25 October 2026

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਇਤਿਹਾਸਕ ਸੈਨੇਟ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਦੋ-ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ — ਡਾ. ਨਿਸ਼ਾਨ ਸਿੰਘ ਰਾਠੌਰ

 ‘ਗੁਰੂ ਗੋਬਿੰਦ ਸਿੰਘ ਚੇਅਰ’ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਬੈਨਰ ਹੇਠਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 318ਵੇਂ ਜੋਤੀ ਜੋਤ ਦਿਵਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਦੋ-ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ 22 ਅਤੇ 23 ਅਕਤੂਬਰ 2026 ਨੂੰ ਆਯੋਜਿਤ ਕੀਤਾ ਗਿਆ।
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਇਤਿਹਾਸਕ ਸੈਨੇਟ ਹਾਲ ਵਿਖੇ ‘ਗੁਰੂ ਗੋਬਿੰਦ ਸਿੰਘ ਚੇਅਰ’ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਬੈਨਰ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 318ਵੇਂ ਜੋਤੀ ਜੋਤ ਦਿਵਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਦੋ-ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ 22 ਅਤੇ 23 ਅਕਤੂਬਰ 2026 ਨੂੰ ਆਯੋਜਿਤ ਕੀਤਾ ਗਿਆ। ਇਹ ਮਹੱਤਵਪੂਰਨ ਅੰਤਰਰਾਸ਼ਟਰੀ ਸੈਮੀਨਾਰ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ: ਸ਼ਖ਼ਸੀਅਤ, ਬਾਣੀ ਅਤੇ ਵਿਰਾਸਤ’ ਵਿਸ਼ੇ ’ਤੇ ਦੇਸ਼ ਅਤੇ ਵਿਦੇਸ਼ਾਂ ਤੋਂ ਪਹੁੰਚੇ ਨਾਮਵਰ ਵਿਦਵਾਨਾਂ, ਚਿੰਤਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਆਪਣੇ ਵਿਚਾਰ ਖ਼ੂਬਸੂਰਤ ਅੰਦਾਜ਼ ਵਿੱਚ ਸਾਂਝੇ ਕੀਤੇ। ਇਸ ਵਿਸ਼ਾਲ ਅਕਾਦਮਿਕ ਸਮਾਗਮ ਦੇ ਦੌਰਾਨ ਵੱਖ-ਵੱਖ 9 ਅਕਾਦਮਿਕ ਅਤੇ ਤਕਨੀਕੀ ਸੈਸ਼ਨਾਂ ਵਿੱਚ 40 ਤੋਂ ਵੱਧ ਵਿਦਵਾਨ ਵਕਤਿਆਂ ਨੇ ਆਪਣੇ ਮੁੱਲਵਾਨ ਵਿਚਾਰ ਪੇਸ਼ ਕੀਤੇ।
ਸੈਮੀਨਾਰ ਦੇ ਪਹਿਲੇ ਦਿਨ 22 ਅਕਤੂਬਰ 2026 ਨੂੰ ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਵਿੱਚ ਯੁਨੀਵਰਸਿਟੀ ਦੀ ਮਹਿਲਾ, ਚੀਫ਼ ਵਾਰਡਨ ਪ੍ਰੋ. ਕੁਸੁਮ ਲਤਾ ਨੇ ਨਿੱਘੇ ਸ਼ਬਦਾਂ ਵਿੱਚ ਸਵਾਗਤੀ ਭਾਸ਼ਣ ਦਿੰਦਿਆਂ ਦੇਸ਼-ਵਿਦੇਸ਼ਾਂ ਤੋਂ ਪਹੁੰਚੇ ਸਮੂਹ ਵਿਦਵਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ। ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਚੇਅਰ ਦੇ ਕੋਆਰਡੀਨੇਟਰ ਡਾ. ਧਰਮਬੀਰ ਨੇ ਇਸ ਸੈਮੀਨਾਰ ਦੀ ਵਿਸਥਾਰ ਨਾਲ ਰੂਪ-ਰੇਖਾ ਸਾਂਝੀ ਕਰਦਿਆਂ ਗੁਰੂ ਸਾਹਿਬ ਦੇ ਜੀਵਨ-ਦਰਸ਼ਨ ਅਤੇ ਇਤਿਹਾਸ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਮਾਣਯੋਗ ਵਾਈਸ-ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਨੇ ਆਪਣੇ ਭਾਸ਼ਣ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਬਾਣੀ ਅਤੇ ਵਿਰਾਸਤੀ ਪੱਖਾਂ ’ਤੇ ਵਿਸਥਾਰ ਨਾਲ ਵਿਚਾਰ ਪੇਸ਼ ਕੀਤੇ ਅਤੇ ਮਾਂ-ਬੋਲੀ ਪੰਜਾਬੀ ਦੀ ਮਹੱਤਤਾ ਨੂੰ ਜ਼ੋਰਦਾਰ ਢੰਗ ਨਾਲ ਉਜਾਗਰ ਕਰਦਿਆਂ ਕਿਹਾ ਕਿ ਮਾਂ-ਬੋਲੀ ਵਿੱਚ ਹੀ ਮਨੁੱਖ ਆਪਣੇ ਅੰਦਰੂਨੀ ਜਜ਼ਬਾਤਾਂ ਨੂੰ ਸਭ ਤੋਂ ਵੱਧ ਪ੍ਰਭਾਵਸ਼ਾਲੀ ਅਤੇ ਸੱਚੇ ਰੂਪ ਵਿੱਚ ਬਿਆਨ ਕਰ ਸਕਦਾ ਹੈ। ਮੁੱਖ ਵਕਤਾ ਵਜੋਂ ਬੋਲਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਡੀਨ, ਸਟੂਡੈਂਟਸ ਵੈਲਫ਼ੇਅਰ ਪ੍ਰੋ. ਹਰਵਿੰਦਰ ਸਿੰਘ ਭੱਟੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਸ਼ਾਲ ਵਿਚਾਰਧਾਰਾ ਨੂੰ ਅਥਾਹ ਸਮੁੰਦਰ ਵਰਗਾ ਦੱਸਿਆ ਅਤੇ ‘ਜ਼ਫ਼ਰਨਾਮਾ’, ‘ਜਾਪ ਸਾਹਿਬ’ ਅਤੇ ‘ਦਸਮ ਗ੍ਰੰਥ’ ਦੇ ਹਵਾਲੇ ਦਿੰਦਿਆਂ ਦਸਮ ਗ੍ਰੰਥ ਦੀ ਪਵਿੱਤਰ ਤੁੱਕ ‘ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ’ ਦੇ ਵਾਕ ਅਨੁਸਾਰ ਅਜੋਕੇ ਸਮਾਜ ਵਿੱਚ ਪ੍ਰੇਮ ਅਤੇ ਭਾਈਚਾਰਕ ਸਾਂਝ ਨੂੰ ਪੁਖਤਾ ਦਸਤਾਵੇਜ਼ ਵਜੋਂ ਬਿਆਨ ਕੀਤਾ। ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨਾਂ ਵਜੋਂ ਮੈਂਟਰ ਸਿੱਖ ਰਿਸਰਚ ਸੈਂਟਰ ਦੇ ਮੈਂਬਰ ਸ੍ਰੀ ਹਰਬੀਰ ਇੰਦਰ ਸਿੰਘ ਰੰਧਾਵਾ (ਯਮੂਨਾ ਆਟੋ, ਯਮੁਨਾਨਗਰ), ਕੇ. ਯੂ. ਕੇ. ਦੇ ਰਜਿਸਟਰਾਰ ਲੈਫ਼ਟੀਨੈਂਟ (ਪ੍ਰੋ.) ਵੀਰੇਂਦਰ ਪਾਲ ਸਿੰਘ ਅਤੇ ਡਾ. ਬੀ. ਆਰ. ਅੰਬੇਡਕਰ ਸਟੱਡੀ ਸੈਂਟਰ ਦੇ ਨਿਰਦੇਸ਼ਕ ਡਾ. ਪ੍ਰੀਤਮ ਸਿੰਘ ਨੇ ਪੰਜ ਪਿਆਰਿਆਂ ਅਤੇ ਚਾਰ ਸਾਹਿਬਜ਼ਾਦਿਆਂ ਦੇ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ। ਇਸ ਮਹੱਤਵਪੂਰਨ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ ਦੇ ਸਾਬਕਾ ਵਾਈਸ-ਚਾਂਸਲਰ ਪ੍ਰੋ. ਕੁਲਦੀਪ ਚੰਦ ਅਗਨੀਹੋਤਰੀ ਨੇ ਕੀਤੀ ਗਈ। ਇਸ ਸੈਸ਼ਨ ਦੇ ਅੰਤ ਵਿੱਚ ਡਾ. ਹਰਵਿੰਦਰ ਸਿੰਘ ਲੌਂਗੋਵਾਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਡਾ. ਗੁਰਪ੍ਰੀਤ ਸਿੰਘ ਸਾਹੂਵਾਲਾ, ਪੰਜਾਬੀ ਵਿਭਾਗ, ਕੇ.ਯੁ.ਕੇ. ਨੇ ਬਾਖ਼ੂਬੀ ਨਿਭਾਇਆ।
ਦੁਪਹਿਰ ਵੇਲੇ ਆਯੋਜਿਤ ਕੀਤੇ ਗਏ ਪਹਿਲੇ ਤਕਨੀਕੀ ਸੈਸ਼ਨ ਵਿੱਚ ਅਮਰੀਕਾ ਤੋਂ ਖ਼ਾਸ ਤੌਰ ’ਤੇ ਪਹੁੰਚੇ ਪ੍ਰਸਿੱਧ ਪਰਵਾਸੀ ਪੰਜਾਬੀ ਲੇਖਕ ਜੀ. ਐਸ. ਨਕਸ਼ਦੀਪ ਪੰਜਕੋਹਾ, ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਇਸ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਮੁਹੰਮਦ ਇਦਰੀਸ ਅਤੇ ਡਾ. ਮੇਜਰ ਸਿੰਘ (ਸਾਬਕਾ ਪ੍ਰਿੰਸੀਪਲ, ਗੁਰੂ ਨਾਨਕ ਖਾਲਸਾ ਕਾਲਜ, ਕਰਨਾਲ) ਨੇ ਮੱਧਕਾਲੀ ਇਤਿਹਾਸ ਦੇ ਅਣਗੌਲੇ ਪੱਖਾਂ ’ਤੇ ਬਹੁਤ ਹੀ ਸਾਰਥਕ ਚਾਨਣਾ ਪਾਇਆ। ਇਸ ਦੌਰਾਨ ਵਿਦਵਾਨ ਵਕਤਿਆਂ ਵਜੋਂ, ਡਾ. ਅਮਰਜੀਤ ਸਿੰਘ (ਫਤਿਹਾਬਾਦ), ਡਾ. ਬੀਰਬਲ ਸਿੰਘ (ਸਰਕਾਰੀ ਕਾਲਜ, ਰਾਤੀਆ) ਅਤੇ ਪ੍ਰੋ. ਗੁਰਸਾਹਿਬ ਸਿੰਘ ਸਿੱਧੂ (ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ) ਨੇ ਸਿ਼ਰਕਤ ਕੀਤੀ। ਦਿੱਲੀ ਯੂਨੀਵਰਸਿਟੀ, ਦਿੱਲੀ ਦੇ ਪੰਜਾਬੀ ਵਿਭਾਗ ਤੋਂ ਪ੍ਰੋ. ਰਵਿੰਦਰ ਸਿੰਘ ਨੇ ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਆਪਣੇ ਮੁੱਲਵਾਨ ਵਿਚਾਰ ਪੇਸ਼ ਕੀਤੇ। ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਦੇਵਿੰਦਰ ਬੀਬੀਪੁਰੀਆ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ।
ਇਸ ਤੋਂ ਬਾਅਦ ਦੂਜੇ ਤਕਨੀਕੀ ਸੈਸ਼ਨ ਵਿੱਚ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਪੰਜਾਬੀ ਅਤੇ ਡੋਗਰੀ ਵਿਭਾਗ ਤੋਂ ਪ੍ਰੋ. ਨਰੇਸ਼ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਡੀਨ, ਸਟੂਡੈਂਟ ਵੈਲ਼ਫੇਅਰ ਪ੍ਰੋ. ਏ. ਆਰ. ਚੌਧਰੀ ਇਸ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਵਿਦਵਾਨ ਵਕਤਿਆਂ ਵਜੋਂ ਡਾ. ਸੰਦੀਪ ਮੁੰਡੇ (ਗੁਰੂ ਹਰਗੋਬਿੰਦ ਸਾਹਿਬ ਕਾਲਜ, ਸ਼੍ਰੀ ਗੰਗਾਨਗਰ), ਡਾ. ਬਲਜੀਤ ਸਿੰਘ (ਐਸ. ਏ. ਕਾਲਜ, ਅੰਬਾਲਾ ਸ਼ਹਿਰ), ਡਾ. ਜਸਪਾਲ ਸਿੰਘ (ਸਰਕਾਰੀ ਕਾਲਜ, ਕਾਂਲਾਵਾਲੀ) ਅਤੇ ਡਾ. ਭਜਨ ਸਿੰਘ ਢਿੱਲੋਂ (ਸਰਕਾਰੀ ਕਾਲਜ, ਮੰਡੀ ਡਬਵਾਲੀ) ਨੇ ਆਪਣੇ ਖੋਜ-ਪੱਤਰ ਪੇਸ਼ ਕੀਤੇ। ਪ੍ਰੋ. ਅਵਤਾਰ ਸਿੰਘ (ਰਾਮਗੜ੍ਹੀਆਂ ਕਾਲਜ, ਫਗਵਾੜਾ) ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਖ਼ਾਸ ਤੌਰ ’ਤੇ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਹਵਾਲੇ ਨਾਲ ਨਾਰੀ-ਪ੍ਰਤੀ ਉੱਤਮ ਦ੍ਰਿਸ਼ਟੀਕੋਣ ਅਤੇ ‘ਚੰਡੀ ਦੀ ਵਾਰ’ ਵਿੱਚ ਨਾਰੀ ਦੀ ਅਦੁੱਤੀ ਬਹਾਦਰੀ ਨੂੰ ਬਹੁਤ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਪੇਸ਼ ਕੀਤਾ। ਇਸ ਸੈ਼ਸਨ ਦਾ ਮੰਚ ਸੰਚਾਲਨ ਡਾ. ਹਰਵਿੰਦਰ ਸਿੰਘ ਲੌਂਗੋਵਾਲ, ਕੋ-ਕੋਆਰਡੀਨੇਟਰ, ਗੁਰੂ ਗੋਬਿੰਦ ਸਿੰਘ ਚੇਅਰ ਨੇ ਕੀਤਾ।
ਇਸੇ ਦਿਨ ਸ਼ਾਮ ਵੇਲੇ ਰੱਖੇ ਗਏ ਆਨਲਾਈਨ ਸੈਸ਼ਨ ਵਿੱਚ 20 ਦੇ ਕਰੀਬ ਖੋਜ ਪੱਤਰ ਪੇਸ਼ ਕੀਤੇ ਗਏ ਅਤੇ ਇਸ ਸੈ਼ਸਨ ਦੀ ਪ੍ਰਧਾਨਗੀ ਅਮਰੀਕਾ ਦੇ ਪ੍ਰਸਿੱਧ ਪਰਵਾਸੀ ਪੰਜਾਬੀ ਲੇਖਕ ਬਲਦੇਵ ਸਿੰਘ ਗਰੇਵਾਲ ਵੱਲੋਂ ਕੀਤੀ ਗਈ ਅਤੇ ਅਮਰੀਕਾ ਤੋਂ ਹੀ ਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਇਸ ਅਕਾਦਮਿਕ ਚਰਚਾ ਨਾਲ ਜੁੜੇ। ਇਸ ਸ਼ੈਸਨ ਦਾ ਸੰਚਾਲਨ ਡਾ. ਕੁਲਦੀਪ ਕੁਮਾਰ ਅਤੇ ਡਾ. ਪ੍ਰਵੇਸ਼ ਕੁਮਾਰ ਨੇ ਕੀਤਾ।
ਸੈਮੀਨਾਰ ਦੇ ਦੂਜੇ ਦਿਨ 23 ਅਕਤੂਬਰ 2026 ਨੂੰ ਤੀਜੇ ਤਕਨੀਕੀ ਸੈਸ਼ਨ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਰਾਕੇਸ਼ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ ਅਤੇ ਇਸ ਸੈਸ਼ਨ ਵਿੱਚ ਪ੍ਰੋ. ਦਲਜੀਤ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਮੁਖੀ, ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਡਾ. ਪਰਮਜੀਤ ਕੌਰ ਸਿੱਧੂ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸਿ਼ਰਕਤ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸ਼ੈਸਨ ਵਿੱਚ ਵਿਦਵਾਨ ਵਕਤਿਆਂ ਵਜੋਂ ਡਾ. ਰਾਮ ਚੰਦਰ (ਕੁਰੂਕਸ਼ੇਤਰ ਯੂਨੀਵਰਸਿਟੀ), ਡਾ. ਹਰਦੇਵ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ) ਅਤੇ ਡਾ. ਬਲਵਾਨ ਸਿੰਘ (ਐਸ. ਏ. ਕਾਲਜ, ਅੰਬਾਲਾ ਸ਼ਹਿਰ) ਨੇ ਗੁਰੂ ਸਾਹਿਬ ਦੇ ਸਮਾਜਿਕ ਬਰਾਬਰੀ ਦੇ ਅਮਿੱਟ ਸੁਨੇਹੇ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਪ੍ਰੋ. ਰਵਿੰਦਰ ਰਵੀ ਨੇ ਇਸ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਦੀ ਬਾਣੀ ਸਮਾਜ ਨੂੰ ਸਮੂਹਿਕ ਏਕਤਾ ਅਤੇ ਬਰਾਬਰੀ ਵਾਲੇ ਸਮਾਜ ਦੀ ਵਾਹਕ ਹੈ। ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਸੁਖਜੀਤ ਕੌਰ, ਦੂਰਵਰਤੀ ਸਿੱਖਿਆ ਵਿਭਾਗ, ਨੇ ਸੰਭਾਲਿਆ। 
ਇਸ ਤੋਂ ਬਾਅਦ ਚੌਥੇ ਤਕਨੀਕੀ ਸੈਸ਼ਨ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਤੋਂ ਪ੍ਰੋ. ਪ੍ਰੇਮਜੀਤ ਸਿੰਘ ਅਤੇ ਡਾ. ਵਿਕਾਸ ਰਾਠੀ ਨੇ ਇਸ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਆਪਣੀ ਹਾਜ਼ਰੀ ਦਰਜ਼ ਕਰਵਾਈ। ਇਸ ਸੈਸ਼ਨ ਵਿੱਚ ਵਿਦਵਾਨ ਵਕਤਿਆਂ ਵਜੋਂ ਡਾ. ਸਿਕੰਦਰ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ), ਡਾ. ਰੰਜੂ ਬਾਲਾ (ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ) ਡਾ. ਸੁਰਿੰਦਰ ਪਾਲ (ਪੰਚਕੂਲਾ), ਡਾ. ਸਰਬਜੀਤ ਕੌਰ (ਸਰਕਾਰੀ ਕਾਲਜ, ਪਲਵਲ), ਡਾ. ਗੁਰਪ੍ਰੀਤ ਕੌਰ ਗਿੱਲ (ਡੀ.ਏ.ਵੀ. ਪਿਹੌਵਾ) ਨੇ ਆਪਣੇ ਖੋਜ-ਪੱਤਰ ਪੇਸ਼ ਕੀਤੇ ਅਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਕੁਰੂਕਸੇਤਰ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਅਮਰੀਕ ਸਿੰਘ ਜੀ ਨੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਰਸ਼ਨ ਬਾਰੇ ਚਾਨਣਾ ਪਾਇਆ ਉਥੇ ਹੀ ਗੁਰੂ ਸਾਹਿਬ ਜੀ ਦੇ ਵਿਚਾਰਧਾਰਕ ਸਿਧਾਂਤ ਨੂੰ ਸੁਚੱਜੇ ਢੰਗ ਨਾਲ ਪੇਸ਼ ਕੀਤਾ। ਪੰਜਾਬੀ ਅਕੈਡਮੀ ਪੰਚਕੂਲਾ ਦੇ ਸਾਬਕਾ ਉਪ-ਚੇਅਰਮੈਨ ਡਾ. ਨਰਿੰਦਰ ਸਿੰਘ ਵਿਰਕ ਨੇ ਪ੍ਰਧਾਨਗੀ ਦੀ ਜਿ਼ੰਮੇਵਾਰੀ ਬਾਖ਼ੂਬੀ ਨਿਭਾਈ। ਮੰਚ ਸੰਚਾਲਨ ਡਾ. ਦੇਵਿੰਦਰ ਬੀਬੀਪੁਰੀਆ ਨੇ ਕੀਤਾ।
ਇਸੇ ਦਿਨ ਰੱਖੇ ਗਏ ਆਨਲਾਈਨ ਸੈਸ਼ਨ ਵਿੱਚ ਖੋਜ ਪੱਤਰ ਪੇਸ਼ ਕੀਤੇ ਗਏ ਸੈਸ਼ਨ ਦੀ ਪ੍ਰਧਾਨਗੀ ਪ੍ਰਸਿੱਧ ਸਿੱਖ ਇਤਿਹਾਸਕਾਰ ਸ. ਜਗਮੋਹਨ ਸਿੰਘ ਗਿੱਲ, ਕਲਕਤਾ ਵੱਲੋਂ ਕੀਤੀ ਗਈ, ਜੰਮੂ-ਕਸ਼ਮੀਰ ਤੋਂ ਸੂਬੇਦਾਰ (ਡਾ.) ਨਿਸ਼ਾਨ ਸਿੰਘ ਰਾਠੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਇਸ ਦਾ ਸੰਚਾਲਨ ਪ੍ਰੋ. ਨਸੀਬ ਸਿੰਘ ਸੰਧੂ ਤੇ ਡਾ. ਵੀਰ ਵਿਕਾਸ ਨੇ ਕੀਤਾ।
ਸੈਮੀਨਾਰ ਦੇ ਵਿਦਾਇਗੀ ਸੈਸ਼ਨ ਵਿੱਚ ਸ਼੍ਰੀ ਕ੍ਰਿਸ਼ਨ ਆਯੁਸ਼ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਮਾਨਯੋਗ ਵਾਈਸ-ਚਾਂਸਲਰ ਪ੍ਰੋ. ਕਰਤਾਰ ਸਿੰਘ ਧੀਮਾਨ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕਰਦਿਆਂ ਕਿਹਾ ਕੀ ਭਾਰਤੀ ਗਿਆਨ ਪ੍ਰੰਪਰਾ ਸਾਡੇ ਸਭਨਾਂ ਲਈ ਬਹੁਤ ਮਹੱਤਵਪੂਰਨ ਅਤੇ ਗਿਆਨ ਦਾ ਭੰਡਾਰ ਹੈ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਰਜਿਸਟਰਾਰ ਲੈਫ਼ਟੀਨੈਂਟ (ਪ੍ਰੋ.) ਵੀਰੇਂਦਰ ਪਾਲ ਸਿੰਘ ਨੇ ਇਸ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਬੋਲਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਵਿਰਾਸਤ ਸਾਡੇ ਸਭਨਾਂ ਲਈ ਮਹੱਤਵਪੂਰਨ ਹੈ। ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਦੇ ਅਨੁਸਾਰ ਜਦੋਂ ਸਾਂਤੀ ਦੇ ਸਾਰੇ ਹੀਲੇ ਵਸੀਲੇ ਖ਼ਤਮ ਹੋ ਜਾਣ ਤਾਂ ਤਲਵਾਰ ਚੁੱਕਣਾ ਜਾਇਜ ਹੈ। ਇਸ ਮਹੱਤਵਪੂਰਨ ਮੌਕੇ ਡਾ. ਸੁਦਰਸ਼ਨ ਗਾਸੋ (ਪ੍ਰਧਾਨ, ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ) ਅਤੇ ਸ. ਗੁਰਚਰਨ ਸਿੰਘ ਜੋਗੀ (ਸਾਬਕਾ ਪ੍ਰਿੰਸੀਪਲ, ਅੰਬਾਲਾ ਸ਼ਹਿਰ) ਨੇ ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਗੁਰੂ ਸਾਹਿਬਾਨ ਤੇ ਆਪਣੇ ਵਿਚਾਰ ਸਾਂਝੇ ਕੀਤੇ। ਸੈਮੀਨਾਰ ਦੇ ਅੰਤ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਮੁਖੀ, ਪੰਜਾਬੀ ਵਿਭਾਗ, ਪ੍ਰੋ. ਹਰਸਿਮਰਨ ਸਿੰਘ ਰੰਧਾਵਾ ਨੇ ਆਪਣਾ ਪ੍ਰਭਾਵਸ਼ਾਲੀ ਅਤੇ ਵਿਚਾਰਧਾਰਕ ਵਿਦਾਇਗੀ ਭਾਸ਼ਣ ਦਿੱਤਾ ਅਤੇ ਇਸ ਸੈਮੀਨਾਰ ਦੀ ਅਸਲ ਰੂਹ ਅਤੇ ਮੁੱਖ ਸੁਰ ਨੂੰ ਬਹੁਤ ਡੂੰਘਾਈ ਨਾਲ ਸਪੱਸ਼ਟ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਦਰਸ਼ਨ, ਖਾਲਸਾ ਪੰਥ ਦੀ ਸਿਰਜਣਾ ਅਤੇ ਉਨ੍ਹਾਂ ਦੇ ਉੱਚ ਆਦਰਸ਼ ਕੇਵਲ ਇਤਿਹਾਸਕ ਪੰਨਿਆਂ ਤੱਕ ਹੀ ਸੀਮਤ ਨਹੀਂ ਹਨ, ਸਗੋਂ ਇਹ ਮਨੁੱਖੀ ਜੀਵਨ ਨੂੰ ਹਰ ਪੱਖੋਂ ਉੱਚਾ ਚੁੱਕਣ ਵਾਲੇ ਸਦੀਵੀ ਮਾਰਗਦਰਸ਼ਕ ਸਿਧਾਂਤ ਹਨ। ਉਨ੍ਹਾਂ ਆਪਣੇ ਭਾਸ਼ਣ ਵਿੱਚ ਵਿਸਥਾਰ ਨਾਲ ਚਾਨਣਾ ਪਾਇਆ ਕਿ ਕਿਵੇਂ ਗੁਰੂ ਸਾਹਿਬ ਨੇ ਆਪਣੀ ਪਵਿੱਤਰ ਬਾਣੀ ਅਤੇ ਆਪਣੇ ਲਾਸਾਨੀ ਜੀਵਨ ਰਾਹੀਂ ਸਮਾਜ ਵਿੱਚੋਂ ਹਰ ਕਿਸਮ ਦੇ ਡਰ, ਅਨਿਆਂ ਅਤੇ ਜਾਤ-ਪਾਤ ਦੇ ਵਿਤਕਰੇ ਨੂੰ ਜੜ੍ਹੋਂ ਖ਼ਤਮ ਕਰਕੇ ਨਰੋਏ ਸਮਾਜ ਦੀ ਸਿਰਜਣਾ ਕੀਤੀ। ਪ੍ਰੋ. ਰੰਧਾਵਾ ਨੇ ਇਸ ਗੱਲ ਉੱਤੇ ਵੀ ਪੂਰਾ ਜ਼ੋਰ ਦਿੱਤਾ ਕਿ ਅਜੋਕੇ ਦੌਰ ਵਿੱਚ ਜਦੋਂ ਮਨੁੱਖੀ ਸਮਾਜ ਕਈ ਤਰ੍ਹਾਂ ਦੀਆਂ ਗੰਭੀਰ ਨੈਤਿਕ ਅਤੇ ਮਾਨਸਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਵਿਚਾਰਧਾਰਾ, ਨਿਡਰਤਾ, ਕੁਰਬਾਨੀ ਅਤੇ ਸਰਬਸਾਂਝੀਵਾਲਤਾ ਦੇ ਪਵਿੱਤਰ ਸੰਦੇਸ਼ ਨੂੰ ਆਪਣੇ ਨਿੱਜੀ ਅਤੇ ਸਮਾਜਿਕ ਜੀਵਨ ਵਿੱਚ ਅਪਣਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਅਤੇ ਅਹਿਮ ਲੋੜ ਬਣ ਚੁਕੀ ਹੈ। ਉਨ੍ਹਾਂ ਇਸ ਵਿਸ਼ਾਲ ਸੈਮੀਨਾਰ ਨੂੰ ਅਕਾਦਮਿਕ ਜਗਤ ਲਈ ਇੱਕ ਇਤਿਹਾਸਕ ਅਤੇ ਮਾਰਗਦਰਸ਼ਕ ਪਹਿਲਕਦਮੀ ਕਰਾਰ ਦਿੰਦਿਆਂ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਅਤੇ ਮਾਨਵਤਾਵਾਦੀ ਇਤਿਹਾਸ ਨਾਲ ਜੁੜਨ ਦਾ ਸੁਨੇਹਾ ਦਿੱਤਾ। ਸੈਮੀਨਾਰ ਦੀ ਸਫ਼ਲਤਾ ਲਈ ਪੂਰੀ ਕਮੇਟੀ ਨੂੰ ਵਧਾਈ ਦਿੰਦੀਆਂ ਕਿਹਾ ਕਿ ਹੁਣ ਅੱਗੇ ਗੁਰੂ ਸਾਹਿਬ ਜੀ ਵਿਚਾਰਧਾਰਾ ਦੇ ਉੱਤੇ ਮਾਈਕਰੋ ਸਟੱਡੀ ਕਰਨ ਦੀ ਜ਼ਰੂਰਤ ਹੈ ਤਾਂ ਕੀ ਇੱਕ ਚੰਗੀ ਰਿਸਰਚ ਸਾਹਮਣੇ ਲਿਆਂਦੀ ਜਾ ਸਕੇ।
ਇਸ ਸੈਮੀਨਾਰ ਵਿੱਚ 205 ਖੋਜ ਪੱਤਰਾਂ ਦੇ ਸੰਖੇਪ ਸਾਰ ਪਹੁੰਚੇ ਅਤੇ 40 ਤੋਂ ਵੱਧ ਮਹਿਮਾਨਾਂ ਨੇ ਭਾਗ ਲਿਆ ਅਤੇ ਦੋਨੋਂ ਦਿਨ 200 ਤੋਂ ਵੱਧ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਵੱਖ ਵੱਖ ਯੂਨੀਵਰਟੀਆਂ ਅਤੇ ਵਿਭਾਗਾਂ ਤੋਂ ਭਾਗ ਲਿਆ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਤੋਂ ਡੀਨ, ਚੇਅਰਪਰਸਨ, ਪੋ੍ਰਫ਼ੈਸਰ ਸਾਹਿਬਾਨ ਹਾਜ਼ਰ ਰਹੇ। ਵਿਸ਼ੇਸ਼ ਤੌਰ ਤੇ ਡਾ. ਗੁਰਚਰਨ ਸਿੰਘ, ਡਾ. ਪ੍ਰਵੇਸ਼, ਡਾ. ਕੁਲਦੀਪ ਕੁਮਾਰ, ਡਾ. ਹਰਵਿੰਦਰ ਸਿੰਘ ਲੌਂਗੋਵਾਲ,  ਡਾ. ਗੌਤਮ, ਡਾ. ਪ੍ਰਿਆ ਸ਼ਰਮਾ, ਡਾ. ਨਿਧੀ, ਡਾ. ਰਿਤੂ ਸੈਣੀ, ਡਾ. ਹਰਨੇਕ ਸਿੰਘ ਸੈਣੀ, ਸੁਨੀਲ ਕੁਮਾਰ, ਸੰਦੀਪ ਸਿੰਘ, ਰਾਣੀ ਦੇਵੀ, ਮਨਪ੍ਰੀਤ ਕੌਰ, ਜਗਤਾਰ ਸਿੰਘ, ਅੰਮ੍ਰਿਤ, ਅੰਕਿਤ, ਕੁਲਦੀਪ ਸਿੰਘ, ਅਨਿਲ ਕੁਮਾਰ, ਬਲਵੰਤ ਸਿੰਘ, ਸੋਰਭ, ਕਾਜਲ, ਆਂਚਲ, ਖੁਸ਼ਬੂ, ਮੁਸਕਾਨ, ਅਸ਼ੀਸ ਆਦਿ ਵਿਦਿਆਰਥੀ ਅਤੇ ਖੋਜਾਰਥੀ ਹਾਜ਼ਰ ਰਹੇ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
***
1962
***

+7589233437 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਨਿਸ਼ਾਨ ਸਿੰਘ ਰਾਠੌਰ
# 1054/1,

ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ # 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ: 90414-98009

View all posts by ਡਾ. ਨਿਸ਼ਾਨ ਸਿੰਘ ਰਾਠੌਰ →