18 October 2025

ਹਿੰਦੀ ਕਹਾਣੀ: ਸਵੇਰ ਦੀ ਚਾਹ—ਮੂਲ : ਗੋਵਿੰਦ ਉਪਾਧਿਆਏ/ਅਨੁ : ਪ੍ਰੋ. ਨਵ ਸੰਗੀਤ ਸਿੰਘ 

ਸਵੇਰ ਦੀ ਚਾਹ—ਮੂਲ : ਗੋਵਿੰਦ ਉਪਾਧਿਆਏ
ਅਨੁ : ਪ੍ਰੋ. ਨਵ ਸੰਗੀਤ ਸਿੰਘ

ਵਿਸ਼ਣੂ ਇਸ ਵੇਲੇ ਰਸੋਈ ਵਿੱਚ ਸੀ। ਗੈਸ ਤੇ ਚਾਹ ਉਬਲ ਰਹੀ ਸੀ। ਨੇੜੇ ਹੀ ਮੋਬਾਈਲ ਦੀ ਯੂਟਿਊਬ ਤੇ ਗਾਣਾ ਚੱਲ ਰਿਹਾ ਸੀ – ‘ਰਾਤ ਕਲੀ ਇਕ ਖ਼ਵਾਬ ਮੇਂ ਆਈ ਔਰ ਗਲੇ ਕਾ ਹਾਰ ਬਨੀ…।’ ਚਾਹ ਬਣਾਉਣ ਦਾ ਉਨ੍ਹਾਂ ਦਾ ਸਿੱਧਾ ਜਿਹਾ ਤਰੀਕਾ ਸੀ – ਇੱਕ ਕੱਪ ਵਿੱਚ ਥੋੜ੍ਹਾ ਘੱਟ ਦੁੱਧ, ਇੱਕ ਕੱਪ ਪਾਣੀ, ਥੋੜ੍ਹਾ ਜਿਹਾ ਅਧਰਕ ਅਤੇ ਅੱਧਾ ਚਮਚਾ ਚਾਹ-ਪੱਤੀ। ਸੱਤ ਅੱਠ ਮਿੰਟ ਉਬਾਲਾ ਦੇਣ ਪਿੱਛੋਂ ਇੱਕ ਕੱਪ ਚਾਹ ਤਿਆਰ ਹੋ ਜਾਂਦੀ ਸੀ। ਸਪਸ਼ਟ ਹੈ ਕਿ ਉਹ ਸਿਰਫ਼ ਦੁੱਧ ਦੀ ਚਾਹ ਹੁੰਦੀ ਸੀ। ਸ਼ੁਰੂ ਸ਼ੁਰੂ ਵਿੱਚ ਜ਼ਿਆਦਾ ਉਬਲ ਜਾਂਦੀ ਤਾਂ ਇੱਕ ਕੱਪ ਤੋਂ ਵੀ ਘੱਟ ਚਾਹ ਰਹਿ ਜਾਂਦੀ ਸੀ। ਕੁਝ ਜ਼ਿਆਦਾ ਸਟਰੌਂਗ ਤੇ ਕੌੜੀ…। ਪੂਰੇ ਪੰਦਰਾਂ ਦਿਨ ਪ੍ਰੈਕਟਿਸ ਕਰਨ ਪਿੱਛੋਂ ਹੁਣ ਉਹ ਵਧੀਆ ਕੜਕ ਚਾਹ ਬਣਾਉਣ ਵਿੱਚ ਨਿਪੁੰਨ ਹੋ ਗਏ ਸਨ।

ਇਸ ਸਮੇਂ ਸਰਦੀ ਜ਼ੋਰਾਂ ਤੇ ਸੀ। ਪੰਜ ਵੱਜਣ ਹੀ ਵਾਲੇ ਸਨ। ਉਨ੍ਹਾਂ ਨੇ ਸਵੇਰੇ ਸੈਰ ਕਰਨੀ ਬੰਦ ਕਰ ਦਿੱਤੀ ਸੀ। ਨੌਂ ਵਜੇ ਪਿੱਛੋਂ ਪੂਰੀ ਤਿਆਰੀ ਨਾਲ ਅੱਧੇ ਘੰਟੇ ਲਈ ਘਰੋਂ ਨਿਕਲਦੇ ਸਨ, ਉਦੋਂ ਤੱਕ ਧੁੰਦ ਹਟ ਜਾਂਦੀ ਸੀ। ਜੇ ਧੁੱਪ ਨਿਕਲ ਜਾਂਦੀ ਤਾਂ ਤਾਪਮਾਨ ਵੀ ਕੁਝ ਵਧ ਜਾਂਦਾ। ਉਦੋਂ ਹੀ ਵਟਸਐਪ ਤੇ ਨੋਟੀਫੀਕੇਸ਼ਨ ਦੀ ਆਵਾਜ਼ ਆਈ। ਚੌਹਾਨ ਹੀ ਹੋਵੇਗਾ, ਉਹਨੂੰ ਉਨ੍ਹਾਂ ਦੀ ਚਾਹ ਦੀ ਉਡੀਕ ਰਹਿੰਦੀ ਹੈ। ਹਾਂ, ਉਹੀ ਸੀ। ਉਹ ਮੈਸੇਜ ਪੜ੍ਹਨ ਲੱਗਿਆ, “ਬਈ ਵਿਸ਼ਣੂ… ਗੁਰੂ ਘੰਟਾਲ… ਕੀ ਹੋਇਆ? ਅਜੇ ਤੱਕ ਤੇਰੀ ਚਾਹ ਨਹੀਂ ਆਈ…।”

ਚੌਹਾਨ ਉਨ੍ਹਾਂ ਦਾ ਸਭ ਤੋਂ ਨਜ਼ਦੀਕੀ ਦੋਸਤ ਸੀ। ਪਹਿਲੀ ਤੋਂ ਬਾਰ੍ਹਵੀਂ ਤੱਕ ਦੋਵੇਂ ਇਕੱਠੇ ਪੜ੍ਹੇ ਸਨ। ਇੱਕੋ ਮਹੱਲੇ ਵਿੱਚ ਰਹਿੰਦੇ ਸਨ ਤੇ ਘਰ ਵੀ ਨੇੜੇ ਨੇੜੇ ਸਨ। ਬਿਲਕੁਲ ਆਹਮੋ-ਸਾਹਮਣੇ। ਬਸ ਵਿਚਾਲੇ ਅੱਸੀ ਫੁੱਟ ਚੌੜੀ ਸੜਕ ਸੀ। ਚੌਹਾਨ ਦੇ ਪਿਤਾ ਜੀ ਅਧਿਆਪਕ ਸਨ ਅਤੇ ਉਸੇ ਸਕੂਲ ਵਿੱਚ ਪੜ੍ਹਾਉਂਦੇ ਸਨ, ਜਿਸ ਵਿੱਚ ਉਹ ਦੋਵੇਂ ਪੜ੍ਹਦੇ ਸਨ। ਦਸਵੀਂ ਵਿੱਚ ਦੋਹਾਂ ਦੇ ਗਣਿਤ ਦੇ ਅਧਿਆਪਕ ਵੀ ਉਹੀ ਸਨ। ਅੰਗਰੇਜ਼ੀ ਵਾਲੇ ਮਾਸਟਰ ਜੀ ਨੇ ਵਿਸ਼ਣੂ ਦਾ ਨਾਂ ‘ਗੁਰੂ ਘੰਟਾਲ’ ਰੱਖ ਦਿੱਤਾ ਸੀ। ਇਸ ਨਾਮਕਰਣ ਦੇ ਪਿੱਛੇ ਦਾ ਕਾਰਨ ਹੁਣ ਉਨ੍ਹਾਂ ਨੂੰ ਯਾਦ ਨਹੀਂ ਹੈ। ਚੌਹਾਨ ਨੂੰ ਛੱਡ ਕੇ ਸਾਰੇ ਉਨ੍ਹਾਂ ਨੂੰ ‘ਗੁਰੂ’ ਕਹਿੰਦੇ ਸਨ। ਪਰ ਚੌਹਾਨ ਨੇ ਜਦੋਂ ਜ਼ਿਆਦਾ ਅਪਣੱਤ ਵਿਖਾਉਣੀ ਹੁੰਦੀ ਤਾਂ ਉਨ੍ਹਾਂ ਨੂੰ ‘ਗੁਰੂ ਘੰਟਾਲ’ ਕਹਿ ਕੇ ਬੁਲਾਉਂਦਾ ਸੀ। ਚੌਹਾਨ ਨੌਕਰੀ ਦੇ ਸਿਲਸਿਲੇ ਵਿੱਚ ਕਈ ਸ਼ਹਿਰਾਂ ਵਿੱਚ ਘੁੰਮਿਆ ਸੀ। ਦਸ ਸਾਲ ਅਮਰੀਕਾ ਵੀ ਰਹਿ ਆਇਆ ਸੀ। ਚਾਰ ਮਹੀਨੇ ਪਹਿਲਾਂ ਹੀ ਸੇਵਾਮੁਕਤ ਹੋਇਆ ਸੀ। ਫਿਲਹਾਲ ਗ੍ਰੇਟਰ ਨੋਇਡਾ ਵਿੱਚ ਰਹਿ ਰਿਹਾ ਸੀ। ਵਿਸ਼ਣੂ ਉਹਨੂੰ ਕਹਿੰਦਾ, “ਬਈ, ਮੈਂ ਤੇਰੇ ਤੋਂ ਜਿੱਤ ਨਹੀਂ ਸਕਦਾ। ਤੂੰ ਘਾਟ-ਘਾਟ ਦਾ ਪਾਣੀ ਪੀਤਾ ਹੈ। ਮੇਰੀ ਜ਼ਿੰਦਗੀ ਤਾਂ ਇਸ ਛੋਟੇ ਜਿਹੇ ਸ਼ਹਿਰ ਵਿੱਚ ਹੀ ਬੀਤੀ ਹੈ।”

ਵਿਸ਼ਣੂ ਉਬਲਦੀ ਚਾਹ ਨੂੰ ਕੱਪ ਵਿੱਚ ਪਾਉਂਦਾ ਅਤੇ ਉਹਦੀ ਫੋਟੋ ਖਿੱਚ ਕੇ ਵਟਸਐਪ ਗਰੁਪ ਵਿੱਚ ਲੋਡ ਕਰਕੇ ਲਿਖਦਾ – ‘ਸ਼ੁਭ ਸਵੇਰ ਮਿੱਤਰੋ! ਗਰਮਾ-ਗਰਮ ਚਾਹ ਨਾਲ ਮਧੁਰ ਸੰਗੀਤ ਦਾ ਅਨੰਦ ਲਵੋ!’ ਉਸਤੋਂ ਬਾਦ ‘ਰਾਤ ਕਲੀ…’ ਵਾਲਾ ਗੀਤ ਵੀ ਲੋਡ ਕਰ ਦਿੰਦਾ।

ਉਹ ਰਸੋਈ ਬੰਦ ਕਰਕੇ ਬੈੱਡਰੂਮ ਵਿੱਚ ਆ ਗਏ ਅਤੇ ਚਾਹ ਦੀਆਂ ਚੁਸਕੀਆਂ ਲੈਣ ਲੱਗੇ। ਉਨ੍ਹਾਂ ਨੇ ਯੂਟਿਊਬ ਤੇ ਨਵਾਂ ਗਾਣਾ ਲਾ ਦਿੱਤਾ ਸੀ – ਧੀਰੇ ਧੀਰੇ ਚਲ…ਚਾਂਦ ਗਗਨ ਮੇਂ…। ਗਰੁਪ ਵਿੱਚ ਕਮੈਂਟ ਆਉਣ ਲੱਗ ਪਏ ਸਨ। ਜਿਵੇਂ ਉਨ੍ਹਾਂ ਸਾਰਿਆਂ ਨੂੰ ਵਿਸ਼ਣੂ ਦੀ ਚਾਹ ਦੀ ਹੀ ਉਡੀਕ ਸੀ। ਕਿਸੇ ਦਿਨ ਚਾਹ ਬਣਨ ਵਿੱਚ ਦੇਰ ਹੋ ਜਾਂਦੀ ਤਾਂ ਚੌਹਾਨ ਤੋਂ ਲੈ ਕੇ ਪ੍ਰਦੁਮਣ ਤੱਕ ਸਾਰਿਆਂ ਦੇ ਮੈਸੇਜ ਆਉਣ ਲੱਗ ਪੈਂਦੇ, “ਕਿੱਥੇ ਹੋ ਵਿਸ਼ਣੂ ਗੁਰੂ…! ਅਜੇ ਤੱਕ ਚਾਹ ਨਹੀਂ ਮਿਲੀ…ਮੈਸੇਜ ਕਰੋ ਯਾਰ…। ਸਭ ਠੀਕ ਤਾਂ ਹੈ ਨਾ…!”

ਇਹ ਵਟਸਐਪ ਗਰੁਪ ਉਨ੍ਹਾਂ ਦੇ ਸਹਿਪਾਠੀਆਂ ਦਾ ਸੀ, ਜਿਨ੍ਹਾਂ ਨਾਲ ਬਚਪਨ ਦੀ ਡਿਉਢੀ ਲੰਘ ਕੇ ਜਵਾਨੀ ਵਿੱਚ ਪੈਰ ਰੱਖਿਆ ਸੀ। ਜੋ ਹੁਣ ਉਨ੍ਹਾਂ ਵਾਂਗ ਹੀ ਸੀਨੀਅਰ ਸਿਟੀਜ਼ਨ ਹੋ ਗਏ ਸਨ ਜਾਂ ਬਸ ਹੋਣ ਵਾਲੇ ਸਨ। ਇਹ ਗਰੁਪ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਸੀ ਪਰ ਵਿਸ਼ਣੂ ਹੁਣੇ ਦੋ ਮਹੀਨੇ ਪਹਿਲਾਂ ਹੀ ਸ਼ਾਮਲ ਹੋਇਆ ਸੀ। ਇਹਦਾ ਐਡਮਿਨ ਪ੍ਰਦੁਮਣ ਸੀ, ਜੋ ਕੈਨੇਡਾ ਰਹਿੰਦਾ ਸੀ। ਇਸ ਵਿੱਚ ਪੈਂਤੀ ਤੋਂ ਵੱਧ ਲੋਕ ਸਨ। ਵਧੇਰੇ ਵਿਸ਼ਣੂ ਦੇ ਜਾਣੇ-ਪਛਾਣੇ ਸਨ। ਕੁਝ ਲੋਕਾਂ ਨੂੰ ਪਛਾਣਨ ਵਿੱਚ ਉਹ ਅਸਫ਼ਲ ਵੀ ਰਹੇ ਸਨ। ਸਮੇਂ ਦੀ ਪਰਤ ਇੰਨੀ ਮੋਟੀ ਸੀ ਕਿ ਜਿੰਨਾ ਵੀ ਝਾੜਿਆ-ਪੂੰਝਿਆ, ਪਰ ਪਛਾਣਨ ਵਿੱਚ ਸਫ਼ਲ ਨਹੀਂ ਹੋ ਸਕੇ। ਉਨ੍ਹਾਂ ਕੋਲ ਸਮਾਂ ਹੀ ਸਮਾਂ ਸੀ ਅਤੇ ਇਹ ਗਰੁਪ ਸਮਾਂ ਬਿਤਾਉਣ ਦ‍ਾ ਚੰਗਾ ਸਾਧਨ ਸੀ। ਚੌਹਾਨ, ਤ੍ਰਿਪਾਠੀ, ਖਾਨ… ਸਾਰਿਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਉਹ ਸਾਰੇ ਮਿਲ ਕੇ ਪੁਰਾਣੀਆਂ ਯਾਦਾਂ ਤਾਜ਼ਾ ਕਰਦੇ।

ਵਿਸ਼ਣੂ ਸਰਕਾਰੀ ਨੌਕਰੀ ਤੋਂ ਅਜੇ ਕੁਝ ਮਹੀਨੇ ਪਹਿਲਾਂ ਹੀ ਰਿਟਾਇਰ ਹੋਏ ਸਨ। ਪਰ ਸੇਵਾਮੁਕਤੀ ਤੋਂ ਢਾਈ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਵੀਨਾ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਲਈ ਇਹ ਬਹੁਤ ਵੱਡਾ ਝਟਕਾ ਸੀ। ਬੜੀ ਮੁਸ਼ਕਿਲ ਨਾਲ ਉਹ ਇਸਤੋਂ ਮੁਕਤ ਹੋਏ ਸਨ। ਵੀਨਾ ਨਾਲ ਪੈਂਤੀ ਸਾਲ ਦਾ ਸਾਥ ਸੀ। ਇਨ੍ਹਾਂ ਪੈਂਤੀ ਸਾਲਾਂ ਵਿੱਚ ਕਈ ਆਦਤਾਂ ਬਣੀਆਂ-ਵਿਗੜੀਆਂ ਸਨ। ਇਨ੍ਹਾਂ ਵਿੱਚ ਸਵੇਰ ਦੀ ਚਾਹ ਵੀ ਇੱਕ ਸੀ। ਪੰਜ ਵਜੇ ਵੀਨਾ ਚਾਹ ਦੀ ਪਿਆਲੀ ਲੈ ਕੇ ਕਿਸੇ ਤਾਨਾਸ਼ਾਹ ਵਾਂਗ ਉਨ੍ਹਾਂ ਦੇ ਸਿਰਹਾਣੇ ਆ ਕੇ ਖੜ੍ਹੀ ਹੋ ਜਾਂਦੀ, “ਚਾਹ…।”

ਫਿਰ ਬਿਸਤਰਾ ਛੱਡਣਾ ਵਿਸ਼ਣੂ ਦੀ ਮਜਬੂਰੀ ਸੀ। ਉਹ ਬਿਸਤਰੇ ਤੋਂ ਉਠ ਕੇ ਜਦੋਂ ਤੱਕ ਵੀਨਾ ਦੇ ਹੱਥੋਂ ਚਾਹ ਦੀ ਪਿਆਲੀ ਨਾ ਫੜ ਲੈਂਦੇ, ਉਹ ਉਵੇਂ ਹੀ ਖੜ੍ਹੀ ਰਹਿੰਦੀ ਸੀ। ਇਤੀ ਜਾਂ ਸ਼ਰੁਤੀ ਦੇ ਪੈਦਾ ਹੋਣ ਵੇਲੇ ਕੁਝ ਦਿਨ ਜ਼ਰੂਰ ਇਸ ਵਿੱਚ ਵਿਘਨ ਪਿਆ ਸੀ, ਪਰ ਉਦੋਂ ਸਵੇਰ ਦੀ ਚਾਹ ਦਾ ਕੰਮ ਮਾਂ ਸੰਭਾਲ ਲੈਂਦੀ ਸੀ। ਦੋ ਚਾਰ ਦਿਨ ਸ਼ਾਦੀ-ਵਿਆਹ ਵਿੱਚ ਕਿਤੇ ਜਾਣਾ ਪੈਂਦਾ ਤਾਂ ਸਵੇਰ ਦੀ ਇਸ ਆਦਤ ਕਾਰਨ ਕਦੇ ਕਦੇ ਕਾਫੀ ਪ੍ਰੇਸ਼ਾਨੀ ਉਠਾਉਣੀ ਪੈਂਦੀ ਸੀ। ਪੇਟ ਚੰਗੀ ਤਰ੍ਹਾਂ ਸਾਫ਼ ਨਾ ਹੁੰਦਾ। ਸਾਰਾ ਦਿਨ ਪੇਟ ਵਿੱਚ ਇੱਕ ਅਜੀਬ ਜਿਹਾ ਭਾਰੀਪਣ ਬਣਿਆ ਰਹਿੰਦਾ ਸੀ।

ਵੀਨਾ ਦੀ ਮੌਤ ਪਿੱਛੋਂ ਕੁਝ ਦਿਨ ਰਿਸ਼ਤੇਦਾਰਾਂ ਦਾ ਆਉਣ-ਜਾਣ ਰਿਹਾ। ਛੋਟੇ ਭਰਾ ਦੀ ਪਤਨੀ ਵਿਸ਼ਣੂ ਦੀ ਇਸ ਆਦਤ ਤੋਂ ਵਾਕਿਫ਼ ਸੀ। ਇਸ ਲਈ ਸਵੇਰੇ ਪੰਜ ਵੱਜਦੇ ਹੀ ਉਨ੍ਹਾਂ ਦੇ ਹੱਥ ਚਾਹ ਦੀ ਗਰਮ ਪਿਆਲੀ ਆ ਜਾਂਦੀ ਸੀ। ਪੰਦਰਾਂ ਦਿਨ ਘਰ ਵਿੱਚ ਖੂਬ ਹਲਚਲ ਰਹੀ। ਰਸਮਾਂ ਦੀ ਫਾਰਮੈਲਿਟੀ ਖਤਮ ਹੁੰਦੇ ਹੀ ਸਾਰੇ ਰਿਸ਼ਤੇਦਾਰ ਚਲੇ ਗਏ। ਹੁਣ ਘਰ ਵਿੱਚ ਸਿਰਫ਼ ਸ਼ਰੁਤੀ ਤੇ ਉਹਦਾ ਦੋ ਸਾਲ ਦਾ ਬੇਟਾ ਰਹਿ ਗਏ ਸਨ। ਉਦੋਂ ਨੌਕਰੀ ਦੇ ਦੋ ਮਹੀਨੇ ਰਹਿੰਦੇ ਸਨ। ਬੱਚਿਆਂ ਨੂੰ ਉਨ੍ਹਾਂ ਨੂੰ ਅਚਾਨਕ ਇਸ ਤਰ੍ਹਾਂ ਇਕੱਲਾ ਛੱਡਣਾ ਠੀਕ ਨਹੀਂ ਲੱਗਿਆ ਸੀ। ਬੇਸ਼ੱਕ ਉਹ ਮਨ੍ਹਾਂ ਕਰਦੇ ਰਹੇ, “ਬਈ ਮੈਂ ਰਹਿ ਲਵਾਂਗਾ। ਮੇਡ ਤਾਂ ਆਉਂਦੀ ਹੈ ਨਾ…।”

ਪਰ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ। ਦੋਹਾਂ ਬੇਟੀਆਂ ਅਤੇ ਜਵਾਈਆਂ ਨੇ ਮਿਲ ਕੇ ਇਹ ਫੈਸਲਾ ਕੀਤਾ ਕਿ ਸ਼ਰੁਤੀ ਅਜੇ ਉਨ੍ਹਾਂ ਕੋਲ ਰਹੇਗੀ ਤਾਂ ਕਿ ਉਨ੍ਹਾਂ ਨੂੰ ਇਕੱਲਾਪਣ ਮਹਿਸੂਸ ਨਾ ਹੋਵੇ ਅਤੇ ਅਚਾਨਕ ਜੋ ਸਦਮਾ ਲੱਗਿਆ ਹੈ, ਉਸਤੋਂ ਮੁਕਤ ਹੋ ਸਕਣ। ਸ਼ਰੁਤੀ ਨੂੰ ਸਵੇਰੇ ਉੱਠਣ ਦੀ ਆਦਤ ਨਹੀਂ ਸੀ। ਇਸ ਲਈ ਪੰਜ ਵਜੇ ਦੀ ਚਾਹ ਉਨ੍ਹਾਂ ਨੂੰ ਸੱਤ ਵਜੇ ਤੱਕ ਮਿਲਦੀ ਸੀ।

ਉਹ ਬੇਟੀ ਨੂੰ ਸੰਕੋਚ ਕਰਕੇ ਕਹਿ ਨਹੀਂ ਸਕਦੇ ਸਨ। ਚਾਹ ਦੀ ਉਡੀਕ ਵਿੱਚ ਉਨ੍ਹਾਂ ਦੀ ਸਵੇਰ ਦੀ ਸੈਰ ਬੰਦ ਜਿਹੀ ਹੋ ਗਈ ਸੀ। ਵਿਸ਼ਣੂ ਨੇ ਆਪਣੇ ਮਨ ਨੂੰ ਸਮਝਾਇਆ, ‘ਚਾਹ ਕੋਈ ਅੰਮ੍ਰਿਤ ਥੋੜ੍ਹੋ ਹੀ ਹੈ। ਵਾਧੂ ਦੀ ਆਦਤ ਪੱਲੇ ਪਾਈ ਹੋਈ ਹੈ। ਚਾਹ ਪੀਣਾ ਹੀ ਛੱਡ ਦਿੰਦਾ ਹਾਂ। ਉਹ ਕੀ ਕਹਿੰਦੇ ਹਨ ਕਿ – ਨਾ ਰਹੇਗਾ ਬਾਂਸ ਨਾ ਵੱਜੇਗੀ ਬੰਸਰੀ। ਕੁਝ ਦਿਨ ਦਿੱਕਤ ਹੋਵੇਗੀ, ਫਿਰ ਹਮੇਸ਼ਾ ਲਈ ਇਸਤੋਂ ਖਹਿੜਾ ਛੁਟ ਜਾਵੇਗਾ।’

ਤੇ ਉਨ੍ਹਾਂ ਨੇ ਚਾਹ ਪੀਣੀ ਹੀ ਛੱਡ ਦਿੱਤੀ। ਬਿਨਾਂ ਚਾਹ ਤੋਂ ਸਾਰਾ ਦਿਨ ਕੱਟਣਾ ਸੌਖਾ ਨਹੀਂ ਸੀ। ਸਾਰਾ ਸਰੀਰ ਟੁੱਟਦਾ ਰਹਿੰਦਾ। ਲੱਗਦਾ, ਜਿਵੇਂ ਕਿਸੇ ਨੇ ਸਰੀਰ ਦੇ ਜੋੜ ਤੋੜ ਦਿੱਤੇ ਹਨ। ਵੀਹ ਸਾਲ ਪਹਿਲਾਂ ਉਨ੍ਹਾਂ ਨੇ ਵੀਨਾ ਦੇ ਕਹਿਣ ਤੇ ਸਿਗਰਟ ਪੀਣੀ ਛੱਡੀ ਸੀ। ਉਦੋਂ ਵੀ ਕੁਝ ਦਿਨ ਇਉਂ ਹੀ ਹੋਇਆ ਸੀ। ਸਾਰਾ ਦਿਨ ਸਰੀਰ ਟੁੱਟਦਾ ਰਹਿੰਦਾ ਅਤੇ ਥਕਾਵਟ ਜਿਹੀ ਮਹਿਸੂਸ ਹੁੰਦੀ ਸੀ। ਉਦੋਂ ਉਨ੍ਹਾਂ ਨੇ ਸਹਿ ਲਿਆ ਸੀ। ਐਤਕੀ ਅਜਿਹਾ ਨਹੀਂ ਹੋ ਰਿਹਾ ਸੀ। ਸ਼ਰੁਤੀ ਚਾਹ ਲਈ ਆਪਣੇ ਬਣਾਏ ਸਮੇਂ ਮੁਤਾਬਕ ਰੋਜ਼ ਪੁੱਛਦੀ ਅਤੇ ਉਹ ਮਨ੍ਹਾਂ ਕਰ ਦਿੰਦੇ, “ਬੇਟਾ, ਹੁਣ ਮੈਂ ਚਾਹ ਛੱਡਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਚਾਹ ਪੀਣੀ ਕੋਈ ਚੰਗੀ ਗੱਲ ਥੋੜ੍ਹੋ ਹੈ!”

ਉਹ ਚਾਰ ਦਿਨਾਂ ਵਿੱਚ ਹੀ ਹਾਰ ਗਏ। ਉਨ੍ਹਾਂ ਨੂੰ ਲੱਗਦਾ ਕਿ ਸਰੀਰ ਵਿੱਚ ਜਾਨ ਹੀ ਨਹੀਂ ਬਚੀ। ਅੰਤੜੀਆਂ ਵਿੱਚ ਇੱਕ ਅਜੀਬ ਜਿਹਾ ਖਿਚਾਅ ਮਹਿਸੂਸ ਕਰਦੇ। ਕਬਜ਼ ਦੀ ਸ਼ਿਕਾਇਤ ਰਹਿਣ ਲੱਗ ਪਈ। ਭੁੱਖ ਵੀ ਠੀਕ ਤਰ੍ਹਾਂ ਨਾ ਲੱਗਦੀ। ਆਖ਼ਰ ਉਨ੍ਹਾਂ ਦੀ ਜ਼ਿਦ ਟੁੱਟ ਗਈ। ਪੰਜਵੇਂ ਦਿਨ ਅਚਾਨਕ ਬਾਰਿਸ਼ ਹੋ ਗਈ ਸੀ। ਮੌਸਮ ਦਾ ਤਾਪਮਾਨ ਕਾਫੀ ਡਿਗ ਪਿਆ ਸੀ। ਸ਼ਾਮ ਨੂੰ ਸ਼ਰੁਤੀ ਨੇ ਪਕੌੜੇ ਬਣਾਏ। ਉਨ੍ਹਾਂ ਨੂੰ ਖਾਂਦਿਆਂ ਹੀ ਚਾਹ ਦੀ ਤਲਬ ਮਹਿਸੂਸ ਹੋਣ ਲੱਗੀ। ਪਕੌੜਿਆਂ ਪਿੱਛੋਂ ਜਿਵੇਂ ਹੀ ਸ਼ਰੁਤੀ ਨੇ ਚਾਹ ਲਈ ਪੁੱਛਿਆ, ਉਨ੍ਹਾਂ ਨੇ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ। ਉਨ੍ਹਾਂ ਦ‍ਾ ਚਾਹ ਨਾ ਪੀਣ ਦਾ ਸੰਕਲਪ ਹਾਰ ਗਿਆ ਸੀ। ਪਰ ਸਵੇਰ ਦੀ ਚਾਹ ਦੀ ਸਮੱਸਿਆ ਤਾਂ ਜਿਉਂ ਦੀ ਤਿਉਂ ਹੀ ਸੀ।

ਸੇਵਾ ਮੁਕਤੀ ਤੋਂ ਪਿੱਛੋਂ ਠੀਕ ਸਤਾਰ੍ਹਵੇਂ ਦਿਨ ਦੋ ਘਟਨਾਵਾਂ ਵਾਪਰੀਆਂ। ਉਹ ਰੋਜ਼ ਵਾਂਗ ਚਾਰ ਵਜੇ ਉਠ ਗਏ ਸਨ। ਕੰਬਲ ਵਿੱਚ ਪਏ ਸੋਚਦੇ ਰਹੇ। ਸ਼ਰੁਤੀ ਹਮੇਸ਼ਾ ਤਾਂ ਉਨ੍ਹਾਂ ਕੋਲ ਨਹੀਂ ਰਹੇਗੀ। ਉਹਦਾ ਆਪਣਾ ਪਰਿਵਾਰ ਹੈ। ਨੌਕਰਾਣੀ ਅੱਠ ਵਜੇ ਤੋਂ ਪਹਿਲਾਂ ਆ ਨਹੀਂ ਸਕੇਗੀ। ਸਿਰਫ਼ ਦੂਜਿਆਂ ਦੇ ਭਰੋਸੇ ਰਹਿਣ ਤੇ ਜ਼ਿੰਦਗੀ ਔਖੀ ਹੋ ਜਾਵੇਗੀ। ਆਪਣੇ ਛੋਟੇ-ਮੋਟੇ ਕੰਮ ਉਨ੍ਹਾਂ ਨੂੰ ਖੁਦ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ! ਇਸ ਵਿਚਾਰ ਦੇ ਮਨ ਵਿੱਚ ਆਉਂਦਿਆਂ ਹੀ ਵਿਸ਼ਣੂ ਝੱਟ ਬਿਸਤਰਾ ਛੱਡ ਕੇ ਖੜ੍ਹੇ ਹੋ ਗਏ। ਉਨ੍ਹਾਂ ਨੇ ਪਹਿਲਾ ਕੰਮ ਸਵੇਰ ਦੀ ਚਾਹ ਤੋਂ ਸ਼ੁਰੂ ਕੀਤਾ। ਰਸੋਈ ਦਾ ਦਰਵਾਜ਼ਾ ਖੋਲ੍ਹਿਆ। ਚਾਹ ਲਈ ਭਾਂਡਾ ਲਿਆ, ਉਸ ਵਿੱਚ ਅੰਦਾਜ਼ੇ ਨਾਲ ਦੁੱਧ, ਪਾਣੀ ਅਤੇ ਚਾਹ-ਪੱਤੀ ਪਾਈ। ਦੋ-ਤਿੰਨ ਵਾਰੀ ਕੋਸ਼ਿਸ਼ ਕਰਨ ਨਾਲ ਗੈਸ-ਚੁੱਲ੍ਹਾ ਵੀ ਜਲ ਗਿਆ। ਦਰਅਸਲ ਗੈਸ ਦੇ ਰੈਗੂਲੇਟਰ ਨੂੰ ਸਮਝਣ ਵਿੱਚ ਦੇਰ ਲੱਗੀ। ਰਸੋਈ ਦੇ ਖੜਕੇ ਨਾਲ ਸ਼ਰੁਤੀ ਵੀ ਜਾਗ ਪਈ, “ਪਾਪਾ, ਮੈਨੂੰ ਜਗਾ ਦੇਣਾ ਸੀ। ਮੈਂ ਬਣਾ ਦਿੰਦੀ।”

ਵਿਸ਼ਣੂ ਮੁਕਰਾਉਣ ਦੀ ਕੋਸ਼ਿਸ਼ ਕਰਦੇ ਹੋਏ ਬੋਲੇ, “ਸੌਰੀ ਬੇਟਾ…! ਮੇਰੇ ਕਰਕੇ ਤੇਰੀ ਨੀੰਦ ਖਰਾਬ ਹੋਈ। ਤੂੰ ਜਾਹ…। ਜੇ ਮੈਨੂੰ ਤੇਰੀ ਲੋੜ ਪਈ ਤਾਂ ਤੈਨੂੰ ਬੁਲਾ ਲਵਾਂਗਾ।”

ਸ਼ਰੁਤੀ ਕੁਝ ਸਕਿੰਟ ਪਾਪਾ ਦੀਆਂ ਗਤੀਵਿਧੀਆਂ ਵੇਖਦੀ ਰਹੀ। ਉਹਦੀਆਂ ਅੱਖਾਂ ਵਿੱਚ ਨੀਂਦ ਭਰੀ ਹੋਈ ਸੀ। ਉਹ ਜ਼ਿਆਦਾ ਚਿਰ ਨਹੀਂ ਰੁਕੀ ਤੇ ਆਪਣੇ ਕਮਰੇ ਵਿੱਚ ਚਲੀ ਗਈ। ਚਾਹ ਉਬਲ ਰਹੀ ਸੀ, ਉਦੋਂ ਹੀ ਪ੍ਰਦੁਮਣ ਦਾ ਵਟਸਐਪ ਤੇ ਮੈਸੇਜ ਆਇਆ, “ਹੈਲੋ ਮਿੱਤਰ! ਕਿਵੇਂ ਹੈਂ! ਅਸੀਂ ਸਾਰੇ ਮਿੱਤਰਾਂ ਨੇ ਮਿਲ ਕੇ ਇਹ ਗਰੁਪ ਬਣਾਇਆ ਹੈ। ਮੈਂ ਤੈਨੂੰ ਵੀ ਸ਼ਾਮਲ ਕਰ ਲਿਆ ਹੈ। ਤੇਰਾ ਸਵਾਗਤ ਹੈ ਮਿੱਤਰ, ਇਸ ਗਰੁਪ ਵਿੱਚ!”

ਹਾਂ, ਉਸ ਦਿਨ ਵਿਸ਼ਣੂ ਨੇ ਪਹਿਲੀ ਵਾਰ ਚਾਹ ਬਣਾਈ ਸੀ ਅਤੇ ਉਸੇ ਦਿਨ ਉਹ ‘ਮੇਰੇ ਪਿਆਰੇ ਦੋਸਤੋ’ ਵਟਸਐਪ ਗਰੁਪ ਨਾਲ ਵੀ ਜੁੜ ਗਏ।

ਸਵੇਰ ਦੀ ਚਾਹ ਤਿਆਰ ਸੀ। ਵਿਸ਼ਣੂ ਨੇ ਚਾਹ ਕੱਪ ਵਿੱਚ ਪਾਈ। ਇੱਕ ਕੱਪ ਨਾਲੋਂ ਕੁਝ ਘੱਟ…। ਰੰਗ ਵੀ ਚਾਹ ਦੇ ਆਮ ਰੰਗ ਤੋਂ ਜ਼ਿਆਦਾ ਗਾੜ੍ਹਾ ਸੀ। ਥੋੜ੍ਹੀ ਜਿਹੀ ਚਾਹ ਰਸੋਈ ਦੇ ਫਰਸ਼ ਤੇ ਵੀ ਡੁੱਲ੍ਹ ਗਈ। ਉਨ੍ਹਾਂ ਦੇ ਹੱਥ ਕੰਬ ਰਹੇ ਸਨ। ਉਨ੍ਹਾਂ ਨੇ ਉਹਦੀ ਫੋਟੋ ਖਿੱਚ ਕੇ ਗਰੁਪ ਵਿੱਚ ਭੇਜਦੇ ਹੋਏ ਲਿਖਿਆ ਸੀ, “ਦੋਸਤੋ, ਇਹ ਅਸਧਾਰਨ ਚਾਹ ਦਾ ਕੱਪ ਹੈ। ਅੱਜ ਜ਼ਿੰਦਗੀ ਵਿੱਚ ਪਹਿਲੀ ਵਾਰ ਬਣਾਈ ਹੈ। ਸ਼ੂਗਰ ਫ੍ਰੀ…। ਅੱਜ ਤੋਂ ਮੈਂ ਵੀ ਤੁਹਾਡੇ ਸਭ ਦੇ ਨਾਲ ਹਾਂ। ਮੈਂ ਹੁਣ ਹਰ ਰੋਜ਼ ਸਵੇਰ ਦੀ ਚਾਹ ਨਾਲ ਮਿਲਦਾ ਰਹਾਂਗਾ। ਤੁਹਾਡਾ ਸਭ ਦਾ, ਵਿਸ਼ਣੂ…।”

ਉਹ ਰਸੋਈ ਬੰਦ ਕਰਕੇ ਆਪਣੇ ਬਿਸਤਰੇ ਤੇ ਆ ਗਏ। ਚਾਹ ਦੀ ਪਹਿਲੀ ਘੁੱਟ ਭਰੀ। ਇੱਕ ਅਜੀਬ ਜਿਹੀ ਤ੍ਰਿਪਤੀ ਮਿਲੀ। ਉਨ੍ਹਾਂ ਨੂੰ ਖੁਸ਼ ਹੋਣਾ ਚਾਹੀਦਾ ਸੀ। ਪਰ ਪਤਾ ਨਹੀਂ ਕਿਉਂ, ਅੱਖਾਂ ਧੋਖਾ ਦੇ ਗਈਆਂ ਅਤੇ ਦੋ ਬੂੰਦਾਂ ਨਾ ਚਾਹੁੰਦੇ ਹੋਏ ਵੀ ਗੱਲ੍ਹਾਂ ਤੇ ਡਿੱਗ ਪਈਆਂ। ਉਨ੍ਹਾਂ ਨੂੰ ਜਾਪਿਆ ਜਿਵੇਂ ਵੀਨਾ ਉਨ੍ਹਾਂ ਦੇ ਪਲੰਘ ਦੇ ਸਿਰਹਾਣੇ ਖੜ੍ਹੀ ਹੈ…।
***
# ਮੂਲ : ਗੋਵਿੰਦ ਉਪਾਧਿਆਏ, ਨਵੀਂ ਦਿੱਲੀ
(9651670106)

 

 

 

 

# ਅਨੁ : ਪ੍ਰੋ. ਨਵ ਸੰਗੀਤ ਸਿੰਘ, ਪਟਿਆਲਾ-147002.
(9417692015) 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1469
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੋਵਿੰਦ ਉਪਾਧਿਆਏ
ਐਫ਼-96, ਦੂਜੀ ਮੰਜ਼ਿਲ,
ਗਲੀ ਨੰ. 3,
ਨਕੁਲ ਸਟੇਸ਼ਨਰੀ,
ਵੈਸਟ ਵਿਨੋਦ ਨਗਰ,
ਮੰਡਾਵਲੀ,
ਨਵੀਂ ਦਿੱਲੀ-110092.

ਗੋਵਿੰਦ ਉਪਾਧਿਆਏ

ਗੋਵਿੰਦ ਉਪਾਧਿਆਏ ਐਫ਼-96, ਦੂਜੀ ਮੰਜ਼ਿਲ, ਗਲੀ ਨੰ. 3, ਨਕੁਲ ਸਟੇਸ਼ਨਰੀ, ਵੈਸਟ ਵਿਨੋਦ ਨਗਰ, ਮੰਡਾਵਲੀ, ਨਵੀਂ ਦਿੱਲੀ-110092.

View all posts by ਗੋਵਿੰਦ ਉਪਾਧਿਆਏ →