21 January 2025

ਲਉ ਜਨਾਬ ਪੇਸ਼ ਹਨ ਬਰਤਾਨਵੀ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਦੀਆਂ 12 ਗ਼ਜ਼ਲਾਂ!

(1) ਬੇਚੈਨ ਨਜ਼ਰ ਬੇਤਾਬ ਜਿਗਰ ਦਿਲ ਦਿਲਬਰ ਤੇਰਾ ਦੀਵਾਨਾ!

ਬਹਿਰ: ਮੁਤਦਾਰਿਕ, ਮੁਜ਼ਾਇਫ਼, ਮਖ਼ਬੂਨ, ਮਸਕਨ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ੇਲੁਨ+ਫ਼ੇਲੁਨ +ਫ਼ੇਲੁਨ +ਫ਼ੇਲੁਨ+ਫ਼ੇਲੁਨ+ਫ਼ੇਲੁਨ+ਫ਼ੇਲੁਨ+ਫ਼ੇਲੁਨ)
(SS +SS + SS + SS + SS + SS + SS+ SS)

੦ ਗ਼ ਜ਼ ਲ

ਬੇਚੈਨ  ਨਜ਼ਰ  ਬੇਤਾਬ  ਜਿਗਰ ਦਿਲ ਦਿਲਬਰ ਤੇਰਾ ਦੀਵਾਨਾ।
ਜਲ਼ ਮਰਸੀ ਵਾਂਗ ਪਤੰਗੇ ਜੋ ‘ਗੁਰਸ਼ਰਨ’ ਉਹ ਆਸ਼ਕ ਪ੍ਰਵਾਨਾ।

ਦਿਲ-ਵੱਟੇ ਦਿਲ ਜੋ ਯਾਰ  ਦਵੇ ਉਸ  ਯਾਰ ਦਾ ਯਾਰੋ ਕੀ ਕਹਿਣਾ,
ਦਿਲ-ਸਾਫ਼ ਜਿਹੇ ਉਸ ਆਸ਼ਕ ਨੂੰ ਦਿਲਦਾਰ ਕਹਾਂ ਜਾਂ ਮਸਤਾਨਾ।

ਮਸਕੀਨ ਜਿਹਾ ਹਾਂ ਕੀ ਹੋਯਾ ਧੰਨ-ਦੌਲ਼ਤ ਮਿਲਣ ਮੁਕੱਦਰ ਨਾਲ਼,
ਪਰ ਤੇਰੀ  ਖ਼ਾਤਰ  ਵਾਰ ਦਿਆਂ  ਇਹ ਜਿੰਦ  ਵਜੋਂ  ਮੈਂ ਨਜ਼ਰਾਨਾ।

ਤਕ  ਤੇਰੀ   ਸੀਰਤ  ਸੂਰਤ  ਨੂੰ  ਦਿਲ  ਹੋਇਆ  ਤੇਰੇ ‘ਤੇ  ਮੋਹਿਤ,
ਮੇਰੇ ਮੁਰਸ਼ਦ ਯਾਰ ਖ਼ੁਦਾ  ਦਿੱਤਾ  ਹੈ  ਬਖ਼ਸ਼  ਤਿਰੇ ਸੰਗ ਯਾਰਾਨਾ।

ਦਿਲ ਲੋਚੇ ਹਰ ਇਕ ਮਿਸਰੇ ਵਿਚ ਤੇਰਾ ਹੀ   ਨਾਮ ਸ਼ੁਮਾਰ ਕਰਾਂ,
ਅਮਰ ਕਰਾਂ ਵਿਚ ਗ਼ਜ਼ਲਾਂ ਦੇ ਸ਼ਿਅਰਾਂ  ਦੀ ਵੀਣੀ  ਬੰਨ੍ਹ  ਗਾਨਾ।

ਸਾਡਾ ਇਸ਼ਕ ਪਵਿੱਤਰ ਪਾਕੀਜ਼ਾ ਇਸ ਵਿਚ ਨਾ ਯਾਰਾ ਖੋਟ ਕੁਈ,
ਤੈਨੂੰ ਰੱਬ  ਸਮਝ  ਕੇ  ਕੀਤਾ  ਏ,  ਹੈ ਪਿਆਰ ਇਲਾਹੀ •ਰੱਬਾਨਾ।

ਤੇਰੇ  ਮੋਹਰੇ  ਲੱਖ  ਸ਼ਰਾਬਾਂ  ਵੀ  ਦਿਲਦਾਰਾ ਫਿਕੀਆਂ ਪੈ ਜਾਵਣ,
ਫਿਰ  ਸੁੱਝੇ  ਬੋਤਲ਼  ਸ਼ੋਤਲ਼  ਨਾ,  ਨਾ   ਸਾਕੀ  ਨਾ  ਹੀ  ਪੈਮਾਨਾ।

ਤੈਨੂੰ  ਵੇਖ  ਥਕਾਵਟ  ਲਹਿ  ਜਾਵੇ  ਅਦਭੁੱਤ  ਨਸ਼ਾ  ਹੀ ਆ ਜਾਵੇ,
ਫਿਰ ਲੋਡ਼ ‘ਅਜੀਬਾ’ ਨਾ ਰਹਿੰਦੀ ਜਾਵਣ  ਨੂੰ  ਪੱਬ  ਜਾਂ  ਮੈਖ਼ਾਨਾ।

ਜੋ  ਚੰਦ  ਬਚੇ  ਦਿਨ  ‘ਗੁਰਸ਼ਰਨਾ’ ਲਾ ਜਾ  ਤੂੰ  ਲੇਖੇ ਗ਼ਜ਼ਲਾਂ ਦੇ,
ਆਖ਼਼ਰ ਤੂੰ  ਏਥੋਂ ਜਾਣਾ ਏਂ ਇਹ ਦੁਨੀਆ •ਘਰ-ਜਗ-ਮਹਿਮਾਨਾ।

  • ਰੱਬਾਨਾ: ਰੱਬੀ
    •ਘਰ-ਜਗ-ਮਹਿਮਾਨਾ: ਮਹਿਮਾਨਾਂ ਦਾ ਘਰ

**

(2) ਕਦੇ ਢੁਕ-ਢੁਕ ਜੋ ਬਹਿੰਦੇ ਸੀ ਉਹ ਨੇਡ਼ੇ ਆਉਣ ਤੋਂ ਡਰਦੇ!

ਬਹਿਰ: ਹਜ਼ਜ, ਮੁਸੱਮਨ, ਸਾਲਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS +  ISSS + ISSS)

੦ ਗ਼ ਜ਼ ਲ

ਕਦੇ  ਢੁਕ-ਢੁਕ  ਜੋ ਬਹਿੰਦੇ  ਸੀ  ਉਹ ਨੇਡ਼ੇ ਆਉਣ ਤੋਂ ਡਰਦੇ।
ਕਲੋਲਾਂ ਕਰਨ ਤੋਂ  ਡਰਦੇ ਨੇ  ਦਿਲ  ਬਹਿਲਾਉਣ  ਤੋਂ  ਡਰਦੇ।

ਸਲੀਕੇ   ਭੁੱਲ   ਬੈਠੇ   ਨੇ  ਭੁਲਾ   ਬੈਠੇ  ਵੀ    ਕਦਰਾਂ  ਲੋਕ,
ਮਿਰੀ ਪਰਛਾਈ  ਤੋਂ  ਝਿਜਕਣ ਅਤੇ ਗਲ਼ ਲਾਉਣ ਤੋਂ  ਡਰਦੇ।

ਬਦਲ  ਦਿੱਤੇ  ਨੇ ਸਭ  ਰਿਸ਼ਤੇ, •ਕਰੋਨਾ ਨੇ  ਕਿ  ਹੁਣ ਆਪਾਂ,
ਮਿਲਾਉਂਦੇ  ਅੱਖ  ਨਾ  ਬਾਹਾਂ  ‘ਚ  ਬਾਹਾਂ ਪਾਉਣ  ਤੋਂ  ਡਰਦੇ।

ਜਿਨ੍ਹਾਂ  ਮਿਹਨਤ  ਮੁਸ਼ੱਕਤ  ਨਾਲ਼ ਜੀਵਨ  ਹੈ  ਬਸਰ  ਕੀਤਾ,
ਉਹ  ਅਜਕਲ  ਆਪਣੇ  ਬੱਚੇ  ਨੂੰ ਹੀ ਸਮਝਾਉਣ ਤੋਂ ਡਰਦੇ।

ਕਿਤੇ   ਰਹਿ   ਜਾਏ  ਨਾ  ਕੋਈ, ਮੁਹੱਬਤ  ਵਿਚ  ਕਮੀ  ਪੇਸ਼ੀ,
ਇਸੇ  ਕਰਕੇ  ਮੇਰੇ   ਵਰਗੇ  ਨੇ  ਯਾਰੀ  ਲਾਉਣ  ਤੋਂ  ਡਰਦੇ।

ਮਹਾ  ਰਸੀਏ  ਜੋ   ਹੋਵਣ  ਇੱਕ  ਨਾ   ਜੇ   ਅੰਦਰੋਂ  ਬਾਹਰੋਂ,
ਤਾਂ ਅਕਸਰ ਲੋਕ ਫਿਰ ਉਹਨਾਂ ਨੂੰ ਮੂੰਹੀਂ ਲਾਉਣ ਤੋਂ  ਡਰਦੇ।

‘ਅਜੀਬਾ’ ਬਹੁਡ਼ਿਆ ਜੋ  ਗੰਨ-ਕਲਚਰ  ਹੈ  ਬੜਾ  ਘਾਤਕ,
ਨਾ  ਲੋਕੀਂ  ਇਕ ਦੁਏ ਨੂੰ   ਮੌਤ  ਦੇ  ਮੂੰਹ ਪਾਉਣ  ਤੋਂ ਡਰਦੇ।

•ਕਰੋਨਾ: ਜਾਂ-ਲੇਵਾ ਫ਼ਲੂ ਵਾਇਰਸ
**
(3) ਕੌਣ ਕਿਸੇ ਦਾ ਦਰਦ ਵੰਡਾਂਦਾ ਹਰ ਵੇਲ਼ੇ!

ਬਹਿਰ: ਮੁਤਦਾਰਿਕ, ਮਕਤੂਅ,ਅਖ਼ਜ਼
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ੇਲੁਨ+ਫ਼ੇਲੁਨ +ਫ਼ੇਲੁਨ +ਫ਼ੇਲੁਨ+ਫ਼ੇਲੁਨ+ਫ਼ੇ)
(SS +SS + SS + SS + SS + S)

੦ ਗ਼ਜ਼ਲ

ਕੌਣ   ਕਿਸੇ   ਦਾ   ਦਰਦ  ਵੰਡਾਂਦਾ   ਹਰ   ਵੇਲ਼ੇ।
ਕੌਣ   ਕਿਸੇ   ਦੇ   ਆਉਂਦਾ  ਜਾਂਦਾ  ਹਰ    ਵੇਲ਼ੇ।

ਰਸਮੀ  ਤੌਰ  ‘ਤੇ   “ਕਿੱਦਾਂ ਭਾ ਜੀ?”   ਪੁਛ   ਲੈਂਦੇ,
ਕੋਈ  ਨਾ  ਆ  ਕੇ  ਪਿਆਰ  ਜਤਾਂਦਾ  ਹਰ  ਵੇਲ਼ੇ।

ਲਵ  ਯੂ    ਲਵ  ਯੂ   ਸਾਰੇ   ਕਰਦੇ  ਫਿਰਦੇ ਹਨ ,
ਪਰ   ਨਾ   ਕੋਈ   ਪਰੇਮ  ਨਿਭਾਂਦਾ   ਹਰ   ਵੇਲ਼ੇ।

ਸਭ    ਨੂੰ   ਆਪੋ-ਧਾਪੀ     ਲੱਗੀ    ਰਹਿੰਦੀ   ਹੈ,
ਹਰ  ਕੋਈ   ਅਪਣੇ   ਦੁੱਖ   ਸੁਣਾਂਦਾ   ਹਰ  ਵੇਲੇ।

ਕਿਸ  ਹਾਲਤ  ਵਿਚ  ਹੋਸੈਂ?   ਮੈਂ  ਹੀ  ਜਾਣ  ਸਕਾਂ,
ਮੈਨੂੰ   ਤੇਰਾ   ਫ਼ਿਕਰ     ਸਤਾਂਦਾ    ਹਰ     ਵੇਲ਼ੇ।

ਲੈਣ   ਖ਼ਬਰ   ਜੇ   ਆਵਣ  ਲੈਣੀ  ਭੁਲ   ਜਾਵਣ,
ਹਰ  ਕੋਈ  ਅਪਣੇ  ਹੀ  ਗੁਣ  ਗਾਂਦਾ  ਹਰ  ਵੇਲੇ।

ਹਮਦਰਦਾਂ   ਦਾ  ਕਾਲ਼  ਪਿਆ  ਹੁਣ  ਲਗਦਾ  ਹੈ,
ਠੱਗਾਂ    ਦਾ     ਜੰਜਾਲ਼    ਸਤਾਂਦਾ     ਹਰ   ਵੇਲੇ।

ਜਦ ਨਾ ਮਿਲਦੀ  ਖ਼ਬਰ-ਸਾਰ  ਕੁਈ ਮਿਤਰਾਂ ਦੀ,
ਕੁਝ   ਕੁਝ   ਮੇਰਾ  ਦਿਲ  ਘਬਰਾਂਦਾ  ਹਰ  ਵੇਲੇ।

ਤੱਤੀ    ‘ਵਾ    ਨਾ    ਲੱਗੇ    ਸਾਡੇ    ਸੱਜਨਾ   ਨੂੰ,
ਏਹੋ   ਮੇਰਾ   ਤਨ  ਮਨ     ਚਾਂਦ੍ਹਾ    ਹਰ    ਵੇਲ਼ੇ।

ਕੀਤੇ   ਕੌਲ਼  ਕਰਾਰ   ਕਿਵੇਂ  ਕੋਈ  ਭੁਲ   ਸਕਦੈ,
‘ਗੁਰਸ਼ਰਨ’  ਹਮੇਸ਼ਾ  ਕੌਲ਼  ਨਿਭਾਂਦਾ  ਹਰ  ਵੇਲ਼ੇ।

ਇਹ  ਦੁਨੀਆ  ਕੀ ਚੱਕਰ  ਯਾਰ  ‘ਅਜੀਬਾ’ ਹੈ?,
ਮਾਨਵ    ਏਥੇ   ਆਉਂਦਾ    ਜਾਂਦਾ   ਹਰ    ਵੇਲ਼ੇ।

੦(ਪ੍ਰਕਾਸ਼ਣਾ ਅਧੀਨ ਗ਼ਜ਼ਲ-ਸੰਗ੍ਰਹਿ
‘ਜਾਮ-ਏ-ਗ਼ਜ਼ਲ’ ‘ਚੋਂ)
**
(4) ਰਤਾ ਅਖ ਮਿਲਾਓ ਮਿਲੇ ਚੈਨ ਦਿਲ ਨੂੰ।

ਬਹਿਰ: ਮੁਤਕਾਰਿਬ, ਮੁਸੱਮਨ, ਸਾਲਿਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ਊਲਨ+ਫ਼ਊੁਲੁਨ+ਫ਼ਊੁਲੁਨ+ਫ਼ਊਲੁਨ)
(ISS+ISS+ISS+ISS)

ਰਤਾ  ਅਖ  ਮਿਲਾਓ  ਮਿਲੇ  ਚੈਨ ਦਿਲ ਨੂੰ।
ਮਿਰੇ  ਪਾਸ  ਆਓ  ਮਿਲੇ   ਚੈਨ  ਦਿਲ ਨੂੰ।

ਤੁਹਾਡੇ ਬਿਨਾਂ ਦਿਲ  ਨਾ  ਲਗਦਾ  ਅਸਾਡਾ,
ਜ਼ਰਾ   ਮੁਸਕਰਾਓ   ਮਿਲੇ  ਚੈਨ  ਦਿਲ ਨੂੰ।

ਬਿਨਾਂ ਆਪ ਦੇ ਹੈ  ਇਹ  ਜੀਵਨ  ਜਹੰਨਮ,
ਕਿ ਜੰਨਤ  ਵਿਖਾਓ  ਮਿਲੇ  ਚੈਨ  ਦਿਲ ਨੂੰ।

ਫਟਾ   ਫੱਟ  ਹੀ ਆ ਕੇ   ਚਲੇ  ਜਾਂਵਦੇ   ਓ,
ਜ਼ਰਾ   ਠਹਿਰ ਜਾਓ ਮਿਲੇ  ਚੈਨ ਦਿਲ  ਨੂੰ।

ਇਹ ਸੀਤਲ ਹਵਾਵਾਂ  ਇਹ ਮੌਸਮ ਸੁਹਾਨਾ,
ਮਿਰੇ   ਸੰਗ   ਬਿਤਾਓ ਮਿਲੇ ਚੈਨ ਦਿਲ ਨੂੰ।

ਮਿਰੀ   ਖ਼ੁਸ਼ਨਸੀਬੀ   ਕਿ   ਆਏ  ਤੁਸੀਂ  ਹੋ,
ਸਨਮ ਖਿੜਖਿੜਾਓ  ਮਿਲੇ  ਚੈਨ  ਦਿਲ ਨੂੰ।

ਮਿਰੇ  ਮਨ   ਦੀ  ਖ਼ਾਹਿਸ਼ ਰਹੋ   ਪਾਸ  ਮੇਰੇ,
ਕਿ  ਨਾ   ਦੂਰ  ਜਾਓ  ਮਿਲੇ  ਚੈਨ ਦਿਲ ਨੂੰ।

ਸੁਣੋ  ਹਾਲ ਦਿਲ ਦਾ   ਸੁਣਾਓ  ਵੀ  ਅਪਣਾ,
ਸੁਣੋ   ਕੁਝ  ਸੁਣਾਓ    ਮਿਲੇ ਚੈਨ ਦਿਲ ਨੂੰ।

‘ਅਜੀਬਾ’ ਗ਼ਜ਼ਲ ਉਹ ਜੋ ਕੀਲੇ  ਦਿਲਾਂ  ਨੂੰ,
ਗ਼ਜ਼ਲ  ਗੁਣਗੁਣਾਓ  ਮਿਲੇ  ਚੈਨ ਦਿਲ ਨੂੰ।
**
(5) ਤੇਰੀ ਯਾਦ ਸਤਾਵੇ ਮਾਧੋ ਮੀਤ ਮਿਰੇ !

ਬਹਿਰ: ਮੁਤਦਾਰਿਕ, ਮਕਤੂਅ,ਅਖ਼ਜ਼
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ੇਲੁਨ+ਫ਼ੇਲੁਨ +ਫ਼ੇਲੁਨ +ਫ਼ੇਲੁਨ+ਫ਼ੇਲੁਨ+ਫ਼ੇ)
(SS +SS + SS + SS + SS + S)

o ਗ਼ਜ਼ਲ

ਤੇਰੀ   ਯਾਦ   ਸਤਾਵੇ    ਮਾਧੋ   ਮੀਤ   ਮਿਰੇ।
ਆਵੇ   ਜਦ  ਤਡ਼ਪਾਵੇ   ਮਾਧੋ   ਮੀਤ   ਮਿਰੇ।

ਯਾਦ ਕਰੇ  ਬਿਨ ਤੈਨੂੰ  ਕੋਈ ਪਲ਼ ਗੁਜ਼ਰੇ ਨਾ,
ਤਨ  ਮਨ  ਡੁਬਦਾ  ਜਾਵੇ  ਮਾਧੋ  ਮੀਤ  ਮਿਰੇ।

ਵਢ ਵਢ  ਖਾਵੇ ਯਾਦ ਤਿਰੀ ਦਿਨ ਰਾਤ ਸਦਾ,
ਮਨ  ਰੋਵੇ   ਕੁਰਲਾਵੇ   ਮਾਧੋ   ਮੀਤ    ਮਿਰੇ।

ਚੈਨ  ਮਿਲੇ   ਨਾ  ਭੋਰਾ  ਮਨ   ਬੇਚੈਨ ਸਦਾ,
ਕਲਪੇ  ਰੂਹ   ਕਲਪਾਵੇ  ਮਾਧੋ  ਮੀਤ   ਮਿਰੇ।

ਦੀਦ  ਤਿਰੀ  ਨੂੰ ਤਰਸੇ ਤਨ  ਮਨ  ਲੋਚੇ  ਵੀ,
•ਸ਼ਰਧੀ-ਫੁੱਲ   ਚਡ਼੍ਹਾਵੇ   ਮਾਧੋ  ਮੀਤ   ਮਿਰੇ।

ਆਖਾਂ ਰੋਜ਼ ਗ਼ਜ਼ਲ ਇਕ  ਕਰਕੇ  ਨਾਮ ਤਿਰੇ,
ਤਨ ਮਨ  ਜੋ  ਬਹਿਲਾਵੇ  ਮਾਧੋ  ਮੀਤ  ਮਿਰੇ।

ਦੀਦ  ਤਿਰੀ  ਦੀ ਤਾਂਘ  ਮਿਟੇ ਨਾ ਮਨ  ਵਿੱਚੋਂ,
ਮਨ   ਤਾਂਘੇ   ਲਲਚਾਵੇ   ਮਾਧੋ  ਮੀਤ  ਮਿਰੇ।

ਕੋਸ਼ਿਸ਼  ਕੀਤੇ   ਵੀ  ਨਾ  ਜਾਵੇ  ਯਾਦ   ਤਿਰੀ,
ਸੀਨੇ   ਲਾਂਬੂ   ਲਾਵੇ   ਮਾਧੋ    ਮੀਤ    ਮਿਰੇ।

ਬੀਤ  ਨਾ ਜਾਵੇ ਵਕ਼ਤ  ਸੁਨਹਿਰੀ  ਤੇਰੇ ਬਿਨ,
ਕਾਸ਼  ਕਿ ਇਹ  ਰੁਕ  ਜਾਵੇ ਮਾਧੋ ਮੀਤ ਮਿਰੇ।

ਬਸੰਤ  ਬਹਾਰਾਂ ਸੰਗ  ਤਿਰੇ ਰਲ਼ ਕੱਟੀਆਂ ਜੋ,
ਮੌਲ਼ਾ  ਮੋਡ਼   ਲਿਆਵੇ   ਮਾਧੋ   ਮੀਤ   ਮਿਰੇ।

ਮੇਲ  ਕਰਾਵੇ   ਮੌਲ਼ਾ  ਰੰਗਲੇ  ਸਜਨਾਂ  ਸੰਗ,
ਮੀਂਹ  ਖ਼ੁਸ਼ੀਆਂ  ਦਾ  ਪਾਵੇ  ਮਾਧੋ ਮੀਤ ਮਿਰੇ।

ਸਾਰ-ਖ਼ਬਰ  ਜਦ  ਤੇਰੇ  ਬਾਰੇ  ਮਿਲਦੀ  ਨਾ,
ਖ਼ੌਫ਼  ਤਿਰਾ   ਦਹਿਲਾਵੇ  ਮਾਧੋ  ਮੀਤ   ਮਿਰੇ।

ਕੌਣ ਕਿਸੇ ਦੀ  ਯਾਰ ‘ਅਜੀਬਾ’  ਸੁਣਦਾ ਹੈ?,
•ਮਨ-ਜ਼ਾਰ ਔਂਸੀਆਂ ਪਾਵੇ ਮਾਧੋ ਮੀਤ ਮਿਰੇ।

  • ਸ਼ਰਧੀ-ਫੁੱਲ: ਸ਼ਰਧਾ ਦੇ ਫੁੱਲ
    •ਮਨ-ਜ਼ਾਰ: ਉਦਾਸ ਮਨ

**
(6)
ਮੌਸਮ ਬਡ਼ਾ ਬੇਜ਼ਾਰ ਸੀ ਕਲ ਅਜ ਸੁਹਾਨਾ ਹੋ ਗਿਆ।

ਬਹਿਰ: ਰਜ਼ਜ਼, ਮੁਸੱਮਨ, ਸਾਲਮ
ਅਰਕਾਨ : ਇਕ ਮਿਸਰੇ ਵਿਚ ਇਕ ਵਾਰ
(ਮੁਸਤਫ਼ਇਲੁਨ + ਮੁਸਤਫ਼ਇਲੁਨ + ਮੁਸਤਫ਼ਇਲੁਨ +
ਮੁਸਤਫ਼ਇਲੁਨ)
(SSIS + SSIS + SSIS + SSIS)

o ਗ਼ਜ਼ਲ

ਮੌਸਮ  ਬਡ਼ਾ  ਬੇਜ਼ਾਰ  ਸੀ  ਕਲ  ਅਜ  ਸੁਹਾਨਾ ਹੋ ਗਿਆ।
ਪਾਏ ਤੁਸਾਂ  ਜਦ ਚਰਨ ਘਰ,  ਘਰ ਆਸ਼ਕਾਨਾ ਹੋ ਗਿਆ।

ਗੁਜ਼ਰੇ  ਗਲੀ਼  ‘ਚੋਂ  ਉਹ  ਜਦੋਂ  ਖ਼ੁਸ਼ਬੂ  ਜਿਵੇਂ ਖਿੰਡਰੀ ਕੋਈ,
ਵਾਤਾਵਰਨ ਇਤਰੀ ਨਿਹਾਇਤ ਦਿਲ-ਲੁਭਾਨਾ  ਹੋ  ਗਿਆ।

ਕੋਈ   ਨਹੀਂ  ਸੁਣਦੈ  ਕਿਸੇ   ਦੀ  ਨਾ  ਹੀ  ਲੈਂਦਾ  ਸਾਰ  ਹੈ,
ਹੈ   ਹਰ  ਕੋਈ  ਇਕ  ਦੂਸਰੇ  ਤੋਂ  ਬੇਧਿਆਨਾ  ਹੋ  ਗਿਆ।

ਪੂਜਾ   ਤਿਰੀ   ਹੁੰਦੀ  ਰਹੀ  ਹੁੰਦੀ  ਰਹੂ  ਹਰ  ਯੁੱਗ  ਵਿਚ,
ਐ ਹੁਸਨ ਤੈਨੂੰ ਵੇਖ ਅਜ ਫਿਰ ਦਿਲ  ਦੀਵਾਨਾ ਹੋ ਗਿਆ।

ਬੀਤੇ   ਸਮੇਂ  ਵਿਚ  ਬੀਬੀਆਂ  ਪਿੱਛੇ  ਸੀ  ਜਾਂਦੇ  ਨੌਜਵਾਨ,
ਅਜ ਕੱਲ੍ਹ ਬਿਲਕੁਲ ਹੀ ਉਲਟਾ ਇਹ ਜ਼ਮਾਨਾ ਹੋ ਗਿਆ।

ਲੋਚਾਂ ਨਾ  ਮੈੰ  ਧਨ  ਸ਼ਹੁਰਤਾਂ  ਪੈਸਾ  ਨਾ  ਤਖ਼ਤੋ-ਤਾਜ  ਹੀ,
ਮੇਰਾ   ਗ਼ਜ਼ਲ-ਦੀਵਾਨ   ਮੇਰਾ  ਹੀ  ਖ਼ਜ਼ਾਨਾ  ਹੋ  ਗਿਆ।

‘ਗੁਰਸ਼ਰਨ’   ਕੀ  ਬਣਸੀ  ਜ਼ਮਾਨੇ  ਏਸ  ਦਾ  ਓਦੋਂ  ਜਦੋਂ,
ਨਾਪਣ ਨੂੰ ਲੋਕਾਂ ਦਾ ਸਟੇਟਸ  ਧਨ  ਪੈਮਾਨਾ  ਹੋ  ਗਿਆ।

ਮੈਖ਼ਾਨਿਆਂ   ਵਿਚ  ਜਾ   ਕੇ  ਹੁੰਦੇ  ਜੋ  ਸ਼ਰਾਬੀ  ਹੋਣ  ਦੇ,
‘ਗੁਰਸ਼ਰਨ’ ਲਈ •ਜਾਮ-ਏ-ਗ਼ਜ਼ਲ ਉਸ ਦਾ ਮੈਖ਼ਾਨਾ ਹੋ ਗਿਆ।

  • ਜਾਮ-ਏ-ਗ਼ਜ਼ਲ: ਛਪਾਈ ਅਧੀਨ ਗ਼ਜ਼ਲ ਸੰਗ੍ਰਹਿ

**
(7)
ਕਮਾਈ ਰੱਝ ਕੇ ਕੀਤੀ ਕਮਾਇਆ ਨਾਮ ਉਚਿਆਰਾ!

ਬਹਿਰ: ਹਜ਼ਜ, ਮੁਸੱਮਨ, ਸਾਲਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS +  ISSS + ISSS)

੦ ਗ਼ ਜ਼ ਲ

ਕਮਾਈ ਰੱਝ ਕੇ ਕੀਤੀ ਕਮਾਇਆ ਨਾਮ ਉਚਿਆਰਾ।
ਬਣਾਇਆ ਫੇਰ ਜਾ ਕੇ ਆਪਣਾ ਜੀਵਨ ਇਹ ਉਜਿਆਰਾ।

ਕਦੇ ਪਤਝੜ ਕਦੇ ਖੇੜਾ ਕਦੇ ਵੀਰਾਨਗੀ ਵੇਖੀ,
ਪਰਾਪਤ ਫੇਰ ਜਾ ਹੋਇਆ ਇਹ ਜੀਵਨ ਪਰੇਮ ਦੀ ਧਾਰਾ।

ਕਦੇ ਪੁਤ ਲਾਡਲਾ ਬਣ ਕੇ ਕਦੇ ਬੇਗਮ ਦਾ ਬਣ ਖ਼ਾਦਮ,
ਬਿਤਾਇਆ ਇਸ ਤਰਾਂ ਜੀਵਨ ਇਹ ਆਪਾਂ ਆਪਣਾ ਸਾਰਾ।

ਪਲਾਂ ਵਿਚ ਤੋਲ਼ਾ ਹੋ ਜਾਂਦੈ ਪਲਾਂ ਦੇ ਵਿੱਚ ਹੀ ਮਾਸਾ,
ਰਹੇ ਚੜ੍ਹਦਾ ਅਤੇ ਲਹਿੰਦਾ ਸਨਮ ਮੇਰੇ ਦਾ ਨਿਤ ਪਾਰਾ।

ਮਿਲੀ ਅੱਧੀ ਜਦੋਂ ਖਾਧੀ ਅਸਾਂ ਨੇ ਚੱਪਾ ਹੀ ਕੇਵਲ,
ਇਵੇਂ ਤਦ ਸਬਰ ਕਰ ਕਰ ਕੇ ਲੰਘਾਇਆ ਵਕਤ ਦੁਖਿਆਰਾ।

ਜਦੋਂ ਦਿਨ ਆ ਗਏ ਮਾੜੇ ਲਏ ਕੱਸ ਸੀ ਕਮਰਕੱਸੇ,
ਨਾ ਮੱਠਾ ਹੋਣ ਹੀ ਦਿੱਤਾ ਅਸਾਂ ਸੰਘਰਸ਼ ਅੰਗਿਆਰਾ।

ਗ਼ਜ਼ਲ ਵਿਚ ਰੰਗ ਭਰ ਭਰ ਕੇ ਬਣਾਈਦੈ ਇਨੂੰ ਸੁੰਦਰ,
‘ਅਜੀਬਾ’ ਇਸ ਲਈ ਚਮਕੇ ਚਮਨ ਵਿਚ ਅਜ ਗ਼ਜ਼ਲ-ਤਾਰਾ।
**
(8) ਸਾਡੇ ਕਰਮੀਂ ‘ਕੱਲਾਪਣ ਘਰ ਖਾਲੀ ਤੇ ਤਨਹਾਈ!

ਬਹਿਰ: ਮੁਤਦਾਰਿਕ, ਮੁਸੱਬਾ, ਮਕਤੂਅ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ੇਲੁਨ +ਫ਼ੇਲੁਨ +ਫ਼ੇਲੁਨ +ਫ਼ੇਲੁਨ +ਫ਼ੇਲੁਨ +ਫ਼ੇਲੁਨ +ਫ਼ੇਲੁਨ)
(SS +SS + SS + SS + SS + SS + SS)

੦ ਗ਼ ਜ਼ ਲ

ਸਾਡੇ   ਕਰਮੀਂ   ‘ਕੱਲਾਪਣ  ਘਰ  ਖਾਲੀ  ਤੇ   ਤਨਹਾਈ।
ਮਾਰ   ਉਡਾਰੀ  ਬੱਚੇ  ਟੁਰ  ਗਏ  ਦੇ  ਕੇ  ਖ਼ੂਬ   ਜੁਦਾਈ।

ਬਿਰਹਾ   ਸਾਡਾ   ਮਿੱਤਰ   ਹੋਇਆ    ਬੇਲੀ  ਰੋਣਾ-ਧੋਣਾ,
ਆਪ ਬਲ਼ੀ  ਦੇ  ਬੱਕਰੇ  ਹੋਏ  ਖ਼ੁਦ  ਹੀ   ਆਪ   ਕਸਾਈ।

ਡੀਂਗਾਂ ਮਾਰ  ਸਮਝਦਾ  ਸੀ  ਜੋ  ਅਪਣੇ  ਆਪ  ਨੂੰ  ਰਾਜਾ,
ਤੁਰਿਆ   ਫਿਰਦੈ  ਵਾਂਗ  ਫ਼ਕੀਰਾਂ  ਤੰਗ  ਉਲਾਦੋਂ   ਭਾਈ।

ਨਾਲ਼   ਪਹਾਡ਼ਾਂ   ਟੱਕਰ  ਸਾਡੀ   ਤੂਫ਼ਾਨਾਂ   ਸੰਗ   ਆਢਾ,
ਜੱਦੋਜਹਿਦ ਸਦਾ ਨਿਤ  ਕਰਕੇ  ਆਪਾਂ  ਉਮਰ  ਬਿਤਾਈ।

ਰਾਤ ਦਿਨੇ ਕਰ ਮਿਹਨਤ  ਰਚੀਆਂ ਆਪਾਂ ਨੇ ਜੋ ਗ਼ਜ਼ਲਾਂ,
ਏਹੋ    ਸਾਡੀ   ਹੱਕ-ਹਲਾਲੀ   ਏਹੋ    ਕਿਰਤ    ਕਮਾਈ।

ਗ਼ਜ਼ਲਾਂ ਸਾਡਾ ਧਨ  ਸਰਮਾਇਆ  ਏਹੋ  ਹੀ  ਹਨ  ਪੂੰਜੀ,
ਮਰਨ  ਸਮੇਂ   ਧਨਵਾਨ  ਮਰਾਂਗੇ  ਨਾ  ਹੋ  ਕੇ  ਕਰਜ਼ਾਈ।

ਯਾਰ  ‘ਅਜੀਬਾ’  ਛੱਡ  ਪਰ੍ਹਾਂ  ਹੁਣ  ਜੱਗ ਦੇ  ਭੰਬਲ਼-ਭੂਸੇ,
ਬੈਠ ਅਨੰਦਤ ਕਰ ਨਿਤ ਖ਼ੁਦ ਨੂੰ ਲੈ ਗ਼ਜ਼ਲੀ ਅੰਗਡ਼ਾਈ।
**
(9) ਕਹਾਂ ਮੈਂ ਰੌਸ਼ਨੀ ਤੈਨੂੰ ਜਾਂ ਆਖਾਂ ਪ੍ਰੇਮ ਦੀ ਧਾਰਾ!

ਬਹਿਰ: ਹਜ਼ਜ, ਮੁਸੱਮਨ, ਸਾਲਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS +  ISSS + ISSS)

o ਜ਼ੰਜੀਰਦਾਰ ਗ਼ਜਲ

ਕਹਾਂ   ਮੈਂ   ਰੌਸ਼ਨੀ    ਤੈਨੂੰ   ਜਾਂ   ਆਖਾਂ   ਚਾਂਦਨੀ   ਯਾਰਾ।
ਤਿਰਾ ਮੁਖਡ਼ਾ ਬਡ਼ਾ ਪਿਆਰਾ ਬਡ਼ਾ ਪਿਆਰਾ ਬਡ਼ਾ ਪਿਆਰਾ।

ਤਿਰਾ ਮੁਖਡ਼ਾ ਬਡ਼ਾ ਪਿਆਰਾ ਬਡ਼ਾ ਪਿਆਰਾ ਬਡ਼ਾ ਪਿਆਰਾ।
ਮਿਰੇ  ਹਮਦਮ ਮਿਰੇ  ਮਹਿਰਮ ਮਿਰੇ ਦਿਲਦਾਰ ਦਿਲਦਾਰਾ।

ਮਿਰੇ ਹਮਦਮ  ਮਿਰੇ ਮਹਿਰਮ ਮਿਰੇ  ਦਿਲਦਾਰ ਦਿਲਦਾਰਾ।
ਤਿਰਾ ਅੰਗ-ਅੰਗ  ਹੈ  ਕਾਤਲ਼  ਤਿਰਾ ਮੁਖ  ਪ੍ਰੇਮ ਦੀ  ਧਾਰਾ।

ਤਿਰਾ ਅੰਗ-ਅੰਗ  ਹੈ ਕਾਤਲ਼  ਤਿਰਾ  ਮੁਖ ਪ੍ਰੇਮ  ਦੀ  ਧਾਰਾ।
ਖ਼ੁਦਾ   ਨੇ  ਬਖ਼ਸ਼ਿਆ  ਤੈਨੂੰ  ਜ਼ਮਾਨੇ   ਦਾ  ਹੁਸਨ    ਸਾਰਾ।

ਖ਼ੁਦਾ  ਨੇ   ਬਖ਼ਸ਼ਿਆ  ਤੈਨੂੰ  ਜ਼ਮਾਨੇ   ਦਾ   ਹੁਸਨ   ਸਾਰਾ।
ਹੈ   ਤੈਨੂੰ  ਮੰਨਿਆਂ  ਆਪਾਂ  ਵੀ  ਅਪਣਾ  •ਰੱਬ-ਇਸ਼ਕਾਰਾ।

ਹੈ  ਤੈਨੂੰ  ਮੰਨਿਆਂ  ਆਪਾਂ  ਵੀ   ਅਪਣਾ  •ਰੱਬ-ਇਸ਼ਕਾਰਾ।
ਨਹੀਂ  ਮਿਲਣਾ ਤਿਰੇ-ਵਰਗਾ-ਹਸੀਂ! ਜਗ ਢੂੰਡਿਆਂ  ਸਾਰਾ।

ਨਹੀਂ ਮਿਲਣਾ ਤਿਰੇ-ਵਰਗਾ-ਹਸੀਂ!  ਜਗ  ਢੂੰਡਿਆਂ ਸਾਰਾ।
ਤਿਰਾ ਜੋਬਨ ਹੈ ਦਿਲ-ਟੁੰਬਵਾਂ  ਤਿਰਾ ਨਖ਼ਰਾ •ਕ਼ਤਲਹਾਰਾ।

ਤਿਰਾ ਜੋਬਨ ਹੈ ਦਿਲ-ਟੁੰਬਵਾਂ ਤਿਰਾ  ਨਖ਼ਰਾ •ਕ਼ਤਲਹਾਰਾ।
ਤਿਰੀ  ਠੋਡੀ  ‘ਤੇ  ਕਾਲ਼ਾ ਤਿਲ਼  ਕਰੇ  ਰਾਖੀ  ਤਿਰੀ  ਯਾਰਾ।

ਤਿਰੀ ਠੋਡੀ ‘ਤੇ  ਕਾਲ਼ਾ  ਤਿਲ਼  ਕਰੇ  ਰਾਖੀ  ਤਿਰੀ  ਯਾਰਾ।
ਤਿਰਾ ਚੰਨ-ਪੁਰਨਮੀਂ ਚਿਹਰਾ ਰਵੀ ਦੀ ਕਿਰਨ ਜਾਂ ਤਾਰਾ।

ਤਿਰਾ ਚੰਨ-ਪੁਰਨਮੀਂ ਚਿਹਰਾ ਰਵੀ ਦੀ ਕਿਰਨ ਜਾਂ ਤਾਰਾ।
ਤਿਰੀ ਸੂਰਤ ਅਤੀ ਸੁੰਦਰ ਤਿਰਾ  ਮਸਤਕ ਹੈ  ਉਜਿਆਰਾ।

ਤਿਰੀ ਸੂਰਤ ਅਤੀ ਸੁੰਦਰ ਤਿਰਾ ਮਸਤਕ  ਹੈ ਉਜਿਆਰਾ।
ਤਿਰਾ  ਚਿਹਰਾ ਨੂਰਾਨੀ  ਹੈ  ਇਲਾਹੀ  ਨੂਰ  ਲਿਸ਼ਕਾਰਾ।

ਤਿਰਾ  ਚਿਹਰਾ ਨੂਰਾਨੀ  ਹੈ  ਇਲਾਹੀ  ਨੂਰ  ਲਿਸ਼ਕਾਰਾ।
ਕਹੇ ‘ਗੁਰਸ਼ਰਨ’ ਤੈਨੂੰ ਕਿਰਨ ਚੰਨ ਦੀ ਰਿਸ਼ਮ ਜਾਂ ਤਾਰਾ।

  • ਰੱਬ-ਇਸ਼ਕਾਰਾ: ਇਸ਼ਕ ਦਾ ਰੱਬ
    •ਕ਼ਤਲਹਾਰਾ: ਕ਼ਤਲ ਕਰਨ ਵਾਲ਼ਾ

**
(10)
ਬਡ਼ਾ ਮਨ-ਮਸਖ਼ਰਾ ਮੌਜੀ ਸਨਮ ਚਿਤ ਲਾਈ ਰਖਦਾ ਏ!

ਬਹਿਰ: ਹਜ਼ਜ, ਮੁਸੱਮਨ, ਸਾਲਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS +  ISSS + ISSS)

੦ ਗ਼ ਜ਼ ਲ

ਗੁਰਸ਼ਰਨ ਸਿੰਘ ਅਜੀਬ (ਲੰਡਨ)

ਬਡ਼ਾ ਮਨ-ਮਸਖ਼ਰਾ ਮੌਜੀ ਸਨਮ ਚਿਤ ਲਾਈ ਰਖਦਾ ਏ।
ਸਮਾਂ ਅੱਛਾ ਬੁਰਾ ਹੋਵੇ ਹਸਾਈ ਜਾਈ ਰਖਦਾ ਏ।

ਹੈ ਰੋਂਦੇ ਨੂੰ ਹਸਾ ਦਿੰਦੈ ਕਿ ਪੀਡ਼ਾਂ ਢਿੱਡੀਂ ਪਾ ਦਿੰਦੈ,
ਮਨੋਰੰਜਨ ਕਰੇ ਐਸਾ ਸਨਮ ਮਸਤਾਈ ਰਖਦਾ ਏ।

ਕਰਾਂ ਜੇ ਪੇਸ਼ਗੀ ਨਿਹੁੰ ਦੀ ਨਹੀ ਗਲ ਗੌਲ਼ਦਾ ਅਕਸਰ,
ਸਨਮ ਲਾਰੇ ‘ਤੇ ਹੀ ਲਾਰੇ ਹਮੇਸ਼ਾਂ ਲਾਈ ਰਖਦਾ ਏ।

ਨਿਰਾ ਗੱਲਾਂ ਹੀ ਕੀਤੇ ਨਾ ਸਨਮ ਕੋਈ ਸੌਰਦੈ ਮਸਲਾ,
ਬਿਨਾਂ ਵੰਡੇ ਇਹ ਦੋਲ਼ਤ ਪ੍ਰੇਮ ਦੀ ਟਰਕਾਈ ਰਖਦਾ ਏ।

ਬਡ਼ੇ ਕੱਟੇ ਨੇ ਰੋਜ਼ੇ ਪਿਆਰ ਦੇ ਤੇਰੇ ਬਿਨਾਂ ਜਾਨਮ,
ਬਿਨਾਂ ਕੀਤੇ ਮੁਹੱਬਤ ਦਿਲ ਸਨਮ ਤਡ਼ਪਾਈ ਰਖਦਾ ਏ।

ਬਡ਼ਾ ਅਥਰਾ ਸਨਮ ਡਾਢੈ ਜਦੋਂ ਅਡ਼ਦਾ ਤਾਂ ਅਡ਼ ਜਾਂਦੈ,
ਬਡ਼ਾ ਅਡ਼ੀਅਲ-ਸੁਭਾ ਜਿੱਦਲ ਭਸੂਡ਼ੀ ਪਾਈ ਰਖਦਾ ਏ।

ਜ਼ਮਾਨੇ ਦੇ ਰੁਝੇਵੇਂ ਤੇ ਝਮੇਲੇ ਹੁੰਦੇ ਵੀ ਦਿਲਬਰ,
ਬਡ਼ੇ ਪਕਵਾਨ ਰਿੰਨ੍ਹ ਆਲ਼੍ਹਾ ਖੁਆਈ ਖਾਈ ਰਖਦਾ ਏ।

ਅਸਾਡੇ ਸਬਰ ਨੂੰ ਨਿਤ ਪਰਖ਼ਣਾ ਆਦਤ ਸਨਮ ਦੀ ਹੈ,
ਦਿਨੇ ਰਾਤੀਂ ਅਸਾਡਾ ਸਬਰ ਹੀ ਅਜ਼ਮਾਈ ਰਖਦਾ ਏ।

ਸਨਮ ਤੇਰਾ ‘ਅਜੀਬਾ’ ਦਸ ਕਿ ਕਿਸ ਮਿੱਟੀ ਦਾ ਹੈ ਬਣਿਆਂ,
ਕਿ ਹਰ ਵੇਲ਼ੇ ਹੀ ਇਹ ਤੈਨੂੰ ਸਦਾ ਤਡ਼ਪਾਈ ਰਖਦਾ ਏ।

ਭਲ਼ੇ ਦਿਨ ਆਣਗੇ ਇਕ ਦਿਨ ‘ਅਜੀਬਾ’ ਬਹੁਡ਼ਸੀ ਖੇਡ਼ਾ,
ਇਸੇ ਇਕ ਆਸ ‘ਤੇ ‘ਗੁਰਸ਼ਰਨ’ ਝਟ ਲੰਘਾਈ ਰਖਦਾ ਏ।
**
(11) ਕਿਸ ਮੋਡ਼ ‘ਤੇ ਹੁਣ ਆ ਰੁਕੀ ਅਜਕਲ ਹੈ ਜ਼ਿੰਦਗੀ!

ਬਹਿਰ: ਰਜ਼ਜ਼, ਮੁਸੱਦਸ, ਅਖ਼ਰਬ
ਅਰਕਾਨ : ਇਕ ਮਿਸਰੇ ਵਿਚ ਇਕ ਵਾਰ
(ਮੁਸਤਫ਼ਇਲੁਨ + ਮੁਸਤਫ਼ਇਲੁਨ + ਮੁਸਤਫ਼ਇਲੁਨ + ਇਲੁਨ)
(SSIS + SSIS + SSIS + IS)

੦ ਜੰਜੀਰਦਾਰ ਗ਼ਜ਼ਲ

ਕਿਸ ਮੋਡ਼ ‘ਤੇ  ਹੁਣ  ਆ  ਰੁਕੀ ਅਜਕਲ ਹੈ ਜ਼ਿੰਦਗੀ।
ਬਿਲਕੁਲ ਕਸ਼ਿਸ਼ ਨਾ ਏਸ ਵਿਚ ਲਗਦੀ  ਹੈ ਬੇਸੁਰੀ।

ਬਿਲਕੁਲ ਕਸ਼ਿਸ਼ ਨਾ ਏਸ ਵਿਚ ਲਗਦੀ ਹੈ  ਬੇਸੁਰੀ।
ਝੁਰਦਾ ਰਹਾਂ  ਕੁਡ਼੍ਹਦਾ ਰਹਾਂ  ਦਿਨ  ਰਾਤ  ਹਰ ਘਡ਼ੀ।

ਝੁਰਦਾ  ਰਹਾਂ  ਕੁਡ਼੍ਹਦਾ ਰਹਾਂ  ਦਿਨ ਰਾਤ  ਹਰ ਘਡ਼ੀ।
ਕਹਿੰਦਾ ਰਹਾਂ ਗ਼ਜ਼ਲਾਂ  ਸਦਾ  ਆਦਤ  ਜੋ ਹੈ  ਮਿਰੀ।

ਕਹਿੰਦਾ ਰਹਾਂ ਗ਼ਜ਼ਲਾਂ ਸਦਾ ਆਦਤ  ਜੋ  ਹੈ   ਮਿਰੀ।
ਏਹੋ    ਮਿਰੀ    ਪੂਜਾ   ਲਗਨ   ਏਹੋ    ਹੈ  ਬੰਦਗੀ।

ਏਹੋ    ਮਿਰੀ  ਪੂਜਾ   ਲਗਨ    ਏਹੋ   ਹੈ    ਬੰਦਗੀ।
ਮੇਰੀ   ਗ਼ਜ਼ਲ   ਮੇਰੀ  ਗ਼ਜ਼ਲ   ਮੇਰੀ  ਹੈ  ਆਸ਼ਕੀ।

ਮੇਰੀ  ਗ਼ਜ਼ਲ  ਮੇਰੀ   ਗ਼ਜ਼ਲ  ਮੇਰੀ   ਹੈ   ਆਸ਼ਕੀ।
ਇਸ  ਦੇ  ਬਿਨਾਂ    ਪਹਿਚਾਨ   ਮੇਰੀ ਨਾ ਅਡੰਟਟੀ।

ਇਸ  ਦੇ  ਬਿਨਾਂ  ਪਹਿਚਾਨ  ਮੇਰੀ  ਨਾ  ਅਡੰਟਟੀ।
‘ਗੁਰਸ਼ਰਨ’ ਤੇਰੀ  ਰੂਹ ਗ਼ਜ਼ਲ  ਤੇੇਰੀ  ਹੈ  ਆਰਤੀ।

‘ਗੁਰਸ਼ਰਨ’ ਤੇਰੀ  ਰੂਹ ਗ਼ਜ਼ਲ  ਤੇੇਰੀ  ਹੈ  ਆਰਤੀ।
ਇਸ  ਦੇ  ਬਿਨਾਂ  ਤੇਰੀ  ਕਦੇ  ਹੋਣੀ  ਨਾ  ਹੈ  ਗਤੀ।

ਇਸ  ਦੇ  ਬਿਨਾਂ  ਤੇਰੀ  ਕਦੇ  ਹੋਣੀ  ਨਾ  ਹੈ  ਗਤੀ।
ਲਾ ਗ਼ਜ਼ਲ ‘ਗੁਰਸ਼ਰਨ’  ਗਲ਼ ਨਾ  ਦੇ  ਤਿਲਾਂਜਲੀ।

(12) ਕਰਾਂ ਕੀ ਦਿਲ ਨਹੀਂ ਲਗਦਾ ਮਿਰਾ ਉਜਡ਼ੇ ਗਰਾਂ ਅੰਦਰ।

ਬਹਿਰ: ਹਜ਼ਜ, ਮੁਸੱਮਨ, ਸਾਲਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS +  ISSS + ISSS)

o ਗ਼ ਜ਼ ਲ

ਕਰਾਂ ਕੀ ਦਿਲ ਨਹੀਂ ਲਗਦਾ ਮਿਰਾ ਉਜਡ਼ੇ  ਗਰਾਂ ਅੰਦਰ।
ਰਹਾਂ ਨਿਤ ਢੂੰਡਦਾ  ਖ਼ੁਸ਼ੀਆਂ ਮੈਂ  ਗ਼ਮਗੀਨੇ  ਜਹਾਂ ਅੰਦਰ।

ਨਾ ਮਿਲਦਾ ਚੈਨ ਧਰਤੀ ‘ਤੇ ਗਗਨ ‘ਤੇ  ਪੁਜ  ਨਹੀਂ  ਹੁੰਦਾ,
ਕਰੇ  ਦਿਲ  ਭਰਣ  ਨੂੰ  ਪਰਵਾਜ਼  ਨੀਲੇ ਆਸਮਾਂ  ਅੰਦਰ।

ਮਿਰੀ ਪਰਵਾਜ਼ ਦੀ ਬਿਲਕੁਲ  ਮਿਰੇ ਯਾਰੋ  ਨਾ  ਹਦ  ਕੋਈ,
ਕਿਆਸਾਂ ਨਿਤ ਉਡਾਣਾ ਲਾਉਣੀਆਂ  ਦਿਸਹੱਦਿਆਂ ਅੰਦਰ।

ਮੈਂ   ਹਾਂ   ਆਜ਼ਾਦ   ਪੰਛੀ   ਬੋਲਦਾਂ  ਸਚ  ਲੋਕਤਾ  ਖ਼ਾਤਰ,
ਨਿਡਰ ਹਾਂ ਜੀ ਨਹੀਂ ਸਕਦਾ ਮੈਂ ਵਡ਼ ਕੇ ਘੁਰਣਿਆਂ ਅੰਦਰ।

ਸਿਆਸਤਦਾਨਾਂ   ਤੋਂ  ਸਦਕੇ  ਜੋ  ਛਕਦੇ  ਮਾਲ਼  ਲੋਕਾਂ  ਦਾ,
ਨਾ ਫਿਰ ਵੀ ਘੱਟ-ਵੱਧ ਵਡ਼ਦੇ ਨੇ ਅਪਣੇ ਹਲਕਿਆਂ ਅੰਦਰ।

ਨਿਆਰੇ  ਦੇਸ   ਦੇ  ਨੇਤਾ  ਇਨ੍ਹਾਂ  ਦੀ  ਖ਼ੈਰ  ਕਿੰਝ  ਮੰਗੀਏ,
ਜੋ  ਅਰਬਾਂ     ਸਾਂਭ  ਕੇ  ਬੈਠੇ  ਵਿਦੇਸ਼ੀ  ਖ਼ਾਤਿਆਂ  ਅੰਦਰ।

ਹੈ ਆਖਣ ਨੂੰ ਕਿ ਭਾਰਤ ਕਰ ਰਿਹੈ ਨਿਸ ਦਿਨ  ਤਰੱਕੀ ਹੀ,
ਸਵੱਛ ਪਾਣੀ ਨਹੀਂ ਮਿਲਦੈ ਵੀ ਅਕਸਰ ਨਲ਼ਕਿਆਂ ਅੰਦਰ।

ਬਡ਼ਾ  ਆਸਾਨ    ਹੁੰਦਾ   ਹੈ   ਕਿਸੇ    ਦੇ   ਕੱਢਣੇ   ਔਗਣ,
ਪਤਾ ਅਪਣਾ  ਨਹੀਂ  ਚਲ਼ਦੈ  ਵੀ  ਝਾਤੀ  ਮਾਰਿਆਂ  ਅੰਦਰ।

ਬਡ਼ੀ   ਬੰਦਿਸ਼   ਜਹੀ  ਠੋਸੀ  ਹੈ  ਹੁੰਦੀ  ਹਾਕਮਾਂ  ਅਕਸਰ,
ਮਗਰ ਲੋਕੀਂ ਉਗਾ ਲੈਂਦੇ  ਨੇ •ਹਸ਼ਿਸ਼  ਗਮਲਿਆਂ  ਅੰਦਰ।

ਗ਼ਜ਼ਲ  ਮੇਰੀ  ‘ਤੇ   ਦੇਵੇ   ਜਾਂ  ਨਾ   ਦੇਵੇ  ਦਾਦ   ਹੀ  ਕੋਈ,
ਮੈਂ ਲੋਚਾਂ ਉਕਰਣੀਆਂ ਗ਼ਜ਼ਲਾਂ ਅਵਾਮੀ ਹਿਰਦਿਆਂ ਅੰਦਰ।

ਜੋ  ਕਰਨੀ  ਬਾਤ  ਹੁੰਦੀ  ਹੈ  ਬਡ਼ਾ  ਘਟ  ਲੋਕ  ਸੁਣਦੇ  ਨੇ,
ਲੁਕਾਵਾਂ ਮੈਂ ਨਾ ਕਹਿ ਜਾਵਾਂ ਹੀ ਮਤਲ਼ੇ  ਮਕਤਿਆਂ  ਅੰਦਰ।

ਗ਼ਜ਼ਲ ਕਹਿਣੀ ‘ਅਜੀਬਾ’ ਹੈ  ਤਿਰੀ  ਚਾਹਤ  ਤਿਰੀ  ਪੂਜਾ,
ਮੈਂ ਇਸ ਨੂੰ ਛੋਡ਼  ਕੇ  ਜਾਸਾਂ ਅਦਬ ਦੇ  ਵਰਕਿਆਂ  ਅੰਦਰ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1443
***

ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →