਼-ਦਿਲ ਨਿਰਮਲ ਜਿਵੇਂ ਗੰਗਾ ਪਹਾੜੋਂ ਉੱਤਰੀ,
ਗੰਗੋਤਰੀ ਇਹ ਪ੍ਰੇਮ ਦੀ ਸਾਗਰ ਪਾਕੀਜ਼ਿਸਤਾਨ ਹੈ।

ਭਾ ਗਈ ਤਨ ਮਨ ਮਿਰੇ ਨੂੰ ਪਹਿਲੀ ਨਜ਼ਰੇ ਜੋ ਕਦੇ,
ਏਸ ‘ਤੇ ਡੁੱਲ੍ਹਿਆ ਮਿਰਾ ਦਿਲ ਦੀਨ ਤੇ ਈਮਾਨ ਹੈ।

ਮੈਂ ਹਮਾਤਡ਼ ਇਹ ਨਗ਼ੀਨਾ ਨਗ਼ ਬੜਾ ਅਨਮੋਲ ਇਹ,
ਏਸ ਦਾ ਸੁੰਦਰ ਬਦਨ ਯਾਰੋ ਅਮੋਲਿਸਤਾਨ ਹੈ।

ਉਚਰੇ ਮੂੰਹੋਂ ਜੋ ਹਮੇਸ਼ਾ ਸਚ ਸਦਾ ਹੋ ਨਿਬੜਦਾ,
ਇਸ ਦੇ ਅੱਗੇ ਬੋਲਦਾ ਮੌਲ਼ਾ ਵੀ ਨਾ ਭਗਵਾਨ ਹੈ।

ਹੌਸਲਾ ਮੇਰਾ ਪਵੇ ਨਾ ਇਸ ਦੇ ਮੋਰ੍ਹੇ ਕੂਣ ਦਾ,
ਏਸ ਦਾ ‘ਗੁਰਸ਼ਰਨ’ ਗ਼ੁੱਸਾ ਭਾਂਬੜੀ ਤੂਫ਼ਾਨ ਹੈ।

ਪਿਆਰ ਬਿਨ ਆਵੇ ਨਾ ਕਾਬੂ ਇਹ ‘ਅਜੀਬਾ’ ਹੈ ਅਜੀਬ,
ਪਿਆਰ ਦੀ ਦੇਵੀਂ ਹਸੀਂਅ ਦਾ ਦਿਲ ਬਡ਼ਾ ਬਲਵਾਨ ਹੈ।
***

(7) ਨਿਗਾਹਾਂ ਸ਼ੋਖ਼ ਮੁਖ ਸੁੰਦਰ ਤਿਰਾ ਰੰਗ ਕਿਰਮਚੀ ਹੈ।
(ਮੁਫ਼ਾਈਲੁਨ+ਮੁਫ਼ਾਈਲੁਨ+ਮੁਫ਼ਾਈਲੁਨ+ਫ਼ਊਲੁਨ)
(ISSS+ISSS+ISSS+ISS)

o ਗ਼ਜ਼ਲ

ਨਿਗਾਹਾਂ ਸ਼ੋਖ਼ ਮੁਖ ਸੁੰਦਰ ਤਿਰਾ ਰੰਗ ਕਿਰਮਚੀ ਹੈ।
ਰਵੀ ਬਣ ਚਮਕਦੈ ਚਿਹਰਾ ਤਿਰਾ ਸੂਰਜਮੁਖੀ ਹੈ।

ਸੂਬ੍ਹਾ ਦੀ ਕਿਰਨ ਮੈਂ ਆਖਾਂ ਜਾਂ ਲਾਲੀ ਸ਼ਾਮ ਦੀ ਹੀ,
ਤਿਰਾ ਮਸਤਕ ਨੂਰਾਨੀ ਜਾਪਦਾ ਚੰਨ ਪੁਰਨਮੀ ਹੈ।

ਰਹੇ ਖਿਡ਼ਿਆ ਹਮੇਸ਼ਾਂ ਹੀ ਤਿਰਾ ਚਿਹਰਾ ਕੰਵਲ ਵਾਂਗੂੰ,
ਨਾ ਮੁਖ ‘ਤੇ ਹੈ ਉਦਾਸੀ ਨਾ ਗ਼ਮੀ ਬਸ ਹੀ ਖ਼ੁਸ਼ੀ ਹੈ।

ਨਿਰਾਲਾ ਰੰਗ-ਢੰਗ ਤੇਰਾ ਵੀ ਉਠਣਾ ਬੈਠਣਾ ਵੀ,
ਤਿਰੀ ਹਰ ਬਾਤ ਹੋਰਾਂ ਤੋਂ ਅਲਗ ਵੀ ਅਜਨਬੀ ਹੈ।

ਕਹੇਂ ਜੋ ਕਰ ਵਿਖਾਏਂ ਨਾ ਕਰੇਂ ਇਕਰਾਰ ਝੂਠੇ,
ਤਿਰੀ ਹਰ ਬਾਤ ਵਿਚ ਉਪਮਾਂ ਭਰੀ ਸ਼ਬਦਾਵਲ਼ੀ ਹੈ।

ਰਹੇਂ ਪੁਰ ਸ਼ਾਂਤ ਹਰ ਵੇਲ਼ੇ ਤੂੰ ਕੋਹਾਂ ਦੂਰ ਗ਼ੁੱਸੇ ਤੋਂ,
ਤਿਰੀ ਫ਼ਿਤਰਤ ਅਤੀ ਕੋਮਲ ਮੁਲਾਇਮ ਮਖ਼ਮਲ਼ੀ ਹੈ।

ਮਿਲੇ ਰੋਟੀ ਰਿਹਾਇਸ਼ ਨਾ ਤੇ ਨਾ ਰੁਜ਼ਗਾਰ ਹੀ ਕੋਈ,
ਕਹੇ ਹਾਕਮ ਵਤਨ ਵਿਚ ਹੋ ਰਹੀ ਪਰ ਪ੍ਰਗਤੀ ਹੈ।

ਮਿਰੀ •ਕੂੰਜਾਂਵਲੀ •ਪੁਸ਼ਪਾਂਜਲੀ •ਗ਼ਜ਼ਲਾਂਜਲੀ ਮਗਰੋੋਂ,
ਮਿਰੀ •ਰਮਜ਼ਾਂਵਲ਼ੀ ਤੇ •ਬੰਦਗੀ ਵੀ ਬੰਦਗੀ ਹੈ।

ਹਾਂ ਅਜ ਮੈਂ ਵਰਤਮਾਂ ਕੱਲ੍ਹ ਨੂੰ ਬਣਾਂਗਾ ਗੁਜ਼ਰਿਆ ਕੱਲ੍ਹ,
ਮਿਰੀ ਓਕਾਤ ਬਸ ਏਨੀ ਹੀ ਮੇਰੀ ਜ਼ਿੰਦਗੀ ਹੈ।

ਹਾਂ ਦੀਵਾਨਾ ਗ਼ਜ਼ਲ ਦਾ ਮੈਂ ਰਹਾਂਗਾ ਮਰਨ ਤੀਕਰ,
ਮਿਰੀ ਫ਼ਿਤਰਤ ‘ਅਜੀਬਾ’ ਹੀ ਮਿਰੀ ਦੀਵਾਨਗੀ ਹੈ।

•ਕੂੰਜਾਂਵਲੀ •ਪੁਸ਼ਪਾਂਜਲੀ •ਗ਼ਜ਼ਲਾਂਜਲੀ
•ਰਮਜ਼ਾਂਵਲ਼ੀ •ਬੰਦਗੀ:
ਮੇਰੇ ਗ਼ਜ਼ਲ ਸੰਗ੍ਰਿਹਾਂ ਦੇ ਨਾਮ
***

(8) ਤੇਰੇ ਰੂਪ ਦੀ ਕਲ਼ਾ ਨੇ ਦਿਲ ਮੇਰਾ ਮੋਹ ਲਿਆ ਏ!
(ਮਫ਼ਊਲ +ਫ਼ਾਇਲਾਤੁਨ+ਮਫ਼ਊਲ+ਫ਼ਾਇਲਾਤੁਨ)
(SSI+SISS+SSI+ SISS)

੦ ਗ਼ ਜ਼ ਲ

ਤੇਰੇ ਰੂਪ ਦੀ ਕਲ਼ਾ ਨੇ ਦਿਲ ਮੇਰਾ ਮੋਹ ਲਿਆ ਏ।
ਚਿਤ-ਚੋਰ ਅਪਸਰਾ ਨੇ ਦਿਲ ਮੇਰਾ ਮੋਹ ਲਿਆ ਏ।

ਜਲਵਾ-ਏ-ਹੁਸਨ ਤੇਰਾ ਦਿਲ ਕੀਲ਼ਦਾ ਹੈ ਮੇਰਾ,
ਕ਼ਾਤਲ ਤਿਰੀ ਅਦਾ ਨੇ ਦਿਲ ਮੇਰਾ ਮੋਹ ਲਿਆ ਏ।

ਦਿਲ ਮੋਹ ਲਿਆ ਤੂੰ ਮੇਰਾ ਮੇਰੇ ਹਬੀਬ ਹਮਦਮ,
ਤੇਰੀ ਜ਼ੁਲਫ਼ ਦੀ ਘਟਾ ਨੇ ਦਿਲ ਮੇਰਾ ਮੋਹ ਲਿਆ ਏ।

ਆਖਾਂ ਖ਼ਤਾ ਜਾਂ ਗ਼ਲਤੀ ਜਾਂ ਇਸ ਨੂੰ ਖ਼ੁਸ਼-ਨਸੀਬੀ,
ਇਕ ਸ਼ੋਖ਼ ਦਿਲਰੁਬਾ ਨੇ ਦਿਲ ਮੇਰਾ ਮੋਹ ਲਿਆ ਏ।

ਇਸ ਯੁਗ-ਜਫ਼ਾ ਦੇ ਅੰਦਰ ਢੂੰਡੇ ਵਫ਼ਾ ਨਾ ਮਿਲਦੀ,
ਤੇਰੀ ਨਜ਼ਰ ਵਫ਼ਾ ਨੇ ਦਿਲ ਮੇਰਾ ਮੋਹ ਲਿਆ ਏ।

ਸੰਜੀਦਗੀ ਇਹ ਤੇਰੀ ਜਾਂ ਸਾਦਗੀ ਹੈ ਤੇਰੀ,
ਫ਼ਿਤਰਤ ਤਿਰੀ ਹਯਾ ਨੇ ਦਿਲ ਮੇਰਾ ਮੋਹ ਲਿਆ ਏ।

ਦਿਲ ਲੋਚਦੈ ਕਿ ਤੈਥੋਂ ਦੇਵਾਂ ਮੈਂ ਵਾਰ ਆਪਾ,
ਤੇਰੇ ਨੇਕ-ਦਿਲ ਸੁਭਾ ਨੇ ਮੇਰਾ ਦਿਲ ਮੋਹ ਲਿਆ ਏ।

ਜੀਣਾ ਮੁਹਾਲ ਹੋਇਆ ਤੇਰੇ ਬਿਨਾਂ ਹੈ ਦਿਲਬਰ,
ਰਹਿਮਤ ਤਿਰੀ ਦੁਆ ਨੇ ਮੇਰਾ ਦਿਲ ਮੋਹ ਲਿਆ ਏ।

‘ਗੁਰਸ਼ਰਨ’ ਮੰਗ ਦੁਆਵਾਂ ਅਪਣੇ ਹਬੀਬ ਖ਼ਾਤਰ,
ਚੜ੍ਹਦੀ ਜਿਦ੍ਹੀ ਕਲਾ ਨੇ ਮੇਰਾ ਦਿਲ ਮੋਹ ਲਿਆ ਏ।

ਨਿਸ ਦਿਨ ‘ਅਜੀਬ’ ਆਵੇਂ ਮੇਰੇ ਤੂੰ ਸੁਪਨਿਆਂ ਵਿਚ,
ਤੇਰੀ ਹੋਂਦ-ਕਲਪਨਾ ਨੇ ਦਿਲ ਮੇਰਾ ਮੋਹ ਲਿਆ ਏ।
***

(9) ਗੁਲਫ਼ਾਮ ਹੈ ਮੁਖੜਾ ਤਿਰਾ ਹਸਤੀ ਤਿਰੀ ਗੁਲਦਾਨ ਹੈ!
(ਮਸਤਫ਼ਇਲੁਨ+ਮੁਸਤਫ਼ਇਲੁਨ+ਮੁਸਤਫ਼ਇਲੁਨ+
ਮੁਸਤਫ਼ਇਲੁਨ)
(SSIS+SSIS+SSIS+SSIS)

o ਗ਼ਜ਼ਲ

*ਗੁਲਫ਼ਾਮ ਹੈ ਮੁਖੜਾ ਤਿਰਾ ਹਸਤੀ ਤਿਰੀ ਗੁਲਦਾਨ ਹੈ।
ਤੇਰੇ ਹੀ ਕਰਕੇ ਮਹਿਕਦਾ ਘਰ ਬਾਹਰ ਗੁਲਿਸਤਾਨ ਹੈ।

ਮਤਲਾਅ ਸਾਨੀ:

ਤੇਰੇ ਬਿਨਾਂ ਘਰ ਘਰ ਨਾ ਇਹ ਵੀਰਾਨ ਬੀਆਬਾਨ ਹੈ।
ਮੌਜੂਦਗੀ ਤੇਰੀ ਬਿਨਾਂ ਲਗਦਾ ਇਹ ਕ਼ਬਰਿਸਤਾਨ ਹੈ।

ਹੈ ਜਾਨ ਤੇ ਮੇਰਾ ਜਹਾਂ ਮੇਰੇ ਹਮਸਫ਼ਰ ਤੇਰੇ ਨਾਲ ਹੀ,
ਹਾਂ ਜੀਂਵਦਾ ਤੇਰੇ ਲਈ ਤੂੰ ਹੀ ਮਿਰੀ ਜਿੰਦ-ਜਾਨ ਹੈ।

ਆਮਦ ਤਿਰੀ ਲੈ ਕੇ ਸਦਾ ਆਵੇ ਬਹਾਰਾਂ ਹਮਨਸ਼ੀਂ,
ਤਨ ਮਨ ਅਸਾਡਾ ਇਕ ਦੁਏ ਦੇ ਵਾਸਤੇ ਵਰਦਾਨ ਹੈ।

ਹਰ ਇਕ ਖ਼ੁਸ਼ੀ ਮੇਰੀ ਤਿਰੀ ਨੇ ਗ਼ਮ ਵੀ ਸਾਂਝੇ ਸੰਗ ਤਿਰੇ,
ਸ਼ਿਕਵਾ ਗਿਲਾ ਹਰ ਇਕ ਤਿਰਾ ਮੈਨੂੰ ਸਦਾ ਪਰਵਾਨ ਹੈ।

ਲੋਕੀਂ ਮਨਾਵਣ ਈਦ ਹੋਲੀ ਤੇ ਵਿਸਾਖੀ ਸੰਗ ਖ਼ੁਸ਼ੀ,
ਤੇਰੇ ਬਿਨਾਂ ਹਮਦਮ ਮਿਰੇ ਸੁੰਨਾਂ ਮਿਰਾ ਰਮਜ਼ਾਨ ਹੈ।

ਕੀਮਤੀ ਹਰ ਸ਼ੈ ਤਿਰੀ ਗਹਿਣੇ ਤੇ ਕਪੜੇ ਹੋਣਗੇ,
ਮੇਰੇ ਲਈ ਪਰ ਕੀਮਤੀ ਇਕ ਇਕ ਤਿਰੀ ਮੁਸਕਾਨ ਹੈ।

ਮੇਰੀ ਗ਼ਜ਼ਲ ਦਾ ਤੂੰ ਹੈਂ ਮਤਲਾ ਮਕਤਾ ਵੀ ਮੇਰੇ ਹਮਸਫ਼ਰ,
ਜੋਬਨ ਤਿਰਾ ਹੀ ਕਰ ਰਿਹਾ ਮਿਨੂੰ ਊਰਜਾ ਪ੍ਰਦਾਨ ਹੈ।

ਤੇੇਰੇ ਬਿਨਾਂ ਮੇਰੀ ਹਯਾਤੀ ਕੰਮ ਕਿਸੇ ਨਾ ਕਾਰ ਦੀ,
ਤੇਰੇ ਬਿਨਾਂ ਇਹ ਜ਼ਿੰਦਗੀ ਵੀਰਾਨ ਹੈ ਵੀਰਾਨ ਹੈ।

ਸ਼ਾਲਾ ! ਇਹ ਦੁਨੀਆ ਘੁਗ ਵਸੇ ਹੋਵੇ ‘ਅਜੀਬਾ’ ਜੰਗ ਨਾ,
ਏਹੋ ਮਿਰੀ ਅਰਦਾਸ ਹੈ ਏਹੋ ਮਿਰਾ ਈਮਾਨ ਹੈ।

*ਗੁਲਫ਼ਾਮ: ਗੁਲਾਬ ਵਰਗਾ ਖ਼ੂਬਸੂਰਤ
***

(10) ਹਾਸੇ ਲਬਾਂ ਤੋਂ ਉਡ ਗਏ ਮਨ ਹਿਚਕਚਾ ਗਿਆ!
(ਮੁਸਤਫ਼ਇਲੁਨ+ਮੁਸਤਫ਼ਇਲੁਨ+ਮੁਸਤਫ਼ਇਲੁਨ+ਇਲੁਨ)
(SSIS+SSIS+SSIS+IS)

o ਗ਼ਜ਼ਲ

ਹਾਸੇ ਲਬਾਂ ਤੋਂ ਉਡ ਗਏ ਮਨ ਹਿਚਕਚਾ ਗਿਆ।
ਪੈਰਾਂ ਤੋਂ ਫਿਸਲੀ ਭੌਂ ! ਫ਼ਲਕ ਧਰਤੀ ‘ਤੇ ਆ ਗਿਆ।

ਹੁੰਦੇ ਸੀ ਜਿੱਧਰ ਖੇਤ ਤੇ ਪੌਦੇ ਹਰੇ-ਭਰੇ,
ਉਸ ਧਰਤ ‘ਤੇ ਜ਼ਾਲਮ ਕੁਈ ਹੋਟਲ ਬਣਾ ਗਿਆ।

ਲਭਦਾ ਨਹੀਂ ਮੇਰਾ ਗਰਾਂ ਲਭਿਆਂ ਵੀ ਹੁਣ ਕਿਤੇ,
ਅਜ ਨਿਗ਼ਲ ਕੇ ਉਸ ਨੂੰ ਨਗਰ ਵੱਡਾ ਪਚਾ ਗਿਆ।

ਸਭ ਵੇਚ ਵਟ ਭੌਂ ਆਪਣੀ ਪਰਦੇਸ ਟੁਰ ਗਏ,
ਵਧਦਾ ਮਗਰਮਛ ਸ਼ਹਿਰ ਦਾ ਪਿੰਡਾਂ ਨੂੰ ਖਾ ਗਿਆ।

ਥਾਂ ਥਾਂ ‘ਤੇ ਚਿੱਟਾ ਵਿਕ ਰਿਹਾ ਖੁੱਲ੍ਹੇ ਦੁਆਰ ਨੇ,
ਹਾਕਮ ਬਥੇਰੀ ਏਸ ‘ਚੋਂ ਦੌਲ਼ਤ ਬਣਾ ਗਿਆ।

ਲੈ ਕੇ ਉਧਾਰੇ ਰੋਕੜੇ ਦਿਸਿਆ ਨਾ ਫੇਰ ਉਹ,
ਅਪਣਾ ਹੀ ਰਿਸ਼ਤੇਦਾਰ ਇਕ ਉੱਲੂ ਬਣਾ ਗਿਆ।

ਜਿੰਨੇ ਬਚੇ ਬਾਕੀ ਜੋ ਪਿੰਡੀਂ ਸ਼ਹਿਰ ਵਸ ਰਹੇ,
ਲੋਕਾਂ ਦਾ ਹੜ੍ਹ ਪਿੰਡਾਂ ‘ਚੋਂ ਉਠ ਸ਼ਹਿਰਾਂ ਨੂੰ ਧਾ ਗਿਆ।

ਯਾਰੋ ਬਣੇਗਾ ਕੀ ਮਿਰੇ ਸੋਹਣੇ ਪੰਜਾਬ ਦਾ,
ਉਹ ਬਚ ਨਾ ਪਾਏ ਏਸ ਨੂੰ ਜੋ ਢਾ ਹੈ ਲਾ ਗਿਆ।

ਚਲਦਾ ਰਹੇ ਇਹ ਕਾਫ਼ਲਾ ਸ਼ਾਲਾ ਗ਼ਜ਼ਲ ਦਾ ਨਿਤ,
ਹਿੰਮਤ ਤਿਰੀ ‘ਗੁਰਸ਼ਰਨ’ ਅਜ ਤਕ ਤੂੰ ਚਲਾ ਗਿਆ।
***

(11) ਫ਼ਜਰ ਵੇਲੇ ਅਸਰ ਵੇਲੇ ਮੈਂ ਤੇਰਾ ਨਾਮ ਲੈਂਦਾ ਹਾਂ!
(ਮੁਫ਼ਾਈਲੁਨ+ਮੁਫ਼ਾਈਲੁਨ+ਮੁਫ਼ਾਈਲੁਨ+ਮੁਫ਼ਾਈਲੁਨ)
(ISSS+ISSS+ISSS+ISSS)

o ਗ਼ਜ਼ਲ

ਫ਼ਜਰ ਵੇਲੇ ਅਸਰ ਵੇਲੇ ਮੈਂ ਤੇਰਾ ਨਾਮ ਲੈਂਦਾ ਹਾਂ।
ਮੈਂ ਤੇਰਾ ਨਾਮ ਲੈਂਦਾ ਹਾਂ ਸੁਬ੍ਹਾ ਤੇ ਸ਼ਾਮ ਲੈਂਦਾ ਹਾਂ।

ਨਹੀਂ ਭੁਲਦਾ ਤਿਰਾ ਜਪਣਾ ਕਦੇ ਵੀ ਨਾਮ ਹੈ ਮੈਨੂੰ,
ਮਿਰੇ ਮਹਿਰਮ ਮਿਰੇ ਮੁਰਸ਼ਦ ਮੈਂ ਜਪ ਨਿਤ ਆਮ ਲੈਂਦਾ ਹਾਂ।

ਤਿਰੀ ਸੰਗਤ ਦੇ ਵਿਚ ਬਹਿ ਕੇ ਤਿਰੇ ਸੰਗ ਗੁਫ਼ਤਗੂ ਕਰਕੇ,
ਖ਼ੁਮਾਰੀ ਨਾਮ ਤੇਰੇ ਦੀ ਦਾ ਪੀ ਨਿਤ ਜਾਮ ਲੈਂਦਾ ਹਾਂ।

ਹਾਂ ਤੇਰੇ ਹੁਕਮ ਦਾ ਪਾਬੰਦ ਵੀ ਕੂਕਰ ਤਿਰੇ ਦਰ ਦਾ,
ਨਾ ਨਾਫ਼ਰਮਾਨੀਆਂ ਕਰਦਾਂ ਸਦਾ ਦਿਲ ਥਾਮ ਲੈਂਦਾ ਹਾਂ।

ਸਲਾਮਾਂ ਨਿਤ ਕਰਾਂ ਤੈਨੂੰ ਝੁਕਾਵਾਂ ਸਿਰ ਤਿਰੇ ਅੱਗੇ,
ਕਿਸੇ ਦਰ ਹੋਰ ਵਲ ਨੂੰ ਜਾਣ ਦਾ ਨਾ ਨਾਮ ਲੈਂਦਾ ਹਾਂ।

ਜੋ ਪਾਉਣਾ ਜ਼ਿੰਦਗੀ ਵਿਚ ਮੈਂ ਤਿਰੇ ਦਰ ਤੋਂ ਹੀ ਹੈ ਪਾਉਣਾ,
ਤਿਰੇ ਤੋਂ ਊਰਜਾ ਜੀਵਨ ਦੀ ਦਾ ਪੈਗ਼ਾਮ ਲੈਂਦਾ ਹਾਂ।

ਤਿਰੀ ਹਰ ਬਾਤ ‘ਚੋਂ ਖੁਸ਼ਬੂ ਅਲੌਕਕ ਆਂਵਦੀ ਏ,
ਤਿਰੇ ਸੰਗ ਪਲ਼ ਬਿਤਾ ਖ਼ੁਦ ਨੂੰ ਮੈਂ ਕਰ *ਗੁਲਫ਼ਾਮ ਲੈਂਦਾ ਹਾਂ।

ਤਿਰਾ ਦੀਦਾਰ ਨਿਤ ਕਰਕੇ ‘ਅਜੀਬਾ’ ਚੈਨ ਮਿਲ ਜਾਂਦੈ,
ਕਰਾਂ ਜੇ ਇਸ ਤਰਾਂ ਨਾ ! ਖ਼ੁਦ ਨੂੰ ਕਰ *ਬੇ-ਰਾਮ ਲੈਂਦਾ ਹਾਂ।

*ਗੁਲਫ਼ਾਮ: ਗੁਲਾਬ ਦੇ ਫੁੱਲ ਵਰਗਾ ਖ਼ੁਸ਼ਬੂਦਾਰ
*ਬੇ-ਰਾਮ: ਰਾਮ ਜਾਂ ਪ੍ਰਮਾਤਮਾ ਬਿਨ
***

(12) ਵਿਚ ਦੁਨੀਆ ਦੇ ਹਫ਼ੜਾ ਦਫ਼ੜੀ ਹਰ ਥਾਂ ਹੀ ਨੇ ਝਗੜੇ!
(ਫ਼ੇਲੁਨ +ਫ਼ੇਲੁਨ +ਫ਼ੇਲੁਨ +ਫ਼ੇਲੁਨ +ਫ਼ੇਲੁਨ +ਫ਼ੇਲੁਨ +ਫ਼ੇਲੁਨ)
(SS +SS + SS + SS + SS + SS + SS)

੦ ਗ਼ਜ਼ਲ

ਵਿਚ ਦੁਨੀਆ ਦੇ ਹਫ਼ੜਾ ਦਫ਼ੜੀ ਹਰ ਥਾਂ ਹੀ ਨੇ ਝਗੜੇ।
ਕਰ ਦੇਵਣ ਨਿੱਤ ਖੜੇ ਨਵੇਲੇ ਇਕ ਦੂਜੇ ਲਈ ਲਫ਼ੜੇ।

ਦੇਵਣ ਧਮਕੀ ਇੱਕ-ਦੁਏ ਨੂੰ ਬਣ ਰੁਸਤਮ ਫ਼ੌਲਾਦੀ,
ਇਕ ਦੂਜੇ ਨੂੰ ਢਾਉਣ ਨੂੰ ਫਿਰਦੇ ਕੀ ਮਾੜੇ ਕੀ ਤਗੜੇ।

ਦਿਲ ਵਿਚ ਰੱਖਣ ਨਫ਼ਰਤ ਖਾਂਦੇ ਖ਼ਾਰ ਨੇ ਸੱਭੇ ਦਿਲ ‘ਚੋਂ,
ਇਕ ਦੂਜੇ ਨੂੰ ਲਾਉਣ ਨੂੰ ਫਿਰਦੇ ਵੱਧ ਤੋਂ ਵੱਧ ਨੇ ਰਗੜੇ।

ਵੱਸ ਚਲੇ ਤਾਂ ਇਕ ਦੂਜੇ ਨੂੰ ਮਾਰ ਮੁਕਾਵਣ ਪਲ਼ ਵਿਚ,
ਮਾਨਵਤਾ ਦੇ ਵੈਰੀ ਛੱਡਣ ਨਾ ਜ਼ੁਲਮਾਨਾ-ਪਲੜੇ।

ਵਿਚ ਪ੍ਰਦੇਸੀਂ ਗੋਗਲਿਆਂ ਦੇ ਮੀਂਹ ਨਾ ਪੈਂਦੇ ਯਾਰੋ,
ਰਾਤ ਦਿਨੇ ਟੁਟ ਮਰਨੇ ਮਗਰੋਂ ਫਿਰ ਮਿਲਦੇ ਕੁਝ ਦਮੜੇ।

ਲੋਕੀਂ ਲੋਚਣ ਦੌਲ਼ਤ ਪੈਸਾ ‘ਗੁਰਸ਼ਰਨ’ ਹਮੇਸ਼ਾ ਗ਼ਜ਼ਲਾਂ,
‘ਕੱਠੇ ਕਰ ਕੇ ਬੈਠੈ ਅਜਕਲ ਦੋ *ਬੁੱਕਾਂ ਦੇ ਖਰੜੇ।

*ਬੁੱਕਾਂ : ਕਿਤਾਬਾਂ
***

(13) ਗਿਆ ਪਰਦੇਸ ਉਹ ਅਫ਼ਸਰ ਤੋਂ ਜਾ ਮਜ਼ਦੂਰ ਹੋ ਗਿਆ।
(ਮੁਫ਼ਾਈਲੁਨ+ਮੁਫ਼ਾਈਲੁਨ+ਮੁਫ਼ਾਈਲੁਨ+ਮੁਫ਼ਾਈਲੁਨ)
(ISSS+ISSS+ISSS+ISSS)

o ਗ਼ਜ਼ਲ

ਗਿਆ ਪਰਦੇਸ ਉਹ ਅਫ਼ਸਰ ਤੋਂ ਜਾ ਮਜ਼ਦੂਰ ਹੋ ਗਿਆ।
ਕਿ ਪੰਛੀ ਰਿਜ਼ਕ ਖ਼ਾਤਰ ਰਹਿਣ ਨੂੰ ਮਜਬੂਰ ਹੋ ਗਿਆ।

ਮਤਲਾਅ ਸਾਨੀ؛

ਕਿਵੇਂ ਅਜ ਕਲ ਹੈ ਮਾਨਵ ਇਕ ਦੁਏ ਤੋਂ ਦੂਰ ਹੋ ਗਿਆ।
ਰਿਹਾ ਦਸਤੂਰੀਆ ਬਿਲਕੁਲ ਨਾ ਬਦ-ਦਸਤੂਰ ਹੋ ਗਿਆ।

ਵਿਛੋੜਾ ਓਸ ਦਾ ਡਾਢਾ ਸਨਮ ਜੋ ਦੇ ਗਿਆ ਸਾਨੂੰ,
ਕਿ ਜੀਵਨ ਭਰ ਲਈ ਗਹਿਰਾ ਹੈ ਉਹ ਨਾਸੂਰ ਹੋ ਗਿਆ।

ਗ਼ਰੀਬੀ ਸੀ ਜਦੋਂ ਘਰ ਵਿਚ ਨਾ ਮਿਲਿਆ ਖਾਣ ਨੂੰ ਉਸਨੂੰ,
ਕਿ ਪਲਟੇ ਦਿਨ ਜਦੋਂ ਉਸ ਦੇ ਉਹ ਕੋਹੇਤੂਰ ਹੋ ਗਿਆ।

ਕਦੇ ਵੀ ਸੋਚਿਆ ਨਾ ਸੀ ਕਿ ਅਪਣੇ ਦੇਣਗੇ ਧੋਖਾ,
ਕਿ ਇਹ ਵੀ ਵਹਿਮ ਸੀ ਸਾਡਾ ਜੋ ਐਪਰ ਦੂਰ ਹੋ ਗਿਆ।

ਸਦਾ ਮਗ਼ਰੂਰ ਸੀ ਰਹਿੰਦਾ ਉਹ ਅਪਣੇ ਆਪ ਵਿੱਚ ਹੀ,
ਸਮੇਂ ਦਾ ਜਦ ਪਿਆ ਥੱਪੜ ਤਾਂ ਚਕਨਾਚੂਰ ਹੋ ਗਿਆ।

ਮੁਹੱਬਤ ਦਾ ਕਰਿਸ਼ਮਾ ਹੈ ਕਿ ਜਾਂ ਇਹ ਫਲ ਭਲਾਈ ਦਾ,
ਕਿ ਮਿਹਨਤ ਕੀਤੀ ਦਾ ਬੇਬੂਰ ਰੁਖ ਬਾਬੂਰ ਹੋ ਗਿਆ।

ਅਜੇ ਤਾਂ ਜ਼ਖ਼ਮ ਸਨ ਅੱਲ੍ਹੇ ਉਡਾਰੀ ਮਾਰ ਟੁਰਿਆ ਉਹ,
ਜੁਦਾਈ ਓਸ ਦੀ ਕਰਕੇ ਦੁਖੀ ਮਨ ਚੂਰ ਹੋ ਗਿਆ।

ਉਦੀ ਆਮਦ ਨੇ ਲਾਏ ਚਾਰ ਚੰਨ ਸਾਡੀ ਹਯਾਤੀ ਨੂੰ,
ਉਦ੍ਹੇ ਟੁਰ ਜਾਣ ‘ਤੇ ਬਾਨੂਰ ਮਨ ਬੇਨੂਰ ਹੋ ਗਿਆ।

ਉਦ੍ਹੇ ਨਜ਼ਦੀਕ ਜਾਵਣ ਦੀ ਤਮੰਨਾ ਸੀ ਅਸਾਡੀ ਪਰ,
ਉਦ੍ਹੇ ਤੋਂ ਦੂਰ ਹੁੰਦਾ ਦੂਰ ਹੀ ਬਸ ਦੂਰ ਹੋ ਗਿਆ।

ਮਿਲੇਗਾ ਉਹ ਲੁਕਾਈ ਨੂੰ ਜੋ ਮਿਲਿਆ ਨਾ ਕਦੇ ਵੀ ਹੈ,
ਛਿਅੱਤ੍ਹਰ ਸਾਲ ਦੀ ਲੁਟ ਦਾ ਕਿਸਾ ਮਸ਼ਹੂਰ ਹੋ ਗਿਆ।

ਮੁਹੱਬਤ ਪਿਆਰ ਦੇ ਸਿਰ ‘ਤੇ ‘ਅਜੀਬਾ’ ਕਾਇਮ ਇਹ ਦੁਨੀਆ,
ਗ਼ਜ਼ਲ ਵਿਚ ਪਡ਼੍ਹ ਪੈਗ਼ਾਮੇ-ਇਸ਼ਕ ਮਨ *ਮਸਰੂਰ ਹੋ ਗਿਆ।

*ਮਸਰੂਰ: ਖ਼ੁਸ਼
***

(14) ਬੇਤਾਲਾ ਤਾਲ਼ ਫ਼ਕੀਰਾਂ ਦਾ!
(ਫ਼ੇਲੁਨ+ਫ਼ੇਲੁਨ+ਫ਼ੇਲੁਨ+ਫ਼ੇਲੁਨ)
(SS+SS+SS+SS)

o ਗ਼ਜ਼ਲ

ਬੇਤਾਲਾ ਤਾਲ਼ ਫ਼ਕੀਰਾਂ ਦਾ।
ਫਿਰ ਵੀ ਮੁਖ ਲਾਲ਼ ਫ਼ਕੀਰਾਂ ਦਾ।

ਦਿਨ ਮਸਤ-ਮਲੰਗੀ ਵਿਚ ਕੱਟਣ,
ਹੈ ਢੰਗ ਕਮਾਲ਼ ਫ਼ਕੀਰਾਂ ਦਾ।

ਕੋਈ ਬਾਤ ਇਨ੍ਹਾਂ ਦੀ ਕਰਦਾ ਨਾ,
ਨਾ ਜੱਜ ਦਲਾਲ਼ ਫ਼ਕੀਰਾਂ ਦਾ।

ਕਿਸ ਹਾਲ ‘ਚ ਫ਼ੱਕਰ ਰਹਿੰਦੇ ਨੇ,
ਪੁੱਛੋ ਨਾ ਹਾਲ਼ ਫ਼ਕੀਰਾਂ ਦਾ।

ਸਭ ਚੋਰ ਉਚੱਕੇ ਫਿਰਦੇ ਨੇ,
ਹੈ ਪਇਆ ਕਾਲ਼ ਫ਼ਕੀਰਾਂ ਦਾ।

ਹਰ ਬਾਤ ਨਿਰਾਲੀ ਕਰਦੇ ਇਹ,
ਹਰ ਬੋਲ ਕਮਾਲ਼ ਫ਼ਕੀਰਾਂ ਦਾ।

ਵੀ ਸ਼ਾਇਰ ਹੋਣ ਫ਼ਕੀਰ ਜਿਹੇ,
ਮਨ ਰੱਖ ਨਿਹਾਲ਼ ਫ਼ਕੀਰਾਂ ਦਾ।

ਮਸਕੀਨ ਜਿਹੇ ਮਨ ਦੇ ਮਾਲਕ,
ਦਿਲ ਧਨ-ਟਕਸਾਲ਼ ਫ਼ਕੀਰਾਂ ਦਾ।

ਜੋ ਕਹਿਣ ਵਿਖਾਵਣ ਕਰ ਕੇ ਇਹ,
ਹਰ ਕਾਜ ਕਮਾਲ਼ ਫ਼ਕੀਰਾਂ ਦਾ।

ਵਿਚ ਮਸਤੀ ਦੇ ਨਿਤ ਨੱਚਣ ਇਹ,
ਹੈ ਕਮਾਲ ਧੁਮਾਲ਼ ਫ਼ਕੀਰਾਂ ਦਾ।

ਸ਼ਾਲਾ! ਕਦੇ ਵੀ ਮੁੱਕੇ ਨਾ,
ਅੰਨ-ਪਾਣੀ-ਦਾਲ਼ ਫ਼ਕੀਰਾਂ ਦਾ।

ਨਾ ਪੱਲੇ ਪੈਸੈ ਧੇਲਾ ਏ,
ਨਾ ਦੌਲ਼ਤ ਮਾਲ਼ ਫ਼ਕੀਰਾਂ ਦਾ।

‘ਗੁਰਸ਼ਰਨ’ ਗੁਆ ਨਾ ਬੈਠੀਂ ਤੂੰ,
ਰਖ ਯਾਰ ਖ਼ਿਆਲ਼ ਫ਼ਕੀਰਾਂ ਦਾ।
***

(15) ਖ਼ਿਮਾ ਕਰਨਾ ਅਗਰ ਹੋਈ ਅਸਾਥੋਂ ਹੈ ਖ਼ਤਾ ਕੋਈ!
(ਮਫ਼ਾਈਲੁਨ +ਮੁਫ਼ਾਈਲੁਨ+ਮੁਫ਼ਾਈਲੁਨ+ ਮੁਫ਼ਾਈਲੁਨ)
(ISSS+ISSS+ISSS ISSS)

o ਗ਼ਜ਼ਲ

ਖ਼ਿਮਾ ਕਰਨਾ ਅਗਰ ਹੋਈ ਅਸਾਥੋਂ ਹੈ ਖ਼ਤਾ ਕੋਈ।
ਨਾ ਸਾਨੂੰ ਹੈ ਖ਼ਤਾਵਾਂ ਦਾ ਪਤਾ-ਸੁਰ ਨਾ ਪਤਾ ਕੋਈ।

ਉਲਾਂਭਾ ਆਪ ਦਾ ਮਨਜ਼ੂਰ ਹੈ ਦਿਲਬਰ ਮਿਰੇ ਮਹਿਰਮ,
ਨਾ ਕੋਈ ਆਪ ‘ਤੇ ਰੰਜਿਸ਼ ‘ਤੇ ਨਾ ਹੀ ਹੈ ਗਿਲ੍ਹਾ ਕੋਈ।

ਖ਼ਤਾਦਾਰਾਂ ਨੂੰ ਦੇਣਾ ਬਖ਼ਸ਼ ਸ਼ਾਮਲ ਵਿਚ ਸੁਭਾ ਸਾਡੇ,
ਬਿਨਾਂ ਕੀਤੇ ਗੁਨਾਹਾਂ ‘ਤੇ ਨਾ ਸਾਨੂੰ ਬਖ਼ਸ਼ਦਾ ਕੋਈ।

ਬਡ਼ੀ ਕੀਤੀ ਹੈ ਨੇਤਾਵਾਂ ਕਮਾਈ ਕੁਝ ਹੀ ਸਾਲਾਂ ਵਿਚ,
ਮਗਰ ਮਜ਼ਦੂਰ ਨੂੰ ਅਜ ਤਕ ਮਿਲੀ ਨਾ ਸਫ਼ਲ਼ਤਾ ਕੋਈ।

ਗਿਰਾ ਕੇ ਜ਼ੁਲਫ਼ ਚਿਹਰੇ ‘ਤੇ ਜ਼ਿਬ੍ਹਾ ਕਰ ਜਾਂਦੇ ਹੋ ਸਾਨੂੰ,
ਤੁਹਾਨੂੰ ਪੁੱਛਣ-ਗਿੱਛਣ ਵਾਲਡ਼ਾ ਨਾ ਦਿਲਰੁਬਾ ਕੋਈ।

ਕਰੇ ਦਿਲ ਰਲ਼ ਬਿਤਾਵਾਂ ਕੁਝ ਸਮਾਂ ਰੰਗੀਨ ਸੰਗ ਤੇਰੇ,
ਬਤਾਓ ਕਰ ਰਿਹਾ ਦਿਲ ਹੈ ਜਾਂ ਨਾ ਜਾਂ ਅਡ਼ਚਣਾ ਕੋਈ।

ਕਿ ਤੇਰੇ ਰਹਿਮ ‘ਤੇ ਹੀ ਜੀਣ ਨੂੰ ਹੁਣ ਦਿਲ ਪਿਆ ਕਰਦੈ,
ਨਹੀਂ ਹੁਣ ਦਿਸ ਰਿਹਾ ਰੱਬਾ ਤਿਰੇ ਬਿਨ ਆਸਰਾ ਕੋਈ।

ਜਫ਼ਾ ਨਾ ਹੋਵਣੀ ਸਾਥੋਂ ਵਫ਼ਾ ਹੀ ਪੂਜਣੀ ਆਪਾਂ,
ਕਰੇ ਜਾਂ ਨਾ ਕਰੇ ਭੁਲ ਕੇ ਵੀ ਸਾਡੇ ਸੰਗ ਵਫ਼ਾ ਕੋਈ।

ਕਿਦ੍ਹਾ ਫਡ਼ੀਏ ਅਸੀਂ ਲਡ਼ ਤੇ ਕਿਨਾਰਾ ਕਰੀਏ ਕਿਸ ਕਿਸ ਤੋਂ,
ਨਹੀਂ ਸੱਚਾ ਕੁਈ ਬਚਿਆ ਹੈ ਮੁਰਸ਼ਦ ਮੁਸਤਫ਼ਾ ਕੋਈ।

ਬਡ਼ੇ ਪੁੱਜੇ ਗਿਆਨੀ ਸਾਧ-ਸੰਤ ਫਿਰਦੇ ਲੁਟੇਰੇ ਨੇ,
ਕਿਸੇ ਦੇ ਪਾਸ ਨਾ ਇਨਸਾਨੀਅਤ ਦਾ ਫ਼ਲਸਫ਼ਾ ਕੋਈ।

ਖ਼ਿਮਾ ਕਰਨਾ! ਨਹੀਂ ਮੈਂ ਨਿੰਦਦਾ ਔਰਤ-ਮਹਾਂ ਨੂੰ, ਪਰ,
ਕਿਸੇ ਨੂੰ ਨਾ ਮਿਲੇ ਬੀਵੀ ਜੋ ਹੋਵੇ ਕਰਬਲ਼ਾ ਕੋਈ।

ਸਦਾ ਹੀ ਹਾਕਮਾਂ ਲੁਟਿਐ ਕਮਾਇਆ ਮਾਲ਼ ਲੋਕਾਂ ਦਾ,
ਨਾ ਇਹਨਾਂ ਬਖ਼ਸ਼ਿਆ ਛੋਟਾ ਬਡ਼ਾ ਨਾ ਆਪਣਾ ਕੋਈ।

ਬਡ਼ੇ ਆਏ ‘ਅਜੀਬਾ’ ਟੁਰ ਗਏ ਹਾਕਮ ਜਹਾਂ ਇਸ ਤੋਂ,
ਮਗਰ ਮਿਲਿਆ ਨਾ ਮੁਡ਼ •ਰਣਜੀਤ ਵਰਗਾ ਸ਼ਾਸਕਾ ਕੋਈ।

ਗ਼ਜ਼ਲ ਸੂਖ਼ਮ ਵਿਚਾਰਾਂ ਦੀ ਗ਼ਜ਼ਲ ਮਲਕਾ ਬਹਾਰਾਂ ਦੀ,
‘ਅਜੀਬਾ’ ਨਾ ਕਹੀ ਜਾਵੇ ਬਿਨਾਂ ਪਿੰਗਲ-ਕਲ਼ਾ ਕੋਈ।

•ਰਣਜੀਤ:
ਸ਼ੇਰ-ਏ-ਪੰਜਾਬ ਮਹਾਰਾਜਾ
ਰਣਜੀਤ ਸਿੰਘ ਵਰਗਾ ਸ਼ਾਸਕ
***
ਗੁਰਸ਼ਰਨ ਸਿੰਘ ਅਜੀਬ (ਲੰਡਨ)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1153
***

About the author

ਗੁਰਸ਼ਰਨ ਸਿੰਘ ਅਜੀਬ
ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →