20 July 2026

ਮੈਂ ਕਿਉਂ ਲਿਖਾਉਣੈ ਸਿੱਖ ਧਰਮ — ਰੂਪ ਲਾਲ ਰੂਪ

ਭਾਰਤ ਵਿਚ ਹਿੰਦੂ, ਸਿੱਖ, ਮੁਸਲਿਮ, ਈਸਾਈ, ਬੁੱਧ, ਜੈਨ, ਪਾਰਸੀ ਆਦਿ ਮੁੱਖ ਧਰਮ ਹਨ। ਕਿਸੇ ਧਰਮ ਨੂੰ ਮੰਨਣਾ ਨਾ ਮੰਨਣਾ ਹਰ ਇਕ ਦਾ ਨਿੱਜੀ ਮਾਮਲਾ ਅਤੇ ਸੰਵਿਧਾਨਕ ਹੱਕ ਹੈ। ਮੇਰੇ ਇਸ ਲੇਖ ਦਾ ਮੰਤਵ ਕਿਸੇ ਧਰਮ ਵਿਸ਼ੇਸ਼ ਦਾ ਪ੍ਰਚਾਰ ਨਹੀਂ ਹੈ ਤੇ ਨਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੋ ਕੇ ਮਹਿਜ਼ ਆਪਣਾ ਫੈਸਲਾ ਸ਼ੇਅਰ ਕਰਨਾ ਹੈ। ਕਿਉਂਕਿ ਹੁਣ ਜਦੋਂ ਜਾਤੀ ਜਨਗਣਨਾ ਸਾਡੀਆਂ ਬਰੂਹਾਂ ਉੱਤੇ ਹੈ ਐਨ ਉਸ ਵਕਤ ਆਦਿਧਰਮੀ/ਚਮਾਰ ਜਾਤੀ ਦੇ ਲੋਕ ਵੱਡੇ ਭੰਬਲਭੂਸੇ ਵਿਚ ਹਨ ਕਿ 1931 ਵਾਲੇ ਆਦਿਧਰਮ ਜਾਂ 2010 ਵਾਲੇ ਰਵਿਦਾਸੀਆ ਧਰਮ ਵਿੱਚੋਂ ਕਿਸ ਦੀ ਚੋਣ ਕੀਤੀ ਜਾਵੇ। ਜਾਣੋ ਵੱਡਾ ਧਰਮ ਸੰਕਟ ਪੈਦਾ ਹੋ ਗਿਆ ਹੈ। ਸਾਰੇ ਸਮਾਜ ਨੂੰ ਇਕ ਲੜੀ ਵਿਚ ਪ੍ਰੋਣ ਵਾਲਾ ਕੋਈ ਮਾਰਗ ਦਰਸ਼ਕ ਨਜ਼ਰ ਨਹੀਂ ਆਉਂਦਾ। ਸੰਤ ਸਮਾਜ ਇਸ ਮੁੱਦੇ ‘ਤੇ ਵੰਡਿਆ ਗਿਆ ਹੈ। ਦੋਵੇਂ ਧਿਰਾਂ ਵਿਹੜੇ ਆਈ ਜੰਨ ਤੇ ਵਿੰਨੋ ਕੁੜੀ ਦੇ ਕੰਨ ਦੀ ਕਹਾਵਤ ਵਾਗੂੰ ਹੁਣ ਆਦਿਧਰਮ ਤੇ ਰਵਿਦਾਸੀਆ ਧਰਮ ਦੇ ਰਹਿਨੁਮਾ ਲੋਕਾਂ ਨੂੰ ਆਪਣੇ ਪਾਲ਼ੇ ਵਿਚ ਕਰਨ ਲਈ ਯਤਨਸ਼ੀਲ ਹਨ ਜਿਸ ਦਾ ਇਸ ਸਮੇਂ ਕੋਈ ਅਰਥ ਨਹੀਂ ਹੈ।

ਆਦਿਧਰਮ ਦੇ ਹਮਾਇਤੀਆਂ ਦੀ 1931 ਈ ਅਤੇ ਰਵਿਦਾਸੀਆ ਧਰਮ ਦੇ ਹਮਾਇਤੀਆਂ ਦੀ 2010 ਤੋਂ ਬਾਅਦ ਕੋਈ ਐਸੀ ਲਾਮਬੰਦੀ ਦੀ ਮਿਸਾਲ ਨਹੀਂ ਮਿਲਦੀ ਜਿਸ ਨੇ ਭਾਰਤ ਸਰਕਾਰ ਪਾਸੋਂ ਇਨ੍ਹਾਂ ਨੂੰ ਵੱਖਰੀ ਪਛਾਣ ਦੇਣ ਲਈ ਕੋਈ ਯਤਨ ਕੀਤਾ ਹੋਵੇ। ਹੁਣ ਜਦੋਂ ਇਨ੍ਹਾਂ ਦੀ ਵੱਖਰੀ ਪਛਾਣ ਦਾ ਕੋਈ ਨੋਟੀਫਿਕੇਸ਼ਨ ਹੀ ਨਹੀਂ ਤਦ ਇਹ ਧਰਮ ਲਿਖਵਾਉਣ ਦਾ ਕੋਈ ਲਾਭ ਨਹੀਂ ਹੈ।ਇਤਿਹਾਸ ਵਿਚ ਦਰਜ ਹੈ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ 1935 ਈ ਵਿਚ ਆਪਣਾ ਫੈਸਲਾ ਸੁਣਾ ਦਿੱਤਾ ਸੀ ਕਿ ਉਹ ਜੰਮੇਂ ਹਿੰਦੂ ਹਨ ਜੋ ਉਨ੍ਹਾਂ ਦੇ ਵੱਸ ਨਹੀਂ ਸੀ ਪਰ ਉਹ ਹਿੰਦੂ ਮਰਨਗੇ ਨਹੀਂ ਜੋ ਉਨ੍ਹਾਂ ਦੇ ਵੱਸ ਵਿਚ ਹੈ। ਉਨ੍ਹਾਂ ਆਪਣੇ ਫੈਸਲੇ ਨੂੰ ਲੱਗਭਗ 21 ਸਾਲ ਬਾਅਦ 14 ਅਕਤੂਬਰ 1956 ਨੂੰ ਅਮਲੀ ਰੂਪ ਦਿੰਦਿਆਂ ਨਾਗਪੁਰ ਵਿਖੇ ਆਪਣੇ ਪੰਜ ਲੱਖ ਪੈਰੋਕਾਰਾਂ ਨਾਲ ਬੁੱਧ ਧਰਮ ਅਪਨਾ ਲਿਆ। ਪਰ ਉਹ 06 ਦਸੰਬਰ 1956 ਈ ਨੂੰ ਸੁਰਗਵਾਸ ਹੋ ਗਏ। ਇਸ ਤਰ੍ਹਾਂ ਉਹ ਬੋਧੀ ਕੇਵਲ 54 ਦਿਨ ਹੀ ਬੋਧੀ ਰਹੇ। ਪਰ ਉਹ ਬੁੱਧ ਧਰਮ ਦੇ ਚਮਕਦੇ ਸਿਤਾਰੇ ਹਨ ਅਤੇ ਰਹਿਣਗੇ।

ਇਹ ਸਵਾਲ ਆਮ ਲੋਕਾਂ ਦੇ ਮਨ ਵਿਚ ਉੱਠਦਾ ਹੈ ਕਿ ਜਦੋਂ 1931 ਦੀ ਜਨਗਣਨਾ ਵਿਚ ਚਾਰ ਲੱਖ ਤੋਂ ਵੱਧ ਲੋਕਾਂ ਆਦਿਧਰਮ ਲਿਖਵਾਇਆ ਤਦ 1941 ਵਿਚ ਇਸ ਦੀ ਮਾਨਤਾ ਕਿਉਂ ਖਤਮ ਕੀਤੀ ਗਈ? ਨੈੱਟ ‘ਤੇ ਉਪਲੱਭਧ ਸੂਚਨਾ ਮੁਤਾਬਕ ਆਦਿਧਰਮ ਨੂੰ ਕਦੇ ਵੀ ਮਾਨਤ ਪ੍ਰਾਪਤ ਨਹੀਂ ਸੀ ਹੋਈ। ਨੈੱਟ ਤੋਂ ਐਸਾ ਕੋਈ ਦਸਤਾਵੇਜ਼ ਵੀ ਪ੍ਰਾਪਤ ਨਹੀਂ ਹੋਇਆ। ਅਸਲ ਵਿਚ 25/26 ਜੂਨ 1926 ਦੀ ਕਾਨਫਰੰਸ, ਜੋ ਬਾਬੂ ਮੰਗੂਰਾਮ ਮੁੱਗੋਵਾਲ ਦੀ ਅਗਵਾਈ ਵਿਚ ਪਿੰਡ ਮੁੱਗੋਵਾਲ (ਹੁਸ਼ਿਆਰਪੁਰ)ਵਿਖੇ ਹੋਈ, ਵਿਚ ਚੌਥੇ ਵਰਣ ਲਈ ਆਦਿਧਰਮ ਦਾ ਐਲਾਨ ਕੀਤਾ ਗਿਆ ਗਿਆ ਸੀ। ਉਸ ਦੇ ਨਿਯਮ ਵੀ ਤੈਅ ਕਰ ਦਿੱਤੇ ਗਏ। ਇਸ ਦਾ ਮਨੋਰਥ ਚੌਥੇ ਵਰਣ ਨੂੰ ਹਿੰਦੂ ਧਰਮ ਤੋਂ ਅਲੱਗ ਦਰਸਾਉਣਾ ਸੀ ਜਿਸ ਨੂੰ ਬਾਅਦ ਵਿਚ ਬਾਬਾ ਸਾਹਿਬ ਨੇ ਸਮੁੱਚੇ ਭਾਰਤ ਵਿਚ ਲਾਗੂ ਕਰਨ ਦਾ ਯਤਨ ਕੀਤਾ। ਆਦਿਧਰਮ ਦੇ ਝੰਡੇ ਹੇਠ ਲਿਆਉਣ ਲਈ ਇਸ ਦਾ ਅਣਵੰਡੇ ਪੰਜਾਬ ਵਿਚ ਵੱਡੀ ਪੱਧਰ ‘ਤੇ ਪ੍ਰਚਾਰ ਕੀਤਾ ਗਿਆ। ਪਿੰਡੋ ਪਿੰਡ ਨਾਟਕ ਖੇਡੇ ਗਏ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਚਮਾਰ, ਚੂੜੇ, ਜੁਲਾਹੇ, ਮਜ਼ਹਬੀ, ਜੱਟ, ਨਾਈ, ਝੀਰ, ਛੀਂਬੇ ਆਦਿ ਜਾਤੀਆਂ ਦੇ ਲੋਕ ਇਸ ਨਵੇਂ ਧਰਮ ਨਾਲ ਜੁੜ ਗਏ। ਚਮਾਰਾਂ ਅਤੇ ਚੂਹੜਿਆਂ ਖੁਦ ਦੀ ਜਾਤ ਆਦਿਧਰਮੀ ਮੰਨ ਲਈ। ਸਾਲ 1931 ਦੀ ਜਨਗਣਨਾ ਸਮੇਂ ਉਤਸ਼ਾਹਿਤ ਚਾਰ ਲੱਖ ਤੋਂ ਵੱਧ ਲੋਕਾਂ ਆਪਣਾ ਧਰਮ ਆਦਿਧਰਮ ਲਿਖਵਾ ਦਿੱਤਾ। ਕੰਮ ਹੱਥੀਂ ਹੁੰਦਾ ਸੀ ਤੇ ਗਿਣਤੀਕਾਰਾਂ ਇਸ ਨੂੰ ਲਿਖ ਲਿਆ। ਪਰ ਜਦੋਂ ਅੰਕੜੇ ਸਾਹਮਣੇ ਆਏ ਤਾਂ ਹਿੰਦੂ ਮਹਾਸਭਾ ਅਤੇ ਸਿੱਖ ਜੱਥੇਬੰਦੀਆਂਂ ਅੰਗਰੇਜ਼ ਸਰਕਾਰ ਪਾਸ ਇਸ ਨਾਲ ਸਮਾਜਿਕ ਅਸੰਤੁਲਿਨ ਪੈਦਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ। ਕਿਉਂਕਿ ਇਕ ਤਾਂ ਬਾਬੂ ਮੰਗੂਰਾਮ ਮੁੱਗੋਵਾਲ ਕੋਈ ਧਾਰਮਿਕ ਆਗੂ ਨਹੀਂ ਸੀ ਤੇ ਦੂਜਾ ਜਿਸ ਕਾਰਨ ਆਦਿਧਰਮ ਹੋਂਦ ਵਿਚ ਆਇਆ ਸੀ ਉਹ ਹੱਕ ਇਸ ਵਿਚ ਸ਼ਾਮਲ ਜਾਤੀਆਂ ਨੂੰ ਸੂਚੀਬੱਧ ਕਰ ਕੇ ਦੇ ਦਿੱਤੇ ਗਏ ਅਤੇ ਉਨ੍ਹਾਂ ਨੂੰ ਅਨੁਸੂਚਿਤ ਜਾਤੀਆਂ ਨਾਮ ਦਿੱਤਾ ਗਿਆ ਸੀ। ਇਸ ਲਈ 1941 ਈ ਜਨਗਣਨਾ ਵਿਚ ਇਸ ਨੂੰ ਮਾਨਤਾ ਨਹੀਂ ਦਿੱਤੀ ਗਈ।ਪਰ ਫਿਰ ਵੀ 3.49 ਲੱਖ ਲੋਕਾਂ ਖੁਦ ਨੂੰ ਆਦਿਧਰਮੀ ਲਿਖਵਾਇਆ ਤੇ ਉਨ੍ਹਾਂ ਦੀ ਗਿਣਤੀ ਹਿੰਦੂ ਧਰਮ ਵਿਚ ਕੀਤੀ ਗਈ। ਆਜ਼ਾਦ ਭਾਰਤ ਦਾ ਸੰਵਿਧਾਨ ਬਣਨ ਸਮੇਂ ਵੀ ਕਿਸੇ ਆਵਾਜ਼ ਨਹੀਂ ਉਠਾਈ ਕਿ ਆਦਿਧਰਮ ਨੂੰ ਅਲੱਗ ਮਾਨਤਾ ਦਿੱਤੀ ਜਾਏ। ਹਾਲਾਂਕਿ ਬਾਬੂ ਮੰਗੂਰਾਮ ਜੀਵਤ ਸਨ। ਉਨ੍ਹਾਂ ਦਾ ਦਿਹਾਂਤ 1980 ਵਿਚ ਹੋਇਆ ਪਰ ਉਨ੍ਹਾਂ ਕਦੇ ਵੀ ਆਦਿਧਰਮ ਦੀ ਗੱਲ ਨਾ ਕੀਤੀ।

ਉਪਰੋਕਤ ਤੱਥਾਂ ਦੀ ਰੌਸ਼ਨੀ ਵਿਚ ਮਾਨਤਾ ਬਗੈਰ ਆਦਿਧਰਮ ਜਾਂ ਰਵਿਦਾਸੀਆ ਧਰਮ ਵਿਚੋਂ ਕੋਈ ਵੀ ਲਿਖਵਾ ਲਈਏ ਗਿਣਤੀ ਹਿੰਦੂ ਧਰਮ ਵਿਚ ਹੀ ਹੋਵੇਗੀ। ਬਾਬਾ ਸਾਹਿਬ ਨੂੰ ਆਪਣਾ ਮਾਰਗ ਦਰਸ਼ਕ ਮੰਨਦਿਆਂ ਮੇਰੇ ਅੱਗੇ ਦੋ ਹੀ ਬਦਲ ਹਨ ਕਿ ਬੁੱਧ ਧਰਮ ਲਿਖਵਾਵਾਂ ਜਾਂ ਸਿੱਖ ਧਰਮ। ਬਾਬਾ ਸਾਹਿਬ ਨੇ ਜਦੋਂ ਆਪਣੇ ਆਖਰੀ ਦਿਨਾਂ ਵਿਚ ਬੁੱਧ ਧਰਮ ਅਪਨਾਇਆ ਉਹ ਹਾਲਾਤ ਵੱਖਰੇ ਸਨ ਤੇ ਅੱਜ ਵੱਖਰੇ ਹਨ, ਵਿਸ਼ੇਸ਼ ਕਰ ਕੇ ਪੰਜਾਬ ਦੇ। ਅਸੀਂ ਆਪਣੇ ਘਰਾਂ ਵਿਚ ਸਾਰੇ ਖੁਸ਼ੀ ਗਮੀ ਦੇ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਰਦੇ ਹਾਂ। ਉਸ ਵਿਚ ਸਾਡੇ ਗੁਰੂ ਰਵਿਦਾਸ ਮਹਾਰਾਜ ਜੀ ਦੇ 40 ਸ਼ਬਦ ਸ਼ਾਮਲ ਹਨ। ਇਸ ਤੋਂ ਵੱਡੇ ਮਾਣ ਵਾਲੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਹੈ। ਇਸ ਲਈ ਖੁਦ ਦੀ ਗਿਣਤੀ ਹਿੰਦੂ ਧਰਮ, ਜੋ ਸਾਡੇ ਰਾਸ਼ਟਰਪਤੀ ਤਕ ਨੂੰ ਆਪਣੇ ਮੰਦਰਾਂ ਵਿਚ ਨਹੀਂ ਵੜਨ ਦਿੰਦਾ, ਵਿਚ ਕਰਵਾਉਣ ਦੀ ਥਾਂ ਸਿੱਖ ਧਰਮ ਲਿਖਵਾਉਣ ਤੋਂ ਬਿਨਾਂ ਹੋਰ ਕੋਈ ਬਦਲ ਬਾਕੀ ਨਹੀਂ। ਇਸ ਨਾਲ ਮੇਰੇ ਸਾਰੇ ਸੰਵਿਧਾਨਿਕ ਹੱਕ ਵੀ ਬਰਕਰਾਰ ਰਹਿਣਗੇ ਤੇ ਆਪਣੇ ਗੁਰੂ ਦੇ ਚਰਨਾਂ ਵਿਚ ਬੈਠ ਕੇ ਮਾਨਸਿਕ ਸਕੂਨ ਵੀ ਮਿਲੇਗਾ।
*
ਰੂਪ ਲਾਲ ਰੂਪ
ਪਿੰਡ ਭੇਲਾਂ ਡਾਕਖਾਨਾ ਨਾਜਕਾ
ਜਿਲ੍ਹਾ ਜਲੰਧਰ (ਪੰਜਾਬ)
94652 25722

ਨੋਟ:- ਜੇਕਰ ਕੋਈ ਇਤਿਹਾਸਕ ਤੱਥ ਗਲਤ ਲੱਗੇ ਤਾਂ ਸਹੀ ਹਵਾਲੇ ਸਹਿਤ ਧਿਆਨ ਵਿਚ ਲਿਆਂਦਾ ਜਾਵੇ ਜੀ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
***
1888
***

+94652-29722 |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →