21 September 2024

ਲਉ ਜਨਾਬ ਪੇਸ਼ ਹਨ ਗੁਰਸ਼ਰਨ ਸਿੰਘ ਅਜੀਬ ਦੀਆਂ 15 ਗ਼ਜ਼ਲਾਂ !

(1)
ਦਿਨ-ਬਦਿਨ ਇਖ਼ਲਾਕ ਗਿਰਦਾ ਜਾ ਰਿਹਾ ਹੈ!
ਬਹਿਰ: ਰਮਲ, ਮੁਸੱਦਸ, ਸਾਲਿਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ਾਇਲਾਤੁਨ + ਫਾਇਲਾਤੁਨ + ਫ਼ਾਇਲਾਤੁਨ)
(SISS + SISS + SISS)
੦ ਗ਼ਜ਼ਲ
ਗੁਸ਼ਰਨ ਸਿੰਘ ਅਜੀਬ (ਲੰਡਨ)
ਦਿਨ-ਬਦਿਨ ਇਖ਼ਲਾਕ ਗਿਰਦਾ ਜਾ ਰਿਹਾ ਹੈ।
ਆਦਮੀ   ਨੂੰ   ਆਦਮੀ    ਹੀ  ਖਾ   ਰਿਹਾ  ਹੈ।
ਕਿਸ  ਤਰਾਂ  ਦਾ  ਬਣ  ਗਿਆ  ਸੰਸਾਰ   ਯਾਰੋ,
ਹਰ  ਕੋਈ  ਅਪਣੇ   ਹੀ  ਸੁਹਲੇ ਗਾ ਰਿਹਾ ਹੈ।
ਅਪਣਿਆਂ  ਤੋਂ  ਦੂਰ ਰਹਿਣਾ  ਸਿਖ  ਰਿਹਾ ਹਾਂ,
ਅਪਣਿਆਂ  ਦਾ  ਫਿਰ  ਵੀ ਚੇਤਾ ਆ ਰਿਹਾ ਹੈ।
ਪਿਆਰ    ਦੇ   ਬੂਟੇ  ਨੂੰ  ਦਿੱਤੈ   ਖ਼ੂਬ   ਪਾਣੀ,
ਫੇਰ  ਵੀ ਜਾਣਾਂ  ਨਾ  ਕਿਉਂ  ਕੁਮਲਾ  ਰਿਹਾ ਹੈ।
ਨਾ   ਰਹੀ  ਹੁਣ   ਲੋਡ਼   ਯਾਰੋ  ਦੁਸ਼ਮਨਾਂ  ਦੀ,
ਆਪਣਾ  ਹੀ  ਬਣ  ਕੇ   ਵੈਰੀ  ਖਾ  ਰਿਹਾ  ਹੈ।
ਸੋਚਿਆ  ਸੀ   ਆਪਣੈ !   ਧੋਖਾ   ਨਾ  ਕਰਸੀ,
ਲਾ  ਰਿਹਾ  ਉਹ  ਖ਼ੂਬ  ਲੱਪੂ  ਲਾ   ਰਿਹਾ  ਹੈ।
ਆਪਣਾ  ਅਪਣੇ  ਨੂੰ  ਦੇ  ਸਕਦਾ  ਨਹੀਂ  ਕੁਝ,
ਰੱਬ   ਹੀ   ਖ਼ੈਰਾਂ   ਜੋ   ਝੋਲ਼ੀ   ਪਾ  ਰਿਹਾ  ਹੈ।
ਵਧ  ਰਹੀ   ਧਡ਼ਕਣ   ਦਿਲੇ  ਦੀ  ਵੇਖ  ਤੈਨੂੰ,
ਪਿਆਰ  ਤੇਰਾ  ਹਮ-ਸਫ਼ਰ  ਤਡ਼ਪਾ ਰਿਹਾ ਹੈ।
ਢੋਲ਼ਣਾ ਆ  ਜਾ  ਘਰੀਂ   ਹੁਣ  ਦੇਰ ਕਰ  ਨਾ,
ਜ਼ਿੰਦਗੀ  ਦਾ  ਸਫ਼ਰ  ਮੁਕਦਾ  ਜਾ ਰਿਹਾ  ਹੈ।
ਆਣਗੇ ਇਕ ਦਿਨ ‘ਅਜੀਬਾ’ ਦਿਨ ਭਲ਼ੇ ਵੀ,
ਦੇਰ ਤੋਂ  *ਮੋਦੀ  ਇਹ ਨਗ਼ਮਾ ਗਾ  ਰਿਹਾ ਹੈ।
*ਮੋਦੀ:ਪੀ.ਐੱਮ, ਸ਼੍ਰੀ ਨਰਿੰਦਰ ਮੋਦੀ
**
(2)
ਮੈਂ ਹਰ ਇਕ ਸ਼ੈ ‘ਚੋਂ ਹੀ ਤੇਰਾ ਨੂਰਾਨੀ ਮੁੱਖੜਾ ਵੇਖਾਂ!
ਬਹਿਰ: ਹਜ਼ਜ਼, ਮੁਸੱਮਨ, ਸਾਲਿਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫਾਈਲੁਨ + ਮੁਫਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS +  ISSS + ISSS
੦ ਗ਼ਜ਼ਲ
ਗੁਰਸ਼ਰਨ ਸਿੰਘ ਅਜੀਬ (ਲੰਡਨ) 
ਮੈਂ  ਹਰ   ਇਕ  ਸ਼ੈ  ‘ਚੋਂ  ਹੀ ਤੇਰਾ  ਨੂਰਾਨੀ  ਮੁੱਖੜਾ  ਵੇਖਾਂ।
ਜੋ  ਢਾਵੇ  ਕਹਿਰ   ਤੇਰਾ  ਹੁਸਨ   ਠਾਠਾਂ  ਮਾਰਦਾ   ਵੇਖਾਂ।
ਤਿਰੇ  ਮਸਤਕ  ਨੁਰਾਨੀ  ‘ਤੇ  ਇਲਾਹੀ  ਨੂਰ   ਹੈ  ਦਿਸਦਾ,
ਹਲੀਮੀ ٍ  ਸਾਦਗੀ  ਦਾ  ਮੇਲ ਇਸ  ‘ਚੋਂ  ਨਿਮਰਤਾ  ਵੇਖਾਂ।
ਝੁਕਾਏਂ  ਜਦ   ਕਦੇ  ਪਲ਼ਕਾਂ   ਦਿਨੇ  ਹੀ   ਰਾਤ  ਹੋ  ਜਾਵੇ,
ਉਠਾਏਂ ਜਦ  ਕਦੇ  ਜ਼ੁਲ਼ਫ਼ਾਂ ਨੂੰ  ਮੈਂ ਚੰਨ  ਚਮਕਦਾ   ਵੇਖਾਂ।
ਕਰੇ ਦਿਲ ਵੇਖਦਾ ਨਿਸ ਦਿਨ  ਰਵ੍ਹਾਂ  ਚਨਰੂਪ-ਮੁਖ  ਤੇਰਾ,
ਨਹੀਂ  ਇਕ  ਵਾਰ ਦੋ ਜਾਂ ਤਿੰਨ  ਅਨੇਕਾਂ  ਮਰਤਬਾ  ਵੇਖਾਂ।
ਤਿਰੇ  ‘ਤੇ  ਹੁਸਨ ਦਾ ਦਰਯਾ  ਹੈ ਠਾਠਾਂ ਮਾਰਦਾ  ਹਮਦਮ,
ਜੋ  ਚਮਕੇ   ਨੂਰ   ਮੱਥੇ  ‘ਤੇ  ਉਦਾ  ਜਲਵਾ  ਨਸ਼ਾ  ਵੇਖਾਂ।
ਲਵੇਂ ਅੰਗੜਾਈ  ਜਦ ਸਜਨਾ ਮਚਾਵੇਂ  ਕਹਿਰ ਧਰਤੀ ‘ਤੇ,
ਦਿਖੇ ਜੋਬਨ  ਜਲੌਅ ਤੇਰਾ  ਅਜਬ  ਨਖ਼ਰਾ  ਅਦਾ ਵੇਖਾਂ।
ਬਣਾਇਆ ਜਾਪਦੈ  ਤੈਨੂੰ  ਹੈ  ਵਿਹਲੇ  ਬੈਠ  ਕੇ  ਰਬ  ਨੇ,
ਤਿਰੇ ਅੰਗ ਅੰਗ ‘ਚੋਂ ਐ ਦਿਲਬਰ ਖ਼ੁਦਾ-ਸਾਜੀ-ਕਲ਼ਾ ਵੇਖਾਂ।
ਮੈਂ ਹਰ ਇਕ ਫੁਲ ਕਲੀ ਪੱਤੇ ਤੇ ਤੇਰਾ  ਨਾਮ  ਲਿਖ  ਦਿੱਤੈ,
ਜਿਧਰ ਵੀ ਵੇਖਦਾਂ ਬਸ ਨਾਂ ਤਿਰਾ  ਹੀ  ਉਕਰਿਆ  ਵੇਖਾਂ।
ਖੁਦਾ ਦਾ ਸ਼ੁਕਰ  ਹੈ ਉਸ ਨੇ  ਕ੍ਰਿਸ਼ਮਾ ਕਰ ਵਿਖਾਇਆ ਹੈ,
ਤਿਰੇ ਵਿਚ ਵਧ ਰਿਹਾ ਜੋ ਵਲ ਮਿਰੇ ਵਧਦਾ  ਝੁਕਾ  ਵੇਖਾਂ।
ਜਦੋਂ ਵੀ ਜ਼ਿਹਨ ਵਿਚ ਹਮਦਮ  ਖ਼ਿਆਲੇ-ਯਾਰ ਆ ਜਾਵੇ,
‘ਅਜੀਬਾ’ ਉਸ ਸਮੇਂ ਸ਼ਬਦਾਂ ਦਾ  ਆਉਂਦਾ  ਕਾਫ਼ਲਾ ਵੇਖਾਂ।
**
(3)
ਕਮਾਈ ਹੱਕ-ਹਲਾਲੀ ਕਰ ਪਰਾਇਆ ਖਾਵਿਆ ਨਾ ਕਰ!
ਬਹਿਰ: ਹਜ਼ਜ਼, ਮੁਸੱਮਨ, ਸਾਲਿਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫਾਈਲੁਨ + ਮੁਫਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS +  ISSS + ISSS
੦ ਗ਼ਜ਼ਲ
ਗੁਰਸ਼ਰਨ ਸਿੰਘ ਅਜੀਬ (ਲੰਡਨ)
ਕਮਾਈ ਹੱਕ-ਹਲਾਲੀ ਕਰ ਪਰਾਇਆ  ਖਾਵਿਆ  ਨਾ  ਕਰ।
ਪਰਾਏ  ਮਾਲ਼  ਤੇ  ਅੱਖਾਂ   ਟਿਕਾਇਆ  ਲਾਵਿਆ  ਨਾ  ਕਰ।
ਖੁਦਾ  ਦਾ  ਸ਼ੁਕਰ  ਕਰ  ਬੰਦੇ  ਜਿਨ੍ਹੇਂ  ਸਭ  ਬਖ਼ਸ਼ੀਆਂ ਦਾਤਾਂ,
ਸਦਾ ਹੀ  ਮੈਂ  ਮੈਂ  ਮੈਂ  ਮੈਂ  ਮੈਂ  ਦੇ ਸੁਹਲੇ  ਗਾਵਿਆ ਨਾ  ਕਰ।
ਇਹ   ਡੇਰੇ  ਵਰਗਲਾਉਂਦੇ  ਨੇ  ਤੇ  ਪੁੱਠੇ  ਪਾਸੇ  ਪਾਉਂਦੇ  ਨੇ,
ਤੂੰ ਛਡ ਕੇ ਘਰ ਜਿਹੀ ਜੰਨਤ  ਕੁਥਾਂਵੀਂ  ਜਾਵਿਆ  ਨਾ ਕਰ।
ਉਹ  ਹੈ   ਮੌਜੂਦ  ਵਿਚ  ਤੇਰੇ   ਤਿਰੇ   ਹਿਰਦੇ ‘ਚ  ਬੈਠਾ  ਹੈ,
ਨਹੀਂ  ਵਸਦੈ   ਕਿਤੇ   ਬਾਹਰ  ਭੁਲੇਖੇ  ਖਾਵਿਆ  ਨਾ  ਕਰ।
ਜੋ ਬੈਠੈ ਵਿਚ  ਬਗ਼ਲ  ਤੇਰੀ  ਨਾ ਉਸ  ਨੂੰ ਲੋਡ਼  ਢੂੰਡਣ  ਦੀ,
ਅਗਰ  ਪ੍ਰਮਾਤਮਾ  ਪਾਉਣਾ ਤਾਂ  ਡੇਰੀਂ  ਧਾਵਿਆ  ਨਾ  ਕਰ।
ਜਿਦ੍ਹੇ  ਕੀਤੇ  ਨਾ  ਜੀਵਨ  ਸੌਰਨਾ  ਕੀ  ਲਾਭ  ਕਰਨੇ  ਦਾ?,
ਬਿਨਾਂ ਇਨਸਾਨੀਅਤ ਦੇ ਹੋਰ ਪੰਧ ਅਪਨਾਵਿਆ ਨਾ ਕਰ।
ਮੁਹੱਬਤ ਪਰੇਮ ਦੇ ਸਿਰ ‘ਤੇ  ਮੁਨੱਸਰ  ਸਿਲਸਿਲਾ  ਜਗ ਦਾ,
ਬਿਨਾਂ ਇਸ ਦੇ ਕਿਸੇ  ਦਾ  ਨਾਮ  ਯਾਰਾ ਰਾਵਿਆ ਨਾ  ਕਰ।
ਮੁਹੱਬਤ ਹੈ ਤਾਂ ਦੁਨੀਆ ਹੈ  ਬਿਨਾਂ  ਇਸ  ਦੇ ਜਗਤ  ਦੋਜ਼ਖ਼,
‘ਅਜੀਬਾ’ ਬਿਨ ਇਦ੍ਹੇ ਮਜ਼੍ਹਬਾਂ ਦੇ ਦਰ ਖਡ਼ਕਾਵਿਆ ਨਾ ਕਰ।
ਜੇ ਮਨ ਪ੍ਰਚਾਵਣਾ ‘ਗੁਰਸ਼ਰਨ’ ਕਰਿਆ ਕਰ ਗ਼ਜ਼ਲ-ਰਚਨਾ,
ਗ਼ਜ਼ਲ ਦੀ ਸਾਧਨਾ ਬਿਨ ਮਨ ਕਿਤੇ  ਪਰਚਾਵਿਆ ਨਾ ਕਰ।
**
(4)
ਅਪਣੀ ਦੇ ਵਲ ਤੱਕੇ ਤਕ ਨਾ ਵੇਖੇ ਵੱਲ ਪਰਾਈਆਂ ਦੇ!
ਬਹਿਰ: ਮੁਤਦਾਰਿਕ, ਮੁਸੱਬਾ, ਮਕਤੂਅ,ਅਖ਼ਜ਼
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ੇਲੁਨ+ਫ਼ੇਲੁਨ +ਫ਼ੇਲੁਨ +ਫ਼ੇਲੁਨ+ਫ਼ੇਲੁਨ+ਫ਼ੇਲੁਨ+ਫ਼ੇ)
(SS +SS + SS + SS + SS + SS + S)
੦ ਗ਼ਜ਼ਲ
ਗਰਸ਼ਰਨ ਸਿੰਘ ਅਜੀਬ (ਲੰਡਨ)
ਅਪਣੀ ਦੇ ਵਲ ਤੱਕੇ ਤਕ ਨਾ ਵੇਖੇ ਵੱਲ ਪਰਾਈਆਂ ਦੇ।
ਅੱਗੇ ਪਿੱਛੇ ਫਿਰਦਾ ਰਹਿੰਦੈ ਗ਼ੈਰਾਂ ਦੀਆਂ ਲੁਗਾਈਆਂ ਦੇ।
ਬਚਪਣ ਤੋਂ ਸਤਿਕਾਰ ਹੈ ਕੀਤਾ ਆਪਾਂ ਔਰਤ ਜ਼ਾਤੀ ਦਾ,
ਨੀਤ ਸਵੱਛੀ ਰੱਖੀ ਛੂਹੇ ਚਰਨ ਸਦਾ ਭਰਜਾਈਆਂ ਦੇ।
ਮੋਹ-ਮਾਯਾ ਦੇ ਜਾਲ਼ ‘ਚ ਫਸਿਆ ਬੰਦਾ ਉਮਰ ਗਵਾ ਲੈਂਦਾ ਹੈ,
ਹਾਡ਼ੀ ਸਾਉਣੀਂ ਚੱਕਰ ਲਾਉਂਦੈ ਪਰ ਉਹ ਭੈਣਾਂ ਭਾਈਆਂ ਦੇ।
ਦੂਰ ਦੇ ਢੋਲ਼ ਸੁਹਾਨੇ ਲੱਗਣ ਨੇਡ਼ੇ ਦੇ ਨਾ ਦਿਲ ਨੂੰ ਭਾਵਣ,
ਕਿੰਝ ਕਿਵੇਂ ਕੋਈ ਸੁਹਲੇ ਗਾਵੇ ਘਰ ਬੈਠੇ ਹਰਜਾਈਆਂ ਦੇ।
ਲਾਗੀ ਵਾਲ਼ੇ ਲਾਗ ਲੈ ਜਾਵਣ ਬਚਿਆ ਖੁਚਿਆ ਕਾਮੇ ਕਿਰਤੀ,
ਪੱਲੇ ਕੁਝ ਨਾ ਪੈਂਦਾ ਅਜਕਲ ਫ਼ਸਲ-ਬਿਜਾਊ ਭਾਈਆਂ ਦੇ।
ਆਵੇ ਈਦ ਤਾਂ ਭੰਗ ਭੁਜੇ ਨਿਤ ਮਸਕੀਨਾਂ ਦੇ ਘਰ ਅੰਦਰ ਹੀ,
ਮੇਲੇ ਲੇਕਿਨ ਲੱਗੇ ਰਹਿੰਦੇ ਘਰ ਵਿਚ ਖ਼ੂਬ ਕਸਾਈਆਂ ਦੇ।
ਦਰਬਾਰ ਗ਼ਜ਼ਲ ਦਾ ਜਦ ਵੀ ਸਜਦੈ ਕਵੀਆਂ ਨੂੰ ਤਦ ਚਾਅ ਚੜ੍ਹ ਜਾਂਦੈ,
ਲੋਕੀਂ ਸਮਝਣ ਸ਼ਾਇਰ ਘੁੰਮਦੇ ਫਿਰਦੇ ਵਾਂਗ ਸ਼ੁਦਾਈਆਂ ਦੇ।
ਨਵ-ਬੱਚੇ ਨੂੰ ਜੀਵਨ ਦੇਵਣ ਅਕਸਰ ਨਰਸਾਂ ਡਾਕਟਰ ਆਦਿ,
ਵਾਰੇ ਜਾਈਏ ਡਾਕਟਰਾਂ ਸਭ ਨਰਸਾਂ ਨਾਲ਼ੇ ਦਾਈਆਂ ਦੇ।
ਨੌਜਵਾਨੀ ਅੱਜ ਦੀ ਭੁੱਲੀ ਉਮਦਾ ਗਾਇਕੀ ਸੱਭਿਆਚਾਰ ਵੀ,
ਚੰਗਿਆਈਆਂ ਨੂੰ ਛੱਡ ਕੇ ਗਾਏ ਕਿੱਸੇ ਨਿੱਤ ਬੁਰਾਈਆਂ ਦੇ।
ਤੂਤਕ ਤੂਤਕ ਤੂਤਕ ਤੂਤਕ ਤੂਤੀਆਂ ਸਭ ਕਰਦੇ ਰਹਿੰਦੇ,
ਭੁਲ ਕੇ ਵੀ ਨਾ ਗਾਵਣ ਕਿੱਸੇ ਕਵੀਆਂ ਪੀਰਾਂ ਸਾਈਂਆਂ ਦੇ।
ਯਾਰ ‘ਅਜੀਬਾ’ ਲਿਖ ਲਿਖ ਗ਼ਜ਼ਲਾਂ ਭਰ ਦੇ ਕਾਵਿ-ਸਮੁੰਦਰ ਤੂੰ,
ਦਿਲ ਵਿਲ ਖੋਲ੍ਹ ਕੇ ਆਖ ਤੂੰ ਕਿੱਸੇ ਬਿਰਹਾ ਦਰਦ ਜੁਦਾਈਆਂ ਦੇ।
**
(5)
ਗ਼ਜ਼ਲ ਦਾ ਸ਼ਿਅਰ ਅੜ ਜਾਵੇ ਤਾਂ ਫਿਰ ਘਬਰਾਵਿਆ ਨਾ ਕਰ!
ਬਹਿਰ: ਹਜ਼ਜ਼, ਮੁਸੱਮਨ, ਸਾਲਿਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫਾਈਲੁਨ + ਮੁਫਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS +  ISSS + ISSS)
੦ ਗ਼ਜ਼ਲ
ਗੁਰਸ਼ਰਨ ਸਿੰਘ ਅਜੀਬ (ਲੰਡਨ)
ਗ਼ਜ਼ਲ ਦਾ ਸ਼ਿਅਰ ਅੜ ਜਾਵੇ ਤਾਂ ਫਿਰ ਘਬਰਾਵਿਆ ਨਾ ਕਰ।
ਨਾ ਢਾਇਆ ਢੇਰੀਆਂ ਕਰ ਗ਼ਮ ਦਿਲੇ ਨੂੰ ਲਾਵਿਆ ਨਾ ਕਰ।
ਜੇ ਇਕ ਮਰਦੈ ਤਾਂ ਦਸ ਜੰਮਦੇ ਨਵੇਂ ਜਜ਼ਬਾਤ ਮਨ ਅੰਦਰ,
ਜੇ ਤੈਨੂੰ ਸ਼ਬਦ ਭੁਲ ਜਾਵਣ ਤਾਂ ਭੁਲ ਪਛਤਾਵਿਆ ਨਾ ਕਰ।

ਤਰੱਦਦ ਕੀਤਿਆਂ ਬਿਨ ਸੌਰਦਾ ਮਸਲਾ ਕੁਈ ਹਲ ਨਾ,
ਗ਼ਜ਼ਲ ਸੋਧਣ ਦਾ ਕੰਮ ਭੁਲ ਕੇ ਅਗਾਈਂ ਪਾਵਿਆ ਨਾ ਕਰ।
ਬਿਨਾਂ ਮਾਂਜੇ ਸੰਵਾਰੇ ਇਹ ਗ਼ਜ਼ਲ ਆਵੇ ਨਾ ਕਾਬੂ ਵਿਚ,
ਇਦ੍ਹੇ ‘ਤੇ  ਜ਼ੋਰ-ਅਜ਼ਮਾਈ ਕਦੇ ਅਜ਼ਮਾਵਿਆ ਨਾ ਕਰ।
ਗ਼ਜ਼ਲ ਕੋਮਲ ਕਲ਼ੀ  ਬਾਗ਼ਾਂ ਦੀ ਨਾਲ਼ੇ ਰਾਤ ਦੀ ਰਾਣੀ,
ਦੁਆਲੇ  ਏਸ ਦੇ ਪੀ ਕੇ ਨਸ਼ਾ ਬਹਿਕਾਵਿਆ ਨਾ ਕਰ।
ਬਡ਼ੀ ਨਾਜ਼ੁਕ ਜਿਹੀ ਇਹ ਸਿਨਫ਼ ਜ਼ੀਨਤ ਵਾਂਗਰਾਂ ਹੁੰਦੀ,
ਮੁਹੱਬਤ  ਕਰ ‘ਅਜੀਬਾ’ ਨਾਲ਼ ਇਸ ਜ਼ੁਲਮਾਵਿਆ ਨਾ ਕਰ।
ਵਿਚਾਰਾਂ ਪਾਕ ਸ਼ਬਦਾਂ ਦਾ ਹੀ ਬੰਧਨ ਹੈ ਗ਼ਜ਼ਲ-ਰਚਨਾ,
‘ਅਜੀਬਾ’ ਵਿਚ ਇਦ੍ਹੇ ਸੱਚ-ਸੁਚ ਬਿਨਾਂ ਚਮਕਾਵਿਆ ਨਾ ਕਰ।
**
(6)
ਮਨਮੋਹਣਾ ਅਨਮੋਲ ਸਨਮ ਹੈ!
ਬਹਿਰ: ਮੁਤਦਾਰਿਕ, ਮੁਸੱਮਨ, ਮਖ਼ਬੂਨ, ਮਸਕਨ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ੇਲੁਨ + ਫ਼ੇਲੁਨ + ਫ਼ੇਲੁਨ + ਫੇਲੁਨ)
(SS + SS  + SS + SS)
o ਗ਼ਜ਼ਲ
ਗੁਰਸ਼ਰਨ ਸਿੰਘ ਅਜੀਬ (ਲੰਡਨ)
ਮਨਮੋਹਣਾ  ਅਨਮੋਲ਼  ਸਨਮ   ਹੈ।
ਸੁੰਦਰ   ਗੋਲ-ਮਟੋਲ਼   ਸਨਮ   ਹੈ।
ਦਿਲ    ਕਰਦਾ   ਏ   ਵੇਖੀ  ਜਾਵਾਂ,
ਚੰਨ  ਜਿਹਾ  ਮੁਖ-ਗੋਲ਼ ਸਨਮ  ਹੈ।
ਨਾਲ਼  ਅਦਾਵਾਂ   ਕਰਦੈ   ਘਾਇਲ,
ਕਰਦਾ   ਟਾਲਮ-ਟੋਲ਼   ਸਨਮ  ਹੈ।
ਵਾਰੇ     ਜਾਵਾਂ     ਸਦਕੇ     ਜਾਵਾਂ,
ਬੈਠਾ   ਮੇਰੇ    ਕੋਲ਼    ਸਨਮ    ਹੈ।
ਦਿਲ ਬਦਲੇ ਦਿਲ  ਦੇਵਾਂ  ਇਸ  ਨੂੰ,
ਦਿਲ  ਦਾ  ਸਾਫ਼  ਅਮੋਲ਼  ਸਨਮ ਹੈ।
ਜੋ   ਆਖਾਂ     ਕਰ    ਪੂਰਾ    ਦਿੰਦੈ,
ਕਰਦਾ  ਘਟ  ਪੜਚੋਲ਼  ਸਨਮ  ਹੈ।
ਏਸ ਜਿਹਾ ਨਾ  ਜਗ   ਵਿਚ  ਹੀਰਾ,
ਸੌ    ਕੈਰਟ    ਬੋਤੋਲ਼   ਸਨਮ   ਹੈ।
ਨਾਜ਼ੁਕ   ਕਮਸੀਂ    ਸ਼ਰਮੀਲਾ    ਭੀ,
ਪੁਸ਼ਪ ਜਿਹਾ  ਚੁਪ-ਬੋਲ਼ ਸਨਮ  ਹੈ।
ਇਸ ਵਰਗਾ ਕੁਇ ਨਜ਼ਰ ਨਾ ਆਵੇ,
ਮੌਡਲ-ਨਵਯੁਗ-ਰੋਲ਼   ਸਨਮ   ਹੈ।
ਮੋਢੇ   ਦੇ   ਸੰਗ   ਲਾ    ਕੇ    ਮੋਢਾ,
ਕਰਦਾ   ਜੀਵਨ-ਘੋਲ਼   ਸਨਮ  ਹੈ।
ਕੋਇਲ਼ ਵਰਗੀ ‘ਵਾਜ਼ ਹੈ  ਇਸ  ਦੀ,
ਅਤਿ-ਮਿਠੜਾ ਮੂੰਹ-ਬੋਲ਼ ਸਨਮ ਹੈ।
ਸ਼ਾਲਾ! ਨਜ਼ਰ ਨਾ  ਲੱਗੇ  ਇਸ  ਨੂੰ,
ਮਨਮੋਹਣਾ   ਅਨਭੋਲ਼  ਸਨਮ  ਹੈ।
ਹੋਵੇ    ਜੇਕਰ     ਵਿਚ   ਮੌਜ    ਦੇ,
ਕਰਦੈ   ਖ਼ੂਬ   ਕਲੋਲ਼   ਸਨਮ  ਹੈ।
ਖੋਵ੍ਹੀਂ   ਨਾ  ‘ਗੁਰਸ਼ਰਨ’   ਦੋ  ਕੋਲ਼ੋਂ,
ਮੌਲ਼ਾ   ਜੋ  ਇਸ  ਕੋਲ਼  ਸਨਮ  ਹੈ।
**
(7)
ਗ਼ਮ ਨਾ ਕਰ ਨਾ ਡੋਲ਼ ਪਿਆਰੇ!
ਬਹਿਰ: ਮੁਤਦਾਰਿਕ, ਮੁਸੱਮਨ, ਮਖ਼ਬੂਨ, ਮਸਕਨ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ੇਲੁਨ + ਫ਼ੇਲੁਨ + ਫ਼ੇਲੁਨ + ਫੇਲੁਨ)
(SS + SS  + SS + SS)
੦ ਗ਼ਜ਼ਲ
ਗੁਰਸ਼ਰਨ ਸਿੰਘ ਅਜੀਬ (ਲੰਡਨ)
ਗ਼ਮ ਨਾ ਕਰ ਨਾ ਡੋਲ਼ ਪਿਆਰੇ।
ਬਹਿ ਜਾ ਮੇਰੇ ਕੋਲ਼ ਪਿਆਰੇ।
ਉਤਰ ਦਖਣ ਪੂਰਬ ਪੱਛਮ,
ਇਹ ਦੁਨੀਆ ਹੈ ਗੋਲ਼ ਪਿਆਰੇ।
ਦੁਨੀਆ ਕੀ ਤੇ ਕਿੰਝ ਹੈ ਵਸਦੀ,
ਚਾਰ ਦਿਸ਼ਾਵਾਂ ਫੋਲ਼ ਪਿਆਰੇ।
ਕਿਥੋਂ ਕੀ ਕੁਝ ਮਿਲ ਹੀ ਜਾਵੇ,
ਕੋਣਾ ਕੋਣਾ ਟੋਲ਼ ਪਿਆਰੇ।
ਕੀ ਕਰਨਾ ਕੀ ਨਾਹੀਂ ਕਰਨਾ,
ਮਿਥ ਅਪਣਾ ਤੂੰ ਗੋਲ਼ ਪਿਆਰੇ।
ਪੀ ਨੌਂ-ਰਤਨੀ ਭਾਂਵੇ ਨਿਸ ਦਿਨ,
ਪਰ ਨਾ ਪੀ ਕੇ ਡੋਲ਼ ਪਿਆਰੇ।
ਰਖ ਨਾ ਦਿਲ ਦੀ ਦਿਲ ਦੇ ਅੰਦਰ,
ਨਾਲ ਭਰਾਵਾਂ ਫੋਲ਼ ਪਿਆਰੇ।
ਮਿੱਠੇ ਬੋਲਾਂ ਦੀ ਜਪ ਮਾਲ਼ਾ,
ਬੋਲ ਨਾ ਬੋਲ ਕੁੁਬੋਲ਼ ਪਿਆਰੇ।
ਲੱਭ ਨਾ ਐਂਵੇਂ ਬਾਹਰ ਰੱਬ ਨੂੰ,
ਅੰਦਰ ਅਪਣੇ ਟੋਲ਼ ਪਿਆਰੇ।
ਇਸ਼ਕ ਜੇ ਕਰਦੈਂ ਰੌਲ਼ਾ ਕਾਦ੍ਹਾ,
ਨੱਚ ਨਾ ਪਾ ਗਲ਼ ਢੋਲ਼ ਪਿਆਰੇ।
ਕਹਿਣੀ ਨਾ ਆਸਾਨ ਗ਼ਜ਼ਲ ਹੈ,
ਇਕ ਇਕ ਅਖਰ ਤੋਲ਼ ਪਿਆਰੇ।
ਮਨ ਦੀ ਮਨ ਵਿਚ ਰਹਿ ਜਾਵੇ ਨਾ,
ਖੋਲ੍ਹ ਗ਼ਜ਼ਲ ਵਿਚ ਪੋਲ਼ ਪਿਆਰੇ।
ਹੋਰਾਂ ਨੂੰ ਤੂੰ ਨਿੰਦਣ ਨਾਲ਼ੋਂ,
ਖ਼ੁਦ ਦੀ ਕਰ ਪੜਚੋਲ਼ ਪਿਆਰੇ।
ਵਿੱਚ ਗ਼ਜ਼ਲ ਦੇ ਛੱਡ ‘ਅਜੀਬਾ’,
ਆਖ ਸੁਰੀਲੇ ਬੋਲ਼ ਪਿਆਰੇ।
**
(8)
ਅਗਰ ਸਭ ਨੂੰ ਦੁਆ ਮਿਲਦੀ ਮਿਰੇ ਮੌਲ਼ਾ ਮੁਰੱਵਤ ਦੀ!
ਬਹਿਰ: ਹਜ਼ਜ਼, ਮੁਸੱਮਨ, ਸਾਲਿਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫਾਈਲੁਨ + ਮੁਫਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS +  ISSS + ISSS)
੦ ਗ਼ਜ਼ਲ
ਗੁਰਸ਼ਰਨ ਸਿੰਘ ਅਜੀਬ (ਲੰਡਨ)
ਅਗਰ ਸਭ ਨੂੰ ਦੁਆ ਮਿਲਦੀ ਮਿਰੇ ਮੌਲ਼ਾ ਮੁਰੱਵਤ ਦੀ।
ਹਸੀਂ ਫਿਰ ਜ਼ਿੰਦਗੀ ਹੁੰਦੀ ਹਰਿਕ ਬੰਦੇ ਤਰੀਮਤ ਦੀ।
ਖ਼ੁਦਾ ਇਕ ਦੇ ਜੇ ਬੰਦੇ ਹਾਂ ਕਿਓਂ ਰਹੀਏ ਨਾ ਰਲ਼ ਮਿਲ਼ ਕੇ,
ਇਕੱਠੇ ਹੋਣ ਵਿਚ ਤਾਕਤ ਜ਼ਮਾਨਤ ਹੈ ਹਿਫ਼ਾਜ਼ਤ ਦੀ।
ਭਰੇ ਸੰਸਾਰ ‘ਚੋਂ ਲਭਣਾ ਬਡ਼ਾ ਮੁਸ਼ਕਲ ਕੋਈ ਮਾਨਵ,
ਕਰੇ ਜੋ ਰਹਿਨੁਮਾਈ ਲੋਕ-ਹਿਤ ਹਕ ਸਚ ਹਕੀਕਤ ਦੀ।
ਇਹ ਦੱਸਣ ਗੁੱਡ ਕਰਦੇ ਬੈਡ ਰਹਿੰਦੇ ਉਮਰ ਭਰ ਨੇਤਾ,
ਕਰਾਂ ਕੀ ਬਾਤ ਨੇਤਾਵੋ ਤੁਹਾਡੀ ਸੋਚ ਫ਼ਿਤਰਤ ਦੀ।
ਬਡ਼ਾ ਹੀ ਪਾਕ ਜਲ਼ ਹੁੰਦੈ ਜਦੋਂ ਗਿਰਦੈ ਇਹ ਅਸਮਾਨੋਂ,
ਕਿ ਰਲ਼ ਗੰਗਾ ‘ਚ ਮੈਲ਼ਾ ਹੋ ਲਵੇ ਖੋ ਦਿਖ ਸ਼ਨਾਖ਼ਤ ਦੀ।
ਬਿਗਾਨੇ ਦੇਸ਼ ਵਿਚ ਆ ਕੇ ਕਮਾਈ ਦਸ ਗੁਣਾਂ ਕੀਤੀ,
ਨਾ ਪਾਈ ਦੇਸ਼ ਨੇ ਕੀਮਤ ਚੁਆਨੀ ਕਿਰਤ-ਮਿਹਨਤ ਦੀ।
ਚੁਰਾਸੀ ਦੀ ਦੁਖਦ ਘਟਨਾ ਕਿਤੇ ਨਾ ਵਾਪਰੇ ਮੁਡ਼ ਕੇ,
ਨਾ ਚਲਿਓ ਚਾਲ਼ ਨੇਤਾਵੋ! ਇਹ ਮੁਡ਼ ਗੰਦੀ ਸਿਆਸਤ ਦੀ।
ਮੁਹੱਬਤ ਬਿਨ ਹਯਾਤੀ ਬੇਸਵਾਦੀ ਬਕਬਕੀ ਹੁੰਦੀ,
ਇਸੇ ਕਰਕੇ ਕਰੋ ਪੂਜਾ ਸਦਾ ਹੀ ਪ੍ਰੇਮ ਉਲਫ਼ਤ ਦੀ।
ਗ਼ਜ਼ਲ-ਰਚਨਾ ਨਾ ਕੰਮ ਸੌਖਾ ਬਡ਼ੀ ਸ਼ਿੱਦਤ ਤੇ ਮਿਹਨਤ ਦਾ,
ਇਦੇ ਹਰ ਸ਼ਬਦ ਵਿਚ ਹਰਕਤ ਹਰਾਰਤ ਹੈ ਨਫ਼ਾਸਤ ਦੀ।
ਗ਼ਜ਼ਲ-ਮਾਲ਼ਾ ਪਰੋਵਣ ਨੂੰ ਸਦਾ ਢੂੰਡਾਂ ਗ਼ਜ਼ਲ-ਮਣਕੇ,
ਗ਼ਜ਼ਲ ਵਿਚ ਲੋਡ਼ ਹੈ ਸ਼ਬਦਾਵਲੀ ਸੁੰਦਰ ਅਸੀਮਤ ਦੀ।
ਰਹੇ ‘ਗੁਰਸ਼ਰਨ’ ਨਿਤ ਰਚਦਾ ਗ਼ਜ਼ਲ-ਨਗ਼ਮੇ ਗ਼ਜ਼ਲ ਅੰਦਰ,
ਭਰੇ ਮਿਸਰੇ ਹਰਿਕ ਅੰਦਰ ਸਦਾ ਖ਼ੁਸ਼ਬੂ ਸਲਾਸਤ ਦੀ।
ਜਪੇ ਕੋਈ ਰਾਮ ਅੱਲਾ ਗੌਡ ਆਪਾਂ ਨੇ ਹੈ ਕੀ ਲੈਣੈਂ,
ਗਜ਼ਲ-ਰਚਨਾ ‘ਅਜੀਬਾ’ ਸਿਰਜਣਾ ਸਾਡੀ ਇਬਾਦਤ ਦੀ।
‘ਅਜੀਬਾ’ ਮਾਨ ਕਰ ਨਾ ਆਪਣੀ ਸ਼ਾਇਰੀ ਮੁਕੱਦਸ ‘ਤੇ,
ਗਜ਼ਲ-ਮਤਲੇ ‘ਚੋਂ ਦਿਸ ਪੈਂਦੀ ਝਲ਼ਕ ਕਾਵਿਕ-ਲਿਆਕਤ ਦੀ।
**
(9)
ਬਡ਼ਾ ਮਨ ਨੂੰ ਭਾਉਂਦੈ ਤਿਰਾ ਚੁਲ਼ਬਲ਼ਾਪਣ!
ਬਹਿਰ: ਮੁਤਕਾਰਿਬ, ਮੁਸੱਮਨ, ਸਾਲਿਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ਊਲਨ+ਫ਼ਊੁਲੁਨ+ਫ਼ਊੁਲੁਨ+ਫ਼ਊਲੁਨ)
(ISS+ISS+ISS+ISS)
੦ ਗ਼ਜ਼ਲ
ਗੁਰਸ਼ਰਨ ਸਿੰਘ ਅਜੀਬ (ਲੰਡਨ)
ਬਡ਼ਾ ਮਨ  ਨੂੰ  ਭਾਉਂਦੈ  ਤਿਰਾ ਚੁਲ਼ਬਲ਼ਾਪਣ।
ਕਿ ਤਨ ਮਨ  ਜਲਾਉਂਦੈ ਤਿਰਾ ਚੁਲ਼ਬਲ਼ਾਪਣ।
ਰਹੇ  ਵਿਚ  ਖ਼ਿਆਲ਼ਾਂ  ਦੇ ਦਿਨ  ਰਾਤ ਸਜਨਾਂ,
ਖਪਾਉਂਦੈ   ਸਤਾਉਂਦੈ   ਤਿਰਾ   ਚੁਲ਼ਬਲ਼ਾਪਣ।
ਤਿਰੇ   ਸ਼ੋਖ਼   ਨੈਣਾਂ   ਚੋਂ  ਝਲ਼ਕੇ  ਸਦਾ  ਇਹ,
ਸਦਾ  ਖਿਚਖਿਚਾਉਂਦੈ  ਤਿਰਾ  ਚੁਲ਼ਬਲ਼ਾਪਣ।
ਹੈ ਮਾਣਨ ਨੂੰ  ਸੰਗਤ  ਇਦ੍ਹੀ  ਮਨ ਕਰੇ ਨਿਤ,
ਰਹੇ    ਆਜ਼ਮਾਉਂਦੈ   ਤਿਰਾ    ਚੁਲ਼ਬਲ਼ਾਪਣ।
ਕਸ਼ਿਸ਼   ਏਸ  ਦੀ  ਵਿਚ  ਭਰੀ  ਆਸ਼ਕੀ  ਏ,
ਬੜਾ  ਦਿਲ-ਲੁਭਾਉਂਦੈ  ਤਿਰਾ  ਚੁਲ਼ਬਲ਼ਾਪਣ।
ਰਹਾਂ  ਸਜਦੇ  ਕਰਦਾ   ਦਿਨੇ  ਰਾਤ  ਇਸ  ਨੂੰ,
ਰਹੇ  ਤਿਲਮਿਲਾਉਂਦਾ   ਤਿਰਾ  ਚੁਲ਼ਬਲ਼ਾਪਣ।
ਮਿਰੀ  ਜਾਨ   ਲੈਂਦੈ  ਹਮੇਸ਼ਾਂ  ਹੀ   ਕਢ  ਇਹ,
ਹੈ  ਜੌਹਰ   ਵਿਖਾਉਂਦੈ   ਤਿਰਾ  ਚੁਲ਼ਬਲ਼ਾਪਣ।
ਮੈਂ ਕੋਸ਼ਿਸ਼ ਕਰਾਂ  ਪਰ  ਨਾ  ਜਾਵੇ  ਜ਼ਿਹਨ  ‘ਚੋਂ,
ਬੜਾ   ਯਾਦ  ਆਉਂਦੈ   ਤਿਰਾ  ਚੁਲ਼ਬਲ਼ਾਪਣ।
ਸ਼ਰਾਰਤ ‘ਤੇ  ਕਰਦਾ  ਇਹ  ਰਹਿੰਦੈ  ਸ਼ਰਾਰਤ,
ਕਿ ਨਜ਼ਰਾਂ  ਘੁੰਮਾਉਂਦੈ  ਤਿਰਾ  ਚੁਲ਼ਬਲ਼ਾਪਣ।
ਖ਼ਿਆਲਾਂ   ‘ਚ    ਹਹਿੰਦਾ   ਹੈ   ਮੇਰੇ   ਹਮੇਸ਼ਾਂ,
ਤਿਰਾ  ਨਾਂ  ਜਪਾਉਂਦੈ   ਤਿਰਾ   ਚੁਲ਼ਬਲ਼ਾਪਣ।
ਕਰਾਂ    ਤੈਨੂੰ    ਦਿਲ   ‘ਚੋਂ   ਮੁਹੱਬਤ,   ਪਰੰਤੂ,
ਰਹੇ   ਹਿਚਕਿਚਾਉਂਦੈ   ਤਿਰਾ  ਚੁਲ਼ਬਲ਼ਾਪਣ।
ਮੁਹੱਬਤ   ਦਾ    ਮੰਜ਼ਰ   ‘ਅਜੀਬਾ’    ਅਨੋਖਾ,
ਸਦਾ   ਆਸ਼ਕਾਉਂਦੈ    ਤਿਰਾ   ਚੁਲ਼ਬਲ਼ਾਪਣ।
**
(10)
ਮਨਾਂ ਦੋ ਪਲ਼ ਲਈ ਰੁਕ ਜਾ ਸਨਮ ਤਕ ਲੈਣ ਦੇ ਮੈਨੂੰ!
ਬਹਿਰ: ਹਜ਼ਜ਼, ਮੁਸੱਮਨ, ਸਾਲਿਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫਾਈਲੁਨ + ਮੁਫਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS +  ISSS + ISSS)
੦ ਗ਼ਜ਼ਲ
ਗੁਰਸ਼ਰਨ ਸਿਂਘ ਅਜੀਬ (ਲੰਡਨ)
ਮਨਾਂ ਦੋ ਪਲ਼  ਲਈ  ਰੁਕ ਜਾ ਸਨਮ ਤਕ  ਲੈਣ ਦੇ ਮੈਨੂੰ।
ਕਿ ਅਪਣੇ ਯਾਰ ਨੂੰ ਵਿਛਡ਼ਣ ਸਮੇਂ ਕੁਝ ਕਹਿਣ ਦੇ ਮੈਨੂੰ।
ਮਸਾਂ ਹੀ  ਨਾਲ਼ ਕਿਸਮਤ  ਦੇ  ਪਰਾਪਤ  ਹੋਣ  ਸ਼ੁਭ  ਮੌਕੇ,
ਸਮਾਂ ਮਿਲਿਆ ਜੇ ਤਾਂ ਹਾਲਾਤ ਸੰਗ ਹੁਣ ਖਹਿਣ ਦੇ ਮੈਨੂੰ।
ਉਦੇ ਨੈਣਾਂ ‘ਚੋਂ  ਉਲਫ਼ਤ  ਦੇ ਗ਼ਜ਼ਬ ਆਸਾਰ  ਦਿਸਦੇ ਨੇ,
ਮਨਾਂ ਸ਼ਿਕਵੇ  ਗਿਲ਼ੇ  ਨਖ਼ਰੇ  ਉਦ੍ਹੇ ਸਭ  ਸਹਿਣ ਦੇ ਮੈਨੂੰ।
ਨਹੀਂ ਹੁਣ ਹੋਰ ਕਿਧਰੇ ਜਾਣ ਨੂੰ  ਮੇਰਾ  ਹੈ  ਚਿਤ  ਕਰਦਾ,
ਮਿਰੇ ਮੁਰਸ਼ਦ ਦੇ ਚਰਨਾਂ ‘ਚ  ਹੀ  ਰੱਬਾ ਰਹਿਣ ਦੇ ਮੈਨੂੰ।
ਉਦ੍ਹੇ ਵਿਚ  ਲੀਨ ਹੋ  ਜਾਵਾਂ  ਉਦ੍ਹੇ  ਅੰਦਰ ਹੀ  ਖੋ  ਜਾਵਾਂ,
ਉਦ੍ਹੀ ਹਰ ਸੋਚ ਦੇ  ਵਹਿਣਾਂ  ‘ਚ ਡੂੰਘਾ  ਵਹਿਣ  ਦੇ ਮੈਨੂੰ।
ਰਹੇ   ਵਾਂਝੇ   ਮੁਹੱਬਤ   ਤੋਂ   ਹਮੇਸ਼ਾਂ   ਹੀ   ਮਿਰੇ   ਆਕਾ,
ਜੇ ਮਿਲਿਆ ਹੁਣ ਹਸੀਂ ਅਵਸਰ ਤਾਂ ਖ਼ੁਸ਼ ਹੋ ਲੈਣ ਦੇ ਮੈਨੂੰ।
ਤਿਰੇ ਕਦਮਾਂ ‘ਚ ਰਹਿ ਕੇ  ਸੌਰਦੈ  ਜੇਕਰ  ਮਿਰਾ  ਜੀਵਨ,
ਮਿਰੇ  ਮੌਲ਼ਾ ਤਾਂ  ਫਿਰ ਕਦਮਾਂ ‘ਚ ਅਪਣੇ ਬਹਿਣ ਦੇ ਮੈਨੂੰ।
ਗ਼ਜ਼ਲ-ਰਚਨਾ ਨਹੀਂ ਆਸਾਨ ਕਾਰਜ ਹੈ ਇ੍ਹ ਮੇਹਨਤ ਦਾ,
ਇਦ੍ਹੇ  ਡੂੰਘੇ  ਅਥਾਹ  ਸਾਗਰ  ‘ਚ  ਰੱਬਾ ਲਹਿਣ ਦੇ ਮੈਨੂੰ।
ਨਹੀਂ ਰੁਕਦਾ ਪਿਆ ਲਾਵਾ ਹੈ  ਫੁਟਣੋਂ  ਦਿਲ  ਮਿਰੇ  ਵਿੱਚੋਂ,
ਗ਼ਜ਼ਲ ਜੋ ਹੈ ਰੁਕੀ ਚਿਰ  ਤੋਂ  ‘ਅਜੀਬਾ’ ਕਹਿਣ  ਦੇ ਮੈਨੂੰ।
**
(11)
ਆਖਾਂ ਕੁੱਲ ਲੁਕਾਈ ਨੂੰ ਮੈਂ ਅੱਜ ਮੁਬਾਰਕ ਸਾਲ ਨਵਾਂ!
ਬਹਿਰ: ਮੁਤਦਾਰਿਕ, ਮੁਸੱਬਾ, ਮਕਤੂਅ,ਅਖ਼ਜ਼
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ੇਲੁਨ+ਫ਼ੇਲੁਨ +ਫ਼ੇਲੁਨ +ਫ਼ੇਲੁਨ+ਫ਼ੇਲੁਨ+ਫ਼ੇਲੁਨ+ਫ਼ੇ)
(SS +SS + SS + SS + SS + SS + S)
੦ ਗ਼ਜ਼ਲ
ਗੁਰਸ਼ਰਨ ਸਿੰਘ ਅਜੀਬ (ਲੰਡਨ)
ਆਖਾਂ  ਕੁੱਲ   ਲੁਕਾਈ  ਨੂੰ  ਮੈਂ  ਅੱਜ  ਮੁਬਾਰਕ   ਸਾਲ   ਨਵਾਂ।
ਲੈ   ਜੋ  ਆਇਆ  ਖ਼ੁਸ਼ੀਆਂ   ਖੇੜੇ  ਮੌਸਮ  ਠੰਡਾ  ਨਾਲ਼  ਨਵਾਂ।
ਰਾਜ਼ੀ  ਰਹਿਣ  ਜਗਤ  ਦੇ  ਲੋਕੀਂ  ਸ਼ਾਲਾ  ‘ਵਾ  ਨਾ  ਲੱਗੇ  ਤੱਤੀ,
ਇਕ  ਦੂਜੇ  ਦੇ  ਗਲ਼  ਪਾ  ਬਾਹਾਂ  ਨੱਚਣ ਪਾਣ  ਧਮਾਲ  ਨਵਾਂ।
ਮਾਰ  ਉਡਾਰੀ   ਆਖੋ   ਮਤਲੇ   ਮਿਸਰੇ  ਗ਼ਜ਼ਲਾਂ   ਕਵਿਤਾਵਾਂ,
ਸੋਚੋ  ਉਚਰੋ   ਲਿਖ  ਕੇ   ਬੰਨ੍ਹੋਂ  ਵਿੱਚ  ਕਲਾਮ  ਖ਼ਿਆਲ ਨਵਾਂ।
ਮਸਜਿਦ ਮੰਦਰ ਦੇ ਵਿਚ ਜਾ  ਕੇ  ਸਭ ਲਈ  ਮੰਗੋ  ਖ਼ੈਰ  ਦੁਆ,
ਇਕ ਦੂਜੇ  ਦੀ ਕਰਨ  ਭਲ਼ਾਈ ਦਾ ਕਰ ਲਉ ਇਕਬਾਲ਼ ਨਵਾਂ।
ਛੱਡੋ    ਗੁੱਸੇ   ਰੋਸੇ    ਸ਼ਿਕਵੇ     ਭੁੱਲ   ਭੁਲਾਓ   ਝਗੜੇ   ਸੱਭ,
ਤਾਂ   ਜੋ  ਰੁੱਸੇ  ਯਾਰ   ਮਨਾਵਣ  ਭੰਗੜੇ  ਪਾ  ਪਾ  ਸਾਲ  ਨਵਾਂ।
ਛੱਡੋ  ਲਾਉਣੇ   ਧਰਨੇ   ਸ਼ਰਨੇ   ਬੰਦ  ਕਰੋ   ਹੜਤਾਲਾਂ  ਆਦਿ,
ਤਾਂ  ਜੋ   ਦੇਸ਼-ਤਰੱਕੀ   ਦੇ  ਵਿਚ  ਨਿੱਤ  ਵਿਛਾਏ  ਜਾਲ਼   ਨਵਾਂ।
ਖ਼ੁਸ਼ੀਆਂ ਦੇ ਨਿਤ ਝਰਨੇ ਚੱਲਣ ਘਰ ਘਰ ਦੇ ਵਿਚ ਸਾਰਾ ਸਾਲ,
ਕਲ਼ ਕਲ਼  ਕਰਦੇ  ਮੌਸਮ ਢੁੱਕਣ  ਰੁੱਤਾਂ  ਕਰਨ  ਕਮਾਲ਼  ਨਵਾਂ।
ਟੋਰੇ ਧੀ ਕੋਈ ਬਾਬਲ ਬੀਬਾ  ਸੱਸ ਲਿਆਵੇ ਨੂੰਹ  ਘਰ  ਅਪਣੇ,
ਨਵ-ਵਿਆਹੇ   ਜੋੜੇ   ਦੇ   ਘਰ   ਰੱਬਾ   ਭੇਜੀਂ   ਬਾਲ਼   ਨਵਾਂ।
‘ਗੁਰਸ਼ਰਨ ਅਜੀਬਾ’ ਲੋਚ  ਖ਼ੁਸ਼ੀ  ਤੇ ਖੇੜਾ  ਸਭ  ਦੀ ਖ਼ਾਤਰ ਤੂੰ,
ਸਾਲ ਨਵੇਂ  ਵਿਚ  ਬਹੁੜਣ ਖ਼ੁਸ਼ੀਆਂ  ਆਵੇ ਪ੍ਰੇਮ-ਭੁਚਾਲ ਨਵਾਂ।
**
(12)
ਸਮਝ ਕੇ ਸਨਮ ਸੀਨੇ ਲਾਈ ਗ਼ਜ਼ਲ ਹੈ।

ਬਹਿਰ: ਮੁਤਕਾਰਿਬ, ਮੁਸੱਮਨ, ਸਾਲਿਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ਊਲਨ+ਫ਼ਊੁਲੁਨ+ਫ਼ਊੁਲੁਨ+ਫ਼ਊਲੁਨ)
(ISS+ISS+ISS+ISS)
੦ ਗ਼ਜ਼ਲ
ਗੁਰਸ਼ਰਨ ਸਿੰਘ ਅਜੀਬ (ਲੰਡਨ)
ਸਮਝ ਕੇ ਸਨਮ ਸੀਨੇ ਲਾਈ ਗ਼ਜ਼ਲ ਹੈ।
ਬਡ਼ੀ ਦਿਲ ਨੂੰ ਭਾਈ ਇਹ ਭਾਈ ਗ਼ਜ਼ਲ ਹੈ।
ਤਰੀਮਤ ਦੇ ਵਾਂਗੂੰ ਬਡ਼ਾ ਮਨ ਨੂੰ ਮੋਂਹਦੀ,
ਬਡ਼ੀ ਪਾਕ ਸੁੰਦਰ ਲੁਗਾਈ ਗ਼ਜ਼ਲ ਹੈ।
ਅਦਬ ਦੀ ਅਨੋਖੀ ਸਿਨਫ਼ ਵਿਧ ਇਹ ਆਲ੍ਹਾ,
ਹਸੀਂ ਦਿਲਰੁਬਾ ਪਾਰਸਾਈ ਗ਼ਜ਼ਲ ਹੈ।
ਅਸਾਂ ਕਹਿ ਦਿਨੇ ਰਾਤ ਸੁਬਹਾ ਤੇ ਸ਼ਾਮੀਂ,
ਕਿ ਦਿਲ ਵਿਚ ਖ਼ਲਕ ਦੇ ਬਿਠਾਈ ਗ਼ਜ਼ਲ ਹੈ।
ਦਿਲੋ-ਜਾਨ ਤੋਂ ਇਸ ਨੂੰ ਹੈ ਪਿਆਰ ਕੀਤਾ,
ਮਿਰੀ ਬੰਦਗੀ ਆਸ਼ਨਾਈ ਗ਼ਜ਼ਲ ਹੈ।
ਬਿਨਾਂ ਏਸ ਦੇ ਪਲ਼ ਵੀ ਮੈਂ ਜੀ ਸਕਾਂ ਨਾ,
ਕਿ ਖ਼ੂਨੇ-ਜਿਗਰ ਵਿਚ ਵਸਾਈ ਗ਼ਜ਼ਲ ਹੈ।
ਬਡ਼ੀ ਕੀਤੀ ਕੋਸ਼ਿਸ਼ ਮੈਂ ਭੁੱਲਣ ਦੀ ਇਸ ਨੂੰ,
ਨਾ ਦੇਂਦੀ ਇਹ ਜ਼ਾਲਮ ਜੁਦਾਈ ਗ਼ਜ਼ਲ ਹੈ।
ਗਈ ਬਣ ਇਹ ਮਲਕਾ ਪੰਜਾਬੀ ਅਦਬ ਦੀ,
ਜਦੋਂ ਦੀ ਇਰਾਨੋਂ ਇਹ ਆਈ ਗ਼ਜ਼ਲ ਹੈ।
ਖਿਡ਼ੀ ਵਾਂਗ ਰਹਿੰਦੀ ਸਰ੍ਹੋਂ-ਫੁਲ ਵਾਂਗਰ,
ਮਹਿਕਾਂ ਦੀ ਜਿੱਦਾਂ ਇਹ ਜਾਈ ਗ਼ਜ਼ਲ ਹੈ।
ਮਿਰੇ ਦਿਲ ਰਗਾਂ ਵਿਚ ਗਈ ਵਸ ਇਹ ਯਾਰੋ,
ਮਿਰੀ ਦਿਲਲਗੀ ਆਸ਼ਨਾਈ ਗ਼ਜ਼ਲ ਹੈ।
ਰਹੇ ਨਾਲ਼ ਮੇਰੇ ਇਹ ਚੌਵੀ ਹੀ ਘੰਟੇ,
ਕਿ ਮਾਣੋਂ ਮਿਰੇ ਸੰਗ ਵਿਆਈ ਗ਼ਜ਼ਲ ਹੈ।
ਰਹਾਂ ਮਾਣਦਾ ਨਿਘ ਦਿਨੇ ਰਾਤ ਇਸਦਾ,
ਤਲਾਈ ਇਹ ਮੇਰੀ ਰਜ਼ਾਈ ਗ਼ਜ਼ਲ ਹੈ।
ਕਹੀ ਹਰ ਵਿਸ਼ੇ ‘ਤੇ ਮੈਂ ਬਹਿਰਾਂ ਦੇ ਅੰਦਰ,
ਮਿਰੇ ਮੌਲ਼ਾ ਮੈਥੋਂ ਕਹਾਈ ਗ਼ਜ਼ਲ ਹੈ।
ਦਵੇ ਮਨ ਨੂੰ ਠੰਡਕ ਕਹਾਂ ਜਾਂ ਸੁਣਾਂ ਜਦ,
ਸਕੂੰਨੀ-ਤਬੀਅਤ-ਖ਼ੁਦਾਈ ਗ਼ਜ਼ਲ ਹੈ।
ਭਰੇ ਨਿਤ ਉਡਾਣਾਂ ਬੁਲੰਦਤ ਫ਼ਲਕ ‘ਤੇ,
ਤਖ਼ਈਅਲ ਬੁਲੰਦੀ ਉਚਾਈ ਗ਼ਜ਼ਲ ਹੈ।
ਉਦਾਸੀ ਮਿਟਾਏ ਖ਼ੁਸ਼ੀ ਨਿਤ ਲਿਆਏ,
ਸ਼ਫ਼ਾ ਦੀ ਪੁਡ਼ੀ ਸ਼ੁਭ-ਦਵਾਈ ਗ਼ਜ਼ਲ ਹੈ।
ਨਫ਼ਾਸਤ ਦੀ ਮਲਕਾ ਸਲਾਸਤ ਦੀ ਰਾਣੀ,
ਹੈ ਨੂਰੇ-ਜਹਾਂ ਮਨ-ਲੁਭਾਈ ਗ਼ਜ਼ਲ ਹੈ।
ਕਹਾਂ ਇਕ ਕਿ ਦੂਜੀ ਫੁਟੇ ਜਿਉਂ ਕਰੂੰਬਲ਼,
ਕਿ ਕੁਦਰਤ ਦੀ ਗੰਦਲ਼ *ਚਲਾਈ ਗ਼ਜ਼ਲ ਹੈ।
ਚਿਣਾਂ ਨਵ ਮੈੈਂ ਮਿਸਰੇ ‘ਤੇ ਮਿਸਰਾ ਅਨੋਖਾ,
ਕਿ ਕੁੱਤਬ-ਮਿਨਾਰੀ ਚਿਣਾਈ ਗ਼ਜ਼ਲ ਹੈ।
ਨਿਰੇ ਪਾਕ ਸ਼ਬਦਾਂ ਦਾ ਸੰਗਮ ਪਵਿੱਤਰ,
ਕਿ ਰਖਦੀ ਅਦਬ ਵਿਚ ਸਫ਼ਾਈ ਗ਼ਜ਼ਲ ਹੈ।
ਰਿਹਾਅ ਹੋਣੋਂ ਇਸ ਦੀ ਪੈਰੋਲੋਂ ਜੇ ਲੋਚਾਂ,
ਨਾ ਦਿੰਦੀ ਇਹ ਛੁੱਟੀ-ਰਿਹਾਈ ਗ਼ਜ਼ਲ ਹੈ।
ਰਹੇ *ਡੋਗਰਾ ਇਸ ਨੂੰ ਗਾਉਂਦਾ ਸੁਣਾਉਂਦਾ,
ਜਦੋਂ ਤੋਂ ਪੰਜਾਬੀ ‘ਚ ਆਈ ਗ਼ਜ਼ਲ ਹੈ।
ਲਿਖੋ ਨਾ ਕਹੋ ਇਸ ਨੂੰ ਭੁਲ ਕੇ ਬੇਵਜ਼ਨੀਂ,
ਕਿ ਰੋ ਰੋ ਕੇ ਦੇਂਦੀ ਦੁਹਾਈ ਗ਼ਜ਼ਲ ਹੈ।
ਨਿਭੂ ਨਾਲ਼ ਤੇਰੇ ਇਹ ਦਮ ਆਖ਼ਰੀ ਤਕ,
ਤਿਰੇ ਅੰਗ-ਅੰਗ ਵਿਚ ਸਮਾਈ ਗ਼ਜ਼ਲ ਹੈ।
ਬਡ਼ੀ ਨਾਲ਼ ਸ਼ਿੱਦਤ ਕਹਾਂ ਨਿਤ `ਅਜੀਬਾ´,
ਸਮਝ ਸੋਚ ਬਹਿਰੀਂ ਨਿਭਾਈ ਗ਼ਜ਼ਲ ਹੈ।
ਬਿਨਾਂ ਨਿਤ ਕਹੇ ਨਵ-ਗ਼ਜ਼ਲ ਜੀ ਸਕਾਂ ਨਾ,
‘ਅਜੀਬਾ’ ਤਿਰੀ *ਨਿਤਨੇਮਾਈ ਗ਼ਜ਼ਲ ਹੈ।

*ਚਲਾਈ: ਸਾਗ ਦਾ ਬੂਟਾ
*ਡੋਗਰਾ: ਪ੍ਰਸਿੱਧ ਗ਼ਜ਼ਲ-ਗਾਇਕ ਸੁਨੀਲ ਡੋਗਰਾ
*ਨਿਤਨੇਮਾਈ: ਨਿਤਨੇਮ / ਰੋਜ਼ਾਨਾ ਕਾਰਜ
**

(13)
ਨੇਤਾਵਾਂ ਦਾ ਕੀ ਮੈਂ ਦੱਸਾਂ ਖ਼ੂਬ ਬਣਾਵਣ ਨੋਟ!

ਬਹਿਰ: ਮੁਤਦਾਰਿਕ, ਮੁਸੱਬਾ, ਮਕਤੂਅ,ਅਖ਼ਜ਼
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ੇਲੁਨ+ਫ਼ੇਲੁਨ +ਫ਼ੇਲੁਨ +ਫ਼ੇਲੁਨ+ਫ਼ੇਲੁਨ+ਫ਼ੇਲੁਨ+ਫ਼ੇ)
(SS +SS + SS + SS + SS + SS + S)
੦ ਗ਼ਜ਼ਲ
ਗੁਰਸ਼ਰਨ ਸਿੰਘ ਅਜੀਬ (ਲੰੰਡਨ)
ਨੇਤਾਵਾਂ ਦਾ ਕੀ ਮੈਂ ਦੱਸਾਂ ਖ਼ੂਬ ਬਣਾਵਣ ਨੋਟ।
ਦੁਬਿਧਾ ਵਿੱਚ ਫਸੇ ਸਭ ਲੋਕੀਂ ਪਾਉਣ ਉਹ ਕਿਸ ਨੂੰ ਵੋਟ।
ਰਾਤ ਹਨੇਰੀ ਝੱਖੜ ਬਾਰਿਸ਼ ਦਿਲ ਨੂੰ ਖਾਵੇ ਖ਼ੌਫ਼,
ਤੱਕਿਆ ਜਦ ਕੁਰਲਾਂਦਾ ਭੌਂ ‘ਤੇ ਰੁੱਖੋਂ ਗਿਰਿਆ ਬੋਟ।
ਆਉਣਾ ਵਿੱਚ ਵਲਾਇਤ ਦੇ ਸੀ ਪਰ ਨਾ ਧੇਲਾ ਕੋਲ,
ਸ਼ਾਹ ਤੋਂ ਰਕਮ ਉਧਾਰੀ ਫੜ ਕੇ ਪਿਆ ਲਿਖਣਾ ਪਰਨੋਟ।
ਨਾਲ ਮੁਸੀਬਤ ਪਾਲ਼ੇ ਬੱਚੇ ਕੀਤੇ ਖ਼ੂਬ ਜਵਾਨ,
ਮਾਰ ਉਡਾਰੀ ਉੜਗੇ ਸਾਰੇ ਜਿਉਂ ਚਿੜੀਆਂ ਦੇ ਬੋਟ।
ਵਿੱਚ ਗ਼ਰੀਬੀ  ਕੱਟੇ ਦਿਨ ਖਾ ਰੁੱਖੀ ਮਿੱਸੀ ਰੋਜ਼,
ਅਪਣੀ ਮਿਹਨਤ ਕਰ ਕੁਰ ਕੇ ਹੀ ਪਹਿਨੇ ਪੈਂਟ ਤੇ ਕੋਟ।
ਸਾਫ਼ ਤੇ ਨਿਰਮਲ ਸੋਚ ਹੀ ਮਨ ਤੋਂ ਕਰਵਾਏ ਸ਼ੁਭ ਕੰਮ,
ਵਰਨਾ ਕਿੰਝ ਕੁਈ ਕਰ ਸਕਦੈ ਜੇ ਦਿਲ ਵਿਚ ਹੈ ਖੋਟ।
ਨਾਲ ਸ਼ਾਨ ਦੇ ਜੀਣਾ ਸਿੱਖਿਆ ਝੁਕਣਾ ਨਾ ਮਨਜ਼ੂਰ,
ਲੋੜ ਨਾ ਸਾਨੂੰ ਤੇਰੀ ਦੇਵੇਂ ਜੋ ਬਿੱਲਾਂ ਵਿਚ ਛੋਟ।
ਕੀ ਹੋਇਆ ਜੇ ਧੰਨ ਨਾ ਪੱਲੇ ਦਿਲ ਦੇ ਹਾਂ ਧਨਵਾਨ,
ਦੇਣਾ ਸੀ ਜੋ ਰੱਬ ਨੇ ਦਿੱਤਾ ਆਣ ਨਾ ਦਿੱਤੀ ਤੋਟ।
ਪੀ ਕੇ ਲੋਕ ਸ਼ਰਾਬੀ ਹੋਵਣ *ਨੌਂਰਤਨੀ ਦਿਨ ਰਾਤ,
ਨੈਣੋਂ ਤੇਰੇ ਮੈਂ ਪੀ ਮਸਤੀ ਹੋ ਜਾਵਾਂ ਨਿਤ ਲੋਟ।
ਕਣ ਕਣ ਵਿਚ ਭਗਵਾਨ ਵਸੇਂਦੈ ਪਰ ਨਾ ਦਿਖੇ ‘ਅਜੀਬ’,
ਪੱਥਰ ਵਿਚ ਮੌਜੂਦ ਵੀ ਹੈ ਜੋ ਨੂੰ ਉਹ ਭੇਜੇ ਰੋਟ।
ਯਾਰ ਅਜੀਬਾ ਕਰ ਜੋ ਕਰਨਾ ਜੀਂਦੇ ਜੀ ਖ਼ੁਦ ਆਪ,
ਸਭਨਾਂ ਤੇਰੀ ਲੱਤ ਹੀ ਖਿੱਚਣੀ ਨਾ ਕਰਨਾ ਪਰਮੋਟ।
ਆਖਣ ਨੂੰ ਤਾਂ ਸਾਰੇ ਗ਼ਜ਼ਲਾਂ ਕਹਿੰਦੇ ਯਾਰ ‘ਅਜੀਬ’,
ਗੱਲ ਗ਼ਜ਼ਬ ਦੀ ਵਿੱਚ ਗ਼ਜ਼ਲ ਪਰ ਕਰਦੈ ਖ਼ੂਬ *ਭਨੋਟ।

*ਨੌਂਰਤਨੀ: ਸ਼ਰਾਬ
*ਭਨੋਟ: ਵੈਨਕੂਵਰ, ਕੈਨੇਡਾ ਨਿਵਾਸੀ
           ਜਨਾਬ ਕ੍ਰਿਸ਼ਨ ਭਨੋਟ
**

(14)
ਗੁਜਰਾਂਵਾਲੇ ਪੈਦਾ ਹੋ਼ਇਆਂ ਪਲ਼ਿਆਂ ਵਿਚ ਫਗਵਾੜੇ!
ਬਹਿਰ: ਮੁਤਦਾਰਿਕ, ਮੁਸੱਬਾ, ਮਕਤੂਅ
(ਫੇਲੁਨ+ਫ਼ੇਲੁਨ+ਫ਼ੇਲੁਨ+ਫ਼ੇਲੁਨ+ਫ਼ੇਲੁਨ+ਫ਼ੇਲੁਨ+ਫੇਲੁਨ)
(SS+SS+SS+SS+SS+SS+SS)
੦ ਗ਼ ਜ਼ ਲ
ਗੁਰਸ਼ਰਨ ਸਿੰਘ ਅਜੀਬ (ਲੰਡਨ)
ਗੁਜਰਾਂਵਾਲੇ ਪੈਦਾ ਹੋਇਆਂ ਪਲ਼ਿਆਂ ਵਿਚ ਫਗਵਾੜੇ।
ਲੰਡਨ ਦੇ ਵਿਚ ਕੱਟ ਰਿਹਾ ਹਾਂ ਕੁਝ ਚੰਗੇ ਦਿਨ ਮਾੜੇ।
ਤਿੰਨ ਮੁਲਕਾਂ ਦਾ ਪਾਣੀ ਪੀ ਕੇ ਆਪਾਂ ਉਮਰ ਗੁਜ਼ਾਰੀ,
ਭਾਰਤ ਪਾਕ ਯੂਨਾਈਟਿਡ ਕਿੰਗਡਮ ਮੇਰੇ ਘੋਲ਼-ਅਖਾੜੇ।
ਕਾਸ਼ ਕਿ ਤਿੰਨੋਂ ਦੇਸ਼ ਇਹ ਮੇਰੇ ਇੱਕੋ ਹੀ ਹੋ ਜਾਵਣ,
ਆਪਸ ਵਿਚ ਰਲ ਮਿਲ ਕੇ ਰਹੀਏ ਛਡ-ਛੁਡ ਚੀਕ ਚਿਹਾੜੇ।
ਮਾਰ ਕਰੋਨੇ ਐਸੀ ਦਿੱਤੀ ਨਾਨੀ ਯਾਦ ਕਰਾਈ,
ਅਪਣੇ ਘਰ ਵਿਚ ਕੈਦੀ ਹੋਏ ਜ਼ਿਹਨੋਂ ਖ਼ੂਬ ਲਿਤਾੜੇ।
ਖਾਧਾ ਪੀਤਾ ਸੁੱਤੇ ਉੱਠੇ ਉੱਠ ਦੁਬਾਰਾ ਖਾਧਾ,
ਆਲਸ ਦੇ ਪਸਲੇਟੇ ਮਾਰੇ! ਮਾਰੇ ਖ਼ੂਬ ਘੁਰਾੜੇ।
ਟੀ. ਵੀ. ਲਾਓ ਤਾਂ ਬੈਠੇ ਮੰਗਤੇ ਸਕਰੀਨਾਂ ‘ਤੇ ਦਿੱਸਣ,
ਮਾਇਆ ‘ਕੱਠੀ ਕਰਨ ਨੂੰ ਕਰਦੇ ਮਿਨਤਾਂ ਖੋਲ੍ਹ ਜਬਾਡ਼੍ਹੇ।
ਅੱਧ-ਸਦੀ ਤੋਂ ਵਧ ਬਨਵਾਸਾ ਕੱਟ ਲਿਆ ਹੈ ਭਾਵੇਂ,
ਇਉਂ ਲਗਦੈ ਜਿਉਂ ਕੱਲ੍ਹ ਹੀ ਆਏ ਸਾਂ ਬਣ ਯੂ.ਕੇ. ਲਾੜੇ।
ਬੈਠ ਇਕੱਠੇ ਵਿਚ ਸੱਥਾਂ ਦੇ ਲਾਉਂਦੇ ਸਾਂ ਨਿਤ ਮਹਿਫਲ,
ਕਰ ਕਰ ਯਾਦ ਵਹਾਈਏ ਹੰਝੂ ਉਹ ਪਲ਼ ਸ਼ੁਭ-ਦਿਹਾਡ਼ੇ।
ਲਗਦੈ ਮੈਨੂੰ ਭੋਗ ਮਿਰਾ ਹੁਣ ਵਿੱਚ ਵਲਾਇਤ ਪੈਸੀ,
ਪਰ ਮਿਰੀ ਖਾਹਿਸ਼ ਕੋਈ ਮੈਨੂੰ ਜਨਮ-ਭੋਇੰ ‘ਤੇ ਸਾਡ਼ੇ।
ਯਾਰ ‘ਅਜੀਬਾ’ ਜ਼ਰਬਾਂ ਮਨਫ਼ੀ ਕਰਦੇ ਉਮਰ ਗੁਜ਼ਾਰੀ,
ਪੌਂਡ ਰੁਪਈਆਂ ਦੇ ਨਿਤ ਰਟ ਰਟ ਮਾਇਆ ਰੂਪ ਪਹਾੜੇ।
**

(15)
ਪਿਆਰ ਦਾ ਮੱਕਾ ਚਿੰਨ ਹੈ ਔਰਤ!
ਬਹਿਰ: ਮੁਤਦਾਰਿਕ, ਮੁਸੱਮਨ, ਮਖ਼ਬੂਨ, ਮਸਕਨ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ੇਲੁਨ + ਫ਼ੇਲੁਨ + ਫ਼ੇਲੁਨ + ਫੇਲੁਨ)
(SS + SS  + SS + SS)
o ਗ਼ਜ਼ਲ
ਗੁਰਸ਼ਰਨ ਸਿੰਘ ਅਜੀਬ (ਲੰਡਨ)
ਪਿਆਰ ਦਾ ਮੱਕਾ ਚਿੰਨ ਹੈ ਔਰਤ।
ਮਰਦਾਂ ਤੋਂ ਵਧ ਭਿੰਨ ਹੈ ਔਰਤ।
ਨਾਲ ਅਦਾਵਾਂ ਘਾਇਲ਼ ਕਰਦੀ,
ਸੀਨਾਂ ਦਿੰਦੀ ਵਿੰਨ੍ਹ ਹੈ ਔਰਤ।
ਤੋਡ਼ ਨਿਭਾਵੇ ਸੱਤ ਜਨਮ ਤਕ,
ਕੋਮਲ ਤੇ ਕਮਸਿੰਨ ਹੈ ਔਰਤ।
ਪੀਰ ਫ਼ਕੀਰ ਕਰੇ ਇਹ ਪੈਦਾ,
ਰੱਬ ਦਾ  ਰੂਪ ਟਵਿੰਨ ਹੈ ਔਰਤ।
ਕੰਮ ਭਲ਼ੇ ਨਿਤ ਪੁੰਨ ਕਰੇ ਇਹ,
ਕਰਦੀ ਪਾਪ ਨਾ ਸਿੰਨ ਹੈ ਔਰਤ।
ਫ਼ੌਲਾਦੀ ਤਨ ਮਨ ਦੀ ਮਾਲਕ,
ਜਿੱਸਤ-ਨਾ-ਪਿੱਤਲ-ਟਿੰਨ ਹੈ ਔਰਤ।
ਲਜ਼ੀਜ਼-ਰਸੋਈ ਪਕਵਾਨਾਂ ਦੀ,
ਪੁਲਾਅ ਖੁਆਂਦੀ ਰਿੰਨ੍ਹ ਹੈ ਔਰਤ।
ਸਾਰੀ ਉਮਰ ਮੁਹੱਬਤ ਵੰਡੇ,
ਗੁਡ *ਕਿਥ ਨਾਲ਼ੇ *ਕਿੰਨ ਹੈ ਔਰਤ।
ਕੋਮਲ ਨਾਜ਼ੁਕ ਨਿਰਮਲ ਦੇਵੀ,
ਸੁੰਦਰ *ਸੌਫ਼ਟ-ਸਕਿੰਨ ਹੈ ਔਰਤ।
ਨਰਮ ਤਬੀਅਤ ਹਿਰਦੇ ਵਾਲ਼ੀ,
*ਸਾਕੀ-ਵੇਲ਼ ਵਿਭਿੰਨ ਹੈ ਔਰਤ।
ਮਸਤੀ ਦਾ ਹੈ ਸੋਮਾ ਚਲਦਾ,
ਲਵ-ਟੌਨਿਕ ਰੰਮ ਜਿੰਨ ਹੈ ਔਰਤ।
ਅਪਣੀ ਆਈ ਤੇ ਆ ਜਾਏ,
ਕਰਦੀ ਫੇਰ *ਸਪਿੰਨ ਹੈ ਔਰਤ।
ਘਰ-ਸੰਸਾਰ ਚਲਾਵੇ ਵਧੀਆ,
ਗੁਡ ਚਾਲ਼ਕ *ਐਡਮਿੰਨ ਹੈ ਔਰਤ।
ਜਿਤਣਾ ਇਸ ਨੂੰ ਕਠਨ ਅਤੀ ਹੈ,
ਜਾਂਦੀ ਆਖ਼ਰ *ਵਿੰਨ ਹੈ ਔਰਤ।
ਮਰਦਾਂ ਨਾਲ਼ੋਂ ਘੱਟ ਰਹੀ ਨਾ,
*ਮੈਸਕੁਲਿੰਨ-*ਫ਼ੈਮਿੰਨ ਹੈ ਔਰਤ।
ਸ਼ੋਖ਼ ਅਦਾਵਾਂ ਵਾਲ਼ੀ ਹਸਤੀ,
ਤਗਡ਼ੀ ਸੁੰਦਰ *ਥਿੰਨ ਹੈ ਔਰਤ।
ਯਾਰ ‘ਅਜੀਬਾ’ ਕਰ ਨਿਤ ਸਜਦੇ,
ਅਤਿ-ਪੂਰਨ *ਸੰਪਿੰਨ ਹੈ ਔਰਤ।

*ਕਿਥ / *ਕਿੰਨ: ਰਿਸ਼ਤੇਦਾਰ
*ਸੌਫ਼ਟ-ਸਕਿੰਨ: ਕੋਮਲ਼ ਚਮਡ਼ੀ
*ਸਾਕੀ-ਵੇਲ: ਸਾਕਾਂ ਦੀ ਵੇਲ
*ਸਪਿੰਨ: ਘੁਮਾਉਣਾ
*ਵਿੰਨ: ਜਿੱਤ  *ਐਡਮਿੰਨ: ਪ੍ਰਬੰਧਕ
*ਮੈਸਕੁਲਿੰਨ: ਮਰਦਾਨਾ *ਫ਼ੈਮਿੰਨ: ਜ਼ਨਾਨਾ 
*ਥਿੰਨ: ਪਤਲ਼ੀ  *ਸੰਪਿੰਨ: ਮੁਕੰਮਲ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1046
***

ਗੁਰਸ਼ਰਨ ਸਿੰਘ ਅਜੀਬ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →