19 October 2026

ਢਲਦੇ ਪਰਛਾਂਵੇਂ -ਮੇਰੀਆਂ ਯਾਦਾਂ ਵਿੱਚ ਵੱਸਿਆ ‘ਕੇਸਰਾ ਸਹੁੰ ਸਰਪੰਚ’ — ਡਾ. ਕੁਲਵਿੰਦਰ ਸਿੰਘ ਬਾਠ

“ਤੂੰ ਐਂ ਕਰ ਪਾੜ੍ਹਿਆ,… ਸਿੱਧਾ ਖੂਹ ਨੂੰ ਹੀ ਆ ਜਾ !
ਸਾਰਾ ‘ਸਮਾਨ’ ਵੀ ਐਥੇ ਈ ਪਿਆ ਆ… ਤੇ ‘ਬੁੜ੍ਹਾ’ ਵੀ ਅਜੇ ਲੰਮਾ ਈ ਪਿਆ ਹੋਣਾ ਆ ! ਦੇਖੀਂ ਕਿਤੇ ਚਿਰ ਨਾ ਲਾਵੀਂ, ਉਹਦਾ ਕੋਈ ਪਤਾ ਨਹੀਂ ਕਦੋਂ ਉੱਠ ਕੇ ਤੇ ਤਿਆਰੀ ਖਿੱਚ ਕੇ ਕਿਧਰੇ ਦੂਰ-ਨੇੜੇ ਨਿਕਲ ਜਾਵੇ !”,… ‘ਸ਼ਾਮੇ’ ਨੇ ਸਾਇਕਲ ਨੂੰ ਸਟੈਂਡ ‘ਤੋਂ ਲਾਹ ਕੇ ਤੇ ਸੱਜੀ ਲੱਤ ਨੂੰ ਘੁਮਾਅ ਕੇ ਕਾਠੀ ਉੱਪਰ ਬਹਿੰਦਿਆਂ ਮੈਨੂੰ ਸਲਾਹ ਦਿੱਤੀ ਅਤੇ ਫੇਰ ਪੈਡਲ ਮਾਰਦਾ-ਮਾਰਦਾ ਔਹ ਦਾ ਔਹ ਗਿਆ !

ਮਨੁੱਖ ਅਤੇ ਮਨੁੱਖੀ ਰਿਸ਼ਤਿਆਂ ਦੇ ਤਾਣੇ-ਬਾਣੇ, ਘਰ ਤੇ ਘਰਾਂ ਦੇ ਵਿਹੜੇ, ਪਿੰਡ ਅਤੇ ਪਿੰਡਾਂ ਦੀਆਂ ਜੂਹਾਂ ਸਾਡੇ ਸਮਾਜ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਰਹਿਤਲ ਦੇ ਧੁਰੇ ਹੁੰਦੇ ਨੇ।
ਆਪਣੀ ਜਨਮ ਭੋਇੰ ਅਤੇ ਆਪਣੇ ਸੰਗੀ-ਸਾਥੀ ਜਾਂ ਵੱਡੇ-ਵਡੇਰੇ ਛੱਡ ਕੇ ਮਨੁੱਖ ਭਾਵੇਂ ਕਿਤੇ ਵੀ ਚਲਿਆ ਜਾਵੇ, ਪਰ ਇੱਕ ਦਿਨ ਬੀਤੇ ਪਲਾਂ ਦਾ ਪਰਛਾਵਾਂ ਉਸ ਦੇ ਮਨ ਦੇ ਕੈਨਵਸ ਉੱਪਰ ਤਸਵੀਰ ਬਣ ਕੇ ਜ਼ਰੂਰ ਦਸਤਕ ਦਿੰਦਾ ਹੈ।
‘ਮਨ’ ਵੀ ਅਜੀਬ ਚੀਜ਼ ਹੈ ! ਦੁਨੀਆ ਦੀਆਂ ਤੇਜ਼ ਤੋਂ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀਆਂ ਚੀਜ਼ਾਂ ਨੂੰ ਵੀ ਮਾਤ ਪਾ ਦਿੰਦਾ ਹੈ। ਅੱਖ ਝਮਕਦੇ ਹੀ ਮਨੁੱਖ ਨੂੰ ਕਿਥੋਂ ਕਿੱਥੇ ਲੈ ਜਾ ਖੜ੍ਹਾ ਕਰਦਾ ਹੈ।
ਪਿੰਡ ਦੇ ਬਜ਼ੁਰਗ ਅਤੇ ਸਾਬਕਾ ਸਰਪੰਚ ਦੇ ਇਸ ਜਹਾਨ ਤੋਂ ਰੁਖ਼ਸਤ ਹੋ ਜਾਣ ਦੇ ਸੰਦੇਸ਼ ਨੂੰ ਸੁਣਦਿਆਂ ਹੀ ਮੇਰੇ ਮਨ ਨੇ ਹਜ਼ਾਰਾਂ ਮੀਲ ਦੂਰ ਪਰਦੇਸ ਵਿੱਚ ਬੈਠਿਆਂ ਵੀ ਮੈਨੂੰ ਸੈਕਿੰਡ ਵਿੱਚ ਹੀ ਪਿੰਡ ਦੀ ਬਾਹਰਲੀ ਫਿਰਨੀ ਉਪਰ ਲੈ ਜਾ ਕੇ ਖੜ੍ਹਾ ਕਰ ਦਿੱਤਾ…
ਗੱਲ ਬਹੁਤ ਨਵੀਂ ਤਾਂ ਨਹੀਂ, ਪਰ ਐਨੀ ਪੁਰਾਣੀ ਵੀ ਨਹੀਂ ਹੈ ਕਿ ਯਾਦਾਂ ਦੇ ਕੈਨਵਸ ਵਿੱਚੋਂ ਮਿਟਣ ਨੂੰ ਕਾਹਲੀ ਪੈ ਰਹੀ ਹੋਵੇ। ਪਿੰਡਾਂ ਵਿੱਚ ਅਤੇ ਖ਼ਾਸ ਕਰਕੇ ਪੱਛੜੇ ਹੋਏ ਪਿੰਡਾਂ ਵਿੱਚ ਪੜ੍ਹਾਈ ਦਾ ਰੁਝਾਨ ਮੱਠਾ ਜਾਂ ਨਾ-ਬਰਾਬਰ ਹੋਣ ਕਰਕੇ, ਕਾਲਜ ਵਿੱਚ ਪੜ੍ਹਦੇ ਵਿਰਲੇ-ਟਾਵੇਂ ਮੁੰਡਿਆਂ ਨੂੰ ਪਿੰਡਾਂ ਵਾਲੇ ਉਨ੍ਹਾਂ ਦੇ ਨਾਵਾਂ ਨਾਲੋਂ ਅਕਸਰ ‘ਪਾੜ੍ਹਾ’ ਕਹਿ ਕੇ ਬੁਲਾਉਂਦੇ ਸਨ। ਅੰਨ੍ਹਿਆਂ ਵਿੱਚ ਕਾਣੇ ਰਾਜਿਆਂ ਦੀ ਤਰ੍ਹਾਂ।
ਸ਼ਾਮਾ ਭਾਵੇਂ ਪਿੰਡ ਦੇ ਸਕੂਲ ਤੱਕ ਮੇਰਾ ਜਮਾਤੀ ਹੀ ਸੀ ਪਰ ਉਸ ਤੋਂ ਬਾਅਦ ਉਸ ਨੇ ਪੜ੍ਹਨ ਦੀਆਂ ਬਰੇਕਾਂ ਪੂਰੀਆਂ ਖਿੱਚ ਲਈਆਂ ਅਤੇ ਪੜ੍ਹਾਈ ਵਿੱਚ ਅੱਗੇ ਤੁਰਨ ਤੋਂ ਬਿਲਕੁਲ ਇਨਕਾਰੀ ਹੋ ਗਿਆ। ਖ਼ੈਰ, ਉਹਦੇ ਬਾਪ, ਜਿਸਨੂੰ ਉਹ ਪਿਆਰ ਨਾਲ ‘ਬੁੜ੍ਹਾ’ ਕਹਿ ਕੇ ਬੁਲਾਉਂਦਾ ਅਤੇ ਖਿਝਾਉਂਦਾ ਸੀ, ਨੇ ਵੀ ਬਾਹਲ਼ਾ ਜ਼ੋਰ ਨਾ ਪਾਇਆ ਤੇ ਨਾ ਹੀ ਧੱਕ-ਚੁੱਕ ਕੇ ਸਕੂਲ ਦੇ ਗੇਟ ਅੰਦਰ ਧੱਕਣ ਲਈ ਜ਼ੋਰ ਅਜ਼ਮਾਇਆ। ਸ਼ਾਮੇ ਦਾ ਅੱਗੇ ਨਾ ਪੜ੍ਹਨਾ ਉਸ ਦੇ ਟੱਬਰ ਨੂੰ ਕੋਈ ਜੱਗੋਂ ਤੇਰ੍ਹਵੀਂ ਗੱਲ ਵੀ ਨਾ ਲੱਗੀ, ਸ਼ਾਇਦ ਇਹ ਸੋਚ ਕਿ ਜ਼ਿਮੀਦਾਰਾਂ ਦੇ ਮੁੰਡਿਆਂ ਨੇ ਬਹੁਤਾ ਲਿਖ ਪੜ੍ਹ ਕੇ ਕੀ ਲੈਣਾ? ਆਖ਼ਰ ਕਰਨੀ ਤਾਂ ਖੇਤੀ ਹੀ ਹੁੰਦੀ ਹੈ!
ਉਸ ਟਾਇਮ (ਤੇ ਸ਼ਾਇਦ ਅੱਜ ਵੀ) ਪ੍ਰੀ-ਮੈਡੀਕਲ ਪਾਸ ਕਰਨ ਤੋਂ ਬਾਅਦ ਅਗਲੀ ਪੜ੍ਹਾਈ ਦੇ ਇਮਤਿਹਾਨ ਵਾਸਤੇ ਵਿਦਿਆਰਥੀਆਂ ਨੂੰ ਪੰਜਾਬ ਡੌਮੀਸਾਈਲ (ਸਥਾਈ ਨਿਵਾਸੀ / ਬਾਸ਼ਿੰਦਾ) ਦਾ ਸਰਟੀਫਿਕੇਟ ਲੈਣਾ ਪੈਂਦਾ ਸੀ। ਇਸ ‘ਬਲਾ’ ਨੂੰ ਹਾਸਲ ਕਰਨ ਵਾਸਤੇ ਤਹਿਸੀਲਦਾਰ ਕੋਲ ਜਾਣਾ ਪੈਂਦਾ ਸੀ। ਚੜ੍ਹਦੀ ਜਵਾਨੀ ਦੇ ਜੋਸ਼ ਵਿੱਚ ਮੈਂ ਖ਼ੁਦ ਨੂੰ ਸਵਾਲ ਕੀਤਾ… ਇਹ ਕਿੱਡੀ ਕੁ ਗੱਲ ਆ?… ਮੋਟਰਸਾਇਕਲ ‘ਤੇ ਲੱਤ ਦੇ ਕੇ ਤਹਿਸੀਲ ਪਹੁੰਚ ਗਿਆ। ਤਹਿਸੀਲਦਾਰ ਦੇ ਕਲਰਕ ਨੇ ਪਟਵਾਰੀ ਦੀ ਨਿਸ਼ਾਨਦੇਹੀ ਕਰ ਕੇ ਉਥੋਂ ਬੇਰੰਗ ਚਿੱਠੀ ਵਾਂਗ ਮੋੜ ਦਿੱਤਾ…।
ਪਟਵਾਰੀਆਂ ਦੇ ਵਿਵਹਾਰ ਨੂੰ ਜਾਨਣ ਵਾਲੇ ਜਾਣਦੇ ਹਨ ਕਿ ਪਿੰਡਾਂ ਵਿੱਚ ਉਹ ਡੀ ਸੀ (ਡਿਪਟੀ ਕਮਿਸ਼ਨਰ) ਤੋਂ ਵੀ ਤਾਕਤਵਰ ਹੁੰਦੇ ਨੇ ਅਤੇ ‘ਵਾਢੂ ਤੇ ਜ਼ਹਿਰੀ’ ਕੁੱਤੇ ਜਿਤਨਾ ਭੈਅ ਵੀ ਪਾਉਂਦੇ ਨੇ। ਬੜੀ ਮੁਸ਼ਕਲ ਨਾਲ ਦਿਨ ਦਿਹਾੜੇ ਹੀ ਗੁਆਚੇ ਹੋਏ ਪਟਵਾਰੀ ਨੂੰ ਲੱਭਿਆ। ਗੱਲਾਂ ਗੱਲਾਂ ਵਿੱਚ ਜਦੋਂ ਉਸ ਨਾਲ ਮਾੜੀ ਮੋਟੀ ਰਿਸ਼ਤੇਦਾਰੀ ਨਿਕਲ ਆਈ ਤਾਂ ਜਾ ਕੇ ਉਸ ਨੇ ਇੱਕ ਫ਼ਾਰਮ ਭਰਨ ਨੂੰ ਦਿੱਤਾ ਅਤੇ ਪਿੰਡ ਦੇ ਸਰਪੰਚ ਦੀ ਮੋਹਰ ਅਤੇ ਦਸਤਖ਼ਤਾਂ ਦਾ ਭੰਬਲ਼ਭੂਸਾ ਵੀ ਨਾਲ ਹੀ ਪਾ ਦਿੱਤਾ…
ਪਿੰਡ ਦੇ ਸਰਪੰਚ ‘ਕੇਸਰਾ ਸਹੁੰ’ ਦਾ ਪਤਾ ਕਰਨ ਲਈ ਮੈਂ ਸਵੇਰੇ ਸਾਝਰੇ ਹੀ ਘਰੋਂ ਨਿਕਲਿਆ ਤਾਂ ਉਸ ਦਾ ਵੱਡਾ ਮੁੰਡਾ ਅਤੇ ਮੇਰਾ ਪੁਰਾਣਾ ਜਮਾਤੀ ‘ਸ਼ਾਮਾ’ ਪਿੰਡ ਦੀ ਬਾਹਰਲੀ ਫਿਰਨੀ ‘ਤੇ ਆਉਂਦਾ ਨਜ਼ਰੀਂ ਪਿਆ। ਉਸ ਨੂੰ ਸਾਰੀ ਕਹਾਣੀ ਦੱਸੀ ਤਾਂ ਉਹ ਬੋਲਿਆ,… “ਫ਼ਾਰਮ ਲੈ ਕੇ ਖੂਹ ਨੂੰ ਈ ਆਜਾ…ਕੰਮ ਬਣ ਜਾਵੇਗਾ !”
ਘਰੋਂ ਫ਼ਾਰਮ ਨੂੰ ਝੋਲੇ ਵਿੱਚ ਪਾ ਕੇ ਮੈਂ ਜਲਦੀ ਹੀ ਸ਼ਾਮੇ ਦੇ ਖੂਹ ‘ਤੇ ਪਹੁੰਚ ਗਿਆ। “ਤੱਤੀ ਚਾਹ ਪੀਣੀ ਆ… ਕਿ ਠੰਡੀ ਰਸ?”,… ਉਸ ਨੇ ਪੁੱਛਿਆ। “ਚਾਹ-ਚੂਹ ਰਹਿਣ ਦੇ… ਤੂੰ ਸਰਪੰਚ ਸਾਹਿਬ ਨੂੰ ਜਲਦੀ ਉਠਾ ਕੇ ਮੋਹਰ ਲੁਆ ਤੇ ਦਸਤਖ਼ਤ ਕਰਾ,… ਮੈਂ ਛੇਤੀਂ ਫਾਰਮ ਜਮ੍ਹਾਂ ਕਰਵਾਉਣਾ,… ਮੈਂ ਇੱਕੋ ਸਾਹੇ ਕਿਹਾ।
“ਯਾਰ, ਗੱਲ ਐਦਾਂ ਆ ਕਿ… ਭਾਪਾ ਤਾਂ ਲੱਗਦਾ ਤੜਕੇ ਦਾ ਈ ਕਿਤੇ ਰਿਸ਼ਤੇਦਾਰੀ ‘ਚ ਨਿਕਲ ਗਿਆ! ਕਿਸੇ ਨੂੰ ਦੱਸ ਕੇ ਵੀ ਨੀ ਗਿਆ। ਤੈਨੂੰ ਤਾਂ ਪਤਾ ਈ ਹੈ… ਆਉਣ ਨੂੰ ਭਾਵੇਂ ਅੱਜ ਈ ਆ ਜਾਵੇ… ਨਾ ਆਵੇ ਤਾਂ ਹਫ਼ਤਾ ਭਰ ਵੀ…ਨਾ ਆਵੇ। ਪਰ ਮੈਨੂੰ ਲੱਗਦਾ ਤੈਨੂੰ ‘ਪੇਪਰ’ ਛੇਤੀਂ ਚਾਹੀਦਾ ਹੋਣਾ,… ਤੂੰ ਠਹਿਰ… ਕਰਦੇ ਹਾਂ ਕੁਛ ਨਾ ਕੁਛ!”,… ਸ਼ਾਮਾ ਨੇ ਮੇਰੇ ਮੋਢੇ ‘ਤੇ ਪੋਲਾ ਜਿਹਾ ਹੱਥ ਰੱਖ ਕੇ ਇਹ ਨਵਾਂ ਭੰਬਲ਼ਭੂਸਾ ਪਾ ਦਿੱਤਾ। ਮੇਰੇ ਮਨ ਨੂੰ ਇਹ ਸੋਚ ਕੇ ਹੌਲ ਪੈਣਾ ਸ਼ੁਰੂ ਹੋ ਗਿਆ ਕਿ ਇਹ ਕੰਮ ਤਾਂ ਲੰਮਾ ਪੈ ਜਾਣਾ ਹੈ। ਸਧਾਰਨ ਜਿਹੇ ਫ਼ਾਰਮ ਦੀ ਤਸਦੀਕ ਦਾ ਕੰਮ ਮੈਨੂੰ ਡੂੰਘੇ ਅਤੇ ਚੌੜੇ ਦਰਿਆ ਦਾ ਦੂਸਰਾ ਕਿਨਾਰਾ ਜਾਪਣ ਲੱਗਾ।
ਇਤਨੇ ਨੂੰ ਹੀ ਨਾਲ ਦੇ ਕਮਰੇ ਵਿੱਚੋਂ ਸ਼ਾਮਾਂ ਇੱਕ ਡੱਬਾ ਹੱਥ ਵਿੱਚ ਫੜ ਕੇ ਅਤੇ ਖੜਕਾਉਂਦਾ ਹੋਇਆ ਬੋਲਿਆ,… “ਲੱਗਦਾ ਉਹਦੀਆਂ ਸਰਪੰਚੀ ਦੀਆਂ ਮੋਹਰਾਂ ਤਾਂ ਲੱਭ ਪਈਆਂ ! ਏਸ ਡੱਬੇ ਵਿੱਚ ਈ ਸਾਰਾ ਸਮਾਨ ਲੱਗਦਾ ਹੈ।” ਲਾਗੇ ਈ ਮੰਜੇ ‘ਤੇ ਬੈਠਦਿਆਂ ਇੱਕ ਪੁਰਾਣੀ ਜਿਹੀ ਕਾਪੀ ਖੋਲ੍ਹ ਕੇ ਬੋਲਿਆ, …“ਪਹਿਲਾਂ ਐਥੇ ਮੋਹਰ ਲਾ ਕੇ ਦੇਖਦੇ ਆਂ, ਕਿਤੇ ‘ਉਹੀ’ ਗੱਲ ਨਾ ਹੋਵੇ! ਸਾਲਾ ਫ਼ਾਰਮ ਜਿਹਾ ਕਿਤੇ ਖ਼ਰਾਬ ਹੀ ਨਾ ਹੋ ਜਾਵੇ! ਮੋਹਰ ਪੈਡ ਵਿੱਚ ਘਸਾ ਕੇ ਜਦੋਂ ਕਾਪੀ ਦੇ ਖਾਲ਼ੀ ਵਰਕੇ ਉੱਪਰ ਠਾਹ ਕਰਕੇ ਲਗਾਈ ਤਾਂ ‘ਕੇਸਰ ਸਿੰਘ ਸਰਪੰਚ’ ਦੇ ਨਾਲ ਹੀ ਪਿੰਡ ਦਾ ਨਾਮ ਵੀ ਛਪ ਗਿਆ। ਸਾਡੇ ਦੋਹਾਂ ਦੀ ਰੂਹ ਖੁਸ਼ ਹੋ ਗਈ।
ਫ਼ਾਰਮ ਨੂੰ ਕਾਪੀ ਉੱਪਰ ਰੱਖ ਕੇ ਸ਼ਾਮਾ ਬੋਲਿਆ,… “ਮੈਨੂੰ ਬਾਹਲ਼ਾ ਪੜ੍ਹਨਾ ਨਹੀਂ ਆਉਂਦਾ… ਤੂੰ ਜਿੱਥੇ ਮੋਹਰ ਲੱਗਣੀ ਹੈ ਐਨ ਉੱਥੇ ਉਂਗਲੀ ਰੱਖ !” ਮੈਂ ਸੱਜੇ ਹੱਥ ਦੀ ਪਹਿਲੀ ਉਂਗਲੀ ਲਾਈਨ ‘ਤੇ ਰੱਖ ਦਿੱਤੀ ਤੇ ਸ਼ਾਮੇ ਨੇ ਠਾਹ ਕਰਦੀ ਮੋਹਰ ਲਗਾ ਦਿੱਤੀ। ਮੋਹਰ ਤਾਂ ਲੱਗ ਗਈ, ਪਰ ਹੁਣ ਦਸਤਖ਼ਤ ਕਿੱਦਾਂ ਹੋਣਗੇ?, ਮੈਂ ਕੁਛ ਫ਼ਿਕਰ ਜ਼ਾਹਰ ਕੀਤਾ। ਮੋਹਰ ਵਾਲੇ ਡੱਬੇ ਵਿਚੋਂ ਬਾਲ ਪੈੱਨ ਕੱਢ ਕੇ ਸ਼ਾਮੇ ਨੇ ਫ਼ਾਰਮ ‘ਤੇ ਛਪੀ ਮੋਹਰ ਦੇ ਬਿਲਕੁਲ ਉਪਰ ਘੁੱਗੀ ਜਿਹੀ ਮਾਰਦਿਆਂ ਕਿਹਾ,… “ਮੈਂ ਆਪ ਈ ਉਹਨੂੰ ਦੱਸ ਦਊਂਗਾ,… ਇਹ ਸਾਲਾ ਫ਼ਾਰਮ ਹੀ ਆ, ਤੂੰ ਕਿਹੜੀ ਕਿਸੇ ਦੀ ਜ਼ਮੀਨ ਨਾਂਅ ਲੁਆਉਣੀ ਆ ! ਤੂੰ ਜਾਹ ਆਪਣਾ ਕੰਮ ਸਾਰ, ਬਈ !”
ਕੁਝ ਕੁ ਵਰ੍ਹੇ ਪਹਿਲਾਂ ਦੀ ਪਿੰਡ ਫੇਰੀ ਦੌਰਾਨ ਆਪਣੇ ਮਨ ਦਾ ਭਾਰ ਹੌਲ਼ਾ ਕਰਨ ਲਈ ਇਹ ਸਾਰੀ ਗੱਲ ਸਾਂਝੀ ਕਰਦਿਆਂ ਮੈਂ ਸਰਪੰਚ ਨੂੰ ਪੁੱਛਿਆ,… “ਸਰਪੰਚ ਸਾਹਿਬ, ਸ਼ਾਮੇ ਨੇ ਇਹ ਗੱਲ ਤੁਹਾਨੂੰ ਦੱਸ ਵੀ ਦਿੱਤੀ ਸੀ ਕਿ ਨਹੀਂ?” ਪੱਗ ਦੇ ਥੱਲੇ ਸੱਜੇ ਕੰਨ ਨੂੰ ਮੁੜੀ ਹੋਈ ਉਂਗਲੀ ਨਾਲ ਖੁਰਕਦਿਆਂ ਤੇ ਜ਼ਰਾ ਕੁ ਸੋਚ ਕੇ ਅਤੇ ਦਿਮਾਗ਼ ‘ਤੇ ਜ਼ੋਰ ਪਾ ਕੇ ਬੋਲਿਆ,… “ਮੱਲ… ਗੱਲ ਏਦਾਂ ਹੈ… ਕਿ ਜੇਕਰ ਉਹਨੇ ਕਿਹਾ ਸੀ… ਤਾਂ ਸ਼ਾਇਦ ਦੱਸਿਆ ਵੀ ਹੋਣਾ ਹੈ, ਪਰ ਕੁਛ ਚੇਤਾ ਨਹੀਂ ਆਉਂਦਾ, ਚਿਰ ਪਹਿਲਾਂ ਦੀਆਂ ਗੱਲਾਂ-ਬਾਤਾਂ ਆ… ਹੁਣ ਤਾਂ ਕੱਲ੍ਹ ਦੀ ਗੱਲ ਦਾ ਚੇਤਾ ਭੁੱਲਣਾ ਸ਼ੁਰੂ ਹੋ ਗਿਆ !”
ਅਜੋਕੇ ਸਮੇਂ ਵਿੱਚ ਭਾਵੇਂ ਰਲ਼-ਮਿਲ਼ ਬੈਠਣ ਦੀ ਜਾਚ ਤੇ ਜੁਸਤਜੂ ਖੰਭ ਲਾ ਕੇ ਉੱਡ ਗਈ ਹੈ ਅਤੇ ਪੰਚਾਇਤੀ ਚੋਣਾਂ ਖ਼ਰਚੀਲੀਆਂ ਅਤੇ ਲੜਾਈ ਦੇ ਮੈਦਾਨ ਵੀ ਬਣ ਜਾਂਦੀਆਂ ਹਨ, ਪਰ ਕੇਸਰਾ ਸਹੁੰ ਓਸ ਭਲੇ ਜ਼ਮਾਨੇ ਵੇਲੇ ਪਿੰਡ ਵਾਲਿਆਂ ਵੱਲੋਂ ਚੁਣੇ ਹੋਏ ਸਰਪੰਚਾਂ ਦੀ ਕਤਾਰ ਵਿੱਚੋਂ ਸੀ ਜੋ ਹਮੇਸ਼ਾ ਲੋਕਾਂ ਦੀ ਭਲਾਈ ਵਿੱਚ ਜੁੜੇ ਰਹਿੰਦੇ ਸਨ। ਉਸ ਨੇ ਆਪਣੀ ਸਰਪੰਚੀ ਦੌਰਾਨ ਚੰਗੇ ਕੰਮ ਕਾਰਜ ਕੀਤੇ। ਅੱਖਰੀ ਪੜ੍ਹਾਈ ਤੋਂ ਵਾਂਝਿਆਂ ਵੀ ਜ਼ਿੰਦਗੀ ਦੀ ਕਿਤਾਬ ਨੂੰ ਪੜ੍ਹਦਿਆਂ ਹੋਇਆਂ ਅਤੇ ਖੱਟੇ-ਮਿੱਠੇ ਤਜਰਬਿਆਂ ਤੋਂ ਸਿੱਖਦਿਆਂ ਪਿੰਡ ਦੇ ਲੋਕਾਂ ਦੀ ਭਲਾਈ ਵਿੱਚ ਜੁਟਿਆ ਰਿਹਾ। ਸਾਰੀ ਜ਼ਿੰਦਗੀ ਪਿੰਡ ਅਤੇ ਪੇਂਡੂਆਂ ਦੀ ਬੇਹਤਰੀ ਲਈ ਬਣਦਾ ਯੋਗਦਾਨ ਪਾਉਂਦਾ ਰਿਹਾ। ਨੌਜਵਾਨਾਂ ਦੀ ਸਿਹਤ ਵਾਸਤੇ ਕਬੱਡੀ ਅਤੇ ਛਿੰਝ ਮੁਕਾਬਲੇ ਕਰਵਾਉਂਦਾ ਰਿਹਾ ਅਤੇ ਗੌਰਮਿੰਟ ਤੋਂ ਮਿਲੀਆਂ ਗਰਾਂਟਾਂ ਨੂੰ ਪਿੰਡ ਦੀ ਬਿਹਤਰੀ ਦੇ ਲੇਖੇ ਲਾਉਂਦਾ ਰਿਹਾ। ਆਪਣੀ ਕਾਬਲੀਅਤ ਅਤੇ ਪੰਚਾਇਤ ਦੇ ਸਹਿਯੋਗ ਨਾਲ ਸੁਚੱਜੇ ਫੈਸਲੇ ਵੀ ਕਰਦਾ ਰਿਹਾ।
ਕੁਝ ਹੋਰ ਹਲਕੀਆਂ ਫੁਲਕੀਆਂ ਜੀਵਨ ਯਾਦਾਂ…
ਕੇਸਰਾ ਸਹੁੰ ਨੂੰ ਪਹਿਲੋਂ-ਪਹਿਲ “ਨਸਵਾਰ ਲੈਣ” ਦੀ ਆਦਤ ਹੁੰਦੀ ਸੀ, ਜਿਸ ਦਾ ਪ੍ਰਮਾਣ ਉਸ ਦੇ ਕੁੜਤੇ ‘ਤੇ ਥਾਂ-ਥਾਂ ਪਈਆਂ ਨਸਵਾਰੀ ਰੰਗ ਦੀਆਂ ਵੱਡੀਆਂ-ਛੋਟੀਆਂ ਬੂਟੀਆਂ ਤੋਂ ਮਿਲ ਜਾਂਦਾ ਸੀ। ਆਦਤਾਂ ਜਾਂਦੀਆਂ-ਜਾਂਦੀਆਂ ਹੀ ਜਾਂਦੀਆਂ ਹਨ ਅਤੇ ਕਈ ਆਦਤਾਂ ਤਾਂ ਵਾਰਸ ਸ਼ਾਹ ਦੇ ਕਹਿਣ ਵਾਂਗ ਜਾਂਦੀਆਂ ਹੀ ਨਹੀਂ। ਦੂਸਰਾ, ਉਸ ਨੂੰ ਹਾਸੇ-ਮਜ਼ਾਕ ਦੇ ‘ਤੀਰਾਂ ਦੀ ਵਾਛੜ’ ਕਰਨ ਦੀ ਆਦਤ ਵੀ ਹੁੰਦੀ ਸੀ।
ਇਕ ਦਿਨ ਬਿਲਕੁਲ ਨਾਲ ਪੈਂਦੇ ਖੂਹ-ਖੇਤਾਂ ਵਾਲੇ ਬੰਦਿਆਂ ਦੀ ਢਾਣੀ ਕੋਲ ਬੈਠਿਆਂ ਅਤੇ ਗੱਲਾਂ-ਬਾਤਾਂ ਮਾਰਦਿਆਂ ਉਸ ਨੇ ਦੇਖਿਆ ਕਿ ਇੱਕ ਬੰਦੇ ਨੇ ਘਰ ਦੇ ਬਣੇ ਸਾਗ ਨਾਲ ਅਣਗਿਣਤ ਮੱਕੀ ਦੀਆਂ ਰੋਟੀਆਂ ਢਿੱਡ ਵਿੱਚ ਸੁੱਟ ਕੇ ਉੱਪਰੋਂ ਲੱਸੀ ਦਾ ਤਕੜਾ ਗਲਾਸ ਵੀ ਚਾੜ੍ਹ ਲਿਆ। ਡਕਾਰ ਮਾਰ ਕੇ ਬੈਠ ਗਿਆ ਤਾਂ ਸਰਪੰਚ ਮਜ਼ਾਕੀਆ ਅੰਦਾਜ਼ ਵਿੱਚ ਬੋਲਿਆ,…
“ਵਾਹ ਬਈ ਵਾਹ… ਐਨੀਆਂ ਰੋਟੀਆਂ? ਕਿੱਥੇ ਸੁੱਟ ਲਈਆਂ, ਸਾਰੀਆਂ? ਇਹ ਤੇਰਾ ਢਿੱਡ ਆ… ਕਿ… ਸੰਦੂਕ?” ਉਸ ਦਿਨ ਤੋਂ ਬਾਅਦ ਜ਼ਿੰਦਗੀ ਭਰ ਉਹ ਆਦਮੀ ‘ਸੰਦੂਕ’ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਪਿੰਡ ਦੇ ਨਿੱਕੇ-ਵੱਡੇ ਉਸ ਨੂੰ ਸੰਦੂਕ ਕਹਿ ਕਿ ਬੁਲਾਉਂਦੇ ਅਤੇ ਬਹੁਤਿਆਂ ਨੂੰ ਉਸ ਦੇ ਅਸਲੀ ਨਾਮ ਦਾ ਪਤਾ ਵੀ ਨਾ ਲੱਗਾ।
ਹਰੇਕ ਦੋ-ਤਿੰਨ ਸਾਲ ਬਾਅਦ ਜਦ ਵੀ ਮੈਂ ਪਿੰਡ ਗੇੜਾ ਮਾਰਨ ਜਾਂਦਾ ਤਾਂ ਕੁਝ ਸਮਾਂ ਉਸ ਨਾਲ ਬਿਤਾਉਣ ਦੀ ਜ਼ਰੂਰ ਕੋਸ਼ਿਸ਼ ਕਰਦਾ। ਉਹ ਦੂਰੋਂ ਦੇਖਦਿਆਂ ਹੀ ਰੌਲ਼ਾ ਪਾਉਣ ਲੱਗ ਪੈਂਦਾ,… “ਉਏ ਆਓ ਬਈ ਮੁੰਡਿਓ… ਚਾਹ ਬਣਾਓ… ਅੱਜ ਦਿਨ ਵਧੀਆ ਚੜ੍ਹਿਆ… ਦੇਖੋ ‘ਮਰੀਕਾ’ ਤੋਂ ਪ੍ਰਾਹੁਣਾ ਆਇਆ।” ਜਗ-ਬੀਤੀਆਂ ਤੇ ਹੱਡ-ਬੀਤੀਆਂ ਰਸੀਲੀਆਂ ਗੱਲਾਂ ਸੁਣਾਉਣੀਆਂ ਜੋ ਕਦੇ ਹਾਸਾ ਮਜ਼ਾਕ ਅਤੇ ਕਦੇ ਦਾਰਸ਼ਨਿਕ ਮਹਿਸੂਸ ਹੋਣੀਆਂ। ਫੇਰ ਆਪਣੇ ਘਰ ਦੇ ਖੁੱਲ੍ਹੇ ਵਿਹੜੇ ਦੇ ਪਿਛਲੇ ਪਾਸੇ ਬੀਜੀ ਹੋਈ ਸਬਜ਼ੀ ਅਤੇ ਫੁੱਲ ਬੂਟੇ ਦਿਖਾਉਣ ਲੈ ਜਾਣਾ ਅਤੇ ਕਹਿਣਾ,… “ਮੱਲਾ… ਮੇਰੀ ਖੇਤੀ ਤਾਂ ਹੁਣ ਇਹੀ ਰਹਿ ਗਈ ਆ… ਖੂਹ ‘ਤੇ ਨਹੀਂ ਜਾ ਹੁੰਦਾ… ਹਿੰਮਤ ਨਹੀਂ। ਇਨ੍ਹਾਂ ਫੁੱਲ ਬੂਟਿਆਂ ਤੇ ਪੰਛੀਆਂ ਨਾਲ ਗੱਲਾਂ-ਬਾਤਾਂ ਵੀ ਮਾਰਦਾ ਰਹਿੰਦਾ ਹਾਂ… ਨਿਆਣੇ ਭਾਵੇਂ ਸਮਝਦੇ ਹੋਣ ਕਿ ਬੁੜ੍ਹਾ ਝੱਲਾ ਹੋ ਗਿਆ… ਹਾ… ਹਾ… ਹਾ। ਕੁਦਰਤ ਵਿੱਚ ਰੱਬ ਵੱਸਦਾ ਹੈ ! ਕੁਦਰਤ ਵਿੱਚ ਕਾਦਰ ਤੇ ਬਾਣੀ ਵੀ ਤਾਂ ਇਹੀ ਕਹਿੰਦੀ ਹੈ… ‘ਬਲਿਹਾਰੀ ਕੁਦਰਤਿ ਵਸਿਆ’… ।”
ਮੇਰੇ ਵਾਪਸ ਤੁਰਨ ਲੱਗਿਆਂ ਸਰਪੰਚ ਮੇਰੀ ਬਾਂਹ ਫੜ ਲੈਂਦਾ ਅਤੇ ਅੱਖਾਂ ਵੀ ਭਰ ਲੈਂਦਾ, ਇੰਜ ਕਹਿੰਦੇ ਹੋਏ,…
ਜਦੋਂ ਢਲਦੇ ਪਰਛਾਂਵੇਂ ਕੱਦ ਨਾਲ਼ੋਂ ਲੰਮੇ ਹੋ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸੂਰਜ ਅਸਤ ਹੋਣੇ ਵਾਲਾ ਹੈ। ਮੇਰਾ ਹਾਲ ਵੀ ਕੁਝ ਇੰਜ ਹੀ ਹੈ!
ਸ਼ਾਇਦ ਇਹ ਆਪਣਾ ਅਖੀਰਲਾ ਮੇਲਾ ਈ ਹੋਵੇ! ਨਦੀ ਦੇ ਕਿਨਾਰੇ ਵਾਲਾ ਰੁੱਖ ਹਾਂ ਹੁਣ ਮੈਂ!
ਛੇਤੀਂ-ਛੇਤੀਂ ਗੇੜਾ ਮਾਰ ਲਿਆ ਕਰੋ!
ਆਪਣੀ ਮਿੱਟੀ ਫੇਰ ਵੀ ਆਪਣੀ ਹੀ ਹੁੰਦੀ ਆ!
ਇਹ ਐਨੀ ਮਾੜੀ ਨਹੀਂ… ਇਹਨੂੰ ਛੱਡ ਹੀ ਨਾ ਜਾਇਓ, ਪੁੱਤਰੋ!”
ਢਲਦੇ ਪ੍ਰਛਾਵੇਂ ਹੋਈ ਖ਼ੁਦ ਤੋਂ ਵੀ ਲੰਮੇ ਜਾਣ
ਚੜ੍ਹਿਆ ਜੋ ਦਿਨ ਉਹਨੇ ਢਲਣਾ ਹੈ ਸੱਜਣਾ ।
ਭਰਮ-ਭੁਲੇਖਾ ਜੇ ਹੈ ਉਮਰਾਂ ਲੰਮੇਰੀਆਂ ਦਾ
ਪਲ ਪਲ… ਦਾ ਪਲ ਬਸ ਪੱਲੇ ਤੇਰੇ ਸੱਜਣਾ ।
ਹੱਸ ਲੈ ਖੇਡ ਲੈ ਤੇ ਮੌਜਾਂ ਤੂੰ ਮਾਣ ਲੈ
ਪਲ ਨੇ ਹੀ ਪਲ ਵਿੱਚ ਛੱਡ ਜਾਣਾ ਸੱਜਣਾ ।
ਕਹਿਣ, ਦੱਸਣ, ਦੇਖਣ ਜਾਂ ਸੁਣਨ ਨੂੰ ਇਹ ਗੱਲਾਂ ਸ਼ਾਇਦ ਕੋਈ ਵੱਡੀਆਂ ਨਾ ਲੱਗਦੀਆਂ ਹੋਵਣ, ਪਰ ਇਹੀ ਸਾਡਾ ਵਿਰਸਾ ਹੈ। ਮੋਹ-ਮੁਹੱਬਤ ਦੇ ਤਾਣੇ-ਬਾਣੇ ਦੀਆਂ ਤੰਦਾਂ ਦਾ ਰਿਸ਼ਤਾ ਹੈ ਜੋ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਵਿੱਸਰ ਤੇ ਅਲੋਪ ਹੋ ਰਿਹਾ ਹੈ। ਇਹ ਸੱਚ ਹੈ ਕਿ ਅਸੀਂ ਅਤੀਤ ਵਿੱਚ ਜੀਅ ਤਾਂ ਨਹੀਂ ਸਕਦੇ, ਅਤੇ ਜਿਊਣਾ ਵੀ ਨਹੀਂ ਚਾਹੀਦਾ, ਪਰ ਬੀਤੇ ਵਕਤ ਤੋਂ ਕੁਛ ਸਿਖ ਜ਼ਰੂਰ ਸਕਦੇ ਹਾਂ… ਸਰੋਕਾਰਾਂ ਨੂੰ ਬਰਕਰਾਰ ਰੱਖ ਸਕਦੇ ਹਾਂ।
ਜ਼ਿੰਦਗੀ ਦੇ ਪ੍ਰਛਾਵੇਂ ਤੁਰਦੇ ਤਾਂ ਨਾਲ-ਨਾਲ ਹੀ ਨੇ, ਪਰ ਕਦੇ ਦਿਖਾਈ ਦਿੰਦੇ ਹਨ ਤੇ ਕਦੇ ਨਹੀਂ, ਕਦੇ ਛੋਟੇ ਤੇ ਕਦੇ ਲੰਮੇ। ਏਸ ਚਲੋ ਚਲੀ ਦੇ ਮੇਲੇ ‘ਚ ਬੜਾ ਕੁਛ ਬਦਲ ਰਿਹਾ ਹੈ…
ਜਦ
ਹੱਸਦੇ ਵੱਸਦੇ ਘਰ
ਇਕ ਦਿਨ ਕੰਧਾਂ-ਖੋਲ਼ੇ ਬਣ ਜਾਵਣ
ਜਦ
ਝੂਮਦੇ ਝੂਲਦੇ ਬਿਰਖਾਂ ਨੂੰ
ਬੰਦੇ ਆਰੀ ਬਣ ਕੇ ਵੱਢ ਜਾਵਣ
ਜਦ
ਬੇਘਰ ਨਿਰਾਸ਼ ਹੋਏ ਪਰਿੰਦੇ
ਕਿਸੇ ਦੂਰ-ਦੁਰਾਡੇ ਦੇਸ ਨੂੰ ਉੱਡ ਜਾਵਣ
ਜਦ
ਪਿੰਡ ਦੀਆਂ ਉਦਾਸ ਰਾਹਵਾਂ
ਪਿੰਡ ਦੇ ਜਾਇਆਂ ਨੂੰ ਤੱਕਦੀਆਂ ਅੱਕ ਜਾਵਣ
ਜਦ
ਰਹਿਤਲ ਦੇ ਸਾਰੇ ਧੁਰੇ
ਖੁਰਦਿਆਂ ਖੁਰਦਿਆਂ ਮੁੱਕ ਹੀ ਜਾਵਣ
ਤਦ ਲਗਦੈ…
ਸਮਾਂ ਬਦਲ ਰਿਹਾ ਹੈ
ਸੱਚ ਮੁਚ ਹੀ ਯੁਗ ਬਦਲ ਗਿਆ ਹੈ
ਪਿਛਲੀ ਵਾਰ ਦਾ ਪਿੰਡ ਦਾ ਗੇੜਾ ਸੱਚ-ਮੁੱਚ ਹੀ ਸਾਡਾ ਆਖ਼ਰੀ ਮੇਲਾ ਹੋ ਨਿਬੜਿਆ। ਮੈਨੂੰ ਆਪਣੀ ਮਿੱਟੀ ਨਾ ਛੱਡਣ ਦੀਆਂ ਨਸੀਹਤਾਂ ਦੇਣ ਵਾਲਾ ਅਤੇ ਤਾਕੀਦਾਂ ਕਰਨ ਵਾਲਾ ‘ਸਰਦਾਰ ਕੇਸਰ ਸਿੰਘ ਸਰਪੰਚ’ ਆਖ਼ਰ ਆਪਣੇ ਗਰਾਂ ਦੀ ਮਿੱਟੀ ਵਿੱਚ ਮਿਲਦਿਆਂ ਮਿੱਟੀ ਦਾ ਹੋ ਗਿਆ ਅਤੇ ਜੀਵਨ ਦੀ ਅਟੱਲ ਸਚਾਈ ਯਾਦ ਕਰਾ ਗਿਆ…
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥
ਜ਼ਿੰਦਗੀ ਦੇ ਅਗਲੇ ਵਰਕੇ ਉਲ਼ੱਦਦਿਆ ਭਾਵੇਂ ਕਦੇ ਕਦਾਈਂ ਹੀ ਸਹੀ, ਪਰ ਫਿਰ ਵੀ ਮਿੱਟੀ ਨੂੰ ਫਰੋਲਦੇ ਰਹਿਣਾ ਚਾਹੀਦਾ ਹੈ।
ਮਿੱਟੀ ਨੂੰ ਫਰੋਲ ਜੋਗੀਆ,
ਲੱਭ ਜਾਣਗੇ ਲਾਲ ਗੁਆਚੇ !
ਸਿਆਣੇ ਕਹਿ ਗਏ ਨੇ…
ਜ਼ਰਾ ਲਾ ਕੇ ਕੰਨ ਸੁਣੋ,
ਮਿੱਟੀ ‘ਚੋਂ ਬੋਲਣ ਵੱਡ ਵਡੇਰੇ !
ਜ਼ਿੰਦਗੀ ਜ਼ਿੰਦਾਬਾਦ।
***
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1957
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →