21 September 2024

ਬਾਰਾਂ ਗ਼ਜ਼ਲਾਂ—ਗੁਰਸ਼ਰਨ ਸਿੰਘ ਅਜੀਬ (ਲੰਡਨ)

 

ਹਾਜ਼ਰ ਹੈ:
ਉਸਤਾਦ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਦਾ ਕਲਾਮ
-ਬਾਰਾਂ ਗ਼ਜ਼ਲਾਂ-

(1)  ਇਹ ਧਰਤੀ  ਕੀਰਨੇ ਪਾਉਂਦੀ ਅਤੇ ਕੁਰਲਾ  ਰਹੀ ਏ!
(ISSS+ISSS+ISSS+ISS)
੦ ਗ਼ ਜ਼ ਲ

ਇਹ ਧਰਤੀ ਕੀਰਨੇ ਪਾਉਂਦੀ ਅਤੇ ਕੁਰਲਾ ਰਹੀ ਏ।
ਕਿ ਇਸ ‘ਤੇ ਖ਼ੂਨ ਦੀ ਹੋਲੀ ਕਿਉਂ ਖੇਡੀ ਜਾ ਰਹੀ ਏ।

ਕਿ ਨਿਸ ਦਿਨ ਫਟ ਰਹੇ ਨੇ ਬੰਬ ਇਸ ਕਾਇਨਾਤ ਅੰਦਰ,
ਇਨ੍ਹਾਂ ਬੰਬਾਂ ਦੀ ਦਹਿਸ਼ਤ ਸਭ ਨੂੰ ਹੀ ਦਹਿਲਾ ਰਹੀ ਏ।

ਕਿਵੇਂ ਇਨਸਾਨ ਦਾ ਇਨਸਾਨ ਹੀ ਦੁਸ਼ਮਨ ਹੈ ਹੋਇਆ,
ਇਹ ਦੁਨੀਆਂ ਗ਼ਰਕਦੀ ਇਖ਼ਲਾਕ ਤੋਂ ਕਿਉਂ ਜਾ ਰਹੀ ਏ।

ਪਰਾਇਆ ਹੋ ਗਿਆਂ ਕਿਉਂ ਆਪਣਾ ਛਡ ਕੇ ਵਤਨ ਮੈਂ,
ਮਿਰੀ ਫ਼ਿਤਰਤ ਹੀ ਮੈੰਨੂੰ ਕੋਸਦੀ ਤਡ਼ਪਾ ਰਹੀ ਏ।

ਰਹੇ ਆਬੋ-ਹਵਾ ਸਭ ਸ਼ਾਂਤ ਹੋਵੇ ਤੰਗ ਨਾ ਦੁਨੀਆ,
ਇਹੀ ਅਰਦਾਸ ਕੁਦਰਤ ਮੈਥੋਂ ਨਿਤ ਕਰਵਾ ਰਹੀ ਏ।

ਬਿਨਾਂ ਨਾਗਾ ਗ਼ਜ਼ਲ ਮੈਨੂੰ ਉਤਰਦੀ ਜਿਉਂ ਹੈ ਬਾਣੀ,
ਇਹ ਤਾਕਤ ਹੀ ਹੈ ਜੋ ਕੋਈ ਮੈਥੋਂ ਲਿਖਵਾ ਰਹੀ ਏ।

ਮੈੰ ਦੇਵਾਂ ਦੋਸ਼ ਕਿਸ ਨੂੰ ਅੱਜ ਦੇ ਹਾਲਾਤ ਦਾ ਹੁਣ,
ਕਿ ਅਜ ਕਲ ਵਾੜ ਹੀ ਖ਼ੁਦ ਖੇਤ ਅਪਣਾ ਖਾ ਰਹੀ ਏ।

ਮੈਂ ਨੀਤੀ ਤੇਰੀ ‘ਤੋਂ ਬਲਿਹਾਰ ਜਾਵਾਂ ਬਾਦਸ਼ਾਹਾ,
ਖ਼ਲਕ਼ ਨੂੰ ਪਾਡ਼ ਕੇ ਜੋ ਰਾਜ ਕਰਦੀ ਆ ਰਹੀ ਏ।

ਬੜਾ ਲਾਚਾਰ ਹੋ  ‘ਗੁਰਸ਼ਰਨ’ ਕਰਦਾ ਹੈ ਸ਼ਿਕਾਇਤ,
ਕਿ ਹਰ ਇਕ ਬਸ਼ਰ ਦੀ ਕਿਉਂ ਸੋਚ ਗਿਰਦੀ ਜਾ ਰਹੀ ਏ।
*
(2) ਕਰੋ ਸਵਿਕਾਰ ਨਜ਼ਰਾਨਾ-ਮੁਹੱਬਤ ਯਾਰ ਸੱਜਨ ਜੀ !
(ISSS. ISSS. ISSS. ISSS)
o ਗ਼ਜ਼ਲ

ਕਰੋ ਸਵਿਕਾਰ ਨਜ਼ਰਾਨਾ-ਮੁਹੱਬਤ ਯਾਰ ਸੱਜਨ ਜੀ।
ਪਿਆਲਾ ਜ਼ਹਿਰ ਦਾ ਦੇ ਕੇ ਜਾਂ ਦੇਵੋ ਮਾਰ ਸੱਜਨ ਜੀ।

ਮਤਲਾਅ ਸਾਨੀ:

ਨਹੀਂ ਇਨਕਾਰ ਦੇ ਆਦੀ ਕਰੋ ਇਕਰਾਰ ਸੱਜਨ ਜੀ।
ਅਸਾਥੋਂ ਸਹਿ ਨਹੀਂ ਹੋਣਾ ਅੜਾ-ਇਨਕਾਰ ਸੱਜਨ ਜੀ।

ਬਿਨਾਂ ਹੁਣ ਆਪ ਦੇ ਜੀਣਾ ਅਸਾਡਾ ਤਾਂ ਅਸੰਭਵ ਹੈ,
ਕਿਤੇ ਠੁਕਰਾ ਕੇ ਹੀ ਨਾ ਦੇਣਾ ਜਾਂ ਸਾਨੂੂੰ ਮਾਰ ਸੱਜਨ ਜੀ।

ਸਲੀਕਾ ਪਿਆਰ ਦਾ ਹੁੰਦੈ ਮਿਲੇ ਬਸ ਪਿਆਰ ਬਦਲੇ ਪਿਆਰ,
ਛੁਪਾਓ ਨਾ ! ਮੁਹੱਬਤ ਦਾ ਕਰੋ ਇਜ਼ਹਾਰ ਸੱਜਨ ਜੀ।

ਪੁਜਾਰੀ ਪ੍ਰੇਮ ਦਾ ਆਇਐ ਤੁਹਾਡੇ ਦਰ ‘ਤੇ ਖ਼ੁਦ ਚਲ ਕੇ,
ਕਿ ਝੋਲੀ ਪਾ ਦਿਓ ਇਸ ਦੀ ‘ਚ ਭੋਰਾ ਪਿਆਰ ਸੱਜਨ ਜੀ।

ਨਹੀਂ ਕੁਝ ਦੇਣ ਜੋਗੇ ਹਾਂ ਕਿ ਫਿਰ ਵੀ ਦੇ ਰਹੇ ਹਾਂ ਦਿਲ,
ਦਿਓ ਦਿਲ-ਵੱਟੇ ਦਿਲ ਅਪਣਾ ਮੇਰੇ ਦਿਲਦਾਰ ਸੱਜਨ ਜੀ।

ਤੁਹਾਡੇ ਹੁਸਨ ਦੇ ਚਰਚੇ ਨੇ ਜੇ ਹਰ ਥਾਂ ਤੇ ਹਰ ਪਾਸੇ,
ਗ਼ਜ਼ਲ ਸਾਡੀ ਵੀ ਹੈ ਮਸ਼ਹੂਰ ਵਿਚ ਸੰਸਾਰ ਸੱਜਨ ਜੀ।

ਹਸੀਂ ਮੌਕੇ ਬੜੇ ਹੀ ਘੱਟ ਮਿਲਦੇ ਨੇ ਹਯਾਤੀ ਵਿਚ,
ਨਾ ਖੁੰਜਾਓ ਸੁਨਹਿਰੀ ਪਲ਼ ਮੇਰੇ ਗ਼ਮਖ਼ਾਰ ਸੱਜਨ ਜੀ।

ਤਹਾਡੀ ਆਮਦ ਨੂੰ ਸਜਦੇ ਸਲਾਮਾਂ ਤੇ ਸਲੂਟਾਂ ਲਖ,
ਤੁਹਾਡੇ ਆਣ ‘ਤੇ ਸਜਸਣ ਗ਼ਜ਼ਲ-ਦਰਬਾਰ ਸੱਜਨ ਜੀ।

ਕਹੇ ‘ਗੁਰਸ਼ਰਨ’ ਆ ਜਾਵੋ ਗੁਲੇ-ਗੁਲਜ਼ਾਰ ਆ ਜਾਵੋ,
ਤੁਹਾਡੇ ਬਿਨ ਉਦ੍ਹਾ ਜੀਵਨ ਨਿਰਾ ਅੰਧਕਾਰ ਸੱਜਨ ਜੀ।
**

(3) ਨੂਰ ਇਲਾਹੀ ਚਿਹਰਾ ਜਿਸ ਦਾ ਰਬ ਵਰਗਾ ਕਿਰਦਾਰ !
(SSx6+SI)
o ਗ਼ਜ਼ਲ

ਨੂਰ ਇਲਾਹੀ ਚਿਹਰਾ ਜਿਸ ਦਾ ਰਬ ਵਰਗਾ ਕਿਰਦਾਰ।
ਖਾਬਾਂ ਵਿਚ ਮੈਂ ਤੱਕੀ ਬੇਹਦ ਸੁੰਦਰ ਇਕ ਮੁਟਿਆਰ।

ਮਤਲ਼ਾਅ ਸਾਨੀ:

ਸੋਨ-ਸੁਨਹਿਰੇ ਵਾਲ਼ਾਂ ਵਾਲ਼ੀ ਗੋਰੀ ਚਿੱਟੀ ਨਾਰ।
ਕਰ ਕੇੇ ਅੱਖ-ਇਸ਼ਾਰਾ ਕਰ ਗਈ ਦਿਲ ਮੇਰਾ ਸਰਸ਼ਾਰ।

ਸੰਗ ਜਿਦ੍ਹੇ ਤਕ ਬਾਤ ਨਾ ਹੋਈ ਕੇਵਲ ਦਰਸ਼ਨ ਹੋਣ,
ਓਸ ਬਿਨਾਂ ਹੁਣ ਜੀਣਾ ਮਰਨਾ ਹੋਇਆ ਹੈ ਦੁਸ਼ਵਾਰ।

ਜਾਪੇ ਮਲਕਾ ਹੁਸਨ ਦੀ ਜਾਂ ਕੋਈ ਪਰੀ ਅਕਾਸ਼ੋਂ ਉਤਰੀ,
ਢਾਵੇ ਕਹਿਰ ਬਿਨਾਂ ਕੀਤੇ ਉਹ ਸੋਲਾਂ ਹਾਰ-ਸ਼ਿੰਗਾਰ।

ਕਿਸਮਤ ਦੇ ਸਭ ਚੱਕਰ ਯਾਰੋ ਕਿਸਮਤ ਦਾ ਪਰਤਾਪ,
ਨਾਲ਼ ਮੁਕੱਦਰ ਹੀ ਮਿਲ ਪਾਂਦੈ ਸੁੰਦਰ ਮਹਿਰਮ ਯਾਰ।

ਰੂਪ ਗ਼ਜ਼ਲ ਦਾ ਸੁੰਦਰ ਸੋਹਣਾ ਤਨ ਮਨ ਮੇਰਾ ਮੋਹੇ,
ਪਿਆਰ ‘ਚ ਅਪਣੇ ਨਿਤ ਇਹ ਮੈਨੂੰ ਕਰ ਲੈਂਦੀ ਗ੍ਰਿਫ਼ਤਾਰ।

ਰੰਗ ਗ਼ਜ਼ਲ ਵਿਚ ਭਰ ਭਰ ਕੇ ਨਿਤ ਆਵੇ ਲੁਤਫ਼ ਕਮਾਲ,
ਏਸੇ ਕਰਕੇ ਕਹਿਣ ਨੂੰ ਗ਼ਜ਼ਲਾਂ ਰਹਿੰਦੈ ‘ਅਜੀਬ’ ਤਿਆਰ।
***
(4) ਬਿਨਾਂ ਸਾਥੀ ਦੇ ਜੀਵਨ ਦੀ ਹੈ ਚਲਦੀ ਨਾਵ ਖੜ੍ਹ ਜਾਂਦੀ !
(ISSSx4)
o ਗ਼ਜ਼ਲ

ਬਿਨਾਂ ਸਾਥੀ ਦੇ ਜੀਵਨ ਦੀ ਹੈ ਚਲਦੀ ਨਾਵ ਖੜ੍ਹ ਜਾਂਦੀ।
ਰਹੇ ਜੇ ਸਾਥ ਉਮਰਾਂ ਦਾ ਤਾਂ ਗੁੱਡੀ ਵੀ ਹੈ ਚੜ੍ਹ ਜਾਂਦੀ।

ਝੜੀ ਲੱਗੀ ਜੋ ਸਾਵਣ ਦੀ ਬਿਨਾਂ ਤੇਰੇ ਨਾ ਹੈ ਕੰਮ ਦੀ,
ਸਨਮ ਦੀ ਯਾਦ ਤੜਪਾਵੇ ਜੋ ਯਾਦਾਂ ਦਿਲ ‘ਚ ਮੜ੍ਹ ਜਾਂਦੀ।

ਚਮਕਦੀ ਆਪਣੀ ਕਿਸਮਤ, ਜੇ ਤੇਰਾ ਸਾਥ ਰਹਿੰਦਾ ਤਾਂ,
ਤਿਰੇ ਬਿਨ ਖੜ੍ਹ ਗਈ ਜੋ ਰੇਲ ਜੀਵਨ ਦੀ ਨਾ ਖੜ੍ਹ ਜਾਂਦੀ।

ਬਿਨਾਂ ਵਿਚਰੇ ਲੁਕਾਈ ਵਿਚ ਫਲੇ-ਫੁੱਲੇ ਹਯਾਤੀ ਨਾ,
ਕਰੇ ਇੰਝ ਨਾ ਤਾਂ ਬੰਦੇ ਦੀ ਉਸਾਰੂ ਸੋਚ ਖੜ੍ਹ ਜਾਂਦੀ।

ਵਿਦੇਸ਼ੀਂ ਜਾ ਕਮਾਉਂਦੇ  ਨੇ, ਉਹ  ਭਾਵੇਂ  ਢੇਰ ਮਾਇਆ ਦੇ,
ਉਨ੍ਹਾਂ ਦੀ ਆਪਣੀ ਜੜ੍ਹ ਗਮਲਿਆਂ ਵਿਚ ਘੁੰਮ ਖੜ੍ਹ ਜਾਂਦੀ।

ਉਹੀ ਸ਼ਾਇਰ ਖੁਲ੍ਹੇ ਅਸਮਾਨ ਵਿਚ  ਪਰਵਾਜ਼  ਭਰ ਸਕਦੇ,
ਜਿਨ੍ਹਾਂ ਦੀ ਘੁੰਮਦੀ ਅੱਖ ਧਰਤ  ਦੇ ਸਭ ਕੋਝ ਪੜ੍ਹ ਜਾਂਦੀ।

‘ਅਜੀਬਾ’ ਕਹਿ ਗ਼ਜ਼ਲ ਐਸੀ ਰੁਕੇ ਨਾ ਕਾਰਵਾਂ ਜਿਸ ਦਾ,
ਨਹੀਂ ਤਾਂ ਨਾ ਨਾ ਕਰਦੇ ਵੀ ਗ਼ਜ਼ਲ ਦੀ ਚਾਲ਼ ਖੜ੍ਹ ਜਾਂਦੀ।
*
(5) ਹਜ਼ਾਰਾਂ ਆਖ ਕੇ ਗ਼ਜ਼ਲਾਂ ਅਜੇ ਤਕ ਮਨ ਨਹੀਂ ਭਰਿਆ !
(ISSSx4)
੦ ਗ਼ਜ਼ਲ

ਹਜ਼ਾਰਾਂ ਆਖ ਕੇ ਗ਼ਜ਼ਲਾਂ ਅਜੇ ਤਕ ਮਨ ਨਹੀਂ ਭਰਿਆ।
ਗਜ਼ਲ-ਸਾਗਰ ਜੋ ਤਰਨਾ ਸੀ ਇਉਂ ਲਗਦਾ ਨਹੀਂ ਤਰਿਆ।

ਸਮਾਂ ਜੀਵਨ ਦਾ ਲਗਪਗ ਬੀਤ ਚੁਕਿਆ ਹੈ ਮਗਰ ਯਾਰੋ,
ਨਹੀਂ ਹਾਂ ਸੋਚਦਾ ਫਿਰ ਵੀ ਕਿ ਮੈਂ ਮਰਿਆ ਹੁਣੇ ਮਰਿਆ।

ਨਾ ਕੁਝ ਏਥੋਂ ਹੈ ਲੈ ਜਾਣਾ ਕਿ ਸਭ ਕੁਝ ਏਥੇ ਰਹਿ ਜਾਣੈਂ,
ਮਗਰ ਸਭ ਦਾ ਵਤੀਰਾ ਫਿਰ ਕਿਉਂ ਹੈ ਈਰਖਾ ਭਰਿਆ?

ਤਰਫ਼ ਜਿਸ ਜਾ ਰਿਹਾ ਸੰਸਾਰ ਮੁੜਣਾ ਏਸ ਦਾ ਮੁਸ਼ਕਲ,
ਇਵੇਂ ਲਗਦੈ ਕਿ ਪਰਦੂਸ਼ਨ ਦੇ ਹੱਥੋਂ ਮਰਿਆ ਇਹ ਮਰਿਆ।

ਹੈ ਚੱਲੀ ਬੀਤ ਜ਼ਿੰਦਗਾਨੀ ਝਮੇਲੇ ਪਰ ਨਹੀਂ ਮੁੱਕੇ,
ਗ਼ਜ਼ਲ ਦਾ ਖ਼ਾਬ ਇਕ ਰਹਿੰਦੈ ਮੈਂ ਪੂਰਾ ਜੋ ਨਹੀਂ ਕਰਿਆ।

ਮਿਰੀ ਬੋਲੀ ਪੰਜਾਬੀ ਹੈ ਜੋ ਲਿਖਦਾਂ ਬੋਲਦਾਂ ਨਿਸ ਦਿਨ,
ਇਦ੍ਹੀ ਖ਼ਾਤਰ ਗ਼ਜ਼ਲ ਰਾਹੀਂ ਮੈਂ ਕਰਿਆ ਮੈਥੋਂ ਜੋ ਸਰਿਆ।

ਵਤਨ ਤੋਂ ਬਾਹਰ ਰਹਿਣਾ ਭੋਗਣਾ ਪਰਵਾਸ ਹੈ ਹੁੰਦਾ,
ਵਤਨ ਦਾ ਦਰਦ ਰਹਿ ਪਰਵਾਸ ਵਿਚ ਆਪਾਂ ਸਦਾ ਜਰਿਆ।

ਗ਼ਜ਼ਲ ਲੋਕਾਂ ਦੀ ਹੈ ਚਾਹਤ ਪਸੰਦੀਦਾ ਸਿਨਫ਼ ਅਦਬੀ,
ਇਦੇ ਕਰਕੇ ਤਿਰਾ ਜੀਵਨ ‘ਅਜੀਬਾ’ ਸੱਚ-ਸੁੱਚ ਭਰਿਆ।
*
(6) ਜਦੋਂ ਤਕ ਚਿੱਠੀਆਂ ਮੋਹ ਭਰੀਆਂ ਵਤਨੋਂ ਆਉਂਦੀਆਂ ਰਹੀਆਂ !
(ISSSx4)
o ਗ਼ਜ਼ਲ

ਜਦੋਂ ਤਕ ਚਿੱਠੀਆਂ ਮੋਹ ਭਰੀਆਂ ਵਤਨੋਂ ਆਉਂਦੀਆਂ ਰਹੀਆਂ।
ਉਦੋਂ ਤਕ ਠੰਡ ਸੀਨੇ ਰਿਸ਼ਤਿਆਂ ਦੀ ਪਾਉਂਦੀਆਂ ਰਹੀਆਂ।

ਗਿਆ ਸ਼ਾਇਰ ਕੋਈ ਬਾਹਿਸ਼ਤ ਵਿਚ ਲਭਦਾ ਰਿਹਾ ਹੂਰਾਂ,
ਮਿਲੀ ਨਾ ਹੂਰ ਗ਼ਜ਼ਲਾਂ ਮਨ ਉਦ੍ਹਾ ਪਰਚਾਉਂਦੀਆਂ ਰਹੀਆਂ।

ਕਿਵੇਂ ਸੱਸਾਂ ਤੇ ਨੂੰਹਾਂ ਦੀ ਗਲ਼ੇਗੀ ਦਾਲ਼ ਘਰ ਅੰਦਰ,
ਜੇ ਨੂੰਹਾਂ ਭੁੱਲ ਸਹੁਰੇ ਪੇਕੇ ਹੀ ਸਲਾਹਉਂਦੀਆਂ ਰਹੀਆਂ।

ਜਦੋਂ ਦਾ ਆ ਗਿਆ ਧਨ ਪਾਸ ਲੋਕਾਂ ਦੇ ਹੈ ਲੋੜੋਂ ਵਧ,
ਘਰਾਂ ਵਿਚ ਆਕੜਾਂ ਸ਼ਾਨਾਂ ਧਮਾਲਾਂ ਪਾਉਂਦੀਆਂ ਰਹੀਆਂ।

ਸੁਣੀ ਜਦ ਮੈਂ ਖ਼ਬਰ ਹੋਇਐ ਕਤਲ ਫੁਲ-ਜੋਬਨ-ਰੁੱਤੇ ਦਾ,
ਕਿ ਅੱਖਾਂ ਮੇਰੀਆਂ ਬਸ ਕੀਰਨੇ ਹੀ ਪਾਉਂਦੀਆਂ ਰਹੀਆਂ।

ਕਿਵੇਂ ਹੋਵੇਗਾ ਵਾਤਾਵਰਨ ਪੂਰਨਸ਼ਾਂਤ ਜਗ ਅੰਦਰ,
ਜੇ ਖਬਰਾਂ ਹਰ ਤਰਫ਼ ਤੋਂ ਖ਼ੂਨ ਭਰੀਆਂ ਆਉਂਦੀਆਂ ਰਹੀਆਂ।

ਰਿਹਾ ਨਾ ਪਿਆਰ ਪਹਿਲੇ ਵਾਲੜਾ ਇਸ ਧਰਤ ਦੇ ਉੱਤੇ,
ਘਟਾਵਾਂ ਦਰਦਨਾਕੀ ਉੱਠ ਨਿਤ ਦਰਸਾਉਂਦੀਆਂ ਰਹੀਆਂ।

ਭੁਲਾ ਕੇ ਪਰੇਮ ਦੇ ਰਿਸ਼ਤੇ ਰਿਹਾ ਉਹ ਮਸਤ ਮਾਇਆ ਵਿਚ,
ਸਦਾ ਪੈਸੇ ਦੀਆਂ ਜੁਗਤਾਂ ਉਹਨੂੰ ਭਰਮਾਉਂਦੀਆਂ ਰਹੀਆਂ।

ਘਟਨ ਘਟਨਾਵਾਂ ਜੋ ਨਿਸ ਦਿਨ ‘ਅਜੀਬਾ’ ਬਣ ਗ਼ਜ਼ਲ ਜਾਵਣ,
ਤਿਰੇ ਤੋਂ ਰਾਤ ਦਿਨ ਗ਼ਜ਼ਲਾਂ ਜੋ ਨਿਤ ਲਿਖਵਾਉਂਦੀਆਂ ਰਹੀਆਂ।
*

(7) ਮੈਂ ਕਾਵਿ ਦਾ ਸਮੁੰਦਰ ਝਰਨਾ ਗ਼ਜ਼ਲ ਦਾ ਪੂਰਾ !
(SSI. SISS. SSI. SISS)
੦ ਗ਼ ਜ਼ ਲ

ਮੈਂ ਕਾਵਿ ਦਾ ਸਮੁੰਦਰ ਝਰਨਾ ਗ਼ਜ਼ਲ ਦਾ ਪੂਰਾ।
ਪਿੰਗਲ ਅਰੂਜ਼ ਦੇ ਵਿਚ ਪਰਬਲ ਨਾ ਹਾਂ ਅਧੂਰਾ।

ਪਰਦੇਸ ਵਿਚ ਹਾਂ ਰਹਿੰਦਾ ਰੂਹ ਭਟਕਦੀ ਵਤਨ ਵਿਚ,
ਦਿਨ ਕਟ ਰਿਹਾ ਹਾਂ ਬਣ ਕੇ ਹਾਲਾਤ ਦਾ ਜਮੂਰਾ।

ਪਰਵਾਸ ਕੈਦ ਮਿੱਠੀ ਕਹਿੰਦੇ ਨੇ ਲੋਕ ਅਕਸਰ,
ਜਦ ਏਸ ਨੂੰ ਮੈੰ ਚੱਖਿਆ ਕੌੜਾ ਇਹ ਜਿਉਂ ਧਤੂਰਾ।

ਆਇਆ ਸਾਂ ਰਿਜ਼ਕ ਖ਼ਾਤਰ ਪਰ ਟਿਕ ਗਿਆ ਹਾਂ ਏਥੇ,
ਕਾਬੂ ਵਲੈਤ ਵਿਚ ਮੈਂ ਆਇਆਂ ਹਾਂ ਬੇਕਸੂਰਾ।

ਮੇਰੇ ਨੇ ਮਨ ਨੂੰ ਜਚਦੇ ਰੰਗ ਕੇਸਰੀ ਬਸੰਤੀ,
ਬੇਗ਼ਮ ਕਹੇ ਪਸੰਦ ਹੈ ਉਸ ਨੂੰ ਤਾਂ ਰੰਗ ਭੂਰਾ।

ਹਾਕਮ ਦੇ ਸੰਗ ਲੜਾਈ ਆਸਾਨ ਇਹ ਨਾ ਹੁੰਦੀ,
ਲੇਕਿਨ ਮੈਂ ਲੜ ਰਿਹਾ ਹਾਂ ਬਣ ਕੇ ਗੁਰਾਂ ਦਾ *ਸੂਰਾ।

ਬੇਗਮ ਦੇ ਨਾਲ ਆਢਾ ਭੁਲ ਕੇ ਨਾ ਯਾਰ ਲਾਉਣਾ,
ਲਾਇਆ ਤਾਂ ਖਾ ਖਾ ਟੱਕਰਾਂ ਹੋ ਜਾਸੋ ਚੂਰਾ-ਚੂਰਾ।

ਅੰਬਰਾਂ ‘ਤੇ ਤੂੰ ਪੁਚਾਣੀ ਅਪਣੀ ਗ਼ਜ਼ਲ ‘ਅਜੀਬਾ’,
ਕਰ ਮਿਹਨਤਾਂ ਤੂੰ ਡਟ ਕੇ ਕਰਨਾ ਜੇ ਖ਼ਾਬ ਪੂਰਾ।
*ਸੂਰਾ=ਬਹਾਦਰ
*

(8) ਆਕੇ ਮੁਹੱਲੇ ਸਾਡੇ ਮਹਿਕਾਂ ਖਲਾਰ ਜਾਨੈਂ !
(SSI. SISS. SSI. SISS)
o ਗ਼ਜ਼ਲ

ਆਕੇ ਮੁਹੱਲੇ ਸਾਡੇ ਮਹਿਕਾਂ ਖਲਾਰ ਜਾਨੈਂ।
ਸਾਡੀ ਗਲ਼ੀ ਦੇ ਗੇੜੇ ਸੌ ਸੌ ਤੂੰ ਮਾਰ ਜਾਨੈਂ।

ਮਿਲਨੇ ਦਾ ਕੌਲ਼ ਕਰਕੇ ਅਜ ਬਹੁੜਿਓਂ ਨਾ ਬਲਮਾਂ,
ਕਿਉਂ ਕੌਲ਼-ਵੌਲ਼ ਕਰਕੇ ਅਪਣੇ ਵਿਸਾਰ ਜਾਨੈਂ।

ਖੇਡੇਂ ਤਰੀਮਤ ਸੰਗ ਜਦ ਜਿਤਣਾ ਤਿਰਾ ਅਸੰਭਵ,
ਜਿਤਦੇ ਹੀ ਜਿਤਦੇ ਉਸ ਤੋਂ ਹਾਰਾਂ ਸਹਾਰ ਜਾਨੈਂ।

ਤੇਰੇ ‘ਤੇ ਕਰੀਏ ਕਿੰਝ ਹੁਣ ਆਪਾਂ ਯਕੀਨ ਦੱਸ ਦੇ,
ਸਾਥੋਂ ਬਚਾ ਕੇ ਅਖ ਤੂੰ ਹੋਰਾਂ ਨੂੰ ਮਾਰ ਜਾਨੈਂ!

ਕਸ਼ਟਾਂ ਭਰੀ ਇਹ ਦੁਨੀਆ ਵਿਚ ਜੀਵਣਾ ਕਠਨ ਹੈ,
ਫਿਰ ਵੀ ਤੂੰ ਕਿੰਝ ਆਪਾ ਸਭ ਤੋਂ ਹੀ ਵਾਰ ਜਾਨੈਂ।

ਕੀ ਬੀਤਦੀ ਹੋਵੇਗੀ ਲੱਗਣ ‘ਤੇ ਕੁਝ ਪਤਾ ਜਦ,
ਆ ਕੇ ਅਸਾਡੇ ਸ਼ਹਿਰ ਜਦ ਰਾਤਾਂ ਗੁਜ਼ਾਰ ਜਾਨੈਂ।

ਅਪਣੀ ਗ਼ਜ਼ਲ ਦੇ ਵਿੱਚ ਤੂੰ ਜਜ਼ਬਾਤ ਭਰ ਅਨੋਖੇ,
ਗ਼ਜ਼ਲਾਂ ‘ਅਜੀਬ’ ਉੱਮਦਾ ਦਿਲ ਵਿਚ ਉਤਾਰ ਜਾਨੈਂ।

ਰੰਗੇ-ਗ਼ਜ਼ਲ ਦੇ ਬਿਨ ਨਾ ਬਣਦੀ ਗ਼ਜ਼ਲ ‘ਅਜੀਬਾ’،
ਇਸ ਵਾਸਤੇ ਤੂੰ ਇਸ ਨੂੰ ਚੋਪਡ਼ ਸੰਵਾਰ ਜਾਨੈਂ।
*
(9) ਮਿਲੇਂ ‘ਕੇਰਾਂ ਤਾਂ ਦੱਸਾਂਗੇ ਕਿ ਸਾਡਾ ਹਾਲ਼ ਕੀ ਏ
(ISSS. ISSS. ISSS. ISS)
o ਗ਼ਜ਼ਲ

ਮਿਲੇਂ ‘ਕੇਰਾਂ ਤਾਂ ਦੱਸਾਂਗੇ ਕਿ ਸਾਡਾ ਹਾਲ਼ ਕੀ ਏ।
ਹਯਾਤੀ ਬੀਤਦੀ ਕਿੱਦਾਂ ਤੇ ਇਸ ਦੀ ਚਾਲ਼ ਕੀ ਏ।

ਬਿਨਾਂ ਤੇਰੇ ਕਿਵੇਂ ਪਲ਼ ਬੀਤਦੇ ਲੰਘਦਾ ਸਮਾਂ ਹੈ,
ਗ਼ਮਾਂ ਦਾ ਨੇਡ਼ ਦਾ ਰਿਸ਼ਤਾ ਅਸਾਡੇ ਨਾਲ਼ ਕੀ ਏ।

ਸੁਬ੍ਹਾ ਤੋਂ ਸ਼ਾਮ ਤਕ ਕੇਵਲ ਧਿਆਵਾਂ ਨਾਮ ਤੇਰਾ,
ਕਦੇ ਨਾ ਸੋਚਿਆ ਨੁਕਸਾਨ ਫ਼ਾਇਦਾ ਮਾਲ਼ ਕੀ ਏ।

ਸਮਾਂ ਕਿੰਝ ਮਾਰਦਾ ਛਾਲ਼ਾਂ ਜਿਵੇਂ ਗੁਜ਼ਰੇ ਸੁਨਾਮੀ,
ਨਹੀਂ ਪੁਛਦੈ ਗ਼ਰੀਬਾਂ ਨੂੰ ਅਸਾਡਾ ਹਾਲ਼ ਕੀ ਏ।

ਤਿਰੀ ਉੱਡੀਕ ਦੇ ਸਿਰ ‘ਤੇ ਰਹੇ ਹਾਂ ਜੀ! ਬਤਾ ਦੇਵੋ,
ਕਿ ਆਮਦ ਆਪ ਜੀ ਦੀ ਤੇਜ਼/ਧੀਮੀਂ ਚਾਲ਼ ਕੀ ਏ।

ਗ਼ਜ਼ਲ ਤੇ ਨਾਰ ਵਿਚ ‘ਗੁਰਸ਼ਰਨ’ ਅੰਤਰ ਹੈ ਰਤਾ ਨਾ,
ਨਾ ਪੁੱਛੋ ਹੋਰ ਇਸ ਬਾਰੇ ਮਿਰੀ ਪਡ਼ਤਾਲ਼ ਕੀ ਏ।
*
(10) ਸ਼ਬਦਾਂ ਦਾ ਹੈ ਕਸੀਦਾ ਤੇਰੀ ਗ਼ਜ਼ਲ ‘ਅਜੀਬਾ’
(SSI+SISSx2)
੦ ਗ਼ਜ਼ਲ

ਸ਼ਬਦਾਂ ਦਾ ਹੈ ਕਸੀਦਾ ਤੇਰੀ ਗ਼ਜ਼ਲ ‘ਅਜੀਬਾ’।
ਸੁੰਦਰ ਸਰੂਪ ਬੀਬਾ ਤੇਰੀ ਗ਼ਜ਼ਲ ‘ਅਜੀਬਾ।
.
ਰਹਿ ਕੇ ਅਰੂਜ਼ ਦੇ ਵਿਚ ਰਚਦੀ ਅਮੋਲ ਨਗ਼ਮੇ,
ਸੁਥਰੀ! ਵੀ ਹੈ ਸੰਜੀਦਾ ਤੇਰੀ ਗ਼ਜ਼ਲ ‘ਅਜੀਬਾ’।

ਜੁੱਗਾਂ ਤੋਂ ਕਰ ਰਹੀ ਜੋ ਪੂਜਾ ਕਵੀਸ਼ਰੀ ਦੀ,
ਮਿਹਨਤ ਦਾ ਹੈੈ ਨਤੀਜਾ ਤੇਰੀ ਗ਼ਜ਼ਲ ‘ਅਜੀਬਾ’।

ਮਹਿਕਾਂ ਖਿਲਾਰਦੀ ਨਿਤ ਪੈਲ਼ਾਂ ਹਮੇਸ਼ ਪਾਉਂਦੀ,
ਕੱਚੀ ਨਾ ਹੈ ਪਚੀਦਾ ਤੇਰੀ ਗ਼ਜ਼ਲ ‘ਅਜੀਬਾ’।

ਮਿੱਤਰ ਅਜ਼ੀਮ ਸਾਰੇ ਪੜ੍ਹਦੇ ਤੇ ਸੁਣਦੇ ਇਸ ਨੂੰ,
ਰਖਦੀ ਗ਼ਜ਼ਬ ਅਕੀਦਾ ਤੇਰੀ ਗ਼ਜ਼ਲ ‘ਅਜੀਬਾ’।

ਪੱਟੜੀ ਅਰੂਜ਼ ਦੀ ਇਹ ਜੰਕਸ਼ਨ ਤਖ਼ੱਈਅਲ਼ਾਂ ਦਾ,
ਨਾ ਰੂਪ ਕੋਈ ਤੀਜਾ ਤੇਰੀ ਗ਼ਜ਼ਲ ‘ਅਜੀਬਾ’।

‘ਗੁਰਸ਼ਰਨ’ ਸੰਗ ਇਸ ਦੇ ਤੈਨੂੰ ਮੁਹੱਬਤ ਸੱਚੀ,
ਹੈ ਗੁਲਬਦਨ ਹਬੀਬਾ ਤੇਰੀ ਗ਼ਜ਼ਲ ‘ਅਜੀਬਾ’।
*

(11) ਤੈਨੂੰ ਤੇ ਨਾਂ ਤਿਰੇ ਨੂੰ ਦਿਲ ਵਿਚ ਵਸਾ ਲਿਆ ਏ !
(SSI. SISS. SSI. SISS)
o ਗ਼ਜ਼ਲ

ਤੈਨੂੰ ਤੇ ਨਾਂ ਤਿਰੇ ਨੂੰ ਦਿਲ ਵਿਚ ਵਸਾ ਲਿਆ ਏ।
ਨਾ-ਨਾ ਵੀ ਕਰਦਿਆਂ ਦਿਲ ਅਪਣਾ ਲਗਾ ਲਿਆ ਏ।

ਮਤਲਾਅ ਸਾਨੀ:

ਨੈਣਾਂ ‘ਚ ਨਾਂ ਤਿਰੇ ਦਾ ਕਜਰਾ ਸਜਾ ਲਿਆ ਏ।
ਦਿਲ ਹੀ ਮੈਂ ਦਿਲ ‘ਚ ਤੈਨੂੰ ਅਪਣਾ ਬਣਾ ਲਿਆ ਏ।

ਦਿਨ ਰਾਤ ਸ਼ਾਮ ਸੁਬਹਾ ਤੇਰਾ ਖ਼ਿਆਲ ਰਹਿੰਦੈ,
ਜਗ ਦੇ ਝਮੇਲਿਆਂ ਤੋਂ ਖ਼ੁਦ ਨੂੰ ਹਟਾ ਲਿਆ ਏ।

ਦਿਲ ਆ ਗਿਆ ਤਿਰੇ ‘ਤੇ ਆਖੇ ਅਵਾਜ਼ ਦਿਲ ਦੀ,
ਤੈਨੂੰ ਖ਼ੁਦਾ ਸਮਝ ਕੇ ਦਿਲ ਵਿਚ ਵਸਾ ਲਿਆ ਏ।

ਦਿਲ ਦੀ ਪੁਕਾਰ ਸੱਚੀ ਮੇਰਾ ਦਿਲ ਹੀ ਜਾਣਦਾ ਹੈ,
ਇਕ ਅਜਨਬੀ ਨੂੰ ਦਿਲ ਦੇ ਤਖਤੀਂ ਬਿਠਾ ਲਿਆ ਏ।

ਮਿਲਿਆ ਨਾ ਆਪ ਵਰਗਾ ਬੇਲੀ ਜਹਾਨ ਅੰਦਰ,
ਥਾਂ ਥਾਂ ‘ਤੇ ਢੂੰਡਿਆ ਪਰ ਏਥੇ ਹੀ ਪਾ ਲਿਆ ਏ।

ਜਿਸ ਦਿਨ ਤੋਂ ਤੱਕਿਆ ਹੈ ਤੇਰਾ ਹੁਸੀਨ ਮੁਖਡ਼ਾ,
ਤੇਰੇ ‘ਤੇ ਮੇਰੇ ਦਿਲ ਨੇ ਕ਼ਬਜ਼ਾ ਜਮਾ ਲਿਆ ਏ।

ਲਗਦੇ ਨਾ ਪੈਰ ਭੌਂ ‘ਤੇ ਤੇਰੇ ਆਣ ਦੀ ਖ਼ੁਸ਼ੀ ਵਿਚ,
ਖ਼ੁਦ ਨੂੰ ਤੇ ਸਾਰੇ ਘਰ ਨੂੰ ਆਪਾਂ ਸਜਾ ਲਿਆ ਏ।

ਵਿਚ ਰੰਗ-ਪ੍ਰੇਮ ਰੰਗਿਆ ਟੁਰਿਆ ‘ਅਜੀਬ’ ਫਿਰਦੈ,
ਚੁੰਨੀ ਤਿਰੀ ਜਿਹਾ ਉਸ ਸਾਫ਼ਾ ਰੰਗਾ ਲਿਆ ਏ।

ਗਲ ਸੁਣ ‘ਅਜੀਬ’ ਦੀ ਤੇ ਕਰ ਲੈ ਯਕੀਨ ਉਸ ‘ਤੇ,
ਉਸ ਨੇ ਤਾਂ ਨਾਂ ਤਿਰੇ ਦਾ ਮੰਦਰ ਬਣਾ ਲਿਆ ਏ!
*

(12) ਮਿਰੇ ਹਮਦਮ ਮਿਰੇ ਦਿਲਬਰ ਮੇਰੇ ਦਿਲਦਾਰ ਆਖਣ ਦੇ
(ISSSx4)
o ਗ਼ਜ਼ਲ

ਮਿਰੇ ਹਮਦਮ ਮਿਰੇ ਦਿਲਬਰ ਮੇਰੇ ਦਿਲਦਾਰ ਆਖਣ ਦੇ।
ਜੋ ਕਹਿਣੀ ਬਾਤ ਮੈਂ ਦਿਲ ਦੀ ਗੁਲੇ ਗੁਲਜ਼ਾਰ ਆਖਣ ਦੇ।

ਕਿਤੇ ਭੁਲ ਜਾਏ ਨਾ ਮਤਲ਼ਾਅ ਜੋ ਮੇਰੇ ਜ਼ਿਹਨ ਵਿਚ ਘੁਮਦੈ,
ਦਿਲੇ-ਜਜ਼ਬਾਤ ਵਿਚ ਖ਼ੌਲੇ ਜੋ ਹਾਹਾਕਾਰ ਆਖਣ ਦੇ।

ਕਹੇ ਬਿਨ ਨਿਤ ਗ਼ਜ਼ਲ ਨਵ ਇਕ ਰਿਹਾ ਜਾਂਦਾ ਨਹੀਂ ਮੈਥੋਂ,
ਜੋ ਕਹਿਣਾ ਲੋਚਦਾ ਹੈ ਮਨ ਮਿਰਾ ਮਿਰੇ ਯਾਰ ਆਖਣ ਦੇ।

ਸੁਖਾਵੇਂ ਜਾਪਦੇ ਹਾਲਾਤ ਨਾ ਸਾਰੇ ਜਗਤ ਅੰਦਰ,
ਕਿ ਅਜ ਕੀ ਹੋ ਰਿਹਾ ਹੋਣਾ ਜੋ ਕਲ ਵਿਸਥਾਰ ਆਖਣ ਦੇ।

ਨਾ ਰੋਕੀਂ ਏਸ ਨੂੰ ਹਮਦਮ ਨਾ ਟੋਕੀਂ ਏਸ ਨੂੰ ਮਿਤਵਾ,
ਗ਼ਜ਼ਲ ਮੇਰੀ ਨੂੰ ਤੂਫ਼ਾਂ ਆਉਣ ਦੇ ਆਸਾਰ ਆਖਣ ਦੇ।

ਇਨ੍ਹਾਂ ਜ਼ਾਤਾਂ ਤੇ ਪਾਤਾਂ ਨੇ ਅਸਾਨੂੰ ਪਾਡ਼ ਕੇ ਰਖਿਐ,
ਨਹੀਂ ਮਿਲਦਾ ਹੈ ਦਲਿਤਾਂ ਨੂੰ ਅਦਬ ਸਤਿਕਾਰ ਆਖਣ ਦੇ।

ਕਿ ਆਖਣ ਦੇ ਗ਼ਰੀਬਾਂ ਸੰਗ ਦਿਨੋ ਦਿਨ ਹੋ ਰਿਹਾ ਧੱਕਾ,
ਮਿਲੇ ਰੋਟੀ ਮਕਾਂ ਕਪਡ਼ਾ ਨਾ ਹੀ ਰੁਜ਼ਗਾਰ ਆਖਣ ਦੇ।

ਬਿਨਾਂ ਏਕੇ ਮੁਹਬਤ ਦੇ ਇਹ ਗ਼ੁਰਬਤ ਦੂਰ ਨਾ ਹੋਣੀ,
ਕਿ ਏਕੇ ਦਾ ਗ਼ਜ਼ਲ ਵਿਚ ਕਰਨ ਨੂੰ ਪਰਚਾਰ ਆਖਣ ਦੇ।

ਤੂੰ ਆਖਣ ਦੇ ਹਕੀਕਤ ਦੀ ਜੋ ਕਹਿਣੀ ਦਾਸਤਾਂ ਅਜ ਮੈਂ,
ਬਲ਼ੇ ਚੁੱਲ੍ਹਾ ਘਰੀਂ ਸਭ ਦੇ ਮਿਰੇ ਦਾਤਾਰ ਆਖਣ ਦੇ।

ਨਗ਼ਾਰਾ ਨਫ਼ਰਤਾਂ ਦਾ ਵੱਜਦਾ ਆਵੇ ਨਜ਼ਰ ਨਾ! ਤੇ,
ਮੁਹਬਤ ਪ੍ਰੇਮ ਦੇ ਨਗ਼ਮੇ ਮੈਨੂੰ ਸਰਕਾਰ ਆਖਣ ਦੇ।

ਮੁਹਬਤ ਬਿਨ ਕੋਈ ਮਸਲਾ ਕਦੇ ਵੀ ਹੱਲ ਨਾ ਹੁੰਦਾ,
ਮੁਹੱਬਤ ਦੇ ਕਤੇ ਮਿਸਰੇ ਮੈਨੂੰ ਅਸ਼ਿਆਰ ਆਖਣ ਦੇ।

ਉਦਾਸੀ ਗ਼ਮ ਮਸੋਸਾਪਣ ਘੇਰ ਲੋਕਾਂ ਨੂੰ ਹੈ ਬੈਠਾ,
‘ਅਜੀਬਾ’ ਲੋਕਤਾ ਦੇ ਗ਼ਮ ਸਰੇ-ਬਾਜ਼ਾਰ ਆਖਣ ਦੇ।
*

***

885

***

ਗੁਰਸ਼ਰਨ ਸਿੰਘ ਅਜੀਬ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →