29 March 2024

ਨੌਂ ਗ਼ਜ਼ਲਾਂ— ਗੁਰਸ਼ਰਨ ਸਿੰਘ ਅਜੀਬ (ਲੰਡਨ)

 

 

 

 

 


ਬਿਨਾਂ ਬੋਲੇ ਕਰੀ ਜਾਂਦੀ ਤਿਰੀ ਤਸਵੀਰ ਹੈ ਗੱਲਾਂ। 

(ISSSx4)ਬਹਿਰ: ਹਜ਼ਜ
1. ਗ਼ ਜ਼ ਲ

ਬਿਨਾਂ ਬੋਲੇ ਕਰੀ ਜਾਂਦੀ ਤਿਰੀ ਤਸਵੀਰ ਹੈ ਗੱਲਾਂ। 
ਕਰੇ ਚਿਤ ਵੇਖਦਾ ਜਾਵਾਂ ਮੈਂ ਦਿਨ ਤੇ ਰਾਤ ਇਸ ਵੱਲਾਂ। 

ਕਿਸੇ *ਰੇਖਾ *ਮਧੂਬਾਲਾ ਕਿਸੇ *ਹੇਮਾ ਤੋਂ ਇਹ ਕਮ ਨਾ,
ਇਹ ਮੇਰੇ ਸੰਗ-ਸੰਗ ਚੱਲੇ ਮੈਂ ਇਸ ਦੇ ਸੰਗ-ਸੰਗ ਚੱਲਾਂ॥

ਨਾ ਮੇਰੇ ਜ਼ਿਹਨ ‘ਚੋਂ ਨਿਕਲੇ ਤਿਰੀ ਤਸਵੀਰ ਇਹ ਹਮਦਮ,
ਕਰੇ ਦਿਲ ਏਸ ਨੂੰ ਮੁਰਸ਼ਦ ਬਣਾ ਕੇ ਪੱਖੀਆਂ ਝੱਲਾਂ। 

ਤਿਰੀ ਤਸਵੀਰ ‘ਚੋਂ ਦਿੱਸਣ ਤਿਰੇ ਅੰਦਾਜ਼ ਤੇ ਨਖ਼ਰੇ,
ਵੀ ਦਿੱਸਣ ਮਾਰੀਆਂ ਤੇਰੇ ਸੁਹੱਪਣ ਖ਼ੂਬ ਜੋ ਮੱਲਾਂ। 

ਗਲੇ ਪਹਿਨੀ ਤਿਰੀ ਮਾਲਾ ਸੁਨਹਿਰੀ ਕੀਲਦੀ ਦਿਲ ਨੂੰ,
ਤਿਰੀ ਸੁਰਖ਼ੀ ਤੇ ਬਿੰਦੀ ਹੁਸਨ ਤੇਰਾ ਮਾਰਦੈ ਛੱਲਾਂ। 

ਅਤੀ ਸੁੰਦਰ ਬੜੀ ਦਿਲਕਸ਼ ਤਿਰੀ ਤਸਵੀਰ ਹੈ ਜਾਨੁਮ,
ਕਰੇ ਮਨ ਏਸ ਨੂੰ ਚੁਮ-ਚੁਮ ਪੈਗ਼ਾਮ-ਏ-ਇਸ਼ਕ ਨਿਤ ਘੱਲਾਂ। 

ਨਾ ਮੇਰੇ ਜ਼ਿਹਨ ‘ਚੋਂ ਨਿਕਲੇ ਤਿਰੀ ਤਸਵੀਰ ਦਾ ਮੰਜ਼ਰ,
ਸਜਾ ਕੇ ਸਾਾਹਮਣੇ ਇਸ ਨੂੰ ਕਰੇ ਦਿਲ ਪੱਖੀਆਂ ਝੱਲਾਂ॥

ਕਿ ਦੀਵਾਨਾ ਤਿਰੀ ਤਸਵੀਰ ਦਾ ‘ਗੁਰਸ਼ਰਨ’ ਹੈ ਹੋਇਆ,
ਕਰਾਂ ਸਜਦੇ ਇਨੂੰ ਹਰ ਵਕਤ ਇਸ ਦੇ ਨਾਜ਼ ਵੀ ਝੱਲਾਂ। 

ਮੈਂ ਚਾਹਾਂ ਕਿ ਬਿਰਾਜਾਂ ਏਸ  ਨੂੰ ਹੁਣ * “ਬੰਦਗੀ” ਅੰਦਰ,
ਜਦੋਂ ਚਾਹਾਂ ਮੈਂ ਫਿਰ ‘ਗੁਰਸ਼ਰਨ’ ਵਰਕਾ ਏਸ ਦਾ ਥੱਲਾਂ। 

*ਰੇਖਾ *ਹੇਮਾ *ਮਧੂਬਾਲਾ: ਬੋਲੀਵੁੱਡ ਅਭਿਨੇਤਰੀਆਂ  
*ਬੰਦਗੀ: ਲੇਖਕ ਦਾ ਅਗਲਾ ਗ਼ਜ਼ਲ ਸੰਗ੍ਰਹਿ 

**

 

 

 

 

 

 

ਅਸਾਂ ਤੇ ਉਮਰ ਖੱਟੇ ਖ਼ਸਾਰੇ ਹੀ ਖ਼ਸਾਰੇ ਨੇ
(ਮੁਫ਼ਾਈਲੁਨ x 4)  –     ਬਹਿਰ: ਹਜ਼ਜ
2. ਗ਼ਜ਼ਲ

ਅਸਾਂ ਤੇ ਉਮਰ ਭਰ ਖੱਟੇ ਖ਼ਸਾਰੇ ਹੀ ਖ਼ਸਾਰੇ ਨੇ॥
ਭਲਾਈ ਲੋਕਤਾ ਦੀ ਵਾਸਤੇ ਗੁੰਬਦ ਉਸਾਰੇ ਨੇ॥

ਜ਼ਰੂਰਤ ਪੈਣ ‘ਤੇ ਸਭ ਦੀ ਸਦਾ ਇਮਦਾਦ ਹੈ ਕੀਤੀ,
ਹਮੇਸ਼ਾ ਹੋਰਨਾਂ ਖ਼ਾਤਰ ਬੜੇ ਜਜ਼ਬਾਤ ਵਾਰੇ ਨੇ॥ 

ਕਰੋ ਨਾ ਬਾਤ ਬੀਤੇ ਦੀ ਤੇ ਅਜ ਵਿਚ ਲੀਨ ਹੋ ਜਾਵੋ,
ਹਯਾਤੀ ਦੇ ਸਫ਼ਰ ‘ਚੋਂ ਢੂੰਡਣੇ ਜੇਕਰ ਨਜ਼ਾਰੇ ਨੇ॥

ਤੇਰੀ ਉਲਫ਼ਤ ਕੁਰਾਨੀ ਹੈ ਤਿਰਾ ਜਲਵਾ ਨੁਰਾਨੀ ਹੈ,
ਤਿਰੀ ਹਰ ਛੋਹ ‘ਚੋਂ ਮਿਲਦੇ ਹੁਲਾਰੇ ਹੀ ਹੁਲਾਰੇ ਨੇ॥

ਨਹੀਂ ਮਿਲਦਾ ਕਿਤੇ ਵੀ ਚੈਨ ਬਿਨ ਖੋਜੇ ਰਤਾ ਖ਼ੁਦ ਨੂੰ,
ਬੜੇ ਗਾਹੇ ਅਸਾਂ ਮੰਦਰ ਮਸੀਤਾਂ ਗੁਰਦਵਾਰੇ ਨੇ॥

ਤਨਾਂ ਤੋਂ ਰਾਖ਼ ਹੈ ਬਣਦੀ ਤੇ ਰਾਖ਼ੋਂ ਉਪਜਦੈ ਮਾਨਵ,
ਵਿਧਾਤਾ ਦੇ ਅਜਬ ਕਾਨੂੰਨ ਤੇ ਕਾਇਦੇ ਨਿਆਰੇ ਨੇ॥

ਦਹਾਕੇ ਸਤ ਜਿਵੇਂ ਗੁਜ਼ਰੇ ਇਵੇਂ ਅਠਵਾਂ ਗੁਜ਼ਰ ਜਾਣਾ,
‘ਅਜੀਬਾ’ ਪਲ ਨੇ ਉਹ ਚੰਗੇ ਜੋ ਕਹਿ ਗ਼ਜ਼ਲਾਂ ਗੁਜ਼ਾਰੇ ਨੇ॥
**

ਮਿਲੇ ਫ਼ੁਰਸਤ ਜੇ ਮੇਰੇ ਯਾਰ, ਮੇਰੇ ਯਾਰ ਆ ਜਾਵੀਂ
(ISSSX4)  ਬਹਿਰ: ਹਜ਼ਜ
3. ਗ਼ ਜ਼ ਲ

ਮਿਲੇ ਫੁਰਸਤ ਜੇ ਮੇਰੇ ਯਾਰ ਮੇਰੇ ਯਾਰ ਆ ਜਾਵੀਂ।
ਕਿ ਆ ਜਾਵੀਂ ਮਿਰੇ ਦਿਲਦਾਰ ਮੇਰੇ ਯਾਰ ਆ ਜਾਵੀਂ। 

ਸਮਾ ਨਿਤ ਦੌੜਦਾ ਜਾਵੇ ਖਲੋਣਾ ਏਸ ਨਾ ਮਿਤਰਾ,
ਕਿ ਲੈ ਫੜ ਤੇਜ਼ ਹੁਣ ਰਫ਼ਤਾਰ ਮੇਰੇ ਯਾਰ ਆ ਜਾਵੀਂ। 

ਬੜੇ ਲੇਖਕ ਬੜੇ ਸ਼ਾਇਰ ਰਹੇ ਕਹਿ ਅਲਵਿਦਾ ਅਜਕਲ,
ਗਏ ਛਡ ਆਰਜ਼ੀ ਸੰਸਾਰ ਮੇਰੇ ਯਾਰ ਆ ਜਾਵੀਂ। 

ਕਰੇ ਕਿਰਪਾ ਖ਼ੁਦਾ-ਤਾਲਾ ਕਿਸੇ ਦਾ ਯਾਰ ਨਾ ਵਿੱਛੜੇ,
ਰਹੇ ਖਿੜਿਆ ਅਦਬ-ਗੁਲਜ਼ਾਰ ਮੇਰੇ ਯਾਰ ਆ ਜਾਵੀਂ। 

ਗਏ •ਸਾਥੀ •ਚਮਨ •ਸ਼ਿਵਚਰਨ ਤੇ •ਆਜ਼ਾਦ ਇਸ ਜਗ ਤੋਂ,
ਚਮਨ ਸੁੰਨਾਂ ਗਏ ਕਰ ਯਾਰ ਮੇਰੇ ਯਾਰ ਆ ਜਾਵੀਂ। 

ਜੇ ਨਹੀਂ ਆਉਣਾ ਤਾਂ ਵੀ ਦੱਸ ਦੇ ਕਿ ਤੇਰਾ ਦਿਲ ਨਹੀਂ ਕਰਦਾ,
ਨਾ ਝੂਠੇ ਕਰਿਆ ਕਰ ਇਕਰਾਰ ਮੇਰੇ ਯਾਰ ਆ ਜਾਵੀਂ। 

ਜੇ ਆਖੇਂ ਘੱਲ ਦੇਵੇ ‘ਗੁਰਸ਼ਰਨ’ ਸੱਦਾ-ਪੱਤਰ ਆਵਣ  ਦਾ,
ਕਿ ਰੱਖਿਐ ਕੱਲ੍ਹ ਗ਼ਜ਼ਲ-ਦਰਬਾਰ ਮੇਰੇ ਯਾਰ ਆ ਜਾਵੀਂ। 

ਕਹੇ ‘ਗੁਰਸ਼ਰਨ’ ਰੂਹ ਵਿੱਚੋਂ ਕਿ ਆ ਕੇ ਯਾਰ ਤੂੰ ਮਿਲ ਜਾ,
ਰਿਹਾ ਨਾ ਜਿੰਦ ‘ਤੇ ਇਤਬਾਰ ਮੇਰੇ ਯਾਰ ਆ ਜਾਵੀਂ। 

ਕਰੇ ‘ਗੁਰਸ਼ਰਨ’ ਬਹਿ ‘ਡੀਕਾਂ ਕਿ ਉਸ ਦੇ ਯਾਰ ਅਜ ਆੳਣੈਂ,
ਕਿ ਖੜਕੇ ਦਿਲ ਮਿਰੇ ਦੀ ਤਾਰ ਮੇਰੇ ਯਾਰ ਆ ਜਾਵੀਂ। 

•ਸਾਥੀ=ਸਾਥੀ ਲੁਧਿਆਣਵੀ
•ਚਮਨ=ਚਮਨ ਲਾਲ ਚਮਨ
•ਸ਼ਿਵਚਰਨ=ਸ਼ਿਵਚਰਨ ਗਿੱਲ
•ਆਜ਼ਾਦ=ਪ੍ਰਕਾਸ਼  ਆਜ਼ਾਦ
(ਅਕਾਲ ਚਲਾਣਾ ਕਰ ਚੁਕੇ ਵਲਾਇਤੀ ਲੇਖਕ)
**

ਗੁਰਸ਼ਰਨ’ ਕਹਿ ਗ਼ਜ਼ਲ ਇਕ ਮੌਲ਼ਾ ਦਾ ਨਾਮ ਲੈ ਕੇ
ਬਹਿਰ: ਮੁਜਾਰਿਆ 

(SSI. SSS. SSI. SISS)
4. ਗ਼ਜ਼ਲ

‘ਗੁਰਸ਼ਰਨ’ ਕਹਿ ਗ਼ਜ਼ਲ ਇਕ! ਮੌਲ਼ਾ ਦਾ ਨਾਮ ਲੈ ਕੇ॥
ਸਚ ਦੀ ਲਗ਼ਾਮ ਫੜ ਕੇ ਨਾਨਕ-ਪੈਗ਼ਾਮ ਲੈ ਕੇ॥

ਜੋ ਬਾਤ ਪਾਏ ਸਚ ਦੀ ਸਚ ਤੋਂ ਸਿਵਾਏ ਕੁਝ ਨਾ,
ਨਿਤ ਕਹਿ ਗ਼ਜ਼ਲ ਅਨੋਖੀ ਹਿੰਮਤ ਦਾ ਜਾਮ ਲੈ ਕੇ॥

ਟੁਰ ਨਾਲ ਸ਼ਾਨ ਸ਼ੌਕਤ ਬਣ ਕੇ ਅਵਾਜ਼ ਸਭ ਦੀ,
ਖ਼ੁਸ਼ ਲੋਕਤਾ ਨੂੰ ਕਰ ਕੇ ਸਭ ਤੋਂ ਸਲਾਮ ਲੈ ਕੇ॥

ਏਕੇ ‘ਚ ਬਰਕਤਾਂ ਨੇ ਏਕੇ ਦੀ ਜਿੱਤ ਹੁੰਦੀ,
ਚਲ ਸੰਗ ਲੈ ਖ਼ਲਕ ਨੂੰ ਸਾਰਾ ਅਵਾਮ ਲੈ ਕੇ॥

ਦੁਖੀਆਂ ਦੀ ਕਰ ਸਹਾਇਤਾ ਸੀ ਜ਼ਖ਼ਮ ਲੋਕਤਾ ਦੇ,
ਰਖ ਕੋਲ ਮਲ਼ਮ-ਪੱਟੀ ਟੁਰ ਸੰਗ ਬਾਮ ਲੈ ਕੇ॥

ਲਾ ਹਕ-ਹਲਾਲ ਨਾਰ੍ਹਾ ਕਰ ਹਕ ਦੀ ਕਮਾਈ,
ਬਿਲਕੁਲ ਟੁਰੀਂ ਨਾ ਹਥ ਵਿਚ ਦੌਲਤ ਹਰਾਮ ਲੈ ਕੇ॥

ਜਦ ਵੀ ਕਦੇ ਮੈਂ ਆਇਆ ਪਰਮਾਤਮਾ ਤਿਰੇ ਘਰ,
ਆਵਾਂਗਾ ਦਰ ਤਿਰੇ ‘ਤੇ ਸੁੱਚਾ ਕਲਾਮ ਲੈ ਕੇ॥

‘ਗੁਰਸ਼ਰਨ’ ਤੇਰਾ ਮੰਤਵ ਨਿਸ ਦਿਨ ਗ਼ਜ਼ਲ ਹੈ ਕਹਿਣੀ,
ਆਖੀਂ ਕਦੇ ਨਾ ਗ਼ਜ਼ਲਾਂ ਪੈਸਾ ਜਾਂ ਦਾਮ ਲੈ ਕੇ॥

ਮਿਲਦੀ ਖ਼ੁਸ਼ੀ ‘ਅਜੀਬਾ’ ਉਮਦਾ ਗ਼ਜ਼ਲ ਹੀ ਕਹਿ ਕੇ,
ਖ਼ੁਸ਼ ਨਾ ਕਦੇ ਮੈਂ ਹੋਵਾਂ ਫ਼ਰਜ਼ੀ ਇਨਾਮ ਲੈ ਕੇ॥

ਪਰਵਰਦਿਗਾਰ ਦੇ ਦੇ ਮੁਹਲਤ ‘ਅਜੀਬ’ ਨੂੰ ਕੁਝ,
ਹੋਸੀ ਇਹ ਪੇਸ਼ ਤੇਰੇ ਗ਼ਜ਼ਲਾਂ ਦੀ ਸ਼ਾਮ ਲੈ ਕੇ॥

9.12.2021
**
ਅਦਬ ਦੇ ਸਾਗਰ ‘ਚ ਤਾਰੀ ਲਾ ਰਿਹਾਂ ਦਿਨ ਰਾਤ ਮੈਂ॥
(SISS. SISS. SISS. SIS)
5. ਗ਼ਜ਼ਲ

ਅਦਬ ਦੇ ਸਾਗਰ ‘ਚ ਤਾਰੀ ਲਾ ਰਿਹਾਂ ਦਿਨ ਰਾਤ ਮੈਂ॥
ਐ ਗ਼ਜ਼ਲ ਰੁਤਬਾ ਤਿਰਾ ਰੁਸ਼ਨਾ ਰਿਹਾਂ ਦਿਨ ਰਾਤ ਮੈਂ॥

ਤੇਰੀ ਖ਼ਾਤਰ ਜੀ ਰਿਹਾਂ ਮਰਸਾਂ ਵੀ ਤੇਰੇ ਵਾਸਤੇ,
ਸੋਮ-ਰਸ-ਜਾਮੇ-ਗ਼ਜ਼ਲ ਮੂੰਹ ਲਾ ਰਿਹਾਂ ਦਿਨ ਰਾਤ ਮੈਂ॥

ਮਸਤ ਰਹਿੰਦਾ ਹਾਂ ਸੰਵਾਰਨ ਤੇ ਸ਼ਿੰਗਾਰਨ ਨੂੰ ਗ਼ਜ਼ਲ,
ਪਾਰਲਰ-ਬਿਊਟੀ-ਗ਼ਜ਼ਲ ਦੇ ਜਾ ਰਿਹਾਂ ਦਿਨ ਰਾਤ ਮੈਂ॥

ਮਾਣਦਾਂ ਆਨੰਦ ਨਿਤ ਨਵ ਕਹਿੰਦਿਆਂ ਉਮਦਾ ਗ਼ਜ਼ਲ,
ਕਰ ਇਵੇਂ ਤਨ ਮਨ ਤੇ ਰੂਹ ਨਸ਼ਿਆ ਰਿਹਾਂ ਦਿਨ ਰਾਤ ਮੈਂ॥

ਕਹਿ ਗ਼ਜ਼ਲ ਉੱਤੇ ਗ਼ਜ਼ਲ ਭਰਦਾ ਨਹੀਂ ਹੈ ਦਿਲ ਮਿਰਾ,
ਵਿਚ ਗ਼ਜ਼ਲ-ਸੰਸਾਰ ਹਿੱਸਾ ਪਾ ਰਿਹਾਂ ਦਿਨ ਰਾਤ ਮੈਂ॥

ਆਖ ਨਵ-ਵਿਸ਼ਿਆਂ ‘ਤੇ ਨਿਸ ਦਿਨ ਮੈਂ ਗ਼ਜ਼ਲ ਐ ਦੋਸਤੋ, 
ਪਥ ਗ਼ਜ਼ਲ-ਇਤਿਹਾਸ ਦੇ ਚਮਕਾਅ ਰਿਹਾਂ ਦਿਨ ਰਾਤ ਮੈਂ॥

ਰਬ ਕਰੇ ਜ਼ਿੰਦਾ ਰਹੇ ‘ਗੁਰਸ਼ਰਨ’ ਪਰਲੋ ਤਕ ਗ਼ਜ਼ਲ,
ਏਸ ਦੀ ਲੰਬੀ ਉਮਰ ਵਧਵਾਂ ਰਿਹਾਂ ਦਿਨ ਰਾਤ ਮੈਂ॥
12.12.21
**

ਮਾਰ ਕਰੋਨੇ ਐਸੀ ਮਾਰੀ ਲੋਕੀਂ ਨੇ ਦੁਸ਼ਵਾਰ ਬੜੇ
(SSx7+S)
6. ਗ਼ਜ਼ਲ

ਮਾਰ ਕਰੋਨੇ ਐਸੀ ਮਾਰੀ ਲੋਕੀਂ ਨੇ ਦੁਸ਼ਵਾਰ ਬੜੇ॥
ਬਿਨ ਮੌਤੋਂ ਹੀ ਮਰਦੇ ਜਾਵਣ ਨਿਸ ਦਿਨ ਵਿਚ ਸੰਸਾਰ ਬੜੇ॥

ਔਖੀ-ਘੜੀ ਨਾ ਮੌਲ਼ਾ ਦੇਵੀਂ ਭੁੁੱਲ ਕੇ ਵੀ ਨਾ ਮਾਨਵ ਨੂੰ,
ਦੁਨੀਆ ਗ਼ਰਕ ਹੋਣ ਦੇ ਮੈਨੂੰ ਦਿਸਦੇ ਨੇ ਆਸਾਰ ਬੜੇ॥

ਕੰਮ-ਕਾਰ ਨਾ ਮਿਲਦਾ ਕੋਈ ਜਦ ਵੀ ਢੂੰਡਣ ਜਾਵੇ ਕੋਈ,
ਹਾਕਮ ਆਖੇ ਕੀਤੇ ਪੈਦਾ ਉਸ ਨੇ ਹਨ ਰੁਜ਼ਗਾਰ ਬੜੇ॥

ਵਿੱਚ ਵਿਦੇਸ਼ੀਂ ਭੱਜੇ ਆਵਣ ਮੁੰਡੇ ਕੁੜੀਆਂ ਭਾਰਤ ਤੋਂ,
ਕੰਮਾਂ ਕਰਕੇ ਹੀ ਜਿੱਥੇ ਨੇ ਲੋਕੀਂ ਬੇਰੁਜ਼ਗਾਰ ਬੜੇ॥

ਭਾਰਤ ਦੇਸ਼ ਮਹਾਨ ਦੇਸ਼ ਹੈ ਆਬਾਦੀ ਜਾਂ ਰਕਬੇ ਵਿਚ,
ਕੁੱਝਕੁ ਭੱਦਰ ਪੁਰਸ਼ਾਂ ਬਿਨ ਸਭ ਏਥੇ ਹਨ ਲਾਚਾਰ ਬੜੇ॥

ਜੰਮਣ-ਮਰਨ ‘ਤੇ ਲੋਕੀਂ ਕਰਨ ਇਕੱਤਰ ਲੋਕ ਅਨੇਕ ਅਜੇ ਵੀ,
ਕੱਢ ਲਿਆਵਣ ਰੱਬ ਦੀ ਧੁੰਨੀ ‘ਚੋਂ ਇਹ ਦੁਰ-ਸੰਸਕਾਰ ਬੜੇ॥

ਉੱਤੋਂ  ਉੱਤੋਂ  ਚਾਰੇ  ਬੰਨੇਂ  ਲਵ  ਯੂ  ਲਵ  ਯੂ  ਹੁੰਦੀ  ਏ,
ਵਿੱਚੋਂ  ਵਿੱਚੋਂ  ਇੱਕ ਦੁਏ  ਸੰਗ ਖਾਂਦੇ ਨੇ ਸਭ ਖਾਰ ਬੜੇ॥

ਯਾਰ ‘ਅਜੀਬਾ’ ਤੂੰ ਕੀ ਲੈਣਾ ਦੇਣਾ ਜਗਤ ਝਮੇਲੇ ‘ਚੋਂ,
ਬਹਿਲਾਵਣ ਨੂੰ ਤੈਨੂੰ ਤੇਰੇ ਮਿਤਰਾ ਨੇ ਅਸ਼ਆਰ ਬੜੇ॥
17.12.2021
**

ਚੰਨ ਚੌਦ•ਵੀਂ ਦਾ ਆਖਾਂ •ਜਾਂ ਆਫ਼•ਤਾਬ ਆਖਾਂ।
(SSI+SISSX2)
7. ਗ਼ਜ਼ਲ

ਚੰਨ ਚੌਦਵੀਂ  ਦਾ  ਆਖਾਂ  ਜਾਂ  ਆਫ਼ਤਾਬ  ਆਖਾਂ।
ਤੈਨੂੰ  ਮੈਂ ਬਾਗ਼  ਦਿਲ  ਦਾ  ਸੂਹਾ  ਗੁਲਾਬ  ਆਖਾਂ। 

ਸੂਹਾ   ਗੁਲਾਬ    ਆਖਾਂ  ਤੈਨੂੰ   ਸ਼ਬਾਬ    ਆਖਾਂ,
ਕਰਦੀ  ਜੋ  ਮੁਗਦ ਮੈਨੂੰ  ਮਸਤੀ  ਸ਼ਰਾਬ  ਆਖਾਂ।

ਮੇਰੇ  ਨਸੀਬ   ਦੇ  ਵਿਚ  ਸ਼ਾਮਿਲ  ਨਸੀਬ   ਤੇਰਾ,
ਆਖਾਂ ਮੈਂ  ਯਾਰ  ਤੈਨੂੰ,  ਦਿਲ ਦੀ  ਕਿਤਾਬ ਆਖਾਂ।

ਆਸ਼ਕ ਮੈਂ  ਤੇਰੀ   ਦੀਦ  ਦਾ   ਤੇਰਾ  ਗੁਲਾਮ  ਵੀ,
ਆਖਾਂ  ਮੈਂ   ਤੈਨੂੰ  ਆਖਾਂ  ਸੁੰਦਰ  ਜਨਾਬ   ਆਖਾਂ।

ਚਿਹਰੇ  ‘ਤੇ   ਨੂਰ    ਤੇਰੇ   ਜਾਹੋ-ਜਲਾਲ     ਤੇਰੇ,
ਤੈਨੂੰ   ਮੈਂ  ਹੂਰ   ਸੁੰਦਰ  ਇਕ   ਲਾਜਵਾਬ  ਆਖਾਂ।

ਤੇਰੇ ਜਿਹਾ ਨਾ ਦਿਲਕਸ਼ ਅੱਜ ਤੱਕ ਮੈਂ ਯਾਰ  ਡਿੱਠਾ,
ਤੈਨੂੰ   ਮੈਂ   ਹੁਸਨ-ਪੁਸਤਕ   ਮੇਰੇ  ਜਨਾਬ  ਆਖਾਂ।

ਗ਼ੁੱਸੇ   ਗਿਲੇ  ਦੇ  ਲਾਗੇ  ਜਾਵੇ  ਨਾ ਜੋ  ਵੀ  ਯਾਰਾ,
ਤੈਨੂੰ  ਮੈਂ  ਐਸਾ  ਸੀਤਲ ਹੁਸਨ-ਓ-ਸ਼ਬਾਬ  ਆਖਾਂ।

ਇਕ  ਦੂਸਰੇ ‘ਚੋਂ  ਆਪਾਂ  ਇਕ  ਦੂਸਰੇ  ਨੂੰ  ਤੱਕੀਏ,
ਅਪਣੇ  ਸਵਾਲ    ਦਾ   ਹੀ   ਤੈਨੂੰ  ਜਵਾਬ  ਆਖਾਂ।

ਦਰਿਆ  ਮੁਹੱਬਤਾਂ   ਦਾ  ਨਦੀਆ  ਜਾਂ ਝੀਲ  ਕੋਈ,
ਝਰਨਾ  ਕੋਈ  ਜਾਂ   ਤੈਨੂੰ   ਵਗਦੀ  ਝਨਾਬ ਆਖਾਂ।

ਦਿਲ   ਲੋਚਦੈ   ਲਵਾਂ   ਕਰ   ਤੈਨੂੰ  ਪ੍ਰੇਮ   ਰੱਜ  ਕੇ,
ਜੀਵਨ ਮਿਰੇ ‘ਚ ਆਇਆ ਨਿਹੁੰ ਦਾ ਸਲਾਬ ਆਖਾਂ।

ਆਖਣ  ਤੋਂ  ਮੈਂ  ਟਲ਼ਾਂ  ਨਾ   ਤੈਨੂੰ  ਹੁਸੀਨ   ਸੁੰਦਰ,
ਮੇਰੇ    ਹਜ਼ੂਰ   ਮੇਰੇ      ਮੇਰੇ    ਜਨਾਬ     ਆਖਾਂ।

ਦਿਲ  ਆਖਦੈ ‘ਅਜੀਬਾ’ ਆਖਾਂ  ਤਿਰੇ ‘ਤੇ ਗ਼ਜ਼ਲਾਂ,
ਇਕ ਦੋ  ਨਾ ਮੇਰੇ  ਦਿਲਬਰ ਮੈਂ  ਬੇਹਿਸਾਬ  ਆਖਾਂ।
**

ਇਕ ਅਦਾ ਅਜ ਆਪਣੀ ਸਾਡੇ ‘ਤੋਂ ਵੀ ਯਾਰਾ ਲੁਟਾ।
(SISSX3+SIS)
8. ਗ਼ ਜ਼ ਲ

ਇਕ ਅਦਾ ਅਜ  ਆਪਣੀ  ਸਾਡੇ ‘ਤੋਂ ਵੀ  ਯਾਰਾ ਲੁਟਾ।
ਫੇਰ   ਮੰਨਾਂਗਾ  ਕਿ  ਤੇਰੇ   ਪਾਸ  ਹੈ   ਕਾਤਲ   ਅਦਾ। 

ਤਾਰਿਆਂ  ਨੂੰ  ਤੋੜ  ਕੇ  ਅਸਮਾਨ  ‘ਤੋਂ   ਹਮਦਮ  ਮਿਰੇ,
ਤੇਰੀਆਂ ਜ਼ੁਲਫ਼ਾਂ  ‘ਚ  ਕਰਦੈ  ਦਿਲ  ਮਿਰਾ ਦੇਵਾਂ ਸਜਾ। 

ਤੇਰੀ ਖ਼ਾਤਰ ਹਰ ਬਲਾ  ਤੇ ਹਰ  ਕਜ਼ਾ ਸੰਗ  ਲੜ ਰਿਹਾਂ,
ਹਰ   ਸਮੇਂ   ਹੈ   ਨਿਕਲਦੀ  ਤੇਰੇ  ਲਈ   ਮੂੰਹੋਂ   ਦੁਆ। 

ਵੇਖ  ਕੇ  ਨਾਚੀਜ਼   ਨੂੰ!   ਮੂੰਹ ਮੋੜਿਆ ਤੂੰ ਇਉਂ  ਸਨਮ,
ਜਾਪਦੈ  ਦਿੱਤਾ  ਜਿਉਂ   ਤੂੰ   ਆਸ਼ੀਆਂ ਦਿਲ  ਦਾ  ਜਲਾ। 

ਜ਼ਿੰਦਗੀ   ਦੇ  ਵਿਚ   ਮੁਹੱਬਤ  ਲਾਜ਼ਮੀ   ਹੈ  ਜੀਣ   ਨੂੰ,
ਇਸ ਲਈ  ਮੈਂ  ਭਰ  ਰਿਹਾਂ  ਪਾਣੀ  ਤਿਰਾ  ਜਾਨੇ-ਵਫ਼ਾ। 

ਚੁੱਪ    ਹੈ   ਵਾਤਾਵਰਨ    ਮਾਹੌਲ    ਵੀ    ਖ਼ਾਮੋਸ਼   ਹੈ,
ਬਿਨ ਤਿਰੇ  ਨਾ  ਚੈਨ ਹੈ  ਨਾ  ਹੀ  ਕੁਈ ਮਨ ਨੂੰ ਟਿਕਾ। 

ਕਿਸ ਤਰਫ਼ ਨੂੰ ਜਾ ਰਹੀ ‘ਗੁਰਸ਼ਰਨ’ ਦੁਨੀਆ ਦੀ ਨੁਹਾਰ,
ਅਪਣਿਆਂ  ਨੂੰ  ਅਪਣਿਆਂ  ਹੀ  ਬਿੱਲਕੁਲ  ਦਿੱਤੈ ਭੁਲਾ। 

ਦਿਲ ਕਰੇ ‘ਗੁਰਸ਼ਰਨ’ ਸੰਗ ਦੋ  ਪਲ ਜੇ ਸਾਂਝੇ ਕਰਨ ਨੂੰ,
ਫੇਰ  ਤੱਕੀਂ  ਕੀ  ਹੈ   ਹੁੰਦਾ  ਜੀਣ   ਦਾ   ਜੀਵਨ-ਮਜ਼ਾ। 

ਹਰ  ਗ਼ਜ਼ਲ  ਮੇਰੀ  ਸਮਰਪਤ  ਹੈ  ਪੰਜਾਬੀ  ਅਦਬ  ਨੂੰ,
ਨਿਤ ਫਲੇ ਮੌਲਾ ਗ਼ਜ਼ਲ ‘ਗੁਰਸ਼ਰਨ’  ਕਰਦੈ ਇਲਤਜਾ। 
**

ਹੈ ਦਾਸਤਾਂ ਗ਼ਜ਼ਲ ਦੀ ਕਾਵਿਕ ਕਿਤਾਬ ਮੇਰੀ। 
(SSI+SISSx2)
9. ਗ਼ ਜ਼ ਲ

ਹੈ  ਦਾਸਤਾਂ   ਗ਼ਜ਼ਲ   ਦੀ   ਕਾਵਿਕ  ਕਿਤਾਬ  ਮੇਰੀ। 
ਮੇਰਾ    ਅਮੋਲ   ਤਗ਼ਮਾ   ਦੌਲਤ    ਜਨਾਬ    ਮੇਰੀ। 

ਕਰਦੀ  ਕਲੋਲ  ਨਖ਼ਰੇ  ਪੁਸਤਕ   ਨਵੇਲੜੀ   ਇਹ,
ਕੀਤੀ  ਗ਼ਜ਼ਲ ਹੈ   ਇਸ ਨੇ   ਅਜ  ਬੇਨਕਾਬ ਮੇਰੀ। 

ਹਰ ਸ਼ਬਦ ਹਰ  ਸਤਰ ਵਿਚ ਬੋਲੇ ਇਹ ਸੱਚ ਕੇਵਲ,
ਪੁਸਤਕ  ਮਿਰੀ   ਨਸ਼ਾ  ਹੈ   ਨਾਲੇ   ਸ਼ਰਾਬ   ਮੇਰੀ। 

ਸੁਰ  ਤਾਲ  ਦੀ  ਇਹ  ਵੀਣਾ  ਸੰਗੀਤ  ਦਾ  ਪੁਲੰਦਾ,
ਮੇਰੀ     ਕਿਤਾਬ   ਮੁਰਲੀ   ਨਾਲੇ   ਰਬਾਬ   ਮੇਰੀ। 

ਅਪਣੀ ਗ਼ਜ਼ਲ  ਦੇ ਬਿਨ  ਤਾਂ  ਮੇਰਾ ਮੁਹਾਲ  ਜੀਣਾ,
ਮੈਂ  ਏਸ  ਦਾ  ਹਾਂ  ਆਸ਼ਕ   ਇਹ  ਬੇਹਿਸਾਬ  ਮੇਰੀ। 

ਪੜ੍ਹ  ਲਿਖ  ਵੇਖ  ਇਸ  ਨੂੰ  ਯਾਰੋ  ਸਰੂਰ  ਆਉਂਦੈ,
ਮੇਰੀ   ਗ਼ਜ਼ਲ  ਹੈ   ਚਸ਼ਮਾ   ਆਬੇ-ਪੰਜਾਬ  ਮੇਰੀ। 

ਤੈਨੂੰ  ‘ਅਜੀਬ’ ਲਗਦੈ  ਸਿਖਦਾ ਹੈਂ  ਤੂੰ  ਅਜੇ  ਤਕ,
ਪਰ ਸਭ  ਗ਼ਜ਼ਲ ਨੂੰ ਕਹਿੰਦੇ  ਹੈ  ਲਾਜਵਾਬ  ਮੇਰੀ। 

***
568
***

About the author

ਗੁਰਸ਼ਰਨ ਸਿੰਘ ਅਜੀਬ
ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →