27 April 2024

ਪੇਸ਼-ਏ-ਖ਼ਿਦਮਤ ਹਨ ‘ਬਰਤਾਨਵੀ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ’ ਦੀਆਂ 12 ਗ਼ਜ਼ਲਾਂ!

ਬਰਤਾਨਵੀ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਦੀਆਂ 12 ਗ਼ਜ਼ਲਾਂ!

 

 

 

 

 

 

 

 

 

(1) ਕਰ ਗਈ ਦੁਨੀਆ ਨੂੰ ਸ਼ੈਦਾਈ ਗ਼ਜ਼ਲ
(SISS. SISS. SIS) .
੦ ਗ਼ ਜ਼ ਲ

ਕਰ  ਗਈ  ਦੁਨੀਆ ਨੂੰ ਸ਼ੈਦਾਈ  ਗ਼ਜ਼ਲ।
ਇਸ ਲਈ  ਮੈਨੂੰ   ਵੀ  ਹੈ  ਭਾਈ  ਗ਼ਜ਼ਲ।

ਬਿਨ   ਗ਼ਜ਼ਲ  ਮੇਰਾ   ਗ਼ੁਜ਼ਾਰਾ  ਹੀ ਨਹੀਂ
ਬਣ ਕਿਤੇ  ਜਾਏ ਨਾ  *ਹਰਜਾਈ  ਗ਼ਜ਼ਲ।

ਦਿਲ  ਕਰੇ   ਮੈਂ  ਡੀਕ   ਲਾਵਾਂ   ਏਸ  ਦੀ,
ਬਣ  ਗਈ  ਮੇਰੀ  ਹੈ  ਸ਼ਰਦਾਈ  ਗ਼ਜ਼ਲ।

ਮੈਂ   ਕਹਾਂ   ਪਰਬਤ  ਹਿਮਾਲਾ  ਹੋ  ਗਈ,
ਜਾਪਦੀ   ਵੇਖਣ   ਨੂੰ ਹੈ  ਰਾਈ  ਗ਼ਜ਼ਲ।

ਝੂਮ   ਕੇ     ਆਈ      ਇਰਾਨੋਂ    ਦੋਸਤੋ,
ਬਣ  ਘਟਾ  ਪੰਜਾਬ ਵਿਚ  ਛਾਈ ਗਜ਼ਲ।

ਏਸ ਦੀ   ਹਰ ਇਕ ਅਦਾ ਵਿਚ ਸਾਦਗੀ,
ਪਰ ਮੁਕੰਮਲ ਬਹਿਰ ਗਹਿਰਾਈ ਗ਼ਜ਼ਲ।

ਇਸ਼ਕ   ਮੈਨੂੰ   ਦੋਸਤੋ   ਇਸ   ਨਾਲ   ਹੈ,
ਇਸ਼ਕ   ਮੇਰਾ,   ਆਸ਼ਨਾਈ  ਹੈ  ਗ਼ਜ਼ਲ।

ਜਿੰਦਗੀ ਦੀ ਮਰਜ਼ ਹਰ ਇਕ ਦਾ ਇਲਾਜ,
ਇਹ ਸ਼ਫ਼ਾ  ਬਣ ਕੇ ਸਦਾ ਆਈ   ਗ਼ਜ਼ਲ।

ਗੁਰਮੁਖੀ  ਪਰਵਾਰ  ਦੇ ਵਿਚ  ਰਚ  ਗਈ,
ਬਣ ਗਈ   ਯਾਰੋ ਹੈ  ਭਰਜਾਈ    ਗ਼ਜ਼ਲ।

ਹੈ   ਅਦਬ ਦੀ  ਸਿਨਫ਼  ਯਾਰੋ  ਇਹ ਹਸੀਂ,
ਇਸ  ਲਈ  ਆਪਾਂ ਨੇ ਅਪਨਾਈ  ਗ਼ਜ਼ਲ।

ਨਾਜ਼   ਨਖ਼ਰਾ ਹੈ   ਨਜ਼ਾਕਤ  ਏਸ  ਵਿਚ,
ਵਾਂਗ ਦੁਲਹਨ  ਦੇ  ਹੈ ਸ਼ਰਮਾਈ  ਗ਼ਜ਼ਲ।

ਜਦ  ਕਦੇ   ਮੈਂ  ਗਾਉਣ  ਇਸ  ਨੂੰ  ਬੈਠਦਾਂ,
ਦੂਰ  ਕਰ  ਦਿੰਦੀ  ਹੈ    ਤਨਹਾਈ  ਗ਼ਜ਼ਲ।

ਗਾ  ਦਵੇ  * “ਜਗਜੀਤ”   ਵਰਗਾ  ਏਸ  ਨੂੰ,
ਗੂੰਜਦੀ  ਫਿਰ ਬਣ ਕੇ ਸ਼ਹਿਨਾਈ  ਗ਼ਜ਼ਲ।

ਭਰ ‘ਅਜੀਬਾ’ ਵਿਚ  ਗ਼ਜ਼ਲ  ਦੇ  ਜ਼ਿੰਦਗੀ,
ਫਿਰ  ਕਹੀਂ  ਤੂੰ ਹੈ  ਕਿ ਮਹਿਕਾਈ  ਗ਼ਜ਼ਲ।
*ਜਗਜੀਤ:
ਜਗਤ-ਪ੍ਰਸਿਧ ਗ਼ਜ਼ਲ-ਗਾਇਕ
ਜਗਜੀਤ ਸਿੰਘ
*ਹਰਜਾਈ: ਬੇਵਫ਼ਾ

(2) ਦਿਓ ਕਰ ਬੰਦ ਹੁਣ ਜੋ ਹੋ ਰਹੀ ਬਰਸਾਤ ਬੰਬਾਂ ਦੀ।
(ISSSx4)
੦ ਗ਼ਜ਼ਲ

ਦਿਓ ਕਰ ਬੰਦ ਹੁਣ ਜੋ ਹੋ ਰਹੀ ਬਰਸਾਤ ਬੰਬਾਂ ਦੀ।
ਨਹੀਂ ਲੋਕਾਂ ਨੂੰ ਚਾਹੀਦੀ ਹੈ ਇਹ ਸੌਗ਼ਾਤ ਬੰਬਾਂ ਦੀ।

ਨਾ ਮਾਰੋ ਬਿਨ ਵਜ੍ਹਾ ਮਾਸੂਮ ਬੱਚੇ ਤੇ ਜਵਾਂ ਬੁੱਢੇ,
ਕਿਵੇਂ ਕੋਈ ਚੈਨ ਸੰਗ ਕੱਟੇ ਘਿਨੌਣੀ ਰਾਤ ਬੰਬਾਂ ਦੀ।

ਗਿਰਾਏ ਜਾ ਰਹੇ ਨਿਤ ਬੰਬ ਕਿਉਂ ਯੂਕਰੇਨੀਆਂ ‘ਤੇ
ਡਰੀ ਹੋਈ ਲੋਕਾਈ ਵੇਖ ਕੇ ਹੈ ਝਾਤ ਬੰਬਾਂ ਦੀ।

ਕਦੇ ਨਾ ਸੌਰਦੇ ਮਸਲੇ ਨੇ ਜੰਗਾਂ ਜਾਂ ਲੜਾਈਆਂ ਨਾਲ਼,
ਇਕੱਠੇ ਬੈਠ ਸੁਲਝਾਵੋ ਜੋ ਹੈ ਗਲ-ਬਾਤ ਬੰਬਾਂ ਦੀ।

ਕਰੋ ਨਾ ਘਾਣ ਮਜ਼ਲੂਮਾਂ ਦਾ ਹੁਣ ਬੰਬਾਰੀਆਂ ਕਰਕੇ,
ਬੜੀ ਹੀ ਦਿਲ-ਕੰਬਾਊ ਹੈ ਗਿਰੀ ਬਹੁਤਾਤ ਬੰਬਾਂ ਦੀ।

ਕਿਸੇ ਜੇ ਰੋਕਿਆ ਨਾ ਹੁਣ ਤਾਂ ਹੋਵੇਗੀ ਤਬਾਹ ਦੁਨੀਆ,
ਡਰਾਉਣੀ ਦਾਸਤਾਂ ਹੋਸੀ ਸੁਣੋਂ ਹਜ਼ਰਾਤ ਬੰਬਾਂ ਦੀ।

ਭਲ਼ਾ ਮੈਂ ਸੱਭ ਦਾ ਲੋਚਾਂ ‘ਅਜੀਬਾ’ ਜੰਗ ਨੂੰ ਕੋਸਾਂ,
ਕਿਸੇ ਦੇ ਘਰ ਕਦੇ ਢੁੱਕੇ ਨਾ ਇਹ ਬਾਰਾਤ ਬੰਬਾਂ ਦੀ।

(3) ਚੰਗਾ ਭਲ਼ਾ ਸੀ ਮਿੱਤਰ ਬੀਮਾਰ ਹੋ ਗਿਆ ਹੈ
(SSI. SISS. SSI. SISS)
੦ ਗ਼ਜ਼ਲ

ਚੰਗਾ ਭਲ਼ਾ ਸੀ ਮਿੱਤਰ ਬੀਮਾਰ ਹੋ ਗਿਆ ਹੈ।
ਚੜ੍ਹ ਕੇ ਕਿਸੇ ਦੇ ਟੇਟੇ ਮਤ-ਮਾਰ ਹੋ ਗਿਆ ਹੈ।

ਆਖਾਂ ਜਾਂ ਕੀ ਨਾ ਆਖਾਂ ਮਿੱਤਰ ਹਬੀਬ ਨੂੰ ਮੈਂ,
ਜਿਸ ਦਿਨ ਤੋਂ ਬਣਿਆਂ ਨੇਤਾ ਬੇਕਾਰ ਹੋ ਗਿਆ ਹੈ।

ਮਿੱਤਰ ਕਰੀਬ ਸਨ ਜੋ ਚਾਤੁਰ ਉਹ ਹੋ ਗਏ ਨੇ,
ਸਭ ਦਾ ਵਿਹਾਰ ਸਹਿਣਾ ਦੁਸ਼ਵਾਰ ਹੋ ਗਿਆ ਹੈ।

ਜੋ ਜੋ ਵੀ ਹੋ ਰਿਹਾ ਹੈ ਉੱਮੀਦ ਸੀ ਨਾ ਬਿਲਕੁਲ,
ਹੁੰਦਾ ਭਲ਼ਾ ਇਹ ਯੁਗ ਸੀ ਖ਼ੁੱਦਾਰ ਹੋ ਗਿਆ ਹੈ।

‘ਗੁਰਸ਼ਰਨ’ ਕਰ ਨਾ ਕੰਮ ਉਹ ਜਿਸਨੂੰ ਕਿ ਮਨ ਨਾ ਮੰਨੇ,
ਕੀਤਾ ਜੋ ਸੀ ਦਿਲੋਂ ਨਾ ਬੇਕਾਰ ਹੋ ਗਿਆ ਹੈ।

ਕਹਿਣੀ ਨਾ ਸੀ ‘ਅਜੀਬਾ’ ਆਪਾਂ ਤਾਂ ਇਹ ਗ਼ਜ਼ਲ ਪਰ,
ਜਜ਼ਬਾਤ ਆਪਣੇ ਦਾ ਇਜ਼ਹਾਰ ਹੋ ਗਿਆ ਹੈ।

ਕਹਿ ਕੇ ਗ਼ਜ਼ਲ ‘ਅਜੀਬਾ’ ਅਜ ਦੇ ਹਾਲਾਤ ਉੱਤੇ,
ਅਪਣੇ ਹੀ ਆਪ ਉੱਤੇ ਉਪਕਾਰ ਹੋ ਗਿਆ ਹੈ।

(4) ਮਨ ਬੜਾ ਉਪਰਾਮ ਹੈ ਦੀਦਾਰ ਦੇ
(SISS. SISS. SIS)
੦ ਗ਼ਜ਼ਲ

ਮਨ ਬੜਾ ਉਪਰਾਮ ਹੈ ਦੀਦਾਰ ਦੇ।
ਮੀਤ ਮੇਰੇ ਯਾਰ ਕਰ ਇਕਰਾਰ ਦੇ।

ਪਿਆਰ ਦੇ ਦਿਲਦਾਰ! ਮੇਰੇ ਯਾਰ ਦੇ।
ਲਾ ਮੁਹੱਬਤ ਦੇ ਸਨਮ ਅੰਬਾਰ ਦੇ।

ਬਲ਼ ਰਿਹਾ ਹੈ ਇਸ਼ਕ ਤੇਰੇ ਹਿਜਰ ਵਿਚ,
ਹੁਸਨ ਕਰ ਤੂੰ ਏਸ  ‘ਤੇ ਉਪਕਾਰ ਦੇ।

ਦੇ ਜੋ ਦੇਣਾ ਹੋਰਨਾਂ ਨੂੰ ਦਿਲ ਕਰੇ,
ਪਰ ਅਸਾਨੂੰ ਪਿਆਰ ਦੇ ਗੁਲਜ਼ਾਰ ਦੇ।

ਹੋਰ ਕੁਝ ਮੰਗਾਂ ਨਾ ਤੈਥੋਂ ਦੋਸਤਾ,
ਦੇ ਮੁਹੱਬਤ ਦੇ ਮਿਰੇ ਦਿਲਦਾਰ ਦੇ।

ਡੋਲਦੀ ਨਾ ਰੱਖ ਬੇੜੀ ਪਿਆਰ ਦੀ,
ਜ਼ਿੰਦਗੀ ਦੀ ਕਰ ਤੂੰ ਨਈਆ ਪਾਰ ਦੇ।

ਬਖ਼ਸ਼ ਰਖ ਤੌਫ਼ੀਕ ਗ਼ਜ਼ਲਾਂ ਕਹਿਣ ਦੀ,
ਯਾ ਖ਼ੁਦਾ ‘ਗੁਰਸ਼ਰਨ’ ਨੂੰ ਉਪਹਾਰ ਦੇ।

(5) ਮੌਲ਼ੀ ਧਰਤੀ ਮੌਲ਼ੇ ਖੇਤ
(SSx3+SI)
੦ ਗ਼ ਜ਼ ਲ

ਮੌਲ਼ੀ     ਧਰਤੀ     ਮੌਲ਼ੇ     ਖੇਤ।
ਦਾਣੇ   ਪੈਣ   ਦੇ  ਮਿਲਣ  ਸੰਕੇਤ।

ਸਾਰ ਲਈ ਜਦ ਦਿਲ ਨੇ ਦਿਲ ਦੀ,
ਖੁੱਲ੍ਹ  ਗਏ  ਸਭ  ਦਿਲ  ਦੇ   ਭੇਤ।

ਜਾਵਣ  ਦਾ ਦੁਖ  ਨਾਮ  ਨਾ  ਲੈਂਦੇ,
ਬਣ     ਕੇ     ਚੰਬੜੇ    ਭੂਤ-ਪ੍ਰੇਤ।

ਕਲੀਆਂ   ਘੂੰਗਟ     ਖੋਲ੍ਹੇ    ਜੱਦ,
ਜਾਗ   ਪਿਆ   ਫਿਰ  ਸੁੱਤਾ  ਚੇਤ।

ਚਾਰ   ਦਿਨਾਂ   ਦੇ  ਜੀਵਨ   ਵਿੱਚੋਂ,
ਬਚਿਐ  ਇਕ   ਹੁਣ    ਹੋ  ਸੁਚੇਤ।

ਕਰ ਨਾ ਮਾਣ ‘ਅਜੀਬਾ’  ਤਨ  ‘ਤੇ,
ਕਿਰ  ਜਾਣਾ  ਇਸ  ਵਾਂਗ ਹੈ  ਰੇਤ।

ਮਹਿੰਗਾਈ   ਦਾ   ਝੁੁਲਣੈ    ਝੱਖੜ,
ਹੋ   ਜਾ   ਯਾਰ  ‘ਅਜੀਬ’   ਸੁਚੇਤ।

ਨਾਲ ਗ਼ਜ਼ਲ ਕਰ ਇਸ਼ਕ ‘ਅਜੀਬਾ’,
ਅਪਣੇ   ਦਿਲ   ਤੇ   ਰੂਹ    ਸਮੇਤ।

(6) ਗ਼ਜ਼ਲ ਆਖਾਂ ਸੁਬ੍ਹਾ ਸ਼ਾਮੀਂ ਗ਼ਜ਼ਲ ਨਿਤ ਸਿਰਜਦਾ ਹਾਂ!
(ISSSx3+ISS)
੦ ਗ਼ ਜ਼ ਲ

ਗ਼ਜ਼ਲ ਆਖਾਂ ਸੁਬ੍ਹਾ ਸ਼ਾਮੀਂ ਗ਼ਜ਼ਲ ਨਿਤ ਸਿਰਜਦਾ ਹਾਂ।
ਨਸ਼ਾ ਹਰ ਰੋਜ਼ ਗ਼ਜ਼ਲੀ-ਮਸਤੀਆਂ ਦਾ ਮਾਣਦਾ ਹਾਂ।

ਜਦੋਂ ਚੰਨ-ਪੁਰਨਮੀ ਚਿਹਰਾ ਉਦ੍ਹਾ ਦੇਵੇ ਦਿਖਾਈ,
ਤਦੋਂ ਉਸ ਦੇ ਮੈਂ ਨੈਣੋਂ ਜਾਮ-ਉਲਫ਼ਤ ਪੀਂਵਦਾ ਹਾਂ।

ਕਿ ਹਰ ਤਸਵੀਰ ਜੀਵਨ ਦੀ ਹੈ ਇਕ ਦਿਨ ਯਾਦ ਬਣਦੀ,
ਕਿ ਯਾਦਾਂ ਦੇ ਸਹਾਰੇ ਹੀ ਮੈਂ ਨਿਸ ਦਿਨ ਜੀਂਵਦਾ ਹਾਂ।

ਅਦਾਵਾਂ ਉਸਦੀਆਂ ਘਾਇਲ ਅਜੇ ਵੀ ਕਰਦੀਆਂ ਨੇ,
ਮਿਲੇ ਮੌਕਾ ਜਦੋਂ ਥੀਵਣ ਦਾ ਉਸ ਨੂੰ ਥੀਂਵਦਾ ਹਾਂ।

ਉਦ੍ਹੀ ਚੁੰਨੀ ‘ਚੋਂ ਆਵੇ ਮਹਿਕ ਗ਼ਜ਼ਲਾਂ ਪਿਆਰੀਆਂ ਦੀ,
ਦੁਪੱਟਾ ਓਸ ਦੇ ਸਿਰ ’ਤੇ ਲਿਆ ਜਦ ਵੇਖਦਾ ਹਾਂ।

ਨਸ਼ੇ ਤਾਕਤ ਦੇ ਵਿਚ ਨੇਤਾ ਜਦੋਂ ਤਕਰੀਰ ਕਰਦੈ,
ਕਚੀਚੀ ਓਸ ‘ਤੇ ਵਟਦਾਂ ਤੇ ਅੰਦਰੋਂ ਚੀਕਦਾ ਹਾਂ।

ਲੜਾਂ ਮੈਂ ਨਿਰਬਲਾਂ ਖ਼ਾਤਰ ਭਲ਼ਾ-ਸਰਬਤ ਦਾ ਲੋਚਾਂ,
ਮੈਂ ਹਰ ਕਿਰਸਾਨ ਤੇ ਕਾਮੇ ਦੀ ਖ਼ਾਤਰ ਜੂਝਦਾ ਹਾਂ।

ਨਹੀਂ ਕਹਿਣਾ ਕਿਸੇ ਨੂੰ ਭੁਲ ਕੇ ਵੀ ਮਾੜਾ ਜਾਂ ਚੰਗਾ,
ਮੈਂ ਨੁਕਤਾਚੀਨ ਮਨ ਅਪਣੇ ਨੂੰ ਨਿਸ ਦਿਨ ਵਰਜਦਾ ਹਾਂ।

ਕਰੇ ਦਿਲ ਕਹਿ ਦਿਆਂ ਦਿਲ ਦੀ ਮਗਰ ਵਾਜਬ ਨਾ ਸਮਝਾਂ,
ਨਜ਼ਾਕਤ ਵਕਤ ਦੀ ਬਾਰੇ ਹਮੇਸ਼ਾ ਸੋਚਦਾ ਹਾਂ।

ਗ਼ਜ਼ਲ ‘ਗੁਰਸ਼ਰਨ’ ਦੀ ਚਾਹਤ ਪਸੰਦੀਦਾ ਕਲ਼ਾ ਹੈ,
ਲਿਖੀ ਜਾਵੂ ਗਗਨ ਉੱਤੇ, ਮੈਂ ਉਹ ਦਿਨ ਚਿਤਵਦਾ ਹਾਂ।

‘ਅਜੀਬਾ’ ਜ਼ਿੰਦਗੀ ਤੇਰੀ ਸਮਰਪਤ ਹੈ ਇਹ ਗ਼ਜ਼ਲਾਂ ਨੂੰ,
ਮੈਂ ਹਰਪਲ ਹਰ ਘੜੀ ਲਮਹਾ ਇਵੇਂ ਹੀ ਕੱਟਦਾ ਹਾਂ।

(7) ਬਹਾਰਾਂ ਦੀ ਮਲਕਾ ਹੁਸੀਨਾਂ-ਸੁਆਣੀ!
ISS. ISS. ISS. ISS.
੦ ਗ਼ਜ਼ਲ

ਬਹਾਰਾਂ ਦੀ ਮਲਕਾ ਹੁਸੀਨਾਂ-ਸੁਆਣੀ।
ਹੈਂ ਸੂਰਤ ਦੀ ਸੁੰਦਰ ਮੇਰੇ ਦਿਲ ਦੀ ਰਾਣੀ।

ਤੇਰੇ ਬਾਝ ਜੀਵਨ ਹੈ ਮੇਰਾ ਹਨੇਰਾ,
ਬਿਨਾ ਤੇਰੇ ਉਤਰੇ ਗ਼ਜ਼ਲ ਨਾ ਕਹਾਣੀ।

ਤੇਰੇ ਲਈ ਰਹੇ ਜੀਂਦੇ ਨਿਸ ਦਿਨ ਹੀ ਮਰਦੇ,
ਤੇ ਭਰਦੇ ਰਹੇ ਹਾਂ ਸਦਾ ਤੇਰਾ ਪਾਣੀ।

ਕਦੇ ਤਕ ਲਿਆ ਕਰ ਤੂੰ ਸਾਡਾ ਵੀ ਚਨਮੁਖ,
ਜਿਦ੍ਹੀ ਅਹਿਮੀਅਤ ਤੂੰ ਅਜੇ ਨਾ ਪਛਾਣੀ।

ਰਹੇ ਢੂੰਡ ਥੱਕੇ  ਹਾਂ ਸਾਰਾ ਜਹਾਂ ਹੀ,
ਮਗਰ ਮਿਲ ਨਾ ਸਕਿਆ ਤੇਰੇ ਤੁਲ਼ ਪਰਾਣੀ।

ਤੇਰੇ ਹਥ ਸ਼ਫ਼ਾ ਹੈ ਤੇ ਦਿਲ ਵਿਚ ਹੈ ਰਹਿਮਤ,
ਬਦਲ ਦੇਵੇਂ ਸਾਡੀ ਹਯਾਤੀ ਨਿਮਾਣੀ।

ਬਿਨਾਂ ਤੇਰੇ ਰੌਨਕ ਨਾ ਮੌਜਾਂ ਬਹਾਰਾਂ,
ਮੇਰੇ ਮੀਤ ਹਮਦਮ ਸਨਮ ਮੇਰੇ ਹਾਣੀ।

ਤੇਰੇ ਹੱਥੀਂ ਦਿੱਤਾ ਹੈ ਜ਼ੈਹਰ ਵੀ ਅਮਰਤ,
ਤੇਰਾ ਦਿੱਤਾ ਸ਼ਰਬਤ ਤੇਰਾ ਦਿੱਤਾ ਪਾਣੀ।

ਤੇਰੀ ਹਾਜ਼ਰੀ ਦੇਵੇ ਮਨ ਨੂੰ ਸਕੂੰ ਨਿਤ,
ਬਿਨਾਂ ਤੇਰੇ ਦੁਨੀਆ ਵਿਰਾਂਅ ਨਾ ਸੁਹਾਣੀ।

ਬਿਨਾਂ ਤੇਰੇ ਜਾਪੇ ਇਹ ਘਰ ਇਕ ਮਕਾਂ ਹੀ,
ਦਿਖੇਂ ਜਦ ਨਾ ਘਰ ਵਿਚ ਫਿਰੇਂ ਹਿੱਕ ਤਾਣੀ।

ਬੜਾ ਮਾਨ ਸਾਨੁੂੰ ਹੈ ਤੇਰੇ ‘ਤੇ ਹਮਦਮ,
ਕਿ ਜੀਵਨ ਦੀ ਹਰ ਰੁਤ ਤੇਰੇ ਸੰਗ ਮਾਣੀ।

‘ਅਜੀਬਾ’ ਉਹ ਘਰ ਦਸ ਕਿਵੇਂ ਘਰ ਹੋ ਸਕਦੈ?,
ਕਿ ਜਿਸ ਵਿਚ ਤੇਰੇ ਜਹੀ ਨਾ ਬੇਗਮ ਸਿਆਣੀ।

ਗ਼ਜ਼ਲ ਤੇਰੀ ਦਾ ਹਲਟ ਚਲਸੀ ‘ਅਜੀਬਾ’,
ਕਿ ਚੱਲੇ ਨਾ ਚੱਲੇ ਇਹ ਟੂਟੀ ਦਾ ਪਾਣੀ।

(8) ਉਹ ਉਪਰੋਂ ਭੈਣ ਸੀ ਕਹਿੰਦਾ ਦਿਲੋਂ ਅਖ ਮਾਰਦਾ ਸੀ
(ISSSx4)
੦ ਗ਼ ਜ਼ ਲ

ਉਹ ਉਪਰੋਂ ਭੈਣ ਸੀ ਕਹਿੰਦਾ ਦਿਲੋਂ ਅਖ ਮਾਰਦਾ ਸੀ।
ਕਹਾਉਂਦਾ ਸੀ ਸਿਰੇ ਦਾ ਸਾਧ ਰੰਨਾਂ ਤਾੜਦਾ ਸੀ।

ਬਹਾਨਾ ਪਾਠ ਦਾ ਕਰਕੇ ਬੁਲਾ ਲੈਂਦਾ ਸੀ ਡੇਰੇ ‘ਤੇ,
ਜਵਾਂ ਕੁੜੀਆਂ ਦੇ ਵਲ ਤਕ ਤਕ ਉਹ ਅੱਖਾਂ ਰਾੜ੍ਹਦਾ ਸੀ।

ਕਿਸੇ ਦੇ ਕਹਿਣ ‘ਤੇ ਦਰਸ਼ਨ ਉਦ੍ਹੇ ਮੈਂ ਵੀ ਸੀ ਕਰ ਬੈਠਾ,
ਸੀ ਦਾੜ੍ਹਾ ਸੰਤ ਦਾ ਲੰਬਾ ਤੇ ਮੁਖ ਖੁੰਖਾਰ ਦਾ ਸੀ।

ਉਹ ਦਿੰਦਾ ਔਰਤਾਂ ਨੂੰ  ਪੁੱਤ ਮਰਦਾਂ ਨੂੰ ਸੀ ਅਕਲਾਂ,
ਦਿਮਾਗੋਂ  ਖੋਖਲਾ ਖਾਲੀ ਗਿਰੇ ਕਿਰਦਾਰ ਦਾ ਸੀ।

ਭਜਾ ਕੇ ਲੈ ਗਿਆ ਡੇਰੇ ਤੋਂ ਭਟਕੀ ਨਾਰ ਉਹ ਇਕ ਦਿਨ,
ਉਹ ਸੁਰਖ਼ੀ ਬਣ ਗਿਆ ਉਸ ਦਿਨ ਹਰਿਕ ਅਖ਼ਬਾਰ ਦਾ ਸੀ।

ਨਹੀਂ ਮੈਂ ਨਿੰਦਦਾ ਯਾਰੋ ਪਰੰਤੂ ਸੱਚ ਤਾਂ ਸੁਣ ਲੋ,
ਉਹ ਬੰਦਾ ਸੰਤ ਸੀ ਪਰ ਅਸਲ ਵਿਚ ਸਰਕਾਰ ਦਾ ਸੀ।

ਸਦਾ ਮੈਂ ਦੂਰ ਖ਼ੁਦ ਨੂੰ ਰੱਖਿਆ ਉਸ ਤੋਂ ‘ਅਜੀਬਾ’,
ਹੈ ਜਿਸ ਨੂੰ ਰੱਬ ਕਹਿ ਮੂਰਖ ਜਗਤ ਸਤਿਕਾਰਦਾ ਸੀ।

(9) ਦਿਲ ਕਰਦਾ ਏ ਵੇਖੀ ਜਾਵਾਂ ਤੇਰਾ ਰੂਪ ਸੁਹਾਨਾ
(SSx7)
੦ ਗ਼ਜ਼ਲ

ਦਿਲ ਕਰਦਾ ਏ ਵੇਖੀ ਜਾਵਾਂ ਤੇਰਾ ਰੂਪ ਸੁਹਾਨਾ।
ਸੁੰਦਰ ਨੈਣ ਨਸ਼ੀਲੇ ਤੇਰੇ ਅੰਗ-ਅੰਗ ਮਸਤਾਨਾ।

ਬਿਨ ਵੇਖੇ ਮੁਖ ਤੇਰਾ ਹਮਦਮ ਚੈਨ ਰਤਾ ਨਾ ਆਵੇ,
ਤੇਰੇ ‘ਤੇ ਹੀ ਡੁੱਲ੍ਹਿਆ ਰਹਿੰਦੈ ਮੇਰਾ ਦਿਲ ਦੀਵਾਨਾ।

ਸੁੰਦਰਤਾ ਤੇਰੀ ਦੇ ਵਰਗੀ ਸੁੰਦਰਤਾ ਨਾ ਡਿੱਠੀ,
ਢੂੰਡ-ਢੂੰਡ ਕੇ ਲਭਿਆ ਤੇਰਾ ਗੋਰਾ ਮੁਖ •ਰੁਖ਼ਸਾਨਾ।

ਤੇਰੇ ਪਾਕ ਪਵਿੱਤਰ ਰਿਸ਼ਤੇ ਤੇਰੇ ਬਖ਼ਸ਼ੀ ਖ਼ੂਬ ਮੁਹੱਬਤ,
ਏਸ ਲਈ ਮੈਂ ਕਰਦਾਂ ਤੇਰਾ ਲੱਖ-ਲੱਖ ਸ਼ੁਕਰਾਨਾ।

ਸ਼ਾਮ ਸਵੇਰੇ ਭੱਜ-ਭੱਜ ਹਮਦਮ ਘਰ ਦੇ ਕੰਮ ਨਿਪਟਾਏਂ,
ਬਿਨ ਮੰਗੇ ਮਜ਼ਦੂਰੀ ਮਿਹਨਤ ਨਾ ਕੋਈ ਇਵਜ਼ਾਨਾ।

ਦੇਣ ਜੋ ਦੇਵੇਂ ਮੈਨੂੰ ਨਾਲ਼ੇ ਘਰ ਮੇਰੇ ਨੂੰ ਦਿਲਬਰ,
ਕੌਣ ਕਿਵੇਂ ਕੋਈ ਮੋੜ ਹੈ ਸਕਦਾ ਇਸ ਦਾ ਮੁੱਲ-ਮੁਲਵਾਨਾ।

ਇੱਕ ਮੁੱਕੇ ਤੇ ਦੂਜਾ ਛੇੜੇਂ ਕੰਮ ਨਾ ਤੇਰੇ ਮੁੱਕਣ,
ਪ੍ਰਸ਼ੰਸਾਯੋਗ ਕਦਮ ਹਰ ਤੇਰਾ ਹੱਠ ਤੇਰਾ ਬਲਵਾਨਾ।

ਜਾਨ ਹੈ ਹਾਜ਼ਰ ਤੇਰੀ ਖ਼ਾਤਰ ਆਪਾ ਵੀ ਹੈ ਅਰਪਣ,
ਤੇਰੀ ਖ਼ਾਤਰ ਸੜ ਮਰ ਸਕਦੈ ਮੇਰਾ ਦਿਲ ਪਰਵਾਨਾ।

ਇਹ ਗ਼ਜ਼ਲ ਜ਼ਿੰਦਗਾਨੀ ਮੇਰੀ ਦੀਨ ਤੇ ਦੁਨੀਆ ਵੀ ਇਹ,
ਘਰ ਘਰ ਵਿਚ ਪਹੁੰਚਾਣੀ ਹੈ ਇਹ! ਇਹ ਮੇਰਾ ਅਫ਼ਸਾਨਾ।

ਮਹਿੰਗੀ ਸ਼ੈਅ ਵਲ ਝਾਤੀ ਮਾਰੇਂ ਸਸਤੀ ਵਲ ਨਾ ਤੱਕੇਂ,
ਏਸੇ ਕਰਕੇ ਚੁਣਿਐਂ ਤੂੰ ‘ਗੁਰਸ਼ਰਨ’ ਅਤੀ ਸ਼ਾਹਾਨਾ।

ਚੰਦ ਕੁ ਗ਼ਜ਼ਲਾਂ ਚਾਰ ਕਿਤਾਬਾਂ ਏਹੋ ਦੌਲ਼ਤ ਅਪਣੀ,
ਏਸ ਬਿਨਾਂ ‘ਗੁਰਸ਼ਰਨ’ ਨਾ ਲੋੜੇ ਕੋਈ ਹੋਰ ਖ਼ਜ਼ਾਨਾ।
•ਰੁਖ਼ਸਾਨਾ: ਖ਼ੂਬਸੂਰਤ/ਸੁੰਦਰ

(10) ਗੁਣਗੁਣਾਇਆ ਕਰ ਗ਼ਜ਼ਲ ਗੁਰਸ਼ਰਨ ਸਿੰਘ!
(SISSx2+SIS)
੦ ਗ਼ ਜ਼ ਲ

ਗੁਗੁਣਾਇਆ  ਕਰ  ਗ਼ਜ਼ਲ  ਗੁਰਸ਼ਰਨ  ਸਿੰਘ।
ਫਿਰ ਸੁਣਾਇਆ ਕਰ ਗ਼ਜ਼ਲ ਗੁਰਸ਼ਰਨ  ਸਿੰਘ।

ਬਹਿਰ  ਵਿਚ ਕਰ  ਕੇ  ਤੂੰ  ਇਸ ਨੂੰ  ਸੂਤ  ਯਾਰ,
ਰੋਜ਼ ਗਾਇਆ ਕਰ  ਗ਼ਜ਼ਲ  ਗੁਰਸ਼ਰਨ  ਸਿੰਘ।

ਗੁੰਨ੍ਹ  ਕੇ   ਇਸ  ਨੂੰ   ਪਰਾਤ-ਏ-ਜ਼ਿਹਨ   ਵਿਚ,
ਫਿਰ ਪਕਾਇਆ ਕਰ ਗ਼ਜ਼ਲ ਗੁਰਸ਼ਰਨ ਸਿੰਘ।

ਏਸ   ਵਿਚ    ਭਰ   ਕੇ   ਅਦਾ   ਨਾਲੇ    ਵਫ਼ਾ,
ਆਜ਼ਮਾਇਆ  ਕਰ ਗ਼ਜ਼ਲ  ਗੁਰਸ਼ਰਨ ਸਿੰਘ।

ਨਿਕਲਦੀ  ਦਿਲ  ‘ਚੋਂ   ਜਦੋਂ  ਇਹ  ਹੂਕ  ਬਣ,
ਆਸ਼ਕਾਇਆ  ਕਰ ਗ਼ਜ਼ਲ  ਗੁਰਸ਼ਰਨ ਸਿੰਘ।

ਏਸ   ਵਿਚ   ਪਾਉਣੀ   ਹੈ   ਪੈਂਦੀ   ਜਾਨ   ਵੀ,
ਨਿਤ ਜੀਵਾਇਆ ਕਰ ਗ਼ਜ਼ਲ ਗੁਰਸ਼ਰਨ ਸਿੰਘ।

ਮੰਗਦੀ    ਨਖ਼ਰਾ    ਰਵਾਨੀ    ਇਹ     ਅਦਾ,
ਇਉਂ ਸਜਾਇਆ ਕਰ ਗ਼ਜ਼ਲ ਗੁਰਸ਼ਰਨ ਸਿੰਘ।

*ਹੀਰ ਇਹ *ਸੱਸੀ ਵੀ ਇਹ *ਸੋਹਣੀ ਵੀ  ਇਹ,
ਨਾ ਭੁਲਾਇਆ ਕਰ  ਗ਼ਜ਼ਲ  ਗੁਰਸ਼ਰਨ ਸਿੰਘ।

ਆਖਣੀ     ਨਿਤ     ਸੋਧਣੀ     ਫਿਰ   ਮਾਂਜਣੀ,
ਲਿੱਸ਼ਕਾਇਆ ਕਰ  ਗ਼ਜ਼ਲ  ਗੁਰਸ਼ਰਨ  ਸਿੰਘ।

ਜਦ    ਤਸੱਲੀ   ਕਰ   ਲਵੇਂ   ਇਹ   ਠੀਕ  ਹੈ,
ਫਿਰ ਛਪਾਇਆ ਕਰ ਗ਼ਜ਼ਲ ਗੁਰਸ਼ਰਨ ਸਿੰਘ।

ਆਲ਼ਸੀ    ਅੱਛੀ     ਨਹੀਂ    ਹੁੰਦੀ    ‘ਅਜੀਬ’,
ਰਮ-ਰਮਾਇਆ ਕਰ ਗ਼ਜ਼ਲ ਗੁਰਸ਼ਰਨ ਸਿੰਘ।

ਜੇ  ‘ਅਜੀਬਾ’  ਮਾਨਣਾ    ਇਸ    ਦਾ  ਅਨੰਦ,
ਸੁਣ ਸੁਣਾਇਆ ਕਰ ਗ਼ਜ਼ਲ ਗੁਰਸ਼ਰਨ ਸਿੰਘ।

ਏਸ  ਵਿਚ  ਖ਼ਾਮੀ  ਨਾ  ਰਹਿ  ਜਾਏ ‘ਅਜੀਬ’,
ਰੋਜ਼ •ਰਾਇਆ ਕਰ ਗ਼ਜ਼ਲ ਗੁਰਸ਼ਰਨ ਸਿੰਘ।

*ਹੀਰ *ਸੱਸੀ *ਸੋਹਣੀ: ਕਿੱਸਿਆਂ ਦੇ ਨਾਮ
•ਰਾਇਆ: ਜਪਣਾ ਜਾਂ ਅਭਿਆਸ ਕਰਨਾ।
***

(11) ਕਰਦੇ ਨੇ ਲੋਕ ਅਕਸਰ ਸਭ ਪਿਆਰ ਉੱਤੋਂ ਉੱਤੋਂ॥
(SSI+SISSx2)
੦ ਗ਼ਜ਼ਲ

ਕਰਦੇ ਨੇ ਲੋਕ ਅਕਸਰ ਸਭ ਪਿਆਰ ਉੱਤੋਂ ਉੱਤੋਂ॥
ਲੇਕਿਨ ਨਾ ਸਾਥੋਂ ਹੋਵੇ ਸਰਕਾਰ ਉੱਤੋਂ ਉੱਤੋਂ॥

ਐ ਹੁਸਨ ! ਤੇਰਾ ਨਖ਼ਰਾ ਕਾਤਲ ਕਰੇ ਜੋ ਘਾਇਲ਼,
ਵਿੱਚੋਂ ਕਰੇਂ ਮੁਹੱਬਤ ਇਨਕਾਰ ਉੱਤੋਂ ਉੱਤੋਂ॥

ਛੱਲਾਂ ਦੇ ਵਾਂਗ ਉੱਛਲੇ ਉੱਛਲੇ ਤੇ ਉੱਤਰ ਜਾਵੇ,
ਹੈ ਰੂਪ ਦਾ ਅਨੋਖਾ ਖ਼ੂਮਾਰ ਉੱਤੋਂ ਉੱਤੋਂ॥

ਅਪਣੀ ਕਸਮ ਕਿ ਆਪਾਂ ਤਾਂ ਪਿਆਰ ਪੂਜਣਾ ਏਂ,
ਸਾਥੋਂ ਨਾ ਹੋਣੇ ਵਾਅਦੇ ਇਕਰਾਰ ਉੱਤੋਂ ਉੱਤੋਂ॥

ਤੇਰੇ ਵੀ ਸੀਨੇ ਬਲਦੀ ਹੈ ਇਸ਼ਕ ਦੀ ਚਿੰਗਾਰੀ,
ਗੁੱਸਾ ਨਾ ਇੰਝ ਵਿਖਾਵੋ ਸਰਕਾਰ ਉੱਤੋਂ ਉੱਤੋਂ॥

ਕਰੀਏ ਵੀ ਜਿੰਨਾ ਕਰੀਏ ਕਰੀਏ ਹੀ ਪਿਆਰ ਸੱਚਾ,
ਸਾਥੋਂ ਨਾ ਹੁੰਦੇ ਸ਼ਿਕਵੇ ਤਕਰਾਰ ਉੱਤੋਂ ਉੱਤੋਂ॥

‘ਗੁਰਸ਼ਰਨ’ ਫਸ ਨਾ ਜਾਈਂ ਐਂਵੇਂ ਕਸੂਤਿਆਂ ਸੰਗ,
ਲੋੜੀਦੇ ਨਾ ਅਸਾਨੂੰ ਦਿਲਦਾਰ ਉੱਤੋਂ ਉੱਤੋਂ।

ਰਗ ਰਗ ਦੇ ਵਿਚ ਸਮਾਇਆ ‘ਗੁਰਸ਼ਰਨ’ ਨਾਮ ਉਸਦਾ,
ਦਿਲ ਦੀ ਇਹ ਚੀਖ਼ ਮੇਰੀ ਨਾ ਪੁਕਾਰ ਉੱਤੋਂ ਉੱਤੋਂ॥

ਕਰਦਾਂ ਹਾਂ ਪ੍ਰੇਮ ਸੱਚਾ ਸਮਝੀਂ ਨਾ ਇਸ ਨੰ ਝੂਠਾ,
‘ਗੁਰਸ਼ਰਨ’ ਭੁਲ ਕਰੇ ਨਾ ਇਜ਼ਹਾਰ ਉੱਤੋਂ ਉੱਤੋਂ।

(12) ਮਾਂ-ਬੋਲੀ ਪੰਜਾਬੀ ਦਾ ਸਤਿਕਾਰ ਕਰੋ
(SSx5+S)
੦ ਗ਼ ਜ਼ ਲ

ਮਾਂ-ਬੋਲੀ    ਪੰਜਾਬੀ   ਦਾ   ਸਤਿਕਾਰ   ਕਰੋ।
ਡੁੱਬ  ਰਿਹਾ ਜੋ ਇਸ  ਦਾ  ਬੇੜਾ   ਪਾਰ  ਕਰੋ।

ਬੁੱਲ੍ਹੇ   ਸ਼ਾਹ  ਦੀ   ਬੇਟੀ   ਪੋਤੀ   ਨਾਨਕ  ਦੀ,
ਪੰਜਾਬੀ   ਦਾ   ਰੁਤਬਾ   ਉੱਚਾ   ਯਾਰ   ਕਰੋ।

ਮੰਮੇ-ਕੰਨੀਂ     ਬਿੰਦੀ   ਲਾ   ਕੇ   ਮਾਂ  ਬਣਦੀ,
ਮਾਂ ਅਪਣੀ  ਦੀ   ਇੱਜ਼ਤ  ਸੌ   ਸੌ  ਵਾਰ  ਕਰੋ।

ਭੁੱਲ   ਗਏ    ਜੇ   ਮਾਂ-ਬੋਲੀ    ਰੁਲ਼    ਜਾਵੋਗੇ,
ਇਸ   ਗੱਲ  ਉੁੱਤੇ  ਯਾਰੋ  ਸੋਚ-ਵਿਚਾਰ   ਕਰੋ।

ਮਾਂ  ਦੇ  ਦੁੱਧ  ਨੂੰ ਲਾਜ ਨਾ  ਲਾਵੋ ਨਾ ਪੜ੍ਹ  ਕੇ,
ਮਾਂ-ਬੋਲੀ  ਦੇ ਨਾਲ  ਨਾ  ਅੱਤਿਆਚਾਰ  ਕਰੋ।

ਪੰਜ-ਆਬਾਂ   ਦੀ    ਬੋਲੀ   ਇਹ  ਪੰਜਾਬੀ  ਏ,
ਐ  ਪੰਜਾਬੀ  ਲੋਕੋ   ਇਸ  ਨੂੰ  ਪਿਆਰ  ਕਰੋ।

ਜੁਗ-ਜੁਗ    ਜੀਵੇ   ਯਾਰੋ   ਮੇਰੀ   ਮਾਂ-ਬੋਲੀ,
ਇਹ  ਜੋ   ਸੁਪਨਾ ਸਭ ਦਾ ਹੈ  ਸਾਕਾਰ  ਕਰੋ।

ਕੇਵਲ  ਗੀਤਾਂ  ਤਕ  ਨਾ  ਸੀਮਤ  ਰਹਿ ਜਾਵੇ,
ਪੰਜਾਬੀ   ਦਾ   ਵੱਡਾ   ਹੁਣ   ਆਕਾਰ   ਕਰੋ।

ਗਾ ਕੇ ਸਭਿਆਚਾਰੀ ਗੀਤ ਗ਼ਜ਼ਲ ਇਸ ਵਿਚ,
ਪੰਜਾਬੀ   ਦਾ  ਯਾਰੋ    ਉੱਚ   ਮਿਆਰ   ਕਰੋ।

“ਸਾਰੇ   ਪੜ੍ਹਣ   ਪੰਜਾਬੀ”  ਮੇਰੀ    ਇੱਛਾ  ਏ,
ਇਹ  ਆਵਾਜ਼  ਬੁਲੰਦ ਮੇਰੇ  ਸਭ ਯਾਰ ਕਰੋ।

ਯਾਰ  ‘ਅਜੀਬਾ’  ਮਾਖੋਂ  ਮਿਠੜੀ  ਇਹ  ਬੋਲੀ,
ਪੰਜਾਬੀ  ਦਾ  ਘਰ  ਘਰ  ਵਿਚ ਪ੍ਰਚਾਰ  ਕਰੋ।

ਨੋਟ: ਇਹ ਗ਼ਜ਼ਲ ਪ੍ਰਸਿੱਧ ਗ਼ਜ਼ਲ-ਗਾਇਕ
ਸੁਨੀਲ ਡੋਗਰਾ ਜੀ ਦੀ ਆਵਾਜ਼ ਵਿਚ
ਰਿਕੋਰਡ ਵੀ ਹੋ ਚੁਕੀ ਹੈ।
************* ਸਮਾਪਤ *************

15 ਮਾਰਚ 2022
***
685

About the author

ਗੁਰਸ਼ਰਨ ਸਿੰਘ ਅਜੀਬ
ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →